ਪੇਸ਼ਕਸ਼: ਬੂਟਾ ਸਿੰਘ
ਮੈਨੂੰ ਵਾਰੰਗਲ ਜੇਲ੍ਹ ਵਿਚ ਆਏ ਨੂੰ ਅਜੇ ਦੋ ਹਫ਼ਤੇ ਹੀ ਹੋਏ ਸਨ ਕਿ ਬੇਹੋਸ਼ ਹੋ ਗਿਆ। ਸੁਪਰਡੈਂਟ ਇਕਦਮ ਹਰਕਤ ਵਿਚ ਆ ਗਿਆ, ਕਿਉਂਕਿ ਇਹ ਅਖੌਤੀ ਚੋਟੀ ਦੇ ਮਾਓਵਾਦੀ ਦਾ ਮਾਮਲਾ ਸੀ। ਐਮæਜੀæਐਮæ ਹਸਪਤਾਲ ਦੇ ਸੁਪਰਡੈਂਟ ਦਾ ਮਸ਼ਵਰਾ ਲਿਆ ਗਿਆ ਅਤੇ ਤਿੰਨ ਡਾਕਟਰਾਂ ਦਾ ਪੈਨਲ ਮੇਰੀ ਹਾਲਤ ਦਾ ਮੁਆਇਨਾ ਕਰਨ ਲਈ ਆ ਗਿਆ। ਅਗਲੇ ਹੀ ਦਿਨ ਦਿਲ ਦੀਆਂ ਬਿਮਾਰੀਆਂ ਸਬੰਧੀ ਕੈਂਪ ਲਾਇਆ ਗਿਆ। ਫਿਰ ਮੈਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਹਥਿਆਰਬੰਦ ਪੁਲਿਸ ਦੇ ਪਹਿਰੇ ਹੇਠ ਐਮæਜੀæਐਮæ ਹਸਪਤਾਲ ਘੱਲ ਦਿੱਤਾ ਗਿਆ।
ਬਾਕਾਇਦਾ ਛਾਣਬੀਣ ਹੋ ਜਾਣ ਤੋਂ ਪਿੱਛੋਂ ਮੈਨੂੰ ਮੈਡੀਸਿਨ ਦੇ ਐਸੋਸੀਏਟ ਪ੍ਰੋਫੈਸਰ ਨੂੰ ਦਿਖਾਉਣ ਲਈ ਲਿਜਾਇਆ ਗਿਆ। ਇਸ ਸਵਾ ਕੁ ਪੰਜ ਫੁੱਟ ਲੰਮੇ, ਘੁੰਗਰਾਲੇ ਵਾਲਾਂ ਅਤੇ ਸੋਹਣੇ ਰੰਗ-ਰੂਪ ਵਾਲੇ ਆਦਮੀ ਨੇ ਮੈਨੂੰ ਅੰਦਰ ਬੁਲਾਇਆ ਅਤੇ ਬੈਠਣ ਲਈ ਕਿਹਾ। ਉਸ ਦੀ ਨੁਹਾਰ ਤੈਲਗੂ ਬੋਲਦੇ ਬਾਕੀ ਡਾਕਟਰਾਂ ਤੋਂ ਵੱਖਰੀ ਸੀ। ਪਰਚੀ ਉਪਰ ਇਲਾਜ ਦੀਆਂ ਹਦਾਇਤਾਂ ਝਰੀਟਣ ਤੋਂ ਬਾਦ, ਉਸ ਨੇ ਸਵਾਲ ਕੀਤਾ, “ਮੈਨੂੰ ਪਛਾਣਿਐ?”
ਉਸ ਦੇ ਮੇਜ਼ ਉਪਰ ਲਗਾਈ ਨੇਮ-ਪਲੇਟ ਤੋਂ ਮੈਂ ਇਹ ਤਾਂ ਦੇਖ ਸਕਦਾ ਸੀ ਕਿ ਉਸ ਦਾ ਨਾਂ ਭੀਕਸ਼ਾਪਤੀ ਸੀ, ਪਰ ਇਸ ਤੋਂ ਅੱਗੇ ਹੋਰ ਭੇਤ ਪਾ ਲੈਣਾ ਮੇਰੇ ਲਈ ਸੰਭਵ ਨਹੀਂ ਸੀ। ਮੇਰੇ ਚੇਤੇ ਨੂੰ ਠਕੋਰਦੇ ਹੋਏ ਉਸ ਨੇ ਕਿਹਾ, “ਮੈਂ ਤੁਪਾਕੁਲਾ ਗੁਡੇਮ ਤੋਂ ਹਾਂ।” (ਸ਼ਾਬਦਿਕ ਭਾਵ, ਬੰਦੂਕਾਂ ਵਾਲੀ ਪਿੰਡੀ)
ਉਨ੍ਹਾਂ ਪੰਜ ਅੱਖਰਾਂ ਦੀ ਬੁਝਾਰਤ ਥੋੜ੍ਹਾ ਅਟਕ ਕੇ ਮੇਰੇ ਸਮਝ ਪਈ। ਫਿਰ ਮੈਂ ਆਪਣੇ-ਆਪ ਨੂੰ ਕੋਸਣ ਲੱਗਿਆ। ਮੈਂ ਐਨਾ ਭੁਲੱਕੜ ਕਿਵੇਂ ਹੋ ਗਿਆ ਸੀ ਕਿ ਉਸ ਨੂੰ ਪਛਾਣ ਨਹੀਂ ਸੀ ਸਕਦਾ। ਹੁਣ, ਨਿੱਕੀ-ਨਿੱਕੀ ਗੱਲ ਮੇਰੇ ਚੇਤਿਆਂ ‘ਚ ਸਾਫ਼-ਸਾਫ਼ ਉਭਰ ਆਈ ਜਿਵੇਂ ਇਹ ਅਜੇ ਕੱਲ੍ਹ ਦੀ ਹੀ ਗੱਲ ਹੁੰਦੀ ਹੈ।
ਮੈਂ ਉਦੋਂ ਸਿਰਫ਼ ਉਨੀ ਸਾਲਾਂ ਦਾ ਸੀ ਅਤੇ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਕੇ ਬਸਤਰ ਦੀ ਹੱਦ ਨਾਲ ਲੱਗਦੇ ਉਤਰੀ ਤੇਲੰਗਾਨਾ ਦੇ ਜੰਗਲੀ ਖੇਤਰ ਦੇ ਆਦਿਵਾਸੀਆਂ ਦੀ ਸੇਵਾ ਲਈ ਨਿਕਲ ਤੁਰਿਆ ਸੀ। ਮੇਰੇ ਕੋਲ ਡਾਕਟਰਾਂ ਵਾਲਾ ਦਵਾਈਆਂ ਨਾਲ ਭਰਿਆ ਬੈਗ ਅਤੇ ਬਿਮਾਰੀਆਂ ਦੀ ਪਛਾਣ ਤੇ ਉਨ੍ਹਾਂ ਦੇ ਇਲਾਜ ਬਾਰੇ ਮੋਟੀ ਜਿਹੀ ਕਿਤਾਬ ਸੀ ਜਿਨ੍ਹਾਂ ਦਾ ਇੰਤਜ਼ਾਮ ਮੇਰੇ ਵਿਦਿਆਰਥੀ ਜਥੇਬੰਦੀ ਵਾਲੇ ਮਿੱਤਰਾਂ ਨੇ ਓਸਮਾਨੀਆ ਮੈਡੀਕਲ ਕਾਲਜ ਤੋਂ ਕੀਤਾ ਸੀ। ਇਕ ਦਿਨ ਮੈਂ ਆਪਣਾ ਕੰਮ ਨਿਬੇੜ ਕੇ ਗੋਦਾਵਰੀ ਨਦੀ ਤੋਂ ਪਾਰਲੇ ਤੁਪਾਕੁਲਾ ਗੁਡੇਮ ਪਿੰਡ ਵਿਚ ਚਲਾ ਗਿਆ। ਕੋਈ ਆਦਮੀ ਆਪਣੇ ਬੱਚੇ ਨੂੰ ਲੈ ਕੇ ਮੇਰੇ ਕੋਲ ਆਇਆ। ਮੁੰਡਾ ਅਜੇ ਅੱਠ-ਨੌਂ ਕੁ ਸਾਲ ਦਾ ਸੀ। ਮੈਂ ਸਹਿਜੇ ਹੀ ਬੁੱਝ ਲਿਆ ਕਿ ਉਸ ਨੂੰ ਖੁਜਲੀ ਹੈ। ਉਸ ਦੇ ਹੱਥ, ਬਾਹਾਂ ਦੇ ਹੇਠਲੇ ਹਿੱਸੇ ਅਤੇ ਲੱਤਾਂ ਵਿਚਕਾਰਲੀ ਚਮੜੀ ਬਿਮਾਰੀ ਦੀ ਲਾਗ ਨਾਲ ਫਿੰਨਸੀਆਂ ਬਣ ਕੇ ਸੁੱਜੀ ਹੋਈ ਸੀ। ਉਸ ਦੀ ਹਾਲਤ ਖ਼ਰਾਬ ਸੀ। ਮੈਂ ਝੱਟ ਤਾੜ ਗਿਆ ਕਿ ਪਿੰਡ ਵਿਚ ਇਕੱਲਾ ਉਹ ਹੀ ਚਮੜੀ ਦੀ ਇਸ ਸਾਧਾਰਨ ਬਿਮਾਰੀ ਤੋਂ ਪੀੜਤ ਨਹੀਂ ਹੋਵੇਗਾ। ਬੱਚੇ ਦੇ ਪਿਉ ਨੇ ਦੱਸਿਆ ਕਿ ਪਿੰਡ ਦੇ ਘੱਟੋ-ਘੱਟ 10-12 ਮੁੰਡੇ ਜੋ ਨੇੜਲੇ ਕਸਬੇ ਦੇ ਆਦਿਵਾਸੀ ਆਸ਼ਰਮ ਸਕੂਲ ਤੋਂ ਵਾਪਸ ਪਰਤੇ ਸਨ, ਤਕਰੀਬਨ ਸਾਰੇ ਹੀ ਇਸ ਲਾਗ ਤੋਂ ਪੀੜਤ ਸਨ। ਮੇਰਾ ਅੰਦਾਜ਼ਾ ਸੀ ਕਿ ਪੂਰਾ ਪਿੰਡ ਹੀ ਲਾਗ ਦੀ ਇਸ ਬਿਮਾਰੀ ਦੀ ਲਪੇਟ ਵਿਚ ਸੀ ਅਤੇ ਮੈਨੂੰ ਹਰ ਬੰਦੇ ਦਾ ਇਲਾਜ ਕਰਨਾ ਹੋਵੇਗਾ।
ਮੈਂ ਮੁੰਡੇ ਦੇ ਪਿਉ ਨੂੰ ਕੁਝ ਐਂਟੀ-ਬਾਇਟਿਕ ਦਵਾਈਆਂ ਦੇ ਦਿੱਤੀਆਂ ਤਾਂ ਕਿ ਫਿੰਨਸੀਆਂ ਦਾ ਜ਼ੋਰ ਘਟ ਕੇ ਥੋੜ੍ਹਾ ਆਰਾਮ ਆ ਜਾਵੇ। ਮੈਂ ਇਸੇ ਪਿੰਡ ਦੇ ਆਪਣੇ ਬੇਲੀ ਪੀਰਲਾ ਚੰਦਰੱਈਆ ਨੂੰ ਮਿਲਿਆ ਅਤੇ ਪਿੰਡ ਦੇ ਹਰ ਬੰਦੇ ਨੂੰ ਮਿਲਣ ਲਈ ਉਸ ਨੂੰ ਨਾਲ ਲਿਆ ਤਾਂ ਜੋ ਉਨ੍ਹਾਂ ਨੂੰ ਇਸ ਆਮ ਬਿਮਾਰੀ ਦਾ ਇਲਾਜ ਸਮਝਾਇਆ ਜਾ ਸਕੇ। ਅਗਲੇ ਦਿਨ ਤ੍ਰਿਕਾਲਾਂ ਨੂੰ ਪੂਰੇ ਪਿੰਡ ਦਾ ਇਕੱਠ ਕੀਤਾ ਗਿਆ ਅਤੇ ਬਿਮਾਰੀ ‘ਤੇ ਕਾਬੂ ਪਾਉਣ ਦੀ ਵਿਉਂਤ ਬਣਾਈ ਗਈ।
ਪੂਰੇ ਪਿੰਡ ਦੇ ਮਰਦਾਂ ਤੇ ਔਰਤਾਂ ਨੂੰ ਲਗਾਤਾਰ ਤਿੰਨ ਦਿਨ ਆਪੋ-ਆਪਣੇ ਘਰੀਂ ਰਹਿ ਕੇ ਛੂਤ ਰੋਗ ‘ਤੇ ਕਾਬੂ ਪਾਉਣ ਦੀ ਮੁਹਿੰਮ ਨੂੰ ਸਹਿਯੋਗ ਦੇਣ ਅਤੇ ਮੇਰੀਆਂ ਹਦਾਇਤਾਂ ‘ਤੇ ਚੱਲਣ ਲਈ ਕਹਿਣ ਨਾਲੋਂ ਵੱਧ ਸੁਖ਼ਾਲਾ ਇਹ ਸੀ ਕਿ ਇੱਥੋਂ 60 ਕਿਲੋਮੀਟਰ ਦੂਰ ਪੈਂਦੀ ਤਹਿਸੀਲ ਮੁਲੁਗੂ ਕਸਬੇ ਤੋਂ ਐਸਕੈਬੀਓਲ ਲੋਸ਼ਨ ਦੀ ਪੂਰੀ ਪੀਪੀ ਮੰਗਵਾ ਲਈ ਜਾਵੇ। ਫਿਰ ਉਨ੍ਹਾਂ ਸਾਰਿਆਂ ਨੇ ਆਪੋ-ਆਪਣੇ ਪਿੰਡਿਆਂ ‘ਤੇ ਦਵਾਈ ਮਲ਼ ਲਈ, ਇਸ ਤੋਂ ਬਾਅਦ ਸਾਰਿਆਂ ਦੇ ਕੱਪੜੇ ਇਕੱਠੇ ਕਰ ਕੇ ਕਾਸਟਿਕ ਸੋਡੇ ਵਿਚ ਉਬਾਲ ਕੇ ਗੋਦਾਵਰੀ ਨਦੀ ਵਿਚ ਧੋਤੇ ਗਏ। ਓੜਕ ਖੁਜਲੀ ਰੋਗ ਤੋਂ ਉਨ੍ਹਾਂ ਦਾ ਛੁਟਕਾਰਾ ਹੋ ਗਿਆ।
ਫਿਲਮ ਦੀ ਪੂਰੀ ਰੀਲ੍ਹ ਵਾਂਗ ਘਟਨਾਵਾਂ ਦੀ ਲੜੀ ਮੇਰੇ ਦਿਮਾਗ ਵਿਚੋਂ ਲੰਘ ਗਈ। ਆਪਣੇ ਚਿਹਰੇ ‘ਤੇ ਮੁਸਕਾਨ ਲਿਆ ਕੇ ਐਸੋਸੀਏਟ ਪ੍ਰੋਫੈਸਰ ਨੇ ਦੱਸਿਆ, “ਮੈਂ ਉਹੀ ਭੀਕਸ਼ਾਪਤੀ ਹਾਂ। ਅੱਠ ਸਾਲਾਂ ਦਾ ਬੱਚਾ ਜਿਸ ਦਾ ਤੁਸੀਂ ਤੁਪਾਕੁਲਾ ਗੁਡੇਮ ਵਿਚ ਇਲਾਜ ਕੀਤਾ ਸੀ।” ਘੁੰਗਰਾਲੇ ਵਾਲਾਂ ਹੇਠ ਉਸ ਦੀਆਂ ਅੱਖਾਂ ਵਿਚ ਤਿੱਖੀ ਚਮਕ ਸੀ। ਉਸ ਨੇ ਦੱਸਿਆ, “ਜਦੋਂ ਖੁਜਲੀ ਦਾ ਇਲਾਜ ਕੀਤਾ ਗਿਆ, ਮੈਂ ਉਦੋਂ ਹੀ ਮਨ ਵਿਚ ਡਾਕਟਰ ਬਣਨ ਦਾ ਇਰਾਦਾ ਧਾਰ ਲਿਆ।” ਨੰਗੇ ਪੈਰਾਂ ਵਾਲਾ ‘ਡਾਕਟਰ’ ਅਤੇ ਸਿਆਸੀ ਕਾਰਕੁਨ ਜਦੋਂ ਸਿਆਸੀ ਕੈਦੀ ਵਜੋਂ ਜੇਲ੍ਹ ਵਿਚ ਸੜ ਰਿਹਾ ਹੋਵੇ, ਉਸ ਲਈ ਉਦੋਂ ਆਪਣੇ ਪੁਰਾਣੇ ਮਰੀਜ਼ ਨਾਲ ਮੁਲਾਕਾਤ ਹੋ ਜਾਣ ਤੋਂ ਬਿਹਤਰ ਤੋਹਫ਼ਾ ਹੋਰ ਕੀ ਹੋ ਸਕਦਾ ਸੀ। ਮੇਰੀਆਂ ਅੱਖਾਂ ਭਰ ਆਈਆਂ।
-ਤੁਸ਼ਾਰ ਕਾਂਤੀ ਆਂਧਰਾ ਪ੍ਰਦੇਸ਼ ਤੋਂ ਇਨਕਲਾਬੀ ਸਿਆਸੀ ਕਾਰਕੁਨ ਹੈ ਜਿਸ ਨੂੰ ਸਟੇਟ ਵਿਰੁਧ ਜੰਗ ਛੇੜਨ ਦੇ ਇਲਜ਼ਾਮ ‘ਚ ਪਹਿਲਾਂ 2007 ਅਤੇ ਫਿਰ ਜਨਵਰੀ 2010 ‘ਚ ਗ੍ਰਿਫ਼ਤਾਰ ਕਰ ਕੇ ਫਰਵਰੀ 2013 ਤੱਕ ਜੇਲ੍ਹ ਵਿਚ ਬੰਦ ਰੱਖਿਆ ਗਿਆ।
Leave a Reply