ਆਜ਼ਾਦੀ ਸੰਗਰਾਮੀਆਂ ਦੇ ਪਿੰਡਾਂ ਦੀ ਕਿਸੇ ਨੇ ਸਾਰ ਹੀ ਨਾ ਲਈ

ਜਲੰਧਰ: ਦੇਸ਼ ਨੂੰ ਬਰਤਾਨਵੀ ਸ਼ਾਸਕਾਂ ਤੋਂ ਆਜ਼ਾਦ ਕਰਾਉਣ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਦੋਆਬਾ ਖੇਤਰ ਦੀ ਕੰਢੀ ਪੱਟੀ ਵਾਲੇ ਕਈ ਪਿੰਡ ਆਜ਼ਾਦੀ ਦੇ 68 ਸਾਲ ਬਾਅਦ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਥੋਂ ਦੇ ਵਸਨੀਕਾਂ ਨੇ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਨਾ ਮਿਲਵਰਤਨ ਲਹਿਰ, ਆਜ਼ਾਦ ਹਿੰਦ ਫੌਜ ਵਰਗੀਆਂ ਲਹਿਰਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਤੇ ਫਾਂਸੀਆਂ ਦੇ ਰੱਸੇ ਚੁੰਮੇ, ਕਾਲੇਪਾਣੀ ਦੀਆਂ ਸਜ਼ਾਵਾਂ ਕੱਟੀਆਂ, ਜ਼ਮੀਨਾਂ ਦੀਆਂ ਕੁਰਕੀਆਂ ਕਰਵਾਈਆਂ ਪਰ ਅੰਗਰੇਜ਼ੀ ਸ਼ਾਸਕਾਂ ਦੀ ਈਨ ਨਾ ਮੰਨੀ।
ਇਨ੍ਹਾਂ ਪਿੰਡਾਂ ਵਿਚ ਬਿਜਲੀ, ਪਾਣੀ, ਸਿਹਤ ਸਹੂਲਤਾਂ, ਟਰਾਂਸਪੋਰਟ ਦਾ ਮੰਦਾ ਹਾਲ ਹੈ। ਖੇਤੀਬਾੜੀ ਮੀਂਹ ‘ਤੇ ਨਿਰਭਰ ਹੈ। ਇਥੇ ਜ਼ਮੀਨ ਹੇਠਲਾ ਪਾਣੀ 500-600 ਫੁੱਟ ਡੂੰਘਾ ਹੈ। ਜ਼ਮੀਨ ਉਪਜਾਊ ਹੈ ਪਰ ਸਰਕਾਰ ਕੋਲ ਖਿੱਤੇ ਦੇ ਵਿਕਾਸ ਦੀ ਯੋਜਨਾਬੰਦੀ ਨਾ ਹੋਣ ਕਰਕੇ ਇਸ ਖੇਤਰ ਦੀ ਵਿਲੱਖਣਤਾ ਨੂੰ ਰੁਜ਼ਗਾਰ ਮੁਖੀ ਬਣਾਉਣ ਵਿਚ ਕੋਈ ਪੇਸ਼ਕਦਮੀ ਨਹੀਂ ਹੋ ਰਹੀ। ਫਤਿਹਪੁਰ ਕੋਠੀ ਪਿੰਡ ਦੀ ਡਿਸਪੈਂਸਰੀ ਜੋ ਡਾਕਟਰ ਨਾ ਆਉਣ ਕਾਰਨ ਬੰਦ ਪਈ ਹੈ।ਪਿੰਡ ਫਤਹਿਪੁਰ ਕੋਠੀ ਤਹਿਸੀਲ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦਾ ਅਜਿਹਾ ਹੀ ਇਕ ਪਛੜਿਆ ਪਿੰਡ ਹੈ ਜਿਥੇ ਜਾ ਕੇ ਕੋਈ ਵੀ ਆਮ ਸੂਝ-ਬੂਝ ਵਾਲਾ ਵਿਅਕਤੀ ਲੋਕਾਂ ਦਾ ਜੀਵਨ ਪੱਧਰ ਦੇਖ ਕੇ ਝੰਜੋੜਿਆ ਜਾਂਦਾ ਹੈ।
ਬੱਬਰ ਅਕਾਲੀ ਲਹਿਰ ਦੀ ਫਿਰਤੂ ‘ਪ੍ਰੈੱਸ’ ਇਥੇ ਹੀ ਕੰਮ ਕਰਦੀ ਸੀ। ਇਸ ਪਿੰਡ ਦੀ ਫਿਜ਼ਾ ਵਿਚੋਂ ਬੱਬਰ ਅਕਾਲੀ ਦੋਆਬਾ ਅਖ਼ਬਾਰ ਦੇ ਇਨਕਲਾਬੀ ਪੰਨੇ ਤਹਿ ਦਰ ਤਹਿ ਛਪਦੇ ਸਨ ਤੇ ਦੋਆਬੇ ਦੇ ਬੱਬਰਾਂ ਦੇ ਆਪਸੀ ਸੰਦੇਸ਼, ਲੋਕਾਂ ਤੱਕ ਪਹੁੰਚਾਉਣ ਵਾਲੇ ਫੈਸਲੇ ਤੇ ਅੰਗਰੇਜ਼ਾਂ ਖਿਲਾਫ਼ ਅੱਗ ਉਗਲਦੇ ਸ਼ਬਦ ਇਸੇ ਪਿੰਡ ਦੀਆਂ ਜੂਹਾਂ ਵਿਚੋਂ ਨਿਕਲਦੇ ਸਨ। ਸੰਨ 1921 ਤੋਂ 1923 ਤੱਕ ਅੰਗਰੇਜ਼ਾਂ ਦੇ ਨੱਕ ਵਿਚ ਦਮ ਕਰਨ ਵਾਲੀ ਤੇ ਇਸ ਪਿੱਛੋਂ ਲਗਾਤਾਰ ਸੁਲਘਣ ਵਾਲੀ ਬੱਬਰ ਅਕਾਲੀ ਲਹਿਰ ਨੂੰ ਪਿੰਡ ਫਤਹਿਪੁਰ ਕੋਠੀ ਦੀ ਵੱਡੀ ਦੇਣ ਹੈ।
1923 ਵਿਚ ਇਸ ਪਿੰਡ ਤੋਂ ਫੜੀ ਉਡਾਰੂ ਪ੍ਰੈੱਸ ਨੂੰ ਹਾਸਲ ਕਰਕੇ ਅੰਗਰੇਜ਼ਾਂ ਨੇ ‘ਵੱਡਾ ਮੋਰਚਾ’ ਜਿੱਤ ਲਿਆ ਸਮਝਦੇ ਸਨ। ਉਸ ਸਮੇਂ ਦੀਆਂ ਸਰਕਾਰੀ ਫਾਈਲਾਂ ਵਿਚ ਫਤਹਿਪੁਰ ਕੋਠੀ ਦਾ ਜ਼ਿਕਰ ਆਉਂਦਾ ਹੈ। ਅਸਲ ਵਿਚ ਦੂਜੀ ਉਡਾਰੂ ਪ੍ਰੈੱਸ ਬੱਬਰ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ ਤੇ ਸਾਥੀਆਂ ਦੇ ਕਬਜ਼ੇ ਹੇਠ ਕੰਢੀ ਦੀ ਇਸੇ ਤਹਿਸੀਲ ਦੇ ਦੂਜੇ ਪਿੰਡ ਹਿਆਤਪੁਰ ਰੁੜਕੀ ਵਿਖੇ ਸੀ। ਸਮੇਂ ਦਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਇਹ ਪਿੰਡ ਬੱਬਰਾਂ ਦੀ ਯਾਦਗਾਰ ਵਜੋਂ ਪ੍ਰਫੁੱਲਤ ਕਰਨ ਦੀ ਥਾਂ ਸਰਕਾਰਾਂ ਨੇ ਮਿੱਟੀ ਵਿਚ ਮਿਲਾ ਦਿੱਤੇ ਹਨ। ਅੰਗਰੇਜ਼ਾਂ ਦੀ ਛੇ ਮਹੀਨੇ ਦੀ ਮਿਲਟਰੀ ਚੌਕੀ ਇਥੇ ਰਹੀ। ਇਥੋਂ ਤੱਕ ਕਿ ਪਿੰਡ ਦੇ ਲੋਕਾਂ ਦੇ ਮੁਖ਼ਬਰ ਨਾ ਬਣਨ ਤੇ ਬੱਬਰਾਂ ਨੂੰ ਪਨਾਹ ਦੇਣ ਤੋਂ ਚਿੜ ਕੇ ਅੰਗਰੇਜ਼ ਇਥੋਂ ਦੇ ਘਰਾਂ ਨੂੰ ਤੋਪਾਂ ਨਾਲ ਉਡਾਉਣ ਦਾ ਫੈਸਲਾ ਕਰ ਚੁੱਕੇ ਸਨ। ਰੋਜ਼ਾਨਾ ਲੋਕਾਂ ਨੂੰ ਪਿੰਡ ਦੀ ਸਾਂਝੀ ਥਾਂ ਬਿਠਾ ਕੇ ਰਾਤ ਨੂੰ ਛੱਡਣਾ ਆਮ ਗੱਲ ਹੋ ਗਈ ਸੀ।
ਫਤਹਿਪੁਰ ਕੋਠੀ ਦੇ ਆਜ਼ਾਦੀ ਸੰਗਰਾਮੀਆਂ ਦੀ ਸੂਚੀ ਬੜੀ ਲੰਬੀ ਹੈ। ਗ਼ਦਰ ਲਹਿਰ ਸਮੇਂ ਇਥੋਂ ਦੇ ਸੰਤ ਰਾਮ, ਦਲੀਪ ਸਿੰਘ, ਹਰਨਾਮ ਸਿੰਘ ਤੋਂ ਇਲਾਵਾ ਆਜ਼ਾਦ ਹਿੰਦ ਫੌਜ ਵਿਚ ਬਲਦੇਵ ਸਿੰਘ, ਬੰਤਾ ਸਿੰਘ (ਕੈਦ ਇਕ ਸਾਲ), ਗੁਰਬਚਨ ਸਿੰਘ (ਜੰਗੀ ਕੈਦੀ), ਗੁਰਮੀਤ ਸਿੰਘ, ਪਿਆਰਾ ਸਿੰਘ (ਜੰਗੀ ਕੈਦੀ) ਹੋਏ ਹਨ। ਇਥੋਂ ਦਾ ਹੁਸ਼ਿਆਰ ਸਿੰਘ ਬੱਬਰ ਅਕਾਲੀ ਲਹਿਰ ਸਮੇਂ ਫਾਂਸੀ ਦਾ ਰੱਸਾ ਚੁੰਮ ਗਿਆ। ਜਵਾਲਾ ਸਿੰਘ ਮੰਡੇਰ ਸਾਕੇ ਵਿਚ ਜ਼ਿੰਦਾ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਪ੍ਰਸ਼ੋਤਮ ਸਿੰਘ, ਭਗਵਾਨ ਸਿੰਘ ਸੱਤ ਸਾਲ ਦੀ ਕੈਦ ਕੱਟਣ ਵਾਲੇ ਸੰਗਰਾਮੀਏ ਸਨ। ਜਰਨੈਲ ਸਿੰਘ ਜੈਤੋ ਮੋਰਚੇ ਵਿਚ ਕੈਦ ਹੋਇਆ।
______________________________
ਪਿੰਡ ਵਾਸੀਆਂ ਨੂੰ ਸਰਕਾਰ ਨਾਲ ਡਾਢਾ ਗਿਲਾ
ਇਨ੍ਹਾਂ ਪਿੰਡਾਂ ਦੇ ਲੋਕ ਸਰਕਾਰ ਦੀ ਅਣਦੇਖੀ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦਾ ਮੁੱਖ ਕਿੱਤਾ ਖੇਤੀ, ਪਸ਼ੂ-ਧਨ, ਮਜ਼ਦੂਰੀ ਤੇ ਨੇੜਲੇ, ਜੰਗਲਾਂ ‘ਤੇ ਟਿਕਿਆ ਹੈ। ਜ਼ਮੀਨ ਹੇਠਲਾ ਪਾਣੀ ਬੇਹੱਦ ਡੂੰਘਾ ਹੈ, ਜ਼ਮੀਨ ਉੱਚੀ ਨੀਵੀਂ ਹੈ ਪਰ ਉਪਜਾਊ ਹੈ। ਨਿੱਜੀ ਟਿਊਬਵੈੱਲ ਲਾਉਣੇ ਅਸੰਭਵ ਹਨ ਤੇ ਸਰਕਾਰੀ ਟਿਊਬਵੈੱਲ ਕੋਈ ਵੀ ਨਹੀਂ। ਭੂਮੀ ਤੇ ਜਲ ਸੰਭਾਲ ਵਿਭਾਗ ਨੇ ਸਿੰਜਾਈ ਲਈ ਪਹਾੜਾਂ-ਸੀਰਾਂ ਦਾ ਪਾਣੀ ਇਕੱਠਾ ਕਰਕੇ ਇਕ ਵਧੀਆ ਲਿਫਟ ਸਿੰਜਾਈ ਪ੍ਰਾਜੈਕਟ ਲਾਇਆ ਸੀ ਪਰ ਅੱਠ ਸਾਲ ਤੋਂ ਇਸ ਨੂੰ ਸਰਕਾਰ ਨੇ ਬਿਜਲੀ ਕੁਨੈਕਸ਼ਨ ਹੀ ਨਹੀਂ ਦਿੱਤਾ। ਖੇਤਰ ਵਿਚ ਭੂ-ਮਾਫੀਆ ਸਰਗਰਮ ਹੈ, ਜਿਸ ਨੂੰ ਗਰੀਬਾਂ ਦੀ ਭੰਗ ਦੇ ਭਾਅ ਖਰੀਦੀ ਜ਼ਮੀਨ ਵਿਚ ਸਰਕਾਰ ਨੇ ਬਿਨਾਂ ਹੀਲ-ਹੁੱਜਤ ਦੇ 50-50 ਹਾਰਸ ਪਾਵਰ ਦੇ ਕੁਨੈਕਸ਼ਨ ਦੇ ਰੱਖੇ ਹਨ। ਇਹ ਪਿੰਡ ਜੰਗਲ ਦੇ ਨੇੜੇ ਹੋਣ ਕਰਕੇ ਇਥੇ ਜੰਗਲਾਤ ਵਿਭਾਗ ਦੀਆਂ ਦਫਾ ਚਾਰ ਤੇ ਪੰਜ ਦੀਆਂ ਸਖ਼ਤ ਧਾਰਾਵਾਂ ਹਨ।ਇਨ੍ਹਾਂ ਮੁਤਾਬਕ ਕਿਸਾਨ ਜ਼ਮੀਨ ਵਿਚੋਂ ਲੱਕੜ ਪੁੱਟ ਨਹੀਂ ਸਕਦਾ, ਕਰਾਹੀ ਨਹੀਂ ਕਰ ਸਕਦਾ, ਬੱਕਰੀਆਂ ਨਹੀਂ ਪਾਲ ਸਕਦਾ, ਜੰਗਲ ਵਿਚੋਂ ਬਾਲਣ ਨਹੀਂ ਕੱਟ ਸਕਦਾ, ਰੇਤ-ਪੱਥਰ-ਬਜਰੀ ਨਹੀਂ ਵਰਤ ਸਕਦਾ ਪਰ ਇਹ ਕਾਨੂੰਨ ਆਮ ਲੋਕਾਂ ਲਈ ਹਨ। ਅਸਲ ਵਿਚ ਇਥੇ ਰੇਤ ਮਾਫੀਆ, ਜੰਗਲ ਮਾਫੀਆ ਤੇ ਭੂਮੀ-ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਤੇ ਵਿਭਾਗ ਦੇ ਕਾਨੂੰਨ ਇਨ੍ਹਾਂ ਅੱਗੇ ‘ਮੋਮ ਦੇ ਨੱਕ’ ਬਣੇ ਰਹਿੰਦੇ ਹਨ।

Be the first to comment

Leave a Reply

Your email address will not be published.