ਨਵੀਂ ਹਕੂਮਤ ਤੇ ਬੁੱਧੀਮਾਨਾਂ ਦੇ ਬਦਲ ਰਹੇ ਸੁਰ

ਲਾਲਟੂ
ਫੋਨ: 91-78291-66765
ਨਵੀਂ ਹਕੂਮਤ ਬਣਦੇ ਸਾਰ ਉਦਾਰਵਾਦੀ ਸਮਝੇ ਜਾਂਦੇ ਬੁੱਧੀਜੀਵੀਆਂ ਵਿਚ ਬਦਲੇ ਹਾਲਾਤ ਅਨੁਸਾਰ ਖ਼ੁਦ ਨੂੰ ਰੰਗ ਬਦਲਣ ਦੇ ਯਤਨ ਦਿਖਾਈ ਦੇਣ ਲੱਗੇ ਹਨ। ਅਜਿਹਾ ਹੀ ਇਕ ਯਤਨ ਹਾਲ ਹੀ ਵਿਚ ਅੰਗਰੇਜ਼ੀ ਦੇ ‘ਦਿ ਹਿੰਦੂ’ ਅਖ਼ਬਾਰ ਵਿਚ ਛਪੇ ਸ਼ਿਵ ਵਿਸ਼ਵਨਾਥਨ ਦੇ ਲੇਖ ਵਿਚ ਨਜ਼ਰ ਆਇਆ ਹੈ। ਉਹ ਆਪਣੀ ਗੱਲ ਨਰੇਂਦਰ ਮੋਦੀ ਵਲੋਂ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਪੂਜਾ ਅਤੇ ਫਿਰ ਉਸ ਪਿੱਛੋਂ ਕੀਤੀ ਆਰਤੀ ਤੋਂ ਸ਼ੁਰੂ ਕਰਦਾ ਹੈ। ਦੱਸਦਾ ਹੈ ਕਿ ਟੀæਵੀæ ਉਪਰ ਇਹ ਦ੍ਰਿਸ਼ ਆਉਣ ‘ਤੇ ਧੜਾਧੜ ਸੰਦੇਸ਼ ਆਉਣ ਲੱਗੇ ਕਿ ਕੁਮੈਂਟਰੀ ਤੋਂ ਬਿਨਾਂ ਹੀ ਸਮੁੱਚੀ ਪੂਜਾ ਦਿਖਾਈ ਜਾਵੇ। ਕਈਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਪੂਰੀ ਪੂਜਾ ਦੀ ਰਸਮ ਪਹਿਲੀ ਵਾਰ ਟੀæਵੀæ ਉਪਰ ਦਿਖਾਈ ਗਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਦੀ ਦੀ ਗੰਗਾ ਆਰਤੀ ਪਹਿਲੀ ਵਾਰ ਦਿਖਾਈ ਗਈ ਪਰ ਧਾਰਮਿਕ ਰਸਮਾਂ ਤਾਂ ਟੀæਵੀæ ਉਪਰ ਹਮੇਸ਼ਾ ਦਿਖਾਈਆਂ ਜਾਂਦੀਆਂ ਰਹੀਆਂ ਹਨ। ਕੌਮੀ ਆਗੂ ਜਨਤਕ ਤੌਰ ‘ਤੇ ਧਾਰਮਿਕ ਰਸਮਾਂ ਵਿਚ ਸ਼ਾਮਲ ਹੁੰਦੇ ਰਹੇ ਹਨ, ਇਹ ਹਰ ਕੋਈ ਜਾਣਦਾ ਹੈ। ਫਿਰ ਕਿਸੇ ਬੁੱਧੀਮਾਨ ਨੂੰ ਇਸ ਵਿਚ ਵੱਡੀ ਗੱਲ ਕੀ ਨਜ਼ਰ ਆਈ? ਸ਼ਿਵ ਦੱਸਦੇ ਹਨ ਕਿ ਮੋਦੀ ਦੇ ਉਥੇ ਮੌਜੂਦ ਹੋਣ ਤੋਂ ਇਹ ਪੈਗ਼ਾਮ ਗਿਆ ਕਿ ਸਾਨੂੰ ਆਪਣੇ ਧਰਮ ਤੋਂ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਪਹਿਲਾਂ ਨਹੀਂ ਸੀ ਹੋ ਸਕਦਾ।
ਕਿਹੜਾ ਧਰਮ? ਕਿਹੜੀ ਸ਼ਰਮਿੰਦਗੀ? ਕੀ ਮੋਦੀ ਮਹਿਜ਼ ਧਾਰਮਿਕ ਰਸਮ ਨਿਭਾਅ ਰਿਹਾ ਸੀ? ਜੇ ਅਜਿਹਾ ਹੈ ਤਾਂ ਇਸ ਤੋਂ ਪਹਿਲਾਂ ਉਸ ਨੇ ਕਿੰਨੀ ਕੁ ਵਾਰ ਇਹ ਆਰਤੀ ਕੀਤੀ? ਸੱਚਾਈ ਤਾਂ ਇਹ ਹੈ ਕਿ ਇਹ ਕੋਈ ਧਾਰਮਿਕ ਕਾਰਜ ਨਹੀਂ ਸੀ। ਇਹ ਆਰਤੀ ਕਿਸੇ ਵੀ ਧਾਰਮਿਕਤਾ ਤੋਂ ਬਿਲਕੁਲ ਵੱਖਰੀ, ਨਿਰੋਲ ਸਿਆਸੀ ਕਦਮ ਸੀ। ਉਸ ਵਿਚੋਂ ਉਭਰਦਾ ਪੈਗ਼ਾਮ ਇਹੀ ਸੀ ਕਿ ਰਾਜਾ ਆ ਰਿਹਾ ਹੈ। ਤਕਰੀਬਨ ਡੇਢ ਮਹੀਨਾ ਪਹਿਲਾਂ ਇਕ ਹੋਰ ਲੇਖ ਵਿਚ ਬਨਾਰਸ ਵਿਚ ਅਰਵਿੰਦ ਕੇਜਰੀਵਾਲ ਅਤੇ ਮੋਦੀ ਦੀ ਟੱਕਰ ਉਪਰ ਇਸੇ ਸ਼ਿਵ ਨੇ ਹੋਰ ਸੁਰ ਵਿਚ ਲਿਖਿਆ ਸੀ, ‘ਮੋਦੀ ਜਿਹੜਾ ਭਾਰਤ-ਇੰਡੀਆ ਅਤੇ ਹਿੰਦੂ-ਮੁਸਲਿਮ ਫ਼ਰਕ ਥੋਪਣਾ ਚਾਹੁੰਦੇ ਹਨ, ਬਨਾਰਸ ਉਸ ਨੂੰ ਖ਼ਾਰਜ ਕਰਦਾ ਹੈ।’ ਹੁਣ ਮੋਦੀ ਦੇ ਜਿੱਤਣ ਸਾਰ ਉਸ ਦਾ ਸੁਰ ਬਦਲ ਗਿਆ ਹੈ।
ਫਿਰ ਉਹ ਕਿਸੇ ਮਿੱਤਰ ਦਾ ਹਵਾਲਾ ਦੇ ਕੇ ਬਿਲਕੁਲ ਟਿਕਾਣੇ ਸੱਟ ਮਾਰਦਾ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਸੈਕੂਲਰਿਸਟ ਲੋਕਾਂ ਨੇ ਬਹੁ-ਗਿਣਤੀਆਂ ਦਾ ਸੁਭਾਵਿਕ ਜਿਉਣਾ ਹਰਾਮ ਕਰ ਦਿੱਤਾ। ਅੰਗਰੇਜ਼ੀ ਵਾਲਿਆਂ ਦੀ ਤਰਸਯੋਗ ਹਾਲਤ ਉਪਰ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ, ਪਰ ਸੁਭਾਵਿਕ ਕੀ ਹੈ, ਇਸ ਉਪਰ ਮੇਰੀ ਅਤੇ ਸ਼ਿਵ ਦੀ ਸਮਝ ਦਰਮਿਆਨ ਫ਼ਰਕ ਹੈ। ਅੱਗੇ ਉਹ ਲਿਖਦੇ ਹਨ ਕਿ ਖੱਬੇਪੱਖੀ ਘਬਰਾ ਗਏ ਹਨ ਕਿ ਹੁਣ ਫੜੋ-ਫੜੀ ਸ਼ੁਰੂ ਹੋ ਜਾਵੇਗੀ। ਵੈਸੇ ਇਹ ਸਹੀ ਹੈ ਕਿ ਇਕੱਤੀ ਫ਼ੀਸਦੀ ਵੋਟਰਾਂ ਨੇ ਹੀ ਭਾਜਪਾ ਨੂੰ ਬਹੁਮਤ ਦਿਵਾਇਆ ਹੈ। ਅਜਿਹਾ ਬਿਲਕੁਲ ਨਹੀਂ ਕਿ ਸਾਰਾ ਮੁਲਕ ਹੀ ਤਾਨਾਸ਼ਾਹ ਦੇ ਨਾਲ ਹੋ ਤੁਰਿਆ ਹੈ। ਜੇ ਵੋਟਾਂ ਪਾਉਣ ਵਿਚ ਹਿੱਸਾ ਨਾ ਲੈਣ ਵਾਲੇ ਲੋਕਾਂ ਦੀ ਗਿਣਤੀ ਕਰੀਏ ਤਾਂ ਆਬਾਦੀ ਦਾ ਪੰਜਵਾਂ ਹਿੱਸਾ ਵੀ ਭਾਜਪਾ ਦੇ ਨਾਲ ਨਹੀਂ ਹੋਵੇਗਾ।
ਦਰਅਸਲ ਘਬਰਾਉਣ ਵਾਲੀ ਕੋਈ ਗੱਲ ਨਹੀਂ, ਪਰ ਕੀ ਅਸੀਂ ਇਹ ਭੁੱਲ ਜਾਈਏ ਕਿ ਪਿਛਲੀ ਵਾਰ ਦੇ ਭਾਜਪਾ ਰਾਜ ਦੇ ਦੌਰਾਨ ਕਿਤਾਬਾਂ ਕਿਸ ਤਰ੍ਹਾਂ ਦੀਆਂ ਲਿਖੀਆਂ ਗਈਆਂ। ਅੱਜ ਅਸੀਂ ਸਾਰੇ ਇਨ੍ਹਾਂ ਨੂੰ ਖੱਬੇਪੱਖੀ ਨਜ਼ਰ ਆਉਣ ਲੱਗੇ ਹਾਂ, ਪਰ ਡੇਢ ਮਹੀਨਾ ਪਹਿਲਾ ਇਹ ਡਰ ਉਨ੍ਹਾਂ ਨੂੰ ਵੀ ਸੀ ਕਿ ਮੋਦੀ ਹਿੰਦੂ-ਮੁਸਲਿਮ ਫ਼ਰਕ ਨੂੰ ਥੋਪਣਾ ਚਾਹੁੰਦਾ ਹੈ। ਐਨæਸੀæਈæਆਰæਟੀæ ਦੀ ਇਕ ਕਿਤਾਬ ਵਿਚ ਭਾਰਤ ਦੀ ਵੰਡ ਬਾਰੇ ਅਨਿਲ ਸੇਠੀ ਦਾ ਲਿਖਿਆ ਵੱਖਰੀ ਤਰ੍ਹਾਂ ਦਾ ਅਧਿਆਏ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਦੋਵੇਂ ਪਾਸੇ ਦੇ ਨਾਗਰਿਕ ਵੰਡ ਤੋਂ ਇਕੋ ਜਿਹਾ ਪੀੜਤ ਹਨ। ਇਹ ਵਾਜਬ ਚਿੰਤਾ ਹੈ ਕਿ ਇਸ ਅਧਿਆਏ ਨੂੰ ਹੁਣ ਹਟਾਇਆ ਜਾ ਸਕਦਾ ਹੈ। ਇਹ ਸਾਰੇ ਜਾਣਦੇ ਹਨ ਕਿ ਸੱਜੇਪੱਖੀਆਂ ਦੇ ਆਉਣ ਨਾਲ ਇਤਿਹਾਸ ਦੀ ਨਵੀਂ ਵਿਆਖਿਆ ਕੀਤੀ ਜਾਵੇਗੀ।
ਸ਼ਿਵ ਦਾ ਮੰਨਣਾ ਹੈ ਕਿ ਉਦਾਰਵਾਦੀ ਇਹ ਗੱਲ ਨਹੀਂ ਸਮਝ ਸਕੇ ਕਿ ਮੱਧਵਰਗੀ ਲੋਕ ਤਣਾਓਗ੍ਰਸਤ ਹਨ ਅਤੇ ਮੋਦੀ ਨੇ ਇਸ ਨੂੰ ਗਹਿਰਾਈ ‘ਚ ਸਮਝ ਲਿਆ। ਪਹਿਲਾਂ ਇਨ੍ਹਾਂ ਤਣਾਵਾਂ ਬਾਰੇ ਖੱਬੇਪੱਖੀਆਂ ਦੀ ਜੋ ਸਮਝ ਸੀ, ਉਸ ਨਾਲ ਸ਼ਿਵ ਦੀ ਸਹਿਮਤੀ ਸੀ, ਪਰ ਹੁਣ ਉਸ ਨੂੰ ਖੱਬੀ ਧਿਰ ਗਰੋਹ ਨਜ਼ਰ ਆਉਂਦੀ ਹੈ ਜਿਸ ਨੇ ਧਰਮ ਨੂੰ ਜਿਉਣ ਦਾ ਗੁਰ ਨਹੀਂ, ਸਗੋਂ ਮਹਿਜ਼ ਅੰਧ-ਵਿਸ਼ਵਾਸ ਹੀ ਸਮਝਿਆ ਹੈ। ਇਹ ਪੰਜਾਹ ਵਰ੍ਹੇ ਪੁਰਾਣੀ ਬਹਿਸ ਹੈ ਕਿ ਮਾਰਕਸ ਨੇ ਧਰਮ ਨੂੰ ਅਫ਼ੀਮ ਕਿਹਾ, ਜਾਂ ਉਸ ਨੂੰ ਨਪੀੜਿਆਂ ਦੀ ਆਹ ਮੰਨਿਆ। ਇਸ ਤੋਂ ਅੱਗੇ ਉਹ ਖੱਬੇਪੱਖੀਆਂ ਨੂੰ ਸ਼ੈਤਾਨ ਵਾਂਗ ਪੇਸ਼ ਕਰਦੇ ਹਨ ਜਿਨ੍ਹਾਂ ਨੇ ਸੰਵਿਧਾਨ ਵਿਚ ਵਿਗਿਆਨਕ ਚੇਤਨਾ ਦੀ ਧਾਰਨਾ ਲਿਆ ਘਸੋੜੀ, ਤਾਂ ਕਿ ਧਰਮ ਨੂੰ ਕੁਰੀਤੀਆਂ ਅਤੇ ਅੰਧ-ਵਿਸ਼ਵਾਸਾਂ ਤੋਂ ਮੁਕਤੀ ਮਿਲੇ। ਦਿਲਚਸਪ ਗੱਲ ਇਹ ਹੈ ਕਿ ਅੰਤ ਵਿਚ ਉਹ ਦਲਾਈ ਲਾਮਾ ਨੂੰ ਆਪਣਾ ਪਿਆਰਾ ਵਿਗਿਆਨੀ ਕਹਿੰਦੇ ਹਨ। ਤਾਂ ਕੀ ਵਿਗਿਆਨੀ ਵਿਚ ‘ਵਿਗਿਆਨਕ ਚੇਤਨਾ’ ਦੀ ਭ੍ਰਿਸ਼ਟ ਧਾਰਨਾ ਨਹੀਂ ਹੁੰਦੀ!
ਉਸ ਮੁਤਾਬਕ ਇਹ ਧਾਰਨਾ ਖ਼ਲਾਅ ਪੈਦਾ ਕਰਦੀ ਹੈ ਅਤੇ ਜਿਸ ਤਰ੍ਹਾਂ ਧਰਮਨਿਰਪੇਖਤਾ ਨੂੰ ਵਧਾਉਂਦੀ ਹੈ, ਜਿਸ ਨਾਲ ਦਮਨ ਦਾ ਅਜਿਹਾ ਮਾਹੌਲ ਬਣਦਾ ਹੈ ਕਿ ਧਾਰਮਿਕ ਲੋਕਾਂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਹੈ। ਬੇਸ਼ਕ, ਵਿਗਿਆਨ ਨੂੰ ਸਮਾਜੀ ਮੁੱਲਾਂ ਅਤੇ ਸੱਤਾ-ਸਮੀਕਰਨਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਪਰ ਇਹ ਮੰਨਣਾ ਗ਼ਲਤ ਹੈ ਕਿ ਜਾਤ, ਲਿੰਗ-ਭੇਦ ਆਦਿ ਸੰਸਥਾਵਾਂ ਜਿਨ੍ਹਾਂ ਨੂੰ ਧਾਰਮਿਕ ਅਕੀਦੇ ਤੋਂ ਅਲੱਗ ਕਰਨਾ ਸੁਖਾਲਾ ਨਹੀਂ, ਵਿਗਿਆਨ ਉਨ੍ਹਾਂ ਤੋਂ ਵੀ ਵਧੇਰੇ ਦਮਨਕਾਰੀ ਹੈ। ਸ਼ਿਵ ਧਰਮਨਿਰਪੇਖਤਾ ਨੂੰ ਬੇਚੈਨੀ ਪੈਦਾ ਕਰਨ ਦਾ ਸੰਦ ਸਮਝਦਾ ਹੈ। ਉਸ ਦੇ ਮੁਤਾਬਕ ਪਿਛਲੀ ਹਕੂਮਤ ਨੇ ਚੋਣਾਂ ਦੇ ਮੱਦੇਨਜ਼ਰ ਘੱਟ-ਗਿਣਤੀਆਂ ਨੂੰ ਖੁਸ਼ ਕੀਤਾ ਅਤੇ ਇਸ ਨਾਲ ਬਹੁ-ਗਿਣਤੀਆਂ ਨੂੰ ਲੱਗਿਆ ਕਿ ਉਨ੍ਹਾਂ ਨਾਲ ਅਨਿਆਂ ਹੋ ਰਿਹਾ ਹੈ ਪਰ ਇਹ ਖੁਸ਼ ਕਰਨਾ ਕੀ ਹੈ?
ਸ਼ਾਹਬਾਨੋ ਮਾਮਲਾ, ਪਰਸਨਲ ਲਾਅ, ਕਸ਼ਮੀਰ ਲਈ ਧਾਰਾ-370, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਤਾਂ ਇਹ ਚੋਣ ਮੁੱਦੇ ਹੀ ਨਹੀਂ ਹਨ, ਹਾਲਾਂਕਿ ਸੰਘ ਪਰਿਵਾਰ ਲਈ ਇਹ ਲੜਾਈ ਦੇ ਮੁੱਦੇ ਹਨ। ਚੋਣਾਂ ਦੇ ਮੁੱਦਿਆਂ ਵਿਚ ਰਾਖਵਾਂਕਰਨ ਵੀ ਹੈ। ਪੈਸਾ, ਸ਼ਰਾਬ, ਨਸ਼ੇ, ਹਿੰਸਾ, ਜਾਤਪਾਤ ਤੇ ਫਿਰਕਾਪ੍ਰਸਤੀ, ਇਥੇ ਕੀ ਕੁਝ ਨਹੀਂ ਚਲਦਾ।
ਸਵਾਲ ਇਹ ਹੈ ਕਿ ਕਿੱਥੋਂ ਤਾਈਂ ਡਿੱਗਣਾ ਸਹੀ ਹੈ। ਸੰਘ ਨੇ ਖ਼ਾਸ ਤੌਰ ‘ਤੇ ਉਤਰੀ ਭਾਰਤ ਵਿਚ ਪਿਛੜੇ ਵਰਗਾਂ ਅਤੇ ਦਲਿਤਾਂ ਵਿਚ ਬਹੁ-ਗਿਣਤੀ ਦੇ ਝੂਠੇ ਗੌਰਵ ਦਾ ਅਹਿਸਾਸ ਪੈਦਾ ਕੀਤਾ ਅਤੇ ਫਿਰ ਉਨ੍ਹਾਂ ਵਿਚ ਰੋਹ ਨੂੰ ਜਨਮ ਦਿੱਤਾ ਕਿ ਤੁਹਾਡੇ ਨਾਲ ਅਨਿਆਂ ਹੋ ਰਿਹਾ ਹੈ। ਦੂਜੇ ਪਾਸੇ, ਜੇ ਘੱਟ-ਗਿਣਤੀਆਂ ਨੂੰ ਕੁਝ ਸਹੂਲਤਾਂ ਦਿੱਤੀਆਂ ਜਾਣ ਤਾਂ ਕੀ ਉਹ ਸਾਡੀਆਂ ਰਵਾਇਤੀ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ? ਜੇ ਨਹੀਂ ਤਾਂ ਸੱਚਰ ਕਮੇਟੀ ਦੀ ਰਿਪੋਰਟ ਵਰਗੇ ਦਸਤਾਵੇਜ਼ਾਂ ਨਾਲ ਉਜਾਗਰ ਹੋਏ ਘੱਟ-ਗਿਣਤੀਆਂ ਦੇ ਮਾੜੇ ਹਾਲਾਤ ਦੇ ਮੱਦੇਨਜ਼ਰ ਜੇ ਉਨ੍ਹਾਂ ਵੱਲ ਵੱਧ ਧਿਆਨ ਦਿੱਤਾ ਗਿਆ ਤਾਂ ਇਸ ਨਾਲ ਕਿਸੇ ਬੁੱਧੀਜੀਵੀ ਨੂੰ ਕੀ ਤਕਲੀਫ਼ ਹੈ?
ਤਫ਼ਸੀਲ ਵਿਚ ਜਾਏ ਬਗੈਰ ਸ਼ਿਵ ਵਰਗੇ ਬੁੱਧੀਮਾਨਾਂ ਦਾ ਸਿਰਫ਼ ਇਸ ਅਹਿਸਾਸ ਨੂੰ ਵਧਾਉਣਾ ਹੈ ਕਿ ਘੱਟ-ਗਿਣਤੀਆਂ ਨੂੰ ਪੱਠੇ ਪਾਏ ਜਾਂਦੇ ਹਨ, ਇਹ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਹੈ। ਹੋਣਾ ਇਹ ਚਾਹੀਦਾ ਹੈ ਕਿ ਅਸੀਂ ਇਹ ਸੋਚੀਏ ਕਿ ਇਸ ਮੁਲਕ ਵਿਚ ਘੱਟ-ਗਿਣਤੀਆਂ ਦਾ ਹਾਲ ਇਤਨਾ ਮਾੜਾ ਕਿਉਂ ਹੈ ਕਿ ਚੋਣਾਂ ਦੌਰਾਨ ਉਨ੍ਹਾਂ ਦੀ ਦੁਰਦਸ਼ਾ ਦਾ ਫ਼ਾਇਦਾ ਉਠਾਉਣਾ ਸੰਭਵ ਹੋ ਜਾਂਦਾ ਹੈ। ਉਨ੍ਹਾਂ ਦੀ ਆਰਥਿਕ ਅਤੇ ਤਾਲੀਮੀ ਹਾਲਤ ਇੰਨੀ ਮਾੜੀ ਕਿਉਂ ਹੈ ਕਿ ਉਨ੍ਹਾਂ ਵਿਚੋਂ ਉਠਣ ਵਾਲੀਆਂ ਅਗਾਂਹਵਧੂ ਆਵਾਜ਼ਾਂ ਦਬ ਜਾਂਦੀਆਂ ਹਨ।
ਇਹ ਇਕ ਨਜ਼ਰੀਆ ਹੋ ਸਕਦਾ ਹੈ ਕਿ ਬਹੁ-ਗਿਣਤੀ ਧਰਮਨਿਰਪੇਖਤਾ ਨੂੰ ਖੋਖਲਾ ਦਮਨਕਾਰੀ ਵਿਚਾਰ ਮੰਨਦੀ ਹੈ ਪਰ ਇਹ ਵੀ ਦੇਖਣਾ ਚਾਹੀਦਾ ਹੈ ਕਿ ਗ਼ਰੀਬੀ ਅਤੇ ਰੋਜ਼ਮਰਾ ਮੁਸੀਬਤਾਂ ਤੋਂ ਪ੍ਰੇਸ਼ਾਨ ਲੋਕ ਬਹੁ-ਗਿਣਤੀ ਦੇ ਗੌਰਵ ਨਾਲ ਜੁੜੀ ਕੌਮ ਦੀ ਸੰਕੀਰਨ ਧਾਰਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਐਸਾ ਵਿਚਾਰ ਹੈ ਜਿਸ ਮੁਤਾਬਿਕ ਆਪਣੇ ਹੀ ਅੰਦਰ ਦੁਸ਼ਮਣ ਲੱਭਿਆ ਜਾਂਦਾ ਹੈ, ਜਿਵੇਂ ਜਰਮਨੀ ਵਿਚ ਯਹੂਦੀ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਹਿੰਦੂ ਅਤੇ ਭਾਰਤ ਵਿਚ ਮੁਸਲਮਾਨ। ਇਸੇ ਅਸੁਰੱਖਿਆ ਨੂੰ ਮੋਦੀ ਅਤੇ ਸੰਘ ਨੇ ਫੜਿਆ ਪਰ ਇਸ ਨਾਲ ਰੋਜ਼ਮਰਾ ਜ਼ਿੰਦਗੀ ਵਿਚ ਧਰਮ ਅਤੇ ਅਧਿਆਤਮ ਦਾ ਸਬੰਧ ਤਲਾਸ਼ਣਾ ਗ਼ਲਤ ਹੋਵੇਗਾ। ਧਰਮਨਿਰਪੇਖਤਾ ਬਹੁ-ਗਿਣਤੀਆਂ ਉਪਰ ਕੋਈ ਕਹਿਰ ਨਹੀਂ ਢਾਹੁੰਦੀ। ਇਸ ਦੇ ਉਲਟ ਹੁੰਦਾ ਇਹ ਹੈ ਕਿ ਸੰਘ ਪਰਿਵਾਰ ਵਰਗੀਆਂ ਤਾਕਤਾਂ ਦੇ ਵਿਤਕਰੇ ਵਾਲੇ ਪ੍ਰਚਾਰ ਨਾਲ ਇਨਸਾਨ ਦੀਆਂ ਪ੍ਰੇਮ ਅਤੇ ਭਲੇ ਮਨੁੱਖ ਦੀਆਂ ਬੁਨਿਆਦੀ ਪ੍ਰਵਿਰਤੀਆਂ ਦਬ ਜਾਂਦੀਆਂ ਹਨ।
ਸ਼ਿਵ ਕਹਿੰਦਾ ਹੈ ਕਿ ਸਾਡੇ ਧਰਮਾਂ ਵਿਚ ਹਮੇਸ਼ਾ ਹੀ ਸੰਵਾਦ ਦੀ ਪਰੰਪਰਾ ਰਹੀ ਹੈ ਪਰ ਇੰਨਾ ਕਹਿਣਾ ਹੀ ਕਾਫ਼ੀ ਨਹੀਂ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਵਿਚ ਧਰਮ ਦੀ ਭੂਮਿਕਾ ਵੱਡੇ ਹਿੱਸੇ ਨੂੰ ਬੇਰਹਿਮੀ ਨਾਲ ਅਣ-ਮਨੁੱਖੀ ਬਣਾਉਣ ਦੀ ਰਹੀ ਹੈ। ਸਾਡੀ ਚਕਿਤਸਾ-ਵਿਗਿਆਨ ਦੀ ਰਵਾਇਤ ਵਿਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹਨ, ਪਰ ਨਾਲ ਹੀ ਲਾਸ਼ਾਂ ਨਾਲ ਜੁੜਿਆ ਕੰਮ ਕਰਨ ਵਾਲਿਆਂ ਨੂੰ ਅਛੂਤ ਮੰਨਣਾ ਵੀ ਇਸੇ ਰਵਾਇਤ ਦਾ ਹਿੱਸਾ ਹੈ। ਇਹ ਤਾਂ ਸਹੀ ਹੈ ਕਿ ਸਾਡੇ ਲੋਕਾਂ ਲਈ ਧਰਮ ਪੱਛਮ ਵਾਂਗ ਮਹਿਜ਼ ਰਸਮੀ ਚੀਜ਼ ਨਹੀਂ, ਉਥੇ ਇਹ ਵੀ ਸਹੀ ਹੈ ਕਿ ਹਰ ਧਾਰਮਿਕ ਰਸਮ ਅਧਿਆਤਮਕ ਜਾਗਰਿਤੀ ਨਾਲ ਜੁੜੀ ਹੋਈ ਨਹੀਂ। ਇਸ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਸਵੇਰੇ ਉਠਦੇ ਸਾਰ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ, ਜਦੋਂ ਮੰਦਰਾਂ-ਮਸਜਿਦਾਂ-ਗੁਰਦੁਆਰਿਆਂ ਤੋਂ ਸਵੇਰ ਦੀ ਕੁਦਰਤੀ ਸ਼ਾਂਤੀ ਨੂੰ ਭੰਗ ਕਰਦੀਆਂ ਲਾਊਡਸਪੀਕਰਾਂ ਦੀਆਂ ਕੰਨ-ਪਾੜਵੀਂਆਂ ਆਵਾਜ਼ਾਂ ਕੰਨੀ ਪੈਂਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੀ ਜ਼ਿੰਦਗੀ ਵਿਚ ਧਰਮ ਦਾ ਦਖ਼ਲ ਜ਼ਿਆਦਾਤਰ ਬਹੁਤ ਹੀ ਦੁਖਦਾਈ ਹੁੰਦਾ ਹੈ।
ਨਿੱਜੀ ਅਕੀਦੇ ਅਤੇ ਜਨਤਕ ਜ਼ਿੰਦਗੀ ਵਿਚ ਫ਼ਰਕ ਕਰਨ ਵਾਲੀ ਧਰਮਨਿਰਪੇਖਤਾ ਦਾ ਸਿਹਰਾ ਖੱਬਿਆਂ ਦੇ ਸਿਰ ਬੰਨ੍ਹਣਾ ਵੀ ਗ਼ਲਤ ਹੋਵੇਗਾ। ਅਜਿਹੀਆਂ ਖ਼ਬਰਾਂ ਦੀ ਤਾਦਾਦ ਘੱਟ ਨਹੀਂ, ਜਦੋਂ ਖੱਬੇ ਆਗੂ ਪੂਜਾ ਸਥਾਨਾਂ ਦਾ ਉਦਘਾਟਨ ਕਰਦੇ ਦੇਖੇ ਜਾਂਦੇ ਰਹੇ ਹਨ। ਜਿਸ ਖੱਬੀ ਧਿਰ ਨੂੰ ਲੈ ਕੇ ਜਿਹੋ ਜਿਹੀ ਬਹਿਸ ਸ਼ਿਵ ਜਾਂ ਹੋਰ ਬੁੱਧੀਮਾਨ ਕਰ ਰਹੇ ਹਨ, ਉਹ ਸਿਰਫ਼ ਅਕਾਦਮਿਕ ਸੰਸਥਾਵਾਂ ਦੇ ਘੇਰੇ ਦੀ ਹੈ। ਅੱਜ ਅਜਿਹੀ ਬਹਿਸ ਨੂੰ ਪੜ੍ਹ ਕੇ ਇਹ ਪ੍ਰਭਾਵ ਪੈਂਦਾ ਹੈ ਕਿ ਨਵੀਂ ਹਕੂਮਤ ਕੀ ਬਣੀ, ਭਾਰਤ ਵਿਚੋਂ ਸਟਾਲਿਨੀ ਰਾਜ ਖ਼ਤਮ ਹੋ ਗਿਆ!
ਧਰਮਨਿਰਪੇਖਤਾ ਦੀ ਗੱਲ ਕਰਦੇ ਹੋਏ ਈਸਾਈ ਧਰਮ ਅਤੇ ਵਿਗਿਆਨ ਦੀ ਲੜਾਈ ਨੂੰ ਵਿਚ ਲਿਆ ਕੇ ਸ਼ਾਇਦ ਇਹ ਦੱਸਿਆ ਜਾ ਰਿਹਾ ਹੈ ਕਿ ਧਰਮਨਿਰਪੇਖਤਾ ਪੱਛਮੀ ਧਾਰਨਾ ਹੈ; ਪਰ ਕੀ ਆਧੁਨਿਕ ਰਾਜ-ਸੱਤਾ ਦੀ ਧਾਰਨਾ ਭਾਰਤੀ ਹੈ? ਸੰਘ ਚਾਲਕਾਂ ਦਾ ਪ੍ਰੇਰਨਾ-ਸਰੋਤ ਹਿਟਲਰ ਕੀ ਭਾਰਤੀ ਸੀ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਲੋਕ ਇਸ ਗੱਲ ਨਾਲ ਸਹੀ ਕਾਰਨਾਂ ਕਰ ਕੇ ਪ੍ਰੇਸ਼ਾਨ ਹੁੰਦੇ ਹਨ ਕਿ ਪੇਸ਼ੇਵਰ ਵਿਗਿਆਨਕ ਆਪਣੇ ਧਾਰਮਿਕ ਅਕੀਦਿਆਂ ਅਤੇ ਵਿਗਿਆਨ-ਕੰਮ ਨੂੰ ਅਕਸਰ ਅਲੱਗ ਨਹੀਂ ਕਰ ਪਾਉਂਦੇ, ਪਰ ਇਸ ਦਾ ਵਿਆਪਕ ਸਮਾਜ ਵਿਚ ਚੱਲ ਰਹੇ ਅਮਲਾਂ ਉਪਰ ਤਾਂ ਕੋਈ ਅਸਰ ਪੈਂਦਾ ਹੀ ਨਹੀਂ। ਵੈਸੇ ਵੀ ਸਾਡੇ ਵਿਗਿਆਨੀਆਂ ਵਿਚ ਨਾਸਤਿਕਾਂ ਦੀ ਤਾਦਾਦ ਬਹੁਤ ਘੱਟ ਹੈ ਅਤੇ ਜ਼ਿਆਦਾਤਰ ਸਥਾਪਤੀਪ੍ਰਸਤ ਹੀ ਹਨ। ਕਿਸੇ ਵੀ ਕੌਮੀ ਸੰਮੇਲਨ ਵਿਚ ਚਲੇ ਜਾਓ, ਤੁਸੀਂ ਦੇਖੋਗੇ ਕਿ ਜ਼ਿਆਦਾਤਰ ਵਿਗਿਆਨੀ ਇਸੇ ਚਰਚਾ ਵਿਚ ਲੱਗੇ ਹੋਏ ਹਨ ਕਿ ਗੁਜਰਾਤ ਵਿਚ ਕਿੰਨਾ ਗਜ਼ਬ ਵਿਕਾਸ ਹੋਇਆ ਹੈ।
ਸਭਿਅਤਾਵਾਂ ਨੂੰ ਪੂਰਬ, ਪੱਛਮ ਵਿਚ ਵੰਡ ਕੇ ਦੇਖਣਾ ਕਿੰਨਾ ਕੁ ਸਹੀ ਹੈ, ਇਹ ਖ਼ੁਦ-ਬ-ਖ਼ੁਦ ਹੀ ਵੱਡਾ ਸਵਾਲ ਹੈ। ਪਿਛਲੀ ਸਦੀ ਦੀਆਂ ਮਾਨਤਾਵਾਂ ਦੇ ਉਲਟ ਹੁਣ ਇਹ ਆਮ ਜਾਣਕਾਰੀ ਹੈ ਕਿ ਪਿਛਲੇ ਦੋ ਹਜ਼ਾਰ ਸਾਲਾਂ ਵਿਚ ਸੈਲਾਨੀਆਂ ਅਤੇ ਗਿਆਨ-ਪ੍ਰੇਮੀਆਂ ਦੇ ਜ਼ਰੀਏ ਧਰਤੀ ਦੇ ਇਕ ਪਾਸੇ ਤੋਂ ਦੂਜੇ ਪਾਸੇ ਵੱਲ ਗਿਆਨ ਦਾ ਵਹਿਣ ਵਿਆਪਕ ਪੱਧਰ ‘ਤੇ ਹੁੰਦਾ ਰਿਹਾ ਹੈ।
ਇਹ ਕਹਿਣਾ ਸਰਾਸਰ ਗ਼ਲਤ ਹੈ ਕਿ ਹਿੰਦੁਤਵ ਨੂੰ ਬੁਰਾ ਮੰਨਦੇ ਹੋਏ ਵੀ ਧਰਮਨਿਰਪੇਖ ਲੋਕ ਦੂਜੇ ਧਰਮਾਂ ਵਿਚਲੇ ਮੂਲਵਾਦ ਪ੍ਰਤੀ ਨਰਮਗੋਸ਼ਾ ਰੱਖਦੇ ਰਹੇ। ਅਜਿਹਾ ਕਹਿਣਾ ਨਾ ਸਿਰਫ਼ ਝੂਠ ਹੈ, ਸਗੋਂ ਇਸ ਨਾਲ ਕਹਿਣ ਵਾਲੇ ਦੇ ਸੌੜੇ ਸਵਾਰਥਾਂ ਉਪਰ ਵੀ ਸਵਾਲ ਖੜ੍ਹੇ ਹੋ ਜਾਂਦੇ ਹਨ। ਧਰਮਨਿਰਪੇਖਤਾ ਵਿਚ ਉਹ ਸ਼ੈਤਾਨ ਹਰਗਿਜ਼ ਨਾ ਤਲਾਸ਼ੋ ਜਿਸ ਨੂੰ ਮੱਧਵਰਗ ਦੇ ਲੋਕਾਂ ਨੇ ਉਖਾੜ ਸੁੱਟਿਆ ਹੋਵੇ। ਇਹ ਸੱਚ ਹੈ ਕਿ ਸਾਡੇ ਵਿਚੋਂ ਹਰ ਇਕ ਦੇ ਅੰਦਰ ਨਰੇਂਦਰ ਮੋਦੀ ਬੈਠਾ ਹੈ। ਸਾਡੀ ਧਾਰਮਿਕ ਸੋਚ ਦਾ ਫ਼ਾਇਦਾ ਉਠਾਇਆ ਜਾ ਸਕਦਾ ਹੈ। ਇਕੱਤੀ ਫ਼ੀਸਦੀ ਵੋਟਰਾਂ ਦੇ ਜ਼ਿਆਦਾਤਰ ਹਿੱਸੇ ਨਾਲ ਮੋਦੀ ਅਤੇ ਸੰਘ ਪਰਿਵਾਰ ਇਹੀ ਕੁਝ ਕਰਨ ‘ਚ ਕਾਮਯਾਬ ਹੋਇਆ ਹੈ। ਬਾਕੀ ਕੰਮ ਦਸ ਹਜ਼ਾਰ ਕਰੋੜ ਰੁਪਏ ਨਾਲ ਹੋਇਆ ਜਿਸ ਵਿਚ ਜ਼ਿਆਦਾਤਰ ਮੀਡੀਆ ਨੂੰ ਖ਼ਰੀਦਿਆ ਜਾਣਾ ਵੀ ਸ਼ਾਮਲ ਹੈ। ਇਹ ਤਾਂ ਹੋਣਾ ਹੀ ਹੈ ਕਿ ਜਦੋਂ ਵਿਸ਼ਾਲ ਬਹੁ-ਗਿਣਤੀ ਵਿਚ ‘ਹਿੰਦ’ ਨਾਂ ਦਾ ਸਿਆਸੀ ਸਮੂਹ ਮੌਜੂਦ ਹੈ, ਤਾਂ ਹਿੰਦੁਤਵ ਉਪਰ ਨਜ਼ਰ ਜ਼ਿਆਦਾ ਰਹੇਗੀ, ਜਿਵੇਂ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਉਦਾਰਵਾਦੀ ਲੋਕ ਇਸਲਾਮਿਕ ਮੂਲਵਾਦ ਵੱਲ ਜ਼ਿਆਦਾ ਧਿਆਨ ਦੇਣਗੇ।
ਇਹ ਸੱਚਮੁੱਚ ਦੁਖਦਾਈ ਹੈ ਕਿ ਮੋਦੀ ਦੇ ਵਿਰੋਧ ਨੂੰ ਸ਼ਿਵ ਵਰਗੇ ਬੁੱਧੀਜੀਵੀ ਵਿਗਿਆਨ ਅਤੇ ਆਧੁਨਿਕਤਾ ਨਾਲ ਜੋੜ ਰਹੇ ਹਨ। ਉਂਜ ਇਹ ਇਕ ਤਰ੍ਹਾਂ ਨਾਲ ਵਿਗਿਆਨ ਦੇ ਪੱਖ ਵਿਚ ਹੀ ਜਾਂਦਾ ਹੈ। ਆਖ਼ਿਰ 2002 ਤੋਂ ਪਹਿਲੇ ਮੋਦੀ ਦੀ ਬਿਆਨਬਾਜ਼ੀ ਨੂੰ ਕੌਣ ਭੁੱਲ ਸਕਦਾ ਹੈ। ਮੁਸਲਮਾਨਾਂ ਲਈ ਉਸ ਦੇ ਬਿਆਨ ਅਸੱਭਿਅਕ ਅਤੇ ਅਕਸਰ ਹਮਲਾਵਰ ਹੁੰਦੇ ਸਨ। ‘ਅਸੀਂ ਪੰਜ ਸਾਡੇ ਪੱਚੀ’ ਉਸ ਦਾ ਤਕੀਆ-ਕਲਾਮ ਸੀ। ਮੁੱਖ ਮੰਤਰੀ ਬਣਨ ਤੋਂ ਪਿੱਛੋਂ ਉਹ ਸੰਭਲ ਕੇ ਬੋਲਣ ਲੱਗਿਆ, ਫਿਰ ਵੀ ਕਦੇ-ਕਦਾਈਂ ਉਸ ਦੀ ਜੀਭ ਬੇਕਾਬੂ ਹੋ ਹੀ ਜਾਂਦੀ ਹੈ, ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ। ਜੇ ਵਿਗਿਆਨ ਸਾਨੂੰ ਇਸ ਇਨਸਾਨੀਅਤ ਵਿਰੋਧੀ ਕੱਟੜਤਾ ਨਾਲ ਟੱਕਰ ਲੈਣ ਦੀ ਤਾਕਤ ਦਿੰਦਾ ਹੈ, ਤਾਂ ਜੈ ਵਿਗਿਆਨ।

Be the first to comment

Leave a Reply

Your email address will not be published.