ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਕੇਂਦਰ ਦੀ 55 ਕਰੋੜ ਰੁਪਏ ਦੀ ਯੋਜਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਵਿਰਾਸਤੀ ਦਿੱਖ ਦੇਣ ਦੇ ਉਪਰਾਲਿਆਂ ‘ਤੇ ਵਿਰਾਸਤ ਪ੍ਰੇਮੀਆਂ ਤੇ ਵਿਰਾਸਤ ਦੀ ਸਾਂਭ ਸੰਭਾਲ ਕਰਨ ਵਾਲੇ ਮਾਹਰਾਂ ਨੇ ਸਵਾਲ ਚੁੱਕੇ ਹਨ ਤੇ ਅਜਿਹਾ ਕਰਨ ਨਾਲ ਬਚੀ ਖੁਚੀ ਵਿਰਾਸਤ ਵੀ ਲੋਪ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।
ਇਸ ਯੋਜਨਾ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਨਗਰ ਨਿਗਮ ਵੱਲੋਂ ਜ਼ੋਰ ਸ਼ੋਰ ਨਾਲ ਯਤਨ ਸ਼ੁਰੂ ਕੀਤੇ ਜਾ ਰਹੇ ਹਨ। ਇਸ ਬਾਰੇ ਹਾਲ ਬਾਜ਼ਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਰਸਤੇ ਵਿਚ ਆਉਂਦੀਆਂ ਦੁਕਾਨਾਂ ਤੇ ਘਰਾਂ ਦੇ ਮਾਲਕਾਂ ਕੋਲੋਂ ‘ਕੋਈ ਇਤਰਾਜ਼ ਨਹੀਂ’ ਬਾਰੇ ਦਸਤਾਵੇਜ਼ ਲਏ ਜਾ ਰਹੇ ਹਨ। ਹਾਲ ਬਾਜ਼ਾਰ ਦੇ ਦੁਕਾਨਦਾਰਾਂ ਦੀ ਜਥੇਬੰਦੀ ਨੇ ਖੁਦ ਵੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੂਜੇ ਪਾਸੇ ਵਿਰਾਸਤ ਪ੍ਰੇਮੀ ਇਸ ਯੋਜਨਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ ਕਿ ਇਸ ਨਾਲ ਵਿਰਾਸਤ ਖ਼ਤਮ ਨਾ ਹੋ ਜਾਵੇ। ਸ਼੍ਰੋਮਣੀ ਕਮੇਟੀ ਦੀ ਸਾਬਕਾ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਸਮੁੱਚੇ ਰਸਤੇ ਨੂੰ ਇਕਸਾਰ ਦਿੱਖ ਦੇਣ ਦੀ ਥਾਂ ਸਰਕਾਰ ਨੂੰ ਚਾਹੀਦਾ ਹੈ ਕਿ ਮੌਜੂਦਾ ਵਿਰਾਸਤੀ ਇਮਾਰਤਾਂ ਦੀ ਪੁਰਾਤਨ ਦਿੱਖ ਦੀ ਸਾਂਭ ਸੰਭਾਲ ਕਰਦਿਆਂ ਇਨ੍ਹਾਂ ਨੂੰ ਕਾਇਮ ਰੱਖਿਆ ਜਾਵੇ। ਨਵੀਆਂ ਇਮਾਰਤਾਂ ਨੂੰ ਵੀ ਵਿਰਾਸਤੀ ਦਿੱਖ ਦਿੱਤੀ ਜਾਵੇ। ਇਸ ਰਾਹ ਨੂੰ ਇਕ ਸਾਰ ਨਵੀਂ ਦਿੱਖ ਦੇਣ ਨਾਲ ਸ਼ਹਿਰ ਦਾ ਪੁਰਾਤਨ ਸਰੂਪ ਪ੍ਰਭਾਵਿਤ ਹੋਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਅਧਿਆਪਕ ਤੇ ਵਿਰਾਸਤੀ ਸਾਂਭ ਸੰਭਾਲ ਦੇ ਮਾਹਰ ਡਾæ ਬਲਵਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਨੂੰ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਸਮੇਂ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਵਿਰਾਸਤ ਦੀ ਸਾਂਭ ਸੰਭਾਲ ਬਾਰੇ ਮਾਹਰਾਂ ਦੀ ਮੱਦਦ ਲੈਣੀ ਚਾਹੀਦੀ ਹੈ। ਇਸ ਕੰਮ ਨੂੰ ਕਰਨ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਸ਼ਹਿਰ ਦੀ ਪੁਰਾਤਨ ਚਾਰਦੀਵਾਰੀ ਦਾ ਸਰੂਪ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਵੇ। ਅਜਿਹੀ ਯੋਜਨਾ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਇਥੇ ਮੌਜੂਦ ਪੁਰਾਤਨ ਇਮਾਰਤਾਂ ਤੇ ਉਨ੍ਹਾਂ ਦੇ ਸਰੂਪ ਦੀ ਫੋਟੋਗਰਾਫੀ ਤੇ ਵੀਡਿਓਗ੍ਰਾਫੀ ਕਰਕੇ ਇਸ ਨੂੰ ਦਸਤਾਵੇਜ਼ੀ ਰੂਪ ਵਿਚ ਸੰਭਾਲ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸ਼ਿਮਲਾ ਵਾਂਗ ਇਥੇ ਵੀ ਸ਼ਹਿਰ ਦੇ ਪੁਰਾਤਨ ਸਰੂਪ ਦੀ ਸਾਂਭ ਸੰਭਾਲ ਤੇ ਉਸ ਨੂੰ ਕਾਇਮ ਰੱਖਣ ਲਈ ਸਲਾਹਕਾਰ ਬੋਰਡ ਸਥਾਪਤ ਹੋਣਾ ਚਾਹੀਦਾ ਹੈ।
ਨਗਰ ਨਿਗਮ ਦੇ ਕਮਿਸ਼ਨਰ ਡੀæਪੀæਐਸ਼ ਖਰਬੰਦਾ ਨੇ ਆਖਿਆ ਕਿ ਇਸ ਯੋਜਨਾ ਤਹਿਤ ਰਾਹ ਵਿਚ ਆਉਂਦੀਆਂ ਇਮਾਰਤਾਂ ਦੇ ਪੁਰਾਤਨ ਸਰੂਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਇਸ ਬਾਰੇ ਪਹਿਲਾਂ ਹੀ ਹਦਾਇਤ ਕੀਤੀ ਜਾ ਚੁੱਕੀ ਹੈ। ਇਹ ਰਸਤੇ ਵਿਚ ਆਉਂਦੀਆਂ ਦੁਕਾਨਾਂ ਆਦਿ ਇਮਾਰਤਾਂ ਨੂੰ ਇਕਸਾਰ ਦਿੱਖ ਦੇਣ ਦੀ ਯੋਜਨਾ ਹੈ ਪਰ ਇਸ ਯੋਜਨਾ ਤਹਿਤ ਰਾਹ ਵਿਚ ਆਉਂਦੀਆਂ ਇਮਾਰਤਾਂ ਨੂੰ ਹਰ ਸੂਰਤ ਵਿਚ ਕਾਇਮ ਰੱਖਿਆ ਜਾਵੇਗਾ।
____________________________________________
ਵਿਰਾਸਤ ਬਣਾਈ ਨਹੀਂ ਸਗੋਂ ਬਚਾਈ ਜਾਂਦੀ ਹੈ: ਚਾਵਲਾ
ਭਾਜਪਾ ਦੀ ਸੀਨੀਅਰ ਆਗੂ ਪ੍ਰੋæ ਲਕਸ਼ਮੀ ਕਾਂਤਾ ਚਾਵਲਾ ਨੇ ਇਹ ਕਹਿ ਕੇ ਯੋਜਨਾ ‘ਤੇ ਪ੍ਰਸ਼ਨ ਚਿੰਨ੍ਹ ਲਾਇਆ ਹੈ ਕਿ ਵਿਰਾਸਤ ਬਣਾਈ ਨਹੀਂ ਜਾਂਦੀ ਸਗੋਂ ਬਚਾਈ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਪੁਰਾਣੀਆਂ ਇਮਾਰਤਾਂ ਨੂੰ ਵਿਰਾਸਤੀ ਦਿੱਖ ਦੇਣ ਲਈ ਇਨ੍ਹਾਂ ਦਾ ਸਰੂਪ ਬਦਲਣਾ ਚਾਹੁੰਦੀ ਹੈ। ਇਸ ਨਾਲ ਵਿਰਾਸਤ ਕਾਇਮ ਹੋਵੇਗੀ ਜਾਂ ਬਦਲੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੁਝ ਇਮਾਰਤਾਂ ਢਹਿ ਢੇਰੀ ਹੋ ਚੁੱਕੀਆਂ ਹਨ, ਜਿਸ ਨਾਲ ਵਿਰਾਸਤੀ ਰੂਪ ਖ਼ਤਮ ਹੁੰਦਾ ਜਾ ਰਿਹਾ ਹੈ। ਕਈ ਥਾਵਾਂ ‘ਤੇ ਲੋਕਾਂ ਨੇ ਦੁਕਾਨਾਂ ਤੇ ਘਰਾਂ ਦੇ ਪੁਰਾਤਨ ਸਰੂਪ ਵੀ ਬਦਲ ਦਿੱਤੇ ਹਨ। ਸਰਕਾਰ ਲੋਕਾਂ ਨੂੰ ਸਪੱਸ਼ਟ ਕਰੇ ਕਿ ਉਹ ਕਿਸ ਵਿਰਾਸਤ ਨੂੰ ਬਚਾਉਣਾ ਚਾਹੁੰਦੀ ਹੈ।
Leave a Reply