ਡਾæ ਗੁਰਨਾਮ ਕੌਰ, ਕੈਨੇਡਾ
ਅਧਿਆਤਮਕ ਪ੍ਰਾਪਤੀਆਂ ਵਾਸਤੇ ਇਸ਼ਨਾਨ ਕਰਨਾ ਜਾਂ ਤੀਰਥਾਂ ‘ਤੇ ਇਸ਼ਨਾਨ ਕਰਨਾ ਵੀ ਪੁਰਾਤਨ ਹਿੰਦੂ ਪਰੰਪਰਾ ਰਹੀ ਹੈ। ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਮੂਲ ਸਿਧਾਂਤ ਪਰਮਾਤਮਾ ਦੇ ਨਾਮ ਸਿਮਰਨ ਨੂੰ ਸਭ ਤੋਂ ਉਤਮ ਦੱਸਦੇ ਹੋਏ ਮਨੁੱਖ ਨੂੰ ਨਾਮ-ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ।
ਗੁਰੂ ਨਾਨਕ ਸਾਹਿਬ ਸਲੋਕ ਦੇ ਅਰੰਭ ਵਿਚ ਹੀ ਦੱਸਦੇ ਹਨ ਕਿ ਜਿਹੜੇ ਮਨੁੱਖ ਸਮੇਂ ਸਿਰ ਮਨ ਨਾਲ ਲੜਦੇ ਹਨ ਅਰਥਾਤ ਅੰਮ੍ਰਿਤ ਵੇਲੇ ਜਦੋਂ ਮਨੁੱਖ ਦਾ ਨੀਂਦ ਦੀ ਗੋਦ ਵਿਚ ਨਿੱਘ ਮਾਨਣ ਨੂੰ ਜੀਅ ਕਰਦਾ ਹੈ, ਉਸ ਵੇਲੇ ਜਿਹੜੇ ਉਦਮੀ ਬੰਦੇ ਮਨ ਦੀ ਮਰਜ਼ੀ ਦੇ ਖਿਲਾਫ ਉਠ ਕੇ ਵਾਹਿਗੁਰੂ ਨੂੰ ਇੱਕ ਮਨ ਹੋ ਕੇ ਧਿਆਉਂਦੇ ਹਨ, ਉਸ ਦੀ ਸਿਫਤਿ-ਸਾਲਾਹ ਕਰਦੇ ਹਨ, ਉਹ ਮਨੁੱਖ ਹੀ ਅਸਲੀ ਅਤੇ ਪੂਰੇਸ਼ਾਹ ਹਨ। ਅੰਮ੍ਰਿਤ ਵੇਲਾ ਇਕਾਗਰਤਾ ਦਾ ਸਮਾਂ ਹੈ ਜਦੋਂ ਮਨੁੱਖ ਦਾ ਮਨ ਸਹਿਜ ਨਾਲ ਹੀ ਅਕਾਲ ਪੁਰਖ ਦੇ ਧਿਆਨ ਵਿਚ ਲੱਗ ਸਕਦਾ ਹੈ। ਪਰ ਜਿਉਂ ਜਿਉਂ ਦਿਨ ਚੜ੍ਹਦਾ ਹੈ ਫਿਰ ਮਨੁੱਖ ਦਾ ਮਨ ਕਈ ਪਾਸੇ ਦੌੜਦਾ ਹੈ, ਮਨ ਦੀਆਂ ਬਿਰਤੀਆਂ ਖਿਲਰ ਜਾਂਦੀਆਂ ਹਨ, ਹੋਰ ਬਹੁਤ ਸਾਰੇ ਦੁਨਿਆਵੀ ਕੰਮ ਨਿਕਲ ਆਉਂਦੇ ਹਨ ਅਤੇ ਮਨੁੱਖ ਦੁਨੀਆਂਦਾਰੀ ਦੇ ਦੂਸਰੇ ਕੰਮਾਂ ਵਿਚ ਉਲਝ ਜਾਂਦਾ ਹੈ।
ਦੁਨੀਆਂਦਾਰੀ ਦੇ ਧੰਧੇ ਡੂੰਘੇ ਸਮੁੰਦਰ ਦੀ ਤਰ੍ਹਾਂ ਹਨ, ਜਿਨ੍ਹਾਂ ਵਿਚ ਫਸਿਆ ਮਨੁੱਖ ਫਿਰ ਗੋਤੇ ਖਾਂਦਾ ਰਹਿੰਦਾ ਹੈ, ਨਿਕਲਦਾ ਨਹੀਂ। ਦਿਨ ਦੇ ਤੀਸਰੇ ਪਹਿਰ ਮਨੁੱਖ ਅੰਦਰ ਭੁੱਖ ਅਤੇ ਪਿਆਸ-ਦੋਵੇਂ ਜਾਗ ਪੈਂਦੀਆਂ ਹਨ, ਜਿਸ ਕਰਕੇ ਮਨੁੱਖ ਆਪਣੀ ਭੁੱਖ ਮਿਟਾਉਣ ਲਈ ਰੋਟੀ ਦੇ ਆਹਰ ਲੱਗ ਜਾਂਦਾ ਹੈ। ਜਦੋਂ ਖਾਧਾ-ਪੀਤਾ ਸੁਆਹ ਬਣ ਜਾਂਦਾ ਹੈ ਅਰਥਾਤ ਭਸਮ ਹੋ ਜਾਂਦਾ ਹੈ ਤਾਂ ਹੋਰ ਭੁੱਖ ਲੱਗਦੀ ਹੈ ਅਤੇ ਖਾਣ ਦੀ ਤਾਂਘ ਪੈਦਾ ਹੁੰਦੀ ਹੈ। ਚਉਥੇ ਪਹਿਰ ਥੱਕੇ-ਟੁੱਟੇ ਮਨੁੱਖ ਨੂੰ ਨੀਂਦ ਆ ਦਬੋਚਦੀ ਹੈ, ਮਨੁੱਖ ਅੱਖਾਂ ਮੀਟ ਕੇ ਸੌਂ ਜਾਂਦਾ ਹੈ। ਦੂਸਰੇ ਦਿਨ ਤੋਂ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਨੀਂਦ ਤੋਂ ਉਠ ਕੇ ਮਨੁੱਖ ਦੁਬਾਰਾ ਸੰਸਾਰਕ ਧੰਧਿਆਂ ਵਿਚ ਲੱਗ ਜਾਂਦਾ ਹੈ ਜਿਵੇਂ ਮਨੁੱਖ ਨੇ ਸੰਸਾਰ ਤੋਂ ਕਦੀ ਜਾਣਾ ਹੀ ਨਾ ਹੋਵੇ।
ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਇਸ ਲਈ ਅੰਮ੍ਰਿਤ ਵੇਲਾ ਹੀ ਪਰਮਾਤਮਾ ਦੇ ਸਿਮਰਨ ਲਈ ਸਭ ਤੋਂ ਚੰਗਾ ਸਮਾਂ ਹੈ। ਇਸ ਤਰ੍ਹਾਂ ਜਦੋਂ ਮਨੁੱਖ ਦਾ ਮਨ ਪੂਰੀ ਤਰ੍ਹਾਂ ਪਰਮਾਤਮ-ਨਾਮ ਨਾਲ ਇੱਕਸੁਰ ਹੋ ਜਾਂਦਾ ਹੈ ਫਿਰ ਮਨੁੱਖ ਦਾ ਮਨ ਅੱਠੇ ਪਹਿਰ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ, ਉਹ ਸਦੀਵੀ ਮਨੁੱਖ ਦੇ ਮਨ ਵਿਚ ਵਸਿਆ ਰਹਿੰਦਾ ਹੈ ਅਤੇ ਅਜਿਹੀ ਅਵਸਥਾ ਅੰਦਰ ਸਮਝੋ ਹਰ ਤਰ੍ਹਾਂ ਨਾਲ ਅਧਿਆਤਮਕ ਇਸ਼ਨਾਨ ਦੀ ਪ੍ਰਾਪਤੀ ਹੋ ਜਾਂਦੀ ਹੈ,
ਸਬਾਹੀ ਸਾਲਾਹ
ਜਿਨੀ ਧਿਆਇਆ ਇਕ ਮਨਿ॥
ਸੇਈ ਪੂਰੇ ਸਾਹ
ਵਖਤੈ ਉਪਰਿ ਲੜਿ ਮੁਏ॥æææ
ਸਭੇ ਵੇਲਾਵਖਤ
ਸਭਿ ਜੇ ਅਠੀ ਭਉ ਹੋਇ॥
ਨਾਨਕ ਸਾਹਿਬੁ ਮਨਿ ਵਸੈ
ਸਚਾ ਨਾਵਣੁ ਹੋਇ॥੧॥
(ਪੰਨਾ ੧੪੫-੧੪੬)
ਇਸੇ ਸਿਧਾਂਤ ਦੀ ਨਿਰੰਤਰਤਾ ਵਿਚ ਅੱਗੇ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਜੀ ਦਾ ਸਲੋਕ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਉਹ ਪੂਰੇ ਸ਼ਾਹ ਅਰਥਾਤ ਧਨੀ ਹਨ ਜਿਨ੍ਹਾਂ ਨੇ ਉਸ ਪੂਰਨ ਪਰਮਾਤਮਾ ਨੂੰ ਪਾ ਲਿਆ ਹੈ। ਉਹ ਅੱਠੇ ਪਹਿਰ ਦੁਨੀਆਂ ਵੱਲੋਂ ਬੇਪਰਵਾਹ ਹੋ ਕੇ ਅਕਾਲ ਪੁਰਖ ਦੇ ਪ੍ਰੇਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਭਾਵ ਉਨ੍ਹਾਂ ਦਾ ਮਨ ਸਦੀਵੀ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ। ਪਰ ਜਿਹੜੇ ਮਨੁੱਖ ਇਸ ਤਰ੍ਹਾਂ ਅਕਾਲ ਪੁਰਖ ਦੇ ਅਪਾਰ ਰੂਪ ਅਤੇ ਦੀਦਾਰ ਵਿਚ ਜੁੜੇ ਰਹਿੰਦੇ ਹਨ, ਉਹ ਵਿਰਲੇ ਭਾਵ ਬਹੁਤ ਥੋੜੇ ਹੁੰਦੇ ਹਨ। ਗੁਰਮਤਿ ਵਿਚਾਰਧਾਰਾ ਅਨੁਸਾਰ ਅਜਿਹੀ ਪ੍ਰਾਪਤੀ ਪੂਰਨ ਗੁਰੂ ਰਾਹੀਂ ਸੰਭਵ ਹੈ। ਇਸ ਲਈ ਗੁਰੂ ਅੰਗਦ ਦੇਵ ਕਹਿੰਦੇ ਹਨ ਕਿ ਪੂਰੇ ਬੋਲ ਵਾਲਾ ਪੂਰਾ ਗੁਰੂ ਮਨੁੱਖ ਨੂੰ ਬਹੁਤ ਕਿਸਮਤ ਨਾਲ ਮਿਲਦਾ ਹੈ, ਭਾਗਾਂ ਵਾਲਿਆਂ ਨੂੰ ਜਦੋਂ ਅਜਿਹਾ ਗੁਰੂ ਮਿਲ ਜਾਂਦਾ ਹੈ ਅਤੇ ਜਿਸ ਮਨੁੱਖ ਨੂੰ ਗੁਰੂ ਪੂਰਨ ਬਣਾ ਦਿੰਦਾ ਹੈ, ਉਸ ਦਾ ਸਬੰਧ ਅੱਠੇ ਪਹਿਰ ਅਕਾਲ ਪੁਰਖ ਨਾਲ ਬਣਿਆ ਰਹਿੰਦਾ ਹੈ, ਕਦੇ ਘਟਦਾ ਨਹੀਂ,
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ॥
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ॥੨॥
(ਪੰਨਾ ੧੪੬)
ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਇਹ ਤੱਥ ਦ੍ਰਿੜ ਕਰਵਾਉਂਦੇ ਹਨ ਕਿ ਜਿਸ ਮਨੁੱਖ ਨੂੰ ਅਕਾਲ ਪੁਰਖ ਦਾ ਆਸਰਾ ਹੋਵੇ ਉਸ ਨੂੰ ਕਿਸੇ ਹੋਰ ਆਸਰੇ ਦੀ ਜ਼ਰੂਰਤ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਹੇ ਅਕਾਲ ਪੁਰਖ! ਮੈਂ ਇਹ ਸੱਚ ਦੱਸ ਰਿਹਾ ਹਾਂ ਕਿ ਜੇ ਮੈਨੂੰ ਤੇਰਾ ਆਸਰਾ ਮਿਲਿਆ ਹੋਇਆ ਹੈ ਤਾਂ ਮੈਨੂੰ ਕਿਸੇ ਹੋਰ ਦੇ ਆਸਰੇ ਦੀ ਕੋਈ ਲੋੜ ਨਹੀਂ ਹੈ। ਜਿਹੜੇ ਮਨੁੱਖ ਨੂੰ ਇਹ ਸੰਸਾਰਕ ਧੰਧਿਆਂ ਦਾ ਚੋਰ ਠੱਗ ਲੈਂਦਾ ਹੈ, ਮੋਹ ਲੈਂਦਾ ਹੈ, ਉਸ ਨੂੰ ਉਸ ਅਕਾਲ ਪੁਰਖ ਦਾ ਦਰਵਾਜ਼ਾ ਨਹੀਂ ਲੱਭਦਾ, ਉਹ ਪਰਮਾਤਮਾ ਦੇ ਮਹਿਲ ਤੱਕ ਨਹੀਂ ਪਹੁੰਚ ਪਾਉਂਦਾ। ਉਹ ਆਪਣੇ ਕਠੋਰ ਮਨ ਦੇ ਕਾਰਨ (ਮਨ ਦੀਆਂ ਅਕਾਂਖਿਆਵਾਂ ਕਾਰਨ) ਆਪਣੀ ਮਿਹਨਤ ਨੂੰ, ਆਪਣੀ ਕੀਤੀ ਹੋਈ ਸੇਵ ਨੂੰ ਗੁਆ ਲੈਂਦਾ ਹੈ।
ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਜਿਸ ਹਿਰਦੇ ਵਿਚ ਸੱਚ ਦਾ ਨਿਵਾਸ ਨਹੀਂ ਹੈ, ਉਹ ਹਿਰਦਾ ਸਦਾ ਹੀ ਭੱਜਦਾ-ਘੜਦਾ ਰਹਿੰਦਾ ਹੈ ਅਰਥਾਤ ਅਜਿਹਾ ਮਨੁੱਖ ਜਨਮ ਲੈਂਦਾ ਅਤੇ ਮਰਦਾ ਰਹਿੰਦਾ ਹੈ, ਜਨਮ-ਮਰਨ ਦੇ ਚੱਕਰ ਤੋਂ ਮੁਕਤ ਨਹੀਂ ਹੁੰਦਾ। ਅਜਿਹੇ ਮਨੁੱਖ ਦੇ ਕੀਤੇ ਕਰਮਾਂ ਦਾ ਜਦੋਂ ਹਿਸਾਬ ਕੀਤਾ ਜਾਂਦਾ ਹੈ ਤਾਂ ਉਹ ਪੂਰੇ ਵੱਟੇ ਨਾਲ ਤੋਲ ਵਿਚ ਪੂਰਾ ਕਿਵੇਂ ਉਤਰ ਸਕਦਾ ਹੈ। ਪਰ ਇਸ ਦੇ ਉਲਟ ਜੇ ਕੋਈ ਮਨੁੱਖ ਆਪਣੇ ਮਨ ਦੀ ਹਉਮੈ ਤਿਆਗ ਦੇਵੇ, ਹਿਰਦੇ ਨੂੰ ਹਉਮੈ ਤੋਂ ਮੁਕਤ ਕਰ ਲਵੇ ਤਾਂ ਉਹ ਤੋਲ ਵਿਚ ਘਟ ਨਹੀਂ ਸਕਦਾ ਬਲਕਿ ਪੂਰਾ ਉਤਰਦਾ ਹੈ। ਜਿਹੜੇ ਮਨੁੱਖ ਆਪਣੇ ਚੰਗੇ ਕਰਮ ਕਰਨ ਕਰਕੇ ਖਰੇ ਹੁੰਦੇ ਹਨ, ਉਹ ਜਦੋਂ ਅਕਾਲ ਪੁਰਖ ਵਲੋਂ ਪਰਖੇ ਜਾਂਦੇ ਹਨ ਤਾਂ ਉਹ ਖਰਾ ਸੌਦਾ ਬਣ ਕੇ ਪੂਰੇ ਉਤਰਦੇ ਹਨ। ਪਰ ਗੁਰਮਤਿ ਅਨੁਸਾਰ ਇਹ ਖਰਾ ਸੌਦਾ ਇੱਕੋ ਹੱਟ ਤੋਂ ਮਿਲਦਾ ਹੈ ਅਤੇ ਉਹ ਹੱਟ ਹੈ ਪੂਰਾ ਗੁਰੂ ਅਰਥਾਤ ਪੂਰੇ ਗੁਰੂ ਪਾਸੋਂ ਹੀ ਇਸ ਸੰਸਾਰ ‘ਤੇ ਸੱਚਾ ਜੀਵਨ ਜਿਉਣ ਦੀ ਜਾਚ ਮਿਲਦੀ ਹੈ,
ਜਾ ਤੂੰ ਤਾ ਕਿਆ ਹੋਰਿ
ਮੈ ਸਚੁ ਸੁਣਾਈਐ॥
ਮੁਠੀ ਧੰਧੈ ਚੋਰਿ
ਮਹਲੁ ਨ ਪਾਈਐ॥ (ਪੰਨਾ ੧੪੬)
ਅਗਲਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਕੋਈ ਵਿਰਲੇ ਭਾਗਾਂ ਵਾਲੇ ਮਨੁੱਖ ਹਨ ਜੋ ਗੁਰੂ ਪਾਸੋਂ ਸਿੱਖਿਆ ਲੈ ਕੇ ਉਸ ਅਨੁਸਾਰ ਚੱਲਦਿਆਂ ਨਾਮ ਦਾ ਖਜ਼ਾਨਾ ਲੱਭਦੇ ਹਨ ਅਤੇ ਗੁਣਾਂ ਦੇ ਭੰਡਾਰ ਅਕਾਲ ਪੁਰਖ ਨੂੰ ਭਾਲਦੇ ਹਨ। ਇਸ ਸਲੋਕ ਵਿਚ ਗੁਰੂ ਅੰਗਦ ਦੇਵ ਕਹਿੰਦੇ ਹਨ ਕਿ ਜੇ ਇਸ ਤਰ੍ਹਾਂ ਮੰਨ ਲਿਆ ਜਾਵੇ ਕਿ ਧਰਤੀ ਦੇ ਅੱਠ ਖੰਡ (ਹਿੱਸੇ) ਹਨ ਅਤੇ ਨੌਵਾਂ ਖੰਡ ਮਨੁੱਖੀ ਸਰੀਰ ਹੈ ਜਿਸ ਵਿਚ ਅਕਾਲ ਪੁਰਖ ਦਾ ਨਿਵਾਸ ਹੈ, ਤਾਂ ਇਹ ਇੱਕ ਤੱਥ ਹੈ ਕਿ ਦਿਨ ਦੇ ਅੱਠੇ ਪਹਿਰ ਮਨੁੱਖ ਦਾ ਮਨ ਸੰਸਾਰ ਦੇ ਅੱਠ ਖੰਡਾਂ ਦੇ ਪਦਾਰਥਾਂ ਦੀ ਪ੍ਰਾਪਤੀ ਵਿਚ ਲੱਗਾ ਰਹਿੰਦਾ ਹੈ। ਇਸ ਨੌਵੇਂ ਖੰਡ ਅਰਥਾਤ ਮਨੁੱਖੀ ਸਰੀਰ ਵਿਚ ਉਸ ਨਾਮ ਦਾ ਵਾਸਾ ਹੈ ਜੋ ਨੌਂ ਨਿੱਧੀਆਂ ਦਾ ਖਜ਼ਾਨਾ ਹੈ ਜਿਸ ਦੀ ਭਾਲ ਗੁਣਾਂ ਵਾਲੇ ਬੰਦੇ ਕਰਦੇ ਹਨ। ਕੋਈ ਵਿਰਲੇ ਭਾਗਾਂ ਵਾਲੇ ਮਨੁੱਖ ਹੁੰਦੇ ਹਨ ਜਿਹੜੇ ਕਿਸੇ ਗੁਰੂ ਜਾਂ ਪੀਰ ਦੀ ਅਗਵਾਈ ਵਿਚ ਇਸ ਅਥਾਹ ਗੁਣਾਂ ਦੇ ਭੰਡਾਰ ਅਕਾਲ ਪੁਰਖ ਦੀ ਭਾਲ ਕਰਦੇ ਹਨ।
ਸਵੇਰ ਦੇ ਚਉਥੇ ਪਹਿਰ ਅਰਥਾਤ ਅੰਮ੍ਰਿਤ ਵੇਲੇ ਜਿਨ੍ਹਾਂ ਦੀ ਸੁਰਤਿ ਪਰਮਾਤਮ-ਸੁਰਤਿ ਵਿਚ ਜੁੜੀ ਹੁੰਦੀ ਹੈ, ਉਨ੍ਹਾਂ ਦੇ ਮਨ ਵਿਚ ਇਸ ਨੌਂ-ਨਿਧਿ ਨਾਮ ਲਈ ਚਾਅ ਪੈਦਾ ਹੁੰਦਾ ਹੈ ਅਤੇ ਇਸ ਚਾਅ ਵਿਚੋਂ ਉਹ ਗੁਰਮੁਖਾਂ ਦੀ ਸੰਗਤ ਕਰਨ ਜਾਂਦੇ ਹਨ ਅਤੇ ਗੁਰਮੁਖਾਂ ਨਾਲ ਸਾਂਝ ਬਣਦੀ ਹੈ (ਦਰਿਆ ਇਥੇ ਨਾਮ ਦੇ ਪਰਵਾਹ ਦਾ ਪ੍ਰਤੀਕ ਹੈ ਜੋ ਗੁਰਮੁਖਾਂ ਦੀ ਸੰਗਤ ਵਿਚ ਚਲਦਾ ਹੈ, ਵਗਦਾ ਹੈ), ਇਸ ਸਾਂਝ ਵਿਚੋਂ ਉਨ੍ਹਾਂ ਦੇ ਮਨ ਅੰਦਰ ਅਤੇ ਮੂੰਹ ਵਿਚ ਵੀ ਨਾਮ ਵੱਸਦਾ ਹੈ। ਗੁਰਮੁਖਾਂ ਦੀ ਸੰਗਤ ਵਿਚ ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਅਕਾਲ ਪੁਰਖ ਦੀ ਮਿਹਰ ਨਾਲ ਸੰਗਤ ਕਰਨ ਵਾਲੇ ਜੀਵਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਜਿਸ ਤਰ੍ਹਾਂ ਸੋਨੇ ਨੂੰ ਅੱਗ ਵਿਚ ਤਾਅ ਕੇ ਕੱਸ ਲਾਈਦਾ ਹੈ ਅਤੇ ਸੋਨਾ ਚਮਕ ਉਠਦਾ ਹੈ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਕੀਤੀ ਘਾਲ ਕਮਾਈ ਇਸ ਕਾਇਆ ਅਰਥਾਤ ਸਰੀਰ ਨੂੰ ਕੱਸ ਲਾਉਂਦੀ ਹੈ ਅਤੇ ਉਸ ਨੂੰ ਨਾਮ-ਭਗਤੀ ਦਾ ਸੁਹਣਾ ਰੰਗ ਚੜ੍ਹ ਜਾਂਦਾ ਹੈ। ਜਦੋਂ ਅਕਾਲ ਪੁਰਖ ਰੂਪੀ ਸਰਾਫ ਉਸ ਦੀ ਪਰਖ ਕਰਦਾ ਹੈ, ਉਸ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਫਿਰ ਇਸ ਸਰੀਰ ਰੂਪੀ ਸੋਨੇ ਨੂੰ ਹੋਰ ਤਾਅ ਦੇਣ ਦੀ ਜ਼ਰੂਰਤ ਨਹੀਂ ਰਹਿੰਦੀ।
ਗੁਰੂ ਅੰਗਦ ਦੇਵ ਜੀ ਕਹਿੰਦੇ ਹਨ ਕਿ ਅੱਠਵਾਂ ਪਹਿਰ ਭਾਵ ਅੰਮ੍ਰਿਤ ਵੇਲਾ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ ਨਾਲ ਹੀ ਜੋੜੀ ਰੱਖੀਏ, ਉਸ ਦੇ ਚਰਨ-ਕੰਵਲਾਂ ਦੀ ਪ੍ਰੀਤ ਵਿਚ ਲਾਈ ਰੱਖੀਏ ਅਤੇ ਬਾਕੀ ਦੇ ਸੱਤ ਪਹਿਰ ਭਲੇ ਲੋਕਾਂ ਦੀ ਸੰਗਤ ਵਿਚ ਗੁਜ਼ਾਰੀਏ ਅਤੇ ਗੁਰਮੁਖਾਂ ਦੀ ਸੰਗਤ ਵਿਚ ਆਪਣਾ ਵਿਅਕਤਿਤਵ ਉਸਾਰੀਏ, ਆਪਣੇ ਆਚਰਣ ਦੀ ਉਸਾਰੀ ਕਰੀਏ। ਇਸ ਸੰਗਤ ਵਿਚ ਪਾਪ-ਪੁੰਨ ਵਿਚਾਰਿਆ ਜਾਂਦਾ ਹੈ, ਉਥੇ ਚੰਗੇ ਅਤੇ ਮੰਦੇ ਕੰਮਾਂ ਦੀ ਪਰਖ ਕੀਤੀ ਜਾਂਦੀ ਹੈ, ਝੂਠ ਦੀ ਪੂੰਜੀ ਘਟਦੀ ਜਾਂਦੀ ਹੈ ਕਿਉਂਕਿ ਖੋਟੇ ਕੰਮਾਂ ਨੂੰ ਕੱਢ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ ਅਤੇ ਚੰਗੇ ਕੰਮਾਂ ਨੂੰ ਸਵੀਕਾਰਿਆ ਜਾਂਦਾ ਹੈ, ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਥੇ ਮਨੁੱਖ ਨੂੰ ਇਹ ਵੀ ਸਮਝ ਲੱਗ ਜਾਂਦੀ ਹੈ ਕਿ ਕਿਸੇ ਬੀਤੇ ਹੋਏ ਦੁੱਖ ਦਾ ਗਿਲਾ-ਸ਼ਿਕਵਾ ਕਰਨਾ ਵਿਅਰਥ ਹੈ ਕਿਉਂਕਿ ਦੁੱਖ ਅਤੇ ਸੁੱਖ ਉਹ ਅਕਾਲ ਪੁਰਖ ਆਪ ਹੀ ਦਿੰਦਾ ਹੈ, ਸਭ ਕੁਝ ਉਸ ਦੇ ਹੁਕਮ ਅਨੁਸਾਰ ਹੀ ਵਾਪਰਦਾ ਹੈ,
ਅਠੀ ਪਹਰੀ ਅਠ ਖੰਡ
ਨਾਵਾ ਖੰਡੁ ਸਰੀਰੁ॥
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ
ਭਾਲਹਿ ਗੁਣੀ ਗਹੀਰੁ॥
ਕਰਮਵੰਤੀ ਸਾਲਾਹਿਆ
ਨਾਨਕ ਕਰਿ ਗੁਰੁ ਪੀਰੁ॥
ਚਉਥੈ ਪਹਰਿ ਸਬਾਹ ਕੈ
ਸੁਰਤਿਆ ਉਪਜੈ ਚਾਉ॥ (ਪੰਨਾ ੧੪੬)
ਇਸ ਤੋਂ ਅਗਲਾ ਸਲੋਕ ਵੀ ਗੁਰੂ ਅੰਗਦ ਦੇਵ ਜੀ ਦਾ ਹੈ। ਇਹ ਸਲੋਕ ਜਪੁਜੀ ਦੇ ਅਖ਼ੀਰ ਵਿਚ ਵੀ ਆਉਂਦਾ ਹੈ। ਇਸ ਸਲੋਕ ਵਿਚ ਗੁਰੂ ਅੰਗਦ ਦੇਵ ਜੀ ਨੇ ਹਵਾ ਨੂੰ ਜੀਵਾਂ ਦਾ ਗੁਰੂ ਕਿਹਾ ਹੈ, ਪਾਣੀ ਨੂੰ ਪਿਤਾ ਕਿਹਾ ਹੈ ਕਿਉਂਕਿ ਪਾਣੀ ਹੀ ਜੀਵਨ ਦਾਨ ਦੇਣ ਵਾਲਾ ਹੈ, ਧਰਤੀ ਜੀਵਾਂ ਦੀ ਸਭ ਤੋਂ ਵੱਡੀ ਮਾਂ ਹੈ, ਉਨ੍ਹਾਂ ਨੂੰ ਜਨਮ ਦੇਣ ਵਾਲੀ ਹੈ, ਦਿਨ ਅਤੇ ਰਾਤ ਖਿਡਾਵਾ ਅਤੇ ਖਿਡਾਵੀ ਹਨ ਜਿਸ ਨਾਲ ਸਾਰਾ ਸੰਸਾਰ ਖੇਡ ਰਿਹਾ ਹੈ। ਧਰਮਰਾਜ ਹਰ ਜੀਵ ਦੇ ਕੀਤੇ ਹੋਏ ਚੰਗੇ ਅਤੇ ਮੰਦੇ ਕੰਮਾਂ ਨੂੰ ਬਹੁਤ ਹੀ ਧਿਆਨ ਨਾਲ ਵਿਚਾਰਦਾ ਹੈ ਅਤੇ ਮਨੁੱਖਾਂ ਦੇ ਆਪੋ-ਆਪਣੇ ਕੀਤੇ ਹੋਏ ਕੰਮਾਂ ਦੇ ਅਨੁਸਾਰ ਕਈ ਮਨੁੱਖ ਅਕਾਲ ਪੁਰਖ ਦੇ ਨੇੜੇ ਚਲੇ ਜਾ ਰਹੇ ਹਨ ਅਤੇ ਕਈ ਉਸ ਤੋਂ ਦੂਰ ਹੋਈ ਜਾ ਰਹੇ ਹਨ।
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੇ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕੀਤਾ ਹੈ ਉਨ੍ਹਾਂ ਨੇ ਆਪਣੀ ਮਿਹਨਤ ਸਫਲ ਕਰ ਲਈ ਹੈ ਅਤੇ ਉਹ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਸੁਰਖਰੂ ਹਨ, ਹੋਰ ਵੀ ਬਹੁਤ ਸਾਰੇ ਲੋਕ ਅਜਿਹੇ ਲੋਕਾਂ ਦੀ ਸੰਗਤ ਵਿਚ ਰਹਿ ਕੇ ਮੁਕਤ ਹੋ ਜਾਂਦੇ ਹਨ,
ਪਉਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ॥
ਦਿਨਸੁ ਰਾਤਿ ਦੁਇ ਦਾਈ ਦਾਇਆ
ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ
ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ
ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਅਇਆ
ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ
ਹੋਰ ਕੇਤੀ ਛੁਟੀ ਨਾਲਿ॥੨॥
ਇਸ ਸਲੋਕ ਤੋਂ ਅੱਗੇ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਅਕਾਲ ਪੁਰਖ ਦਾ ਪ੍ਰੇਮ ਸੱਚਾ ਭੋਜਨ ਹੈ ਜਿਸ ਨਾਲ ਆਤਮਕ-ਤ੍ਰਿਪਤੀ ਮਿਲਦੀ ਹੈ ਅਤੇ ਉਹ ਮਨੁੱਖ ਕਰਮਾਂ ਵਾਲਾ ਹੈ ਜਿਸ ਨੂੰ ਸਤਿਗੁਰੂ ਨੇ ਇਹ ਭੋਜਨ ਦੱਸਿਆ ਹੈ। ਅਜਿਹਾ ਮਨੁੱਖ ਸੱਚੇ ਪਰਮਾਤਮਾ ਵਿਚ ਹੀ ਪਰਚ ਜਾਂਦਾ ਹੈ ਅਤੇ ਉਸ ਪਰਮਾਤਮਾ ਵਿਚ ਸੁਰਤਿ ਟਿਕਾ ਕੇ ਖੁਸ਼ ਹੁੰਦਾ ਰਹਿੰਦਾ ਹੈ। ਉਹ ਮਨੁੱਖ ਅਕਾਲ ਪੁਰਖ ਦੇ ਚਰਨ-ਰੂਪੀ ਸਵੈ-ਰੂਪ ਵਿਚ ਵੱਸਦਾ ਹੈ ਅਤੇ ਇਹ ਇਸੇ ਤਰ੍ਹਾਂ ਹੈ ਜਿਵੇਂ ਕਿਸੇ ਸਦਾ ਕਾਇਮ ਰਹਿਣ ਵਾਲੇ ਕਿਲੇ ਵਿਚ ਪਿੰਡ ਵੱਸਦਾ ਹੈ।
ਗੁਰੂ ਜੇ ਕਿਸੇ ‘ਤੇ ਮਿਹਰਵਾਨ ਹੋ ਜਾਵੇ ਤਾਂ ਹੀ ਅਕਾਲ ਪੁਰਖ ਦੇ ਨਾਮ ਦੀ ਦਾਤ ਮਿਲਦੀ ਹੈ ਅਤੇ ਪਰਮਾਤਮਾ ਦੇ ਪ੍ਰੇਮ ਵਿਚ ਰਹਿ ਕੇ ਸਦਾ ਖਿੜੇ ਰਹਿ ਸਕੀਦਾ ਹੈ। ਅਕਾਲ ਪੁਰਖ ਦੇ ਦਰਬਾਰ ਵਿਚ ਅਰਥਾਤ ਉਸ ਦੀ ਹਾਜ਼ਰੀ ਵਿਚ ਝੂਠ ਦੇ ਸੌਦੇ ਨਾਲ ਨਹੀਂ ਪਹੁੰਚ ਸਕੀਦਾ, ਝੂਠ ਬੋਲ ਬੋਲ ਕੇ ਪਰਮਾਤਮਾ ਦਾ ਨਿਵਾਸ ਸਥਾਨ ਗਵਾ ਲਈਦਾ ਹੈ। ਸੱਚਾ ਸ਼ਬਦ ਅਕਾਲ ਪੁਰਖ ਤੱਕ ਪਹੁੰਚਣ ਦੀ ਰਾਹਦਾਰੀ ਹੈ ਜਿਸ ਰਾਹੀਂ ਉਸ ਤੱਕ ਪਹੁੰਚ ਸਕੀਦਾ ਹੈ। ਇਸ ਨਾਲ ਉਸ ਤੱਕ ਪਹੁੰਚਣ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪੈਂਦੀ।
ਗੁਰਮਤਿ ਵਿਚ ਸ਼ਬਦ ਨੂੰ, ਨਾਮ ਨੂੰ ਸੁਣਨ, ਉਸ ‘ਤੇ ਅਮਲ ਕਰਨ ਅਤੇ ਫਿਰ ਉਸ ਨੂੰ ਸਿਮਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਜਪੁਜੀ ਵਿਚ ਵੀ ਸਪੱਸ਼ਟ ਕੀਤਾ ਗਿਆ ਹੈ। ਇਥੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਨਾਮ ਨੂੰ ਸੁਣ ਕੇ, ਸਮਝ ਕੇ ਅਤੇ ਫਿਰ ਉਸ ਦਾ ਸਿਮਰਨ ਕਰਨ ਨਾਲ ਅਕਾਲ ਪੁਰਖ ਦੇ ਮਹਿਲ ਵਿਚ ਬੁਲਾਵਾ ਪੈਂਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਹੀ ਉਸ ਤੱਕ ਪਹੁੰਚਣ ਦਾ ਸੰਦੇਸ਼ ਪ੍ਰਾਪਤ ਹੁੰਦਾ ਹੈ,
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ॥
ਸਚੇ ਹੀ ਪਤੀਆਇ ਸਚਿ ਵਿਗਸਿਆ॥
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ॥
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ॥
ਸਚੈ ਦੈ ਦੀਬਾਣਿ ਕੂੜਿ ਨ ਜਾਈਐ॥
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ॥
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ॥
ਸਚੁ ਸੁਣਿ ਬੁਝਿ ਵਖਾਣਿ
ਮਹਲਿ ਬੁਲਾਈਐ॥੧੮॥
(ਪੰਨਾ ੧੪੬-੧੪੭)
Leave a Reply