ਪਾਕਿ ਦੌਰੇ ਤੋਂ ਪਰਤੇ ਸ਼੍ਰੋਮਣੀ ਕਮੇਟੀ ਵਫਦ ਨੂੰ ਵੱਡੀਆਂ ਉਮੀਦਾਂ

ਅੰਮ੍ਰਿਤਸਰ: ਪਾਕਿਸਤਾਨ ਦੇ ਦੌਰੇ ਤੋਂ ਪਰਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਪਾਕਿ ਵਿਚ ਸਮੁੱਚੇ ਤੌਰ ‘ਤੇ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਥੋਂ ਦੀ ਸੰਗਤ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਮੁਤਾਬਕ ਹਰ ਗੁਰਪੁਰਬ ਤੇ ਦਿਨ ਤਿਉਹਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦੀ ਪ੍ਰਵਾਨਗੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਲਾਹੌਰ ਵਿਧਾਨ ਸਭਾ ਵਿਚ ਲਹਿੰਦੇ ਪੰਜਾਬ ਦੇ ਮੰਤਰੀਆਂ, ਜਿਨ੍ਹਾਂ ਵਿਚ ਕੈਬਨਿਟ ਮੰਤਰੀ ਰਾਣਾ ਸਨਾਹ ਉਲਾ, ਘੱਟ ਗਿਣਤੀਆਂ ਬਾਰੇ ਮੰਤਰੀ ਖਲੀਲ ਤਾਹਿਰ ਸੰਧੂ, ਕਿਰਤ ਮੰਤਰੀ ਰਾਣਾ ਇਸ਼ਫਾਕ ਸਰਵਰ, ਸੰਸਦੀ ਸਕੱਤਰ ਰਾਣਾ ਮੁਹੰਮਦ ਅਸ਼ਰਦ ਤੇ ਨਦੀਮ ਕਾਮਰਾਨ ਆਦਿ ਨਾਲ ਕੀਤੀ ਮੀਟਿੰਗ ਵਿਚ ਵੱਖ-ਵੱਖ ਸਿੱਖ ਮਾਮਲਿਆਂ ‘ਤੇ ਚਰਚਾ ਹੋਈ ਹੈ। ਲਹਿੰਦੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਸਨਾਹ ਉਲਾ ਵੱਲੋਂ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਸਮੁੱਚੀ ਰਿਪੋਰਟ ਦਿੱਤੀ ਜਾਵੇਗੀ, ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਹੋਵੇਗੀ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੋਂ ਇਲਾਵਾ ਗੁਰਦੁਆਰਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਖੁਰਦ-ਬੁਰਦ ਹੋਣ ਤੋਂ ਰੋਕਣਾ, ਯਾਤਰੂਆਂ ਨੂੰ ਵਧੇਰੇ ਵੀਜ਼ੇ ਜਾਰੀ ਕਰਨਾ, ਸ਼੍ਰੋਮਣੀ ਕਮੇਟੀ ਨੂੰ 60 ਫੀਸਦੀ ਕੋਟੇ ਮੁਤਾਬਕ ਵੀਜ਼ੇ ਦੇਣਾ, ਲਾਹੌਰ ਤੇ ਅੰਮ੍ਰਿਤਸਰ ਵਿਚ ਵੀਜ਼ਾ ਕੇਂਦਰ ਸਥਾਪਤ ਕਰਨਾ, ਰਾਗੀ ਤੇ ਗ੍ਰੰਥੀਆਂ ਨੂੰ ਸਾਲ ਭਰ ਦੇ ਬਹੁਮੰਤਵੀ ਵੀਜ਼ੇ ਜਾਰੀ ਕਰਨਾ ਆਦਿ ਮਸਲੇ ਵਿਚਾਰੇ ਗਏ। ਇਸ ਤੋਂ ਇਲਾਵਾ ਉਨ੍ਹਾਂ ਲਾਹੌਰ ਵਿਚ ਗੁਰਦੁਆਰਾ ਡੇਹਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਇਕ ਵੱਡੀ ਸਰਾਂ ਬਣਾਉਣ ਦੀ ਪੇਸ਼ਕਸ਼ ਕੀਤੀ ਹੈ।
ਇਸ ਬਾਰੇ ਉਨ੍ਹਾਂ ਲਹਿੰਦੇ ਪੰਜਾਬ ਦੀ ਸਰਕਾਰ ਨੂੰ ਦੋ ਕਿੱਲੇ ਜ਼ਮੀਨ ਮੁਹੱਈਆ ਕਰਨ ਲਈ ਅਪੀਲ ਕੀਤੀ ਹੈ, ਜਿਸ ਉਪਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਖਰਚੇ ‘ਤੇ 500 ਕਮਰਿਆਂ ਵਾਲੀ ਅਤਿ ਆਧੁਨਿਕ ਸਰਾਂ ਬਣਾਈ ਜਾਵੇਗੀ ਤਾਂ ਜੋ ਉਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਰਿਹਾਇਸ਼ ਦੀ ਸਮੱਸਿਆ ਨਾ ਆਵੇ। ਉਨ੍ਹਾਂ ਨੇ ਸਕੂਲ ਕਾਲਜ ਖੋਲ੍ਹਣ ਵਾਸਤੇ ਵੀ ਲੋੜੀਂਦੀ ਥਾਂ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਮੰਤਰੀਆਂ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਮੰਗਾਂ ਨੂੰ ਮੁੱਖ ਮੰਤਰੀ ਕੋਲ ਰੱਖਣਗੇ ਤੇ ਲਾਗੂ ਕਰਾਉਣਗੇ।
ਨਾਨਕਸ਼ਾਹੀ ਕੈਲੰਡਰ ਬਾਰੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵੀ ਪਾਕਿਸਤਾਨੀ ਵਜ਼ੀਰਾਂ ਕੋਲ ਰੱਖਿਆ ਗਿਆ ਸੀ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਦੇ ਚੀਨ ਦੌਰੇ ਤੋਂ ਵਾਪਸ ਪਰਤਣ ਮਗਰੋਂ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ਜਥੇਦਾਰ ਅਵਤਾਰ ਸਿੰਘ ਨੇ ਦਾਅਵਾ ਕੀਤਾ ਕਿ ਇਸ ਦੌਰੇ ਦੌਰਾਨ ਉਨ੍ਹਾਂ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਤੇ ਪੇਸ਼ਾਵਰ ਤੇ ਸਿੰਧ ਦੀਆਂ ਸੰਗਤਾਂ ਨਾਲ ਮੀਟਿੰਗਾਂ ਕੀਤੀਆਂ, ਜਿਨ੍ਹਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਮੰਨਦਿਆਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਦਿਨ ਤਿਉਹਾਰ ਤੇ ਗੁਰਪੁਰਬ ਮਨਾਉਣ ਦੀ ਪ੍ਰਵਾਨਗੀ ਦਿੱਤੀ ਹੈ। ਪਾਕਿਸਤਾਨ ਗਏ ਵਫਦ ਵਿਚ ਜਥੇਦਾਰ ਅਵਤਾਰ ਸਿੰਘ ਦੇ ਨਾਲ ਰਜਿੰਦਰ ਸਿੰਘ ਮਹਿਤਾ, ਮੋਹਨ ਸਿੰਘ ਬੰਗੀ, ਨਿਰਮੈਲ ਸਿੰਘ ਜੋਲਾ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਅਟਵਾਲ, ਸਤਬੀਰ ਸਿੰਘ ਤੇ ਰਜਿੰਦਰ ਸਿੰਘ ਰੂਬੀ ਸ਼ਾਮਲ ਸਨ। ਦੱਸਣਯੋਗ ਹੈ ਕਿ ਸਿੱਖ ਆਗੂਆਂ ਦੀ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਮੁਲਾਕਾਤ ਨਹੀਂ ਹੋ ਸਕੀ ਕਿਉਂਕਿ ਉਹ ਚੀਨ ਦੌਰੇ ‘ਤੇ ਗਏ ਹੋਏ ਸਨ। ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਪਹਿਲੀ ਵਾਰ ਸਰਕਾਰੀ ਸੱਦੇ ‘ਤੇ ਪਾਕਿਸਤਾਨ ਗਿਆ ਹੈ।
_________________________________
ਮਸਲੇ ਦੇ ਛੇਤੀ ਹੱਲ ਦਾ ਭਰੋਸਾ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਸੋਧ ਨਾ ਤਾਂ ਕਿਸੇ ਦਬਾਅ ਹੇਠ ਤੇ ਨਾ ਹੀ ਕਿਸੇ ਦੇ ਪ੍ਰਭਾਵ ਹੇਠ ਹੋਈ ਹੈ। ਇਸ ਮਸਲੇ ਦਾ ਹੱਲ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਮਸਲੇ ਨੂੰ ਜਾਣਬੁੱਝ ਕੇ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਗਤਾਂ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖਾਂ ਦਾ ਮਾਮਲਾ ਕੇਂਦਰ ਦੀ ਨਵੀਂ ਸਰਕਾਰ ਕੋਲ ਉਠਾਇਆ ਜਾਵੇਗਾ। ਸਿੰਘ ਸਾਹਿਬ ਨੇ ਦੱਸਿਆ ਕਿ ਸਵਰਗੀ ਬਾਬਾ ਸੇਵਾ ਸਿੰਘ ਤਰਮਾਲਾ ਵੱਲੋਂ ਸਥਾਪਤ ਟਰੱਸਟ ਨੂੰ ਉਨ੍ਹਾਂ ਦੇ ਪੁੱਤਰ ਵੱਲੋਂ ਨਿੱਜੀ ਜਾਇਦਾਦ ਬਣਾਉਣ ਦੀ ਸ਼ਿਕਾਇਤ ਮਿਲੀ ਹੈ, ਜਿਸ ‘ਤੇ ਵਿਚਾਰ ਪੰਜ ਸਿੰਘ ਸਾਹਿਬਾਨ ਕਰਨਗੇ।
________________________________
ਸ਼੍ਰੋਮਣੀ ਕਮੇਟੀ ਦਾ ਦਾਅਵਾ ਰੱਦ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਹੀ ਮਨਾਇਆ ਜਾਵੇਗਾ। ਸਾਬਕਾ ਪ੍ਰਧਾਨ ਨੇ ਆਖਿਆ ਕਿ ਪਾਕਿਸਤਾਨ ਵਿਚ ਫਿਲਹਾਲ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਸਾਰੇ ਗੁਰਪੁਰਬ ਮਨਾਏ ਜਾ ਰਹੇ ਹਨ ਤੇ ਭਵਿੱਖ ਵਿਚ ਵੀ ਮਨਾਏ ਜਾਣਗੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੀਤੇ ਗਏ ਦਾਅਵੇ ਕਿ ਪਾਕਿਸਤਾਨ ਦੀ ਸਿੱਖ ਸੰਗਤ ਅਕਾਲ ਤਖ਼ਤ ਤੋਂ ਜਾਰੀ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸਮਰਥਨ ਦੇਵੇਗੀ, ਨੂੰ ਰੱਦ ਕਰਦਿਆਂ ਆਖਿਆ ਕਿ ਸੰਗਤ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨਗੀ ਦਿੱਤੀ ਹੈ। ਦੂਜੇ ਪਾਸੇ ਖਾਲੜਾ ਮਿਸ਼ਨ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਝਬਾਲ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ ਸ਼ਹੀਦੀ ਗੁਰਪੁਰਬ 16 ਜੂਨ ਨੂੰ ਹੀ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਔਕਾਫ ਬੋਰਡ ਦੇ ਆਗੂਆਂ ਫਰਾਜ ਅੱਬਾਜ ਤੇ ਅਜਹਰ ਫਲੈਹਰੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹੀਦੀ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਉਣ ਦੀ ਯੋਜਨਾ ਹੈ ਤੇ ਇਸੇ ਅਨੁਸਾਰ ਹੀ ਸਿੱਖ ਸ਼ਰਧਾਲੂਆਂ ਦੇ ਜਥੇ ਅੱਠ ਤੋਂ 16 ਜੂਨ ਤੱਕ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਹਨ।

Be the first to comment

Leave a Reply

Your email address will not be published.