ਅੰਧ-ਵਿਸ਼ਵਾਸ ਦੀ ਪੌੜੀ ‘ਚ ਲਟਕੇ ਲੋਕ

ਐਸ਼ ਅਸ਼ੋਕ ਭੌਰਾ

ਜਿਹੜੇ ਬੰਦੇ ਨਿੱਕੀ ਨਿੱਕੀ ਗੱਲ ਤੋਂ ਬਾਂਹ ਕੱਢ ਕੇ ਲੜਨ ਦੇ ਆਦੀ ਹੋਣ, ਉਨ੍ਹਾਂ ਦੇ ਕਿਸੇ ਸਮੇਂ ਵੀ ਹੱਥੋਪਾਈ ਹੋਣ ਦੀ ਸੰਭਾਵਨਾ ਹੁੰਦੀ ਹੈ। ਇਨ੍ਹਾਂ ਦੀਆਂ ਪਤਨੀਆਂ ਵੀ ਇਨ੍ਹਾਂ ਤੋਂ ਕੁਰਬਾਨ ਹੋਣ ਨੂੰ ਫਿਰਦੀਆਂ ਹਨ। ਇਸ ਗੱਲ ਤੋਂ ਤਾਂ ਖ਼ੁਸ਼ ਹੋਈ ਜਾਨੇ ਆਂ ਕਿ ਟੈਲੀਫੋਨ ਅਤੇ ਟੈਲੀਵਿਜ਼ਨ ਨੇ ਸਭ ਕੁਝ ਬੋਲ ਕੇ ਦੱਸਣਾ ਸ਼ੁਰੂ ਕਰ ਦਿੱਤਾ ਹੈ ਪਰ ਜਿੰਨੇ ਪੁਆੜੇ ਇਨ੍ਹਾਂ ਨੇ ਪਾਏ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ। ਟੈਲੀਫੋਨ ਦੀਆਂ ਘੰਟੀਆਂ ਨੇ ਜਿਹਦੀ ਧੀ ਉਧਾਲੀ ਹੈ, ਉਹਨੂੰ ਪੁੱਛੋ ਢਿੱਡ ਦਾ ਦਰਦ ‘ਪੇਨ ਕਿਲਰ’ ਨਾਲ ਵੀ ਠੀਕ ਨਹੀਂ ਹੁੰਦਾ। ਟੈਲੀਵਿਜ਼ਨ ਨੇ ਹੀ ਦੱਸਿਆ ਹੈ ਕਿ ਵਸਤਰ ਘੱਟ ਪਾਉਣੇ ਗੁਨਾਹ ਨਹੀਂ ਹੁੰਦੇ। ਲੋਕ ਹੱਥਾਂ ਦੀਆਂ ਲਕੀਰਾਂ ਫਰੋਲੀ ਜਾਂਦੇ, ਤਾਂ ਕੋਈ ਗੱਲ ਨਹੀਂ ਸੀ; ਮੁਕੱਦਰਾਂ ਨੂੰ ਜੰਤਰੀਆਂ ਦੇ ਹਵਾਲੇ ਕਰੀ ਜਾਂਦੇ ਤਾਂ ਵੀ ਕੁਝ ਠੀਕ ਹੀ ਸੀ, ਪਰ ਸਭ ਕੁਝ ਹੀ ਪਖੰਡੀਆਂ ਅੱਗੇ ਚੜ੍ਹਾਵੇ ਵਾਂਗ ਢੇਰੀ ਕਰ ਦਿੱਤਾ ਹੈ ਤਾਂ ਲੱਗਦਾ ਨਹੀਂ ਕਿ ਲੁੱਟਣਾ ਸਿਰਫ਼ ਚੋਰਾਂ ਨੂੰ ਹੀ ਨਹੀਂ ਆਉਂਦਾ? ਕਿਸੇ ਵੀ ਕਲਯੁਗੀ ਸਾਧ ਜਾਂ ਸਿਆਣੇ ਕੋਲ ਕੁੜੀ ਬਖ਼ਸ਼ਣ ਦਾ ਹੁਨਰ ਨਹੀਂ ਹੈ, ਸਾਰਿਆਂ ਨੂੰ ਦੋ ਨੰਬਰ ਵਿਚ ਲਾਇਸੈਂਸ ਰੱਬ ਨੇ ਪੁੱਤਰ ਦੇਣ ਦੇ ਹੀ ਮਿਲੇ ਹਨ। ਜਦੋਂ ਦਾ ਮਨੁੱਖ ਜ਼ਿੰਦਗੀ ਨੂੰ ਘੁੱਟ ਕੇ ਫੜਨ ਲੱਗਾ ਹੈ, ਪਖੰਡੀ ਦੁਕਾਨ ਦੀ ਮਸ਼ਹੂਰੀ ਅਖ਼ਬਰਾਂ ਵਿਚ ਇਸ਼ਤਿਹਾਰ ਬਣ ਕੇ ਆ ਗਈ ਹੈ। ਹਿੰਮਤੀ ਲੋਕਾਂ ਦਾ ਕਦੇ ਵੀ ਕੁਝ ਨਹੀਂ ਗੁਆਚਿਆ ਜਦੋਂ ਕਿ ਅੰਧ-ਵਿਸ਼ਵਾਸੀ ਹਰ ਵੇਲੇ ਕੁਝ ਲੱਭਣ ਲਈ ਹੀ ਪਾਪੜ ਵੇਲੇ ਰਹੇ ਹੁੰਦੇ ਹਨ। ਕਈਆਂ ਦਾ ਨਾ ਹੀ ਤਿਲਕ ਰਾਜ ਨਹੀਂ ਹੁੰਦਾ, ਉਨ੍ਹਾਂ ਦੇ ਮੱਥੇ ‘ਤੇ ਤਿਲਕ ਵੀ ਵੱਡਾ ਹੁੰਦਾ ਹੈ ਤੇ ਪਖੰਡ ਦੀ ਅਜਿਹੀ ਤਿਲਕਣਬਾਜ਼ੀ ਕਰੀ ਰੱਖਦੇ ਹਨ ਕਿ ਬੰਦੇ ਆਏ ਤਾਂ ਸੰਭਲ ਕੇ ਸੀ, ਪਰ ਆਉਂਦਿਆਂ ਹੀ ਡਿੱਗ ਪਏ ਤੇ ਮੱਥਾ ਤਿਲਕ ਰਾਜ ਦੇ ਚਰਨਾਂ ‘ਚ ਰੱਖ ਦਿੱਤਾ। ਇਹ ਪਖੰਡ ਦਾ ਕ੍ਰਿਸ਼ਮਾ ਹੀ ਹੈ ਕਿ ਭੁੱਖਾ ਰਹਿ ਕੇ ਵੀ ਮਨੁੱਖ ਪੂਜਾ ਕਰੀ ਜਾ ਰਿਹਾ ਹੈ; ਇਸ ਭਰਮ ਨਾਲ ਕਿ ਰੱਬ ਸ਼ਾਇਦ ਆਪ ਕੁਝ ਖਾਂਦਾ ਹੀ ਨਹੀਂ ਹੋਵੇਗਾ। ਮੰਗਲ, ਸ਼ੁੱਕਰ ਤੇ ਸ਼ਨੀ ਇੰਨੇ ਤਾਕਤਵਰ ਹੋ ਗਏ ਲਗਦੇ ਹਨ ਕਿ ਸਿਆਣੇ ਇਨ੍ਹਾਂ ਦੇ ਨਾਂ ‘ਤੇ ਮੁਰਗਿਆਂ ਦਾ ਪ੍ਰਸ਼ਾਦ ਮੰਗਣ ਲੱਗ ਪਏ ਹਨ। ਵਿਗਿਆਨ ‘ਚ ਗੋਡੇ ਗੋਡੇ ਉਤਰੇ ਲੋਕਾਂ ਦੇ ਮਨਾਂ ‘ਚ ਵੀ ਵਹਿਮ ਹੈ ਕਿ ਲਾਸ਼ਾਂ ਬਦਲਾ ਲੈਂਦੀਆਂ ਹਨ। ਇਸੇ ਲਈ ਮਿਸਰ ‘ਚ ਕਾਹਿਰਾ ਦੇ ਕਈ ਮਕਬਰਿਆਂ ਵਿਚ ‘ਜ਼ਿੰਦਾ’ ਲਾਸ਼ਾਂ ਬੰਦ ਪਈਆਂ ਹਨ। ਖ਼ੈਰ! ਕਈ ਘਰੋਂ ਤਾਂ ਮੁਕੱਦਰ ਜਿੱਤਣ ਤੁਰੇ ਸੀ ਪਰ ਦਰੋਪਤੀ ਵਾਂਗ ਹਾਰ ਸਭ ਕੁਝ ਪਖੰਡੀ ਲੋਕਾਂ ਅੱਗੇ ਆਏ। ਜੋਤਿਸ਼ ਬ੍ਰਾਹਮਣ ਦੀ ਬੋਦੀ ਦਾ ਇਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਹੀ ਰਿਹਾ ਹੈ।

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸ਼ਾਇਦ ਧਰਮ ਨੂੰ ਮੰਨਣ ਵਾਲੇ ਲੋਕ ਹੀ ਸਿਆਣੇ ਹੁੰਦੇ ਹਨ, ਤੇ ਜੇ ਅਜਿਹਾ ਹੁੰਦਾ ਤਾਂ ਧਰਮ ਦੇ ਨਾਂ ‘ਤੇ ਕਦੇ ਵੀ ਦੰਗੇ-ਫਸਾਦ ਨਹੀਂ ਹੋਣੇ ਸਨ। ਨਾ ਹੀ ਗੋਲਕ ਵਿਚਲੇ ਪੈਸੇ ਕਰ ਕੇ ਪੱਗਾਂ ਲੱਥਣੀਆਂ ਸਨ। ਜੇ ਹੁਣ ਬੁੱਢੇ ਵੀ ਚੁੱਪ ਨਹੀਂ ਰਹਿੰਦੇ ਤਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਬਜ਼ੁਰਗ ਸਿਆਣੇ ਹੋ ਗਏ ਹਨ। ਜਦੋਂ ਗਿਆਨਵਾਨ ਲੋਕ ਫੜ੍ਹਾਂ ਮਾਰਨ ਲੱਗ ਪੈਣ ਤਾਂ ਲੱਗਦਾ ਨਹੀਂ ਕਿ ਫਿਲਮ ਦੀ ਆਖਰੀ ਰੀਲ੍ਹ ਚੱਲਣ ਲੱਗੀ ਹੈ।
ਕੁਲਦੀਪ ਮਾਣਕ ਦਾ ਇਕ ਗੀਤ ਹੈ ‘ਫੜ੍ਹ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੈ ਬੜੀ ਸੌਖੀ ਗਾਲ ਮਿੱਤਰੋæææ।’ ਤੇ ਇਸ ਗੀਤ ਨੂੰ ਪੇਸ਼ ਕਰਨ ਵੇਲੇ ਉਹ ਇਸ ਦੀ ਭੂਮਿਕਾ ਵਿਚ ਬੜੀ ਦਿਲਚਸਪ ਗੱਲ ਸੁਣਾਉਂਦਾ ਹੁੰਦਾ ਸੀ, ਆਪਣੇ ਪਿਤਾ ਪੁਰਖੀ ਅੰਦਾਜ਼ ਵਿਚ ਕਿ ਮਾਲਵੇ ਦੇ ਰੇਤਲੇ ਟਿੱਬਿਆਂ ਵਾਲੇ ਇਕ ਪਿੰਡ ‘ਚ ‘ਕਹਿਰੇ ਜਿਹੇ ਸਰੀਰ ਵਾਲਾ ਗੱਜਣ ਸਿਹੁੰ ਰਹਿੰਦਾ ਸੀ। ਹਰ ਗੱਲ ਚੱਬ ਕੇ ਕਰਨ ਦੀ ਆਦਤ ਸੀ। ਇਸ ਕਰ ਕੇ ਬੜੇ ਰਿਸ਼ਤੇ ਆਏ ਪਰ ਸਿਰੇ ਕੋਈ ਨਾ ਲੱਗਾ। ਸਬੱਬੀਂ ਕਿਤੇ ਢਾਈ ਕੁ ਸੌ ਨੂੰ ਕਿਸੇ ਟਰੱਕ ਆਲੇ ਨੇ ਮੁੱਲ ਦੀ ਤੀਵੀਂ ਲਿਆ’ਤੀ ਉਹਨੂੰ ਬੀਕਾਨੇਰੋਂ। ਚਲੋ ਸੀ ਤਾਂ ਜਿਹੋ ਜਿਹੀ ਵਿਚਾਰੀ ਭਾਨੀ, ਪਰ ਊਂ ਚਲਾਕ ਵੀ ਸੀ ਤੇ ਕੱਬੀ ਵੀ।
ਛੇ ਕੁ ਮਹੀਨੇ ਤਾਂ ਉਹ ਗੱਜਣ ਸਿਹੁੰ ਨੂੰ ਜਰਦੀ ਰਹੀ। ਲਿਆ ਭਾਨੀਏ ਗਰਮ ਪਾਣੀ ਨਹੀਂ ਤਾਂæææਚਾਹ ਗਰਮ ਗਰਮ ਲਿਆ ਦੇ, ਨਹੀਂ ਤਾਂæææਭੁੱਖ ਲੱਗੀ ਐ ਰੋਟੀ ਲਿਆ ਦੇ, ਨਹੀਂ ਤਾਂæææਬਿਸਤਰਾ ਕਰਦੇ, ਨਹੀਂ ਤਾਂæææ। ਤੇ ਘੁੱਟ ਪੀਤੀ ‘ਚ ਤਾਂ ਫਿਰ ਘੂਰ ਘੂਰ ਕੇ ਅੱਧੀ ਕਰ ਦੇਣੀ ਭਾਨੀ। ਹਾਰ ਕੇ ਫਿਰ ਇਕ ਦਿਨ ਭਾਨੀ ਨੇ ਅੱਕ ਚੱਬ ਲਿਆ।
ਪਾਇਆ ਗੱਜਣ ਸਿਹੁੰ ਦਾ ਪੁਰਾਣਾ ਕੁੜਤਾ ਪਜਾਮਾ, ਮਾਰਿਆ ਸਿਰ ‘ਤੇ ਸਾਫੇ ਦਾ ਮੜ੍ਹਾਸਾ ਤੇ ਪਸ਼ੂਆਂ ਦਾ ਗੋਹਾ ਹਟਾਉਣ ਵਾਲਾ ਫੌੜਾ ਰੱਖ ਲਿਆ ਮੋਢੇ ‘ਤੇ। ਲੁਕ ਕੇ ਖੜ੍ਹ ਗਈ ਕਾਨ੍ਹਿਆਂ ਦੇ ਓਹਲੇæææਸੂਰਜ ਡੁੱਬਿਆਂ ਤੇ ਹੋਣ ਲੱਗ ਪਿਆ ਘੁਸਮੁਸਾ ਜਿਹਾ। ਉਧਰੋਂ ਨਸ਼ੇ ‘ਚ ਟੁੰਨ ਗੱਜਣ ਸਿਹੁੰ ਢੋਲੇ ਦੀਆਂ ਲਾਉਂਦਾ ਆਵੇ-‘ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰæææ।’
ਨਿਕਲ ਆਈ ਭਾਨੀ ਕਾਨ੍ਹਿਆਂ ‘ਚੋਂ। ਮਾਰਿਆ ਆਵਾਜ਼ ਬਦਲ ਕੇ ਦਬਕਾ-‘ਕੌਣ ਐ ਤੂੰ?’
ਹੱਥ ਜੋੜ ਕੇ ਖੜ੍ਹ ਗਿਆ-‘ਮੈਂ ਗਰੀਬੜਾ ਸੇਵਾ ਸਿਹੁੰ ਦਾ ਵੱਡਾ ਪੁੱਤ ਗੱਜਣ ਸਿੰਹੁ ਆਂ।’
‘ਕਿੱਥੋਂ ਆਇਆਂ ਐਸ ਵੇਲੇ ਬਦਮਾਸ਼ੀ ਕਰ ਕੇ। ਲੋਕਾਂ ਦੀਆਂ ਕੁੜੀਆਂ-ਚਿੜੀਆਂ ਛੇੜਦੈਂ?’
‘ਵੱਡੇ ਮਹਾਰਾਜ ਦੀ ਸਹੁੰ। ਮੇਰਾ ਤਾਂ ਆਪਣਾ ਘਰ ਮਸੀਂ ਵਸਿਆ। ਢਾਈ ਸੌ ਫੂਕ ਕੇ ਤੀਵੀਂ ਲਿਆਂਦੀ ਐ ਭਾਨੀ।’
ਤੇ ਨਾਲ ਲਗਦੇ ਹੀ ਭਾਨੀ ਨੇ ਤਿੰਨ ਚਾਰ ਫੌੜੇ ਜੜ੍ਹ’ਤੇ ਗੱਜਣ ਸਿਹੁੰ ਦੇ ਮੌਰਾਂ ‘ਚ। ਨਾਲ ਹੀ ਉਹਦੇ ਹੱਥ ਜੋੜਦਿਆਂ ਜੋੜਦਿਆਂ ਤਿੰਨ ਚਾਰ ਲੱਫੜ ਵੀ ਜੜ੍ਹ’ਤੇ।
‘ਫੇਰ ਲੰਘੂ ਇਧਰੋਂ ਸ਼ਰਾਬ ਪੀ ਕੇ?’
‘ਨਾ ਮਹਾਰਾਜ ਭੁੱਲ ਕੇ ਵੀ ਨਾ ਕਦੇ ਵੀ।’
‘ਲਾਹ ਕੱਪੜੇ ਸਾਰੇ।’
ਤੇ ਗੱਜਣ ਸਿਹੁੰ ਨੇ ਕੰਬਦੇ ਹੱਥਾਂ ਨਾਲ ਤੇੜ ਕਛਿਹਰਾ ਫਾਟਾਂ ਵਾਲਾ ਰੱਖ ਕੇ ਬਾਕੀ ਸਭ ਭਾਨੀ ਦੇ ਹੱਥ ਫੜਾ’ਤੇ।
‘ਕੰਜਰ ਦਿਆ, ਅੱਧੇ ਘੰਟੇ ਤੱਕ ਨਾ ਹਿੱਲੀਂ। ਇਥੇ ਬੈਠਾ ਰਹਿ।’ ਤੇ ਭਾਨੀ ਵਾਹੋ-ਦਾਹੀ ਆਣ ਪਹੁੰਚੀ ਘਰ। ਚੁੱਲ੍ਹਾ ਵਿਹੜੇ ‘ਚ ਰੱਖ ਲੱਗ ਪਈ ਰੋਟੀਆਂ ਪਕਾਉਣ। ਜਦੇ ਬਾਹਰਲਾ ਬੂਹਾ ਲੰਘ ਆਇਆ ਗੱਜਣ ਸਿਹੁੰ ਵੀ। ਭਾਨੀ ਨੇ ਮਾਰੀ ਨਕਲੀ ਲੇਰ-‘ਹਾਏ ਰੱਬਾ! ਮੇਰੇ ਪਤੀ ਨੂੰ ਕੀ ਹੋ ਗਿਆ?’
‘ਹੈਂ ਕਮਲੀ ਤੀਵੀਂ, ਭਲਾ ਜੱਟ ਨੂੰ ਕੁਛ ਹੋ ਸਕਦੈ। ਸਾਰਾ ਪਿੰਡ ਆ ਜਾਵੇ ‘ਕੱਠਾ ਹੋ ਕੇ ਤਾਂ ਮਾਰ ਦਿਆਂ ‘ਕੱਲਾ ‘ਕੱਲਾ ਕੁੱਟ ਕੇ।’
‘ਨਾ ਇਹ ਹਾਲ ਕੀਹਨੇ ਕਰ’ਤਾ ਤੇਰਾ?’
‘ਮੈਂ ਤਾਂ ਭਾਨੀਏ ਮਿਰਜ਼ਾ ਗਾਉਂਦਾ ਆ ਰਿਹਾ ਸੀ। ਆਪਣੇ ਲੰਬੜਾਂ ਦੇ ਟਾਹਲੀਆਂ ਆਲੇ ਖੂਹ ਤੋਂ ਪਿੱਛੇ ਕਾਨ੍ਹਿਆਂ ‘ਚੋਂ ਚਾਰ-ਪੰਜ ‘ਕੱਠੇ ਸਾਲੇ ਨਿਕਲ ਕੇ ਪੈ ਗਏ ਮੈਨੂੰ। ਦੇਹ ਤੇਰੇ ਦੀ ਜਿੱਧਰ ਪੈਂਦੀ ਐæææਬਿੰਦ ਨ੍ਹੀਂ ਲੱਗਾ, ਭੱਜ’ਗੇ ਸਿਰ ‘ਤੇ ਪੈਰ ਰੱਖ ਕੇ।’
‘ਨਾ ਆਹ ਲਾਸਾਂ ਕਿੱਦਾਂ ਪੈ ਗਈਆਂ ਪਿੰਡੇ ‘ਤੇ?’
‘ਭਾਨੀਏ, ਸੱਚ ਜਾਣੀ ਚਹੁੰ ਜਣਿਆਂ ਦੀ ਤਾਂ ਮੈਂ ਪੇਸ਼ ਨ੍ਹੀਂ ਜਾਣ ਦਿੱਤੀ; ਇਕ ਸਾਲਾ ਪਿੱਛਿਓਂ ਆ ਕੇ ਪਤਾ ਨ੍ਹੀਂ ਕਿਹੜੇ ਵੇਲੇ ਮਾਰ ਗਿਆ ਦੋ।’
‘ਤੇ ਲੀੜੇ ਕਿੱਥੇ ਐ ਤੇੜ ਆਲੇ?’
‘ਭਾਨੀਏ, ਜਦੋਂ ਉਹ ਚਾਰੇ ਪਏ ‘ਕੱਠੇ ਮੈਨੂੰæææਮੈਂ ਮਾਰਿਆ ਲਲਕਾਰਾ, ਸਾਰੇ ਲੀੜੇ ਲਾਹ ਕੇ ਅਹੁ ਸੁੱਚੇ ਸੂਰਮੇ ਵਾਂਗੂ। ਭਲਾ ਲੜਨਾ ਭਾਨੀਏ ਕਿਤੇ ਸੁਖਾਲੈ?’
ਤੇ ਨਾਲ ਹੀ ਭਾਨੀ ਨੇ ਪੀੜ੍ਹੀ ਹੋਠੋਂ ਡੱਬੀਆਂ ਵਾਲਾ ਸਾਫਾ ਤੇ ਕੁੜਤਾ ਪਜਾਮਾ ਕੱਢ ਕੇ ਫੜਾ ‘ਤੇ ਗੱਜਣ ਸਿਹੁੰ ਦੇ ਹੱਥ।
ਬੇਸ਼ਰਮੀ ਦੀ ਕੱਚੀ ਤ੍ਰੇਲੀ ਤਾਂ ਆਈ ਪਰ ਨਾਲ ਹੀ ਮਾਰ’ਤੀ ਗੱਜਣ ਸਿਹੁੰ ਨੇ ਫੜ੍ਹ-‘ਭਾਨੀਏ, ਮੈਂ ਤੈਨੂੰ ਸਿਆਣ ਤਾਂ ਲਿਆ ਸੀ, ਐਵੇਂ ਜਾਣ ਕੇ ਈ ਨ੍ਹੀਂ ਬੋਲਿਆ, ਪਈ ਚਲੋ ਭਾਨੀ ਵੀ ਕਰ ਲਵੇ ਚਾਅ ਪੂਰੇæææ।’
ਊਂ ਬੁਰਕੀ ਗੱਜਣ ਸਿਹੁੰ ਦੇ ਸੰਘ ਹੇਠਾਂ ਨ੍ਹੀਂ ਸੀ ਉਤਰ ਰਹੀ, ਕਿਉਂਕਿ ਫੜ੍ਹਾਂ ਮਾਰਨ ਵਾਲਿਆਂ ਨੂੰ ਹੋਰ ਕੋਈ ਸੁਣ ਈ ਨਹੀਂ ਰਿਹਾ ਹੁੰਦਾ।
ਜਿਹੜੇ ਲੋਕ ਬੋਲਣ ਵੇਲੇ ਨਾ ਬੋਲਣ, ਉਹ ਸਾਜ਼ਿਸ਼ਕਾਰ ਹੁੰਦੇ ਹਨ ਤੇ ਉਨ੍ਹਾਂ ਨੇ ਅੰਦਰ ਜ਼ਰੂਰ ਕੋਈ ਸਾਜ਼ਿਸ਼ ਘੜੀ ਪਈ ਹੁੰਦੀ ਐ, ਪਰ ਅੱਜ ਦੇ ਯੁੱਗ ਵਿਚ ਜਿੰਨੀਆਂ ਸਾਜ਼ਿਸ਼ਾਂ ਭੋਲੇ ਲੋਕਾਂ ਪ੍ਰਤੀ ਪਖੰਡੀਆਂ ਦੀਆਂ ਨੇ, ਅਠੌਤਰੀ ਮਾਲਾ ਤੇ ਭਗਵਿਆਂ ਹੇਠ ਜਿੰਨੀਆਂ ਫੜ੍ਹਾਂ ਮਾਰੀਆਂ ਜਾ ਰਹੀਆਂ ਹਨ, ਚੰਗੇ ਭਲਿਆਂ ਨੂੰ ਦੁਪਹਿਰੇ ਦੀਵਾ ਬਾਲ ਕੇ ਦਿੱਲੀ ਵਾਂਗ ਲੁੱਟਿਆ ਜਾ ਰਿਹਾ ਹੈ। ਇਥੇ ਪਖੰਡ ਨਾਲ ਗਲਵੱਕੜੀ ਪਾ ਕੇ ਦੇਖਦੇ ਹਾਂ:
ਸਾਡੇ ਪਿੰਡ ਦਾ ਬੀਰੂ ਰਾਮ ਬੰਦਾ ਤਾਂ ਚੰਗਾ ਭਲਾ ਸੀ ਪਰ ਵਹਿਮੀ ਸਿਰੇ ਦਾ ਸੀ। ਕਾਜੂੰਸ ਵੀ ਇੰਨਾ ਸੀ ਕਿ ਮੱਖੀ ਚੂਸ ਕੇ ਸੁੱਟਣ ਦੀ ਥਾਂ ਅੰਦਰ ਹੀ ਲੰਘਾ ਲੈਂਦਾ ਸੀ। ਘਰਵਾਲੀ ਵੀਰੋ ਬਿਮਾਰ ਰਹਿੰਦੀ ਸੀ ਪਰ ਉਹ ਵਿਚਾਰੀ ਮਰਦੀ ਤਾਂ ਮਰ ਗਈ, ਬੀਰੂ ਸਾਰੀ ਉਮਰ ਗੁਆਂਢੀਆਂ ਦੀ ਨਿੰਦੋ ਨੂੰ ਗਾਲਾਂ ਕੱਢਦਾ ਰਿਹਾ-‘ਇਸ ਕੰਜਰੀ ਨੇ ਕੀਤਾ ਸਾਡੇ ਘਰ ਕਾਰਾ। ਮਸਾਣ ਛੱਡੇ ਆ, ਤਾਂ ਬਿਮਾਰ ਰਹਿੰਦੀ ਐ ਵੀਰੋ।’ ਇਸ ਮਸਲੇ ‘ਤੇ ਉਹਦੀ ਗੁਆਂਢੀਆਂ ਨਾਲ ਸੱਤ-ਇਕਵੰਜਾ ਹੋਈ ਰਹਿੰਦੀ ਸੀ। ਸਾਧਾਂ ਤੋਂ ਹੀ ਵੀਰੋ ਦੇ ਗਠੀਏ ਦਾ ਇਲਾਜ ਕਰਾਉਂਦਾ ਰਿਹਾ, ਪਰ ਬਚ ਨਾ ਸਕੀ। ਮੁੰਡਾ ਖ਼ੈਰ ਚੰਗਾ ਸੀ। ਸਕੂਲ ‘ਚ ਕਲਰਕ ਲੱਗ ਗਿਆ ਸੀ; ਪਰ ਧੀ ਵਿਆਹੀ ਤਾਂ ਛੇ ਮਹੀਨੇ ਨਾ ਸਹੁਰੀਂ ਵਸੀ। ਬੜੇ ਟੂਣੇ-ਟਾਮਣ ਕੀਤੇ ਪਰ ਗੱਲ ਸੱਥਾਂ-ਪੰਚਾਇਤਾਂ ‘ਚ ਤਲਾਕ ‘ਤੇ ਹੀ ਨਿਬੜੀ।
ਪਰ ਅੱਜ ਤਾਂ ਬੀਰੂ ਦੇ ਘਰ ਹੱਦ ਵੀ ਹੋਈ ਪਈ ਸੀ। ਸਾਰਾ ਪਿੰਡ ਵਿਆਹ ਵਾਂਗ ‘ਕੱਠਾ ਹੋਇਆ ਪਿਆ ਸੀ। ਵਿਹੜੇ ਵਿਚ ਚੌਂਕਾ ਪੂਰ ਕੇ ਕਾਲੀ ਲੀਰ, ਕਾਲੇ ਕੁੱਕੜ ਦੇ ਖੰਭ, ਮੀਟ ਦੀਆਂ ਹੱਡੀਆਂ, ਸੰਧੂਰ, ਗੁੱਤ ਦੇ ਲੰਬੇ ਲੰਬੇ ਸੱਤ-ਅੱਠ ਵਾਲ, ਦੋ ਆਂਡਿਆਂ ਦੇ ਛਿਲੜ ਜਿਨ੍ਹਾਂ ‘ਤੇ ਕੋਈ ਜੰਤਰ-ਮੰਤਰ ਲਾਲ ਸਿਆਹੀ ਨਾਲ ਲਿਖਿਆ ਗਿਆ ਸੀ। ਬੀਰੂ ਉਸ ਦਿਨ ਆਪਣੀ ਕੁੜੀ ਨੂੰ ਦਿਖਾਉਣ ਇਕ ਚੇਲੇ-ਚਪਟੇ ਕੋਲ ਗਿਆ ਹੋਇਆ ਸੀ। ਜਦੋਂ ਸਕੂਲੋਂ ਆ ਕੇ ਪੁੱਤ ਨੇ ਬੂਹਾ ਖੋਲ੍ਹਿਆ ਤਾਂ ਵਿਹੜੇ ਵਿਚ ਟੂਣੇ ਦਾ ਮੰਜ਼ਰ ਵੇਖ ਕੇ ਉਹਨੇ ਬੀਰੂ ਨੂੰ ਦੱਸੀ ਸਾਰੀ ਕਹਾਣੀ। ਪੁੱਤ ਨੂੰ ਕਹਿਣ ਲੱਗਾ-‘ਤੂੰ ਅੰਦਰ ਨਾ ਵੜੀਂ, ਮੈਂ ਗਿਰਧਾਰੀ ਲਾਲ ਨੂੰ ਨਾਲ ਲੈ ਕੇ ਆਉਨੈਂ। ਗਿਰਧਾਰੀ ਲਾਲ ਠਗ ਪਖੰਡੀ ਸਾਧ ਸੀ ਜਿਹਦੇ ਕੋਲ ਉਹ ਆਪਣੀ ਧੀ ਨੂੰ ਲੈ ਕੇ ਗਿਆ ਹੋਇਆ ਸੀ।
ਕਿਰਾਏ ‘ਤੇ ਕਾਰ ਕੀਤੀ ਤੇ ਉਨ੍ਹੀਂ ਪੈਰੀਂ ਬੀਰੂ ਗਿਰਧਾਰੀ ਨੂੰ ਨਾਲ ਲੈ ਕੇ ਪਿੰਡ ਨੂੰ ਤੁਰ ਪਿਆ। ਉਹਨੇ ਰਾਹ ‘ਚ ਭਰ’ਤੇ ਕੰਨ, ਪਈ ‘ਬੀਰੂ! ਇਹ ਉਨ੍ਹਾਂ ਦਾ ਕੰਮ ਐ ਜਿਨ੍ਹਾਂ ਦਾ ਮੁੰਡਾ ਤੇਰੇ ਪੁੱਤ ਨਾਲ ਪੜ੍ਹਦਾ ਸੀ, ਉਨ੍ਹਾਂ ਤੋਂ ਸਰਕਾਰੀ ਨੌਕਰੀ ਕਿਤੇ ਝੱਲ ਹੁੰਦੀ ਐ।’
‘ਪਰ ਜਨਾਬ, ਆਲੇ-ਦੁਆਲੇ ਚਾਰੇ ਪਾਸੇ ਘਰ ਨੇ, ਸਾਡੇ ਵਿਹੜੇ ਵਿਚ ਕੋਈ ਵੜ ਕਿਵੇਂ ਗਿਆ?’
‘ਭੋਲਾ ਈ ਆਂ ਬੀਰੂ ਤੂੰ ਵੀ; ਸਾਰੀਆਂ ਚੀਜ਼ਾਂ ਰੌਸ਼ਨਦਾਨ ਰਾਹੀਂ ਵਿਹੜੇ ‘ਚ ਕਾਲੇ ਇਲਮ ਨਾਲ ਅੰਦਰ ਭੇਜੀਆਂ ਗਈਆਂ ਹਨ।’
‘ਠੀਕ ਆਹਨੈਂ ਤੂੰ, ਤਾਂ ਹੀ ਸਾਰਾ ਕੁਝ ਕਾਲਾ-ਕਾਲਾ ਈ ਐ।’
ਤੇ ਜਦੋਂ ਆਥਣੇ ਬੀਰੂ ਗਿਰਧਾਰੀ ਨਾਲ ਘਰ ਪੁੱਜਿਆ ਤਾਂ ਭੀੜ ਨਾਲ ਘਰ ਤੇ ਤੀਵੀਂਆਂ ਨਾਲ ਆਲੇ-ਦੁਆਲੇ ਦੇ ਬਨੇਰੇ ਭਰੇ ਪਏ ਸਨ।
æææਤੇ ਪਖੰਡੀ ਗਿਰਧਾਰੀ ਨੇ ਆਉਂਦੇ ਨੇ ਕਚੀਚੀ ਵੱਟੀ ਜਿਵੇਂ ਜੀਭ ਦੰਦਾਂ ਹੇਠ ਆ ਗਈ ਹੋਵੇ। ਐਂ ਡਰਾਮਾ ਕੀਤਾ ਜਿਵੇਂ ਭੁੜਕ ਕੇ ਅਹੁ ਜਾ ਪਿਆ ਹੋਵੇ। ਕੰਬਦੀ ਆਵਾਜ਼ ਨਾਲ ਹੌਲੀ ਹੌਲੀ ਮੰਗੇ ‘ਪਾਣੀæææਪਾਣੀæææਪਾਣੀ।’
ਪਾਣੀ ਦਾ ਘੁੱਟ ਮੂੰਹ ਨੂੰ ਲਾਇਆ ਤਾਂ ਸੰਭਲ ਕੇ ਬੈਠਦਿਆਂ ਕਹਿਣ ਲੱਗਾ-‘ਚੀਜ਼ਾਂ ਦਾ ਪਹਿਰਾ ਬੜਾ ਸਖ਼ਤ ਲੱਗਾ ਹੋਇਐ, ਇਹ ਇਲਮ ਬੰਗਾਲ ਤੋਂ ਆਇਐæææਸਭ ਘਰਾਂ ਨੂੰ ਚਲੇ ਜਾਓ, ਜੇ ਕੋਈ ਉਨੀ-ਇੱਕੀ ਹੋ ਗਈ ਤਾਂ ਫੇਰ ਨਾ ਆਖਿਓ।’
ਬੰਗਾਲ ਦਾ ਨਾਂ ਸੁਣਦਿਆਂ ਹੀ ਸਭ ਖਿਲਰ ਗਏ। ਗਿਰਧਾਰੀ ਬੀਰੂ ਨੂੰ ਕਹਿਣ ਲੱਗਾ-‘ਦੋ ਕਾਲੇ ਮੁਰਗੇ ਤੇ ਸ਼ਰਾਬ ਦੀਆਂ ਦੋ ਬੋਤਲਾਂ ਇਸ ਟੂਣੇ ਕੋਲ ਟੋਕਰੇ ਹੇਠ ਲਿਆ ਕੇ ਰੱਖ ਦਿਓ। ਖ਼ਤਰਨਾਕ ਚੀਜ਼ਾਂ ਖਾਣ ਦੇ ਹੌਂਸਲੇ ਨਾਲ ਕੋਈ ਕਾਰਾ ਨਹੀਂ ਕਰਨਗੀਆਂ, ਨਹੀਂ ਤਾਂ ਪਤਾ ਨ੍ਹੀਂ ਕੀ ਹੋ ਜਾਵੇ ਇਥੇ।’
ਪਿੰਡੋਂ ਫਟਾਫਟ ਦੋ ਕਾਲੇ ਮੁਰਗੇ ਲਿਆਂਦੇ ਗਏ, ਦੋ ਕਾਲੇ ਕਵਰ ਵਾਲੀਆਂ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਲਿਆਂਦੀਆਂ ਗਈਆਂ।
‘ਹੁਣ ਦੱਸੋ ਕੀ ਕਰਨਾ ਐ ਜਨਾਬ?’ ਬੀਰੂ ਨੇ ਗਿਰਧਾਰੀ ਨੂੰ ਪੁੱਛਿਆ।
‘ਪਹਿਲਾਂ ਕਾਲੇ ਕੁੱਕੜ ਦੀ ਬਲੀ ਦਿੱਤੀ ਗਈ ਐ, ਇਹ ਹੱਡੀਆਂ ਤੇ ਖੰਭ ਉਸੇ ਦੇ ਨੇ। ਪਹਿਰਾ ਇੰਨਾ ਸਖ਼ਤ ਐ ਪਈ ਮੈਂ ਇਨ੍ਹਾਂ ਨੂੰ ਹੱਥ ਨਹੀਂ ਪਾ ਸਕਦਾ।’
‘ਫੇਰ ਹੋਵੇ ਕੀ ਮਹਾਰਾਜ ਹੁਣ?’ ਬੀਰੂ ਦੀਆਂ ਸਿਰਫ਼ ਧਾਹਾਂ ਮਾਰਨੀਆਂ ਰਹਿ ਗਈਆਂ ਸਨ।
‘ਇੱਕੀ ਹਜ਼ਾਰ ਦੀ ਪੂਜਾ ਐ। ਸਾਰੀ ਰਾਤ ਮੈਨੂੰ ਜਾਗਣਾ ਪਊ, ਤੇ ਤੂੰ ਬੀਰੂ ਕਾਰ ਲੈ ਕਿਰਾਏ ‘ਤੇ, ਛੇਤੀ ਜਾਹ ਤੇ ਮੇਰੇ ਗੁਰੂ ਨੂੰ ਸਵੇਰ ਤੱਕ ਸਹਾਰਨਪੁਰੋਂ ਲੈ ਕੇ ਆ। ਉਹਦੇ ਕਾਬੂ ‘ਚ ਆਉਣਗੀਆਂ ਇਹ ਚੀਜ਼ਾਂ।’
ਤੇ ਇੱਕੀ ਹਜ਼ਾਰ ਰੁਪਿਆ ਗਿਰਧਾਰੀ ਦੀ ਤਲੀ ‘ਤੇ ਰੱਖ ਕੇ ਬੀਰੂ ਸਹਾਰਨਪੁਰ ਨੂੰ ਤੁਰ ਪਿਆ।
ਸਾਰੀ ਰਾਤ ਗਿਰਧਾਰੀ ਪਤਾ ਨਹੀਂ ਕੀ ਮੂੰਹ ‘ਚ ਬੁੜ ਬੁੜ ਕਰਦਾ ਰਿਹਾ। ਸ਼ਰਾਬ ਦੀ ਗਲਾਸੀ ਭਰੇ, ਕੁੱਕੜਾਂ ‘ਤੇ ਛਿੱਟਾ ਦੇਵੇ ਤੇ ਸੜ੍ਹਾਕ ਲਵੇ ਸਾਰੀ। ਸਵੇਰ ਤੱਕ ਗਿਰਧਾਰੀ ਨੇ ਇਕ ਬੋਤਲ ਕਰ’ਤੀ ਖਾਲੀ।
ਤੇ ਅੱਠ ਕੁ ਵੱਜਦੇ ਨੂੰ ਆ ਗਿਆ ਬੀਰੂ ਗਿਰਧਾਰੀ ਦੇ ਗੁਰੂ ਨੂੰ ਲੈ ਕੇ, ਤੇ ਜਿਵੇਂ ਗੁੰਗੇ ਦੀ ਮਾਂ ਸਾਰੀਆਂ ਰਮਜ਼ਾਂ ਸਮਝ ਗਈ ਹੋਵੇ। ਗੁਰੂ ਦੇ ਹੱਥ ‘ਚ ਲੋਹੇ ਦੀਆਂ ਛੜਾਂ ਤੇ ਉਹ ਡੱਡੂ ਵਾਂਗ ਟਪੂਸੀਆਂ ਮਾਰਦਾ ਆਖੇ-‘ਜਾਹ ਅਲੀ, ਕਰ ਭਲੀ।’ ਤੇ ਫਿਰ ਚੀਕ ਮਾਰ ਕੇ ਬੋਲੇ-‘ਕਿਵੇਂ ਜਾਊਂਗੀਆਂ ਬੰਗਾਲ ਨੂੰ? ਤੁਹਾਨੂੰ ਇਹ ਗਰੀਬ ਬੀਰੂ ਹੀ ਟੱਕਰਿਐ?’
ਤੇ ਨਸ਼ੇ ‘ਚ ਟੁੱਨ ਗਿਰਧਾਰੀ ਕਹਿਣ ਲੱਗਾ-‘ਗੁਰੂ ਜੀ, ਮੈਂ ਇਨ੍ਹਾਂ ਨੂੰ ਮਸਾਂ ਤਰਲੇ ਮਿੰਨਤਾਂ ਕਰ ਕੇ ਮਨਾਇਆ ਹੈ। ਇਹ ਆਂਹਦੀਆਂ ਨੇ ਸਾਨੂੰ ਪੰਜਾਹ ਹਜ਼ਾਰ ਕਿਰਾਇਆ ਚਾਹੀਦੈ ਤੇ ਚਾਰ ਕਾਲੇ ਮੁਰਗੇ।’
‘ਬੋਲ ਬੀਰੂ ਮਨਜ਼ੂਰ ਐ?’
‘ਜੀ ਜਨਾਬ, ਕੱਢੋ ਇਨ੍ਹਾਂ ਨੂੰ ਘਰੋਂ। ਜਿਹੜੀ ਮੈਂ ਮੱਝ ਵੇਚੀ ਸੀ ਪੰਝੀ ਹਜ਼ਾਰ ਦੀ, ਉਹਦੀ ਰਾਤ ਪੂਜਾ ਕਰ’ਤੀ ਗਿਰਧਾਰੀ ਹੋਰਾਂ ਨੇ, ਤੇ ਮੁੰਡੇ ਨੇ ਜਿਹੜਾ ਮੋਟਰਸਾਇਕਲ ਲੈਣ ਲਈ ਪੰਜਾਹ ਹਜ਼ਾਰ ਰੁਪਿਆ ਰੱਖਿਐ, ਉਹ ਇਨ੍ਹਾਂ ਦੇ ਮੱਥੇ ਮਾਰੋ, ਸਾਡਾ ਪਿੱਛਾ ਛੱਡਣæææ।’
‘ਓਏ ਬੀਰੂਆ, ਮੱਥੇ ਮਾਰਨਾ ਨਾ ਕਹਿ। ਜੇ ਇਹ ਗੁੱਸੇ ‘ਚ ਫਿਰ ਚਿਪ ਗਈਆਂ ਤਾਂ ਪੱਕੇ ਡੇਰੇ ਲਾ ਕੇ ਬਹਿ ਜਾਣਗੀਆਂ।’
ਤੇ ਪੰਜਾਹ ਹਜ਼ਾਰ ਬੀਰੂ ਨੇ ਗਿਰਧਾਰੀ ਦੇ ਗੁਰੂ ਦੇ ਹੱਥ ‘ਤੇ ਰੱਖਦਿਆਂ ਕਿਹਾ-‘ਲਓ ਮਹਾਰਾਜ ਇਨ੍ਹਾਂ ਦੀ ਪੂਜਾ।’
ਤੇ ਗੁਰੂ ਨੇ ਚਾਰ ਪੰਜ ਲੱਤਾਂ ਮਾਰੀਆਂ ਖਿੱਚ ਖਿੱਚ ਕੇ ਟੂਣੇ ਦੇ, ਤੇ ਸਭ ਕੁਝ ‘ਕੱਠਾ ਕਰ ਕੇ ਆਪਣੇ ਪਰਨੇ ‘ਚ ਆਏਂ ਬੰਨ੍ਹ ਕੇ ਮੋਢੇ ਲਾਇਆ ਜਿਵੇਂ ਦੋ ਢਾਈ ਕੁਇੰਟਲ ਭਾਰ ਚੁੱਕਣਾ ਪਿਆ ਹੋਵੇ।
ਹਾਲੇ ਗੁਰੂ ਚੇਲੇ ਘਰੋਂ ਨਿਕਲੇ ਹੀ ਸਨ ਕਿ ਅੱਸੀ ਕੁ ਹਜ਼ਾਰ ਦਾ ਟੀਕਾ ਲੁਆ ਕੇ ਹਟਿਆ ਬੀਰੂ ਕੱਢਣ ਲੱਗ ਪਿਆ ਪਿਆ ਗੁੱਸਾ ਗੁਆਂਢੀ ਬੰਤੇ ਉਤੇ, ‘ਸਾਲਿਆ ਤੇਰੇ ਮੁੰਡੇ ਨੂੰ ਆਉਂਦਾ ਕੀ ਸੀ, ਜੇ ਮੇਰਾ ਨੌਕਰੀ ਲੱਗ ਗਿਆ ਤਾਂ ਤੈਥੋਂ ਝੱਲ ਨ੍ਹੀਂ ਹੋਇਆ। ਕੀੜੇ ਪੈ ਕੇ ਨਿਕਲੂ ਮੇਰੀ ਹੱਕ ਦੀ ਕਮਾਈ।’æææਤੇ ਚਾਰ ਘੰਟੇ ਕੌਰਵ-ਪਾਂਡਵ ਉਲਝੇ ਰਹੇ।
ਦੋ ਦਿਨ ਬਾਅਦ ਜਦੋਂ ਮੈਂ ਦਿੱਲੀ ਤੋਂ ਘਰੇ ਪਰਤਿਆ ਤਾਂ ਸਾਡੀ ਗੁਆਂਢਣ ਮੇਰੀ ਵਹੁਟੀ ਕੋਲ ਬੈਠੀ ਲਿਟ ਲਿਟ ਜਾਵੇ। ਮੈਂ ਕਿਹਾ-‘ਭਾਬੀ ਪ੍ਰੀਤੋ, ਗੱਲ ਕੀ ਹੋਈ?’
ਹੱਸਦੀ ਤੋਂ ਗੱਲ ਨਾ ਹੋਵੇ। ਆਖਣ ਲੱਗੀ-‘ਸਾਡੇ ਕਾਲੇ ਮੁਰਗੇ ਨੂੰ ਚਾਰ ਕੁ ਦਿਨ ਪਹਿਲਾਂ ਬਿੱਲੀ ਪੈ ਗਈ। ਇਕ ਲੱਤ ਜ਼ਖਮੀ ਕਰ ਗਈ। ਦੋ ਕੁ ਦਿਨ ਮੈਂ ਹਲਦੀ ਬੰਨ੍ਹਦੀ ਰਹੀ। ਪਰਸੋਂ ਤੇਰੇ ਤਾਏ ਨੇ ਵੱਢ ਕੇ ਧਰ ਲਿਆ। ਕੁਦਰਤੀ ਸਾਡਿਓਂ ਆਂਡੇ ਲੈਣ ਆਈ ਸੀ ਬੀਰੂ ਦੀ ਭਤੀਜੀ। ਕਹਿਣ ਲੱਗੀæææਤਾਈ ਚਾਚਾ ਬੀਰੂ ਤੇ ਰਾਣੀ ਤਾਂ ਕਿਸੇ ਚੇਲੇ ਕੋਲ ਗਏ ਐ, ਮੁੰਡਾ ਚਾਬੀ ਸਾਡੇ ਘਰ ਰੱਖ ਗਿਐ।æææਉਹ ਵੀ ਮਸ਼ਗੂਲਣ ਤੇ ਮੈਂ ਵੀ! ਅਸੀਂ ਆਂਡਿਆਂ ‘ਤੇ ਲਾਇਆ ਰੰਗ; ਪੱਠੇ ਕੁਤਰਨ ਵਾਲੀ ਮਸ਼ੀਨ ‘ਚੋਂ ਤੇਲ ਕੱਢ ਕੇ ਚੌਂਕਾ ਪੂਰਿਆ, ਮੁਰਗੇ ਦੇ ਖੰਭ, ਹਲਦੀ ਵਾਲੀ ਲੀਰ ਤੇ ਮੁੱਠ ਕੁ ਮਾਂਹ ਸਾਬਤ ਰੱਖ’ਤੇ।’
ਮੈਂ ਤੇ ਮੇਰੀ ਵਹੁਟੀ ਵੀ ਸਾਰੀ ਕਹਾਣੀ ਸੁਣ ਕੇ ਹਾਸੇ ‘ਚ ਉਛਲਦੇ ਜਾਈਏ ਪਰ ਉਹ ਕਹਿਣ ਲੱਗੀ-ਬੀਰੂ ਦੀ ਭਤੀਜੀ ਬਹੁਤ ਡਰੀ ਪਈ ਐ, ਪਈ ਜੇ ਚਾਚੇ ਨੂੰ ਪਤਾ ਲੱਗ ਗਿਆ ਤਾਂ ਬਾਪ ਤਾਂ ਮੇਰਾ ਪਹਿਲਾਂ ਵੀ ਹੈਨ੍ਹੀਂ, ਮੇਰੀ ਮਾਂ ਦਾ ਸਿਰ ਪਾੜੂ।
ਪਰ ਵਰ੍ਹੇ ਬੀਤ ਗਏ ਨੇ ਇਹ ਭੇਤ ਬਣਿਆ ਹੀ ਹੋਇਐ। ਬੀਰੂ ਵੀ ਪਿਛਲੇ ਸਾਲ ਚੜ੍ਹਾਈ ਕਰ ਗਿਐ ਪਰ ਵਿਚਾਰੇ ਦਾ ਅੱਸੀ ਹਜ਼ਾਰ ਦਾ ਘਾਟਾ ਉਹਨੂੰ ਲੈ ਕੇ ਹੀ ਬਹਿ ਗਿਆ।
ਕੌਣ ਜਾਣੇ ਕਿ ਬੰਗਾਲ ‘ਚ ਕਾਲਾ ਇਲਮ ਹੈ ਵੀ ਜਾਂ ਨਹੀਂ? ਪਰ ਪਖੰਡ ਦੋਹੀਂ ਹੱਥੀਂ ਗਿੱਧਾ ਪਾ ਰਿਹੈ, ਵਹਿਮ ਦੇ ਛੈਣੇ ਵੱਜ ਰਹੇ ਨੇ ਤੇ ਪਾਖੰਡੀ ਦੂਹਰੇ ਹੋ ਕੇ ਨੱਚ ਰਹੇ ਨੇ। ਗਿਆਨ ਦਾ ਦਾਅਵਾ ਕਰਨ ਵਾਲਾ ਯੁੱਗ ਅਗਿਆਨਤਾ ਦਾ ਨੇਰ੍ਹ ਬੰਗਾਲ ਦਾ ਨਾਂ ਲੈ ਕੇ ਢੋਈ ਜਾ ਰਿਹੈ।

Be the first to comment

Leave a Reply

Your email address will not be published.