ਟਾਂਡੇ ਵਾਲੀ, ਭਾਂਡੇ ਵਾਲੀ ਤੇ ਚਾਂਡੇ ਵਾਲੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਉਂ ਲਗਦਾ ਹੈ ਕਿ ਐਤਕੀਂ ਭਾਰਤ ਵਿਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਰੱਬ ਜੀ ਅਤੇ ਉਸ ਦੇ ਸਹਾਇਕ ਸ਼ਿਵ ਭੋਲੇ ਨਾਥ ਵਿਚਕਾਰ ਜ਼ਰੂਰ ਖੜਕ ਪਈ ਹੋਣੀ ਐਂ। ਰੱਬ ਕਹਿੰਦਾ ਹੋਣੈ ਕਿ ਹਮੇਸ਼ਾ ਵਾਂਗ ਨਤੀਜੇ ਬਣਾਉਣ ਮੈਂ ਹੀ ਜਾਣਾ ਹੈ। ਉਧਰ, ਭੋਲੇ ਨਾਥ ਜੀ ਅੜ ਗਏ ਹੋਣੇ ਨੇ ਕਿ Ḕਪਲੀਜ਼Ḕ ਇਕ ਮੌਕਾ ਮੈਨੂੰ ਵੀ ਦਿਓ। ਦੋਹਾਂ ਪਰਮ ਸ਼ਕਤੀਆਂ ਦੇ ਆਪਸੀ ਝਗੜੇ ਵਾਲੀ ਇਹ ਵਾਰਤਾਲਾਪ ਭਾਵੇਂ ਬਹੁਤੇ ਪਾਠਕਾਂ ਨੂੰ ਕਲਪਿਤ ਹੀ ਲੱਗੇ ਪਰ ਇਸਲਾਮੀ ਤਵਾਰੀਖ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਖੁਦਾ ਦੇ ਦਰਬਾਰ ਵਿਚ ਐਸਾ ਕਦੇ-ਕਦਾਈਂ ਹੋ ਈ ਜਾਂਦਾ ਹੈ। ਖੁਦਾਵੰਦ ਕਰੀਮ ਦੇ ਸਲਾਹੂ ਅਤੇ ਸਹਾਇਕ ਅਕਸਰ Ḕਵੱਧ ਅਧਿਕਾਰਾਂḔ ਦੀ ਮੰਗ ਕਰਨ ਲੱਗ ਪੈਂਦੇ ਹਨ। ਐਸੀ ਹੀ ਇਕ ਮਿਸਾਲ ਅਨੁਸਾਰ ਕਿਹਾ ਜਾਂਦਾ ਹੈ ਕਿ ਕਿਤੇ ਸ਼ਾਮ ਹੁੰਦਿਆਂ ਹੀ ਹਜਰਤ ਮੂਸਾ ਜੀ, ਖੁਦਾ ਨੂੰ ਕਹਿਣ ਲੱਗੇ ਕਿ ਮਹਾਰਾਜ! ਤੁਸੀਂ ਅੱਜ ਦੀ ਰਾਤ ਆਰਾਮ ਫਰਮਾਓ, ਅੱਜ ਦੁਨੀਆਂ ਲਈ ḔਡਿਨਰḔ ਦਾ ਬੰਦੋਬਸਤ ਮੈਂ ਕਰਦਾ ਹਾਂ।
ਖੁਦਾ ਨੇ ਬੜਾ ਜ਼ੋਰ ਲਾਇਆ ਕਿ ਭਰਾ ਮੂਸੇ, Ḕਜਿਸ ਕਾ ਕਾਮ ਉਸੀ ਕੋ ਸਾਜੇḔ!æææ ਦੁਨੀਆਂ ਨੂੰ ਰਿਜ਼ਕ-ਰੋਟੀ ਦੇਣ ਦਾ ਕੰਮ ਬੜਾ ਔਖਾ ਹੈ। ਮੈਨੂੰ ਹੀ ਇਹ ਜ਼ਿੰਮੇਵਾਰੀ ਨਿਭਾਉਣ ਦੇਹ। ਮੂਸਾ ਬੱਚਿਆਂ ਵਾਂਗ ਖਹਿੜੇ ਪੈ ਗਏ। ਆਖਰ ਖੁਦਾ ਮੰਨ ਗਿਆ। ਮੂਸੇ ਨੇ ਖਲਕਤ ਨੂੰ ਰਾਤ ਦਾ ਖਾਣਾ ਦਾਣਾ ਵੰਡਣਾ ਸ਼ੁਰੂ ਕਰ ਦਿੱਤਾ। ਜਦ ਰਾਤ ਦੇ ਗਿਆਰਾਂ ਕੁ ਵੱਜੇ, ਖੁਦਾ ਨੇ ਮੂਸੇ ਨੂੰ ਪੁੱਛਿਆ ਕਿ ਹੇਠਾਂ ਸਭ ਜੀਆ-ਜੰਤ ਨੇ ਪੇਟ-ਪੂਜਾ ਕਰ ਲਈ ਐ, ਤਾਂ ਕੁਝ ਸ਼ਸ਼ੋਪੰਜ ਵਿਚ ਪਿਆ ਮੂਸਾ ਹੱਥ ਜੋੜ ਕੇ ਬੋਲਿਆ ਕਿ ਹੇ ਅੱਲ੍ਹਾ-ਤਾਅਲਾ! ਮੈਂ ਸਭ ਨੂੰ ਰਿਜ਼ਕ ਦੇ ਦਿੱਤਾ ਹੈ, ਪਰ ਇਕ ਬੰਦਾ ਐਸਾ ਕੁਕਰਮ ਕਰ ਰਿਹਾ ਸੀ ਕਿ ਮੇਰਾ ਦਿਲ ਨਹੀਂ ਮੰਨਿਆ, ਉਸ ਨੂੰ ਰੋਟੀ ਦੇਣ ਲਈ। ਮੈਂ ਸੋਚਿਆ ਕਿ ਇਹਨੂੰ ਭੁੱਖਾ ਰਾੜ੍ਹਨਾ ਹੀ ਠੀਕ ਹੈ। ਬੱਸ, ਉਸ ਇਕ ਨੂੰ ਛੱਡ ਕੇ ਸਭ ਕਾਇਨਾਤ ਪ੍ਰਸੰਨ ਹੋ ਕੇ ਸੌਂ ਗਈ ਹੈ। ਖੁਦਾ ਹੱਸਦਾ ਹੋਇਆ ਬੋਲਿਆ,
“ਮੂਸੇ, ਜੇ ਮੈਂ ਦੁਨੀਆਂ ਵਾਲਿਆਂ ਦੇ ਕਰਮਾਂ-ਕੁਕਰਮਾਂ ਵੱਲ ਦੇਖ ਕੇ, ਉਨ੍ਹਾਂ ਨੂੰ ਰਿਜ਼ਕ ਦੇਣ ਜਾਂ ਨਾ ਦੇਣ ਦਾ ਫੈਸਲਾ ਕਰਾਂ, ਤਦ ਅੱਧੀ ਦੁਨੀਆਂ ਭੁੱਖੀ ਮਰ ਜਾਏ। ਰਿਜ਼ਕ-ਰੋਟੀ ਦੇਣ ਲੱਗਿਆਂ ਮੈਂ ਅਜਿਹਾ ਨਹੀਂ ਦੇਖਦਾ। ਬਿਨਾਂ ਵਿਤਕਰੇ ਤੋਂ ਸਭ ਨੂੰ ਅੰਨ-ਦਾਣਾ ਦੇ ਦੇਣਾ ਮੇਰਾ ਫਰਜ਼ ਹੈ।”
ਬੱਸ ਐਨ ਇਸੇ ਤਰ੍ਹਾਂ ਸ਼ਿਵ ਜੀ ਮਹਾਰਾਜ ਵੀ ਪ੍ਰਭੂ ਦੇ ਖਹਿੜੇ ਪਏ ਹੋਣੇ ਨੇ, ਤਾਂ ਰੱਬ ਨੇ ਬਾਕੀ ਭਾਰਤ ਦੇ ਚੋਣ ਨਤੀਜੇ ਬਣਾਉਣ ਦੀ ਡਿਊਟੀ ਸ਼ਿਵ ਭੋਲੇ ਨੂੰ ਸੌਂਪ ਕੇ, ਖੁਦ ਪੰਜਾਬ ਦਾ ਕਾਰਜਭਾਰ ਸੰਭਾਲ ਲਿਆ ਹੋਵੇਗਾ। ਉਧਰ, ਸ਼ਿਵ ਭੰਡਾਰੀ ਨੇ ਦਸਾਂ ਸਾਲਾਂ ਤੋਂ ਦਿੱਲੀ ਤਖਤ ਵੱਲ ਟਿਕ-ਟਿਕੀ ਲਾ ਕੇ ਬੈਠੇ ਆਪਣਿਆਂ ਭਗਤਾਂ Ḕਤੇ ਤਰਸ ਕਰ ਕੇ ਖੁੱਲ੍ਹੇ ਗੱਫੇ ਹੀ ਬਖਸ਼ ਦਿੱਤੇ, ਪਰ ਇਧਰ ਪੰਜਾਬ ਵਿਚ ਰੱਬ ਜੀ ਨੇ ਸਾਰਿਆਂ ਨੂੰ ਹੀ ਐਸਾ ਪ੍ਰਸ਼ਾਦਿ ਵੰਡਿਆ ਕਿ ਨਾ ਕੋਈ ਖੁਸ਼ੀ ਵਿਚ ਫੁੱਲ-ਫੁੱਲ ਕੇ ਕੁੱਪਾ ਹੋਣ ਦਿੱਤਾ, ਅਤੇ ਨਾ ਹੀ ਕੋਈ ਰੋਣ ਜੋਗਾ ਰਹਿਣ ਦਿੱਤਾ। ਪੰਜਾਬ ਵਿਚ ਹੋਈਆਂ ਚੋਣਾਂ ਦੇ ਨਤੀਜਾ-ਕਾਰਡ ਬਣਾਉਣ ਲੱਗਿਆਂ ਰੱਬ ਨੇ ਕਿਸੇ ḔਘਾਗḔ ਸਿਆਸਤਦਾਨ ਵਾਂਗ ਬੜੇ ਫੂਕ-ਫੂਕ ਕੇ ਕਦਮ ਰੱਖੇ ਹੋਣਗੇ।
ਸਭ ਤੋਂ ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਵੱਲ ਹੀ ਦੇਖ ਲਓ। ਪੰਜਾਬ ਵਿਚ ਪੱਚੀ ਸਾਲ ਰਾਜ ਕਰਨ ਦੇ ਦਾਅਵੇ ਕਰਨ ਦੇ ਦਾਅਵੇਦਾਰ, ਸ੍ਰੀ ਅਰੁਣ ਜੇਤਲੀ ਨੂੰ ਇਹ ਕਹਿ ਕੇ ਚੋਣ-ਪਿੜ ਵਿਚ ਲਿਆਏ ਸਨ ਕਿ ਨਾਮਜ਼ਦਗੀ ਭਰ ਕੇ ਤੁਸੀਂ ਦਿੱਲੀ ਆਰਾਮ ਕਰਿਓ!æææ Ḕਸ਼ਾਨਦਾਰ ਜਿੱਤḔ ਦਾ ਸਰਟੀਫਿਕੇਟ ਸੁਨਹਿਰੀ ਫਰੇਮ ਵਿਚ ਜੜਵਾ ਕੇ, ਉਥੇ ਹੀ ਪਹੁੰਚਾ ਦੇਵਾਂਗੇ। ਜੇਤਲੀ ਦੇ ਸਿਰ ਜਿੱਤ ਦਾ ਮੁਕਟ ਸਜਾਉਣ ਲਈ ਕੀ-ਕੀ ਨਹੀਂ ਕੀਤਾ ਗਿਆ? ਲੋੜਵੰਦਾਂ ਨੂੰ Ḕਸਭ ਕੁਝḔ ਵੰਡਿਆ ਗਿਆ। ਦਸਮ ਗ੍ਰੰਥ ਦੇ ਇਕ ਸਵੱਈਏ ਵਿਚ ਸ੍ਰੀ ਜੇਤਲੀ ਦਾ ਨਾਂ ਫਿੱਟ ਕੀਤਾ ਗਿਆ ਪਰ ਨਤੀਜਾ ਬਣਾਉਣ ਵੇਲੇ Ḕਰੱਬ ਜੀḔ ਨੇ ਇਹ ਭੋਰਾ ਪ੍ਰਵਾਹ ਨਹੀਂ ਕੀਤੀ ਕਿ ਜੇਤਲੀ ਜੀ, ਬਣਨ ਵਾਲੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸੱਜੀ-ਖੱਬੀ ਬਾਂਹ ਹਨ; ਇਸ ਮਹਾਨ ਸ਼ਖਸੀਅਤ ਬਾਰੇ ਮੈਂ ḔਮਾੜਾḔ ਨਾ ਸੋਚਾਂ! ਬੱਸ ਜੀ, ਇਕੋ ਝਟਕੇ ਹਰਾ ਕੇ ਅਹੁ ਮਾਰਿਆ!
ਫਿਰ ਰੱਬ ਜੀ ਨੂੰ ਉਥੋਂ ਜਿਤਾਏ ਮਹਾਰਾਜੇ ਦੀ ਚਿੰਤਾ ਲੱਗ ਗਈ ਹੋਵੇਗੀ, ਮਤਾਂ ਇਹ ਜਿੱਤ ਦੇ ਨਸ਼ੇ ਵਿਚ ਹੀ ਨਾ ਆਫਰਿਆ ਫਿਰੇ। ਦੇਖਦੇ ਹੀ ਦੇਖਦੇ ਉਸ ਦੇ ਅਫਾਰੇ ਦਾ ਇਲਾਜ ਪਟਿਆਲਾ ਹਲਕੇ ਦਾ ਨਤੀਜਾ ਬਣਾ ਕੇ ਕਰ ਦਿੱਤਾ। ਜਦੋਂ ਘਰਵਾਲੀ ਹੀ ਹਾਰ ਜਾਵੇ, ਤਦ ਘਰਵਾਲਾ ਆਪਣੀ ਜਿੱਤ ਦੀ ਖੁਸ਼ੀ ਮਨਾਉਣ ਦਾ ਹੀਆ ਕਰ ਸਕਦੈ ਭਲਾ? ਸ੍ਰੀ ਅਨੰਦਪੁਰ ਸਾਹਿਬ ਦਾ ਹਾਲ ਦੇਖ ਲਓ। ਪਹਿਲਾਂ ਤਾਂ ਰੱਬ ਜੀ ਨੂੰ ਜਥੇਦਾਰ ਚੰਦੂਮਾਜਰਾ Ḕਤੇ ਚੜ੍ਹਿਐ ਹੋਣੈ ਗੁੱਸਾ! ਵਿਧਾਨ ਸਭਾ ਦੇ ਸੱਤਾਂ ਹਲਕਿਆਂ ਤੋਂ ਉਹਨੂੰ ਮਾਂਜਾ ਫੇਰਦਾ ਲੈ ਆਇਆ। ਫਿਰ ਸ਼ਾਇਦ ਰੱਬ ਨੇ ਉਸ ਦਾ ਪੁਰਾਣਾ ਵਹੀ-ਖਾਤਾ ਖੋਲ੍ਹ ਕੇ ਦੇਖ ਲਿਆ ਹੋਣੈ ਕਿ ਇਹ ਤਾਂ ਲਗਾਤਾਰ ਸੱਤ ਇਲੈਕਸ਼ਨਾਂ ਹਾਰ ਚੁੱਕੈ! ਤਰਸ ਕਰ ਕੇ ਉਹਦੀ ਦੋ ਵਿਧਾਨ ਸਭਾਈ ਹਲਕਿਆਂ Ḕਚ ਕਸਰ ਪੂਰੀ ਕਰਦਿਆਂ, ਉਸ ਨੂੰ ਜੇਤੂ ਬਣਾ ਧਰਿਆ।
ਬਠਿੰਡੇ ਦਾ ਰਿਜ਼ਲਟ ਬਣਾਉਂਦੇ ਵਕਤ, ਥਾਲੀ ਦੇ ਪਾਣੀ ਵਾਂਗ ਰੱਬ ਦਾ ਦਿਲ ਡੋਲਦਾ ਰਿਹਾ ਹੋਣੈ। Ḕਰੱਬ ਨੇੜੇ ਕਿ ਘਸੁੰਨḔ ਵਾਲਾ ਅਖਾਣ ਚੇਤੇ ਕਰ ਕੇ ਉਹ ਡਾਢਿਆਂ ਤੋਂ ਜ਼ਰੂਰ ਡਰ ਗਿਆ ਹੋਣਾ; ਜ਼ਰੂਰ ਸੋਚਿਆ ਹੋਣੈ ਕਿ ਜੇ ਇਥੇ ਹਬੀ-ਨਬੀ ਹੋ ਗਈ ਤਾਂ Ḕਰਾਜ ਨਹੀਂ ਸੇਵਾḔ ਕਰਨ ਵਾਲਿਆਂ ਨੇ ਮੈਨੂੰ ਸੁੱਕਾ ਨਹੀਂ ਜਾਣ ਦੇਣਾ ਮੁੜ ਕੇ ਆਪਣੇ ḔਸਕੱਤਰੇਤḔ ਵਿਚ। ਹੋਰ ਨਾ ਭੁੱਕੀ ਦੇ ਕੇਸ ਵਿਚ ਫਸ ਕੇ ਇਥੇ ਜੋਗਾ ਹੀ ਰਹਿ ਜਾਵਾਂ। ਇੰਜ ਸੋਚਦਿਆਂ ਉਸ ਨੇ Ḕਰਿਜ਼ਲਟ ਆਊਟḔ ਕਰਨ ਮੌਕੇ ਇੰਨੀ ਕੁ ਗੁੱਝੀ ਛੁਰੀ ਚਲਾ ਦਿੱਤੀ ਕਿ ਜੇਤੂ ਧਿਰ ਨੂੰ ਭੰਗੜੇ ਪਾਉਣ ਜੋਗੀ ਨਹੀਂ ਛੱਡਿਆ; ਸਗੋਂ ਹਾਰੇ ਹੋਏ ਨੂੰ ਜੇਤੂਆਂ ਵਰਗਾ ਬਣਾ ਕੇ ਤੋਰਿਆ। ਮਹਿਸੂਸ ਹੁੰਦਾ ਹੈ ਕਿ ਸੰਗਰੂਰ ਬਾਰੇ ਨੀ ਰੱਬ ਨੂੰ ਬਹੁਤਾ ਦਿਮਾਗ ਲੜਾਉਣਾ ਪਿਆ ਹੋਣੈ। ਉਹਨੂੰ ਪਤਾ ਸੀ ਕਿ ਭਾਈ ਢੀਂਡਸੇ ਨੂੰ ਜੇ ਹਾਰ ਦਾ ਮੂੰਹ ਦਿਖਾ ਵੀ ਦਿੱਤਾ, ਤਾਂ ḔਐਮæਪੀæḔ ਦਾ ਲੇਬਲ ਇਹਦੇ ਨਾਂ ਪਿੱਛੋਂ ਤਦ ਵੀ ਨਹੀਂ ਲੱਥਣਾ। ਰਾਜ ਸਭਾ ਦੀ ਮੈਂਬਰੀ ਇਹਦੀ ਜੇਬ ਵਿਚ ਹੀ ਪਈ ਹੁੰਦੀ ਹੈ। ਇਸ ਲਈ ਉਥੋਂ ਹਾਸੇ-ਹਾਸੇ ਵਿਚ ਲੋਕਾਂ ਦੀ ਜ਼ਮੀਰ ਜਗਾਉਣ ਵਾਲੇ ਟੀਕੇ ਲਾਉਣ ਵਾਲੇ ਆਪਣੇ ਭਗਵੰਤ ਬਾਈ ਦੀ ਝੋਲੀ ਜਿੱਤ ਨਾਲ ਮਾਲਾ-ਮਾਲ ਕਰ ਦਿੱਤੀ।
ਬੜੇ ਹੀ ḔਬੈਲੈਂਸḔ ਵਿਚ ਰਹਿੰਦਿਆਂ ਕਮਲ ਫੁੱਲ, ਪੰਜੇ ਅਤੇ ਤੱਕੜੀ ਵਿਚੋਂ ਕਿਸੇ ਨੂੰ ਕਿਤਿਉਂ ਗੱਫਾ ਕਿਸੇ ਨੂੰ ਧੱਫਾ ਦਿੰਦਿਆਂ, ਜਦ ਰੱਬ ਨੂੰ ਬਾਕੀ ਦੇ ਭਾਰਤ ਵਿਚੋਂ ਕਨਸੋਆਂ ਮਿਲੀਆਂ ਕਿ ਉਥੇ ਸ਼ਿਵ ਭਗਵਾਨ ਜੀ ḔਆਪਣਿਆਂḔ ਨੂੰ ਹੀ ਵੰਡ-ਵੰਡ ਕੇ ਨਿਹਾਲੋ-ਨਿਹਾਲ ਕਰੀ ਜਾ ਰਿਹਾ ਹੈ, ਤਦ ਉਸੇ ਵਕਤ ਪੰਜਾਬ ਦੀ ਗਿਣਤੀ-ਮਿਣਤੀ ਰੋਕ ਕੇ ਰੱਬ ਸੋਚੀਂ ਪੈ ਗਿਆ। ਉਹਨੂੰ ਅਚਾਨਕ ਯਾਦ ਆਇਆ ਕਿ ਜਿਸ ਖਿੱਤੇ ਵਿਚ ਮੈਂ ਬੈਠਾ ਹਾਂ, ਇਹ ਤਾਂ ਕ੍ਰਾਂਤੀਕਾਰੀਆਂ ਦੀ ਜਰਖੇਜ ਧਰਤੀ ਹੈ ਜਿੱਥੋਂ ਦੇ ਜਾਇਆਂ ਬਾਰੇ ਲਿਖਿਆ ਮਿਲਦਾ ਕਿ ਇਹ Ḕਟੈਂ ਨਾ ਮੰਨਣ ਕਿਸੇ ਦੀḔ!æææ ਉਸੇ ਵੇਲੇ ਉਸ ਨੇ ਝਾੜੂ ਨਾਲ ਚਾਰ ਸੀਟਾਂ ਇਕੱਠੀਆਂ ਕਰੀਆਂ ਤੇ ਕੇਜਰੀਵਾਲ ਦੇ ਪੱਲੇ ਵਿਚ ਪਾ ਦਿੱਤੀਆਂ। ਧੁਰ ਦੱਖਣ ਤੋਂ ਮਸੋਸਿਆ ਜਿਹਾ ਚਿਹਰਾ ਲੈ ਕੇ ਉਤਰ ਵੰਨੀ ਤੁਰੇ ਆਉਂਦੇ ਸ੍ਰੀ ਕੇਜਰੀਵਾਲ ਨੂੰ ਹੌਸਲਾ ਹੋ ਗਿਆ।
ਪੰਜਾਬ ਦੇ ਚੋਣ ਨਤੀਜਿਆਂ ਦੀ ਸਮੀਖਿਆ ਵਾਲੀ ਇਸ ਲਿਖਤ ਦੀ ਸਮਾਪਤੀ ਵੀ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਪ੍ਰਚਲਿਤ ਲੋਕ-ਰੁਚੀ ਕਥਾ ਨਾਲ ਹੀ ਕਰਦੇ ਹਾਂ।æææ ਕਹਿੰਦੇ ਇਕ ਬੰਦਾ ਦੂਰ-ਦੁਰਾਡੇ ਵਿਆਹੀਆਂ-ਵਰੀਆਂ ਆਪਣੀ ਦੋ ਧੀਆਂ ਨੂੰ ਮਿਲਣ-ਗਿਲਣ ਗਿਆ। ਪਹਿਲੀ ਕੁੜੀ ਦੇ ਘਰੇ ਗਿਆ ਜਿਸ ਦਾ ਘਰਵਾਲਾ ਖੇਤੀਬਾੜੀ ਕਰਦਾ ਸੀ। ਬੰਦੇ ਨੇ ਉਸ ਨੂੰ ਹਾਲ-ਹਵਾਲ ਪੁੱਛਿਆ। ਮਾਰੂ ਖੇਤੀ ਦਾ ਫਿਕਰ ਕਰਦਿਆਂ ਕੁੜੀ ਕਹਿੰਦੀ ਕਿ ਭਾਈਆ ਜੀ, ਮੱਕੀ ਦੇ ਚਾਰ ਟਾਂਡੇ ਬੀਜੇ ਹੋਏ ਨੇ, ਜੇ ਮੀਂਹ ਦੀਆਂ ਚਾਰ ਕਣੀਆਂ ਪੈ ਗਈਆਂ ਤਾਂ ਦੋ ਮਣ ਦਾਣੇ ਹੋ ਜਾਣਗੇ; ਨਹੀਂ ਤਾਂ ਭੁੱਖੇ ਮਰਾਂਗੇ। ਨਾਲ ਹੀ ਉਸ ਨੇ ਬਾਪੂ ਨੂੰ ਕਿਹਾ ਕਿ ਉਹ ਰੱਬ ਅੱਗੇ ਵਰਖਾ ਲਈ ਅਰਦਾਸ ਕਰੇ।
ਫਿਰ ਬੰਦਾ ਆਪਣੀ ਦੂਜੀ ਧੀ ਦੇ ਘਰੇ ਗਿਆ। ਉਸ ਦਾ ਪਤੀ ਮਿੱਟੀ ਦੇ ਭਾਂਡੇ ਆਵੇ ਵਿਚ ਪਕਾ ਕੇ ਵੇਚਣ ਦਾ ਕੰਮ-ਧੰਦਾ ਕਰਦਾ ਸੀ। ਬੰਦੇ ਨੇ ਆਪਣੀ ਉਸ ਧੀ ਦੇ ਕਾਰੋਬਾਰ ਬਾਰੇ ਪੁੱਛਿਆ। ਉਹ ਬੋਲੀ ਕਿ ਪਿਤਾ ਜੀ, ਆਵੇ ਨੂੰ ਅੱਗ ਦਿੱਤੀ ਹੋਈ ਹੈ, ਭਾਂਡੇ ਪੱਕ ਗਏ ਤਾਂ ਘਰ ਦਾ ਗੁਜ਼ਾਰਾ ਚੱਲਦਾ ਰਹੇਗਾ; ਜੇ ਨਿਖਸਮਾ ਮੀਂਹ ਪੈ ਗਿਆ, ਫਿਰ ਸਾਡਾ ਕੂੰਡਾ ਹੋ ਜਾਣਾ। ਤਰਲਾ ਮਾਰਦਿਆਂ ਉਸ ਕੁੜੀ ਨੇ ਬਾਪੂ ਨੂੰ ਕਿਹਾ ਕਿ ਉਹ ਰੱਬ ਅੱਗੇ ਸੁੱਕ-ਪਕਾ ਰਹਿਣ ਦੀ ਅਰਦਾਸ ਕਰੇ। ਘਰੇ ਪਹੁੰਚੇ ਉਸ ਬੰਦੇ ਨੂੰ ਘਰਵਾਲੀ ਧੀਆਂ ਦੇ ਰਾਜ਼ੀ-ਬਾਜ਼ੀ ਹੋਣ ਦੀ ਖਬਰਸਾਰ ਪੁੱਛਦੀ ਹੈ। ਬੰਦੇ ਨੇ ਬੜਾ ਤਨਜ਼ੀਆ ਜਵਾਬ ਦਿੱਤਾ,
“ਭਾਗਵਾਨੇ ਦੋਵੇਂ ਨਹੀਂ, ਇਕੋ ਰਾਜ਼ੀ ਰਹੇਗੀ। ਯਾ ਟਾਂਡੇ ਵਾਲੀ, ਯਾ ਭਾਂਡੇ ਵਾਲੀ।”
ਬਲਿਹਾਰੇ ਜਾਈਏ ਪੰਜਾਬ ਦੀ ਮਖਲੂਕਾਤ ਦੇ ਜਿਸ ਨੇ ਐਸੇ ਢੰਗ ਨਾਲ ਵੋਟਿੰਗ ਕੀਤੀ ਕਿ ਟਾਂਡੇ ਵਾਲੀ ਤੇ ਭਾਂਡੇ ਵਾਲੀ, ਦੋਵੇਂ ਰਾਜ਼ੀ ਤਾਂ ਰੱਖੀਆਂ ਹੀ ਰੱਖੀਆਂ, ਬਲਕਿ ਟਾਂਡੇ ਵਾਲੀ ਤੇ ਭਾਂਡੇ ਵਾਲੀ, ਦੋਹਾਂ ਦੇ ਮੂੰਹ Ḕਤੇ ਕਰਾਰੇ ਚਾਂਡੇ ਮਾਰਨ ਵਾਲੀ ḔਆਪḔ ਦੇ ਸਿਰ ਵੀ ਜਿੱਤ ਦਾ ਤਾਜ ਰੱਖਿਆ। ਚੜ੍ਹੀ ਆਉਂਦੀ ਭਗਵੀਂ ਕਾਂਗ ਮੋਹਰੇ ਛਾਤੀ ਤਾਣ ਕੇ ਨਾਬਰ ਬਣਨ ਵਾਲੇ ਪੰਜਾਬ ਨੂੰ ਸੌ-ਸੌ ਨਮਸਕਾਰ।

Be the first to comment

Leave a Reply

Your email address will not be published.