ਮੁੰਦੀ ਯਾਨਿ ਛਾਪ

ਬਲਜੀਤ ਬਾਸੀ
ਪਰਸਪਰ ਸਬੰਧਾਂ ਵਿਚਕਾਰ ਘਨਿਸ਼ਟਤਾ ਪ੍ਰਗਟ ਕਰਨ ਲਈ ਮੁੰਦੀ ਸਦੀਆਂ ਤੋਂ ਲਗਭਗ ਹਰ ਸਭਿਅਤਾ ਵਿਚ ਪ੍ਰਚਲਤ ਰਹੀ ਹੈ। ਮਹਾਂਕਵੀ ਕਾਲੀਦਾਸ ਵਲੋਂ ਰਚੇ ਨਾਟਕ ‘ਅਭਿਗਿਆਨਮ ਸ਼ਕੁੰਤਲਮ’ ਨਾਲੋਂ ਵਧ ਮੁੰਦਰੀ ਦਾ ਮਨੁਖੀ ਸਬੰਧਾਂ ਵਿਚ ਮਹੱਤਵ ਸ਼ਾਇਦ ਹੀ ਕਿਸੇ ਹੋਰ ਸਾਹਿਤਕ ਕ੍ਰਿਤ ਵਿਚ ਦਰਸਾਇਆ ਗਿਆ ਹੋਵੇ। ਨਾਟਕ ਦੇ ਨਾਂ ਦਾ ਹੀ ਮਤਲਬ ਹੈ, ‘ਨਿਸ਼ਾਨੀ ਦੁਆਰਾ ਪਛਾਣੀ ਗਈ ਸ਼ਕੁੰਤਲਾ।’ ਬਹੁਤੇ ਇਹ ਕਥਾ ਜਾਣਦੇ ਹੋਣਗੇ, ਫਿਰ ਵੀ ਸੰਖੇਪ ਵਿਚ ਇਸ ਦਾ ਬਿਆਨ ਕੁਥਾਂ ਨਹੀਂ ਹੋਵੇਗਾ।
ਸ਼ਿਕਾਰ ‘ਤੇ ਗਿਆ ਰਾਜਾ ਦੁਸ਼ਿਅੰਤ ਵਣਾਂ ਵਿਚ ਰਹਿੰਦੀ ਸ਼ਕੁੰਤਲਾ ਨੂੰ ਮਿਲਦਾ ਹੈ। ਦੋਨਾਂ ਦਾ ਆਪਸ ਵਿਚ ਪਿਆਰ ਪੈ ਜਾਂਦਾ ਹੈ। ਪਿਤਾ ਦੀ ਗੈਰਹਾਜ਼ਰੀ ਵਿਚ ਸ਼ਕੁੰਤਲਾ ਦੁਸ਼ਿਅੰਤ ਨਾਲ ਗੰਧਰਵ ਵਿਆਹ ਰਚਾ ਲੈਂਦੀ ਹੈ। ਉਹ ਕੁਝ ਸਮਾਂ ਇਕੱਠੇ ਰਹਿੰਦੇ ਹਨ ਤੇ ਇਸ ਸਮੇਂ ਦੌਰਾਨ ਸ਼ਕੁੰਤਲਾ ਗਰਭਵਤੀ ਹੋ ਜਾਂਦੀ ਹੈ। ਆਖਰ ਰਾਜੇ ਨੇ ਵਾਪਿਸ ਮੁੜਨਾ ਹੁੰਦਾ ਹੈ। ਉਹ ਸ਼ਕੁੰਤਲਾ ਨੂੰ ਮਹਿਲਾਂ ਵਿਚ ਬੁਲਾਉਣ ਦਾ ਵਾਅਦਾ ਕਰਕੇ ਵਿਦਾ ਹੁੰਦਾ ਹੈ ਤੇ ਜਾਣ ਲੱਗਿਆਂ ਆਪਣੇ ਵਿਆਹ ਦੀ ਨਿਸ਼ਾਨੀ ਵਜੋਂ ਸ਼ਕੁੰਤਲਾ ਦੇ ਮੁੰਦਰੀ ਪਹਿਨਾ ਦਿੰਦਾ ਹੈ, ਮੁੰਦਰੀ ਜਿਸ ਵਿਚ ਉਸ ਦੇ ਪਿਆਰ ਦੀ ਛਾਪ ਜੜੀ ਹੁੰਦੀ ਹੈ। ਇਕ ਦਿਨ ਦੁਰਵਾਸ਼ਾ ਰਿਸ਼ੀ ਸ਼ਕੁੰਤਲਾ ਦੀ ਝੋਂਪੜੀ ਵਿਚ ਪਧਾਰਦਾ ਹੈ। ਆਪਣੇ ਪਤੀ ਦੇ ਖਿਆਲਾਂ ਵਿਚ ਖੋਈ ਸ਼ਕੁੰਤਲਾ ਉਸ ਵੱਲ ਧਿਆਨ ਨਾ ਦੇ ਸਕੀ। ਗੁੱਸੇ ਵਿਚ ਆਏ ਦੁਰਵਾਸ਼ਾ ਨੇ ਉਸ ਨੂੰ ਬੁਰਾ ਭਲਾ ਕਹਿੰਦਿਆਂ ਸਰਾਪ ਦੇ ਦਿੱਤਾ ਕਿ ਜਿਸ ਦੇ ਖਿਆਲਾਂ ਵਿਚ ਮਗਨ ਤੂੰ ਮੇਰਾ ਅਪਮਾਨ ਕੀਤਾ ਹੈ, ਤੈਨੂੰ ਉਹ ਯਾਦ ਵੀ ਨਹੀਂ ਰੱਖੇਗਾ। ਸ਼ਕੁੰਤਲਾ ਦੀਆਂ ਸਖੀਆਂ ਵਲੋਂ ਮਿੰਨਤ ਤਰਲਾ ਕਰਨ ‘ਤੇ ਰਿਸ਼ੀ ਆਪਣਾ ਸਰਾਪ ਨਰਮ ਕਰ ਲੈਂਦਾ ਹੈ। ਚਲੋ ਜੇ ਤੂੰ ਕੋਈ ਆਪਣੇ ਪਿਆਰੇ ਨੂੰ ਨਿਸ਼ਾਨੀ ਦਿਖਾ ਸਕੇਂਗੀ ਤਾਂ ਉਸ ਨੂੰ ਤੇਰੀ ਯਾਦ ਆ ਜਾਵੇਗੀ।
ਪਰ ਸਰਾਪ ਦੇ ਅਸਰ ਕਾਰਨ ਦੁਸ਼ਿਅੰਤ ਸ਼ਕੁੰਤਲਾ ਨੂੰ ਭੁਲਾ ਦਿੰਦਾ ਹੈ। ਸ਼ਕੁੰਤਲਾ ਦੇ ਇਕ ਬਾਲ ਹੋ ਜਾਂਦਾ ਹੈ ਜਿਸ ਦਾ ਨਾਂ ‘ਭਾਰਤ’ ਰੱਖਿਆ ਗਿਆ। ਚਿੰਤਾਤੁਰ ਬਾਬਲ ਆਪਣੀ ਧੀ ਅਤੇ ਉਸ ਦੇ ਬੱਚੇ ਨੂੰ ਪਤੀ ਦੇ ਘਰ ਲੈ ਜਾਂਦਾ ਹੈ। ਰਾਹ ਵਿਚ ਦਰਿਆ ਪਾਰ ਕਰਦਿਆਂ ਸ਼ਕੁੰਤਲਾ ਦੇ ਹੱਥੋਂ ਮੁੰਦਰੀ ਪਾਣੀ ਦੀ ਧਾਰਾ ਵਿਚ ਡਿੱਗ ਪੈਂਦੀ ਹੈ। ਸ਼ਕੁੰਤਲਾ ਜਦ ਦੁਸ਼ਿਅੰਤ ਦੇ ਮਹਿਲਾਂ ਵਿਚ ਪੁੱਜਦੀ ਹੈ ਤਾਂ ਉਹ ਸਰਾਪ ਦੇ ਅਸਰ ਕਾਰਨ ਉਸ ਨੂੰ ਪਛਾਨਣ ਤੋਂ ਇਨਕਾਰ ਕਰ ਦਿੰਦਾ ਹੈ ਤੇ ਮਹਿਲਾਂ ਵਿਚ ਸ਼ਰਨ ਦੇਣ ਲਈ ਵੀ ਤਿਆਰ ਨਹੀਂ। ਵਿਚਾਰਿਆਂ ਨੂੰ ਵਾਪਿਸ ਮੁੜਨਾ ਪੈਂਦਾ ਹੈ। ਕਾਫੀ ਸਮੇਂ ਪਿਛੋਂ ਇਕ ਮਾਛੀ ਨੂੰ ਪਕੜੀ ਹੋਈ ਮੱਛੀ ਦੇ ਪੇਟ ਵਿਚੋਂ ਉਹੀ ਮੁੰਦਰੀ ਲਭਦੀ ਹੈ ਤਾਂ ਉਹ ਇਸ ਨੂੰ ਮਹਿਲਾਂ ਵਿਚ ਲੈ ਜਾਂਦਾ ਹੈ। ਦੁਸ਼ਿਅੰਤ ਨੂੰ ਉਹ ਮੁੰਦਰੀ ਦੇਖ ਕੇ ਸਭ ਕੁਝ ਯਾਦ ਆ ਜਾਂਦਾ ਹੈ। ਉਸ ਦਾ ਮਨ ਗੁਨਾਹ ਅਤੇ ਬੇਇਨਸਾਫੀ ਦੇ ਭਾਵਾਂ ਨਾਲ ਭਰ ਜਾਂਦਾ ਹੈ ਤੇ ਉਹ ਸ਼ਕੁੰਤਲਾ ਨੂੰ ਲੈਣ ਵਣਾਂ ਵਿਚ ਚਲਾ ਜਾਂਦਾ ਹੈ। ਖੈਰ, ਸ਼ਕੁੰਤਲਾ ਉਸ ਨੂੰ ਮੁਆਫ ਕਰ ਦਿੰਦੀ ਹੈ। ਦੋਨਾਂ ਦਾ ਮਿਲਣ ਹੋ ਜਾਂਦਾ ਹੈ ਤੇ ਉਹ ਖੁਸ਼ੀ ਖੁਸ਼ੀ ਵਿਆਹੁਤਾ ਜੀਵਨ ਬਤੀਤ ਕਰਦੇ ਹਨ।
ਦੱਸਿਆ ਜਾਂਦਾ ਹੈ ਕਿ ਸ਼ਕੁੰਤਲਾ ਦੇ ਪੇਟੋਂ ਪੈਦਾ ਹੋਏ ਬੱਚੇ ਦੇ ਨਾਂ ‘ਤੇ ਹੀ ਦੇਸ਼ ਦਾ ਨਾਂ ਭਾਰਤ ਰੱਖਿਆ ਗਿਆ। ਸ਼ਕੁੰਤਲਾ ਦਾ ਇਹ ਨਾਂ ‘ਸ਼ਕੁਨ’ ਸ਼ਬਦ ਤੋਂ ਰੱਖਿਆ ਗਿਆ ਸੀ ਜਿਸ ਦਾ ਮਤਲਬ ਵੱਡਾ ਪੰਛੀ ਖਾਸ ਤੌਰ ‘ਤੇ ਇੱਲ ਆਦਿ ਹੁੰਦਾ ਹੈ। ਇਹ ਸ਼ਬਦ ਆਮ ਪੰਛੀ ਲਈ ਵੀ ਵਰਤਿਆ ਜਾਂਦਾ ਹੈ। ਕਹਾਣੀ ਅਨੁਸਾਰ ਸ਼ਕੁਨ ਕਹਾਉਂਦੇ ਇਹ ਪੰਛੀ ਜੰਗਲ ਦੇ ਖੂੰਖਾਰ ਜਾਨਵਰਾਂ ਤੋਂ ਸ਼ਕੁੰਤਲਾ ਦੀ ਰੱਖਿਆ ਕਰਦੇ ਸਨ। ਇਹ ਸ਼ਕੁਨ ਸ਼ਬਦ ਹੀ ਪੰਜਾਬੀ ਵਿਚ ਆ ਕੇ ਸ਼ਗਨ ਬਣ ਗਿਆ। ਕਿਸੇ ਕੰਮ ‘ਚ ਹੱਥ ਪਾਉਣ ਲੱਗਿਆਂ ਸ਼ਗਨ ਵਿਚਾਰੇ ਜਾਂਦੇ ਹਨ ਕਿਉਂਕਿ ਪੁਰਾਣੇ ਸਮਿਆਂ ਵਿਚ ਪੰਛੀ ਦੀ ਚਾਲ ਅਤੇ ਬੋਲੀ ਤੋਂ ਲੋਕ ਬੁਰੇ ਭਲੇ ਨਤੀਜਿਆਂ ਦੀ ਆਸ ਰਖਦੇ ਸਨ, “ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵਹਿ॥” -ਗੁਰੂ ਅਰਜਨ ਦੇਵ।
ਸ਼ਗਨ ਤੋਂ ਪੰਜਾਬੀ ‘ਚ ਸਉਣ ਸ਼ਬਦ ਬਣਿਆ ਜੋ ਗੁਰਬਾਣੀ ਵਿਚ ਇਨ੍ਹਾਂ ਅਰਥਾਂ ਵਿਚ ਆਉਂਦਾ ਹੈ, “ਸੋਈ ਸਾਸਤੁ ਸਉਣ ਸੋਇ॥” -ਗੁਰੂ ਅਰਜਨ ਦੇਵ। ਸਉਣ ਸਾਸਤ ਉਸ ਸ਼ਾਸਤਰ ਨੂੰ ਆਖਦੇ ਹਨ ਜਿਸ ਤੋਂ ਭਲੇ ਬੁਰੇ ਸ਼ਗਨਾਂ ਦਾ ਫਲ ਲਿਆ ਜਾਵੇ, “ਛਨਿਛਰਵਾਰ ਸਉਣ-ਸਾਸਤ ਬੀਚਾਰ” -ਗੁਰੂ ਰਾਮ ਦਾਸ।
ਇਸ ਪ੍ਰਸੰਗ ਵਿਚ ਮੁੰਦੀ ਸ਼ਬਦ ਦੇ ਮੁਢਲੇ ਅਰਥਾਂ ‘ਤੇ ਵਿਚਾਰ ਕਰਨਾ ਜ਼ਰੂਰੀ ਹੈ। ਸੰਸਕ੍ਰਿਤ ਵਿਚ ਇਕ ਸ਼ਬਦ ਹੈ ‘ਮੁਦ੍ਰ’ ਜਿਸ ਦਾ ਅਰਥ ਬੰਦ ਕਰਨਾ, ਛਾਪ ਲਾਉਣਾ, ਮੋਹਰ ਲਾਉਣਾ, ਠੱਪਾ ਲਾਉਣਾ ਆਦਿ ਹੁੰਦਾ ਹੈ। ਬੰਦ ਕਰਨਾ ਅਤੇ ਛਾਪ ਲਾਉਣਾ ਭਾਵਾਂ ਵਿਚ ਕੀ ਸਾਂਝ ਹੋ ਸਕਦੀ ਹੈ? ਸੋਚੋ, ਦੋਨਾਂ ਵਿਚ ਦਬਾਉਣ ਦੀ ਕ੍ਰਿਆ ਹੈ। ਜੇ ਅਸੀਂ ਹੱਥਾਂ ਨਾਲ ਕੰਨ ਜਾਂ ਅੱਖਾਂ ਦਬਾਉਂਦੇ ਹਾਂ ਤਾਂ ਉਹ ਬੰਦ ਹੋ ਜਾਂਦੀਆਂ ਹਨ। ਕਿਸੇ ਠੱਪੇ ਨੂੰ ਕਪੜੇ ‘ਤੇ ਦਬਾਉਣ ਨਾਲ ਉਹ ਆਪਣੀ ਛਾਪ ਛੱਡਦਾ ਹੈ। ਮੁਦ੍ਰਣ ਦਾ ਅਰਥ ਛਾਪਣਾ ਹੁੰਦਾ ਹੈ ਤੇ ਮੁਦ੍ਰਕ ਛਾਪਕ ਨੂੰ ਆਖਦੇ ਹਨ। ਠੱਪ ਦੇਣਾ ਦਾ ਮਤਲਬ ਬੰਦ ਕਰਨਾ ਹੁੰਦਾ ਹੈ ਤੇ ਠੱਪਾ ਲਾਉਣਾ ਦਾ ਮਤਲਬ ਛਾਪਣਾ ਹੁੰਦਾ ਹੈ। ਅੰਗਰੇਜ਼ੀ ‘ਸੀਲ’ ਦਾ ਅਰਥ ਬੰਦ ਕਰਨਾ ਵੀ ਤੇ ਮੁਹਰ ਛਾਪ ਵੀ ਹੁੰਦਾ ਹੈ। ਮੁੰਦਣਾ ਸ਼ਬਦ ਇਸੇ ਮੁਦ੍ਰ ਤੋਂ ਆ ਰਿਹਾ ਹੈ ਜਿਸ ਦਾ ਅਰਥ ਕੋਈ ਵੀ ਚੀਜ਼ ਬੰਦ ਕਰਨਾ ਹੁੰਦਾ ਹੈ ਜਿਵੇਂ ਅੱਖਾਂ ਮੁੰਦਣਾ। ਮੁੰਦਰੀ ਜਾਂ ਮੁੰਦੀ ਦਰਅਸਲ ਉਹ ਗਹਿਣਾ ਹੈ ਜਿਸ ਵਿਚ ਕੋਈ ਅੱਖਰ ਛਾਪੇ ਜਾਂ ਖੁਣੇ ਹੋਣ। ਧਿਆਨ ਦਿਉ ਛਾਪ ਦਾ ਅਰਥ ਮੁੰਦੀ ਵੀ ਹੁੰਦਾ ਹੈ ਤੇ ਛਪੇ ਹੋਏ ਅੱਖਰ ਜਾਂ ਚਿੱਤਰ ਵੀ। ਮੁੰਦਰੀ ਦਾ ਸੰਸਕ੍ਰਿਤ ਰੂਪ ਮੁਦ੍ਰਿਕਾ ਹੁੰਦਾ ਹੈ। ਇਸ ਤੋਂ ਹੀ ਨਿਸ਼ਾਨ, ਭੇਖ ਚਿੰਨ੍ਹ, ਵਿਖਾਵਾ ਆਦਿ ਦੇ ਭਾਵ ਸਾਹਮਣੇ ਆਏ। ਇਸ ਤੋਂ ਪ੍ਰਸੰਨਤਾ, ਖੁਸ਼ੀ ਦੇ ਭਾਵ ਆਏ, “ਹਮਰੀ ਮੁਦ੍ਰ ਨਮਹਰਿ ਸੁਆਮੀ” -ਰਾਮ ਦਾਸ।
ਇਸ ਸੰਦਰਭ ਵਿਚ ਸਭ ਤੋਂ ਅਹਿਮ ਸ਼ਬਦ ਹੈ ਮੁਦਰਾ ਜਾਂ ਮੁਦ੍ਰਾ ਜੋ ਵਿਆਪਕ ਅਰਥਾਂ ਵਿਚ ਵਰਤਿਆ ਜਾਂਦਾ ਹੈ। ਮੁਦਰਾ ਮਨੁਖੀ ਹਾਵ-ਭਾਵ ਦਾ ਪ੍ਰਗਟਾਅ ਹੈ। ਇਹ ਮੂਰਤੀਆਂ ਵਿਚ ਵੀ ਦਰਸਾਇਆ ਜਾਂਦਾ ਹੈ ਤੇ ਨਾਚ ਵਿਚ ਵੀ। ਨਾਥ ਪੰਥੀ ਜੋਗ ਸਾਧਨਾ ਦੇ ਅੰਤਰਗਤ ਇਹ ਅਧਿਆਤਮਕ ਰੂਪ ਲੈ ਲੈਂਦਾ ਹੈ। ਨਾਥ ਪੰਥੀ ਉਂਗਲੀਆਂ ਦੀਆਂ ਅਜੀਬੋ ਗਰੀਬ ਮੁਦਰਾਵਾਂ ਬਣਾ ਕੇ ਅਨੇਕਾਂ ਪ੍ਰਕਾਰ ਦੇ ਸੰਕੇਤ ਪ੍ਰਗਟਾਉਂਦੇ ਹਨ। ਕਿਸੇ ਭਾਵ ਨੂੰ ਕੇਵਲ ਚਿੰਨ੍ਹ ਜਾਂ ਭੇਖ ਰੂਪ ਵਿਚ ਪ੍ਰਸਤੁਤ ਕਰਨਾ ਵੀ ਮੁਦਰਾ ਹੈ। ਏਥੇ ਆ ਕੇ ਨਾਥ ਪੰਥ ਅਨੁਸਾਰ ਕੰਨ ਪੜਵਾ ਕੇ ਮੁੰਦਰਾਂ ਧਾਰਨ ਕਰਨ ਦਾ ਆਸ਼ਾ ਵੀ ਸਮਝ ਆਉਂਦਾ ਹੈ। ਮੁੰਦਰਾਂ ਲਈ ਮੁੰਦਾ ਸ਼ਬਦ ਵੀ ਚਲਦਾ ਹੈ, “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿ ਭੂਤਿ” -ਜਪੁ। ਮੁੰਦਰਾਂ ਇਕੋ ਵੇਲੇ ਕੰਨ ਵੀ ਮੁੰਦਦੀਆਂ ਹਨ ਤੇ ਨਾਲ ਦੀ ਨਾਲ ਨਾਥ ਪੰਥ ਦੀਆਂ ਗੁਝੀਆਂ ਧਾਰਨਾਵਾਂ ਦਾ ਚਿੰਨ੍ਹ ਵੀ ਹਨ। ਗੁਰੂ ਸਾਹਿਬ ਨੇ ਇਸ ਦੀ ਅਲੋਚਨਾ ਕੀਤੀ ਹੈ, “ਜੋਗਿ ਨਾ ਮੁੰਦੀ ਮੂਡਿਮੁਡਾਇਆ।” ਸਿਧਿ ਗੋਸਟਿ ਵਿਚ ਗੁਰੂ ਸਾਹਿਬ ਪ੍ਰਸ਼ਨ ਕਰਦੇ ਹਨ, “ਗਿਆਨ ਕੀ ਮੁਦ੍ਰਾ ਕਵਨ ਅਉਧੂ?”
ਮੁਦ੍ਰਾ ਇਕ ਅਰਥ ਅਲੰਕਾਰ ਵੀ ਹੈ ਜਿਸ ਵਿਚ ਕੋਈ ਪ੍ਰਸੰਗ ਕਹਿੰਦੇ ਹੋਏ ਕਿਸੇ ਪਦ ਦੁਆਰਾ ਹੋਰ ਅਰਥਾਂ ਦਾ ਬੋਧ ਵੀ ਹੁੰਦਾ ਹੈ ਜਿਵੇਂ “ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ” ਵਿਚ ਸੂਅਰ ਮੁਸਲਮਾਨ ਲਈ ਅਤੇ ਗਾਇ ਹਿੰਦੂ ਦਾ ਸੰਕੇਤਕ ਬਣਦਾ ਹੈ। ਇਸ ਵਿਚ ਛਪਣ ਦੇ ਅਰਥ ਸਮਾਏ ਹੋਣ ਕਾਰਨ ਹੀ ਮੁਦ੍ਰਾ ਜਿਸ ਨੂੰ ਅਸੀਂ ਅੱਜ ਕਲ੍ਹ ਮੁਦਰਾ ਵਜੋਂ ਲਿਖਦੇ ਹਾਂ, ਕਰੰਸੀ ਦੇ ਭਾਵ ਵੀ ਦਿੰਦਾ ਹੈ। ਸਿੱਕਾ ਜਾਂ ਕਰੰਸੀ ਅਸਲ ਵਿਚ ਸਰਕਾਰ ਵਲੋਂ ਪਰਜਾ ਅੱਗੇ ਪੇਸ਼ ਕੀਤਾ ਉਹ ਸਾਧਨ ਹੈ ਜਿਸ ਉਤੇ ਸਰਕਾਰੀ ਮੋਹਰ ਦੀ ਛਾਪ ਹੁੰਦੀ ਹੈ। ਬਿਨਾਂ ਅਧਿਕਾਰਿਤ ਛਾਪ ਤੋਂ ਖਾਲੀ ਕਾਗਜ਼ ਜਾਂ ਧਾਤ ਦਾ ਟੁਕੜਾ ਮੁਦਰਾ ਨਹੀਂ ਹੈ। ਇਥੇ ਤੁਹਾਨੂੰ ਇਕ ਦਿਲਚਸਪ ਗੱਲ ਦਸਦੇ ਹਾਂ। ਰਾਜਿਆਂ ਦੇ ਰਸੋਈ ਘਰ ਦਾ ਇੰਚਾਰਜ ਆਪਣੇ ਸਾਹਮਣੇ ਭੋਜਨ ਤਿਆਰ ਕਰਵਾ ਕੇ ਦੇਗਾਂ ‘ਤੇ ਮੋਹਰਾਂ ਲਾਉਂਦਾ ਸੀ ਤਾਂ ਕਿ ਕੋਈ ਜ਼ਹਿਰ ਆਦਿ ਨਾ ਮਿਲਾ ਸਕੇ। ਇਸ ਕ੍ਰਿਆ ਨੂੰ ਮੁੰਦਣਾ ਕਹਿੰਦੇ ਹਨ। ਇਹੀ ਮੁੰਦਾਵਣੀ ਵੀ ਹੈ। ਇਹ ਭਾਵ ਗੁਰੂ ਗ੍ਰੰਥ ਸਾਹਿਬ ਵਿਚ ਇਸ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ, “ਏਹ ਮੁਦਾਵਣੀ ਸਤਿਗੁਰੂ ਗੁਰਸਿਖਾਂ ਲਧੀ ਭਾਲ” -ਗੁਰੂ ਅਮਰ ਦਾਸ। ਭਾਵ ਗੁਰਉਪਦੇਸ਼ ਸਿੱਖਾਂ ਦਾ ਮਨ ਦ੍ਰਿੜਾ ਕੇ ਸਤਿਗੁਰ ਨੇ ਸਿੱਖਾਂ ਦੇ ਮੋਹਰਛਾਪ ਲਾ ਦਿੱਤੀ ਹੈ ਤਾਂ ਕਿ ਨੇਮਾਂ ਵਿਚ ਗੜਬੜ ਨਾ ਹੋਵੇ। “ਮੁੰਦਾਵਣੀ ਮਹਲਾ 5” ਸਿਰਲੇਖ ਅਧੀਨ ਆਈ ਮੁੰਦਾਵਣੀ ਦਾ ਭਾਵ ਅੰਤਮ ਮੁਹਰਛਾਪ ਹੈ ਅਰਥਾਤ ਪਾਠ ਦੀ ਸਮਾਪਤੀ ਹੋ ਗਈ ਹੈ, ਭੋਗ ਪੈ ਗਿਆ ਹੈ। ਮੁਦਰਾ ਦੇ ਹੀ ਬਹੁਤੇ ਅਰਥ ਰਖਦਾ ਫਾਰਸੀ ਸੁਜਾਤੀ ਸ਼ਬਦ ਮੁਹਰ ਹੈ। ਪਾਠਕ ਦੇਖਣਗੇ ਕਿ ਮੁਹਰ ਵਿਚ ਹੀ ਛਾਪ ਦੇ ਅਰਥ ਵੀ ਸਮਾਏ ਹੋਏ ਹਨ।
ਸ਼ਕੁੰਤਲਾ ਦੀ ਕਹਾਣੀ ਵਿਚ ਮੁੰਦੀ ਦਾ ਅਹਿਮ ਰੋਲ ਹੈ। ਮੁੰਦੀ ਵਿਚ ਹੀ ਦੁਸ਼ਿਅੰਤ ਦਾ ਸ਼ਕੁੰਤਲਾ ਨਾਲ ਪਿਆਰ ਖੁਣਿਆ ਹੋਇਆ ਸੀ। ਤੇ ਇਹ ਮੁੰਦਰੀ ਲਭਣ ਪਿਛੋਂ ਹੀ ਪਿਆਰ ਮੁੜ ਜਾਗ੍ਰਿਤ ਹੁੰਦਾ ਹੈ।

Be the first to comment

Leave a Reply

Your email address will not be published.