ਗੁਰਬਚਨ ਸਿੰਘ ਭੁੱਲਰ
ਪ੍ਰੋæ ਮਾਨ ਦੀ ਸ਼ਖਸੀਅਤ ਅਜਿਹੀ ਪਿਆਰੀ ਸੀ ਕਿ ਜੋ ਇਕ ਵਾਰ ਉਨ੍ਹਾਂ ਦੇ ਸੰਪਰਕ ਵਿਚ ਆ ਜਾਂਦਾ, ਨਾ ਉਹ ਇਨ੍ਹਾਂ ਨੂੰ ਛਡਦਾ ਸੀ ਅਤੇ ਨਾ ਇਹ ਉਹਨੂੰ ਮਿੱਤਰ-ਘੇਰੇ ਵਿਚੋਂ ਨਿਕਲਣ ਦਿੰਦੇ ਸਨ। ਇਹ ਲੰਮੀ ਸੂਚੀ ਲਾਇਲਪੁਰ ਦੇ ਬਾਰ ਖਾਲਸਾ ਹਾਈ ਸਕੂਲ ਚੱਕ ਨੰਬਰ 41 ਵਿਚ ਉਨ੍ਹਾਂ ਵਾਲੇ ਹੀ ਡੈਸਕ ਉਤੇ ਬੈਠਣ ਵਾਲੇ ਇੰਦਰਜੀਤ, ਜੋ ਮਗਰੋਂ ਇਮਰੋਜ਼ ਆਰਟਿਸਟ ਬਣਿਆ, ਤੋਂ ਸ਼ੁਰੂ ਕਰ ਕੇ ਅੰਤਲੇ ਦਿਨੀਂ ਕੈਨੇਡਾ ਵਿਚ ਬਣੇ ਨਵੇਂ ਮਿੱਤਰਾਂ ਤੱਕ ਜਾ ਪੁਜਦੀ ਹੈ। ਇਨ੍ਹਾਂ ਵਿਚ ਪਹਿਲਾਂ ਆ ਚੁੱਕੇ ਨਾਂਵਾਂ ਤੋਂ ਇਲਾਵਾ ਡਾæ ਪ੍ਰੇਮ ਪ੍ਰਕਾਸ਼ ਸਿੰਘ, ਡਾæ ਸੁਰਿੰਦਰ ਸਿੰਘ ਕੋਹਲੀ, ਗਿਆਨੀ ਲਾਲ ਸਿੰਘ, ਪ੍ਰੋæ ਪ੍ਰੀਤਮ ਸਿੰਘ, ਦਲੀਪ ਕੌਰ ਟਿਵਾਣਾ, ਫਿਕਰ ਤੌਂਸਵੀ, ਜਗਜੀਤ ਸਿੰਘ ਅਨੰਦ ਤੇ ਉਰਮਿਲਾ, ਸੁਰਿੰਦਰ ਕੌਰ ਦੇ ਜੀਵਨ-ਸਾਥੀ ਪ੍ਰੋæ ਜੁਗਿੰਦਰ ਸਿੰਘ ਸੋਢੀ, ਡਾæ ਪਰੇਮ ਸਿੰਘ ਤੇ ਦਿਲਬੀਰ ਕੌਰ ਆਦਿ ਜਿਹੇ ਵਿਦਵਾਨ ਤੇ ਲੇਖਕ ਅਤੇ ਪ੍ਰਿਥਵੀਰਾਜ ਕਪੂਰ, ਬਲਰਾਜ ਸਾਹਨੀ ਤੇ ਭੀਸ਼ਮ ਸਾਹਨੀ, ਹਬੀਬ ਤਨਵੀਰ, ਅਚਲਾ ਸਚਦੇਵ, ਡਾæ ਹਰਚਰਨ ਸਿੰਘ ਨਾਟਕਕਾਰ, ਗੁਰਸ਼ਰਨ ਭਾਅ ਜੀ, ਹਰਪਾਲ ਤੇ ਨੀਨਾ ਦੀ ਟਿਵਾਣਾ ਜੋੜੀ ਆਦਿ ਜਿਹੀਆਂ ਫਿਲਮੀ ਤੇ ਰੰਗਮੰਚੀ ਹਸਤੀਆਂ ਸ਼ਾਮਲ ਸਨ।
ਰਾਮਪੁਰਾ ਫੂਲ ਵਾਲੀ ਕਾਨਫਰੰਸ ਤੋਂ ਮਗਰੋਂ ਉਨ੍ਹਾਂ ਨੂੰ ਸੁਣਨ ਦਾ ਸਬੱਬ ਕਦੀ ਨਾ ਬਣਿਆ। ਬੱਸ ਅਖਬਾਰਾਂ ਵਿਚ ਛਾਈਆਂ ਹੋਈਆਂ ਅਮਨ ਲਹਿਰ ਤੇ ਇਪਟਾ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਅਤੇ ਉਨ੍ਹਾਂ ਵਿਚ ਪ੍ਰੋæ ਮਾਨ ਦਾ ਨਾਂ ਬੋਲਦਾ ਰਹਿੰਦਾ। ਮੈਂ ਆਪਣੇ ਕੰਮਕਾਜੀ ਜੀਵਨ ਵਿਚ ਪੈ ਗਿਆ ਅਤੇ ਕੁਛ ਸਾਲਾਂ ਮਗਰੋਂ ਦਿੱਲੀ ਆ ਗਿਆ। ਪ੍ਰੋæ ਮਾਨ ਵੀ ਪੰਜਾਬੀ ਦੇ ਲੈਕਚਰਾਰ ਲੱਗ ਗਏ। ਸਮੇਂ ਨਾਲ ਦੇਸ਼ ਦੀ ਰਾਜਨੀਤੀ ਦਾ ਰੰਗ-ਰੂਪ ਬਦਲਣ ਲੱਗਾ ਅਤੇ ਕੌਮਾਂਤਰੀ ਹਾਲਤਾਂ ਦੇ ਅਸਰ ਕਾਰਨ 1964 ਵਿਚ ਕਮਿਊਨਿਸਟ ਪਾਰਟੀ ਦੋ ਟੋਟਿਆਂ ਵਿਚ ਵੰਡੀ ਗਈ। ਪਾਰਟੀ ਅਮਨ ਲਹਿਰ ਤੇ ਇਪਟਾ ਦੀ ਆਧਾਰੀ ਸ਼ਕਤੀ ਤੇ ਪ੍ਰੇਰਨਾ ਸੀ। ਨਤੀਜੇ ਵਜੋਂ ਸਿਆਸੀ ਲੋਕਾਂ ਵਿਚ ਤਾਂ ਛਾਈ ਜਾਂ ਨਾ ਛਾਈ, ਸਾਹਿਤਕ-ਸਭਿਆਚਾਰਕ ਖੇਤਰ ਦੇ ਖੱਬੇ-ਪੱਖੀ ਸੋਚ ਵਾਲੇ ਲੋਕਾਂ ਵਿਚ ਬਹੁਤ ਬੇਦਿਲੀ, ਉਦਾਸੀ ਤੇ ਨਿਰਾਸ਼ਾ ਛਾ ਗਈ। ਇਪਟਾ ਦੀਆਂ ਸਰਗਰਮੀਆਂ ਖਾਸ ਕਰਕੇ ਮੱਠੀਆਂ ਪੈਣ ਲੱਗੀਆਂ। ਪੰਜਾਬ ਵਿਚ ਇਪਟਾ ਦੇ ਮੁੱਖ ਜਥੇਬੰਦਕ ਤੇਰਾ ਸਿੰਘ ਚੰਨ ਨੇ 1967 ਵਿਚ ਦਿੱਲੀ ਜਾ ਕੇ ਸੋਵੀਅਤ ਦੂਤਾਵਾਸ ਦੀ ਨੌਕਰੀ ਕਰ ਲਈ। ਪ੍ਰੋæ ਮਾਨ ਦੇ ਧਿਆਨ ਦਾ ਕੇਂਦਰ ਵੀ ਮੰਚ ਦੀ ਥਾਂ ਵਿਦਿਆਰਥੀਆਂ ਨੂੰ ਉਸਾਰੂ ਕਦਰਾਂ-ਕੀਮਤਾਂ ਦੇ ਲੜ ਲਾ ਕੇ ਚੰਗੇ ਮਨੁੱਖ ਬਣਾਉਣ ਅਤੇ ਲੋਕ-ਪੱਖੀ ਅੱਗੇਵਧੂ ਸਭਿਆਚਾਰ ਤੇ ਜੀਵਨ-ਸ਼ੈਲੀ ਨਾਲ ਜੋੜਨ ਉਤੇ ਕੇਂਦਰਿਤ ਹੋ ਗਿਆ। ਪਰ ਜਿਥੇ ਅਤੇ ਜਦੋਂ ਵੀ ਲੋਕ-ਹਿਤੈਸ਼ੀ ਮੰਚ ਜਾਂ ਗਾਇਕੀ ਦੀ ਗੱਲ ਚਲਦੀ, ਉਨ੍ਹਾਂ ਦਾ ਜ਼ਿਕਰ ਜ਼ਰੂਰ ਹੁੰਦਾ।
ਫੇਰ ਪਤਾ ਲਗਿਆ, ਉਹ ਸੇਵਾ-ਮੁਕਤ ਹੋਣ ਪਿਛੋਂ ਆਪਣੇ ਬੱਚਿਆਂ ਕੋਲ ਕੈਨੇਡਾ ਚਲੇ ਗਏ ਹਨ। ਕੁਛ ਸਮੇਂ ਮਗਰੋਂ ਉਨ੍ਹਾਂ ਦੀ ਮਾੜੀ ਸਿਹਤ ਦੀਆਂ ਸੋਆਂ ਆਉਣ ਲੱਗੀਆਂ। ਉਨ੍ਹਾਂ ਨੂੰ ਕੈਂਸਰ ਦੀ ਨਾਮੁਰਾਦ ਬੀਮਾਰੀ ਹੋ ਗਈ ਸੀ। ਇਲਾਜ ਨਾਲ ਇਕ ਵਾਰ ਤਾਂ ਇਉਂ ਲੱਗਣ ਲੱਗਾ ਕਿ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ। ਇਸ ਚੰਦਰੇ ਰੋਗ ਦੇ ਦੋ-ਧਾਰੇ ਦੁਖਦਾਈ ਸਰੀਰਕ-ਮਾਨਸਿਕ ਅਨੁਭਵ ਸਦਕਾ ਅਤੇ ਕੈਂਸਰ ਸੈਂਟਰ ਦੇ ਅਮਲੇ ਦੀ ਦਿਆਲਤਾ ਤੇ ਸੰਭਾਲ ਦੇ ਡੂੰਘੇ ਪ੍ਰਭਾਵ ਸਦਕਾ ਉਹ ਨਵੇਂ ਸਿਰਿਉਂ ਮਿਲੀ ਤੰਦਰੁਸਤੀ ਦਾ ਰਿਣ ਚੁਕਾਉਣ ਸਬੰਧੀ ਸੋਚਣ ਲੱਗੇ। ਸੋਚ ਸੋਚ ਕੇ ਉਹ ਇਸ ਨਤੀਜੇ ਉਤੇ ਪਹੁੰਚੇ ਕਿ ਮੈਂ ਇਹ ਰਿਣ ਧਨ ਦੇ ਰੂਪ ਵਿਚ ਤਾਂ ਨਹੀਂ ਚੁਕਾ ਸਕਦਾ, ਕੋਈ ਭਲਾ ਕੰਮ ਕਰ ਕੇ ਤਾਂ ਚੁਕਾ ਹੀ ਸਕਦਾ ਹਾਂ। ਤੇ ਉਹ ਵਾਲੰਟੀਅਰ ਦਫ਼ਤਰ ਜਾ ਪਹੁੰਚੇ ਅਤੇ ਕੁਛ ਸਮਾਂ ਹਸਪਤਾਲ ਦੇ ਆਰਥੋਪੈਡਿਕ ਵਾਰਡ ਦੇ ਲੇਖੇ ਲਾਉਣ ਲੱਗੇ। ਉੁਹ ਰੋਗੀਆਂ ਦੀ ਸਰੀਰਕ-ਮਾਨਸਿਕ ਸਹਾਇਤਾ ਵਿਚ ਜੁਟ ਗਏ। ਉਹ ਉਨ੍ਹਾਂ ਨਾਲ ਗੱਲਾਂ ਕਰਦੇ, ਉਨ੍ਹਾਂ ਨੂੰ ਪਹੀਆ-ਕੁਰਸੀ ਉਤੇ ਬਿਠਾ ਕੇ ਬਾਹਰ ਘੁਮਾਉਂਦੇ, ਕੋਲ ਬੈਠ ਕੇ ਖੁਆਉਂਦੇ-ਪਿਆਉਂਦੇ ਅਤੇ ਜੇ ਕਿਸੇ ਮਰੀਜ਼ ਨੂੰ ਅਨੁਵਾਦ ਦੀ ਲੋੜ ਪੈਂਦੀ, ਉਹ ਅਨੁਵਾਦਕ ਬਣ ਜਾਂਦੇ। ਮਰੀਜ਼-ਸੰਭਾਲ ਦੀ ਪ੍ਰਬੰਧਕ ਦਾ ਕਹਿਣਾ ਸੀ, “ਪ੍ਰੋæ ਮਾਨ ਦਿਲੋਂ ਸਮਰਪਿਤ ਹਨ ਅਤੇ ਹਾਜ਼ਰ ਰਹਿੰਦੇ ਹਨ। ਮੈਂ ਉਨ੍ਹਾਂ ਦਾ ਆਉਣਾ ਸੱਚੀਉਂ ਉਡੀਕਦੀ ਰਹਿੰਦੀ ਹਾਂ। ਉਹ ਬਹੁਤ ਖ਼ੁਸ਼ਦਿਲ ਹਨ ਤੇ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਹਨ!”
ਪ੍ਰੋæ ਮਾਨ ਉਨ੍ਹਾਂ ਲੋਕਾਂ ਵਿਚੋਂ ਨਹੀਂ ਸਨ ਜੋ ਕਿਸੇ ਦੂਜੇ ਦੇਸ਼ ਰਹਿਣ ਚਲੇ ਵੀ ਜਾਂਦੇ ਹਨ ਅਤੇ ਆਪਣੇ ਸਭਿਆਚਾਰਕ-ਰਾਜਨੀਤਕ ਵਿਚਾਰਾਂ ਸਦਕਾ ਲਗਾਤਾਰ ਬੇਚੈਨੀ ਤੇ ਪ੍ਰੇਸ਼ਾਨੀ ਵੀ ਭੋਗਦੇ ਹਨ। ਉਹ ਸਾਰੀ ਮਨੁੱਖਜਾਤੀ ਨੂੰ ਇਕ ਸਮਝਦੇ ਸਨ। ਉਹ ਲਿਖਦੇ ਹਨ, “ਕੋਰੀਆ, ਵੀਤਨਾਮ, ਜਰਮਨ ਤੇ ਜਾਪਾਨ, ਹਿੰਦ, ਅਫ਼ਰੀਕਾ, ਮਲਾਇਆ ਤੇ ਈਰਾਨ, ਸਭਨੀਂ ਥਾਈਂ ਧੜਕਦੀ ਹੈ ਇਕੋ ਜਾਨ!” ਉਹ ਆਖਦੇ ਸਨ, “ਇਹ ਸੇਵਾ ਮੈਨੂੰ ਨਾਗਰਿਕ ਮਾਣ ਦੀ ਭਾਵਨਾ ਦਿੰਦੀ ਹੈ। ਇਹ ਨਵੇਂ ਸਭਿਆਚਾਰ ਦੇ ਸੰਪਰਕ ਵਿਚ ਆਉਣ ਤੇ ਉਹਦਾ ਅੰਗ ਬਣਨ ਦਾ ਮੌਕਾ ਦਿੰਦੀ ਹੈ।”
ਉਹ ਇੰਡੋ-ਕੈਨੇਡੀਅਨ ਐਸੋਸੀਏਸ਼ਨ ਆਫ਼ ਇਮੀਗ੍ਰਾਂਟ ਸੀਨੀਅਰਜ਼ ਨਾਂ ਦੀ ਬਜ਼ੁਰਗ ਭਾਰਤੀ ਆਵਾਸੀਆਂ ਦੀ ਸਭਾ ਦੇ ਮੈਂਬਰ ਬਣ ਗਏ ਅਤੇ ਛੇਤੀ ਹੀ ਜਨਰਲ ਸਕੱਤਰ ਚੁਣ ਲਏ ਗਏ। ਉਹ ਹੋਰਾਂ ਨੂੰ ਵੀ ਵਾਲੰਟੀਅਰ ਬਣਨ ਵਾਸਤੇ ਪ੍ਰੇਰਦੇ, “ਯਾਰ, ਇਕ ਵਾਰ ਵਾਲੰਟੀਅਰ ਬਣ ਕੇ ਤਾਂ ਦੇਖੋ! ਦੁਖਿਆਰੇ ਮਨੁੱਖਾਂ ਲਈ ਕੁਛ ਕਰੋ। ਜੇ ਤੁਸੀਂ ਅਧਿਆਪਕ ਹੁੰਦੇ ਸੀ, ਕਿਸੇ ਸਕੂਲ ਵਿਚ ਜਾਓ। ਜੇ ਤੁਸੀਂ ਫੌਜ ਵਿਚ ਸੀ, ਪੁਲਿਸ ਕੋਲ ਜਾਓ। ਇਹ ਕਮਾਲ ਦਾ ਦੇਸ਼ ਹੈ।æææਸਾਨੂੰ ਆਪਣਾ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਹੈ।” ਅਜਿਹੇ ਮੌਕੇ ਉਹ ਆਪਣੇ ਡਾਕਟਰ ਪਿਤਾ ਨੂੰ ਚੇਤੇ ਕਰਦੇ ਜੋ ਛੋਟੀ ਉਮਰੇ ਹੀ ਵਿਛੋੜਾ ਦੇ ਗਏ ਸਨ। ਉਹ ਜ਼ਰੂਰਤਮੰਦਾਂ ਨੂੰ ਮੁਫਤ ਡਾਕਟਰੀ ਸਹਾਇਤਾ ਤੇ ਦਵਾਈਆਂ ਦੇ ਕੇ ਘਰ ਪਰਤਦੇ ਤਾਂ ਉਨ੍ਹਾਂ ਦੇ ਚਿਹਰੇ ਉਤੇ ਕੋਈ ਭਲਾ ਕੰਮ ਕੀਤੇ ਹੋਣ ਦਾ ਜਲੌਅ ਹੁੰਦਾ। ਪ੍ਰੋæ ਮਾਨ ਦਾ ਕਹਿਣਾ ਸੀ, “ਉਹ ਮੇਰੇ ਅਸਲ ਰਾਹਨੁਮਾ ਹਨ। ਮੈਂ ਉਨ੍ਹਾਂ ਨੂੰ ਸੰਤ-ਪੁਰਸ਼ ਵਜੋਂ ਪਿਆਰਦਾ ਹਾਂ!” ਉਨ੍ਹਾਂ ਨੇ ਆਪਣੀ ਪੁਸਤਕ ‘ਮੁਹਾਂਦਰਾ’ ਵੀ ‘ਪਿਤਾ ਜੀ ਅਤੇ ਮਾਤਾ ਜੀ ਨੂੰ’ ਹੀ ਭੇਟ ਕੀਤੀ।
ਬੀਮਾਰੀ ਨੇ ਮੁੜ ਫੇਰਾ ਪਾਇਆ ਤਾਂ ਉਨ੍ਹਾਂ ਦਾ ਸਰੀਰ ਤਾਂ ਨਿਰਬਲ ਹੋਣ ਲੱਗਾ ਪਰ ਉਮਰ ਭਰ ਚੜ੍ਹਦੀ-ਕਲਾ ‘ਚ ਰਿਹਾ ਮਨ ਉਨ੍ਹਾਂ ਨੇ ਡੋਲਣ ਨਾ ਦਿੱਤਾ। ਉਹ ਕਹਿੰਦੇ ਸਨ, “ਸਿਹਤ ਸਬੰਧੀ ਕਈ ਤਕਲੀਫ਼ਾਂ ਝਲਦਿਆਂ ਵੀ ਜੀਵਨ ਬੜਾ ਪਿਆਰਾ ਲਗਦਾ ਹੈ।” ਬੀਮਾਰੀ ਦੀ ਹਾਲਤ ਵਿਚ ਆਖਰੀ ਵਾਰ ਉਹ 2006 ਵਿਚ ਦੇਸ਼ ਆਏ। ਪਟਿਆਲਾ ਤੋਂ ਨਿਕਲਦੇ ਪੰਜਾਬੀ ਰੋਜ਼ਾਨਾ ‘ਆਸ਼ਿਆਨਾ’ ਨੇ 30 ਮਾਰਚ ਨੂੰ ਉਨ੍ਹਾਂ ਬਾਰੇ ਤਸਵੀਰਾਂ ਸਮੇਤ ਇਕ ਲੇਖ ਛਾਪਿਆ। ਉਹਨੂੰ ਪੜ੍ਹ ਕੇ ਮੈਂ ਅਖ਼ਬਾਰ ਨੂੰ ਇਕ ਛੋਟਾ ਜਿਹਾ ਲੇਖ ਲਿਖ ਭੇਜਿਆ।
ਮੈਂ ਹੋਰ ਗੱਲਾਂ ਦੇ ਨਾਲ ਨਾਲ ਹੁਣ ਦੀ ਮੰਦਹਾਲ ਪੰਜਾਬੀ ਗਾਇਕੀ ਦੇ ਹਵਾਲੇ ਨਾਲ ਪ੍ਰੋæ ਮਾਨ ਦੀ ਸੁੱਚੀ-ਨਿਰਮਲ ਗਾਇਕੀ ਨੂੰ ਚੇਤੇ ਕੀਤਾ, “ਅੱਜ-ਕੱਲ੍ਹ ਦੀ ਲਗਭਗ ਸਾਰੀ ਹੀ ਪੰਜਾਬੀ ਗਾਇਕੀ ਉਜੱਡਤਾ ਅਤੇ ਲੱਚਰਤਾ ਦੇ ਧੱਕੇ ਚੜ੍ਹੀ ਹੋਈ ਹੈ। ਹੁਣ ਤਾਂ ਜੇ ਕੋਈ ਪੱਗ ਉਤੇ ਤੁਰਰਾ ਛੱਡ ਲਵੇ, ਗਲ ਵਿਚ ਕੰਠਾ ਪਾ ਲਵੇ, ਚਾਦਰ ਬੰਨ੍ਹ ਲਵੇ, ਤੱਤੇ ਰੇਤੇ ਉਤੇ ਖੜ੍ਹਿਆਂ ਵਾਂਗ ਬੇਚੈਨੀ ਨਾਲ ਇਕ ਪੈਰ ਚੁਕ ਲਵੇ, ਦੂਜਾ ਰੱਖ ਲਵੇ ਅਤੇ ਕਿਸੇ ਦੀਰਘ ਰੋਗ ਦੇ ਰੋਗੀ ਵਾਂਗ ਬੇਸੁਰੀ ਤੇ ਪਾਟੀ ਹੋਈ ਆਵਾਜ਼ ਵਿਚ ਹੋਇæææਹੋਇæææ ਹਾਇæææ ਹਾਇæææ ਦੀਆਂ ਹੂੰਗਰਾਂ ਮਾਰ ਸਕੇ, ਉਹ ਆਪਣੇ ਆਪ ਨੂੰ ਲੋਕ-ਗਾਇਕ ਕਹਾਉਂਦਾ ਹੈ। ਅਜਿਹੇ ਸੱਜਣ ਗਾਇਕੀ ਦੇ ਪੱਖੋਂ ਤਾਂ ਬੇਸੁਰੇ ਹਨ ਹੀ, ਮਨੁੱਖ ਹੋਣ ਦੇ ਪੱਖੋਂ ਵੀ ਬੇਸੁਰੇ ਹਨ। ਹਾਂ, ਬੇਅਕਲ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਏਨੀਂ ਅਕਲ ਜ਼ਰੂਰ ਹੈ ਕਿ ਇਨ੍ਹਾਂ ਦੀ ‘ਕਲਾ’ ਨੂੰ ਕਿਸੇ ਨੇ ਨਹੀਂ ਸੁਣਨਾ-ਦੇਖਣਾ। ਇਸ ਕਰਕੇ ਇਹ ਹੁਣ ਪੰਜਾਬ ਵਿਚ ਆਮ ਮਿਲਦੀਆਂ ਦਰਜਨ ਕੁ ਅਜਿਹੀਆਂ ਕੁੜੀਆਂ ਆਪਣੇ ਨਾਲ ਮੰਚ ਉਤੇ ਲੈ ਆਉਂਦੇ ਹਨ ਜੋ ਪੈਸੇ, ਪ੍ਰਸਿੱਧੀ ਅਤੇ ਚਮਕ-ਦਮਕ ਖਾਤਰ ਅੱਧੀਆਂ, ਪੌਣੀਆਂ ਜਾਂ ਵੱਧ ਨੰਗੀਆਂ ਹੋਣ ਲਈ ਤਤਪਰ ਰਹਿੰਦੀਆਂ ਹਨ। ਉਪਰੋਂ ਜ਼ੁਲਮ ਇਹ ਕਿ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਸਮਾਜ ਨਾਲ ਕਿਸੇ ਵੀ ਸਰੋਕਾਰ ਤੋਂ ਵਿਰਵੇ ਇਹ ਹੀਣੇ-ਊਣੇ ਬੰਦੇ-ਬੰਦੀਆਂ ਆਪਣੇ ਆਪ ਨੂੰ ਲੋਕ-ਗਾਇਕ ਕਹਾਉਂਦੇ ਹਨ। ਇਸ ਪ੍ਰਸੰਗ ਵਿਚ ਜਦੋਂ ਕਦੀ ਸਿਆਣੇ ਦੋਸਤਾਂ ਨਾਲ ਸਭਿਆਚਾਰ ਦੇ ਲੋਕ-ਹਿਤੈਸ਼ੀ ਰੂਪ ਦੀ ਗੱਲ ਚਲਦੀ ਹੈ, ਹੋਰ ਨਾਂਵਾਂ ਦੇ ਨਾਲ ਪ੍ਰੋæ ਨਰਿੰਜਣ ਸਿੰਘ ਮਾਨ ਦਾ ਨਾਂ ਉਭਰ ਕੇ ਸਾਹਮਣੇ ਆ ਜਾਂਦਾ ਹੈ।”
ਮੈਂ ਸਕੂਲ ਵਿਦਿਆਰਥੀ ਹੁੰਦਿਆਂ ਉਨ੍ਹਾਂ ਨੂੰ ਗਾਉਂਦਿਆਂ ਸੁਣਨ ਦੇ ਮਿਲੇ ਮੌਕੇ ਦਾ ਜ਼ਿਕਰ ਕਰ ਕੇ ਲੇਖ ਦੇ ਅੰਤ ਵਿਚ ਕਿਹਾ, “ਰਾਮਪੁਰਾ ਫੂਲ ਵਾਲੀ ਉਸ ਕਾਨਫ਼ਰੰਸ ਮਰਗੋਂ ਸੈਫ਼ੁਦੀਨ ਕਿਚਲੂ ਨੂੰ ਵੀ ਦੇਖਿਆ-ਸੁਣਿਆ ਅਤੇ ਸੁਰਿੰਦਰ ਕੌਰ ਨੂੰ ਦੇਖਣ-ਸੁਣਨ ਦੇ ਮੌਕਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਪ੍ਰੋæ ਮਾਨ ਦੇ ਸਬੰਧ ਵਿਚ ਪਰ ਉਹ ਇਕੱਲਾ-ਇਕਹਿਰਾ ਮੌਕਾ ਸੀ।æææਤੇ ਇਕੋ ਵਾਰ ਸੁਣ ਕੇ ਹੀ ਚੇਤੇ ਵਿਚ ਟਿਕੀ ਹੋਈ ਹੈ ਪ੍ਰੋæ ਮਾਨ ਦੀ ਟੂਣੇਹਾਰੀ ਆਵਾਜ਼! ਇਹ ਆਵਾਜ਼ ਸਿਮਰਤੀ ਵਿਚ ਏਨੀ ਸੱਜਰੀ ਹੈ ਕਿ ਜੇ ਮੇਰੇ ਵਿਚ ਜਗਜੀਤ ਸਿੰਘ ਜਾਂ ਜਗਜੀਤ ਜ਼ੀਰਵੀ ਵਾਲੀ ਗਾਇਕ ਪ੍ਰਤਿਭਾ ਹੁੰਦੀ, ਏਨੇ ਦਹਾਕਿਆਂ ਮਗਰੋਂ ਅੱਜ ਵੀ ਪ੍ਰੋæ ਮਾਨ ਦੀ ਉਸ ਰਾਮਪੁਰਾ ਫੂਲ ਵਾਲੀ ਸੁਰ ਅਤੇ ਲੈਅ ਦਾ ਪੁਨਰ-ਸਿਰਜਨ ਸਹਿਜੇ ਹੀ ਕਰ ਦਿਖਾਉਂਦਾ। ਪ੍ਰੋæ ਨਿਰੰਜਣ ਸਿੰਘ ਮਾਨ ਨੂੰ ਬਹੁਤ ਸ਼ੁਭ-ਇਛਾਵਾਂ ਅਤੇ ਬਹੁਤ ਸਤਿਕਾਰ!”
ਇਹ ਮੇਰੇ ਸੱਚੇ ਦਿਲ ਦੀ ਆਵਾਜ਼ ਸੀ। ਮੇਰਾ ਅਨੁਭਵ ਇਹੋ ਰਿਹਾ। ਸਾਲਾਂ ਦੇ ਸਾਲ, ਦਹਾਕਿਆਂ ਦੇ ਦਹਾਕੇ ਬੀਤ ਜਾਣ ਮਗਰੋਂ ਵੀ ਉਨ੍ਹਾਂ ਦੇ ਗਾਏ ਗੀਤ-ਕਵਿਤਾਵਾਂ ਦੇ ਸ਼ਬਦ ਪਿੱਛੇ ਰਹਿ ਜਾਂਦੇ ਤੇ ਮੇਰੇ ਚੇਤੇ ਨੂੰ ਸੁਣਦੀ ਤਾਂ ਬੱਸ ਉਨ੍ਹਾਂ ਦੀ ਸੁਰੀਲੀ ਸ਼ਹਿਦ ਆਵਾਜ਼!
ਮੇਰੇ ਲੇਖ ਦੇ ਸਬੰਧ ਵਿਚ ਪਟਿਆਲੇ ਤੋਂ ਬੀਬੀ ਰਾਜਵੰਤ ਕੌਰ ਮਾਨ ਦਾ ਫੋਨ ਆਇਆ। ਲੇਖ ਪੜ੍ਹ ਕੇ ਪ੍ਰੋæ ਮਾਨ ਬਹੁਤ ਹੀ ਖ਼ੁਸ਼ ਹੋਏ ਅਤੇ ਹੈਰਾਨ ਵੀ ਹੋਏ ਕਿ ਇਕ ਸਰੋਤੇ ਨੂੰ ਸਿਰਫ਼ ਇਕ ਵਾਰ ਸੁਣੀ ਆਵਾਜ਼ ਅੱਧੀ ਸਦੀ ਤੋਂ ਵੱਧ ਦਾ ਸਮਾਂ ਬੀਤ ਜਾਣ ਮਗਰੋਂ ਵੀ ਹੂ-ਬ-ਹੂ ਚੇਤੇ ਸੀ। ਬੀਬੀ ਨੇ ਦੱਸਿਆ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਆਪ ਕੁਛ ਠਹਿਰ ਕੇ ਫੋਨ ਕਰਨਗੇ। ਕੁਛ ਦਿਨਾਂ ਮਗਰੋਂ ਉਨ੍ਹਾਂ ਦਾ ਵਾਪਸ ਜਾਣ ਦਾ ਫੋਨ ਆਇਆ ਤੇ ਮੇਰਾ ਪਤਾ-ਟਿਕਾਣਾ ਪੁੱਛਿਆ। ਮੈਂ ਕਿਹਾ, ਸਾਡਾ ਘਰ ਤਾਂ ਹਵਾਈ ਅੱਡੇ ਦੇ ਤੁਹਾਡੇ ਰਾਹ ਵਿਚ ਹੈ, ਦੋ ਘੜੀਆਂ ਜ਼ਰੂਰ ਮਿਲ ਕੇ ਜਾਣਾ। ਬੀਬੀ ਨੇ ਜਾਣ ਦੀ ਤਾਰੀਖ਼ ਦੱਸੀ ਅਤੇ ਕਿਹਾ ਕਿ ਅਸੀਂ ਦੋਵੇਂ ਤਾਂ ਆਪ ਮਿਲਣ ਦੇ ਬਹੁਤ ਚਾਹਵਾਨ ਹਾਂ। ਪਰ ਕੁਦਰਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ। ਬੀਬੀ ਦਾ ਹਵਾਈ ਅੱਡੇ ਤੋਂ ਫੋਨ ਆਇਆ। ਪਟਿਆਲੇ ਤੋਂ ਦਿੱਲੀ ਦੇ ਸਫ਼ਰ ਨੇ ਪ੍ਰੋæ ਸਾਹਿਬ ਦੀ ਹਾਲਤ ਖਰਾਬ ਕਰ ਦਿੱਤੀ ਸੀ ਅਤੇ ਉਨ੍ਹਾਂ ਦਾ ਰਾਹ ਵਿਚ ਸਾਡੇ ਘਰ ਰੁਕਣਾ ਸੰਭਵ ਨਹੀਂ ਸੀ ਰਿਹਾ। ਉਨ੍ਹਾਂ ਦੀ ਸਿਹਤ ਬਾਰੇ ਜਾਣ ਕੇ ਦੁੱਖ ਹੋਇਆ ਅਤੇ ਉਨ੍ਹਾਂ ਨੂੰ ਨਾ ਮਿਲ ਸਕਣ ਦੀ ਕਸਕ ਦਿਲ ਵਿਚ ਰਹਿ ਗਈ। ਬੀਬੀ ਆਉਂਦੀ ਹੈ ਤੇ ਉਸ ਨਾਲ ਮੁਲਾਕਾਤ ਹੋ ਜਾਂਦੀ ਹੈ।
ਉਸ ਪਿਛੋਂ ਬੀਮਾਰੀ ਕਾਰਨ ਉਹ ਕਦੀ ਦੇਸ਼ ਨਾ ਆ ਸਕੇ। 25 ਜਨਵਰੀ 2012 ਨੂੰ ਉਹ ਪੂਰੇ ਹੋ ਗਏ। ਉਹ ਚਲੇ ਗਏ ਪਰ ਅਮਨ ਲਹਿਰ ਤੇ ਇਪਟਾ ਦੇ ਸਰਗਰਮ ਗਾਇਕ ਤੇ ਕਲਾਕਾਰ ਅਤੇ ਇਕ ਉਤਮ ਇਨਸਾਨ ਵਜੋਂ ਉਨ੍ਹਾਂ ਦੀ ਯਾਦ ਬਣੀ ਰਹੇਗੀ। ਖਾਸ ਕਰਕੇ ਲੱਖਾਂ ਸਰੋਤਿਆਂ ਦੀ ਸਿਮਰਤੀ ਵਿਚ ਗੂੰਜਦੀ ਰਹੇਗੀ ਉਨ੍ਹਾਂ ਦੀ ਮਧੁਰ ਰਸਭਰੀ ਆਵਾਜ਼!
(ਸਮਾਪਤ)
Leave a Reply