ਮਾਂਵਾਂ ਨੂੰ ਮਿਲੀਏ ਚਾਵਾਂ ਨਾਲ਼…

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਗਿਆਰਾਂ ਮਈ ਨੂੰ ‘ਮਾਂ ਦਿਵਸ’ ਮਨਾਉਂਦਿਆਂ ਬਹੁਤ ਸਾਰੇ ਸੱਜਣਾਂ-ਮਿੱਤਰਾਂ ਅਤੇ ਭੈਣਾਂ ਨੇ ਆਪਣੀਆਂ ਮਾਂਵਾਂ ਨਾਲ ਫੋਟੋਆਂ ਖਿੱਚਵਾ ਕੇ ਫੇਸਬੁੱਕ, ਟਵਿੱਟਰ ਅਤੇ ਵੱਟਸਐਪ ‘ਤੇ ਪਾਈਆਂ। ਕਈ ਮਿੱਤਰਾਂ ਨੇ ਸੋਗ ਭਰੇ ਸੁਨੇਹੇ ਵੀ ਪਾਏ ਹੋਏ ਸਨ, ਕਿਉਂਕਿ ਉਨ੍ਹਾਂ ਦੀਆਂ ਮਾਂਵਾਂ ਇਸ ਦੁਨੀਆਂ ਤੋਂ ਤੁਰ ਗਈਆਂ ਸਨ। ਕਈ ਮੇਰੇ ਵਰਗੇ ਮਾਂਵਾਂ ਤੋਂ ਕਈ ਸਾਲ ਦੇ ਵਿਛੜੇ ਹੋਣ ਕਰ ਕੇ ਹਉਕਿਆਂ ਨਾਲ ਮਾਂਵਾਂ ਨੂੰ ਯਾਦ ਕਰ ਰਹੇ ਸਨ। ਕਦੇ ਸੁਣਿਆ ਸੀ, ‘ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ, ਜਦੋਂ ਦਾ ਟੈਲੀਫੋਨ ਲੱਗਿਆ’; ਹੁਣ ਜਦੋਂ ਦਾ ਆਹ ਫੇਸਬੁੱਕ, ਟਵਿੱਟਰ ਆ ਗਏ, ਹੁਣ ਫੋਨ ਕਰਨਾ ਵੀ ਭੁੱਲਦੇ ਜਾਂਦੇ ਹਾਂ। ਸਭ ਸੁਨੇਹੇ ਗੁੰਗੀ ਜ਼ੁਬਾਨ ‘ਚ ਹੱਥ ਹੀ ਬੋਲੀ ਜਾਂਦੇ ਹਨ।
ਖ਼ੈਰ! ਮੈਂ ਅੱਖਾਂ ਮਲਦਿਆਂ ਫੋਨ ‘ਤੇ ਫੇਸਬੁੱਕ ਦੇ ਦਰਸ਼ਨ ਕਰਦਿਆਂ ਮਨ ਨੂੰ ਉਦਾਸ ਅਵਸਥਾ ਵਿਚ ਡਬੋ ਲਿਆ। ਮਾਂ ਦੀ ਘੂਰੀ ਤੇ ਚੂਰੀ ਚੇਤੇ ਆ ਗਈ। ਮੈਂ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਸਾਡੀ ਮਹੀਨੇ ਦੀ ਫੀਸ ਪੰਜਾਹ ਪੈਸੇ ਹੁੰਦੀ ਸੀ ਜੋ ਪਹਿਲੀ ਤੋਂ ਪੰਜ ਤਾਰੀਕ ਤੱਕ ਦੇਣੀ ਹੁੰਦੀ ਸੀ, ਪਰ ਮਾਂ ਨੇ ਫੀਸ ਸੱਤ ਤਾਰੀਕ ਤੱਕ ਵੀ ਨਾ ਦਿੱਤੀ, ਤੇ ਮੈਂ ਅੱਠ ਤਾਰੀਕ ਨੂੰ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ। ਪਤਾ ਨਹੀਂ ਕੀ ਕਾਰਨ ਸਨ, ਜਾਂ ਤਾਂ ਘਰ ਪੈਸੇ ਨਹੀਂ ਸਨ, ਜਾਂ ਮਾਂ ਆਪ ਫੀਸ ਦੇ ਕੇ ਆਉਣਾ ਚਾਹੁੰਦੀ ਸੀ। ਜਦੋਂ ਮੈਂ ਸਕੂਲ ਜਾਣ ਤੋਂ ਨਾਂਹ ਕੀਤੀ, ਮਾਂ ਨੇ ਮੈਨੂੰ ਚੰਗਾ ਕੁੱਟਿਆ। ਮੈਂ ਰੱਜ ਕੇ ਰੋਇਆ। ਮੈਨੂੰ ਅੱਜ ਵੀ ਯਾਦ ਹੈ, ਮੇਰੇ ਹਰੇ ਰੰਗ ਦਾ ਕਮੀਜ਼ ਪਾਇਆ ਸੀ ਤੇ ਨੀਲੇ ਰੰਗ ਦੀ ਨਿੱਕਰ ਤੇ ਪੈਰੀਂ ਚੱਪਲਾਂ ਸਨ। ਮੈਂ ਰੋਂਦਾ ਹੀ ਆਪਣੇ ਨਾਨਕਿਆਂ ਵੱਲ ਹੋ ਤੁਰਿਆ। ਸੁਧਾਰ ਤੱਕ ਤੁਰ ਕੇ ਗਿਆ। ਸੁਧਾਰ ਤੋਂ ਤੂੜੀ ਵਾਲੀ ਖਾਲੀ ਟਰਾਲੀ ਮਿਲ ਗਈ। ਟਰਾਲੀ ਹਲਵਾਰੇ ਤੋਂ ਪੱਖੋਵਾਲ ਵੱਲ ਮੁੜ ਗਈ ਤੇ ਟਰਾਲੀ ਮੁੜਦਿਆਂ ਹੀ ਮੈਂ ਛਾਲ ਮਾਰ ਗਿਆ। ਮੂੰਹੋਂ ਇਹੀ ਅਰਦਾਸਾਂ ਕਰੀ ਜਾਵਾਂ-ਹੇ ਰੱਬਾ! ਮੇਰੀ ਮਾਂ ਨੂੰ ਚੁੱਕ ਲੈ।
ਹਲਵਾਰੇ ਤੋਂ ਮੈਂ ਫਿਰ ਤੁਰਿਆ। ਹਲਵਾਰੇ ਅਤੇ ਨੂਰਪੁਰੇ ਵਿਚਕਾਰ ਸੂਆ ਵਗਦਾ ਹੈ। ਸੜਕ ਦੇ ਕੰਢੇ ਵੱਡਾ ਬਰੋਟਾ ਸੀ। ਉਸ ਦੇ ਥੱਲੇ ਲੱਗੇ ਨਲਕੇ ਤੋਂ ਪਾਣੀ ਪੀਤਾ, ਮੂੰਹ ਧੋਤਾ ਤੇ ਅਗਲੇ ਪੜਾਅ ਦੀ ਤਿਆਰੀ ਕੀਤੀ। ਅੱਗੇ ਤੁਰਿਆ ਤਾਂ ਭੱਠੇ ਤੋਂ ਇੱਟਾਂ ਨਾਲ ਭਰਿਆ ਖੱਚਰ ਰੇਹੜਾ ਬਾਹਰ ਨਿਕਲਦਾ ਦੇਖਿਆ। ਮੈਂ ਭੱਜ ਕੇ ਰੇਹੜੇ ਨੂੰ ਹੱਥ ਪਾ ਲਿਆ। ਜਿਵੇਂ-ਜਿਵੇਂ ਖੱਚਰ ਰੇਹੜਾ ਭੱਜਦਾ ਗਿਆ, ਮੇਰਾ ਸਾਹ ਚੜ੍ਹਦਾ ਗਿਆ। ਖੱਚਰ ਰੇਹੜੇ ਦਾ ਮਾਲਕ ਚਾਲੀ ਕੁ ਸਾਲ ਦਾ ਹੋਵੇਗਾ, ਮੈਨੂੰ ਸਵਾਲ ਪੁੱਛਦਾ ਗਿਆ। ਮੈਂ ਸਾਹੋ-ਸਾਹ ਚੜ੍ਹੇ ਉਸ ਨੂੰ ਉਤਰ ਦਿੰਦਾ ਗਿਆ। ਉਸ ਦੇ ਮਨ ਮਿਹਰ ਪਈ ਤੇ ਉਸ ਨੇ ਖੱਚਰ ਰੇਹੜਾ ਰੋਕ ਕੇ ਉਤੇ ਬਿਠਾ ਲਿਆ। ਭਿੱਜੇ ਮੁੱਖ ‘ਤੇ ਇੱਟਾਂ ਦੀ ਕੇਰੀ ਪੈਣ ਨਾਲ ਮੇਰਾ ਮੂੰਹ ਲਾਲ ਹੋ ਚੁੱਕਿਆ ਸੀ, ਤੇ ਸਾਰੇ ਮੁੱਖ ‘ਤੇ ਖਾਰਸ਼ ਛਿੜ ਗਈ ਸੀ। ਸੜਕ ਦੇ ਕੰਢੇ ਖੇਤਾਂ ਵਿਚ ਬੁੜ੍ਹੀਆਂ ਕਪਾਹ ਚੁਗਦੀਆਂ ਸਨ। ਜਿਉਂ-ਜਿਉਂ ਨਾਨਕਾ ਪਿੰਡ ਨੇੜੇ ਆ ਰਿਹਾ ਸੀ, ਮੈਨੂੰ ਖੁਸ਼ੀ ਅਤੇ ਡਰ ਦੋਵੇਂ ਹੀ ਘੇਰਾ ਪਾ ਰਹੇ ਸਨ। ਖੱਚਰ ਰੇਹੜੇ ਵਾਲਾ ਮੈਨੂੰ ਨੂਰਪੁਰੇ ਉਤਾਰ ਗਿਆ। ਢਾਈ ਕਿਲੋਮੀਟਰ ਤੁਰਿਆ। ਭੁੱਖ ਨਾਲ ਜਾਨ ਨਿਕਲ ਰਹੀ ਸੀ। ਡਰਦੇ ਨੇ ਕਿਸੇ ਦੇ ਖੇਤੋਂ ਗੰਨਾ ਵੀ ਨਾ ਪੁੱਟਿਆ। ਬੱਸ ਮਾਂ ਦੇ ਖ਼ਿਲਾਫ਼ ਬੋਲੀ ਜਾ ਰਿਹਾ ਸਾਂ। ਗਰਮੀ ਵੀ ਬਹੁਤ ਸੀ। ਮੈਂ ਪਿੰਡ ਬਰ੍ਹਮੀ ਪਹੁੰਚ ਗਿਆ। ਜਨਾਨੀਆਂ ਨਾਲ ਗੱਲਾਂ ਕਰਦੀ ਮੇਰੀ ਮਾਸੀ ਨੇ ਮੈਨੂੰ ਦੇਖਦਿਆਂ ਹੀ ਕਿਹਾ, “ਨੀ ਉਹ ਸਾਡਾ ਮੇਜੀ ਤੁਰਿਆ ਆਉਂਦੈ?” ਸਾਰੀਆਂ ਜਨਾਨੀਆਂ ਦਾ ਧਿਆਨ ਮੇਰੇ ਵੱਲ ਹੁੰਦਿਆਂ, ਫਿਰ ਮੇਰੀ ਹਾਲਤ ਵੱਲ ਵੀ ਚਲਿਆ ਗਿਆ। ਮੇਰੀ ਮਾਸੀ ਨੇ ਮੈਨੂੰ ਘੁੱਟ ਕੇ ਬੁੱਕਲ ਵਿਚ ਲੈਂਦਿਆਂ ਪੁੱਛਿਆ, “ਵੇ ਤੈਨੂੰ ਕੀ ਹੋ ਗਿਆ? ਸੁੱਖ ਤਾਂ ਹੈ? ਤੂੰ ‘ਕੱਲਾ ਕਿਉਂ ਆਇਆਂ?” ਮਾਸੀ ਇਕੋ ਸਾਹੇ ਕਈ ਸਾਵਲ ਪੁੱਛ ਗਈ ਪਰ ਮੈਂ ਰੋਂਦਾ-ਰੋਂਦਾ ਇੰਨਾ ਕੁ ਹੀ ਦੱਸ ਸਕਿਆ ਕਿ ਬੀਬੀ ਨੇ ਮੈਨੂੰ ਬਹੁਤ ਕੱਟਿਆ ਹੈ।
ਮਾਸੀ ਨੇ ਪਹਿਲਾਂ ਮੇਰਾ ਮੂੰਹ ਧੋਤਾ, ਪਾਣੀ ਪਿਲਾਇਆ। ਮੇਰੀ ਦੁੱਖ ਭਰੀ ਕਹਾਣੀ ਸੁਣੀ, ਤੇ ਬੀਬੀ ਨੂੰ ਵੀਹ ਗਾਲ੍ਹਾਂ ਕੱਢੀਆਂ। ਚਾਹ ਪਿਛੋਂ ਮਾਸੀ ਨੇ ਰੋਟੀ ਖੁਆਈ। ਫਿਰ ਮਾਮੇ ਹੋਰੀਂ ਖੇਤੋਂ ਆ ਗਏ। ਸਭ ਬੀਬੀ ਨੂੰ ਬੁਰਾ-ਭਲਾ ਬੋਲਦੇ ਰਹੇ। ਪਿੰਡ ‘ਚ ਬੁੱਧਵਾਰੀਆ ਰਾਏਕੋਟ ਤੋਂ ਕੱਪੜੇ ਵੇਚਣ ਆਉਂਦਾ ਸੀ, ਮਾਸੀ ਨੇ ਉਸ ਤੋਂ ਮੈਨੂੰ ਸੂਟ ਲੈ ਕੇ ਦਿੱਤਾ ਤੇ ਸ਼ਿੰਦਰ ਤਰਖਾਣੀ ਕੋਲ ਲਿਜਾ ਕੇ ਮੇਚਾ ਦੁਆ ਆਈ। ਸ਼ਾਮ ਤੱਕ ਕੁੜਤਾ ਪਜਾਮਾ ਬਣਾਉਣ ਵਾਸਤੇ ਕਿਹਾ। ਫਿਰ ਕਿਸੇ ਨਾਲ ਮਕਾਣ ਗਈ ਮੇਰੀ ਨਾਨੀ ਵੀ ਵਾਪਸ ਆ ਗਈ। ਉਸ ਨੇ ਵੀ ਕਿਹਾ, “ਮੈਂ ਤੇਰੀ ਮਾਂ ਦੇ ਭੰਨਾਂਗੀ ਹੱਡ!”
ਇੱਧਰ ਬੀਬੀ ਨੇ ਇਹ ਸਮਝਿਆ ਕਿ ਕੁੱਟ ਖਾ ਕੇ ਸਕੂਲ ਚਲਿਆ ਗਿਆ ਹੈ। ਜਦੋਂ ਸਾਰੀ ਛੁੱਟੀ ਹੋ ਗਈ ਤੇ ਮੈਂ ਘਰ ਨਾ ਪਹੁੰਚਿਆ ਤਾਂ ਮਾਂ ਕਮਲੀ ਹੋਈ ਸਭ ਨੂੰ ਪੁੱਛੀ ਜਾਵੇ। ਜਦੋਂ ਮਾਂ ਨੂੰ ਪਤਾ ਲੱਗਿਆ ਕਿ ਮੈਂ ਤਾਂ ਸਕੂਲ ਹੀ ਨਹੀਂ ਗਿਆ ਤਾਂ ਉਹਨੂੰ ਵੀ ਪਤਾ ਲੱਗ ਗਿਆ ਕਿ ਮੈਂ ਨਾਨਕੀਂ ਤੁਰ ਗਿਆ ਹਾਂ, ਉਹ ਵੀ ਬੂਟੀਆਂ ਵਾਲਾ ਝੋਲਾ ਚੁੱਕ ਸ਼ਾਮ ਤੱਕ ਨਾਨਕੀਂ ਪਹੁੰਚ ਗਈ। ਮਾਂ ਨੂੰ ਤੁਰੀ ਆਉਂਦੇ ਦੇਖ ਕੇ ਮੈਨੂੰ ਵੱਡੇ ਪਲੰਘ ਥੱਲੇ ਲੁਕੋ ਦਿੱਤਾ ਗਿਆ। ਮਾਂ ਰੋਂਦੀ ਹੋਈ ਅੰਦਰ ਵੜੀ ਤੇ ਮੇਰੇ ਬਾਰੇ ਪੁੱਛਿਆ। ਪਹਿਲਾਂ ਸਾਰਿਆਂ ਨੇ ਬੀਬੀ ਦੀ ਚੰਗੀ ਕਲਾਸ ਲਾਈ। ਜਦੋਂ ਬੀਬੀ ਰੋਣ ਤੋਂ ਨਾ ਹਟੀ, ਤਾਂ ਫਿਰ ਮੇਰਾ ਮਾਮਾ ਮੈਨੂੰ ਪਲੰਘ ਥੱਲਿਉਂ ਕੱਢ ਲਿਆਇਆ। ਬੀਬੀ ਨੇ ਬਾਹਾਂ ਖਿਲਾਰ ਦਿੱਤੀਆਂ ਤੇ ਮੈਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ। ਅਸੀਂ ਦੋਵੇਂ ਮਾਂ-ਪੁੱਤ ਭੁੱਲ ਗਏ ਕਿ ਸਾਡਾ ਕੋਈ ਗੁੱਸਾ-ਗਿੱਲਾ ਸੀ। ਫਿਰ ਕਹਾਣੀ ਹਾਸੇ ਵੱਲ ਮੁੜਨ ਲੱਗੀ। ਸ਼ਾਮ ਤੱਕ ਮੇਰਾ ਕੁੜਤਾ ਪਜਾਮਾ ਵੀ ਤਿਆਰ ਹੋ ਗਿਆ। ਮਾਸੀ ਹੱਟੀਉਂ ਨਵੀਆਂ ਚੱਪਲਾਂ ਵੀ ਪੁਆ ਲਿਆਈ। ਫਿਰ ਸਾਰਿਆਂ ਨੇ ਬੀਬੀ ਨੂੰ ਕਿਹਾ, “ਤੈਂ ਅੱਜ ਤੋਂ ਬਾਅਦ ਮੁੰਡੇ ਨੂੰ ਹੱਥ ਨਹੀਂ ਲਾਉਣਾ, ਨਹੀਂ ਤਾਂ ਅਸੀਂ ਇਸ ਨੂੰ ਇੱਥੇ ਪੜ੍ਹਨ ਲਾ ਲੈਣਾ।”
ਬੀਬੀ ਮੈਨੂੰ ਪਿਆਰ ਦੀਆਂ ਗੱਲਾਂ ਦੀ ਚੂਰੀ ਖੁਆਉਂਦੀ ਪਿੰਡ ਲੈ ਆਈ। ਮੈਨੂੰ ਵੀ ਬੀਬੀ ਦੇ ਪਿਆਰ ਨੇ ਕੁੱਟ ਭੁਲਾ ਦਿੱਤੀ। ਹੁਣ ‘ਮਾਂ ਦਿਵਸ’ ਉਤੇ ਮਾਂ ਨੂੰ ਯਾਦ ਕਰਦਾ ਇਹ ਅਰਦਾਸ ਕਰ ਰਿਹਾ ਸੀ-ਪਰਮਾਤਮਾ ਕ੍ਰਿਪਾ ਕਰੀਂ, ਮੈਂ ਮਾਂ ਨੂੰ ਜਿਉਂਦੀ ਨੂੰ ਮਿਲ ਲਵਾਂ। ਜੇ ਤੂੰ ਇੰਜ ਨਹੀਂ ਕਰਨਾ, ਤਾਂ ਆਖਰੀ ਮੋਢਾ ਦੇਣ ਦਾ ਹੱਕ ਨਾ ਖੋਹੀਂ। ਉਹ ਬਚਪਨ ਦੇ ਦਿਨ ਸਨ, ਜਦੋਂ ਕਹਿੰਦਾ ਸੀæææ’ਮਾਂ ਮਰ ਜਾਵੇ’ ਅੱਜ ਜੇ ਮਾਂ ਉਚੀ ਵੀ ਖੰਘਦੀ ਹੈ, ਫਿਕਰ ਹੋ ਜਾਂਦੈ ਕਿ ਮਾਂ ਨੂੰ ਕੁਝ ਹੋ ਨਾ ਜਾਵੇ।
ਆਪਣੇ ਅਤੀਤ ਵਿਚੋਂ ਨਿਕਲ ਕੇ ਮੈਂ ਚਾਹ ਦਾ ਕੱਪ ਪੀਤਾ ਤੇ ਬਾਹਰ ਸੈਰ ਕਰਨ ਤੁਰ ਗਿਆ। ਰਸਤੇ ਵਿਚ ਪੰਜਾਬੀ ਬਜ਼ੁਰਗ ਜੋੜਾ ਰਹਿੰਦਾ ਹੈ। ਮੈਂ ਲੰਘਦਿਆਂ ਬੇਬੇ ਦੇ ਗੋਡੀ ਹੱਥ ਲਾਉਂਦਿਆਂ ਪੁੱਛਿਆ, “ਬੇਬੇ, ਅੱਜ ਗੁਰਦੁਆਰੇ ਨਹੀਂ ਗਏ?”
“ਨਹੀਂ ਪੁੱਤ, ਅੱਜ ਮਾਂਵਾਂ ਦਾ ਦਿਨ ਹੈ। ਬਿੱਲੂ ਹੋਰਾਂ ਨੇ ਆਉਣਾ ਹੈ। ਅਸੀਂ ਸੋਚਿਆ, ਪਿੱਛੋਂ ਆ ਕੇ ਮੁੜ ਨਾ ਜਾਣ। ਤੇਰਾ ਬਾਬਾ ਤਾਂ ਫੋਨ ਕੋਲ ਬੈਠਾ ਆ ਕਿ ਕਿਤੇ ਵੱਜ ਕੇ ਨਾ ਹਟ ਜਾਵੇ ਤੇ ਸਾਨੂੰ ਸੁਣੇ ਨਾ।” ਪਿਛਲੇ ਚਾਰ ਸਾਲ ਤੋਂ ਇਹ ਜੋੜਾ ਇਕੱਲਾ ਰਹਿ ਰਿਹਾ ਹੈ। ਇਕ ਧੀ ਕੈਨੇਡਾ ਹੈ, ਇਕ ਇੰਡੀਆ। ਪੁੱਤ ਇਥੇ ਹੀ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿੰਦਾ ਹੈ। ਮੈਂ ਲੰਘਦਾ ਹੋਇਆ ਇਨ੍ਹਾਂ ਨੂੰ ਫਤਹਿ ਬੁਲਾ ਕੇ ਅਗਾਂਹ ਲੰਘ ਜਾਂਦਾ ਹਾਂ। ਇਨ੍ਹਾਂ ਨੂੰ ਐਤਵਾਰੀਂ ਗੁਰਦੁਆਰੇ ਵੀ ਇਨ੍ਹਾਂ ਦਾ ਪਾਕਿਸਤਾਨੀ ਗੁਆਂਢੀ ਛੱਡ ਕੇ ਆਉਂਦਾ ਹੈ। ਗੁਰਦੁਆਰੇ ਹੀ ਮੈਂ ਬੇਬੇ-ਬਾਪੂ ਦੇ ਪੁੱਤ-ਨੂੰਹ ਨੂੰ ਮਿਲਿਆ ਸੀ। ਇਕ ਵਾਰ ਬਾਪੂ ਬਾਹਰ ਬੈਂਚ ‘ਤੇ ਬੈਠਾ ਸੀ ਤੇ ਮੈਂ ਵੀ ਬਾਪੂ ਦੇ ਕੋਲ ਹੀ ਬੈਠਾ ਸੀ। ਬਾਪੂ ਦਾ ਪੁੱਤ ਆਇਆ ਤੇ ਬੋਲਿਆ, “ਲੰਗਰ ਲੱਗ ਗਿਆ ਹੈ, ਜੇ ਝੁਲਸਣਾ ਹੈ ਤਾਂ ਝੁਲਸ ਲੈ, ਫਿਰ ਘਰੇ ਜਾ ਕੇ ਟੱਕਰਾਂ ਮਾਰੋਗੇ।”
ਮੇਰੇ ਕੋਲੋਂ ਰਿਹਾ ਨਾ ਗਿਆ, ਮੈਂ ਕਿਹਾ, “ਬਾਈ ਜੀ! ਗੁਰੂ ਦੇ ਲੰਗਰ ਨੂੰ ਇੰਜ ਨਹੀਂ ਕਹੀਦਾ, ਨਾਲੇ ਬਜ਼ੁਰਗਾਂ ਦਾ ਸਤਿਕਾਰ ਕਰੀਦਾ।” ਉਹ ਬੋਲਿਆ, “ਜੇ ਇੰਨਾ ਹੀ ਦੁੱਖ ਹੈ ਤਾਂ ਘਰ ਲੈ ਜਾ।” ਮੈਂ ਅੱਗਿਉਂ ਕੁਝ ਬੋਲਦਾ, ਉਸ ਤੋਂ ਪਹਿਲਾਂ ਬਾਪੂ ਨੇ ਮੇਰੇ ਮੋਢਾ ਘੁੱਟ ਦਿੱਤਾ। ਬਾਪੂ ਦਾ ਪੁੱਤ ਜਾ ਚੁੱਕਾ ਸੀ। ਮੈਂ ਬਾਪੂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਬਾਪੂ ਦੇ ਪੁੱਤ ਨਾਲੋਂ ਉਨ੍ਹਾਂ ਦਾ ਖਿਆਲ ਪਾਕਿਸਤਾਨੀ ਜ਼ਿਆਦਾ ਰੱਖਦਾ ਹੈ। ਉਸ ਦੇ ਮਾਪੇ ਉਸ ਨੂੰ ਬਚਪਨ ਵਿਚ ਛੱਡ ਕੇ ਜਹਾਨੋਂ ਤੁਰ ਗਏ ਸਨ। ਉਸ ਨੂੰ ਮਾਪਿਆਂ ਦੇ ਪਿਆਰ ਦੀ ਕਮੀ ਹਰ ਪਲ ਸਤਾਉਂਦੀ ਹੈ। ਉਹ ਬੇਬੇ ਬਾਪੂ ਨਾਲ ਆਪਣਾ ਦੁੱਖ ਸਾਂਝਾ ਕਰ ਲੈਂਦਾ ਹੈ, ਨਾਲੇ ਕਹਿੰਦਾ ਹੈ ਕਿ ਮਾਂ ਦੇ ਪੈਰਾਂ ਵਿਚ ਜੰਨਤ ਹੁੰਦੀ ਹੈ।
ਪਤਾ ਨਹੀਂ ਕੀ ਕਾਰਨ ਹੈ, ਬੇਬੇ-ਬਾਪੂ ਆਪਣੇ ਪੁੱਤ-ਨੂੰਹ ਤੋਂ ਅਲੱਗ ਕਿਉਂ ਰਹਿੰਦੇ ਹਨ? ਬੇਬੇ ਦੱਸਦੀ ਹੈ ਕਿ ਜਦੋਂ ਕਿਤੇ ਪੁੱਤ ਦਾ ਜੀਅ ਕਰਦਾ ਹੈ, ਮਿਲਣ ਆ ਜਾਂਦਾ ਹੈ। ਨੂੰਹ ਦੇ ਪੇਕੇ ਵੀ ਕਿਸੇ ਹੋਰ ਸ਼ਹਿਰ ਰਹਿੰਦੇ ਹਨ। ਨੂੰਹ ਤਾਂ ਪੁੱਤ ਨਾਲੋਂ ਪਹਿਲਾਂ ਮਾਪਿਆਂ ਨੂੰ ਜਾ ਕੇ ਮਿਲ ਆਉਂਦੀ ਹੈ। ਖ਼ੈਰ! ਬੇਬੇ ਸਾਰਾ ਦਿਨ ਆਪਣੇ ਪੁੱਤ ਨੂੰ ਉਡੀਕਦੀ ਰਹੀ ਪਰ ਉਹ ਨਹੀਂ ਆਇਆ। ਮੈਂ ਵੀ ਘਰ ਆ ਕੇ ਕਿਸੇ ਪਾਸੇ ਨਾ ਗਿਆ। ਮੈਨੂੰ ਵੀ ਮਾਂ ਦੀਆਂ ਯਾਦਾਂ ਨੇ ਘੇਰੀ ਰੱਖਿਆ। ਬੰਦਾ ਰੋਟੀ-ਟੁੱਕ ਦੇ ਜੁਗਾੜ ਖਾਤਰ ਕਿਵੇਂ ਆਪਣੇ ਮਾਪਿਆਂ ਨੂੰ ਛੱਡ ਸੱਤ ਸਮੁੰਦਰ ਪਾਰ ਕਰ ਆਉਂਦਾ ਹੈ! ਦਿਨ-ਦਿਹਾਰ ਨੂੰ ਆਪਣਿਆਂ ਨੂੰ ਯਾਦ ਕਰਦਾ ਹੋਇਆ ਰੋਂਦਾ ਹੈ। ਇਕ ਆਹ ਬੇਬੇ ਦਾ ਪੁੱਤ ਹੈ ਜਿਹੜਾ ਬੇਬੇ ਨੂੰ ਅੱਜ ਵੀ ਮਿਲਣ ਨਾ ਆਇਆ। ਮੈਨੂੰ ਵੀ ਟਿਕਾਅ ਨਹੀਂ ਸੀ। ਮੈਂ ਸ਼ਾਮ ਨੂੰ ਬੇਬੇ-ਬਾਪੂ ਕੋਲ ਚਲਿਆ ਗਿਆ ਤੇ ਪੁੱਛਿਆ, “ਬੇਬੇ ਜੀ! ਬਿੱਲੂ ਹੋਰੀਂ ਆ ਗਏ ਸੀ।”
“ਪੁੱਤ ਨਹੀਂ, ਆਏ ਨਹੀਂ। ਕੋਈ ਕੰਮ ਹੋ ਗਿਆ ਹੋਊ।” ਬੇਬੇ ਦਾ ਗੱਚ ਭਰ ਆਇਆ।
“ਬੇਬੇ ਫਿਰ ਫੋਨ ਕਰ ਦਿੱਤਾ ਹੋਊ?” ਮੈਂ ਦੁਬਾਰਾ ਪੁੱਛਿਆ।
“ਪੁੱਤ ਤੇਰਾ ਬਾਬਾ ਤਾਂ ਫੋਨ ਦੇ ਕੋਲੋਂ ਉਠਿਆ ਵੀ ਨਹੀਂ, ਜਦੋਂ ਇਸ਼ਨਾਨ ਕਰਨ ਗਿਆ ਤਾਂ ਮੈਨੂੰ ਕੋਲ ਬਿਠਾ ਗਿਆ। ਪੁੱਤ, ਉਹ ਆਪਣੀ ਤੀਵੀਂ ਨੂੰ ਨਾਲ ਲੈ ਕੇ ਉਹਦੇ ਮਾਪਿਆਂ ਕੋਲ ਗਿਆ ਹੋਊ। ਨੂੰਹ ਆਪਣੀ ਮਾਂ ਨੂੰ ਮਿਲਣ ਗਈ ਹੋਊ ਨਾ।” ਬੇਬੇ ਪੱਲੇ ਨਾਲ ਨਮ ਅੱਖਾਂ ਪੂੰਝਦੀ ਬੋਲੀ।
ਮੈਂ ਅਜੇ ਬੇਬੇ ਨਾਲ ਗੱਲਾਂ ਹੀ ਕਰਦਾ ਸੀ ਕਿ ਪਾਕਿਸਤਾਨੀ ਆ ਗਿਆ ਤੇ ਬੋਲਿਆ, “ਅੰਮੀ ਜਾਨ! ਹੁਣ ਨਹੀਂ ਭਾਈ ਜਾਨ ਆਉਂਦਾ। ਚੱਲ ਤੂੰ ਖੀਰ ਲੈ ਕੇ ਆ, ਅਸੀਂ ਦੋਵੇਂ ਤੇਰੇ ਪੁੱਤ ਹਾਂ।” ਉਸ ਦਾ ਇਸ਼ਾਰਾ ਮੇਰੇ ਵੱਲ ਸੀ। ਬੇਬੇ ਨੇ ਪੁੱਤ ਵਾਸਤੇ ਖੀਰ ਬਣਾਈ ਹੋਈ ਸੀ। ਬੇਬੇ ਕਹਿੰਦੀ, “ਉਸ ਨੂੰ ਛੋਟੇ ਹੁੰਦਿਆਂ ਹੀ ਖੀਰ ਬਹੁਤ ਪਸੰਦ ਹੈ। ਇਸ ਲਈ ਮੈਂ ਉਸ ਦੀ ਪਸੰਦ ਦੀ ਚੀਜ਼ ਬਣਾਈ।” ਬੇਬੇ ਦੀਆਂ ਅੱਖਾਂ ਵਿਚੋਂ ਝਲਕਦੀ ਮਮਤਾ ਨੇ ਸਾਡੀਆਂ ਵੀ ਅੱਖਾਂ ਨਮ ਕਰ ਦਿੱਤੀਆਂ। ਬੇਬੇ ਦੋ ਕੌਲੀਆਂ ਵਿਚ ਖੀਰ ਪਾ ਲਿਆਈ। ਫਿਰ ਬੇਬੇ ਰੋਟੀਆਂ ਪਕਾਉਣ ਲੱਗ ਪਈ। ਮੈਂ ਤੇ ਪਾਕਿਸਤਾਨੀ ਦੋਵੇਂ ਰੋਟੀ ਖਾਣ ਲੱਗ ਗਏ। ਰੋਟੀ ਬੇਬੇ ਖੁਆ ਰਹੀ ਸੀ ਤਾਂ ਮੈਨੂੰ ਇੰਜ ਲੱਗ ਰਿਹਾ ਸੀ ਕਿ ਮੇਰੀ ਮਾਂ ਮੈਨੂੰ ਆਪਣੇ ਹੱਥਾਂ ਨਾਲ ਰੋਟੀ ਲਾਹ ਕੇ ਖੁਆ ਰਹੀ ਹੈ।æææਕਦਰਾਂ ਉਥੇ ਹੀ ਪੈਂਦੀਆਂ ਨੇ, ਜਿੱਥੇ ਘਾਟਾਂ ਹੋਣ। ਜਿਨ੍ਹਾਂ ਕੋਲ ਮਾਂਵਾਂ ਹਨ, ਉਨ੍ਹਾਂ ਨੂੰ ਮਾਂਵਾਂ ਦਾ ਪਿਆਰ ਦਿਖਾਈ ਨਹੀਂ ਦਿੰਦਾ ਪਰ ਜਿਨ੍ਹਾਂ ਦੀਆਂ ਮਾਂਵਾਂ ਤੁਰ ਗਈਆਂ, ਉਨ੍ਹਾਂ ਨੂੰ ਪੁੱਛ ਕੇ ਦੇਖਿਉ ਕਿ ਮਾਂ ਸ਼ਬਦ ਦੇ ਅਰਥ ਕੀ ਹੁੰਦੇ ਹਨ? ਮੈਂ ਅੱਜ ਵੀ ਰੋਂਦਾ ਹੋਇਆ ਆਖ ਰਿਹਾ ਹਾਂ-‘ਮਾਂ! ਤੂੰ ਜਿੰਨਾ ਮਰਜ਼ੀ ਮੈਨੂੰ ਕੁੱਟ ਲਈਂ ਪਰ ਮੇਰੀਆਂ ਅੱਖਾਂ ਤੋਂ ਦੂਰ ਨਾ ਹੋਈਂ। ਮੈਂ ਜੰਨਤ ਨੂੰ ਛੱਡ ਦੋਜ਼ਖ਼ ਨਹੀਂ ਜਾਣਾ।’ ਪਰ ਬਿੱਲੂ ਪਤਾ ਨਹੀਂ ਕਿਉਂ, ਮਾਂ ਨੂੰ ਭੁਲਾ ਕੇ ਅੱਜ ਵੀ ਨਹੀਂ ਸੀ ਆਇਆ। ਅਸੀਂ ਬੇਬੇ-ਬਾਬੇ ਨੂੰ ਦਿਲਾਸਾ ਦਿੰਦੇ ਹੋਏ ਆ ਗਏ। ਸਾਡਾ ਦੋਵਾਂ ਦਾ ਹਾਲ ਇਕੋ ਜਿਹਾ ਸੀ।æææ ਅਸੀਂ ਬੇਬੇ ਦੇ ‘ਮਾਂ ਦਿਵਸ’ ਮੌਕੇ ਤਰਸ ਭਰੇ ਸ਼ਬਦ ਹੀ ਬੋਲ ਸਕੇ!

Be the first to comment

Leave a Reply

Your email address will not be published.