ਗੁਰਬਤ ਨਾਲ ਜੱਦੋਜਹਿਦ ਅਤੇ ਦਾਸ ਕੈਪੀਟਲ

ਮਈ ਦਾ ਮਹੀਨਾ ਸੰਸਾਰ ਦੇ ਉਘੇ ਵਿਦਵਾਨ ਕਾਰਲ ਮਾਰਕਸ ਦੇ ਜਨਮ ਦਿਨ ਵਾਲਾ ਮਹੀਨਾ ਹੈ। ਉਹਦਾ ਜਨਮ 5 ਮਈ 1818 ਨੂੰ ਜਰਮਨੀ ਵਿਚ ਹੋਇਆ ਸੀ। ਉਸ ਨੇ ਸੰਸਾਰ ਨੂੰ ਦੋ ਅਜਿਹੀਆਂ ਅਦੁੱਤੀ ਰਚਨਾਵਾਂ ‘ਦਿ ਕਮਿਊਨਿਸਟ ਮੈਨੀਫੈਸਟੋ’ ਤੇ ‘ਦਾਸ ਕੈਪੀਟਲ’ ਦਿੱਤੀਆਂ ਜਿਸ ਨੇ ਸੰਸਾਰ ਭਰ ਵਿਚ ਤਰਥਲੀ ਮਚਾ ਦਿੱਤੀ। ਉਸ ਦੀਆਂ ਇਨ੍ਹਾਂ ਰਚਨਾਵਾਂ ਦਾ ਨਿਚੋੜ ਸਰਬੱਤ ਦਾ ਭਲਾ ਹੈ। ਉਸ ਦੀਆਂ ਰਚਨਾਵਾਂ ਨੂੰ ਆਧਾਰ ਬਣਾ ਕੇ ਰੂਸੀ ਲੀਡਰ ਲੈਨਿਨ ਨੇ ਸੰਸਾਰ ਦਾ ਪਹਿਲਾ ਇਨਕਲਾਬ ਲਿਆਂਦਾ ਜਿਸ ਨੇ ਸੰਸਾਰ ਭਰ ਦੇ ਨਿਤਾਣਿਆਂ ਅਤੇ ਨਿਮਾਣਿਆਂ ਲਈ ਆਸ ਦੀ ਕਿਰਨ ਜਗਾਈ। ਨਾਸਤਿਕ ਹੋਣ ਕਰ ਕੇ ਮਾਰਕਸ ਨੂੰ ਬੜੀਆਂ ਔਕੜਾਂ ਵਿਚੋਂ ਲੰਘਣਾ ਪਿਆ ਪਰ ਜਿਸ ਤਰ੍ਹਾਂ ਦਾ ਸਿਧਾਂਤ ਉਹ ਮਨੁੱਖ ਜਾਤੀ ਲਈ ਦੇ ਗਿਆ, ਉਹ ਲਾ-ਜਵਾਬ ਹੈ। ਇਸੇ ਕਰ ਕੇ ਹੁਣ ਤੱਕ ਸੈਂਕੜੇ-ਹਜ਼ਾਰਾਂ ਕਿਤਾਬਾਂ ਮਾਰਕਸ ਅਤੇ ਉਸ ਦੇ ਸਿਧਾਂਤ ਬਾਰੇ ਆ ਚੁੱਕੀਆਂ ਹਨ। ਸਾਲ 2011 ਵਿਚ ਅਮਰੀਕੀ ਲੇਖਕਾ ਮੇਰੀ ਜਬਰੀਲ ਨੇ ਕਾਰਲ ਮਾਰਕਸ ਤੇ ਉਸ ਦੇ ਜੀਵਨ ਬਾਰੇ ਕਿਤਾਬ ਲਿਖੀ, ‘ਲਵ ਐਂਡ ਕੈਪੀਟਲ।’ ਇਸ ਕਿਤਾਬ ਨੂੰ ਆਧਾਰ ਬਣਾ ਕੇ ਪ੍ਰੋæ ਹਰਪਾਲ ਸਿੰਘ ਪੰਨੂ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਇਸ ਕਰ ਕੇ ਵੀ ਦਿਲਚਸਪ ਹੈ ਕਿ ਇਹ ਆਸਤਿਕ ਚਿੰਤਕ ਵੱਲੋਂ ਨਾਸਤਿਕ ਚਿੰਤਕ ਬਾਰੇ ਲਿਖਿਆ ਗਿਆ ਹੈ। ਲੇਖ ਦੀ ਇਸ ਦੂਜੀ ਲੜੀ ਵਿਚ ਕਾਰਲ ਮਾਰਕਸ ਦੀ ਪਰਿਵਾਰਕ ਜੱਦੋ-ਜਹਿਦ ਬਾਰੇ ਚਰਚਾ ਹੈ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: 91-94642-51454
ਕਾਰਲ ਦਾ ਸੁਭਾਅ ਅੱਖੜ ਸੀ। ਵਿਰੋਧੀ ਨੂੰ ਉਚੇ ਸੁਰ ਵਿਚ ਦਲੀਲਾਂ ਨਾਲ ਚਿੱਤ ਕਰ ਦਿੰਦਾ। ਵਿਰੋਧੀ ਕੋਈ ਬੇਗਾਨੇ ਨਹੀਂ, ਉਸ ਦੇ ਦੋਸਤ ਹੁੰਦੇ। ਇਕ-ਇਕ ਕਰ ਕੇ ਸਭ ਰੁੱਸ ਗਏ। ਇਕ ਵਾਰ ਤਾਂ ਏਂਗਲਜ਼ ਵੀ ਰੁੱਸ ਗਿਆ ਕਿਉਂਕਿ ਉਸ ਦੀ ਦੋਸਤ ਮੇਰੀ ਨਾਲ ਜੈਨੀ ਦੀ ਬਣਦੀ ਨਹੀਂ ਸੀ। ਪਰੂਧੋਂ ਨੇ ਕਿਤਾਬ ਲਿਖੀ ‘ਫਿਲਾਸਫੀ ਆਫ ਪਾਵਰਟੀ।’ ਕਾਰਲ ਨੂੰ ਕਿਤਾਬ ਫਜ਼ੂਲ ਲੱਗੀ, ਉਸ ਨੇ ਇਸ ਦਾ ਜਵਾਬ ‘ਪਾਵਰਟੀ ਆਫ ਫਿਲਾਸਫੀ’ ਰਾਹੀਂ ਦੇ ਕੇ ਦੋਸਤ ਨੂੰ ਦੁਸ਼ਮਣ ਬਣਾ ਲਿਆ। ਕੂਟਨੀਤਕ ਸੁਭਾਅ ਨਾ ਹੋਣ ਕਾਰਨ ਕਿਸੇ ਜਥੇਬੰਦੀ ਦੇ ਅਨੁਸ਼ਾਸਨ ਵਿਚ ਨਹੀਂ ਬੱਝ ਸਕਿਆ। ਉਹ ਕੇਵਲ ਫਿਲਾਸਫਰ ਸੀ, ਕੇਵਲ ਲੇਖਕ।
3 ਫਰਵਰੀ 1847 ਨੂੰ ਪਹਿਲੇ ਬੇਟੇ ਨੇ ਜਨਮ ਲਿਆ, ਨਾਮ ਰੱਖਿਆ ਐਡਗਰ। ਜਿਸ ਪ੍ਰਕਾਸ਼ਕ ਨੇ ‘ਪੁਲਿਟਿਕਲ ਇਕਾਨਮੀ’ ਛਾਪਣੀ ਸੀ, ਉਸ ਦਾ ਖਤ ਆਇਆ, ਕਿਤਾਬ ਛਪਵਾਉਣ ਲਈ ਕੋਈ ਪ੍ਰਕਾਸ਼ਕ ਲੱਭ ਕੇ ਮੇਰੇ ਵਲੋਂ ਦਿੱਤੇ ਗਏ ਐਂਡਵਾਸ ਦੀ ਰਕਮ ਵਾਪਸ ਭੇਜੋ। ਏਂਗਲਜ਼ ਨੇ ਖਤ ਰਾਹੀਂ ਕਿਹਾ, ਅਪਰੈਲ ਵਿਚ ਮੇਰੇ ਕੋਲ ਪੈਸੇ ਆਉਣੇ ਨੇ, ਮੈਂ ਸਹਾਇਤਾ ਕਰਾਂਗਾ। ਜਿਸ ਜਰਮਨ ਪ੍ਰਕਾਸ਼ਕ ਨੇ ਕਾਰਲ ਦੀ ‘ਪਾਵਰਟੀ ਆਫ ਫਿਲਾਸਫੀ’ ਛਾਪੀ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ।
ਕਾਰਲ ਆਪਣੀ ਜਾਇਦਾਦ ਦੀ ਵਿਰਾਸਤ ਦਾ ਹਿਸਾਬ-ਕਿਤਾਬ ਕਰਨ ਆਪਣੇ ਚਾਚੇ ਕੋਲ ਗਿਆ। ਕੁਝ ਰਕਮ ਮਿਲੀ। ਦੋਸਤ ਪਾਵੇਲ ਨੂੰ ਪੈਰਿਸ ਖਤ ਲਿਖਿਆ, ‘ਮਾਲਕ ਮਕਾਨ ਕਿਰਾਏ ਲਈ ਤੇ ਦੁਕਾਨਦਾਰ ਕਰਜ਼ਾ ਵਾਪਸੀ ਲਈ ਗੇੜੇ ‘ਤੇ ਗੇੜੇ ਮਾਰ ਰਹੇ ਹਨ। ਸੌ-ਦੋ ਸੌ ਫਰਾਂਕ ਭੇਜ ਦੇਹ। ਇਹ ਵੀ ਦੱਸ ਦਿਆਂ ਕਿ ਪਤਾ ਨਹੀਂ, ਪੈਸੇ ਤੈਨੂੰ ਵਾਪਸ ਕਰ ਸਕਾਂ ਕਿ ਨਾ।’
ਕਾਰਲ ਅਤੇ ਏਂਗਲਜ਼ ਨੇ ਕਮਿਊਨਿਸਟ ਮੈਨੀਫੋਸਟੋ ਲਿਖਣ ਦਾ ਇਤਿਹਾਸਕ ਫੈਸਲਾ ਕੀਤਾ ਜਿਸ ਦਾ ਮੂਲ ਮੰਤਰ ਹੋਵੇਗਾ, ‘ਦੁਨੀਆਂ ਦੇ ਮਿਹਨਤਕਸ਼ੋ, ਇਕ ਹੋ ਜਾਓ।’
31 ਦਸੰਬਰ 1847 ਦੀ ਰਾਤ, ਵੱਡੇ ਹੋਟਲ ਵਿਚ ਦੋਸਤਾਂ ਨਾਲ ਬਿਤਾਉਣ ਦਾ ਫੈਸਲਾ ਹੋਇਆ। ਔਰਤਾਂ ਨੇ ਸ਼ਾਨਦਾਰ ਲਿਬਾਸ ਪਹਿਨੇ। ਕੁਝ ਮਜ਼ਦੂਰਾਂ ਦੇ ਪਰਿਵਾਰ ਵੀ ਆਏ ਜਿਨ੍ਹਾਂ ਨੇ ਚੰਗਾ ਲਿਬਾਸ ਤਾਂ ਕੀ ਪਹਿਨਣਾ, ਟੋਪੀਆਂ ਜੇਬਾਂ ਵਿਚ ਪਾ ਰੱਖੀਆਂ ਸਨ। ਇਸ ਤਰ੍ਹਾਂ ਦੇ ਲਿਬਾਸ ਸਦਕਾ ਗਾਹਕ ਨੂੰ ਹੋਟਲ ਵਿਚੋਂ ਕੱਢਿਆ ਜਾ ਸਕਦਾ ਸੀ ਪਰ ਏਂਗਲਜ਼ ਅਤੇ ਕਾਰਲ ਦੀ ਹਾਜ਼ਰੀ ਰਸੂਖਭਰੀ ਸੀ। ਗੀਤ ਗਾਏ, ਨਾਚ ਹੋਏ, ਜੈਨੀ ਨੇ ਡਰਾਮਾ ਖੇਡਿਆ। ਏਂਗਲਜ਼ ਮੇਰੀ ਨੂੰ ਨਾਲ ਲਿਆਇਆ ਸੀ। ਜੈਨੀ ਨੇ ਏਂਗਲਜ਼ ਨੂੰ ਕਿਹਾ, ਮੈਂ ਤੇਰੇ ਜਾਂ ਮੇਰੀ ਦੇ ਖਿਲਾਫ ਨਹੀਂ। ਗੱਲ ਇਹ ਹੈ ਕਿ ਇਹ ਮਜ਼ਦੂਰ ਦੀ ਧੀ ਹੈ ਜਿਸ ਨਾਲ ਤੂੰ ਵਿਆਹ ਵੀ ਨਹੀਂ ਕਰਵਾਇਆ। ਇਨ੍ਹਾਂ ਮਜ਼ਦੂਰਾਂ ਵਾਸਤੇ ਤੂੰ ਕਮਿਊਨਿਸਟ ਨਹੀਂ, ਸਰਮਾਏਦਾਰ ਹੈਂ ਜੋ ਮਜ਼ਦੂਰ ਛੋਕਰੀ ਨਾਲ ਮਨੋਰੰਜਨ ਕਰ ਰਿਹਾ ਹੈਂ।
ਦੁਨੀਆਂ ਆਜ਼ਾਦ ਵਪਾਰ ਵੱਲ ਵਧ ਰਹੀ ਸੀ। ਇਸ ਨਾਲ ਬੇਸ਼ਕ ਮਜ਼ਦੂਰ ਦਾ ਹੋਰ ਘਾਣ ਹੋਵੇਗਾ ਪਰ ਮਜ਼ਦੂਰ ਜਮਾਤ ਕੌਮਾਂਤਰੀ ਭਾਈਚਾਰੇ ਵਿਚ ਤਬਦੀਲ ਹੋਏਗੀ। ਇਸ ਨਾਲ ਦੋ ਜਮਾਤਾਂ ਹੋਣਗੀਆਂ-ਇਕ ਧਨੀਆਂ ਦੀ, ਦੂਜੀ ਨਿਰਧਨਾਂ ਦੀ। ਏਂਗਲਜ਼ ਨੇ ਦਰੁਸਤ ਕਰਦਿਆਂ ਕਿਹਾ, ਇਕ ਖਾਨਦਾਨੀ ਅਮੀਰੀ ਦੀ, ਦੂਜੀ ਖਾਨਦਾਨੀ ਕੰਗਾਲੀ ਦੀ ਜਮਾਤ।
ਫਰਵਰੀ 1848 ਵਿਚ ਲੰਡਨ ਤੋਂ ਕਮਿਊਨਿਸਟ ਮੈਨੀਫੈਸਟੋ ਪ੍ਰਕਾਸ਼ਿਤ ਹੋਇਆ। ਤੇਈ ਪੰਨਿਆਂ ਦੇ ਇਸ ਦਸਤਾਵੇਜ਼ ਦੀਆਂ 800 ਕਾਪੀਆਂ ਛਪੀਆਂ। ਜੂਲੀਅਨ ਹਾਰਨੇ ਨੇ ਕਿਹਾ, ਨਿੱਕੇ ਜਿਹੇ ਘਰ ਵਿਚ ਬੈਠਿਆਂ ਮਾਰਕਸ ਵਲੋਂ ਖਾਣੇ ਦੀ ਮੇਜ਼ ਉਤੇ ਲਿਖਿਆ ਤੇ ਜੈਨੀ ਵਲੋਂ ਉਤਾਰਾ ਕੀਤਾ ਇਹ ਅਜਿਹਾ ਕ੍ਰਾਂਤੀਕਾਰੀ ਪੱਤਰ ਹੈ ਜਿਸ ਵਰਗਾ ਦੁਨੀਆਂ ਨੇ ਅੱਜ ਤੱਕ ਦੇਖਿਆ ਨਹੀਂ।
ਕਾਰਲ ਨੇ ਲਿਖਿਆ, ਆਦਮੀ ਦਾ ਆਦਮੀ ਨਾਲ ਸਵਾਰਥੀ ਪੈਸੇ ਤੋਂ ਇਲਾਵਾ ਹੋਰ ਕੋਈ ਰਿਸ਼ਤਾ ਨਹੀਂ ਰਿਹਾ। ਡਾਕਟਰਾਂ, ਵਕੀਲਾਂ, ਪੁਜਾਰੀਆਂ, ਕਵੀਆਂ ਅਤੇ ਵਿਗਿਆਨੀਆਂ ਦੇ ਸਨਮਾਨਯੋਗ ਕਿੱਤੇ ਹੁਣ ਤਨਖਾਹਦਾਰ ਮੁਲਾਜ਼ਮਾਂ ਵਿਚ ਬਦਲ ਗਏ ਹਨ। ਪੈਸਾ ਕਮਾਉਣ ਦੀ ਹੋੜ ਲੱਗ ਗਈ ਹੈ। ਨਫੇ ਦੀ ਕੋਈ ਹੱਦ ਨਹੀਂ ਮਿਥੀ ਗਈ। ਇਸ ਨਵੇਂ ਤਾਣੇ-ਪੇਟੇ ਵਿਚ ਪੁਰਾਣੇ ਉਦਯੋਗ, ਪੁਰਾਣੀਆਂ ਸਭਿਅਤਾਵਾਂ ਉਲਝ ਗਈਆਂ ਹਨ। ਪੂੰਜੀ ਸੰਸਾਰ ਨੂੰ ਮਨਚਾਹਿਆ ਰੰਗ ਰੂਪ ਦੇ ਸਕਦੀ ਹੈ। ਇਹ ਸਿਸਟਮ ਆਪਣੀ ਤਬਾਹੀ ਵੀ ਆਪਣੇ ਨਾਲ ਲੈ ਆਇਆ ਹੈ ਜਿਵੇਂ ਜਾਦੂਗਰ ਸਿਵਾ ਜਗਾ ਲਵੇ ਤੇ ਪ੍ਰੇਤ ਉਪਰ ਵਸੀਕਰਨ ਦਾ ਮੰਤਰ ਚੱਲੇ ਨਾ। ਪੂੰਜੀਪਤੀ ਨੇ ਆਪੇ ਕਬਰ ਖੋਦ ਲਈ ਹੈ। ਇਸ ਪਿੱਛੇ ਮਜ਼ਦੂਰ ਦੀ ਫਤਹਿ ਯਕੀਨੀ ਹੈ। ਨੱਬੇ ਪ੍ਰਤੀਸ਼ਤ ਲੋਕਾਂ ਕੋਲ ਪ੍ਰਾਈਵੇਟ ਸੰਪਤੀ ਨਹੀਂ ਤੇ ਦਸ ਪ੍ਰਤੀਸ਼ਤਾਂ ਕੋਲ ਕ੍ਰਾਂਤੀ ਤੋਂ ਬਾਅਦ ਰਹੇਗੀ ਨਹੀਂ, ਸੰਸਾਰ ਵਿਚੋਂ ਨਿੱਜੀ ਜਾਇਦਾਦ ਦਾ ਸੰਪੂਰਨ ਸਫਾਇਆ ਹੋਵੇਗਾ। ਦਸ ਪ੍ਰਤੀਸ਼ਤ ਪੂੰਜੀਪਤੀਆਂ ਦੀ ਇਹ ਕਿਹੜਾ ਆਪਣੀ ਪੂੰਜੀ ਹੈ? ਇਹ ਉਨ੍ਹਾਂ ਨੇ ਭ੍ਰਿਸ਼ਟ ਤਰੀਕਿਆਂ ਰਾਹੀਂ ਇਕੱਠੀ ਕਰ ਲਈ ਜਿਹੜੀ ਕਦੀ ਸਭ ਦੀ ਸਾਂਝੀ ਹੁੰਦੀ ਸੀ।
ਕਾਰਲ ਉਤੇ ਦੋਸ਼ ਲੱਗਾ, ਇਸ ਦਾ ਕਮਿਊਨਿਜ਼ਮ ਪਰਿਵਾਰਕ ਬੰਧਨ ਤੋੜੇਗਾ। ਕਾਰਲ ਨੇ ਜਵਾਬ ਦਿੱਤਾ- ਪੂੰਜੀਵਾਦ ਵਿਚ ਪਰਿਵਾਰ ਰਹਿ ਕਿਥੇ ਗਿਐ? ਪਰਿਵਾਰ ਦੇ ਸਾਰੇ ਜੀਅ ਤਾਂ ਮਸ਼ੀਨ ਦੇ ਪੁਰਜ਼ੇ ਬਣ ਚੁੱਕੇ ਹਨ। ਪੂੰਜੀ, ਗਰੀਬ ਔਰਤਾਂ ਨੂੰ ਵੇਸਵਾਗਮਨੀ ਵੱਲ ਧੱਕ ਰਹੀ ਹੈ। ਗਰੀਬ ਕੋਲ ਹੈ ਕੀ ਗੁਆਉਣ ਲਈ? ਜੇ ਹੁਕਮਰਾਨਾਂ ਨੂੰ ਕਾਂਬਾ ਛਿੜਦਾ ਹੈ, ਛਿੜਨ ਦਿਓ। ਦੁਨੀਆਂ ਭਰ ਦੇ ਮਿਹਨਤਕਸ਼ੋ, ਇਕ ਹੋ ਜਾਓ।
ਫੇਲਿਸ ਲਿਚਨੋਵਸਕੀ ਨੇ ਲਿਖਿਆ, “ਮਜ਼ਦੂਰ ਆਪਣੇ ਆਪ ਤੋਂ, ਆਪਣੀ ਹੋਣੀ ਤੋਂ ਨਿਰਾਸ਼ ਨਹੀਂ ਸਨ। ਨਾ ਉਨ੍ਹਾਂ ਨੂੰ ਬਾਦਸ਼ਾਹ ਵਿਰੁਧ ਗੁੱਸਾ ਸੀ, ਨਾ ਰੱਬ ਨਾਲ ਨਾਰਾਜ਼ਗੀ ਪਰ ਆਖਰ ਜਦੋਂ ਉਨ੍ਹਾਂ ਦੇ ਪੇਟ ਵਿਚ ਭੁੱਖ ਜਾਗੀ, ਤਦ ਕ੍ਰੋਧ ਆ ਗਿਆ।”
ਫਰਵਰੀ 1848, ਪੈਰਿਸ ਵਿਚ ਬਗਾਵਤ ਫੈਲ ਗਈ। ਇਸ ਪਿਛੋਂ ਸਵਿਟਜ਼ਰਲੈਂਡ ਵਿਚ ਬਾਗੀ ਸੜਕਾਂ ‘ਤੇ ਆ ਗਏ। ਯੂਰਪ ਵਿਚ ਥਾਂ-ਥਾਂ ਗਣਤੰਤਰ ਦੀ ਮੰਗ ਉਠੀ। ਬਾਦਸ਼ਾਹਾਂ ਨੇ ਇਕ ਜੁਟ ਹੋ ਕੇ ਗਰਮ ਨਾਸਤਿਕਾਂ ਦਾ ਸਫਾਇਆ ਕਰਨ ਦੀ ਵਿਉਂਤ ਬਣਾਈ। ਵੱਡੀ ਗਿਣਤੀ ਵਿਚ ਲੋਕਾਂ ਦਾ ਕਾਰਵਾਂ ਮਹਿਲ ਵੱਲ ਤੁਰ ਪਿਆ। ਉਹ ਜ਼ਾਲਮ ਪ੍ਰਧਾਨ ਮੰਤਰੀ ਗੀਜ਼ੋ ਵਿਰੁਧ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ। ਗੀਜ਼ੋ ਨੇ ਅੱਸੀ ਹਜ਼ਾਰ ਸੈਨਿਕ ਇਸ ਭੀੜ ਨੂੰ ਤਿਤਰ-ਬਿਤਰ ਕਰਨ ਲਈ ਤਾਇਨਾਤ ਕਰ ਦਿੱਤੇ। ਸਰਦੀ ਦੀ ਰੁੱਤ, ਬਾਰਸ਼ ਸ਼ੁਰੂ ਹੋ ਗਈ। ਬਰਫੀਲੀਆਂ ਕਣੀਆਂ ਸੂਲਾਂ ਵਾਂਗ ਵੱਜਦੀਆਂ ਪਰ ਭੀੜ ਘਟੀ ਨਹੀਂ। ਸੈਨਾ ਨੂੰ ਪਰਜਾ ਨਾਲ ਹਮਦਰਦੀ ਹੋ ਗਈ। ਸਿਪਾਹੀਆਂ ਨੇ ਨਾਲੀਆਂ ਜ਼ਮੀਨ ਵੱਲ ਤੇ ਬੰਦੂਕਾਂ ਦੇ ਬੱਟ ਅਸਮਾਨ ਵੱਲ ਕਰ ਕੇ ਦੱਸ ਦਿੱਤਾ ਕਿ ਉਹ ਪਰਜਾ ਨਾਲ ਹਨ। ਵਿਆਪਕ ਜੋਸ਼ ਫੈਲ ਗਿਆ।
ਬੁੱਢੇ ਰਾਜੇ ਲੂਈ ਫਿਲਿਪੀ ਨੇ ਗੀਜ਼ੋ ਨੂੰ ਡਿਸਮਿਸ ਕਰ ਦਿੱਤਾ ਪਰ ਭੀੜ ਮਹਿਲ ਵੱਲ ਵਧਣੋਂ ਨਾ ਹਟੀ। ਖਤਰਾ ਭਾਂਪਦਿਆਂ ਬਾਦਸ਼ਾਹ ਭੇਸ ਵਟਾ ਕੇ ਇੰਗਲੈਂਡ ਵਿਚ ਭੱਜ ਗਿਆ। ਜਾਣ ਤੋਂ ਪਹਿਲੋਂ ਨੌਂ ਸਾਲ ਦੇ ਪੋਤੇ ਨੂੰ ਆਪਣਾ ਉਤਰਾਧਿਕਾਰੀ ਥਾਪ ਗਿਆ, ਬਾਲਗ ਹੋਣ ਤੱਕ ਉਸ ਦੀ ਮਾਂ ਸਰਪ੍ਰਸਤ ਰਹੇਗੀ ਪਰ ਥੋੜ੍ਹੀ ਦੇਰ ਬਾਅਦ ਇਹ ਮਾਂ-ਪੁੱਤ ਵੀ ਭੱਜ ਗਏ। ਆਰਜ਼ੀ ਸਰਕਾਰ ਬਣ ਗਈ ਜਿਸ ਨੂੰ ਸਭ ਤੋਂ ਪਹਿਲਾਂ ਅਮਰੀਕਾ ਨੇ ਮਾਨਤਾ ਦਿੱਤੀ। ਕਾਰਲ 4 ਮਾਰਚ ਨੂੰ ਪੈਰਿਸ ਵਾਸਤੇ ਪਰਿਵਾਰ ਸਮੇਤ ਰਵਾਨਾ ਹੋ ਗਿਆ। ਪੈਰਿਸ ਦੇ ਚਿਹਰੇ ‘ਤੇ ਜ਼ਖਮਾਂ ਦੇ ਨਿਸ਼ਾਨ ਸਨ। ਪਥਰਾਉ ਕਾਰਨ ਮਕਾਨਾਂ ਦੇ ਸ਼ੀਸ਼ੇ ਟੁੱਟੇ ਹੋਏ, ਸੜਕਾਂ ‘ਤੇ ਥਾਂ-ਥਾਂ ਪੱਥਰ, ਮਹਿਲ ਦੇ ਸ਼ੀਸ਼ੇ ਖਤਮ, ਗਾਰਡਰੂਮ ਅਗਜ਼ਨੀ ਦੀ ਲਪੇਟ ਵਿਚ ਤੇ ਗਾਰਡਾਂ ਦੇ ਪਿੰਜਰ, ਬੱਸਾਂ-ਟਰੱਕ ਉਲਟਾਏ ਹੋਏ। ਮਹਿਲ ਅੰਦਰਲੇ ਪਰਦੇ ਟੁੱਟੇ ਸ਼ੀਸ਼ਿਆਂ ਵਿਚੋਂ ਦੀ ਬਾਹਰ ਹਵਾ ਨਾਲ ਝੂਲ ਰਹੇ, ਹਾਰ ਦਾ ਮਾਤਮ। ਸ਼ਾਨਦਾਰ ਸ਼ਹਿਰ ਟੁੱਟ-ਭੱਜ ਦਾ ਸ਼ਿਕਾਰ ਹੋ ਚੁੱਕਾ ਸੀ। ਫਲਾਬੇਅਰ, ਬਗਾਵਤ ਦੇਖਣ ਵਾਸਤੇ ਪੈਰਿਸ ਆ ਗਿਆ।
ਪੈਰਿਸ ਤੋਂ ਪਿਛੋਂ ਆਸਟਰੀਆ ਵਿਚ ਬਗਾਵਤ ਹੋ ਗਈ, ਕੇਵਲ ਹਫਤੇ ਦੇ ਸੰਘਰਸ਼ ਉਪਰੰਤ ਬਾਗੀਆਂ ਨੇ ਰਾਜਧਾਨੀ ਸੰਭਾਲ ਲਈ। ਇਸ ਪਿਛੋਂ ਜਰਮਨੀ ਦੀ ਵਾਰੀ ਸੀ। ਲੋਕ 16 ਮਾਰਚ ਨੂੰ ਕਾਫਲੇ ਦੀ ਸ਼ਕਲ ਵਿਚ ਬਾਦਸ਼ਾਹ ਫਰੈਡਰਿਕ ਵਿਲਮ ਦੇ ਮਹਿਲ ਵੱਲ ਤੁਰ ਪਏ। ਨੇੜੇ ਗਏ ਤਾਂ ਫੌਜ ਨੂੰ ਫਾਇਰ ਕਰਨ ਦਾ ਹੁਕਮ ਮਿਲਿਆ। ਜਿਸ ਨੂੰ ਗੋਲੀ ਲਗਦੀ, ਚੀਕ ਮਾਰ ਕੇ ਡਿੱਗ ਪੈਂਦਾ, ਪਰ ਬਾਕੀ ਅੱਗੇ ਵਧਣੋਂ ਨਾ ਹਟੇ, ਡਿੱਗੀਆਂ ਲਾਸ਼ਾਂ ਮਹਿਲ ਸਾਹਮਣੇ ਚਿਣ ਦਿੱਤੀਆਂ ਤੇ ਭੀੜ ਨੇ ਚੀਕ ਕੇ ਬਾਦਸ਼ਾਹ ਨੂੰ ਬਾਹਰ ਆਉਣ ਲਈ ਕਿਹਾ। ਬਾਦਸ਼ਾਹ ਖਿੜਕੀ ਵਿਚੋਂ ਦੀ ਹੇਠਾਂ ਝਾਕਿਆ। ਲਾਸ਼ਾਂ ਵੱਲ ਉਂਗਲ ਕਰਦਿਆਂ ਭੀੜ ਨੇ ਹੁਕਮ ਦਿੱਤਾ, ਟੋਪ ਉਤਾਰ ਕੇ ਸ਼ਹੀਦਾਂ ਦਾ ਸਤਿਕਾਰ ਕਰ! ਬਾਦਸ਼ਾਹ, ਜਿਸ ਦਾ ਸਿਰ ਕਿਸੇ ਅੱਗੇ ਅਜ ਤੱਕ ਝੁਕਿਆ ਨਹੀਂ ਸੀ, ਨੇ ਹੈਟ ਉਤਾਰ ਦਿੱਤਾ। ਫੌਜਾਂ ਨੂੰ ਬਰਲਿਨ ਵਿਚੋਂ ਚਲੇ ਜਾਣ ਦਾ ਹੁਕਮ ਦੇ ਦਿੱਤਾ। ਬੰਦ ਘਰਾਂ ਦੀਆਂ ਤਾਕੀਆਂ ਵਿਚੋਂ ਲੋਕ ਫੌਜ ਨੂੰ ਬਰਲਿਨ ਵਿਚੋਂ ਬਾਹਰ ਨਿਕਲਦੀ ਦੇਖਦੇ ਰਹੇ। ਸੰਵਿਧਾਨ ਬਣਾਉਣ ਦਾ ਐਲਾਨ ਹੋ ਗਿਆ। ਸਰਕਾਰੀ ਇਮਾਰਤਾਂ ਉਪਰ ਨਾਗਰਿਕਾਂ ਨੇ ਲਿਖ ਦਿੱਤਾ, ਲੋਕਾਂ ਦੀ ਜਾਇਦਾਦ।
ਕਾਰਲ ਨੂੰ ਪੈਰਿਸ ਛੱਡਣ ਦਾ ਹੁਕਮ ਹੋ ਗਿਆ, ਕਿਉਂਕਿ ਉਸ ਦਾ ਅਖਬਾਰ ਸਰਕਾਰ ਦੀ ਅੱਖ ਵਿਚ ਰੜਕਦਾ ਸੀ। ਉਸ ਨੇ ਲੰਡਨ ਦਾ ਰਸਤਾ ਫੜਿਆ। ਜੈਨੀ ਦੋ ਹਫਤਿਆਂ ਬਾਅਦ ਆਪਣਾ ਨਿੱਕ-ਸੁੱਕ ਵੇਚ ਕੇ ਪੈਸੇ ਇੱਕਠੇ ਕਰ ਕੇ ਬੱਚਿਆਂ ਸਮੇਤ ਆਏਗੀ। ਸਲ੍ਹਾਬੇ, ਠੰਢੇ, ਉਦਾਸੇ ਲੰਡਨ ਅਤੇ ਇਥੋਂ ਦੀ ਗਰੀਬੀ ਨਾਲ ਵਾਹ ਪੈਣਾ ਸੀ। ਦੁਨੀਆਂ ਭਰ ਦੀਆਂ ਸਰਕਾਰਾਂ ਵਲੋਂ ਜਲਾਵਤਨ ਕੀਤੇ ਲੋਕ ਇਥੇ ਪਨਾਹਗੀਰ ਸਨ। ਸਵੇਰ ਵੇਲੇ ਇਨ੍ਹਾਂ ਨੂੰ ਪਤਾ ਨਹੀਂ ਹੁੰਦਾ ਸੀ ਰਾਤ ਕਿਥੇ ਕੱਟਣਗੇ; ਜਿਥੇ ਰਾਤ ਕੱਟਦੇ, ਪਤਾ ਨਹੀਂ ਸੀ ਸਵੇਰੇ ਖਾਣ ਨੂੰ ਮਿਲੇਗਾ ਕੁਝ ਕਿ ਨਹੀਂ। ਚੀਥੜੇ ਪਹਿਨੀ ਇਹ ਵਿਦੇਸ਼ੀ ਲੋਕ ਪੈਸੇ ਧੇਲੀ ਵਾਸਤੇ ਹੱਥ ਅੱਡੀ ਰੱਖਦੇ। ਵਧੇਰੇ ਗਿਣਤੀ ਜਰਮਨਾਂ ਦੀ ਸੀ। ਮਾਰਕਸ ਨੇ ਜਰਮਨੀ ਵਿਚ ਇਸ਼ਤਿਹਾਰ ਛਪਵਾ ਕੇ ਸਹਾਇਤਾ ਮੰਗਦਿਆਂ ਲਿਖਿਆ, “ਇਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਆਪਣੀ ਜਰਮਨ ਜ਼ਬਾਨ ‘ਚ ਅੰਗਰੇਜ਼ਾਂ ਅੱਗੇ ਹੱਥ ਅੱਡ ਰਹੇ ਹਨ।” ਸਹਾਇਤਾ ਆਉਣੀ ਸ਼ੁਰੂ ਹੋ ਗਈ।
ਕਾਰਲ ਲੰਡਨ ਤੋਂ ਅਖਬਾਰ ਕੱਢਣਾ ਚਾਹੁੰਦਾ ਸੀ ਜਿਸ ਲਈ ਘੱਟੋ-ਘੱਟ ਪੰਜ ਸੌ ਪੌਂਡ ਚਾਹੀਦੇ ਸਨ। ਜਿਨ੍ਹਾਂ ਨੂੰ ਨਫਰਤ ਕਰਦਾ ਸੀ, ਉਨਾਂ ਸ਼ਾਹੂਕਾਰਾਂ ਪਾਸੋਂ ਪੈਸੇ ਮੰਗਣ ਗਿਆ। ਦੋਸਤਾਂ ਵਿਚ ਅਕਸਰ ਕਿਹਾ ਕਰਦਾ, ਸਿਆਸਤ ਵਿਚ ਜੇ ਸ਼ੈਤਾਨ ਨਾਲ ਰਲ ਕੇ ਚੱਲਣਾ ਪਵੇ ਤਾਂ ਵੀ ਹਰਜ ਨਹੀਂ, ਬੱਸ ਇੰਨਾ ਧਿਆਨ ਰੱਖਣਾ ਪਏਗਾ ਕਿ ਅਖੀਰ ਵਿਚ ਸ਼ੈਤਾਨ ਲੁੱਟਿਆ ਗਿਆ ਹੋਵੇ।
ਜੈਨੀ ਨੇ ਚੌਥੇ ਬੱਚੇ ਨੂੰ ਜਨਮ ਦਿੱਤਾ, ਬੇਟੇ ਦਾ ਨਾਮ ਫਾਸਕੀ ਰੱਖਿਆ। ਜਨਮ ਤੋਂ ਹੀ ਬਿਮਾਰ ਸੀ, ਕਮਜ਼ੋਰ ਸੀ। ਭੁੱਖ ਲੱਗਣ ‘ਤੇ ਇੰਨੇ ਜ਼ੋਰ ਨਾਲ ਦੁੱਧ ਚੁੰਘਦਾ ਕਿ ਜੈਨੀ ਦੀ ਛਾਤੀ ‘ਤੇ ਜ਼ਖਮ ਹੋ ਗਏ। ਮਕਾਨ ਮਾਲਕਣ ਗੁੱਸੇ ਨਾਲ ਅੰਦਰ ਆਈ, ਤੇ ਜੈਨੀ ਨੂੰ ਕਿਹਾ, ਹੁਣੇ ਇਸੇ ਵਕਤ ਮੇਰਾ ਬਕਾਇਆ ਪੰਜ ਪੌਂਡ ਦੇਹ, ਤੇ ਘਰ ਖਾਲੀ ਕਰ। ਪੈਸੇ ਨਹੀਂ ਸਨ, ਮਨ ਪਸੰਦ ਵਸਤਾਂ, ਬੱਚੇ ਦਾ ਸੁਹਣਾ ਪੰਘੂੜਾ, ਲਾਰਾ ਦੇ ਖਿਡੌਣੇ ਚੁੱਕ ਲਏ। ਬੱਚੇ ਰੋਂਦੇ ਰਹੇ। ਰੇਹੜੇ ਵਿਚ ਸਮਾਨ ਲੱਦ ਲਿਆ ਤਾਂ ਕਿ ਕਿਸੇ ਦੋਸਤ ਕੋਲ ਰਾਤ ਕੱਟ ਸਕਣ। ਇੰਨੇ ਨੂੰ ਦਿਨ ਛਿਪ ਗਿਆ। ਸੂਰਜ ਛਿਪਣ ਤੋਂ ਬਾਅਦ ਇੰਗਲੈਂਡ ਦੇ ਕਾਨੂੰਨ ਮੁਤਾਬਕ ਸਾਮਾਨ ਨਾਲ ਸਫਰ ਨਹੀਂ ਕਰਨਾ। ਦੋ ਢਾਈ ਸੌ ਲੋਕਾਂ ਦੇ ਇੱਕਠ ਨੇ ਇਹ ਤਮਾਸ਼ਾ ਦੇਖਿਆ।
ਕਵੀ, ਪੱਤਰਕਾਰ ਤੇ ਲੇਖਕ ਵਜੋਂ ਏਂਗਲਜ਼, ਕਾਰਲ ਤੋਂ ਪਹਿਲਾਂ ਸਥਾਪਤ ਹੋ ਚੁੱਕਾ ਸੀ, ਪਰ ਉਹ ਸਮਝ ਚੁੱਕਾ ਸੀ ਕਿ ਕਾਰਲ ਵਧੀਕ ਡੂੰਘਾ ਅਤੇ ਦੂਰੰਦੇਸ਼ ਹੈ। ਫਲਸਰੂਪ ਆਪਣਾ ਲੇਖਣ ਕਾਰਜ ਪਿੱਛੇ ਪਾ ਕੇ ਉਸ ਨੇ ਕਾਰਲ ਦੀ ਮਾਇਕ ਸਹਾਇਤਾ ਜਾਰੀ ਰੱਖੀ। ਮਾਰਕਸ ਪਰਿਵਾਰ ਉਤੇ ਸਾਰੀ ਉਮਰ ਮੁਸੀਬਤਾਂ ਤੇ ਪ੍ਰੇਸ਼ਾਨੀਆਂ ਦੇ ਭਾਰ ਟੁੱਟਦੇ ਰਹੇ ਪਰ ਇਹ ਉਹ ਦੌਰ ਸੀ ਜਦੋਂ ਉਹ ਕਿਸੇ ਗਹਿਰੇ ਮਾਨਸਿਕ ਸੰਕਟ ਵਿਚੋਂ ਗੁਜ਼ਰ ਰਿਹਾ ਸੀ। ਜੈਨੀ ਨੇ ਆਪਣੇ ਪੇਕੇ ਪਰਿਵਾਰ ਕੋਲ ਸਹਾਇਤਾ ਲਈ ਕਦੇ ਹੱਥ ਨਹੀਂ ਅੱਡਿਆ ਸੀ, ਪਰ ਹਾਲਾਤ ਅਜਿਹੇ ਬਣੇ ਕਿ ਉਸ ਨੂੰ ਆਪਣੀ ਮਾਂ ਕੋਲੋਂ ਸਹਾਇਤਾ ਵਜੋਂ ਪੈਸੇ ਲੈਣ ਜਾਣਾ ਪਿਆ। ਜੈਨੀ ਦੀ ਮਾਂ ਨੇ ਆਪਣੀ ਸ਼ਹਿਜ਼ਾਦੀ ਵਰਗੀ ਪਿਆਰੀ ਧੀ ਦੇ ਸਹਿਯੋਗ ਲਈ ਲਿੰਚਨ ਨਾਂ ਦੀ ਬਹੁਤ ਸੂਝਵਾਨ ਅਤੇ ਸੰਵੇਦਨਸ਼ੀਲ ਲੜਕੀ ਉਸ ਕੋਲ ਭੇਜੀ ਹੋਈ ਸੀ। ਜੈਨੀ ਦੀ ਗੈਰ-ਹਾਜ਼ਰੀ ਵਿਚ ਲਿੰਚਨ, ਮਾਰਕਸ ਦੀ ਮਨੋਦਸ਼ਾ ਨੂੰ ਭਾਵਨਾਤਮਿਕ ਤਰੀਕੇ ਨਾਲ ਦੇਖ ਰਹੀ ਸੀ। ਦਰਅਸਲ ਉਹ ਘਰ ਦੀ ਮਹਿਜ਼ ਨੌਕਰਾਣੀ ਨਹੀਂ ਸੀ; ਬੇਹੱਦ ਹਸੀਨ ਦਿਲ ਦਿਮਾਗ ਵਾਲੀ ਇਹ ਔਰਤ ਮਾਰਕਸ ਪਰਿਵਾਰ ਦੀ ਮਾਨੋ ਰੂਹ ਸੀ। ਜੈਨੀ ਦੀ ਗੈਰ-ਹਾਜ਼ਰੀ ਵਿਚ ਮਾਰਕਸ ਤੋਂ ਗਰਭਵਤੀ ਹੋ ਗਈ, ਇਕ ਪੁੱਤਰ ਨੂੰ ਜਨਮ ਦਿੱਤਾ ਜੋ ਰਿਸ਼ਤਿਆਂ ਵਿਚ ਤਕਰਾਰ ਦਾ ਕਾਰਨ ਬਣਿਆ। ਉਂਜ ਉਸ ਔਰਤ ਨੇ ਸਾਰੀ ਉਮਰ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਜ਼ਿੰਦਗੀ ਲੇਖੇ ਲਾ ਦਿੱਤੀ। ਮਾਰਕਸ ਅਤੇ ਲਿੰਚਨ ਵੱਲੋਂ ਪੈਦਾ ਕੀਤੇ ਬੱਚੇ ਦੀ ਸਮੱਸਿਆ ਏਂਗਲਜ਼ ਨੇ ਉਸ ਨੂੰ ਆਪਣਾ ਪੁੱਤਰ ਸਵੀਕਾਰ ਕੇ ਨਜਿੱਠੀ।
ਕਾਰਲ ਦੇਖ ਰਿਹਾ ਸੀ ਕਿ ਜਗੀਰਦਾਰ ਜਮਾਤ ਵਪਾਰ ਰਾਹੀਂ ਪੂੰਜੀਪਤੀ ਕਲਾਸ ਵਿਚ ਬਦਲ ਰਹੀ ਸੀ। ਕੱਚਾ ਮਾਲ ਖਰੀਦੋ, ਮਜ਼ਦੂਰੀ ਖਰੀਦੋ, ਖਰੀਦ ਸਸਤੀ ਤੋਂ ਸਸਤੀ ਹੋਵੇ, ਬਣਿਆ ਮਾਲ ਮਹਿੰਗੇ ਤੋਂ ਮਹਿੰਗਾ ਖੁੱਲ੍ਹੀ ਮੰਡੀ ਵਿਚ ਵਿਕੇ। ਇਹ ਰਸਤਾ ਕ੍ਰਾਂਤੀ ਵੱਲ ਜਾਂਦਾ ਰਾਹ ਸੀ। ਦੋਸਤ ਜਦੋਂ ਉਸ ਨੂੰ ਇਨਕਲਾਬ ਦਾ ਸੱਦਾ ਦੇਣ ਲਈ ਆਖਦੇ ਤਾਂ ਉਤਰ ਹੁੰਦਾ, ਛੋਟੀ ਬੁਰਜੁਆ ਸ਼੍ਰੇਣੀ ਪੈਦਾ ਹੋਣ ਦਿਓ, ਮਜ਼ਦੂਰ ਸੰਗਠਨ ਮਜ਼ਬੂਤ ਹੋਣ, ਮਜ਼ਦੂਰਾਂ ਦੀ ਸੂਝ ਠੀਕ ਹੋਵੇ, ਫਿਰ ਕ੍ਰਾਂਤੀ ਆਏਗੀ। ਪਲੋ-ਪਲੀ ਧਰਤੀ ਉਤੇ ਸਵਰਗ ਉਤਾਰਨ ਲਈ ਅਰਾਜਕਤਾਵਾਦੀ ਸਾਥੀਆਂ ਨੇ ਉਸ ਨੂੰ ਨਿਕੰਮਾ, ਡਰਪੋਕ ਅਤੇ ਸੋਧਵਾਦੀ ਆਦਿਕ ਕਿਹਾ, ਉਸ ਨੂੰ ਮਾਰਨ ਦੇ ਯਤਨ ਵੀ ਹੋਏ ਪਰ ਉਹ ਆਪਣੇ ਕੰਮ ਲੱਗਾ ਰਿਹਾ।
ਕਾਰਲ ਦੇ ਘਰ ਨੂੰ ਕਬੂਤਰਖਾਨਾ ਕਿਹਾ ਜਾਂਦਾ ਕਿਉਂਕਿ ਹਰ ਪਰਦੇਸੀ ਸ਼ਰਨਾਰਥੀ ਨੂੰ ਇਥੇ ਪਨਾਹ ਮਿਲਦੀ। ਪਨਾਹ ਵਾਸਤੇ ਕੇਵਲ ਦੋ ਥਾਂਵਾਂ ਸਨ-ਕਾਰਲ ਦਾ ਘਰ ਜਾਂ ਕਬਰਿਸਤਾਨ। ਅਮੀਰ ਘਰ ਵਿਚ ਜੰਮੀ ਪਲੀ ਜੈਨੀ ਗੰਵਾਰ, ਕੁਰੱਖਤ, ਦੁਖੀ ਮਹਿਮਾਨਾਂ ਨਾਲ ਨਿਮਰਤਾ, ਹਮਦਰਦੀ ਨਾਲ ਪੇਸ਼ ਆਉਂਦੀ। ਬਹੁਤਿਆਂ ਵਾਸਤੇ ਕਾਰਲ ਨਾਲੋਂ ਜੈਨੀ ਵਧੀਕ ਚੰਗੀ ਸੀ ਜਿਸ ਨੂੰ ਖਾਨਾਬਦੋਸ਼ੀ ਦੀ ਹਾਲਤ ਵਿਚ ਰਹਿਣਾ ਆ ਗਿਆ ਸੀ। ਬੱਚੇ ਹਰ ਗਤੀਵਿਧੀ ਵਿਚ ਸ਼ਾਮਲ ਹੁੰਦੇ, ਇਸ ਲਈ ਨਹੀਂ ਕਿ ਵੱਡਿਆਂ ਤੋਂ ਕੁਝ ਸਿੱਖਣਗੇ, ਕਾਰਲ ਕਿਹਾ ਕਰਦਾ ਸੀ, ਵੱਡੇ ਇਨ੍ਹਾਂ ਤੋਂ ਅਕਲ ਲੈਣ।
ਕਾਰਲ ਦੇ ਵਿਰੋਧੀਆਂ ਨੇ ਇਹ ਖਬਰ ਦੂਰ-ਦੂਰ ਤੱਕ ਚਟਖਾਰੇ ਲਾ-ਲਾ ਫੈਲਾਈ ਕਿ ਕਾਰਲ ਦੀਆਂ ਦੋ ਔਰਤਾਂ ਹਨ, ਤੇ ਦੋਵਾਂ ਦੇ ਬੱਚੇ ਹੋਏ ਹਨ। ਉਨ੍ਹਾਂ ਨੂੰ ਇਹ ਕਹਿਣ ਦਾ ਮੌਕਾ ਮਿਲਿਆ ਕਿ ਇਨ੍ਹਾਂ ਨਾਸਤਿਕਾਂ ਦਾ ਸਮਾਜ ਦੁਰਾਚਾਰੀ ਹੋਵੇਗਾ। ਅਫਵਾਹ ਉਡਾਈ ਗਈ ਕਿ ਮਾਰਕਸ ਦੀ ਪਾਰਟੀ ਦੁਰਾਚਾਰੀਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕਰਦੀ ਹੈ, ਤੇ ਨੇਕੀ ਕਰਨ ਵਾਲਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ।
23 ਜੂਨ ਲਿੰਚਨ ਦੇ ਜਦੋਂ ਬੇਟਾ ਪੈਦਾ ਹੋਇਆ, ਫਰੈਡਰਿਕ ਏਂਗਲਜ਼ ਦੇ ਨਾਮ ‘ਤੇ ਉਸ ਦਾ ਨਾਮ ਹੈਨਰੀ ਫਰੈਡਰਿਕ ਰੱਖਿਆ, ਫਰੈਡੀ ਕਿਹਾ ਜਾਂਦਾ। ਜਿਸ ਔਰਤ ਨੂੰ ਬੱਚੇ ਦੀ ਪਰਵਰਿਸ਼ ਸੌਂਪੀ, ਉਹ ਗਰੀਬ ਸੀ। ਸੋ, ਏਂਗਲਜ਼ ਨੇ ਵਜ਼ੀਫਾ ਦੇਣਾ ਸ਼ੁਰੂ ਕਰ ਦਿੱਤਾ। ਨਿਊ ਯਾਰਕ ਡੇਲੀ ਟ੍ਰਿਬਿਊਨ ਦੋ ਲੱਖ ਦੀ ਗਿਣਤੀ ਵਿਚ ਛਾਪਦਾ ਸੀ, ਉਸ ਦੇ ਸੰਪਾਦਕ ਨੇ ਕਾਰਲ ਨੂੰ ਲਿਖਤਾਂ ਭੇਜਣ ਲਈ ਕਿਹਾ। ਕਾਰਲ ਦੀ ਅੰਗਰੇਜ਼ੀ ਸਹੀ ਨਹੀਂ ਸੀ। ਉਸ ਦੇ ਲੇਖ ਏਂਗਲਜ਼ ਨੂੰ ਟ੍ਰਾਂਸਲੇਟ ਕਰਨੇ ਪੈਂਦੇ। ਇਸ ਨਾਲ ਕੁਝ ਆਮਦਨ ਹੋ ਜਾਂਦੀ। ਹੋਰ ਕੋਈ ਹੀਲਾ-ਵਸੀਲਾ ਨਹੀਂ ਸੀ।
ਜੈਨੀ ਦੀ ਸਭ ਤੋਂ ਛੋਟੀ ਧੀ ਅਜੇ ਸਾਲ ਦੀ ਨਹੀਂ ਹੋਈ ਸੀ ਕਿ ਦਮੇ ਸਦਕਾ ਮੌਤ ਹੋ ਗਈ। ਮੌਤ ਦਾ ਦੁੱਖ ਤਾਂ ਹੈ ਈ ਸੀ, ਦੂਜਾ ਦੁੱਖ ਕੱਫਣ ਖਰੀਦਣ ਲਈ ਪੈਸੇ ਨਹੀਂ। ਲਾਸ਼ ਉਦੋਂ ਤੱਕ ਪਿਛਲੇ ਕਮਰੇ ਵਿਚ ਰੱਖ ਦਿੱਤੀ ਜਦੋਂ ਤੱਕ ਕੱਫਣ ਦਾ ਇੰਤਜ਼ਾਮ ਨਹੀਂ ਹੁੰਦਾ। ਤਰਸ ਖਾ ਕੇ ਕਿਸੇ ਫਰਾਂਸੀਸੀ ਗਵਾਂਢੀ ਨੇ ਦੋ ਪੌਂਡ ਦਿੱਤੇ। ਜੈਨੀ ਲਿਖਦੀ ਹੈ, “ਜਨਮ ਸਮੇਂ ਮੇਰੀ ਇਸ ਧੀ ਨੂੰ ਪੰਘੂੜਾ ਨਹੀਂ ਮਿਲਿਆ, ਮੌਤ ਵਕਤ ਕੱਫਣ ਨਹੀਂ।”
ਕਾਰਲ ਨੇ ਏਂਗਲਜ਼ ਨੂੰ ਲਿਖਿਆ, ਅੱਠ ਦਿਨਾਂ ਤੋਂ ਬਰੈਡ ਅਤੇ ਆਲੂ ਖਾ ਰਹੇ ਹਾਂ। ਕੱਲ੍ਹ ਨੂੰ ਇਹ ਵੀ ਨਹੀਂ ਹੋਣਗੇ। ਘਰ ਨਹੀਂ, ਇਹ ਹਸਪਤਾਲ ਲਗਦੈ।
ਜੈਨੀ ਦਾ ਨੈਕਲੇਸ ਵੇਚਣ ਗਏ ਕਾਰਲ ਨੂੰ ਚੋਰ ਸਮਝ ਕੇ ਦੁਕਾਨਦਾਰ ਨੇ ਪੁਲਿਸ ਨੂੰ ਫੜਵਾ ਦਿੱਤਾ, ਮੁਸ਼ਕਿਲ ਨਾਲ ਛੁਡਵਾ ਕੇ ਲਿਆਈ। ਖੁਫੀਆ ਫਾਈਲ ਵਿਚ ਉਸ ਬਾਰੇ ਲਿਖਿਆ ਹੈ, “ਸਭ ਤੋਂ ਗੰਦੇ ਅਤੇ ਸਸਤੇ ਇਲਾਕੇ ਵਿਚ ਰਹਿ ਰਿਹਾ ਹੈ। ਦੋ ਕਮਰੇ ਹਨ, ਸ਼ੈਲਫਾਂ ਉਤੇ ਗਰਦ ਚੜ੍ਹੀ ਪਈ ਹੈ। ਇਕ ਮੇਜ਼ ਉਪਰ ਥਿੰਧਾ ਕੱਪੜਾ ਵਿਛਾਇਆ ਹੋਇਆ ਹੈ। ਹਰ ਚੀਜ਼ ਟੁੱਟੀ-ਭੱਜੀ ਤੇ ਖਿੰਡੀ-ਪੁੰਡੀ। ਮੇਜ਼ ਉਪਰ ਉਸ ਦੀਆਂ ਲਿਖਤਾਂ ਅਤੇ ਅਖਬਾਰ ਪਏ ਹਨ, ਕੁਝ ਖਿਡੌਣੇ ਹਨ, ਪਿਆਲੀਆਂ ਦੇ ਕੁੰਡੇ ਟੁੱਟੇ ਹੋਏ, ਲੈਂਪ, ਕਲਮ ਦਵਾਤ, ਗਲਾਸ ਪਏ ਹਨ। ਬੈਠਣਾ ਖਤਰਨਾਕ ਹੈ ਕਿਉਂਕਿ ਕੁਰਸੀ ਦੀ ਲੱਤ ਟੁੱਟੀ ਹੋਈ ਹੈ। ਜਿਹੜੀ ਕੁਰਸੀ ਦੀਆਂ ਚਾਰੇ ਲੱਤਾਂ ਠੀਕ ਹਨ, ਬੱਚੇ ਉਸ ਉਪਰ ਖਾਣਾ ਬਣਾਉਣ ਦੀ ਖੇਡ-ਖੇਡ ਰਹੇ ਹਨ। ਮਹਿਮਾਨ ਲਈ ਇਹੋ ਕੁਰਸੀ ਹੈ, ਪਰ ਜੇ ਮਹਿਮਾਨ ਦੇ ਆਏ ਤੋਂ ਬੱਚੇ ਆਪਣੀ ਖੇਡ ਬੰਦ ਨਾ ਕਰਨ, ਫੇਰ? ਜੇ ਖੇਡ ਬੰਦ ਕਰ ਕੇ ਬੈਠਣ ਲਈ ਕਹਿ ਦੇਣ ਤਾਂ ਪੈਂਟ ਗੰਦੀ ਹੋ ਜਾਏਗੀ।”
ਕਾਰਲ ਪਰਿਵਾਰ ਵਿਚ ਕ੍ਰਿਸਮਸ ਮਨਾਉਣ ਦਾ ਕੋਈ ਖਾਸ ਮਤਲਬ ਨਹੀਂ। ਬੱਚੇ ਯਸੂ ਮਸੀਹ ਬਾਰੇ ਪੁੱਛਦੇ ਤਾਂ ਪਿਤਾ ਦੱਸਦਾ, “ਗਰੀਬ ਤਰਖਾਣ ਨੂੰ ਅਮੀਰਾਂ ਨੇ ਮਾਰ ਦਿੱਤਾ ਸੀ।” ਫਿਰ ਕਹਿ ਦਿੰਦਾ, ਈਸਾਈ ਧਰਮ ਨੂੰ ਇਸ ਗੱਲ ਕਰ ਕੇ ਮੁਆਫ ਕੀਤਾ ਜਾ ਸਕਦਾ ਹੈ ਕਿ ਉਸ ਨੇ ਬੱਚੇ ਦੀ ਪੂਜਾ ਕਰਨ ਦਾ ਰਿਵਾਜ ਪਇਆ। ਏਂਗਲਜ਼ ਬੱਚਿਆਂ ਲਈ ਖਿਡੌਣੇ ਲਿਆਉਣੇ ਕਦੀ ਨਾ ਭੁੱਲਦਾ।
ਲੰਡਨ ਹੈਜ਼ੇ ਦੀ ਲਪੇਟ ਵਿਚ ਆ ਗਿਆ, ਗਿਆਰਾਂ ਹਜ਼ਾਰ ਮੌਤਾਂ ਹੋਈਆਂ। ਸੀਵਰੇਜ ਦਾ ਪਾਣੀ ਲੀਕ ਹੋ ਕੇ ਉਨ੍ਹਾਂ ਖੂਹਾਂ ਵਿਚ ਚਲਾ ਗਿਆ ਸੀ ਜਿਥੋਂ ਲੋਕ ਪੀਣ ਲਈ ਪਾਣੀ ਭਰਦੇ ਸਨ।
ਕਾਰਲ ਲਿਖਦਾ ਹੈ, ਬੇਕਨ ਨੇ ਕਿਹਾ ਸੀ, ਮਹਾਨ ਆਦਮੀ ਵੱਡੇ ਤੋਂ ਵੱਡਾ ਘਾਟਾ ਵੀ ਛੇਤੀ ਭੁੱਲ ਜਾਂਦਾ ਹੈ, ਪਰ ਮੈਂ ਮਹਾਨ ਆਦਮੀ ਨਹੀਂ।
17 ਜਨਵਰੀ 1855 ਨੂੰ ਧੀ ਏਲੀਨਰ ਦਾ ਜਨਮ ਹੋਇਆ। ਅੱਠ ਸਾਲ ਦਾ ਬੇਟਾ ਬਿਮਾਰ ਹੋ ਗਿਆ, ਇੰਨਾ ਬਿਮਾਰ ਕਿ ਹਿੱਲਣ ਜੋਗਾ ਨਾ ਰਿਹਾ। ਭੈਣਾਂ ਅਤੇ ਪਿਤਾ ਉਸ ਦਾ ਖਿਆਲ ਰੱਖਦੇ, ਜੈਨੀ ਇਸ ਕਮਰੇ ਵਿਚ ਨਾ ਆਉਂਦੀ ਕਿਉਂਕਿ ਉਸ ਤੋਂ ਰੋਣ ਨਾ ਥਮਦਾ। ਬੇਟਾ ਇੰਨਾ ਸਿਆਣਾ, ਭੈਣਾਂ ਨੂੰ ਆਖ ਦਿੰਦਾ, ਇਸ ਕਮਰੇ ਵਿਚ ਮੰਮੀ ਆਵੇ ਤਾਂ ਮੇਰੀਆਂ ਲੱਤਾਂ ਬਾਹਾਂ ਕੱਪੜੇ ਨਾਲ ਢਕ ਦਿਆ ਕਰੋ, ਇੰਨੇ ਪਤਲੇ ਅੰਗ ਦੇਖ ਕੇ ਦੁਖੀ ਹੋਵੇਗੀ।
ਫਿਰ 6 ਅਪਰੈਲ ਦੀ ਰਾਤ ਨੂੰ ਉਹ ਕਾਰਲ ਦੀ ਗੋਦ ਵਿਚ ਦਮ ਤੋੜ ਗਿਆ। ਰੋਂਦੀ ਜੈਨੀ ਨੇ ਆਪਣੀਆਂ ਧੀਆਂ ਇਉਂ ਕੱਸ ਕੇ ਛਾਤੀ ਨਾਲ ਲਈਆਂ ਹੋਈਆਂ ਸਨ ਜਿਵੇਂ ਲਗਦਾ ਹੋਵੇ ਮੌਤ ਇਨ੍ਹਾਂ ਨੂੰ ਵੀ ਖੋਹਣ ਆਈ ਹੈ। ਕਾਰਲ ਨੇ ਕਿਹਾ, ਘਾਟਾ ਨਹੀਂ ਪਿਆ, ਡਾਕਾ ਪਿਐ। ਨਾ ਚੰਗੀ ਖੁਰਾਕ, ਨਾ ਦਵਾਈ, ਸੁੰਦਰ ਸਮਾਜ ਦੀ ਸਿਰਜਣਾ ਦਾ ਸੁਪਨਾ ਲੈਣ ਕਾਰਨ ਕੁਦਰਤ ਨੇ ਮੈਨੂੰ ਭਿਆਨਕ ਸਦਮਾ ਦਿੱਤਾ ਹੈ। ਟੁੱਟ ਚੁੱਕੇ ਕਾਰਲ ਨੂੰ ਦੋਸਤ ਨੇ ਧਰਵਾਸ ਦੇਣਾ ਚਾਹਿਆ ਤਾਂ ਚੀਕਿਆ, “ਮੇਰੇ ਬੇਟੇ ਨੂੰ ਵਾਪਸ ਨਹੀਂ ਲਿਆ ਸਕਦਾ, ਚੁੱਪ ਤਾਂ ਕਰ।” ਇਸ ਦੋਸਤ ਨੇ ਲਿਖਿਆ, “ਕਬਰ ਵਿਚ ਉਤਾਰਨ ਲਈ ਜਦੋਂ ਬੱਚੇ ਦਾ ਤਾਬੂਤ ਚੁੱਕਿਆ ਗਿਆ, ਮੈਂ ਡਰ ਗਿਆ ਸਾਂ ਕਿਤੇ ਕਾਰਲ ਟੋਏ ਵਿਚ ਨਾ ਕੁੱਦ ਪਵੇ।”
ਏਂਗਲਜ਼ ਨੂੰ ਲਿਖਿਆ, ਉਸ ਸ਼ਾਮ ਇੰਨਾ ਸਿਰ ਦਰਦ ਹੋਇਆ ਕਿ ਮੈਨੂੰ ਦਿਸਣੋਂ ਤੇ ਸੁਣਨੋਂ ਹਟ ਗਿਆ। ਸਾਰੀ ਰਾਤ ਬੇਹੋਸ਼ੀ ਵਿਚ ਲੰਘੀ।
ਸ਼ੇਕਸਪੀਅਰ ਦਾ ਵਾਕ, ਮੇਰੀ ਵਿਛੜੀ ਨੰਨ੍ਹੀ ਜਾਨ, ਜੇ ਤੂੰ ਸਵਰਗ ਵਿਚ ਅਜੇ ਨਹੀਂ ਗਈ ਤਾਂ ਨਿੱਕੇ ਨਿੱਕੇ ਖੰਭਾਂ ਨਾਲ ਆਪਣੀ ਮਾਂ ਦੁਆਲੇ ਕੁਝ ਚਿਰ ਉਡ ਕੇ ਉਸ ਦਾ ਰੁਦਨ ਤਾਂ ਸੁਣ।
ਜੈਨੀ ਨੇ ਲਿਖਿਆ, ਇਕ ਪੈਸੇ ਦੀ ਪਤਲੀ ਮੋਮਬੱਤੀ ਵਰਗੀ ਹੋ ਗਈ ਹਾਂ। ਇਸ ਘਰ ਵਿਚ ਬੇਟੇ ਦੀਆਂ ਯਾਦਾਂ ਤੋਂ ਖਹਿੜਾ ਛਡਾਉਣ ਲਈ ਜੱਦੀ ਘਰ ਚਲੇ ਗਏ। ਜਾਂਦਿਆਂ ਚਾਚੇ ਦੀ ਮੌਤ ਹੋ ਗਈ ਤੇ ਉਸ ਦੀ ਵਿਰਾਸਤ ਵਿਚੋਂ ਕਾਫੀ ਪੌਂਡ ਮਿਲੇ। ਸਾਡੇ ਕੋਲ ਇਹ ਪੈਸੇ ਪਹਿਲਾਂ ਆ ਜਾਂਦੇ, ਇਲਾਜ ਹੋ ਜਾਂਦਾ। ਕਾਰਲ ਨੇ ਏਂਗਲਜ਼ ਨੂੰ ਲਿਖਿਆ, ਮੇਰੀਆਂ ਧੀਆਂ ਮੈਨੂੰ ਪੁੱਛਦੀਆਂ ਨੇ, ਖੇਡਾਂ ਵਿਚ ਜਿਹੜਾ ਰੋਲ ਸਾਡਾ ਭਰਾ ਕਰਿਆ ਕਰਦਾ, ਉਹ ਹੁਣ ਕੌਣ ਕਰੇਗਾ? ਅਸੀਂ ਖੇਡੀਏ ਕਿਵੇਂ?
ਖਬਰ ਮਿਲੀ, ਮਾਂ ਦੀ ਤਬੀਅਤ ਠੀਕ ਨਹੀਂ, ਜੈਨੀ ਪੇਕੇ ਚਲੀ ਗਈ। ਗਿਆਰਾਂ ਦਿਨ ਸੇਵਾ ਕਰਾਉਣ ਬਾਅਦ ਅਲਵਿਦਾ ਆਖ ਗਈ। ਲਿੰਚਨ ਦੀ ਭੈਣ ਮੇਰੀਆਨੀ, ਮਾਂ ਦੀ ਨੌਕਰਾਣੀ ਸੀ। ਉਸ ਨੂੰ ਆਪਣੇ ਨਾਲ ਲੈ ਆਈ, ਕਿਉਂਕਿ ਇਸ ਦਾ ਕੋਈ ਹੋਰ ਸਹਾਰਾ ਨਹੀਂ ਸੀ।
ਵਿਰਾਸਤੀ ਪੈਸੇ ਮੁੱਕ ਗਏ। ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਘੇਰਦੀਆਂ। ਜੈਨੀ ਨੇ ਲਿਖਿਆ, “ਅਸੀਂ ਅਮੀਰ ਹੋਣ ਦਾ ਦਿਖਾਵਾ ਕਰ ਰਹੇ ਹਾਂ। ਘਰ ਪਈਆਂ ਚੀਜ਼ਾਂ ਫਿਰ ਵਿਕਣ ਲੱਗੀਆਂ ਨੇ। ਹਾਸਾ ਮਜ਼ਾਕ ਮਨਫੀ ਹੋ ਗਿਐ। ਤਾਂ ਵੀ ਸਿਰ ਉਚਾ ਕਰ ਕੇ ਤੁਰਨਾ ਪਵੇਗਾ, ਕਿਉਂਕਿ ਦੁਨੀਆਂ ਕੇਵਲ ਬਹਾਦਰਾਂ ਨੂੰ ਜਿਉਣ ਦਾ ਹੱਕ ਦਿੰਦੀ ਐ।”
ਏਂਗਲਜ਼ ਨੂੰ ਕਾਰਲ ਪਰਿਵਾਰ ਦੀ ਦਸ਼ਾ ਦਾ ਪਤਾ ਲੱਗਾ ਤਾਂ ਲਿਖਿਆ, ਮੇਰਾ ਖਿਆਲ ਸੀ ਠੀਕ ਚੱਲ ਰਿਹੈ ਸਭ। ਮੇਰੇ ਪਾਪਾ ਨੇ ਬਿਜ਼ਨਸ ਵੱਲ ਮੇਰੀ ਰੁਚੀ ਦੇਖ ਕੇ ਪੈਸੇ ਦਿੱਤੇ, ਮੇਰੀ ਘੋੜਾ ਖਰੀਦਣ ਦੀ ਇੱਛਾ ਪੂਰਤੀ ਵਾਸਤੇ ਇਨਾਮ ਵਜੋਂ। ਮੈਂ ਵਧੀਆ ਘੋੜਾ ਖਰੀਦ ਲਿਆ। ਹੁਣ ਕੀ ਕਰਾਂ? ਇਹ ਪੈਸੇ ਤੇਰੇ ਕੰਮ ਆਉਂਦੇ, ਅਫਸੋਸ! ਤਾਂ ਵੀ ਪੰਜ ਪੌਂਡ ਹਰ ਮਹੀਨੇ ਭੇਜਦਾ ਰਹਾਂਗਾ।
ਪਹਿਲਾਂ ਬੱਚਿਆਂ ਨੂੰ ਅਮੀਰੀ ਗਰੀਬੀ ਦਾ ਕੁਝ ਪਤਾ ਨਹੀਂ ਸੀ, ਹੁਣ ਉਹ ਆਪਣੇ ਹਾਣੀਆਂ ਦਾ ਰਹਿਣ-ਸਹਿਣ, ਖਾਣ-ਖਰਚਣ ਦੇਖ ਸਮਝਣ ਲੱਗ ਗਏ ਕਿ ਉਨ੍ਹਾਂ ਦਾ ਦਰਜਾ ਕੀ ਹੈ। ਧੀਆਂ ਪੜ੍ਹਨ ਵਿਚ ਚੰਗੀਆਂ ਨਿਕਲੀਆਂ। ਚਿਨ ਫਸਟ ਆਈ ਤੇ ਲਾਰਾ ਕਲਾਸ ਵਿਚ ਸੈਕੰਡ। ਅੰਗਰੇਜ਼ੀ ਤੋਂ ਇਲਾਵਾ ਉਨ੍ਹਾਂ ਨੇ ਜਰਮਨ, ਫਰੈਂਚ, ਇਤਾਲਵੀ ਅਤੇ ਸਪੇਨੀ ਜ਼ਬਾਨਾਂ ਸੌਖ ਨਾਲ ਸਿੱਖ ਲਈਆਂ।
ਚਾਰਲਸ ਡਾਰਵਿਨ ਦੀ ਕਿਤਾਬ ‘ਉਰਿਜਿਨ ਆਫ ਦਿ ਸਪੀਸ਼ੀਜ਼’ ਛਪੀ ਤਾਂ ਤਹਿਲਕਾ ਮਚ ਗਿਆ। ਇਕ ਦਿਨ ਵਿਚ ਪਹਿਲੀ ਐਡੀਸ਼ਨ ਵਿਕ ਗਈ, ਰਾਤੋ-ਰਾਤ ਰਾਇਲਟੀ ਸਦਕਾ ਮਾਲਾ-ਮਾਲ ਹੋ ਗਿਆ। ਕਾਰਲ ਨੇ ਇਹ ਕਿਤਾਬ ਪੜ੍ਹੀ ਤਾਂ ਕਿਹਾ, ਗਜ਼ਬ! ਸ਼ਾਨਦਾਰ ਵਿਗਿਆਨਕ ਵਿਕਾਸਵਾਦ। ਡਾਰਵਿਨ ਨੇ ਉਹੀ ਕੰਮ ਕੀਤਾ ਜੋ ਮੈਂ ਕਰ ਰਿਹਾ ਹਾਂ, ਬਸ ਅਸੀਂ ਆਪੋ-ਆਪਣੇ ਲੀਵਰ ਵੱਖ-ਵੱਖ ਥਾਂਵਾਂ ‘ਤੇ ਟਿਕਾਏ ਹੋਏ ਹਨ। ਜੈਨੀ ਖਬਰਾਂ ਸੁਣ-ਸੁਣ ਇਸ ਲਈ ਖੁਸ਼ ਹੋ ਰਹੀ ਸੀ ਕਿ ਇਸੇ ਤਰ੍ਹਾਂ ਕਾਰਲ ਦੀ ਕਿਤਾਬ ਸਦਕਾ ਉਹ ਅਮੀਰ ਹੋ ਜਾਏਗੀ।
ਵੋਗ ਨਾਮ ਦੇ ਲਿਖਾਰੀ ਨੇ ‘ਮਾਈ ਐਕਸ਼ਨ’ ਨਾਂ ਦੀ ਕਿਤਾਬ ਛਪਵਾਈ, ਤਿੰਨ ਹਜ਼ਾਰ ਦੀ ਗਿਣਤੀ ਹੱਥੋ-ਹੱਥ ਵਿਕ ਗਈ। ਇਸ ਕਿਤਾਬ ਵਿਚ ਕਾਰਲ ਖਿਲਾਫ ਖੂਬ ਮਸਾਲਾ ਸੀ, ਲਿਖਿਆ ਸੀ, ਕਾਰਲ ਦੇ ਕਾਮਰੇਡ ਸਾਥੀ, ਗੁੰਡਿਆਂ ਦਾ ਗਰੋਹ ਹੈ। ਇਹ ਬਲੈਕਮੇਲ ਕਰਦੇ ਹਨ, ਜ਼ਬਰਦਸਤੀ ਪੈਸੇ ਉਗਰਾਹੁੰਦੇ ਹਨ, ਹਿੰਸਕ ਹਨ ਤੇ ਕਹਿੰਦੇ ਹਨ, ਅਸੀਂ ਮਜ਼ਦੂਰਾਂ ਦੇ ਭਲੇ ਲਈ ਕਰਦੇ ਹਾਂ। ਇਸ ਦਾ ਸਾਲਾ ਫਰਡੀਨੰਦ ਸਰਕਾਰ ਦਾ ਵੱਡਾ ਅਫਸਰ ਹੈ। ਕਾਰਲ ਉਸ ਵਾਸਤੇ ਜਾਸੂਸੀ ਦਾ ਕੰਮ ਕਰ ਕੇ ਚੰਗੀ ਕਮਾਈ ਕਰਦਾ ਹੈ।
ਜੈਨੀ ਕਈ ਦਿਨ ਬੁਖਾਰ ਵਿਚ ਪਈ ਰਹੀ। ਡਾਕਟਰ ਨੇ ਟੈਸਟ ਕੀਤੇ ਤਾਂ ਪਤਾ ਲੱਗਾ, ਚੇਚਕ ਦਾ ਹਮਲਾ ਹੈ। ਗ਼ੈਬੀ ਕਹਿਰ। ਇਸ ਨਾਲ ਤਾਂ ਮੌਤ ਹੋ ਜਾਂਦੀ, ਅੱਖਾਂ ਦੀ ਰੌਸ਼ਨੀ ਚਲੀ ਜਾਂਦੀ, ਚਿਹਰਾ ਕਰੂਪ ਹੋ ਜਾਂਦਾ ਸੀ, ਪਰਿਵਾਰ ਦੇ ਬਾਕੀ ਜੀਆਂ ਨੂੰ ਲਾਗ ਹੋ ਸਕਦੀ ਸੀ, ਕੁੜੀਆਂ ਕਿਸੇ ਵਾਕਫ ਦੇ ਘਰ ਭੇਜ ਦਿੱਤੀਆਂ। ਲਿੰਚਨ ਅਤੇ ਕਾਰਲ ਨੂੰ ਵੈਕਸੀਨ ਦੇ ਟੀਕੇ ਲਾ ਦਿੱਤੇ।
ਦੋ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਜੈਨੀ ਰਾਜ਼ੀ ਤਾਂ ਹੋ ਗਈ, ਪਰ ਰੰਗ ਕਾਲਾ ਹੋ ਗਿਆ। ਚਿਹਰਾ ਦਾਗਾਂ ਨਾਲ ਭਰ ਗਿਆ ਤੇ ਇਕ ਪਾਸਾ ਕਮਜ਼ੋਰ ਪੈ ਗਿਆ। ਕ੍ਰਿਸਮਸ ਦੀ ਸ਼ਾਮ ਨੂੰ ਕੁੜੀਆਂ ਆਪਣੇ ਘਰ ਆਈਆਂ, ਮਾਂ ਨੂੰ ਮਿਲਣ ਲਈ ਛਾਲਾਂ ਮਾਰਦੀਆਂ ਉਸ ਦੇ ਕਮਰੇ ਵਿਚ ਗਈਆਂ, ਦੇਖਦਿਆਂ ਹੀ ਉਚੀ-ਉਚੀ ਰੋਣ ਲੱਗ ਪਈਆਂ। ਉਨ੍ਹਾਂ ਦੀ ਮੰਮੀ ਦੇ ਬਿਸਤਰ ਉਤੇ ਤਾਂ ਕੋਈ ਹੋਰ ਹੀ ਬੇਪਛਾਣ ਔਰਤ ਪਈ ਸੀ।
ਕਾਰਲ ਆਪਣੇ ਚਾਚੇ ਫਿਲਿਪ ਤੋਂ ਪੈਸਿਆਂ ਦੀ ਮਦਦ ਲੈਣ ਹਾਲੈਂਡ ਗਿਆ। ਪੈਸਾ ਤਾਂ ਕੋਈ ਨਾ ਮਿਲਿਆ, ਪਰ ਬਚਪਨ ਤੋਂ ਹੀ ਮੂਲ ਰੂਪ ਵਿਚ ਰੁਮਾਂਟਿਕ ਸੁਭਾਅ ਦਾ ਹੋਣ ਕਰ ਕੇ ਸੁਹਣੀ ਤੇ ਦਿਮਾਗੀ ਤੌਰ ‘ਤੇ ਤੇਜ਼ ਤਰਾਰ ਕੁੜੀ ਆਪਣੀ ਕਜ਼ਨ, ਨਾਨੇਟੀ ਦੀ ਸ਼ਖਸੀਅਤ ਦੇ ਜਾਦੂ ਦਾ ਸ਼ਿਕਾਰ ਹੋ ਗਿਆ। ਇਸ ਰੋਮਾਂਸ ਵਿਚ ਇੰਨਾ ਉਲਝਿਆ ਕਿ ਨਾ ਜੈਨੀ ਨੂੰ, ਨਾ ਏਂਗਲਜ਼ ਨੂੰ ਪੱਤਰ ਲਿਖਿਆ। ਸਾਰੇ ਭੈਭੀਤ ਸਨ ਕਿ ਪੁਲਿਸ ਨੇ ਨਾ ਕਿਤੇ ਫੜ ਲਿਆ ਹੋਵੇ, ਕਿਉਂਕਿ ਸਫਰ ਵਾਲੇ ਕਾਗਜ਼ ਸਭ ਜਾਅਲੀ ਸਨ। ਇਥੋਂ ਬਰਲਿਨ ਚਲਾ ਗਿਆ ਜਿਥੇ ਉਸ ਦੇ ਦੋਸਤ ਲੈਸਲੀ ਨੇ ਇਕ ਅਮੀਰ ਜਗੀਰਦਾਰਨੀ ਨਾਲ ਮਿਲਵਾਇਆ। ਇਹ ਮੇਲ ਵੀ ਰੋਮਾਂਸ ਵਿਚ ਬਦਲ ਗਿਆ। ਇਸ ਕਾਊਂਟੈਸ ਦੀ ਅਕਲ ਅਤੇ ਖੂਬਸੂਰਤੀ ਬਾਰੇ ਖਤਾਂ ਵਿਚ ਆਪਣੀਆਂ ਧੀਆਂ ਨੂੰ ਦੱਸਿਆ। ਰੂਸੀ ਇਨਕਲਾਬ ਪਿਛੋਂ ਜਦੋਂ ਸਟਾਲਿਨ ਦੇ ਹੱਥ ਸੱਤਾ ਆਈ, ਕਾਰਲ ਦੀਆਂ ਜੀਵਨੀਆਂ ਛਪਣੀਆਂ ਸ਼ੁਰੂ ਹੋਈਆਂ। ਸਟਾਲਿਨ ਨੇ ਇਨ੍ਹਾਂ ਜੀਵਨੀਆਂ ਵਿਚ ਉਸ ਦੀਆਂ ਕਮਜ਼ੋਰੀਆਂ ਛਪਣ ਨਹੀਂ ਦਿੱਤੀਆਂ। ਵਾਪਸ ਆ ਕੇ ਆਪਣੇ ਤੋਂ ਅੱਧੀ ਉਮਰ ਦੀ ਕਜ਼ਨ ਨੂੰ ਲੰਮਾ ਖਤ ਲਿਖਿਆ ਜਿਸ ਵਿਚ ਉਸ ਦੀ ਹਰ ਪੱਖੋਂ ਤਾਰੀਫ ਹੀ ਤਾਰੀਫ ਸੀ। ਰੋਮਾਂਸ ਨੂੰ ਜਾਰੀ ਰੱਖਣਾ ਚਾਹੁੰਦਾ ਸੀ। ਬਰਲਿਨ ਤੋਂ ਇੰਗਲੈਂਡ ਵੱਲ ਚੱਲਿਆ ਤਾਂ ਰਾਹ ਵਿਚ ਫਿਰ ਚਾਚੇ ਕੋਲ ਰੁਕਿਆ। ਚਾਚੇ ਤੋਂ 160 ਪੌਂਡ ਲੈਣ ਵਿਚ ਸਫਲ ਹੋ ਗਿਆ ਤੇ ਨਾਨੇਟੀ ਨੂੰ ਮਿਲਿਆ। ਇਹ ਉਹੀ ਫਿਲਿਪ ਹੈ ਜਿਸ ਦੀ ਬਿਜਲੀ ਦੀ ਕੰਪਨੀ ਫਿਲਿਪਸ ਹੁਣ ਤੱਕ ਦੁਨੀਆਂ ‘ਚ ਫੈਲੀ ਹੋਈ ਹੈ। ਕਾਰਲ ਨੇ ਲਿਖਿਆ, ਥਿਊਰੀ ਉਜਾੜਾ ਹੈ ਅਤੇ ਵਪਾਰ ਹਰਿਆਵਲ। ਇਸ ਗੱਲ ਦਾ ਮੈਨੂੰ ਬਹੁਤ ਲੇਟ ਪਤਾ ਲੱਗਾ ਦੋਸਤ।
ਅਬਰਾਹਮ ਲਿੰਕਨ ਨੇ ਗੁਲਾਮ ਪ੍ਰਥਾ ਖਤਮ ਕਰਨ ਦੀ ਖਤਰਨਾਕ ਲੜਾਈ ਲੜੀ। ਇੰਗਲੈਂਡ ਦੇ ਵਪਾਰੀ ਫਿਕਰਮੰਦ ਹੋ ਗਏ ਕਿ ਇਸ ਨਾਲ ਉਨ੍ਹਾਂ ਦੇ ਵਪਾਰ ਨੂੰ ਸੱਟ ਵੱਜੀ ਹੈ। ਸਰਕਾਰ ਵਿਚ ਸਲਾਹਾਂ ਹੋਣ ਲੱਗੀਆਂ ਕਿ ਅਮਰੀਕਾ ਉਪਰ ਸੈਨਾ ਚਾੜ੍ਹੀ ਜਾਵੇ। ਮਜ਼ਦੂਰ ਜਮਾਤ ਅਤੇ ਕਿਸਾਨੀ, ਲਿੰਕਨ ਦੀ ਪ੍ਰਸ਼ੰਸਕ ਸੀ ਕਿਉਂਕਿ ਉਸ ਨੇ ਕਾਲੇ ਨੀਗਰੋਜ਼ ਨੂੰ ਗੁਲਾਮੀ ਤੋਂ ਮੁਕਤ ਕਰਵਾ ਕੇ ਬਰਾਬਰ ਦੇ ਹੱਕ ਦਿੱਤੇ। ਇੰਗਲੈਂਡ ਦੀ ਫੌਜ ਵਿਚ ਕਿਸਾਨਾਂ-ਮਜ਼ਦੂਰਾਂ ਦੇ ਹੀ ਬੱਚੇ ਸਨ, ਹੋਰ ਭਰਤੀ ਕਰਨੀ ਪੈਣੀ ਸੀ, ਤਾਂ ਵੀ ਇਸੇ ਕਲਾਸ ਵਿਚੋਂ ਜੁਆਨ ਲੈਣੇ ਸਨ। ਇਹ ਸਾਰੇ ਬਗਾਵਤ ਕਰ ਕੇ ਜੇ ਲਿੰਕਨ ਵੱਲ ਹੋ ਗਏ, ਫਿਰ? ਲਿੰਕਨ ਦੇ ਯੁੱਧ ਕਾਰਨ ਏਂਗਲਜ਼ ਦੀ ਮਿੱਲ ਦਾ ਮਾਲ ਵਿਕਣੋਂ ਹਟ ਗਿਆ, ਘਾਟਾ ਪੈਣ ਲੱਗਾ। ਰੋਜ਼ਮੱਰਾ ਦੀਆਂ ਵਸਤਾਂ ਮਹਿੰਗੀਆਂ ਹੋ ਗਈਆਂ। ਕਾਰਲ ਤੰਗੀ ਵਿਚ ਫਸਦਾ ਗਿਆ। ਬੱਚਿਆਂ ਅਤੇ ਨੌਕਰਾਣੀਆਂ ਦੇ ਬੂਟ ਤੱਕ ਵਿਕ ਗਏ। ਲਹਿਣੇਦਾਰਾਂ ਤੋਂ ਡਰਦਾ ਕਾਰਲ ਅੰਡਰਗਰਾਊਂਡ ਹੋ ਗਿਆ। ਪਤਾ ਲੱਗਾ, ਰੇਲਵੇ ਵਿਚ ਕਲਰਕ ਰੱਖਣੇ ਹਨ। ਕਾਰਲ ਨੇ ਅਰਜ਼ੀ ਦੇ ਦਿੱਤੀ। ਨੌਕਰੀ ਇਸ ਕਰ ਕੇ ਨਹੀਂ ਮਿਲੀ, ਕਿਉਂਕਿ ਲਿਖਾਈ ਗੰਦੀ ਹੋਣ ਕਰ ਕੇ ਪੜ੍ਹੀ ਨਹੀਂ ਜਾਂਦੀ ਸੀ।
ਨਰਮ ਚਿਤ ਹੋਣ ਦੇ ਬਾਵਜੂਦ ਕੁਝ ਮਾਮਲਿਆਂ ਵਿਚ ਕਾਰਲ ਬਹੁਤ ਖੁਸ਼ਕ ਹੁੰਦਾ ਸੀ। ਏਂਗਲਜ਼ ਦਾ ਖਤ ਆਇਆ ਜਿਸ ਵਿਚ ਲਿਖਿਆ ਸੀ, ਪਤਨੀ ਮੇਰੀ ਰੋਜ਼, ਦੋ ਦਹਾਕਿਆਂ ਦਾ ਸਮਾਂ ਮੇਰੇ ਨਾਲ ਬਿਤਾ ਕੇ ਸੰਸਾਰ ਵਿਚੋਂ ਚਲੀ ਗਈ। ਦੁੱਖ ਵਿਚ ਘਿਰਿਆ ਤੇਰਾ, ਏਂਗਲਜ਼। ਕਾਰਲ ਨੇ ਪਹਿਲੇ ਦੋ ਵਾਕ ਹਮਦਰਦੀ ਵਜੋਂ ਲਿਖ ਕੇ ਆਪਣੀ ਗਰੀਬੀ ਦੇ ਰੋਣੇ-ਧੋਣੇ ਲਿਖਣੇ ਸ਼ੁਰੂ ਕਰ ਦਿੱਤੇ, ਤੇ ਖਤ ਭੇਜ ਦਿੱਤਾ। ਏਂਗਲਜ਼ ਨੂੰ ਗੁੱਸੇ ‘ਤੇ ਕਾਬੂ ਪਾਉਣ ਲਈ ਹਫਤਾ ਲੱਗਾ। ਹਫਤੇ ਪਿਛੋਂ ਲਿਖਿਆ, ਮੇਰੇ ਵਿਰੋਧੀਆਂ ਨੇ ਵੀ ਹਮਦਰਦੀ ਦੇ ਲਫਜ਼ ਭੇਜੇ। ਇਕ ਤੂੰ ਹੈਂ ਜਿਸ ਨੂੰ ਤੇਰੀਆਂ ਤਕਲੀਫਾਂ ਸਭ ਤੋਂ ਵੱਧ ਮਹੱਤਵਪੂਰਨ ਲਗਦੀਆਂ ਹਨ। ਖੂਹ ਵਿਚ ਛਾਲ ਮਾਰ ਮੇਰੇ ਵਲੋਂ -ਏਂਗਲਜ਼।
ਕਾਰਲ ਨੇ ਖਿਮਾ ਦੀ ਜਾਚਨਾ ਕਰਦਿਆਂ ਗਿਆਰਾਂ ਦਿਨ ਮਗਰੋਂ ਖਤ ਲਿਖਿਆ, ਜੈਨੀ ਨੂੰ ਕਸੂਰਵਾਰ ਠਹਿਰਾਇਆ, ਤੰਗੀ ਨੇ ਮੱਤ ਮਾਰ ਦਿੱਤੀ ਹੈ, ਕੀ ਕਰਾਂæææ ਆਦਿਕ। ਏਂਗਲਜ਼ ਨੇ ਜਵਾਬ ਲਿਖਿਆ, ਨੌਕਰਾਣੀਆਂ ਨੂੰ ਘਰੋਂ ਕੱਢ। ਧੀਆਂ ਨੂੰ ਲੋਕਾਂ ਦੇ ਘਰ ਕੰਮ ਕਰਨ ਭੇਜ। ਦੀਵਾਲੀਆ ਹੋਣ ਦਾ ਐਲਾਨ ਕਰ ਕੇ ਕਿਸੇ ਝੁੱਗੀ ਝੋਂਪੜੀ ਵਿਚ ਟਿਕਾਣਾ ਕਰ।
ਪਰ ਏਂਗਲਜ਼ ਨੂੰ ਆਪਣੇ ਜੀਨੀਅਸ ਮਿੱਤਰ ਦਾ ਫਿਕਰ ਸੀ। ਵੱਡੇ ਬੰਦੇ ਦੇ ਨੁਕਸ ਨਜ਼ਰ-ਅੰਦਾਜ਼ ਕਰਨੇ ਚਾਹੀਦੇ ਨੇ। ਸੌ ਪੌਂਡ ਭੇਜਦਿਆਂ ਲਿਖਿਆ, ਇਸੇ ਘਰ ਵਿਚ ਰਹਿ। ਧੀਆਂ ਨੂੰ ਸਕੂਲ ਭੇਜ। ਮੈਂ ਤੇਰੀ ਮਦਦ ਕਰਾਂਗਾ।
ਕੁੜੀਆਂ ‘ਤੇ ਜਵਾਨੀ ਦਾ ਨਿਖਾਰ ਆ ਗਿਆ। ਵੱਡੀ ਚਿਨ ਪਿਤਾ ‘ਤੇ ਗਈ ਸੀ, ਸੁਹਣਾ ਰੋਅਬਦਾਰ ਚਿਹਰਾ। ਲਾਰਾ ਮਾਂ ਵਰਗੀ ਸੁਹਣੀ, ਇੰਨੀ ਸੁਹਣੀ ਕਿ ਸਹੇਲੀਆਂ ਈਰਖਾ ਕਰਨ, ਦਰਮਿਆਨਾ ਕੱਦ ਪਰ ਆਤਮ-ਵਿਸ਼ਵਾਸੀ। ਇਉਂ ਲਗਦਾ ਸੀ ਜਿਵੇਂ ਜੈਨੀ ਦੀ ਭੈਣ ਹੋਵੇ। ਦੋਵਾਂ ਭੈਣਾਂ ਦਾ ਆਪਸ ਵਿਚ ਗੂੜ੍ਹਾ ਪਿਆਰ। ਚਿਨ ਬਿਮਾਰ ਹੋਈ ਤਾਂ ਲਾਰਾ ਹਰ ਰੋਜ਼ ਨਵੀਂ ਕਵਿਤਾ ਲਿਖ ਕੇ ਸੁਣਾਉਂਦੀ।
(ਚਲਦਾ)

Be the first to comment

Leave a Reply

Your email address will not be published.