ਸਿਆਸੀ ਮਾਹਿਰਾਂ ਅਤੇ ਵਿਸ਼ਲੇਸ਼ਣਕਾਰਾਂ ਦੀਆਂ ਸਭ ਗਿਣਤੀਆਂ-ਮਿਣਤੀਆਂ ਅਤੇ ਅੰਕੜੇ ਉਲਟ-ਪੁਲਟ ਗਏ ਹਨ। ਬਹੁਤੇ ਲੋਕਾਂ ਨੂੰ ਅਜੇ ਤਕ ਭਾਰਤ ਦੀਆਂ 16ਵੀਆਂ ਲੋਕ ਸਭ ਚੋਣਾਂ ਦੇ ਨਤੀਜੇ ਸਵੀਕਾਰ ਕਰਨੇ ਔਖੇ ਜਾਪ ਰਹੇ ਹਨ। ਇਨ੍ਹਾਂ ਚੋਣਾਂ ਵਿਚ ਸਿਰਫ ਭਾਜਪਾ ਨੇ ਹੀ ਇਕੱਲਿਆਂ ਬਹੁਮਤ ਹਾਸਲ ਨਹੀਂ ਕੀਤਾ, ਬਲਕਿ ਕਾਂਗਰਸ ਨੂੰ ਚੰਗੀ ਸੱਟ ਵੱਜੀ ਹੈ। ਇਸ ਨੂੰ ਸਿਰਫ 44 ਸੀਟਾਂ ਨਾਲ ਸਬਰ ਕਰਨਾ ਪਿਆ ਹੈ। ਮੁਕਾਬਲੇ ਵਿਚ ਭਾਰਤੀ ਜਨਤਾ ਪਾਰਟੀ ਨੂੰ 282 ਸੀਟਾਂ ਮਿਲੀਆਂ ਹਨ। ਜ਼ਾਹਿਰ ਹੈ ਕਿ ਲੋਕ ਸਭਾ ਨੂੰ ਪੂਰਾ ਭਗਵਾਂ ਰੰਗ ਚੜ੍ਹ ਗਿਆ ਹੈ। ਇਸ ਤੋਂ ਵੀ ਵੱਡੀ ਗੱਲ, ਜਿਹੜਾ ਪਹਿਲਾਂ ਵਿਸ਼ਲੇਸ਼ਣ ਆ ਰਿਹਾ ਸੀ ਕਿ ਭਾਜਪਾ ਨੂੰ ਨਰੇਂਦਰ ਮੋਦੀ ਦੀ ਅਗਵਾਈ ਵਿਚ ਭਾਈਵਾਲ ਗੰਢਣ ਵਿਚ ਬਹੁਤ ਮੁਸ਼ਕਿਲ ਆਉਣੀ ਹੈ, ਬੁਰੀ ਤਰ੍ਹਾਂ ਗਲਤ ਸਾਬਤ ਹੋਇਆ ਹੈ। ਭਾਜਪਾ ਨਾਲ ਰਲਣ ਵਾਲੀਆਂ ਪਾਰਟੀਆਂ ਦਾ ਤਾਂਤਾ ਬੱਝਿਆ ਪਿਆ ਹੈ। ਤਿੱਖੇ ਤੋਂ ਤਿੱਖੇ ਵਿਰੋਧੀਆਂ ਦੀ ਸੁਰ ਵੀ ਧੀਮੀ ਹੋ ਗਈ ਹੈ। ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕਾਰਨ ਮੋਦੀ ਦਾ ਵੀਜ਼ਾ ਰੋਕੀ ਬੈਠਾ ਅਮਰੀਕਾ ਵੀ ਹੁਣ ਉਸ ਨੂੰ ਅਮਰੀਕਾ ਆਉਣ ਦੇ ਸੱਦੇ ਦੇਣ ਲੱਗ ਪਿਆ ਹੈ। ਬਸਪਾ ਅਤੇ ਡੀæਐਮæਕੇæ ਵਰਗੀਆਂ ਪਾਰਟੀਆਂ ਦਾ ਲੋਕ ਸਭਾ ਵਿਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ। ਤਿੰਨ ਦਹਾਕੇ ਕਮਿਊਨਿਸਟਾਂ ਦਾ ਗੜ੍ਹ ਰਹੇ ਪੱਛਮੀ ਬੰਗਾਲ ਵਿਚੋਂ ਇਨ੍ਹਾਂ ਨੂੰ ਸਿਰਫ 2 ਹਲਕਿਆਂ ਤੋਂ ਜਿੱਤ ਹਾਸਲ ਹੋ ਸਕੀ ਹੈ। ਕੁੱਲ ਤਿੰਨ ਪਾਰਟੀਆਂ ਹੀ ਜ਼ਿਕਰਯੋਗ ਜਿੱਤ ਹਾਸਲ ਕਰ ਸਕੀਆਂ ਹਨ। ਇਨ੍ਹਾਂ ਵਿਚ ਮਮਤਾ ਬੈਨਰਜੀ ਦੀ ਜਥੇਬੰਦੀ ਤ੍ਰਿਣਮੂਲ ਕਾਂਗਰਸ, ਜੈਲਲਿਤਾ ਦੀ ਅੱਨਾ ਡੀæਐਮæਕੇæ ਅਤੇ ਨਵੀਨ ਪਟਨਾਇਕ ਦੀ ਜਥੇਬੰਦੀ ਬੀਜੂ ਜਨਤਾ ਦਲ ਸ਼ਾਮਲ ਹਨ, ਪਰ ਇਹ ਤਿੰਨੇ ਹੀ ਪਾਰਟੀਆਂ ਭਾਜਪਾ ਦੇ ਭਗਵੇਂਪਣ ਨੂੰ ਟੱਕਰ ਦੇਣ ਦੇ ਮਾਮਲੇ ਵਿਚ ਕਤੱਈ ਖਰੀਆਂ ਉਤਰਨ ਵਾਲੀਆਂ ਨਹੀਂ। ਬੀਜੂ ਜਨਤਾ ਦਲ ਦੀ ਡਾਵਾਂਡੋਲ ਹਾਲਤ ਪਹਿਲਾਂ ਹੀ ਸਾਹਮਣੇ ਆ ਗਈ ਹੈ। ਅੱਨਾ ਡੀæਐਮæਕੇæ ਆਗੂ ਜੈਲਲਿਤਾ ਨਾਲ ਵੀ ਮੋਦੀ ਰਾਬਤਾ ਬਣਾ ਰਿਹਾ ਹੈ। ਤੇ ਮਮਤਾ ਬੈਨਰਜੀ ਦੀਆਂ ਸਿਆਸੀ ਛੁਰਲੀਆਂ ਬਾਰੇ ਤਾਂ ਸਭ ਵਾਕਫ ਹੀ ਹਨ।
ਕੁੱਲ ਮਿਲਾ ਕੇ ਦੇਸ਼ ਭਰ ਵਿਚ ਵਿਰੋਧ ਦੀ ਹਰ ਆਵਾਜ਼ ਫਿਲਹਾਲ ਮੱਧਮ ਪੈ ਗਈ ਜਾਪਦੀ ਹੈ ਪਰ ਪੰਜਾਬ ਵਿਚ ਇਸ ਦੇ ਐਨ ਉਲਟ ਵਾਪਰਿਆ ਹੈ। ਆਮ ਆਦਮੀ ਪਾਰਟੀ (ਆਪ) ਨੇ ਕੁੱਲ 13 ਵਿਚੋਂ ਚਾਰ ਸੀਟਾਂ ਜਿੱਤ ਕੇ ਅਤੇ ਸਮੁੱਚੇ ਸੂਬੇ ਵਿਚ ਤਕਰੀਬਨ 25 ਫੀਸਦੀ ਵੋਟਾਂ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜਾਬ ਦੀਆਂ ਦੋਵੇਂ ਮੁੱਖ ਸਿਆਸੀ ਧਿਰਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ, ਜਿਹੜੀਆਂ ਪਹਿਲਾਂ ਇਹੀ ਆਖ ਰਹੀਆਂ ਸਨ ਕਿ ਪੰਜਾਬ ਵਿਚ ‘ਆਪ’ ਦੀ ਕੋਈ ਹੋਂਦ ਸੰਭਵ ਹੀ ਨਹੀਂ ਹੋ ਸਕਦੀ, ਹੁਣ ਬੇਵਸੀ ਨਾਲ ਚੋਣ ਨਤੀਜਿਆਂ ਨੂੰ ਘੂਰ ਰਹੀਆਂ ਹਨ। ਰਹਿੰਦੀ ਕਸਰ ਅੰਮ੍ਰਿਤਸਰ ਹਲਕੇ ਵਿਚ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਆਗੂ ਅਰੁਣ ਜੇਤਲੀ ਉਤੇ ਵੱਡੀ ਜਿੱਤ ਨੇ ਕੱਢ ਦਿੱਤੀ ਹੈ। ਅਰੁਣ ਜੇਤਲੀ ਦੇਸ਼ ਭਰ ਵਿਚ ਇਕੱਲਾ ਅਜਿਹਾ ਸਿਰਕੱਢ ਭਾਜਪਾ ਆਗੂ ਹੈ ਜਿਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਭਾਜਪਾ ਨੂੰ ਹੁਣ ਤੱਕ ਸ਼ਹਿਰਾਂ ਵਿਚ ਹਰ ਥਾਂ ਵੱਡੀ ਹਮਾਇਤ ਮਿਲਦੀ ਰਹੀ ਹੈ ਪਰ ਅੰਮ੍ਰਿਤਸਰ ਦੇ ਸ਼ਹਿਰੀ ਹਲਕੇ ਵਿਚ ਅਰੁਣ ਜੇਤਲੀ ਨੂੰ ਜੋ ਸੱਟ ਵੱਜੀ ਹੈ, ਉਸ ਨੇ ਸਿਆਸੀ ਮਾਹਿਰਾਂ ਨੂੰ ਵੀ ਹੈਰਾਨ ਕੀਤਾ ਹੈ। ਸ਼ਹਿਰੀ ਵੋਟਰਾਂ ਨੇ ਇਸ ਆਗੂ ਨੂੰ ਰੱਦ ਕਰ ਦਿੱਤਾ। ਅਰੁਣ ਜੇਤਲੀ ਦੀ ਇਹ ਪਹਿਲੀ ਲੋਕ ਸਭਾ ਚੋਣ ਸੀ ਅਤੇ ਪਹਿਲੀ ਵਾਰ ਹੀ ਪੰਜਾਬ ਨੇ ਉਸ ਦੇ ਗਲ ਹਾਰ ਦਾ ਹਾਰ ਪਾ ਕੇ ਉਸ ਨੂੰ ਵਾਪਸ ਦਿੱਲੀ ਤੋਰ ਦਿੱਤਾ ਹੈ।
ਪੰਜਾਬ ਵਿਚ ‘ਆਪ’ ਦੀ ਜਿੱਤ ਵਿਚ ਹੋਰ ਪੱਖਾਂ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਜਿਸ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਰਵਾਸੀਆਂ ਨੇ ਲੱਕ ਬੰਨ੍ਹ ਕੇ ਮਨਪ੍ਰੀਤ ਸਿੰਘ ਬਾਦਲ ਦੀ ਇਮਦਾਦ ਕੀਤੀ ਸੀ, ਐਨ ਉਸੇ ਤਰ੍ਹਾਂ ਦਾ ਹੁੰਗਾਰਾ ‘ਆਪ’ ਨੂੰ ਭਰਿਆ। ਇਸ ਵਾਰ ਵਾਧਾ ਇਹ ਰਿਹਾ ਕਿ ‘ਆਪ’ ਦੇ ਹੱਕ ਵਿਚ ਲੋਕ ਲਹਿਰ ਉਠ ਖੜ੍ਹੀ ਹੋਈ। ਪਰਵਾਸ ਵਿਚੋਂ ਇਸ ਤਰ੍ਹਾਂ ਦਾ ਹੰਭਲਾ ਇਕ ਸਦੀ ਪਹਿਲਾਂ ਗਦਰੀਆਂ ਨੇ ਮਾਰਿਆ ਸੀ ਅਤੇ ਅੰਗਰੇਜ਼ ਸ਼ਾਸਕਾਂ ਨੂੰ ਵੰਗਾਰਿਆ ਸੀ। ਜਿਹਾ ਕਿ ਆਮ ਲੋਕ ਲਹਿਰਾਂ ਵਿਚ ਹੁੰਦਾ ਹੀ ਹੈ, ਲੋਕਾਂ ਦੀ ਸਰਗਰਮੀ ਲੀਡਰਾਂ ਤੋਂ ਅਗਾਂਹ ਨਿਕਲ ਗਈ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਹੁਣ ਤਕ ਪੰਜਾਬ ਦੇ ਲੋਕ ਕਾਂਗਰਸ ਜਾਂ ਅਕਾਲੀ ਦਲ ਵਿਚੋਂ ਕਿਸੇ ਇਕ ਧਿਰ ਨੂੰ ਜਿਤਾਉਂਦੇ ਸਨ, ਪਰ ਐਤਕੀਂ ਪੰਜਾਬੀਆਂ ਨੇ ਤੀਜੀ ਧਿਰ ਵਜੋਂ ‘ਆਪ’ ਨੂੰ ਚਣਿਆ। ‘ਆਪ’ ਨੇ ਚਾਰ ਸੀਟਾਂ ਹੀ ਨਹੀਂ ਜਿੱਤੀਆਂ, ਸੂਬੇ ਭਰ ਵਿਚ ਚੋਖੀਆਂ ਵੋਟਾਂ ਹਾਸਲ ਕੀਤੀਆਂ। ਵਿਸ਼ਲੇਸ਼ਣ ਦੱਸਦਾ ਹੈ ਕਿ ‘ਆਪ’ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ 33 ਵਿਚ ਲੀਡ ਹਾਸਲ ਕੀਤੀ। ਇਸ ਹਿਸਾਬ ਨਾਲ ਸਿਰਫ ਕਾਂਗਰਸ ਹੀ 37 ਹਲਕਿਆਂ ਵਿਚ ਲੀਡ ਨਾਲ ਇਸ ਤੋਂ ਅੱਗੇ ਨਿਕਲ ਸਕੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 29 ਅਤੇ ਭਾਜਪਾ ਨੂੰ 19 ਹਲਕਿਆਂ ਵਿਚ ਲੀਡ ਮਿਲੀ ਹੈ। ‘ਆਪ’ ਨੂੰ ਹਾਸਲ ਹੋਈ ਵੋਟ ਫੀਸਦ ਵੀ ਸੱਤਾਧਾਰੀ ਅਕਾਲੀ ਦਲ ਦੇ ਬਹੁਤ ਕਰੀਬ ਪਹੁੰਚ ਗਈ ਹੈ। ਭਵਿਖ ਵਿਚ ਜੇ ‘ਆਪ’ ਪੰਜਾਬ ਵਿਚ ਪੂਰੀ ਤਰ੍ਹਾਂ ਜਥੇਬੰਦ ਹੋ ਕੇ ਸਿਆਸੀ ਪਿੜ ਵਿਚ ਵਿਚਰਦੀ ਹੈ ਤਾਂ ਅਗਾਮੀ ਵਿਧਾਨ ਸਭਾ ਚੋਣਾਂ ਦਾ ਨਕਸ਼ਾ ਮੁੱਢੋਂ ਹੀ ਬਦਲ ਸਕਦਾ ਹੈ। ਪੰਜਾਬੀ ਪਹਿਲਾਂ ਵੀ ਇਸ ਤਰ੍ਹਾਂ ਦੀ ਹਾਜ਼ਰੀ ਗਾਹੇ-ਬਗਾਹੇ ਦਰਜ ਕਰਵਾਉਂਦੇ ਰਹੇ ਹਨ। ‘ਆਪ’ ਦੀ ਇਹ ਤਾਜ਼ਾ ਹਾਜ਼ਰੀ ਵੀ ਉਸੇ ਕੜੀ ਦਾ ਹਿੱਸਾ ਹੈ। ਪੰਜਾਬੀਆਂ ਦਾ ‘ਆਪ’ ਨੂੰ ਭਰਿਆ ਇਹ ਆਪ-ਮੁਹਾਰਾ ਹੁੰਗਾਰਾ ਅਸਲ ਵਿਚ ਤਬਦੀਲੀ ਦੀ ਉਸ ਤਾਂਘ ਦਾ ਲਖਾਇਕ ਹੈ ਜਿਸ ਲਈ ਪੰਜਾਬ ਸਦਾ ਜੂਝਦਾ ਰਿਹਾ ਹੈ। ਇਸ ਨੇ ਆਪਣੇ ਉਸੇ ਜੁਝਾਰੂਪਣ ਉਤੇ ਹੁਣ ਮੋਹਰ ਹੀ ਲਵਾਈ ਹੈ। ਹੁਣ ‘ਆਪ’ ਦੀ ਲਡਿਰਸ਼ਿਪ ਉਤੇ ਨਿਰਭਰ ਹੈ ਕਿ ਇਸ ਨੇ ਇਸ ਹੁੰਗਾਰੇ ਨੂੰ ਅਗਾਂਹ ਕਿਸ ਤਰ੍ਹਾਂ ਅਤੇ ਕਿਸ ਦਿਸ਼ਾ ਵਿਚ ਲੈ ਕੇ ਜਾਣਾ ਹੈ।
Leave a Reply