ਡਾæ ਗੁਰਨਾਮ ਕੌਰ, ਕੈਨੇਡਾ
ਗਦਰੀ ਯੋਧਿਆਂ ਨੇ ਸਮੇਂ ਸਮੇਂ ਜੋ ਬਿਆਨ ਦਿੱਤੇ ਉਹ ਸਪਸ਼ਟ ਰੂਪ ਵਿਚ ਉਨ੍ਹਾਂ ਦੇ ਸਿੱਖੀ ਪਿਛੋਕੜ ਅਤੇ ਉਸ ਦੇ ਪ੍ਰਭਾਵ ਦਾ ਨਿਰੂਪਣ ਕਰਦੇ ਹਨ। ਜਿੱਥੇ ਜਿੱਥੇ ਵੀ ਪੰਜਾਬੀ, ਖਾਸ ਕਰਕੇ ਸਿੱਖ ਗਏ, ਉਨ੍ਹਾਂ ਨੇ ਗੁਰਦੁਆਰੇ ਸਥਾਪਤ ਕੀਤੇ। ਗੁਰਦੁਆਰਿਆਂ ਨੇ ਅੱਗੇ ਚੱਲ ਕੇ ਹਿੰਦੀਆਂ ਨੂੰ ਸੰਗਠਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਜਿਸ ਦਾ ਸਿਹਰਾ ਵੀ ਉਸ ਵੇਲੇ ਦੇ ਸਿੱਖ ਲੀਡਰਾਂ ਅਤੇ ਸਿੱਖ ਭਾਈਚਾਰੇ ਨੂੰ ਜਾਂਦਾ ਹੈ। ਜਗਜੀਤ ਸਿੰਘ ਆਪਣੀ ਪੁਸਤਕ ‘ਗਦਰ ਪਾਰਟੀ ਲਹਿਰ’ ਵਿਚ ਇਸ ਤੱਥ ‘ਤੇ ਚਾਨਣਾ ਪਾਉਂਦਿਆਂ ਲਿਖਦੇ ਹਨ, “ਸ਼ੁਰੂ ਸ਼ੁਰੂ ਵਿਚ ਅਮਰੀਕਾ ਗਏ ਹਿੰਦੀ ਕਾਮਿਆਂ ਨਾਲੋਂ ਕੈਨੇਡਾ ਦੇ ਹਿੰਦੀ ਕਾਮਿਆਂ ਨੇ ਭਾਈਚਾਰਕ ਜਥੇਬੰਦੀ ਦੇ ਲਿਹਾਜ ਨਾਲ ਵਧੇਰੇ ਤਰੱਕੀ ਕੀਤੀ। ਇਸ ਦਾ ਸਿਹਰਾ ਪ੍ਰੋæ ਤੇਜਾ ਸਿੰਘ ਐਮæਏæ ਐਲ਼ਐਲ਼ਬੀæ (ਜੋ ਖਾਲਸਾ ਕਾਲਜ, ਅੰਮ੍ਰਿਤਸਰ ਪ੍ਰੋਫੈਸਰ ਰਹਿ ਚੁੱਕੇ ਸਨ ਅਤੇ ਅੱਜ ਕਲ੍ਹ ਮਸਤੂਆਣੇ ਵਾਲੇ ਸੰਤ ਤੇਜਾ ਸਿੰਘ ਕਰਕੇ ਮਸ਼ਹੂਰ ਹਨ) ਦੇ ਸਿਰ ਹੈ। ਅਮਰੀਕਾ-ਕੈਨੇਡਾ ਗਏ ਹਿੰਦੀ ਕਾਮਿਆਂ ਦੀ ਬਹੁ-ਗਿਣਤੀ ਕਿਉਂਕਿ ਸਿੱਖਾਂ ਦੀ ਸੀ ਅਤੇ ਉਹ ਦੇਸ਼ੋਂ ਜਾਣ ਸਮੇਂ ਸਿੰਘ ਸਭਾ ਲਹਿਰ ਦਾ ਅਸਰ ਲੈ ਕੇ ਗਏ ਸਨ, ਇਸ ਵਾਸਤੇ ਉਨ੍ਹਾਂ ਦੀਆਂ ਸੁਸਾਇਟੀਆਂ ਨੇ ਵੀ ਸ਼ੁਰੂ ਵਿਚ ਉਸ ਵੇਲੇ ਦੀਆਂ ਦੇਸ਼ ਵਿਚਲੀਆਂ ਸਿੱਖ ਸੁਸਾਇਟੀਆਂ ਵਰਗੀ ਸ਼ਕਲ ਫੜੀ। ਸੰਨ 1907 ਵਿਚ ਵੈਨਕੂਵਰ (ਕੈਨੇਡਾ) ਵਿਚ ਖਾਲਸਾ ਦੀਵਾਨ ਸੁਸਾਇਟੀ ਕਾਇਮ ਕੀਤੀ ਗਈ, ਜਿਸ ਦੇ ਮਨੋਰਥ ਧਾਰਮਕ, ਵਿਦਿਅਕ ਅਤੇ ਭਾਈਚਾਰਕ ਸਨ। ਇਸ ਸੁਸਾਇਟੀ ਨੇ 25000 ਡਾਲਰ ਦੀ ਲਾਗਤ ਨਾਲ ਵੈਨਕੂਵਰ ਵਿਚ ਗੁਰਦੁਆਰਾ ਬਣਵਾਇਆ। ਇਸੇ ਤਰ੍ਹਾਂ ਪ੍ਰੋæ ਤੇਜਾ ਸਿੰਘ ਨੇ ਵਿਕਟੋਰੀਆ (ਕੈਨੇਡਾ) ਵਿਚ ਗੁਰਦੁਆਰਾ ਕਾਇਮ ਕਰਨ ਦਾ ਉਦਮ ਕੀਤਾ। ਤਕਰੀਬਨ ਇਸੇ ਸਮੇਂ ਸ੍ਰੀ ਜਵਾਲਾ ਸਿੰਘ (ਠੱਟੀਆਂ) ਅਤੇ ਸੰਤ ਵਸਾਖਾ ਸਿੰਘ (ਦਦੇਹਰ) ਦੇ ਉਦਮ ਨਾਲ ਅਮਰੀਕਾ ਵਿਚ ‘ਪੈਸੇਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ’ ਕਾਇਮ ਕੀਤੀ ਗਈ, ਅਤੇ ਸਟਾਕਟਨ (ਕੈਲੀਫੋਰਨੀਆ, ਅਮਰੀਕਾ) ਵਿਚ ਗੁਰਦੁਆਰਾ ਬਣਾਇਆ ਗਿਆ। ਉਪਰੋਕਤ ਦੋਵੇਂ ਸੁਸਾਇਟੀਆਂ ਦੇ ਮਨੋਰਥ ਮਿਲਦੇ-ਜੁਲਦੇ ਸਨ, ਪਰ ਇਹ ਇਕ-ਦੂਜੇ ਤੋਂ ਆਜ਼ਾਦ ਸਨ। ਇਹ ਗੁਰਦੁਆਰੇ ਸਿੱਖਾਂ ਦੇ ਧਾਰਮਕ ਕੇਂਦਰ ਹੋਣ ਤੋਂ ਇਲਾਵਾ, ਅਮਰੀਕਾ ਗਏ ਸਾਰੇ ਹਿੰਦੀ ਕਾਮਿਆਂ ਦੀ ਪਹਿਲੋਂ ਭਾਈਚਾਰਕ ਅਤੇ ਪਿੱਛੋਂ ਰਾਜਸੀ ਜਾਗ੍ਰਿਤੀ ਦਾ ਕੇਂਦਰ ਬਣੇ, ਕਿਉਂਕਿ ਕੈਨੇਡਾ-ਅਮਰੀਕਾ ਨਿਵਾਸੀ ਹਿੰਦੀਆਂ ਦੀ ਸੋਚ ਤੰਗ ਨਹੀਂ ਸੀ ਰਹੀ ਅਤੇ ਇਨ੍ਹਾਂ ਗੁਰਦੁਆਰਿਆਂ ਵਿਚ ਈਸਾਈ ਮਿਸ਼ਨਰੀ ਵੀ ਆ ਕੇ ਲੈਕਚਰ ਕਰਦੇ। ਇਨ੍ਹਾਂ ਗੁਰਦੁਆਰਿਆਂ ਤੋਂ ਲਾਂਭੇ ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਹਰੀ’, ਸੰਨ 1910 ਤੋਂ ਵਿਦਿਆਰਥੀਆਂ ਲਈ ਸਿਆਟਲ (ਅਮਰੀਕਾ) ਵਿਚ ਅਤੇ ਵੈਨਕੂਵਰ ਵਿਚ ਬੋਰਡਿੰਗ ਹਾਊਸ ਅਤੇ ਰਾਤਰੀ ਸਕੂਲ ਚਲਾਉਂਦੇ ਰਹੇ।” (ਪੰਨਾ 65-66)।
ਹੁਣ ਅਸੀਂ ਅਮਰੀਕਾ-ਕੈਨੇਡਾ ਦੀ ਧਰਤੀ ਉਤੇ ਸਰਗਰਮ ਰਹੇ ਕੁਝ ਗਦਰੀਆਂ ਬਾਰੇ ਗੱਲ ਕਰਾਂਗੇ।
ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ: ਭਾਈ ਮੇਵਾ ਸਿੰਘ ਜ਼ਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਲੋਪੋਕੇ ਵਿਚ 1880 ਵਿਚ ਪੈਦਾ ਹੋਏ ਸਨ। ਸੰਨ 1906 ਵਿਚ ਉਹ ਕਮਾਈ ਕਰਨ ਦੇ ਇਰਾਦੇ ਨਾਲ ਕੈਨੇਡਾ ਦੇ ਸ਼ਹਿਰ ਵੈਨਕੂਵਰ ਚਲੇ ਗਏ। ਸੋਹਣ ਸਿੰਘ ਪੂਨੀ ਨੇ ‘ਕਨੇਡਾ ਦੇ ਗ਼ਦਰੀ ਯੋਧੇ’ ਪੁਸਤਕ ਵਿਚ ਭਾਈ ਮੇਵਾ ਸਿੰਘ ਵੱਲੋਂ ਕੀਤੇ ਕਾਰਜਾਂ ਬਾਰੇ ਜੋ ਵੇਰਵੇ ਦਿੱਤੇ ਹਨ ਅਤੇ ਭਾਈ ਮੇਵਾ ਸਿੰਘ ਦੇ ਕਚਹਿਰੀ ਵਿਚ ਦਿੱਤੇ ਬਿਆਨਾਂ ਤੋਂ ਉਨ੍ਹਾਂ ਦੇ ਸਿੱਖ ਵਿਰਸੇ ਦੇ ਉਤਰਾਧਿਕਾਰੀ ਹੋਣ ਦਾ ਸਾਫ ਪਤਾ ਲਗਦਾ ਹੈ, “ਵੈਨਕੂਵਰ ਰਹਿੰਦਿਆਂ ਮੇਵਾ ਸਿੰਘ ਦੀ ਹਿੰਦੁਸਤਾਨੀ ਕਮਿਊਨਿਟੀ ਦੇ ਦੇਸ਼ ਭਗਤ ਧੜੇ ਨਾਲ ਏਕਤਾ ਹੋ ਗਈ। ਵੈਨਕੂਵਰ ਦਾ ਪਹਿਲਾ ਗੁਰਦੁਆਰਾ ਬਣਾਉਣ ਲਈ ਆਪ ਨੇ ਹਿੰਦੁਸਤਾਨੀਆਂ ਦੇ ਡੇਰਿਆਂ ‘ਤੇ ਜਾ ਕੇ ਫੰਡ ਇਕੱਠਾ ਕੀਤਾ। ਭਾਈ ਮੇਵਾ ਸਿੰਘ ਨੇ 21 ਜੂਨ, 1908 ਨੂੰ ਵੈਨਕੂਵਰ ਦੇ ਗੁਰਦੁਆਰੇ ‘ਚ ਅੰਮ੍ਰਿਤ ਛਕਿਆ। ਆਪ ਧਾਰਮਿਕ ਰੁਚੀਆਂ ਤੇ ਸਾਧੂ ਸੁਭਾ ਵਾਲੇ ਇਨਸਾਨ ਸਨ। ਭਾਈ ਮੇਵਾ ਸਿੰਘ ਵਿਆਹੇ ਨਹੀਂ ਸੀ ਹੋਏ। ਕੰਮ ਤੋਂ ਬਾਅਦ ਇਹ ਆਪਣਾ ਬਹੁਤਾ ਸਮਾਂ ਭਜਨ ਬੰਦਗੀ ਤੇ ਗੁਰਦੁਆਰੇ ਆਏ ਗਏ ਦੀ ਸੇਵਾ ਕਰਨ ਵਿਚ ਗੁਜ਼ਾਰਦੇ।” (ਪੰਨਾ 71)
ਵੈਨਕੂਵਰ ਇਮੀਗਰੇਸ਼ਨ ਡੀਪਾਰਟਮੈਂਟ ਦਾ ਹੈਡ ਮੈਲਕਮ ਰੀਡ ਅਤੇ ਵੈਨਕੂਵਰ ਵਿਚ ਹਿੰਦ ਸਰਕਾਰ ਦਾ ਜਾਸੂਸ ਵਿਲੀਅਮ ਹਾਪਕਿਨਸ ਕੈਨੇਡਾ ਅਤੇ ਅਮਰੀਕਾ ਵਿਚ ਸਰਗਰਮ ਹਿੰਦੁਸਤਾਨੀ ਦੇਸ਼-ਭਗਤਾਂ ਦੇ ਖਿਲਾਫ ਕੰਮ ਕਰ ਰਹੇ ਸਨ। ਹਾਪਕਿਨਸਨ ਦੀ ਸ਼ਹਿ ‘ਤੇ ਬੇਲਾ ਸਿੰਘ ਜਿਆਣ ਨੇ 5 ਸਤੰਬਰ, 1914 ਨੂੰ ਕੈਨੇਡਾ ਦੀ ਗ਼ਦਰ ਪਾਰਟੀ ਦੇ ਮੁੱਖ ਲੀਡਰ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਬਦਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਹਾਪਕਿਨਸਨ ਭਾਈ ਭਾਗ ਸਿੰਘ ਦੇ ਕਾਤਲ ਬੇਲਾ ਸਿੰਘ ਜਿਆਣ ਦੇ ਹੱਕ ਵਿਚ ਵੈਨਕੂਵਰ ਵਿਚ ਬੀæਸੀæ ਦੀ ਪ੍ਰੋਵਿੰਸ਼ੀਅਲ ਕੋਰਟ ਵਿਚ ਗਵਾਹੀ ਦੇਣ ਜਾ ਰਿਹਾ ਸੀ। 21 ਅਕਤੂਬਰ, 1914 ਨੂੰ ਹਾਪਕਿਨਸਨ ਕੋਰਟ ਰੂਮ ਦੇ ਬਾਹਰ ਸਵੇਰ ਦੇ 10 ਵਜ ਕੇ 12 ਮਿੰਟ ‘ਤੇ ਕੰਧ ਨਾਲ ਢੋ ਲਾ ਕੇ ਵਰਾਂਡੇ ਵਿਚ ਖੜ੍ਹਾ ਸੀ ਜਦੋਂ ਭਾਈ ਮੇਵਾ ਸਿੰਘ ਨੇ ਗੋਲੀਆਂ ਮਾਰ ਕੇ ਉਸ ਨੂੰ ਖ਼ਤਮ ਕਰ ਦਿੱਤਾ। ਭਾਈ ਮੇਵਾ ਸਿੰਘ ‘ਤੇ ਮੁਕੱਦਮਾ ਚੱਲਿਆ। ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਕਟਹਿਰੇ ਵਿਚ ਖੜ ਕੇ ਸਹੁੰ ਚੁੱਕੀ ਅਤੇ ਡੀਫੈਂਸ ਦੇ ਵਕੀਲ ਮਿਸਟਰ ਵੁੱਡ ਵੱਲੋਂ ਪੁੱਛੇ ਸੁਆਲਾਂ ਦੇ ਉਤਰ ਦਿੱਤੇ। ਮਿਸਟਰ ਵੁੱਡ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਭਾਈ ਮੇਵਾ ਸਿੰਘ ਦੀ ਸਟੇਟਮੈਂਟ ਪੜ੍ਹ ਕੇ ਸੁਣਾਈ, ਉਹ ਇਸ ਤਰ੍ਹਾਂ ਸੀ, “ਮੇਰਾ ਨਾਂ ਮੇਵਾ ਸਿੰਘ ਹੈ। ਮੈਂ ਰੱਬ ਤੋਂ ਡਰਨ ਵਾਲਾ ਐਸਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹੈ। ਮੇਰੀ ਜ਼ਬਾਨ ਵਿਚ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿਚ ਮੈਨੂੰ ਕਿਹੜੇ ਕਿਹੜੇ ਦੁੱਖ, ਮੁਸੀਬਤਾਂ ਅਤੇ ਪਰੇਸ਼ਾਨੀਆਂ ਝੱਲਣੀਆਂ ਪਈਆਂ ਹਨ।æææਅਸੀਂ ਸਿੱਖ ਗੁਰਦੁਆਰੇ ‘ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰਦੁਆਰੇ ‘ਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਹੁਰਾਂ ਦਾ ਕਤਲ ਕਰ ਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ ‘ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ‘ਚ ਅੱਗ ਲਾ ਦਿੱਤੀ ਹੈ।æææਇਸ ਸਭ ਕਾਸੇ ਲਈ ਮਿਸਟਰ ਰੀਡ ਅਤੇ ਹਾਪਕਿਨਸਨ ਜਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁੱਝ ਬਰਦਾਸ਼ਤ ਨਹੀਂ ਸੀ ਕਰ ਸਕਦਾ।” ਅਤੇ “ਜੇ ਇਹ ਸਭ ਕੁੱਝ ਤੁਹਾਡੇ ਚਰਚ ਵਿਚ ਹੋਇਆ ਹੁੰਦਾ ਤਾਂ ਤੁਸੀਂ ਈਸਾਈਆਂ ਨੇ ਵੀ ਇਸ ਨੂੰ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ।” (ਸੋਹਣ ਸਿੰਘ ਪੂਨੀ, ਕੈਨੇਡਾ ਦੇ ਗਦਰੀ ਯੋਧੇ, ਪੰਨਾ 78)
ਇਨ੍ਹਾਂ ਸੰਖੇਪ ਵੇਰਵਿਆਂ ਤੋਂ ਸਪਸ਼ਟ ਹੈ ਕਿ ਭਾਈ ਮੇਵਾ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਸਨ, ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ‘ਤੇ ਚੱਲਦਿਆਂ ਜ਼ੁਲਮ ਨਾਲ ਟੱਕਰ ਲਈ।
ਸ਼ਹੀਦ ਕਰਤਾਰ ਸਿੰਘ ਸਰਾਭਾ: ਜਦੋਂ ਵੀ ਗਦਰ ਲਹਿਰ ਬਾਰੇ ਗੱਲ ਚਲਦੀ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਮੁਹਰਲੀਆਂ ਸਫਾਂ ਵਿਚ ਆਉਂਦਾ ਹੈ, ਜਿਸ ਨੇ ਬਹੁਤ ਹੀ ਛੋਟੀ ਉਮਰ ਵਿਚ ਆਪਣਾ ਜੀਵਨ ਗਦਰ ਲਹਿਰ ਨੂੰ ਅਰਪਣ ਕਰ ਦਿੱਤਾ। ਬ੍ਰਿਟਿਸ਼ ਰਾਜ ਤੋਂ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਨੂੰ ਉਸ ਨੇ ਆਪਣੇ ਜੀਵਨ ਦਾ ਇੱਕੋ-ਇੱਕ ਉਦੇਸ਼ ਬਣਾ ਲਿਆ ਜਦ ਕਿ ਅਮਰੀਕਾ ਵਿਚ ਉਹ ਪੜ੍ਹਨ ਵਾਸਤੇ ਗਿਆ ਸੀ। ਜਗਜੀਤ ਸਿੰਘ ਅਨੁਸਾਰ, “ਸ੍ਰੀ ਕਰਤਾਰ ਸਿੰਘ ਸਰਾਭਾ ਦੇ ਡੂੰਘੇ ਮਨ ਵਿਚੋਂ ਸਵੇਰੇ ਜਾਗਦੇ ਸਾਰ ਸਭ ਤੋਂ ਪਹਿਲੇ ਆਪ ਮੁਹਾਰੇ ਸ਼ਬਦ ਨਿਕਲਦੇ ਕਿ ਮਾਰੋ ਫਰੰਗੀ।”(ਪੰਨਾ 93) ਕਰਤਾਰ ਸਿੰਘ ਸਰਾਭਾ ਦੇ ਆਖਰੀ ਸਮੇਂ ਦੇ ਬਿਆਨ ਉਸ ਦੀ ਸਿੱਖੀ ਵਾਲੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ।
ਬੰਗਾਲੀ ਇਨਕਲਾਬੀ ਸ੍ਰੀ ਸਾਨਯਾਲ ਦਾ ਬਿਆਨ ਵੀ ਇਸ ਤੱਥ ‘ਤੇ ਰੋਸ਼ਨੀ ਪਾਉਂਦਾ ਹੈ ਕਿ ਪੰਜਾਬ ਦੇ ਗਦਰੀਆਂ ਦੀ ਬਤੌਰ ਸਿੱਖ ਪਛਾਣ ਬਣੀ ਹੋਈ ਸੀ ਜਿਵੇਂ ਕਿ ਲਿਖਿਆ ਹੈ, “ਪੰਜਾਬ ਦਲ ਦਾ ਇਕ ਮਨੁੱਖ ਉਥੋਂ ਦੇ ਬਲਵੇ ਦੀ ਖ਼ਬਰ ਲੈ ਕੇ ਅਸਾਡੇ ਪਾਸ ਆਇਆ। ਜਦ ਉਸ ਦੇ ਮੂੰਹੋਂ ਸੁਣਿਆ ਕਿ ਬਲਵੇ ਵਾਸਤੇ ਦੋ-ਤਿੰਨ ਹਜ਼ਾਰ ਸਿੱਖ ਕਮਰ-ਕੱਸੇ ਕਰੀ ਤਿਆਰ ਬੈਠੇ ਹਨ ਤਾਂ ਸਾਡਾ ਆਤਮਾ ਅਨੰਦ ਵਿਚ ਆ ਕੇ ਥਿਰਕਣ ਲੱਗ ਪਿਆ।æææਪਹਿਲਾਂ ਹੀ ਪੱਕੀ ਹੋ ਗਈ ਸੀ ਕਿ ਜਲੰਧਰ ਸ਼ਹਿਰ ਵਿਚ ਜਾ ਕੇ ਸਿੱਖ ਮੁਖੀਆਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਮੁੱਕਣ ਵਾਲਾ ਸੀ। ਲੁਧਿਆਣੇ ਪਹੁੰਚਦਿਆਂ ਹੀ ਵੇਖਿਆ ਕਿ ਮੇਰੇ ਮਿੱਤਰ ਦਾ ਸਿਆਣੂ ਇੱਕ ਸਿੱਖ ਮੁੰਡਾ ਅਸਾਂ ਦੀ ਉਡੀਕ ਕਰ ਰਿਹਾ ਸੀ। ਮਿੱਤਰ ਨੇ ਮੇਰੀ ਜਾਣ-ਪਛਾਣ ਕਰਾਈ। ਇਹੋ ਕਰਤਾਰ ਸਿੰਘ ਸੀ।” (ਪੰਨਾ 245)
ਪਹਿਲੇ ਕੇਸ ਵਿਚ ਕਰਤਾਰ ਸਿੰਘ ਸਰਾਭਾ ਬਾਰੇ ਜੋ ਲਿਖਿਆ ਮਿਲਦਾ ਹੈ, ਉਸ ਤੋਂ ਉਸ ਦੀ ਬਹਾਦਰੀ ਅਤੇ ਨਿਰਭੈਤਾ ਸਪਸ਼ਟ ਝਲਕਦੀ ਹੈ, “ਬਿਨਾਂ ਸ਼ੱਕ ਉਸ ਦੀ ਉਮਰ ਛੋਟੀ ਹੈ ਪਰ ਨਿਰਸੰਦੇਹ ਸਭ ਤੋਂ ਵੱਧ ਖਰਾਬ ਸਾਜ਼ਿਸ਼ੀਆਂ ਵਿਚੋਂ ਇਕ ਹੈ। ਉਹ ਬਿਲਕੁਲ ਨਿਰਦਈ ਬਦਮਾਸ਼ ਹੈ, ਜਿਸ ਨੂੰ ਆਪਣੀਆਂ ਕਾਰਵਾਈਆਂ ਉਤੇ ਮਾਣ ਹੈ ਅਤੇ ਜਿਸ ਨੂੰ ਨਾ ਰਹਿਮ ਵਿਖਾਇਆ ਜਾ ਸਕਦਾ ਹੈ ਅਤੇ ਨਾ ਵਿਖਾਇਆ ਜਾਣਾ ਚਾਹੀਦਾ ਹੈ।” (ਗਦਰ ਪਾਰਟੀ ਲਹਿਰ, ਪੰਨਾ 412)
ਕਰਤਾਰ ਸਿੰਘ ਸਰਾਭਾ ਬਾਰੇ ਸ੍ਰੀ ਸਨਿਆਲ ਦੀ ਲਿਖਤ ਦਾ ਜ਼ਿਕਰ ਕਰਦਿਆਂ ਦੱਸਿਆ ਹੈ, “ਜ਼ੰਜ਼ੀਰਾਂ ਵਿਚ ਜਕੜੇ ਹੋਏ ਕਰਤਾਰ ਸਿੰਘ ਦੇ ਮੁਖੜੇ ਪੁਰ ਬੀਰਤਾ ਦੀ ਅਜਿਹੀ ਸ਼ੋਭਾ ਝਲਕਦੀ ਸੀ ਕਿ ਉਸ ਸੂਰਤ ਨੂੰ ਵੇਖ-ਵੇਖ ਸੱਜਣ ਦੁਸ਼ਮਣ ਸਭ ਇਕਦਮ ਮੁਗਧ ਹੋ ਜਾਂਦੇ।” (ਗਦਰ ਪਾਰਟੀ ਲਹਿਰ, ਪੰਨਾ 413)
ਜਗਜੀਤ ਸਿੰਘ ਅਨੁਸਾਰ ਭਾਈ ਪਰਮਾਨੰਦ, ਜਿਸ ਨੇ ਗਦਰੀਆਂ ਦੀਆਂ ਕੋਸ਼ਿਸ਼ਾਂ ਨੂੰ ਬੱਚਿਆਂ ਦੇ ਖੇਲ ਨਾਲ ਤੁਲਨਾ ਦਿੱਤੀ ਅਤੇ ਇਸ ਦੀ ਬਹੁਤੀ ਜ਼ਿੰਮੇਵਾਰੀ ਸ੍ਰੀ ਕਰਤਾਰ ਸਿੰਘ ਉਤੇ ਸੁੱਟੀ ਵੀ, ਨੇ ਵੀ ਕਰਤਾਰ ਸਿੰਘ ਸਰਾਭਾ ਬਾਰੇ ਲਿਖਿਆ ਹੈ, “ਪਰ ਉਸ ਦੀ ਉਚੀ ਸਪਿਰਟ ਉਸ ਦੀ ਨਿਡਰਤਾ ਅਤੇ ਮੌਤ ਤੋਂ ਬੇਪਰਵਾਹੀ, ਐਸੀਆਂ ਖੂਬੀਆਂ ਹਨ, ਜੋ ਉਸ ਉਮਰ ਦੇ ਛੋਕਰੇ ਵਿਚ ਦੁਰਲੱਭ ਹਨ। ਉਹ ਵੱਡੇ ਅਫਸਰਾਂ ਕੋਲੋਂ ਮਾਸਾ ਵੀ ਨਹੀਂ ਡਰਦਾ।” (ਪੰਨਾ 413) ਮੌਤ ਦਾ ਹੁਕਮ ਸੁਣਾਏ ਜਾਣ ‘ਤੇ ਕਰਤਾਰ ਸਿੰਘ ਸਰਾਭਾ ਨੇ ਕਿਹਾ, “ਧੰਨਵਾਦ।” ਭਾਈ ਪਰਮਾਨੰਦ ਨੇ ਫਾਂਸੀ ਦੀਆਂ ਕੋਠੜੀਆਂ ਵਿਚ ਬੰਦ ਹੋਣ ਵੇਲੇ ਦਾ ਨਕਸ਼ਾ ਖਿੱਚਦਿਆਂ ਲਿਖਿਆ ਹੈ, “ਕਰਤਾਰ ਸਿੰਘ ਖਾਸ ਤੌਰ ਉਤੇ ਖੁਸ਼ੀ ਦੇ ਰੰਗ ਵਿਚ ਸੀ ਅਤੇ ਆਪਣੀ ਸਪਿਰਟ ਦੂਸਰਿਆਂ ਵਿਚ ਭਰਦਾ। ਉਹ ਕਹਿੰਦਾ ‘ਸਾਨੂੰ ਜਲਦੀ ਫਾਂਸੀ ਲੱਗੇ, ਤਾਂ ਕਿ ਅਸੀਂ ਜਲਦੀ ਮੁੜ ਜਨਮ ਲੈ ਕੇ ਆਪਣਾ ਕੰਮ ਉਥੋਂ ਸ਼ੁਰੂ ਕਰੀਏ ਜਿੱਥੇ ਅਸੀਂ ਛੱਡ ਚੱਲੇ ਹਾਂ।” (ਗਦਰ ਪਾਰਟੀ ਲਹਿਰ, ਪੰਨਾ 414) ਕਰਤਾਰ ਸਿੰਘ ਸਰਾਭਾ ਦਾ ਜੋਸ਼ ਸਿੱਖੀ ਸਪਿਰਟ ਦੀ ਪ੍ਰਤੱਖ ਮਿਸਾਲ ਹੈ।
ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ: ਸੋਹਣ ਸਿੰਘ ਪੂਨੀ ਨੇ ਆਪਣੀ ਪੁਸਤਕ ‘ਕੈਨੇਡਾ ਦੇ ਗਦਰੀ ਯੋਧੇ’ ਵਿਚ ਜਿਨ੍ਹਾਂ ਮਹਾਨ ਸ਼ਹੀਦਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਵਿਚ ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ ਦਾ ਨਾਮ ਵੀ ਜ਼ਿਕਰਯੋਗ ਹੈ ਜਿਨ੍ਹਾਂ ਦਾ ਜੀਵਨ ਸਿੱਖੀ ਸਪਿਰਟ ਦੀ ਉਘੀ ਮਿਸਾਲ ਪੇਸ਼ ਕਰਦਾ ਹੈ। ਇਸ ਪੁਸਤਕ ਦੇ ਲੇਖਕ ਅਨੁਸਾਰ ਭਾਈ ਕਰਮ ਸਿੰਘ ਦਾ ਜਨਮ 1880 ਈਸਵੀ ਨੂੰ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿਚ ਹੋਇਆ। ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਫਿਰ ਫੌਜ ਵਿਚ ਭਰਤੀ ਹੋ ਗਏ। ਅੱਠ ਸਾਲ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਸੰਨ 1907 ਵਿਚ ਕੈਨੇਡਾ ਆ ਗਏ ਅਤੇ ਆਪਣੇ ਭਰਾ ਹਰੀ ਸਿੰਘ ਨਾਲ ਵੈਨਕੂਵਰ ਨੇੜੇ ਐਬਸਫੋਰਡ ਵਿਚ ਰਹਿਣ ਲੱਗੇ। ਸੰਤ ਤੇਜਾ ਸਿੰਘ ਦੀ ਅਗਵਾਈ ਥੱਲੇ ਬਣੀ ‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ’ ਦੇ ਭਾਈ ਸਾਹਿਬ ਹਿੱਸੇਦਾਰ ਸਨ। ਕੈਨੇਡਾ ਵਿਚ ਸਿਆਸੀ ਪ੍ਰਚਾਰ ਕਾਰਨ ਭਾਈ ਕਰਮ ਸਿੰਘ ਵਿਚ ਵੀ ਦੇਸ਼ ਨੂੰ ਹਥਿਆਰਬੰਦ ਘੋਲ ਰਾਹੀਂ ਆਜ਼ਾਦ ਕਰਾਉਣ ਦੀ ਚੇਤਨਾ ਜਾਗੀ। ਅਪ੍ਰੈਲ 1913 ਵਿਚ ਜਦੋਂ ਗਦਰ ਪਾਰਟੀ ਬਣੀ ਤਾਂ ਭਾਈ ਕਰਮ ਸਿੰਘ ਵੀ ਇਸ ਦੇ ਮੈਂਬਰ ਬਣ ਗਏ। ਗਦਰ ਪਾਰਟੀ ਦੇ ਸੱਦੇ ‘ਤੇ 1914 ਵਿਚ ਹਿੰਦੁਸਤਾਨ ਚਲੇ ਗਏ ਅਤੇ ਉਥੇ ਪਹੁੰਚਣ ‘ਤੇ ਗ੍ਰਿਫਤਾਰ ਕਰ ਲਿਆ ਗਿਆ, ਉਪਰੰਤ ਪਿੰਡ ਲਿਜਾ ਕੇ ਜੂਹਬੰਦ ਕਰ ਦਿੱਤੇ ਗਏ। ਜੂਹਬੰਦੀ ਦੀ ਇਹ ਪਾਬੰਦੀ ਸੰਨ 1918 ਤੱਕ ਲੱਗੀ ਰਹੀ। ਜੂਹਬੰਦੀ ਖਤਮ ਹੁੰਦੇ ਸਾਰ ਭਾਈ ਕਰਮ ਸਿੰਘ ਸਿਆਸੀ ਤੌਰ ‘ਤੇ ਫਿਰ ਸਰਗਰਮ ਹੋ ਗਏ।
ਮਹੰਤ ਨਰੈਣਦਾਸ ਨੇ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸੌ ਤੋਂ ਵੱਧ ਸਿੱਖ ਸ਼ਹੀਦ ਕਰ ਦਿੱਤੇ, ਜਿਸ ਕਾਰਨ ਸਿੱਖਾਂ ਵਿਚ ਗੁੱਸਾ ਭੜਕ ਉਠਿਆ। ਭਾਈ ਕਰਮ ਸਿੰਘ ਨੇ ਕੈਨੇਡਾ ਤੋਂ ਪਰਤੇ ਆਪਣੇ ਮਿੱਤਰ ਆਸਾ ਸਿੰਘ ਭੁੜਕਦੀ ਨਾਲ ਨਨਕਾਣਾ ਸਾਹਿਬ ਜਾ ਕੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਪਿੱਛੋਂ ਆਪ ਦਾ ਨਾਮ ਨਰਾਇਣ ਸਿੰਘ ਤੋਂ ਬਦਲ ਕੇ ਕਰਮ ਸਿੰਘ ਰੱਖਿਆ ਗਿਆ। ਨਨਕਾਣਾ ਸਾਹਿਬ ਤੋਂ ਆ ਕੇ ਆਪ ਅਕਾਲੀਆਂ ਵੱਲੋਂ ਚਲਾਈ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਕੁਰੱਪਟ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਅਕਾਲੀਆਂ ਉਤੇ ਪੁਲਿਸ ਬੇਤਹਾਸ਼ਾ ਤਸ਼ਦੱਦ ਕਰਦੀ, ਜਿਸ ਨੂੰ ਉਹ ਚੁਪਚਾਪ ਸਹਿਣ ਕਰਦੇ। ਕਿਸ਼ਨ ਸਿੰਘ ਗੜਗੱਜ ਅਤੇ ਮੋਤਾ ਸਿੰਘ ਪਤਾਰਾ ਵਰਗੇ ਜੋਸ਼ੀਲੇ ਸਿੱਖਾਂ ਨੇ 1921 ਵਿਚ ਹੁਸ਼ਿਆਰਪੁਰ ‘ਚ ਮੀਟਿੰਗ ਕਰਕੇ ਹਥਿਆਰਬੰਦ ਬਗਾਵਤ ਕਰਨ ਲਈ ‘ਚੱਕਰਵਰਤੀ’ ਜਥਾ ਬਣਾ ਲਿਆ। ਭਾਈ ਕਰਮ ਸਿੰਘ ਨੇ ਆਪਣੇ ਕੈਨੇਡਾ ਤੋਂ ਪਰਤੇ ਸਾਥੀਆਂ ਨਾਲ ਰਲ ਕੇ ਵੱਖਰਾ ਜਥਾ ਬਣਾ ਲਿਆ ਅਤੇ ‘ਬੱਬਰ ਅਕਾਲੀ’ ਨਾਂ ਦਾ ਪਰਚਾ ਕੱਢਿਆ। ਇਸ ਤੋਂ ਪ੍ਰਭਾਵਤ ਹੋ ਕੇ ਕਿਸ਼ਨ ਸਿੰਘ ਗੜਗੱਜ ਨੇ ਆਪਣੇ ਜਥੇ ਨੂੰ ਵੀ ਭਾਈ ਕਰਮ ਸਿੰਘ ਦੇ ਜਥੇ ਨਾਲ ਮਿਲਾ ਲਿਆ ਅਤੇ ਜਥੇ ਦਾ ਨਾਂ ‘ਬੱਬਰ ਅਕਾਲੀ’ ਰੱਖ ਕੇ ਇਕੱਠਿਆਂ ਸੰਘਰਸ਼ ਸ਼ੁਰੂ ਕਰ ਦਿੱਤਾ। 8 ਅਗਸਤ 1923 ਨੂੰ ਕਪੂਰਥਲਾ ਦੇ ਬਬੇਲੀ ਪਿੰਡ ਵਿਚ ਆਪਣੇ ਹੀ ਇੱਕ ਸਾਥੀ ਅਨੂਪ ਸਿੰਘ ਦੀ ਮੁਖਬਰੀ ‘ਤੇ, ਜੋ ਬਹਾਨਾ ਬਣਾ ਕੇ ਉਸੇ ਪਿੰਡ ਵਿਚ ਇੱਕ ਅਲੱਗ ਘਰ ਵਿਚ ਠਹਿਰਿਆ ਸੀ, ਭਾਈ ਕਰਮ ਸਿੰਘ ਅਤੇ ਉਸ ਦੇ ਸਾਥੀਆਂ ਉਦੇ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟਾਂ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੇ ਜਥੇ ਨੂੰ ਫੜਨ ਲਈ ਪੁਲਿਸ ਨੇ ਪਿੰਡ ਨੂੰ ਘੇਰਾ ਪਾ ਲਿਆ। ਪਿੰਡ ਨੂੰ ਨੁਕਸਾਨ ਤੋਂ ਬਚਾਉਣ ਲਈ ਜਥੇ ਨੇ ਪਿੰਡੋਂ ਬਾਹਰ ਜਾ ਕੇ ਲੜਨ ਦਾ ਫੈਸਲਾ ਕੀਤਾ। ਬੱਬਰਾਂ ਨੇ ਕਿਰਪਾਨਾਂ ਸੂਤ ਕੇ ਜੈਕਾਰਾ ਛੱਡਿਆ ਅਤੇ ਪੁਲਿਸ ਦੀ ਟੁਕੜੀ ‘ਤੇ ਹਮਲਾ ਕਰ ਦਿੱਤਾ। ਚੋਅ ਵਿਚੋਂ ਦੀ ਗੁਰਦੁਆਰਾ ਚੌਂਤਾ ਸਾਹਿਬ ਵੱਲ ਜਾਂਦਿਆਂ ਬੱਬਰ ਮਹਿੰਦਰ ਸਿੰਘ, ਉਦੇ ਸਿੰਘ ਅਤੇ ਬਿਸ਼ਨ ਸਿੰਘ ਸ਼ਹੀਦ ਹੋ ਗਏ। ਭਾਈ ਕਰਮ ਸਿੰਘ ਕੰਢੇ ਤੋਂ ਥੋੜੀ ਦੂਰ, ਇੱਕ ਹੱਥ ਵਿਚ ਕਿਰਪਾਨ ਅਤੇ ਦੂਸਰੇ ਵਿਚ ਬੰਦੂਕ ਫੜੀ ਗੋਡੇ ਗੋਡੇ ਪਾਣੀ ਵਿਚ ਖੜ੍ਹੇ ਸਨ। ਸਬ ਇੰਸਪੈਕਟਰ ਫਤਿਹ ਖਾਨ ਨੇ ਹਥਿਆਰ ਸੁੱਟਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਗਰਜਵੀਂ ਆਵਾਜ਼ ਵਿਚ ਜਵਾਬ ਦਿੱਤਾ, “ਸਿੱਖ ਮੈਦਾਨੇ ਜੰਗ ਵਿਚ ਹਥਿਆਰ ਨਹੀਂ ਸੁੱਟਿਆ ਕਰਦਾ। ਮੈਂ ਜਿਉਂਦਾ ਹਥਿਆਰ ਨਹੀਂ ਸੁੱਟਾਂਗਾ।” ਭਾਈ ਸਾਹਿਬ ਨੇ ਫਤਿਹ ਖਾਨ ‘ਤੇ ਗੋਲੀ ਚਲਾਈ ਪਰ ਉਹ ਬਚ ਗਿਆ। ਫਤਿਹ ਖਾਨ ਨੇ ਭਾਈ ਸਾਹਿਬ ਦੇ ਮੱਥੇ ਵਿਚ ਗੋਲੀ ਮਾਰੀ ਅਤੇ ਭਾਈ ਸਾਹਿਬ ਸ਼ਹੀਦ ਹੋ ਗਏ। ਭਾਈ ਸਾਹਿਬ ਕਵਿਤਾ ਵੀ ਲਿਖਦੇ ਸੀ,
‘ਕਰਮ ਸਿੰਘ’ ਕਰਤਾਰ ਦੀ ਓਟ ਲੈ ਕੇ,
ਹੁਣ ਜਾਲਮਾਂ ਵੰਡੀਆਂ ਪਾ ਭਾਈ।
Leave a Reply