ਮਨਮੋਹਨ ਵਾਂਗ ਖਾਮੋਸ਼ ਹੋਈ ਕਾਂਗਰਸ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤ ਦੀਆਂ ਸੋਲ੍ਹਵੀਆਂ ਲੋਕ ਸਭਾ ਚੋਣਾਂ ਵਿਚ ਕਈ ਇਤਿਹਾਸ ਰਚੇ ਗਏ। ਇਕ ਪਾਸੇ ਦੇਸ਼ ਵਿਚ ਨਰੇਂਦਰ ਮੋਦੀ ਨੇ ਹੂੰਝਾ ਫੇਰ ਜਿੱਤ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ, ਦੂਜੇ ਪਾਸੇ ਪੰਜਾਬ ਵਿਚ ਮੋਦੀ ਲਹਿਰ ਨੂੰ ਡੱਕਾ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਨੇ ਚਾਰ ਸੀਟਾਂ ਜਿੱਤ ਕੇ ਸੂਬੇ ਦੀਆਂ ਰਵਾਇਤੀ ਪਾਰਟੀਆਂ ਨੂੰ ਫਿਕਰਾਂ ਵਿਚ ਪਾ ਦਿੱਤਾ। ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ 24æ4 ਫੀਸਦੀ ਵੋਟ ਮਿਲੇ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 26æ5 ਫੀਸਦੀ ਵੋਟ ਹੀ ਪਏ।
ਇਸ ਵਾਰ ਪੰਜਾਬ ਵਿਚ ਵਿਧਾਨ ਸਭਾ ਹਲਕਾ ਪੱਧਰ ‘ਤੇ ਅਧਿਐਨ ਨੇ ਸਪਸ਼ਟ ਕਰ ਦਿੱਤਾ ਹੈ ਕਿ ‘ਆਪ’ ਸੂਬੇ ਦੇ ਸਿਆਸੀ ਦ੍ਰਿਸ਼ ‘ਤੇ ਮਜ਼ਬੂਤ ਤੀਜੀ ਧਿਰ ਵਜੋਂ ਉਭਰੀ ਹੈ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ 37 ‘ਤੇ ਕਾਂਗਰਸ, 33 ‘ਤੇ ਆਮ ਆਦਮੀ ਪਾਰਟੀ, 29 ‘ਤੇ ਸ਼੍ਰੋਮਣੀ ਅਕਾਲੀ ਦਲ, 16 ‘ਤੇ ਭਾਰਤੀ ਜਨਤਾ ਪਾਰਟੀ ਤੇ ਦੋ ‘ਤੇ ਆਜ਼ਾਦ ਉਮੀਦਵਾਰ ਨੂੰ ਲੀਡ ਮਿਲੀ। ਵੋਟ ਪ੍ਰਤੀਸ਼ਤਤਾ ਵਿਚ ਵੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਸਥਾਪਤ ਪਾਰਟੀਆਂ ਲਈ ਵੱਡੀ ਵੰਗਾਰ ਬਣੀ ਹੈ। ਕਾਂਗਰਸ ਨੂੰ 4575879 (33æ1 ਫੀਸਦੀ), ਸ਼੍ਰੋਮਣੀ ਅਕਾਲੀ ਦਲ ਨੂੰ 3636148 (26æ3 ਫੀਸਦੀ), ਆਮ ਆਦਮੀ ਪਾਰਟੀ ਨੂੰ 3373062 (24æ4 ਫੀਸਦੀ), ਭਾਜਪਾ ਨੂੰ 1209004 (8æ7 ਫੀਸਦੀ), ਆਜ਼ਾਦ ਨੂੰ 498039 (3æ6 ਫੀਸਦੀ), ਬਸਪਾ ਨੂੰ 263227 (1æ9 ਫੀਸਦੀ), ਨੋਟਾ 58754 (0æ4 ਫੀਸਦੀ), ਭਾਰਤੀ ਕਮਿਊਨਿਸਟ ਪਾਰਟੀ ਨੂੰ 54785 (0æ4 ਫੀਸਦੀ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ 35516 (0æ3 ਫੀਸਦੀ) ਵੋਟ ਮਿਲੇ ਹਨ।
ਪੰਜਾਬ ਵਿਚ ‘ਆਪ’ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਗਏ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਾਰਟੀ ਦੀ ਕੋਰ ਕਮੇਟੀ ਵਿਚ ‘ਆਪ’ ਨੂੰ ਮਿਲੇ ਲੋਕਾਂ ਦੇ ਸਮਰਥਨ ਦੀ ਚਰਚਾ ਹੋਈ। ਮੀਟਿੰਗ ਦੌਰਾਨ ਹਾਰੇ ਹੋਏ ਅਕਾਲੀ ਉਮੀਦਵਾਰਾਂ ਤੋਂ ਵੀ ਪੁੱਛਿਆ ਗਿਆ ਕਿ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਕਿਵੇਂ ਤੇ ਕਿਉਂ ਪਈ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾਈਆਂ, ਜਦਕਿ ਇਸ ਪਾਰਟੀ ਦੇ ਨਾ ਤਾਂ ਪੋਲਿੰਗ ਏਜੰਟ ਸਨ ਤੇ ਨਾ ਹੀ ਕੋਈ ਬਹੁਤ ਜ਼ਿਆਦਾ ਪ੍ਰਚਾਰ।
ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋਂ ਦਿੱਤਾ ਗਿਆ ਫ਼ਤਵਾ ਸਾਰੀਆਂ ਸਿਆਸੀ ਧਿਰਾਂ ਖਾਸ ਕਰ ਕੇ ਪਿਛਲੇ ਸੱਤ ਸਾਲਾਂ ਤੋਂ ਹਕੂਮਤ ਕਰਦੀਆਂ ਆ ਰਹੀਆਂ ਪਾਰਟੀਆਂ ਲਈ ਅੱਖਾਂ ਖੋਲ੍ਹਣ ਵਾਲਾ ਹੈ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਪ੍ਰਦਰਸ਼ਨ ਦੀ ਆਸ ਲਾਈ ਬੈਠਾ ਸੀ। ਸੱਤਾਧਾਰੀ ਪਾਰਟੀ ਪੰਜ ਸਾਲ ਪਹਿਲਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੀ। ਸਾਲ 2009 ਦੀਆਂ ਚੋਣਾਂ ਵਿਚ ਵੀ ਇਸ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਸਨ ਤੇ ਇਸ ਵਾਰ ਵੀ ਉਨ੍ਹਾਂ ਦੇ ਪੱਲੇ ਚਾਰ ਹੀ ਸੀਟਾਂ ਪਈਆਂ ਹਨ। ਕਾਂਗਰਸ ਨੂੰ ਸੱਤਾ ਵਿਰੋਧੀ ਵੋਟ ਦੇ ਸਹਾਰੇ ਜ਼ਿਆਦਾ ਵੋਟਾਂ ਮਿਲਣ ਦੀ ਉਮੀਦ ਸੀ ਪਰ ਉਨ੍ਹਾਂ ਨੂੰ ਤਿੰਨ ਸੀਟਾਂ ਨਾਲ ਗੁਜ਼ਾਰਾ ਕਰਨਾ ਪਿਆ ਤੇ ਭਾਰਤੀ ਜਨਤਾ ਪਾਰਟੀ ਮੋਦੀ ਲਹਿਰ ਦੇ ਸਹਾਰੇ ਤਿੰਨ ਵਿਚੋਂ ਦੋ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ।
ਪੰਜਾਬ ਦੇ ਲੋਕਾਂ ਨੇ ਲੰਮੇ ਸਮੇਂ ਬਾਅਦ ਪਹਿਲੀ ਵਾਰੀ ਕਿਸੇ ਤੀਜੀ ਧਿਰ (ਆਪ) ਨੂੰ ਖੁੱਲ੍ਹ ਕੇ ਸਮਰਥਨ ਦਿੱਤਾ। ਇਸ ਪਾਰਟੀ ਦੇ ਚਾਰ ਉਮੀਦਵਾਰ ਜੇਤੂ ਹੀ ਨਹੀਂ ਰਹੇ, ਸਗੋਂ ਬਾਕੀ ਉਮੀਦਵਾਰਾਂ ਨੇ ਵੀ ਚੰਗੀਆਂ ਵੋਟਾਂ ਪ੍ਰਾਪਤ ਕੀਤੀਆਂ। ਇਹ ਚੋਣ ਨਤੀਜੇ ਸੂਬੇ ਦੀ ਰਾਜਸੀ ਫ਼ਿਜ਼ਾ ਨੂੰ ਬਦਲਣ ਵਿਚ ਪੂਰੀ ਤਰ੍ਹਾਂ ਸਹਾਈ ਹੁੰਦੇ ਦਿਖਾਈ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ 2007 ਤੋਂ ਸੂਬੇ ਦੀ ਸੱਤਾ ‘ਤੇ ਕਾਬਜ਼ ਹੈ। ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਪਾਰਟੀ ਨੂੰ ਭਾਵੇਂ ਝਟਕਾ ਲੱਗਿਆ ਸੀ ਪਰ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਸ ਪਾਰਟੀ ਦੀ ਚੜ੍ਹਤ ਦਾ ਦੌਰ ਰਿਹਾ।
ਪੰਜਾਬ ਵਿਚ ਕੁਝ ਪਾਰਟੀਆਂ ਆਪਣਾ ਖਾਤਾ ਖੋਲ੍ਹਣ ਵਿਚ ਹੀ ਅਸਫ਼ਲ ਨਹੀਂ ਰਹੀਆਂ ਸਗੋਂ ਇਨ੍ਹਾਂ ਦੀ ਭੂਮਿਕਾ ਵੀ ਹਾਸ਼ੀਏ ‘ਤੇ ਰਹੀ ਹੈ। ਪਿਛਲੇ ਚੋਣ ਨਤੀਜਿਆਂ ‘ਤੇ ਝਾਤ ਮਾਰਨ ਤੋਂ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਕੋਈ ਵੀ ਹੋਰ ਪਾਰਟੀ 1997 ਤੋਂ ਬਾਅਦ ਪਾਰਲੀਮੈਂਟ ਵਿਚ ਆਪਣਾ ਨੁਮਾਇੰਦਾ ਭੇਜਣ ਵਿਚ ਸਫ਼ਲ ਨਹੀਂ ਹੋ ਸਕੀ ਹੈ। ਇਨ੍ਹਾਂ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਵੱਲੋਂ 13, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 10 ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਅੱਠ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ ਪਰ ਕੋਈ ਵੀ ਉਮੀਦਵਾਰ ਮੁਕਾਬਲੇ ਦੀ ਦੌੜ ਵਿਚ ਸ਼ਾਮਲ ਨਹੀਂ ਹੋ ਸਕਿਆ ਹੈ।

Be the first to comment

Leave a Reply

Your email address will not be published.