ਨਵੀਂ ਦਿੱਲੀ: ਭਾਜਪਾ ਨੇ ਮੋਦੀ ਲਹਿਰ ‘ਤੇ ਸਵਾਰ ਹੁੰਦਿਆਂ 16ਵੀਆਂ ਲੋਕ ਸਭਾ ਚੋਣਾਂ ਵਿਚ ਹੂੰਝਾ-ਫੇਰੂ ਜਿੱਤ ਹਾਸਲ ਕਰਦਿਆਂ 282 ਸੀਟਾਂ ਪ੍ਰਾਪਤ ਕੀਤੀਆਂ ਹਨ। ਕਾਂਗਰਸ ਨੂੰ ਇਸ ਦੇ ਲੰਮੇ ਇਤਿਹਾਸ ਵਿਚ ਪਹਿਲੀ ਵਾਰ ਅਜਿਹੀ ਕਰਾਰੀ ਹਾਰ ਹੋਈ ਹੈ। ਭਾਜਪਾ ਨੂੰ ਭਾਈਵਾਲਾਂ ਸਮੇਤ ਕੁੱਲ 334 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ ਮਸਾਂ 44 ਸੀਟਾਂ ਮਿਲੀਆਂ ਤੇ ਯੂæਪੀæਏæ ਕੁੱਲ ਜ਼ੋਰ ਲਾ ਕੇ 64 ਸੀਟਾਂ ਹੀ ਲੈ ਸਕਿਆ ਹੈ।
ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਅੱਨਾ ਡੀæਐਮæਕੇæ 37 ਸੀਟਾਂ ਤੋਂ ਜਿੱਤ ਹਾਸਲ ਕਰ ਕੇ ਤੀਜੀ ਵੱਡੀ ਪਾਰਟੀ ਤੇ ਤ੍ਰਿਣਮੂਲ ਕਾਂਗਰਸ 34 ਸੀਟਾਂ ਲੈ ਕੇ ਚੌਥੀ ਵੱਡੀ ਪਾਰਟੀ ਬਣ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਆਪਣੀ-ਆਪਣੀ ਸੀਟ ਜਿੱਤ ਗਏ ਹਨ ਤੇ ਉਨ੍ਹਾਂ ਨੇ ਪਾਰਟੀ ਦਾ ਬੁਰੀ ਤਰ੍ਹਾਂ ਆਧਾਰ ਖਿਸਕਣ ਦੀ ਨੈਤਿਕ ਜ਼ਿੰਮੇਵਾਰੀ ਲੈ ਲਈ ਹੈ। ਗੁਜਰਾਤ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿਚ ਭਾਜਪਾ ਨੇ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਦਾ ਖਾਤਾ ਹੀ ਨਹੀਂ ਖੁੱਲ੍ਹਣ ਦਿੱਤਾ। ਇਨ੍ਹਾਂ ਸੂਬਿਆਂ ਵਿਚ ਭਾਜਪਾ ਸਾਰੀਆਂ ਸੀਟਾਂ ਲੈ ਗਈ। ਬਸਪਾ, ਡੀæਐਮæਕੇæ, ਐਮæਐਨæਐਸ਼ ਤੇ ਨੈਸ਼ਨਲ ਕਾਨਫਰੰਸ ਨੂੰ ਇਕ ਵੀ ਸੀਟ ਨਹੀਂ ਮਿਲੀ। ਭਾਜਪਾ ਦੀ ਹਨੇਰੀ ਨੂੰ ਸਿਰਫ ਅੱਨਾ ਡੀæਐਮæਕੇ, ਤ੍ਰਿਣਮੂਲ ਕਾਂਗਰਸ ਤੇ ਬੀæਜੇæਡੀ ਹੀ ਕ੍ਰਮਵਾਰ ਆਪਣੇ-ਆਪਣੇ ਸੂਬਿਆਂ ਤਾਮਿਲਨਾਡੂ, ਪੱਛਮੀ ਬੰਗਾਲ ਤੇ ਉੜੀਸਾ ਵਿਚ ਠੱਲ੍ਹ ਸਕੀਆਂ ਹਨ। ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਅਮੇਠੀ ਤੋਂ ਚੋਣ ਲੜ ਰਹੇ ਰਾਹੁਲ ਗਾਂਧੀ ਨੂੰ ਪਛੜ ਰਿਹਾ ਦਿਖਾਇਆ ਜਾ ਰਿਹਾ ਸੀ, ਪਰ ਫਿਰ ਉਹ ਭਾਜਪਾ ਦੀ ਸਮਰਿਤੀ ਇਰਾਨੀ ਨੂੰ 1æ07 ਲੱਖ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸੀਟ ਜਿੱਤ ਗਏ। 2009 ਵਿਚ ਰਾਹੁਲ ਨੇ ਇਹ ਸੀਟ 3æ70 ਲੱਖ ਦੇ ਫ਼ਰਕ ਨਾਲ ਜਿੱਤੀ ਸੀ।
ਚੇਤੇ ਰਹੇ ਕਿ ਭਾਜਪਾ, ਅਟੱਲ ਬਿਹਾਰੀ ਵਾਜਪਾਈ ਦੀ ਬਹੁਤ ਲੋਕਪ੍ਰਿਯਤਾ ਦੇ ਦੌਰ ਵਿਚ ਵੀ 1990 ਤੇ 1999 ਵਿਚ ਸਿਰਫ 182 ਸੀਟਾਂ ਲੈ ਸਕੀ ਸੀ। ਉਸ ਦੀਆਂ ਵੋਟਾਂ ਵਿਚ ਵੀ 12 ਫੀਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਕਾਂਗਰਸ 2009 ਵਿਚ 206 ਸੀਟਾਂ ਤੋਂ ਐਤਕੀਂ 46 ‘ਤੇ ਸਿਮਟ ਗਈ ਹੈ ਤੇ ਇਸ ਦਾ ਵੋਟ ਹਿੱਸਾ ਵੀ 28æ5 ਫੀਸਦੀ ਤੋਂ 10 ਫੀਸਦੀ ਘਟ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੇਸ਼ ਦਾ ਦਿਲ ਕਹੇ ਜਾਂਦੇ ਉੱਤਰ ਪ੍ਰਦੇਸ਼ ਵਿਚ 80 ਵਿਚੋਂ 71 ਤੋਂ ਵੱਧ ਸੀਟਾਂ ਲੈਣ ਵਿਚ ਕਾਮਯਾਬ ਹੋ ਗਈ ਹੈ।ਜੇਤੂਆਂ ਵਿਚ ਨਰਿੰਦਰ ਮੋਦੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ (ਅੰਮ੍ਰਿਤਸਰ), ਦੀਪਇੰਦਰ ਸਿੰਘ ਹੁੱਡਾ (ਰੋਹਤਕ), ਕੇਂਦਰੀ ਮੰਤਰੀ ਕਮਲ ਨਾਥ, ਰੇਲਵੇ ਮੰਤਰੀ ਮਲਿਕ ਅਰਜੁਨ ਖਾੜਗੇ, ਪੈਟਰੋਲੀਅਮ ਮੰਤਰੀ ਐਮæ ਵੀਰੱਪਾ ਮੋਇਲੀ, ਮਾਨਵ ਸਰੋਤ ਮੰਤਰੀ ਸ਼ਸ਼ੀ ਥਰੂਰ, ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ, ਲੋਕ ਜਨਸ਼ਕਤੀ ਦੇ ਰਾਮਵਿਲਾਸ ਪਾਸਵਾਨ ਤੇ ਚਿਰਾਗ ਪਾਸਵਾਨ, ਹੇਮਾ ਮਾਲਿਨੀ (ਭਾਜਪਾ), ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ, ਐਕਟਰ-ਕਮੇਡੀਅਨ ਭਗਵੰਤ ਮਾਨ (ਆਪ-ਸੰਗਰੂਰ) ਪ੍ਰਮੁੱਖ ਹਨ।
ਹਾਰਨ ਵਾਲਿਆਂ ਵਿਚ ਭਾਜਪਾ ਦੇ ਕੱਦਾਵਾਰ ਨੇਤਾ ਅਰੁਨ ਜੇਤਲੀ (ਅੰਮ੍ਰਿਤਸਰ), ਕਪਿਲ ਸਿੱਬਲ, ਸਲਮਾਨ ਖ਼ੁਰਸ਼ੀਦ, ‘ਆਪ’ ਦੇ ਅਰਵਿੰਦ ਕੇਜਰੀਵਾਲ, ਜੋਗਿੰਦਰ ਯਾਦਵ, ਮੁਲਾਇਮ ਸਿੰਘ (ਆਜ਼ਮਗੜ੍ਹ ਸੀਟ ਤੋਂ), ਪਰਨੀਤ ਕੌਰ (ਪਟਿਆਲਾ), ਪ੍ਰਤਾਪ ਸਿੰਘ ਬਾਜਵਾ (ਕਾਂਗਰਸ- ਗੁਰਦਾਸਪੁਰ), ਸੁਨੀਲ ਜਾਖੜ (ਕਾਂਗਰਸ- ਫਿਰੋਜ਼ਪੁਰ) ਸ਼ਾਮਲ ਹਨ।
ਚੋਣਾਂ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਲੀਡਰਸ਼ਿਪ ਉਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਰਾਹੁਲ ਨਾਲੋਂ ਉਸ ਦੀ ਭੈਣ ਪ੍ਰਿਯੰਕਾ ਗਾਂਧੀ ਸਿਆਸੀ ਖੇਤਰ ਵਿਚ ਵੱਧ ਪੈਂਠ ਪਾ ਸਕਦੀ ਹੈ।
Leave a Reply