ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਇਕ ਵਾਰ ਮੜ ਉਥਲ-ਪੁਥਲ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਕਈ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਬਗਾਵਤ ਦਾ ਝੰਡਾ ਚੁੱਕਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਹ ਸਾਰਾ ਮਾਮਲਾ ਦਿੱਲੀ ਦਰਬਾਰ ਪਹੁੰਚ ਚੁੱਕਾ ਹੈ ਤੇ ਅਗਲੇ ਦਿਨਾਂ ਵਿਚ ਕੋਈ ਵੱਡਾ ਫੇਰ-ਬਦਲ ਹੋ ਸਕਦਾ ਹੈ। ਪਾਰਟੀ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਨ ਸੌਂਪਣ ਦੀ ਮੰਗ ਜ਼ੋਰ ਫੜਨ ਲੱਗੀ ਹੈ।
ਬਗਾਵਤ ਕਰਨ ਵਾਲੇ ਆਗੂਆਂ ਨੇ ਦੋਸ਼ ਲਾਇਆ ਕਿ ਸ਼ ਬਾਜਵਾ ਬਾਦਲ ਸਰਕਾਰ ਵਿਰੁੱਧ ਬਣੀ ਬਦਲਾਅ ਦੀ ਲਹਿਰ ਨੂੰ ਪਾਰਟੀ ਦੇ ਹੱਕ ਵਿਚ ਕਰਨ ਤੋਂ ਪੂਰੀ ਤਰ੍ਹਾਂ ਅਸਫਲ ਰਹੇ ਹਨ ਜਿਸ ਕਰ ਕੇ ਪਾਰਟੀ ਦੀ ਨਮੋਸ਼ੀ ਭਰੀ ਹਾਰ ਨੇ ਹਰ ਇਕ ਨੂੰ ਧੱਕਾ ਲਾਇਆ ਹੈ। ਇਨ੍ਹਾਂ ਆਗੂਆਂ ਮੁਤਾਬਕ ਇਸ ਹਾਲਤ ਵਿਚ ਕੈਪਟਨ ਵਰਗਾ ਸਮਰੱਥ ਆਗੂ ਹੀ ਪਾਰਟੀ ਵਿਚ ਨਵੀਂ ਰੂਹ ਫੂਕ ਸਕਦਾ ਹੈ। ਉਨ੍ਹਾਂ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਸ਼ ਬਾਜਵਾ ਦੀ ਤੁਰੰਤ ਛੁੱਟੀ ਕਰ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ।
ਸ਼ ਬਾਜਵਾ ‘ਤੇ ਇਹ ਇਲਜ਼ਾਮ ਵੀ ਲੱਗੇ ਹਨ ਕਿ ਉਨ੍ਹਾਂ ਨੇ ਟਿਕਟਾਂ ਦੀ ਵੰਡ ਵੀ ਗਲਤ ਕਰਵਾਈ ਸੀ ਤੇ ਉਹ ਵਰਕਰਾਂ ਨੂੰ ਲਾਮਬੰਦ ਕਰਨ ਵਿਚ ਬੁਰੀ ਤਰਾਂ ਫੇਲ੍ਹ ਰਹੇ ਹਨ ਜਿਸ ਕਾਰਨ ਪਾਰਟੀ ਦੇ ਕਈ ਵਿਧਾਇਕ ਕਿਨਾਰਾ ਕਰ ਗਏ ਹਨ। ਸ਼ ਬਾਜਵਾ ‘ਤੇ ਪਾਰਟੀ ਨੂੰ ਆਪਣੇ ਪਰਿਵਾਰ ਤੱਕ ਹੀ ਸੀਮਤ ਰੱਖਣ ਦੇ ਦੋਸ਼ ਵੀ ਲੱਗੇ ਹਨ। ਬਾਗੀ ਆਗੂਆਂ ਦਾ ਤਰਕ ਹੈ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੇ 42 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ ਜਦਕਿ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੂੰ ਮਹਿਜ਼ 32 ਫੀਸਦੀ ਵੋਟਾਂ ਮਿਲੀਆਂ ਹਨ। ਉਂਝ ਵੀ ਪਾਰਟੀ ਪ੍ਰਧਾਨ ਬਾਜਵਾ 1æ36 ਲੱਖਾਂ ਵੋਟਾਂ ਨਾਲ ਹਾਰ ਗਏ।
ਬਾਗੀ ਵਿਧਾਇਕਾਂ ਦਾ ਕਹਿਣਾ ਹੈ ਕਿ ਅਕਾਲੀ ਦਲ-ਭਾਜਪਾ ਸਰਕਾਰ ਵਿਰੁੱਧ ਡਰੱਗ, ਅਮਨ ਤੇ ਕਾਨੂੰਨ, ਰੇਤ-ਬਜਰੀ, ਕੀਤੇ ਵਾਅਦੇ ਪੂਰੇ ਨਾ ਕਰਨ ਤੇ ਵਿਕਾਸ ਦੇ ਕੰਮ ਰੁਕਣ ਜਿਹੇ ਅਹਿਮ ਮੁੱਦੇ ਸਨ ਪਰ ਪ੍ਰਧਾਨ ਇਨ੍ਹਾਂ ਨੂੰ ਪਾਰਟੀ ਦੇ ਹੱਕ ਵਿਚ ਭੁਗਤਾਉਣ ਤੋਂ ਅਸਫਲ ਰਹੇ ਹਨ। ਸ਼ ਬਾਜਵਾ ਪਹਿਲਾਂ ਵੀ ਪਾਰਟੀ ਦੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰ ਰਹੇ ਸਨ ਪਰ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਉਧਰ, ਇਕ ਲੱਖ ਤੋਂ ਵੱਧ ਵੋਟਾਂ ਨਾਲ ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚੋਂ ਜਿੱਤ ਪ੍ਰਾਪਤ ਕਰਨ ਮਗਰੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਦੇਸ਼ ਤੇ ਪੰਜਾਬ ਵਿਚ ਕਾਂਗਰਸ ਦੀ ਹੋਈ ਹਾਰ ਲਈ ਪਾਰਟੀ ਵਲੋਂ ਸਵੈ-ਪੜਚੋਲ ਕੀਤੀ ਜਾਵੇਗੀ ਤੇ ਇਸ ਦੌਰਾਨ ਪਾਰਟੀ ਵਿਚ ਵੱਡੇ ਪੱਧਰ ‘ਤੇ ਬਦਲਾਅ ਹੋਣ ਦੀ ਸੰਭਾਵਨਾ ਹੈ। ਅਸਲ ਵਿਚ ਕੈਪਟਨ ਵੱਲੋਂ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੇ ਕੌਮੀ ਆਗੂ ਅਰੁਣ ਜੇਤਲੀ ਨੂੰ ਚਿੱਤ ਕਰਨ ਤੇ ਸ਼ ਬਾਜਵਾ ਦੀ ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਹੱਥੋਂ ਇਕ ਲੱਖ ਤੋਂ ਵੱਧ ਵੋਟਾਂ ਨਾਲ ਹੋਈ ਹਾਰ ਕਾਰਨ ਪੰਜਾਬ ਕਾਂਗਰਸ ਵਿਚ ਉਲਟ-ਫੇਰ ਹੋਣ ਦੀ ਸੰਭਾਵਨਾ ਬਣੀ ਹੈ।
ਕਾਂਗਰਸ ਪਾਰਟੀ ਦੀ ਸਮੁੱਚੇ ਰਾਜ ਵਿਚ ਹੀ ਮਾੜੀ ਕਾਰਗੁਜ਼ਾਰੀ ਕਾਰਨ ਸ਼ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਵੀ ਦਾਅ ‘ਤੇ ਲੱਗ ਗਈ ਹੈ। ਆਨੰਦਪੁਰ ਸਾਹਿਬ ਹਲਕੇ ਤੋਂ ਸੀਨੀਅਰ ਆਗੂ ਅੰਬਿਕਾ ਸੋਨੀ ਦੀ ਹਾਰ ਵੀ ਸ਼ ਬਾਜਵਾ ‘ਤੇ ਭਾਰੂ ਪੈ ਸਕਦੀ ਹੈ। ਇਸ ਹਾਰ ਕਾਰਨ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ ਨੂੰ ਵੀ ਝਟਕਾ ਲੱਗਾ ਹੈ ਕਿਉਂਕਿ ਜਦੋਂ ਕਾਂਗਰਸ ਦੇ ਸਿਟਿੰਗ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਆਨੰਦਪੁਰ ਸਾਹਿਬ ਹਲਕੇ ਤੋਂ ਕਿਨਾਰਾ ਕੀਤਾ ਸੀ ਤਾਂ ਸੋਨੀਆ ਨੇ ਆਪਣੀ ਅਤਿ ਨਜ਼ਦੀਕੀ ਅੰਬਿਕਾ ਸੋਨੀ ਨੂੰ ਇਸ ਹਲਕੇ ਨੂੰ ਜਿੱਤਣ ਦੀ ਚੁਣੌਤੀ ਦਿੱਤੀ ਸੀ।
ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਦੀ ਹਾਰ ਵੀ ਇਸ ਆਗੂ ਨੂੰ ਭਾਰੀ ਪੈ ਸਕਦੀ ਹੈ ਕਿਉਂਕਿ ਹਾਈਕਮਾਨ ਨੇ ਸ੍ਰੀ ਜਾਖੜ ਨੂੰ ਵੀ ਚੁਣੌਤੀ ਵਜੋਂ ਹੀ ਫਿਰੋਜ਼ਪੁਰ ਹਲਕੇ ਤੋਂ ਮੈਦਾਨ ਵਿਚ ਉਤਾਰਿਆ ਸੀ। ਉਂਝ ਵੀ ਸ੍ਰੀ ਜਾਖੜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੇ ਵਿਧਾਇਕਾਂ ਨੂੰ ਸੈਸ਼ਨਾਂ ਦੌਰਾਨ ਸੁਰਤਾਲ ਵਿਚ ਕਰਨ ਦੇ ਸਮਰੱਥ ਨਾ ਹੋਣ ਕਾਰਨ ਪਾਰਟੀ ਦੀ ਕਈ ਵਾਰ ਸਥਿਤੀ ਹਾਸੋਹੀਣੀ ਬਣਦੀ ਰਹੀ ਹੈ।
Leave a Reply