ਵੈਨਕੂਵਰ: ਜ਼ਿੰਦਗੀ ਤੋਂ ਦੁਖੀ ਵਿਅਕਤੀਆਂ ਨੂੰ ਡਾਕਟਰੀ ਮਦਦ ਨਾਲ ਆਤਮ ਹੱਤਿਆ ਕਰ ਸਕਣ ਦੀ ਆਗਿਆ ਦਵਾਉਣ ਲਈ ਬੀæਸੀ ਸਿਵਲ ਲਿਬਰਟੀ ਐਸੋਸੀਏਸ਼ਨ ਵੱਲੋਂ ਕੈਨੇਡੀਅਨ ਸੁਪਰੀਮ ਕੋਰਟ ਵਿਚ ਦਸਤਕ ਦਿੱਤੀ ਜਾ ਰਹੀ ਹੈ। ਬੀæਸੀ ਸੁਪਰੀਮ ਕੋਰਟ ਵੱਲੋਂ ਇਸ ਬਾਰੇ ਦਿੱਤੇ ਫੈਸਲੇ ਨੂੰ ਅਪੀਲ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ।
ਸੰਗਠਨ ਵੱਲੋਂ 67 ਸਾਲਾਂ ਦੀ ਇਲਾਨੇ ਸ਼ੈਪਰੇ ਨੂੰ ਇਸ ਮਾਮਲੇ ਵਿਚ ਮੁਦਈ ਬਣਾਇਆ ਗਿਆ ਹੈ। ਉਹ ਕਈ ਸਾਲਾਂ ਤੋਂ ਬਿਸਤਰ ‘ਤੇ ਹੈ ਤੇ ਖੁਦ ਖਾ-ਪੀ ਜਾਂ ਤੁਰ-ਫਿਰ ਨਹੀਂ ਸਕਦੀ ਹੈ। ਕੁਝ ਸਾਲਾਂ ਤੋਂ ਉਹ ਕਹਿ ਰਹੀ ਹੈ ਕਿ ਉਹ ਡਾਕਟਰੀ ਮਦਦ ਨਾਲ ਜੀਵਨ ਖਤਮ ਕਰਨਾ ਚਾਹੁੰਦੀ ਹੈ, ਪਰ ਕੈਨੇਡੀਅਨ ਕਾਨੂੰਨ ਇਸ ਦੀ ਆਗਿਆ ਨਹੀਂ ਦਿੰਦੇ। ਉਸ ਦੀ ਧੀ ਵੱਲੋਂ ਉਸ ਦੀ ਸੰਭਾਲ ਕਾਫੀ ਔਖੇ ਹੋ ਕੇ ਕੀਤੀ ਜਾ ਰਹੀ ਹੈ।
ਬੀæਸੀ ਸੁਪਰੀਮ ਕੋਰਟ ਨੇ ਉਸ ਦੀ ਬੇਨਤੀ ਮੰਨ ਲਈ ਸੀ, ਪਰ ਕਿਸੇ ਹੋਰ ਵੱਲੋਂ ਇਸ ਨੂੰ ਅਣਮਨੁੱਖੀ ਵਰਤਾਰਾ ਤੇ ਕੁਦਰਤ ਨਾਲ ਟੱਕਰ ਦੀ ਦਲੀਲ ਦੇ ਕੇ ਅਪੀਲ ਕੋਰਟ ਵਿਚ ਚੁਣੌਤੀ ਦੇ ਦਿੱਤੀ ਸੀ, ਜਿਸ ਨੂੰ ਮੰਨ ਲਿਆ ਗਿਆ ਸੀ। ਸ਼ੈਪਰੇ ਦੀ ਧੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਕੈਨੇਡੀਅਨ ਸੁਪਰੀਮ ਕੋਰਟ ਵਿਚ ਅਪੀਲ ਪਾਉਣ ਲਈ ਮਿਸੀਸਾਗਾ ਜਾਣ ਦੇ ਸਮਰੱਥ ਨਹੀਂ ਤੇ ਨਾ ਹੀ ਉਨ੍ਹਾਂ ਕੋਲ ਕਨੂੰਨੀ ਲੜਾਈ ਦੇ ਵਿੱਤੀ ਸਾਧਨ ਹਨ। ਇਸ ਕਾਰਨ ਬੀæਸੀ ਸਿਵਲ ਲਿਬਰਟੀ ਐਸੋਸੀਏਸ਼ਨ ਨੇ ਮਾਮਲਾ ਆਪਣੇ ਹੱਥ ਲੈ ਕੇ ਚਾਰਾਜੋਈ ਸ਼ੁਰੂ ਕੀਤੀ ਹੈ। ਬਾਦਲੀਲ ਕੇਸ ਬਣਾ ਕੇ ਅਗਲੇ ਦਿਨਾਂ ਵਿਚ ਅਪੀਲ ਪਾਉਣ ਦੀ ਤਿਆਰੀ ਆਰੰਭੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਦਾ ਪਲ-ਪਲ ਤੜਪਦੇ ਹੋਏ ਬਿਤਾਉਣ ਨਾਲੋਂ ਇਸ ਨੂੰ ਖਤਮ ਕਰ ਲੈਣਾ ਬਿਹਤਰ ਹੈ। ਜ਼ਿਕਰਯੋਗ ਹੈ ਕਿ ਸ਼ੈਪਰੇ ਤੋਂ ਇਲਾਵਾ ਹੋਰ ਵੀ ਕਾਫੀ ਇਨਸਾਨ ਹਨ, ਜੋ ਲਾਇਲਾਜ ਬਿਮਾਰੀਆਂ ਕਾਰਨ ਜ਼ਿੰਦਗੀ ਦਾ ਪਲ-ਪਲ ਤੜਪ-ਤੜਪ ਕੇ ਬਿਤਾ ਰਹੇ ਹਨ ਤੇ ਚਾਹੁੰਦੇ ਹਨ ਕਿ ਉਹ ਇਸ ਤੋਂ ਛੁਟਕਾਰਾ ਪਾ ਲੈਣ, ਪਰ ਦੇਸ਼ ਦੇ ਕਾਨੂੰਨ ਇਸ ਦੀ ਆਗਿਆ ਨਹੀਂ ਦਿੰਦੇ ਤੇ ਆਪਣੇ-ਆਪ ਹੋਰ ਢੰਗ ਅਪਣਾ ਕੇ ਮੌਤ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਮੁਸੀਬਤ ਵਿਚ ਨਹੀਂ ਪਾਉਣਾ ਚਾਹੁੰਦੇ।
Leave a Reply