ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਕੁਝ ਦਿਨ ਪਹਿਲਾਂ ਭੇਤਭਰੀ ਹਾਲਤ ਵਿਚ ਲਾਪਤਾ ਹੋਏ ਕੈਦੀ ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਹੀ ਅਗਵਾ ਕਰਕੇ ਮਾਰ ਮੁਕਾਇਆ ਸੀ ਤੇ ਉਸ ਦੀ ਲਾਸ਼ ਖੁਰਦ ਬੁਰਦ ਕਰਨ ਲਈ ਭਾਖੜਾ ਨਹਿਰ ਵਿਚ ਸੁੱਟ ਦਿੱਤੀ ਸੀ। ਪੁਲਿਸ ਦੀ ਇਸ ਕਰਤੂਤ ਨੇ ਪੰਜਾਬ ਵਿਚ ਅਤਿਵਾਦ ਦੇ ਦਿਨਾਂ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਬਿਕਰਮਜੀਤ ਸਿੰਘ ਵਾਸੀ ਅਲਗੋਂ ਕੋਠੀ ਨਾਲ ਸਬੰਧਤ ਇਕ ਬਲੈਰੋ ਗੱਡੀ ਪੀæਬੀæ 38 ਐਚ 9840 ਵੀ ਬਰਾਮਦ ਕੀਤੀ ਹੈ।
ਇਸ ਘਟਨਾ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਕੈਦੀ ਬਿਕਰਮਜੀਤ ਸਿੰਘ ਦੀ ਲਾਸ਼ ਅੱਠ ਮਈ ਨੂੰ ਸ਼ਾਮ ਚਾਰ ਵਜੇ ਥਾਣਾ ਕੀਰਤਪੁਰ ਦੀ ਹੱਦ ਵਿਚ ਆਉਂਦੇ ਨੱਕੀਆਂ ਪਾਵਰ ਹਾਊਸ ਕੋਲੋਂ ਨਹਿਰ ਵਿਚੋਂ ਬਰਾਮਦ ਹੋਈ ਸੀ ਪਰ ਉਸ ਦੀ ਸ਼ਨਾਖਤ ਨਾ ਹੋਣ ਕਾਰਨ ਪੰਜ ਦਿਨਾਂ ਮਗਰੋਂ 13 ਮਈ ਨੂੰ ਕੀਰਤਪੁਰ ਪੁਲਿਸ ਵੱਲੋਂ ਸਸਕਾਰ ਕਰ ਦਿੱਤਾ ਗਿਆ ਤੇ ਉਸ ਦੇ ਫੁੱਲ 14 ਮਈ ਨੂੰ ਕੀਰਤਪੁਰ ਹੀ ਜਲ ਪ੍ਰਵਾਹ ਕਰ ਦਿੱਤੇ ਗਏ। ਕੀਰਤਪੁਰ ਪੁਲਿਸ ਵੱਲੋਂ ਪੇਸ਼ ਕੀਤੀ ਗਈ ਫੋਟੋ ਜਦੋਂ ਮ੍ਰਿਤਕ ਦੇ ਘਰ ਵਾਲਿਆਂ ਨੂੰ ਦਿਖਾਈ ਗਈ ਤਾਂ ਉਨ੍ਹਾਂ ਨੇ ਬਿਕਰਮਜੀਤ ਸਿੰਘ ਵਜੋਂ ਉਸ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਗਈ ਹੈ।
ਸਮੁੱਚਾ ਘਟਨਾਕ੍ਰਮ ਬਿਆਨ ਕਰਦਿਆਂ ਉਨ੍ਹਾਂ ਦੱਸਿਆ ਕਿ ਬਿਕਰਮਜੀਤ ਸਿੰਘ ਉਮਰ ਕੈਦੀ ਸੀ ਤੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ, ਜਿਥੇ ਉਸ ‘ਤੇ ਨਿਗਰਾਨੀ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਕਰਮਚਾਰੀ ਅਮਨਦੀਪ ਸਿੰਘ ਤੇ ਲਖਵਿੰਦਰ ਸਿੰਘ ਤਾਇਨਾਤ ਸਨ। ਦੋਵਾਂ ਪੁਲਿਸ ਕਰਮੀਆਂ ਦੀ ਉਸ ਨਾਲ ਦੋਸਤੀ ਹੋ ਗਈ ਸੀ, ਜਿਸ ਸਦਕਾ ਬਿਕਰਮਜੀਤ ਸਿੰਘ ਬਾਹਰ ਵੀ ਚਲਾ ਜਾਂਦਾ ਸੀ ਤੇ ਕਈ ਵਾਰ ਘਰ ਵੀ ਚਲਾ ਗਿਆ ਸੀ। ਉਹ ਨਸ਼ਾ ਕਰਨ ਦਾ ਆਦੀ ਸੀ। ਇਸ ਦੌਰਾਨ ਪੁਲਿਸ ਕਰਮਚਾਰੀ ਅਮਨਦੀਪ ਵੀ ਨਸ਼ਾ ਕਰਨ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਏæਐਸ਼ਆਈæ ਗੁਲਸ਼ਨਬੀਰ ਤੇ ਸਿਪਾਹੀ ਅਮਨਦੀਪ ਦੀ ਆਪਸ ਵਿਚ ਪੁਰਾਣੀ ਮਿੱਤਰਤਾ ਸੀ, ਜਿਨ੍ਹਾਂ ਨੇ ਹੈਰੋਇਨ ਬਰਾਮਦ ਕਰਨ ਦੀ ਇਕ ਯੋਜਨਾ ਤਹਿਤ ਪੰਜ ਮਈ ਨੂੰ ਸ਼ਾਮ ਛੇ ਵਜੇ ਬਿਕਰਮਜੀਤ ਸਿੰਘ ਨੂੰ ਮਾਲ ਮੰਡੀ ਨੇੜੇ ਸੱਦਿਆ ਤੇ ਉਸ ਨੂੰ ਇਕ ਲੱਖ 22 ਹਜ਼ਾਰ ਰੁਪਏ ਦੇ ਕੇ ਹੈਰੋਇਨ ਲਿਆਉਣ ਵਾਸਤੇ ਆਖਿਆ। ਤਕਰੀਬਨ ਇਕ ਘੰਟੇ ਮਗਰੋਂ ਹੀ ਬਿਕਰਮਜੀਤ ਸਿੰਘ ਆਪਣੀ ਚਿੱਟੇ ਰੰਗ ਦੀ ਬਲੈਰੋ ਵਿਚ ਉਥੇ ਪੁੱਜ ਗਿਆ। ਉਸ ਵੇਲੇ ਕਾਊਂਟਰ ਇੰਟੈਲੀਜੈਂਸ ਪੁਲਿਸ ਦੇ ਏæਐਸ਼ਆਈæ ਗੁਲਸ਼ਨਬੀਰ ਸਿੰਘ, ਬਲਜੀਤ ਸਿੰਘ, ਸਵਿੰਦਰ ਸਿੰਘ ਤੋਂ ਇਲਾਵਾ ਹੈਡ ਕਾਂਸਟੇਬਲ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਕਾਸ਼ੀ ਵੀ ਮੌਜੂਦ ਸਨ, ਜਿਨ੍ਹਾਂ ਨੇ ਸਿਪਾਹੀ ਅਮਨਦੀਪ ਸਿੰਘ ਤੇ ਲਖਵਿੰਦਰ ਸਿੰਘ ਦੇ ਇਸ਼ਾਰੇ ‘ਤੇ ਬਿਕਰਮਜੀਤ ਸਿੰਘ ਨੂੰ ਉਥੋਂ ਚੁੱਕ ਲਿਆ ਤੇ ਬਟਾਲੇ ਲੈ ਗਏ। ਇਹ ਸਾਰੀ ਪੁਲਿਸ ਟੀਮ ਵੀ ਦੋ ਵੱਖ-ਵੱਖ ਗੱਡੀਆਂ ਵਿਚ ਸਵਾਰ ਸੀ।
ਬਟਾਲੇ ਜਿਸ ਥਾਂ ‘ਤੇ ਉਸ ਨੂੰ ਲੈ ਜਾਇਆ ਗਿਆ, ਉਥੇ ਇੰਸਪੈਕਟਰ ਨਾਰੰਗ ਸਿੰਘ ਤੇ ਉਸ ਦੇ ਕੁਝ ਹੋਰ ਸਾਥੀ ਪਹਿਲਾਂ ਹੀ ਮੌਜੂਦ ਸਨ, ਜਿਨ੍ਹਾਂ ਨੇ ਬਿਕਰਮਜੀਤ ਸਿੰਘ ਤੋਂ ਪੁੱਛਗਿੱਛ ਕਰਨ ਲਈ ਉਸ ਦੀ ਮਾਰ ਕੁੱਟ ਕੀਤੀ। ਇਸ ਕਾਰਵਾਈ ਦੌਰਾਨ ਰਾਤ ਸਮੇਂ ਉਸ ਦੀ ਮੌਤ ਹੋ ਗਈ। ਪੁਲਿਸ ਕਰਮਚਾਰੀਆਂ ਨੇ ਉਸ ਦੀ ਲਾਸ਼ ਨੂੰ ਰਾਤੋ ਰਾਤ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਜਦੋਂਕਿ ਉਸ ਦੀ ਬਲੈਰੋ ਗੱਡੀ ਥਾਣਾ ਸੇਖਵਾਂ ਨੇੜੇ ਨਹਿਰ ਥਿੰਦ ਦੇ ਪੁਲ ਕੋਲ ਛੱਡ ਦਿੱਤੀ।
ਉਨ੍ਹਾਂ ਆਖਿਆ ਕਿ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤੀ ਗਈ ਇਹ ਕਾਰਵਾਈ ਗੈਰ ਕਾਨੂੰਨੀ ਤੇ ਗੈਰ ਇਨਸਾਨੀਅਤ ਵਾਲੀ ਹੈ, ਜਿਸ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਜਾਵੇਗਾ।
____________________________________
ਪਰਿਵਾਰ ਨੇ ਮੰਗੀ ਸੀæਬੀæਆਈæ ਜਾਂਚ
ਅੰਮ੍ਰਿਤਸਰ: ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਸੀæਬੀæਆਈæ ਤੋਂ ਕਰਵਾਈ ਜਾਵੇ ਕਿਉਂਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਉਹ ਸੰਤੁਸ਼ਟ ਨਹੀਂ ਹਨ। ਮ੍ਰਿਤਕ ਦੇ ਵੱਡੇ ਭਰਾ ਜਸਬੀਰ ਸਿੰਘ ਜੱਸ ਨੇ ਆਖਿਆ ਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਹੀ ਉਸ ਦੇ ਭਰਾ ਨੂੰ ਅਗਵਾ ਕੀਤਾ ਗਿਆ ਹੈ, ਪੁਲਿਸ ਵੱਲੋਂ ਹੀ ਉਸ ਨੂੰ ਮਾਰਿਆ ਗਿਆ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਹੀ ਇਹ ਸਾਰੀ ਕਹਾਣੀ ਸੁਣਾਈ ਜਾ ਰਹੀ ਹੈ। ਇਸ ਲਈ ਪੁਲਿਸ ‘ਤੇ ਵਿਸ਼ਵਾਸ ਨਹੀਂ ਰਿਹਾ, ਜਿਸ ਦੀ ਨਿਗਰਾਨੀ ਹੇਠ ਉਸ ਦਾ ਭਰਾ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਸਮੁੱਚੇ ਘਟਨਾਕ੍ਰਮ ਵਿਚ ਪੁਲਿਸ ਦਾ ਸ਼ੱਕੀ ਕਿਰਦਾਰ ਸਾਹਮਣੇ ਆਇਆ ਹੈ।
Leave a Reply