ਪ੍ਰਾਪਤੀਆਂ ਤੇ ਨਾਕਾਮੀਆਂ ਮਨਮੋਹਨ ਸਿੰਘ ਦੇ ਨਾਲ-ਨਾਲ ਚੱਲੀਆਂ

ਨਵੀਂ ਦਿੱਲੀ: 1990 ਦੇ ਦਹਾਕੇ ਵਿਚ ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਵਾਲੇ ਡਾਕਟਰ ਮਨਮੋਹਨ ਸਿੰਘ ਨੇ 10 ਸਾਲਾਂ ਬਾਅਦ ਆਪਣਾ ਪ੍ਰਧਾਨ ਮੰਤਰੀ ਦਾ ਅਹੁਦਾ ਤਿਆਗ ਦਿੱਤਾ ਹੈ ਪਰ ਆਪਣੇ ਪਿੱਛੇ ਉਹ ਪ੍ਰਾਪਤੀਆਂ ਤੇ ਨਾਕਾਮੀਆਂ ਦਾ ਰਲਿਆ-ਮਿਲਿਆ ਇਤਿਹਾਸ ਛੱਡ ਕੇ ਜਾ ਰਹੇ ਹਨ।
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਰਿਕਾਰਡ ਉਨ੍ਹਾਂ ਨੇ ਜ਼ਰੂਰ ਬਣਾਇਆ ਹੈ ਪਰ ਯੂਪੀਏ-2 ਦੇ ਕਾਰਜਕਾਲ ਦੌਰਾਨ ਸਾਹਮਣੇ ਆਏ ਘੁਟਾਲਿਆਂ ਨੇ 81 ਵਰ੍ਹਿਆਂ ਦੇ ਇਸ ਆਗੂ ਦੇ ਚੰਗੇ ਕੰਮਾਂ ਨੂੰ ਮਾਤ ਦੇ ਦਿੱਤੀ। ਉੱਘੇ ਆਰਥਿਕ ਮਾਹਿਰ ਡਾਕਟਰ ਮਨਮੋਹਨ ਸਿੰਘ ਨੇ 1991 ਵਿਚ ਭਾਰਤੀ ਸਿਆਸਤ ਵਿਚ ਉਸ ਸਮੇਂ ਪ੍ਰਵੇਸ਼ ਕੀਤਾ ਸੀ ਜਦੋਂ ਆਰਥਿਕ ਮੰਦੀ ਸਮੇਂ ਸਾਬਕਾ ਪ੍ਰਧਾਨ ਮੰਤਰੀ ਪੀæਵੀæ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਆਪਣੀ ਸਰਕਾਰ ਵਿਚ ਵਿੱਤ ਮੰਤਰੀ ਬਣਾਇਆ ਸੀ। ਦੋਹਾਂ ਨੇ ਮਿਲ ਕੇ ਦੇਸ਼ ਨੂੰ ਆਰਥਿਕ ਸੰਕਟ ਵਿਚੋਂ ਕੱਢ ਕੇ ਨਵੇਂ ਆਰਥਿਕ ਸੁਧਾਰਾਂ ਦੇ ਰਾਹ ਪਾਇਆ, ਜਿਸ ਤੋਂ ਬਾਅਦ ਅਗਲੀਆਂ ਸਰਕਾਰਾਂ ਨੇ ਆਪਣੇ ਕਦਮ ਪਿੱਛੇ ਨਹੀਂ ਪੁੱਟੇ।
ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਭਾਈਵਾਲਾਂ ਖਾਸਕਰ ਖੱਬੀਆਂ ਪਾਰਟੀਆਂ ਵੱਲੋਂ ਲੱਤਾਂ ਖਿੱਚਣ ਤੇ ਦਬਾਅ ਪਾਉਣ ਦੇ ਬਾਵਜੂਦ ਡਾæ ਮਨਮੋਹਨ ਸਿੰਘ ਨੇ ਭਾਰਤ-ਅਮਰੀਕਾ ਪ੍ਰਮਾਣੂ ਮੁੱਦੇ ‘ਤੇ ਬੜੇ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਕੀਤਾ ਸੀ। ਪ੍ਰਸਿੱਧ ਅਰਥਸ਼ਾਸਤਰੀ ਦੀਆਂ ਸਰਕਾਰਾਂ ਨੇ 8æ5 ਫ਼ੀਸਦੀ ਸ਼ਾਨਦਾਰ ਵਿਕਾਸ ਦਰ ਦਿੱਤੀ ਪਰ 2-ਜੀ, ਰਾਸ਼ਟਰ ਮੰਡਲ ਖੇਡਾਂ ਤੇ ਕੋਲਾ ਬਲਾਕਾਂ ਦੀ ਵੰਡ ਦੇ ਘੁਟਾਲਿਆਂ ਤੇ ਸਰਕਾਰ ਦੀ ਨੀਤੀ ਵਿਚ ਰੁਕਾਵਟ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਗ੍ਰਹਿਣ ਲਾ ਦਿੱਤਾ। 26 ਸਤੰਬਰ 1932 ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਿੰਡ ਗਾਹ ਵਿਚ ਜੰਮੇ ਡਾæ ਸਿੰਘ 2004 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸਰਕਾਰ ਦੇ ਆਰਥਿਕ ਸਲਾਹਕਾਰ ਤੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਵਰਗੇ ਕਈ ਅਹਿਮ ਅਹੁਦਿਆਂ ‘ਤੇ ਰਹੇ।
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਤੇ ਦੱਖਣੀ-ਦੱਖਣੀ ਕਮਿਸ਼ਨ ਦੇ ਸਕੱਤਰ ਜਨਰਲ ਸਮੇਤ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤੀ ਦੌਰਾਨ ਉਨ੍ਹਾਂ ਸ਼ੌਹਰਤ ਤੇ ਇਮਾਨਦਾਰੀ ਦੀ ਜਿਹੜੀ ਮਿਸਾਲ ਕਾਇਮ ਕੀਤੀ, ਉਸ ਨੂੰ ਦੇਖਦਿਆਂ ਹੀ ਸੋਨੀਆ ਗਾਂਧੀ ਨੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ। ਸਾਲ 2004 ਦੇ ਪਹਿਲੇ ਕਾਰਜਕਾਲ ਦੌਰਾਨ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਹੇਠ ਯੂਪੀਏ ਸਰਕਾਰ ਨੇ ਮਨਰੇਗਾ ਤੇ ਸੂਚਨਾ ਅਧਿਕਾਰ ਐਕਟ ਸਮੇਤ ਹੋਰ ਕਈ ਸ਼ਲਾਘਾਯੋਗ ਕਦਮ ਚੁੱਕੇ। ਉਨ੍ਹਾਂ ਅਮਰੀਕਾ ਨਾਲ ਪਰਮਾਣੂ ਸਮਝੌਤੇ ਨੂੰ ਤਰਜੀਹ ਦਿੱਤੀ ਤੇ ਖੱਬੇ-ਪੱਖੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਆਪਣੀ ਸਰਕਾਰ ਨੂੰ ਦਾਅ ‘ਤੇ ਲਾ ਦਿੱਤਾ। ਖੱਬੇ-ਪੱਖੀਆਂ ਨੇ ਇਸ ਮਾਮਲੇ ‘ਤੇ ਭਾਵੇਂ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਪਰ ਸਮਾਜਵਾਦੀ ਪਾਰਟੀ ਤੇ ਬਸਪਾ ਦੀ ਸਹਾਇਤਾ ਨਾਲ ਉਨ੍ਹਾਂ ਦੀ ਸਰਕਾਰ ਭਰੋਸੇ ਦਾ ਵੋਟ ਹਾਸਲ ਕਰਨ ਵਿਚ ਕਾਮਯਾਬ ਰਹੀ।
________________________________________
ਵਿਵਾਦਾਂ ਵਿਚ ਘਿਰੀ ਰਹੀ ਦੂਜੀ ਪਾਰੀ
ਡਾæ ਮਨਮੋਹਨ ਸਿੰਘ ਦਾ ਦੂਜਾ ਕਾਰਜਕਾਲ ਵਿਵਾਦਾਂ ਤੇ ਘੁਟਾਲਿਆਂ ਵਾਲਾ ਰਿਹਾ। ਇਸ ਦੌਰਾਨ ਤਿੰਨ ਵੱਡੇ ਘੁਟਾਲੇ ਸਾਹਮਣੇ ਆਏ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਸਰਕਾਰ ਨੂੰ ਚਾਰ ਲੱਖ ਕਰੋੜ ਰੁਪਏ ਦਾ ਚੂਨਾ ਲੱਗਿਆ। 1991 ਤੋਂ ਰਾਜ ਸਭਾ ਦੇ ਮੈਂਬਰ ਰਹੇ ਡਾਕਟਰ ਮਨਮੋਹਨ ਸਿੰਘ ਨੂੰ ਕਈ ਮਾਣ-ਸਨਮਾਨ ਮਿਲੇ ਹਨ। 26 ਸਤੰਬਰ, 1932 ਨੂੰ ਪਾਕਿਸਤਾਨੀ ਪੰਜਾਬ ਦੇ ਗਾਹ ਪਿੰਡ ਵਿਚ ਜੰਮੇ ਡਾਕਟਰ ਮਨਮੋਹਨ ਸਿੰਘ ਐਨਡੀਏ ਦੇ 1998 ਤੇ 2004 ਦੇ ਕਾਰਜਕਾਲ ਦੌਰਾਨ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵੀ ਰਹੇ।

Be the first to comment

Leave a Reply

Your email address will not be published.