ਵਾਸ਼ਿੰਗਟਨ: ਅਮਰੀਕਾ ਨੇ ਇਰਾਕ ਨੂੰ ਕੋਈ ਇਕ ਅਰਬ ਡਾਲਰ ਦੇ ਜੰਗੀ ਜਹਾਜ਼, ਬਕਤਰਬੰਦ ਵਾਹਨ ਤੇ ਨਿਗਰਾਨੀ ਲਈ ਲੋੜੀਂਦੇ ਜਹਾਜ਼ ਵੇਚਣ ਦੀ ਯੋਜਨਾ ਬਣਾਈ ਹੈ। ਇਸ ਸੌਦੇ ਵਿਚ 24 ਏ ਟੀ-6 ਸੀ ਟੈਕਸਟਨ-2 ਹਲਕੇ ਲੜਾਕੂ ਜਹਾਜ਼, 50 ਕੈਲੀਬਰ ਦੀਆਂ ਮਸ਼ੀਨਗੰਨਾਂ ਵਾਲੇ ਬੀਚਕਗਫਟ ਵੱਲੋਂ ਤਿਆਰ ਟਰਬੋਪਰੌਪ ਜਹਾਜ਼ ਤੇ ਨਿਸ਼ਾਨੇ ਵਾਲੀ ਥਾਂ ਬੰਬ ਸੁੱਟ ਸਕਣ ਵਾਲੇ ਸਾਜ਼ੋ-ਸਮੱਗਰੀ ਸ਼ਾਮਲ ਹਨ।
ਪੈਂਟਾਗਨ ਮੁਤਾਬਕ ਹਵਾਈ ਜਹਾਜ਼ ਤੇ ਇਨ੍ਹਾਂ ਨਾਲ ਸਬੰਧਤ ਸਾਜ਼ੋ-ਸਮੱਗਰੀ ਤੇ ਸੇਵਾਵਾਂ ਦੀ ਕੀਮਤ 79 ਕਰੋੜ ਡਾਲਰ ਬਣਦੀ ਹੈ। ਪੈਂਟਾਗਨ ਦੀ ਡਿਫੈਂਸ ਸਕਿਓਰਟੀ ਕੋਆਪਰੇਸ਼ਨ ਏਜੰਸੀ ਨੇ ਬੀਤੇ ਦਿਨੀਂ ਕਾਂਗਰਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਜੇਕਰ ਮੈਂਬਰਾਂ ਨੇ ਕੋਈ ਅੜਿੱਕਾ ਨਾ ਪਾਇਆ ਤਾਂ ਇਹ ਸੌਦਾ ਸਿਰੇ ਚੜ੍ਹ ਜਾਵੇਗਾ। ਏਜੰਸੀ ਨੇ ਇਕ ਨੋਟਿਸ ਵਿਚ ਕਿਹਾ ਹੈ ਕਿ ਹਵਾਈ ਜਹਾਜ਼ਾਂ, ਸਾਜ਼ੋ-ਸਮੱਗਰੀ ਤੇ ਹਮਾਇਤ ਦਾ ਇਹ ਪ੍ਰਸਤਾਵਿਤ ਸੌਦਾ, ਇਰਾਕੀ ਸੈਨਾਵਾਂ ਨੂੰ ਇਸ ਦੇ ਸਮਰੱਥ ਬਣਾਏਗਾ ਕਿ ਉਹ ਦੇਸ਼ ਵਿਚ ਸਥਿਰਤਾ ਲਿਆ ਸਕਣ ਤੇ ਨਾਲ ਲੱਗਦੇ ਦੇਸ਼ਾ ਵਿਚ ਇਸ ਦੇਸ਼ ਦੀ ਅਸਥਿਰਤਾ ਕਾਰਨ ਬੇਚੈਨੀ ਫੈਲਣ ਦੇ ਸਬੱਬ ਨੂੰ ਠੱਲ੍ਹ ਪਾ ਸਕਣ।
ਅਲਕਾਇਦਾ ਅਤਿਵਾਦੀਆਂ ਦੀਆਂ ਸਰਗਰਮੀਆਂ, ਸ਼ੀਆ ਦੀ ਅਗਵਾਈ ਹੇਠਲੀ ਸਰਕਾਰ ਤੇ ਨਾਰਾਜ਼ ਸੁੰਨੀਆਂ ਵਿਚਲੇ ਪਾੜੇ ਕਾਰਨ ਹੁੰਦੀ ਹਿੰਸਾ ਦੇ ਟਾਕਰੇ ਲਈ ਇਰਾਕੀ ਫੌਜ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹ ਰਹੀ ਹੈ। ਇਸ ਤੋਂ ਪਹਿਲਾਂ ਇਰਾਕ 36 ਅਮਰੀਕੀ ਐਫ-16 ਲੜਾਕੂ ਜੈੱਟ ਖਰੀਦਣ ਲਈ ਸਹਿਮਤ ਹੋ ਚੁੱਕਿਆ ਹੈ। ਇਸ ਸੌਦੇ ਵਿਚ 200 ਬਕਤਰਬੰਦ ਹੈਵੀ ਵਾਹਨ ਵੀ ਸ਼ਾਮਲ ਹਨ ਜਿਨ੍ਹਾਂ ਉਤੇ ਮਸ਼ੀਨ ਗੰਨਾਂ ਲੱਗੀਆਂ ਹੋਈਆਂ ਹਨ। ਇਹ ਵਾਹਨ ਦਸ ਕਰੋੜ 10 ਲੱਖ ਡਾਲਰ ਦੇ ਹੋਣਗੇ।
ਇਰਾਕ ਇਨ੍ਹਾਂ ਦੀ ਮਦਦ ਨਾਲ ਆਪਣੇ ਤੇਲ ਵਾਲੇ ਬੁਨਿਆਦੀ ਢਾਂਚੇ ਦੀ ਅਤਿਵਾਦੀਆਂ ਹਮਲਿਆਂ ਤੋਂ ਰਾਖੀ ਕਰੇਗਾ।
Leave a Reply