ਜਲੰਧਰ: ਸੁਪਰੀਮ ਕੋਰਟ ਵੱਲੋਂ ਖੇਤਰੀ/ਮਾਤ ਭਾਸ਼ਾ ਬਾਰੇ ਦਿੱਤੇ ਫ਼ੈਸਲੇ ‘ਤੇ ਸੂਬੇ ਦੀਆਂ ਸਾਹਿਤਕ ਤੇ ਪੰਜਾਬੀ ਭਾਸ਼ਾ ਲਈ ਸੰਜੀਦਗੀ ਨਾਲ ਕੰਮ ਕਰਨ ਵਾਲੀਆਂ ਤਕਰੀਬਨ 10 ਜਥੇਬੰਦੀਆਂ ਨੇ ਅਸਹਿਮਤੀ ਪ੍ਰਗਟਾਈ ਹੈ। ਜਥੇਬੰਦੀਆਂ ਨੇ ਇਸ ਫ਼ੈਸਲੇ ਨਾਲ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਫ਼ੈਸਲੇ ‘ਤੇ ਪੁਨਰ ਵਿਚਾਰ ਕਰੇ।
ਪੰਜਾਬੀ ਭਾਸ਼ਾ ਅਕਾਦਮੀ ਜਲੰਧਰ ਦੇ ਪ੍ਰਧਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਡਾæ ਜੋਗਿੰਦਰ ਸਿੰਘ ਪੁਆਰ ਦੀ ਪਹਿਲਕਦਮੀ ‘ਤੇ ਦੇਸ਼ ਭਗਤ ਯਾਦਗਾਰ ਹਾਲ ਵਿਚ ਜਥੇਬੰਦੀਆਂ ਦੀ ਇਹ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਡਾæ ਪੁਆਰ ਸਮੇਤ ਡਾæ ਬਲਦੇਵ ਸਿੰਘ ਸੜਕਨਾਮਾ, ਪਿਆਰਾ ਸਿੰਘ ਭੋਗਲ ਤੇ ਡਾæ ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਤੌਰ ‘ਤੇ ਕੀਤੀ। ਮੀਟਿੰਗ ਵਿਚ ਪੰਜਾਬੀ ਰਾਜ ਭਾਸ਼ਾ ਐਕਟ 2008 (ਸੋਧ) ਤੇ ਪੰਜਾਬ ਰਾਜ ਸਕੂਲ ਸਿੱਖਿਆ ਐਕਟ ਨੂੰ ਇੰਨ-ਬਿੰਨ ਲਾਗੂ ਕਰਨ ਦੀ ਮੰਗ ਕੀਤੀ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਜਲੰਧਰ ਵਿਚੋਂ ਪੰਜਾਬੀ ਵਿਭਾਗ ਨੂੰ ਖਤਮ ਕਰਨ ਦੇ ਫ਼ੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਤੇ ਬੰਦ ਕੀਤੇ ਗਏ ਪੰਜਾਬੀ ਵਿਭਾਗ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਇਕਸੁਰ ਹੁੰਦਿਆਂ ਇਸ ਗੱਲ ‘ਤੇ ਡੂੰਘੀ ਚਿੰਤਾ ਪ੍ਰਗਟਾਈ ਕਿ ਛੇ ਮਈ ਨੂੰ ਸੁਪਰੀਮ ਕੋਰਟ ਦੇ ਖੇਤਰੀ/ਮਾਤ ਭਾਸ਼ਾ ਬਾਰੇ ਆਏ ਫ਼ੈਸਲੇ ਕਿ ਪਹਿਲੀ ਤੋਂ ਚੌਥੀ ਜਮਾਤ ਤੱਕ ਬੱਚੇ ਨੂੰ ਸੂਬਿਆਂ ਦੀ ਖੇਤਰੀ ਭਾਸ਼ਾ ਵਿਚ ਪੜ੍ਹਨਾ ਜ਼ਰੂਰੀ ਨਹੀਂ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਪੁਨਰ ਵਿਚਾਰ ਕਰਵਾਉਣ ਲਈ ਸੂਬਾ ਤੇ ਕੇਂਦਰ ਸਰਕਾਰ ‘ਤੇ ਵੀ ਦਬਾਅ ਬਣਾਉਣ ਦਾ ਫ਼ੈਸਲਾ ਕੀਤਾ। ਮੀਟਿੰਗ ਵਿਚ ਪੰਜਾਬ ਦੀਆਂ ਸਮੂਹ ਖੇਤਰੀ/ਮਾਤ ਭਾਸ਼ਾ ਦੀ ਤਰੱਕੀ ਲਈ ਕੰਮ ਕਰਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਕਾਰਜ ਲਈ ਇਕ ਮੰਚ ‘ਤੇ ਇੱਕਠਿਆਂ ਹੋ ਕੇ ਲੜਾਈ ਲੜੀ ਜਾਵੇ। ਇਸ ਗੰਭੀਰ ਮੁੱਦੇ ਨੂੰ ਅੱਗੇ ਵਧਾਉਣ ‘ਤੇ ਲੋਕਾਂ ਦੀ ਲਾਮਬੰਦੀ ਕਰਨ ਲਈ ਬਣਾਈ ਗਈ 10 ਮੈਂਬਰੀ ਕਮੇਟੀ ਦੇ ਕਨਵੀਨਰ ਡਾæ ਜੋਗਿੰਦਰ ਸਿੰਘ ਪੁਆਰ ਨੂੰ ਬਣਾਇਆ ਗਿਆ ਹੈ। ਉਨ੍ਹਾਂ ਨਾਲ ਦੋ ਸਹਾਇਕ ਮੈਂਬਰ ਵੀ ਲਏ ਗਏ ਹਨ, ਜਿਨ੍ਹਾਂ ਵਿਚ ਸੁਖਦੇਵ ਸਿੰਘ ਸਿਰਸਾ ਤੇ ਡਾæ ਅਨੂਪ ਸਿੰਘ ਸ਼ਾਮਲ ਹਨ। ਦੇਸ਼ ਦੀਆਂ ਵੱਖ-ਵੱਖ ਖੇਤਰੀ ਭਾਸ਼ਾਵਾਂ ਦੀ ਰਾਖੀ ਲਈ ਇੱਕਜੁਟਤਾ ਨਾਲ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਬਚਾਉਣਾ ਸੂਬਾ ਸਰਕਾਰ ਦਾ ਰਾਜ ਧਰਮ ਬਣਦਾ ਹੈ। ਜਥੇਬੰਦੀਆਂ ਨੇ ਕਿਹਾ ਕਿ ਸਰਕਾਰੀ ਸਿੱਖਿਆ ਦੇ ਢਾਂਚੇ ਨੂੰ ਬਚਾਉਣ ਲਈ ਲੋਕਾਂ ਦੀ ਲਾਮਬੰਦੀ ਕਰਨਾ ਜ਼ਰੂਰੀ ਹੈ।
ਲਾਜ਼ਮੀ ਸਿੱਖਿਆ ਐਕਟ ਤਹਿਤ ਅੱਠਵੀਂ ਜਮਾਤ ਤੱਕ ਬੱਚਿਆਂ ਨੂੰ ਫੇਲ੍ਹ ਨਾ ਕਰਨ ਦੇ ਫੈਸਲੇ ਨੂੰ ਮੁੱਢੋਂ ਰੱਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਜਿਹਾ ਫੈਸਲਾ ਸਮਾਜ ਨੂੰ ਅਨਪੜ੍ਹਤਾ ਵੱਲ ਧੱਕੇਗਾ। ਹਾਜ਼ਰ ਜਥੇਬੰਦੀਆਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਭਾਸ਼ਾ ਅਕਾਦਮੀ ਜਲੰਧਰ, ਪੰਜਾਬ ਜਾਗ੍ਰਤੀ ਮੰਚ ਤੇ ਪੰਜਾਬੀ ਲਿੰਗੂਏਸਿਟਕ ਐਸੋਸੀਏਸ਼ਨ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬੀ ਸੱਥ ਲਾਂਬੜਾ, ਫੋਕਲੋਰ ਰੀਸਰਚ ਅਕਾਦਮੀ ਅੰਮ੍ਰਿਤਸਰ, ਪਿੰਡ ਬਚਾਓ ਕਮੇਟੀ ਚੰਡੀਗੜ੍ਹ ਤੇ ਟੀਚਰ ਹੋਮ ਬਠਿੰਡਾ ਦੇ ਪ੍ਰਤੀਨਿਧੀ ਹਾਜ਼ਰ ਸਨ।
Leave a Reply