ਨਿਹੰਗ ਪੂਹਲਾ ਕਤਲ ਕੇਸ ਦੇ ਤਿੰਨ ਮੁਲਜ਼ਮ ਬਰੀ

ਅੰਮ੍ਰਿਤਸਰ: ਅਦਾਲਤ ਨੇ ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਨੂੰ ਜੇਲ੍ਹ ਵਿਚ ਤੇਲ ਪਾ ਕੇ ਸਾੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਤਿੰਨ ਵਿਅਕਤੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵੱਲੋਂ ਬਰੀ ਕੀਤੇ ਗਏ ਤਿੰਨ ਵਿਅਕਤੀਆਂ ਵਿਚ ਹਰਚੰਦ ਸਿੰਘ, ਨਵਤੇਜ ਸਿੰਘ ਤੇ ਹਰਪ੍ਰੀਤ ਸਿੰਘ ਸ਼ਾਮਲ ਹਨ।
ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਜੋ ਕਤਲ, ਅਗਵਾ ਤੇ ਜਬਰ ਜਨਾਹ ਆਦਿ ਦੇ ਦੋਸ਼ ਵਿਚ ਸਥਾਨਕ ਕੇਂਦਰੀ ਜੇਲ੍ਹ ਵਿਚ ਬੰਦ ਸੀ, ਨੂੰ 28 ਅਗਸਤ, 2008 ਵਿਚ ਜੇਲ੍ਹ ਵਿਚ ਹੀ ਡੀਜ਼ਲ ਪਾ ਕੇ ਸਾੜ ਕੇ ਮਾਰਨ ਦਾ ਯਤਨ ਕੀਤਾ ਗਿਆ ਸੀ। ਉਸ ਨੂੰ ਗੰਭੀਰ ਹਾਲਤ ਵਿਚ ਪੀæਜੀæਆਈæ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ ਸੀ। ਇਸ ਕੇਸ ਵਿਚ ਪਹਿਲਾਂ ਤੋਂ ਹੀ ਜੇਲ੍ਹ ਵਿਚ ਬੰਦ ਨਵਤੇਜ ਸਿੰਘ ਬੱਬੂਅ ਤੇ ਹਰਚੰਦ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਤੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਆਇਕ ਜਾਂਚ ਵੀ ਕਰਾਈ ਗਈ ਸੀ। ਪੁਲਿਸ ਜਾਂਚ ਦੌਰਾਨ ਦੋਸ਼ ਲਾਇਆ ਗਿਆ ਸੀ ਕਿ ਹਰਚੰਦ ਸਿੰਘ ਤੇ ਨਵਤੇਜ ਨੇ ਜੇਲ੍ਹ ਦੇ ਜੈਨਰੇਟਰ ਵਿਚੋਂ ਡੀਜ਼ਲ ਕੱਢ ਕੇ ਅਜੀਤ ਸਿੰਘ ਪੂਹਲਾ ‘ਤੇ ਪਾ ਕੇ ਉਸ ਨੂੰ ਸਾੜ ਦਿੱਤਾ ਸੀ। ਹਰਪ੍ਰੀਤ ਸਿੰਘ ‘ਤੇ ਜੈਨਰੇਟਰ ਵਿਚੋਂ ਤੇਲ ਕੱਢਣ ਦਾ ਦੋਸ਼ ਲਾਇਆ ਗਿਆ ਸੀ। ਅਦਾਲਤ ਵੱਲੋਂ ਇਸ ਮਾਮਲੇ ਵਿਚ 24 ਗਵਾਹਾਂ ਨੂੰ ਸੁਣਿਆ ਗਿਆ ਸੀ ਜਿਨ੍ਹਾਂ ਵਿਚੋਂ ਕਈ ਗਵਾਹ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਸਨ। ਵਕੀਲਾਂ ਵੱਲੋਂ ਅਦਾਲਤ ਵਿਚ ਇਹ ਦਲੀਲ ਰੱਖੀ ਗਈ ਸੀ ਕਿ ਅਜੀਤ ਸਿੰਘ ਪੂਹਲਾ ਪਹਿਲਾਂ ਹੀ ਕਈ ਮਾਮਲਿਆਂ ਵਿਚ ਕੇਸ ਭੁਗਤ ਰਿਹਾ ਸੀ ਜਿਸ ਕਾਰਨ ਉਸ ਦੀ ਮਾਨਸਿਕ ਦਸ਼ਾ ਠੀਕ ਨਹੀਂ ਸੀ। ਅਜਿਹੀ ਸਥਿਤੀ ਕਾਰਨ ਹੀ ਉਸ ਨੇ ਖੁਦ ਹੀ ਆਪਣੇ ਉਪਰ ਤੇਲ ਪਾ ਕੇ ਅੱਗ ਲਾ ਲਈ ਸੀ।
ਦੱਸਣਯੋਗ ਹੈ ਕਿ ਅਤਿਵਾਦ ਵੇਲੇ ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਨੂੰ ਪੁਲਿਸ ਵੱਲੋਂ 42 ਸੁਰੱਖਿਆ ਗਾਰਡ ਮਿਲੇ ਹੋਏ ਸਨ ਜਿਨ੍ਹਾਂ ਕੋਲ ਵੱਖ-ਵੱਖ ਕਿਸਮ ਦੇ ਅਤਿ-ਆਧੁਨਿਕ 77 ਹਥਿਆਰ ਹੁੰਦੇ ਸਨ। ਉਸ ਨੂੰ 13 ਮਈ, 2008 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਉਪਰ ਖਾਨਪੁਰ ਪਿੰਡ ਦੇ ਯੋਗਾ ਸਿੰਘ ਦੇ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਕਤਲ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਪੂਹਲਾ ਨੂੰ 2004 ਤੇ 2007 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਖ਼ਿਲਾਫ਼ ਵੱਡੀ ਗਿਣਤੀ ਵਿਚ ਕੇਸ ਦਰਜ ਸਨ।

Be the first to comment

Leave a Reply

Your email address will not be published.