-ਜਤਿੰਦਰ ਪਨੂੰ
ਰਾਜਸੀ ਹਾਲਾਤ ਦੇ ਵਿਸ਼ਲੇਸ਼ਕਾਂ ਲਈ ਸਭ ਤੋਂ ਔਖਾ ਕੰਮ ਚੋਣ-ਨਤੀਜੇ ਆਉਂਦੇ ਸਾਰ ਉਦੋਂ ਰਾਏ ਦੇਣ ਦਾ ਹੁੰਦਾ ਹੈ, ਜਦੋਂ ਹਾਲੇ ਸਥਿਤੀ ਵਿਚ ਟਿਕਾਅ ਨਾ ਆਇਆ ਹੋਵੇ ਤੇ ਰਾਜਸੀ ਤਸਵੀਰ ਪਲ-ਪਲ ਬਦਲਦੀ ਪਈ ਹੋਵੇ। ਜਦੋਂ ਇਹ ਲਿਖਤ ਲਿਖੀ ਜਾ ਰਹੀ ਹੈ, ਸਥਿਤੀ ਇਹੋ ਜਿਹੀ ਹੀ ਹੈ। ਦੇਸ਼ ਦੀ ਪਾਰਲੀਮੈਂਟ ਚੁਣੀ ਜਾ ਚੁੱਕੀ ਹੈ। ਨਤੀਜੇ ਏਦਾਂ ਦੇ ਆਏ ਹਨ, ਜਿਨ੍ਹਾਂ ਦਾ ਕਿਸੇ ਨੂੰ ਵੀ, ਜਿੱਤਣ ਵਾਲਿਆਂ ਨੂੰ ਵੀ, ਕਿਸੇ ਤਰ੍ਹਾਂ ਦਾ ਕੋਈ ਅਗਾਊਂ ਅੰਦਾਜ਼ਾ ਨਹੀਂ ਸੀ। ਸਾਰੇ ਗੇੜਾਂ ਦੀਆਂ ਵੋਟਾਂ ਪੈ ਚੁੱਕਣ ਮਗਰੋਂ ਜਿਹੜੇ ਐਗਜ਼ਿਟ ਪੋਲ ਲੋਕਾਂ ਦੇ ਸਾਹਮਣੇ ਆਏ ਸਨ, ਉਹ ਭਾਰਤੀ ਜਨਤਾ ਪਾਰਟੀ ਦੇ ਐਨ ਡੀ ਏ ਗੱਠਜੋੜ ਨੂੰ 249 ਸੀਟਾਂ ਤੋਂ ਸ਼ੁਰੂ ਕਰ ਕੇ 340 ਤੱਕ ਪੁਚਾ ਦਿੰਦੇ ਸਨ, ਤੇ ਇਹ ਗੱਠਜੋੜ 339 ਸੀਟਾਂ ਲੈ ਗਿਆ ਹੈ, ਪਰ ਭਾਜਪਾ ਆਪਣੇ ਸਿਰ ਬਹੁ-ਸੰਮਤੀ ਲੈ ਜਾਵੇਗੀ, ਇਹ ਦਾਅਵਾ ਕਿਸੇ ਇੱਕ ਨੇ ਵੀ ਨਹੀਂ ਸੀ ਕੀਤਾ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਗਏ ਨਰਿੰਦਰ ਮੋਦੀ ਨੇ ਵੀ ਇਹ ਕਿਹਾ ਸੀ ਕਿ ਉਸ ਦੀ ਅਗਵਾਈ ਹੇਠ ਪਾਰਟੀ 180 ਸੀਟਾਂ ਲੈ ਜਾਵੇਗੀ ਅਤੇ ਗੱਠਜੋੜ ਕੁੱਲ ਮਿਲਾ ਕੇ 300 ਦੀ ਹੱਦ ਪਾਰ ਕਰ ਸਕਦਾ ਹੈ। ਇਸ ਪਾਰਟੀ ਦੀ ਮਾਂ ਮੰਨੇ ਜਾਂਦੇ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਤਾਣਾ ਪਿੰਡ ਪੱਧਰ ਤੱਕ ਜਾਂਦਾ ਹੈ ਤੇ ਉਸ ਨੇ ਆਪਣਾ ਸਰਵੇਖਣ ਕਰਵਾਇਆ ਸੀ, ਜਿਹੜਾ ਭਾਜਪਾ ਨੂੰ ਲੋਕ ਸਭਾ ਦੀਆਂ 226 ਸੀਟਾਂ ਦਿੰਦਾ ਸੀ। ਲੋਕ ਸਭਾ ਵਿਚ ਬਹੁ-ਸੰਮਤੀ ਲਈ ਚਾਹੀਦੀਆਂ 272 ਤੋਂ ਵਧ ਕੇ ਭਾਜਪਾ ਆਪਣੇ ਸਿਰ 282 ਤੱਕ ਜਾ ਪਹੁੰਚੀ ਹੈ। ਸਾਫ ਹੈ ਕਿ ਇਸ ਨਾਲ ਉਸ ਪਾਰਟੀ, ਜਾਂ ਪਾਰਟੀ ਦੇ ਆਗੂ ਨਰਿੰਦਰ ਮੋਦੀ, ਦੀ ਕਿਸੇ ਵੀ ਹੋਰ ਉਤੇ ਨਿਰਭਰਤਾ ਦੀ ਗੱਲ ਖਤਮ ਹੋ ਗਈ ਹੈ। ਸਰਕਾਰ ਉਹ ਅਜੇ ਵੀ ਸਾਂਝੀ ਬਣਾਉਣਗੇ, ਪਰ ਕੋਈ ਮਜਬੂਰੀ ਦੀ ਸਥਿਤੀ ਉਨ੍ਹਾਂ ਦੇ ਸਾਹਮਣੇ ਨਹੀਂ ਹੋਵੇਗੀ ਤੇ ਭਾਈਵਾਲ ਰਾਜਸੀ ਧਿਰਾਂ ਵਾਲੇ ਰਾਮ ਵਿਲਾਸ ਪਾਸਵਾਨ ਤੋਂ ਉਧਵ ਠਾਕਰੇ ਅਤੇ ਪੰਜਾਬ ਦੇ ਅਕਾਲੀ ਭਾਈਆਂ ਤੱਕ ਸਾਰੇ ਜਣੇ ਉਸ ਪਾਰਟੀ ਦੇ ਪਿੱਛਲੱਗ ਜਿਹੇ ਬਣ ਕੇ ਚੱਲਣ ਨੂੰ ਮਜਬੂਰ ਹੋਣਗੇ।
ਜਦੋਂ ਇਹ ਨਤੀਜੇ ਆ ਰਹੇ ਸਨ, ਸਾਰਿਆਂ ਦਾ ਧਿਆਨ ਇਸ ਗੱਲ ਵੱਲ ਲੱਗਾ ਹੋਇਆ ਸੀ ਕਿ ਏਨੀ ਤਕੜੀ ਜਿੱਤ ਦੇ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਕੀ ਬੋਲਣਗੇ ਅਤੇ ਕੱਲ੍ਹ ਤੱਕ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਕੀ ਬੋਲੇਗੀ? ਉਨ੍ਹਾਂ ਦੋਵਾਂ ਨੇ ਇਸ ਜਿੱਤ ਲਈ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਅਡਵਾਨੀ ਨੇ ਵਧਾਈ ਦਿੱਤੀ, ਪਰ ਜਿੱਤ ਦਾ ਸਿਹਰਾ ਕਿਸੇ ਨੂੰ ਨਹੀਂ ਦਿੱਤਾ। ਇਸ ਪਿੱਛੋਂ ਬੀਬੀ ਸੁਸ਼ਮਾ ਦੀ ਵਾਰੀ ਸੀ, ਜਿਸ ਨੂੰ ਸਾਰੀ ਚੋਣ ਮੁਹਿੰਮ ਵਿਚ ਖੂੰਜੇ ਬਿਠਾ ਦਿੱਤਾ ਗਿਆ ਸੀ। ਉਸ ਨੇ ਵਧਾਈ ਦੇਣ ਵੇਲੇ ਇਹ ਵੀ ਕਹਿ ਦਿੱਤਾ ਕਿ ਜਿੱਤ ਦਾ ਸਿਹਰਾ ਸਮੁੱਚੀ ਪਾਰਟੀ ਨੂੰ ਜਾਂਦਾ ਹੈ। ਜਿਨ੍ਹਾਂ ਲੋਕਾਂ ਨੇ ਜਿੱਤਣ ਮਗਰੋਂ ਵਡੋਦਰਾ ਵਿਚ ਦਿੱਤਾ ਗਿਆ ਨਰਿੰਦਰ ਮੋਦੀ ਦਾ ਭਾਸ਼ਣ ਸੁਣਿਆ ਹੈ, ਉਹ ਇਸ ਤਰ੍ਹਾਂ ਨਹੀਂ ਸੋਚ ਸਕਦੇ। ਇਸ ਮਿਸਾਲੀ ਜਿੱਤ ਦਾ ਸਿਹਰਾ ਨਾ ਭਾਜਪਾ ਨੂੰ ਜਾਂਦਾ ਹੈ, ਨਾ ਇਸ ਜਿੱਤ ਦੇ ਅਗਵਾਨੂੰ ਬਣੇ ਨਰਿੰਦਰ ਮੋਦੀ ਨੇ ਆਪਣੇ ਸਿਵਾ ਕਿਸੇ ਹੋਰ ਨੂੰ ਲੈਣ ਦੇਣਾ ਹੈ। ਮੋਦੀ ਨੂੰ ਜਿੱਤ ਦਾ ਵੀ ਪਤਾ ਹੈ, ਜਿੱਤ ਦੇ ਸਿਹਰੇ ਦਾ ਵੀ ਅਤੇ ਪਾਰਟੀ ਦੇ ਸਿਰ ਸਿਹਰਾ ਬੰਨ੍ਹਣ ਦੇ ਬਹਾਨੇ ਆਪਣੇ ਸਿਰ ਸਿਹਰਾ ਲੈਣ ਦੇ ਚਾਹਵਾਨਾਂ ਬਾਰੇ ਵੀ ਉਹ ਅਣਜਾਣ ਨਹੀਂ ਹੈ।
ਇੱਕ ਸਵਾਲ ਇਸ ਚੋਣ ਨਤੀਜੇ ਦੇ ਨਾਲ ਇਹ ਪੁੱਛਿਆ ਜਾਣ ਲੱਗ ਪਿਆ ਕਿ ਆਖਰ ਇਸ ਚੋਣ ਵਿਚ ਮੁੱਖ ਮੁੱਦੇ ਕੀ ਸਨ? ਸੱਚੀ ਗੱਲ ਇਹ ਮੰਨ ਲੈਣੀ ਚਾਹੀਦੀ ਹੈ ਕਿ ਮੁੱਦਾ ਹੀ ਕੋਈ ਨਹੀਂ ਸੀ ਬਣ ਸਕਿਆ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਸਨ ਤੇ ਇਹੋ ਸਵਾਲ ਉਥੇ ਲਾਲੂ ਪ੍ਰਸਾਦ ਨੂੰ ਪੁੱਛਿਆ ਗਿਆ ਸੀ ਕਿ ਮੁੱਦਾ ਕੀ ਹੈ? ਲਾਲੂ ਨੇ ਕਿਹਾ ਸੀ, ‘ਮੁੱਦਾ ਤੋ ਹਮ ਹੈਂ, ਕੁਛ ਲੋਗ ਹਮੇ ਹਰਾਨੇ ਕੇ ਲੀਏ ਲੜ ਰਹੇ ਹੈਂ, ਕੁਛ ਲੋਗ ਹਮੇਂ ਜਿਤਾਨੇ ਕੇ ਲੀਏ ਹਮਾਰਾ ਸਾਥ ਦੇ ਰਹੇ ਹੈਂ।’ ਜਦੋਂ ਲਾਲੂ ਹੀ ਮੁੱਦਾ ਬਣ ਗਿਆ ਤਾਂ ਬਿਹਾਰ ਦੀ ਉਹ ਚੋਣ ਲਾਲੂ ਦੀ ਪਾਰਟੀ ਜਿੱਤ ਗਈ ਸੀ। ਇਸ ਵਾਰੀ ਮੁੱਦਾ ਸਿਰਫ ਨਰਿੰਦਰ ਮੋਦੀ ਸੀ। ਚੋਣਾਂ ਦੇ ਅੰਤਲੇ ਦੌਰ ਵਿਚ ਉਸ ਨੇ ਆਪਣੇ ਭਾਸ਼ਣਾਂ ਵਿਚ ਕਹਿਣਾ ਸ਼ੁਰੂ ਕਰ ਦਿੱਤਾ ਸੀ, ‘ਮੈਂ ਕਹਿਤਾ ਹੂੰ ਕਿ ਭ੍ਰਿਸ਼ਟਾਚਾਰ ਰੋਕਨਾ ਹੈ ਔਰ ਵੋ ਕਹਿਤੇ ਹੈਂ ਕਿ ਮੋਦੀ ਕੋ ਰੋਕਨਾ ਹੈ।’ ਇਸ ਤਰ੍ਹਾਂ ਉਸ ਨੇ ਖੁਦ ਇਸ ਚੋਣ ਨੂੰ ਆਪਣੇ ਦੁਆਲੇ ਘੁੰਮਣ ਵਾਲੀ ਬਣਾ ਦਿੱਤਾ ਸੀ ਤੇ ਪਾਰਟੀ ਦੇ ਪੁਰਾਣੇ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ ਜਾਂ ਹਰ ਹੋਰ ਲੀਡਰ ਨੂੰ ਚੋਣ ਮੁਹਿੰਮ ਤੋਂ ਪਾਸੇ ਕਰ ਕੇ ਬਿਠਾ ਦਿੱਤਾ ਗਿਆ ਸੀ। ਰਾਜਨੀਤੀ ਵਿਚ ਮੋਦੀ ਦਾ ਇਹ ਬੜਾ ਚੁਸਤ ਪੈਂਤੜਾ ਸੀ।
ਸੌ ਮੁੱਦਿਆਂ ਦਾ ਮੁੱਦਾ ਨਰਿੰਦਰ ਮੋਦੀ ਬਣ ਜਾਣ ਪਿੱਛੇ ਜਿਹੜੇ ਕਈ ਕਾਰਨ ਸਨ, ਉਨ੍ਹਾਂ ਵਿਚੋਂ ਇੱਕ ਕਾਰਨ ਕੇਂਦਰ ਵਿਚ ਰਾਜ ਕਰਦੀ ਪਾਰਟੀ ਦੀ ਅਗਵਾਈ ਕਰਦੇ ਮਾਂ-ਪੁੱਤਰ ਦਾ ਹਾਲ ਚਾਲੀ ਸਾਲ ਪਹਿਲਾਂ ਜੁੰਡੀ ਦੀ ਜਕੜ ਵਿਚ ਫਸੇ ਹੋਏ ਮਾਂ-ਪੁੱਤਰ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਵਾਲਾ ਬਣ ਜਾਣਾ ਸੀ। ਹਰ ਪੁੱਠਾ ਕੰਮ ਉਹ ਜੁੰਡੀ ਇੰਦਰਾ ਤੇ ਸੰਜੇ ਗਾਂਧੀ ਤੋਂ ਕਰਵਾ ਕੇ ਉਨ੍ਹਾਂ ਨੂੰ ਫਸਾਈ ਗਈ ਤੇ ਉਹ ਦੋਵੇਂ ਹਵਾ ਵਿਚ ਉਡਦੇ ਰਹੇ ਸਨ। ਕਿਸੇ ਨੇ ‘ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ’ ਦਾ ਨਾਹਰਾ ਲਾ ਦਿੱਤਾ, ਮਾਂ-ਪੁੱਤਰ ਉਦੋਂ ਵੀ ਖੁਸ਼ ਹੋ ਗਏ। ਜਦੋਂ ਇੰਦਰਾ ਗਾਂਧੀ ਤੋਂ ਕਈ ਸਾਲ ਵੱਡੇ ਕਾਂਗਰਸ ਪ੍ਰਧਾਨ ਨੇ ਇੱਕ ਜਲਸੇ ਵਿਚ ਇੰਦਰਾ ਗਾਂਧੀ ਨੂੰ ‘ਇੰਦਰਾ ਅੰਮਾ’ ਆਖ ਦਿੱਤਾ ਤਾਂ ਇਸ ਚਾਪਲੂਸੀ ਨਾਲ ਵੀ ਉਹ ਫੁੱਲ ਕੇ ਕੁੱਪਾ ਹੋ ਗਏ ਸਨ। ਹੁਣ ਵੀ ਇਹੋ ਜਿਹੇ ਚਮਚੇ ਸੋਨੀਆ ਤੇ ਰਾਹੁਲ ਦੇ ਦੁਆਲੇ ਆਣ ਜੁੜੇ ਸਨ। ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਦੇ ਘਰ ਜਦੋਂ ਪੁੱਤਰ ਹੋਇਆ ਤਾਂ ਇਨ੍ਹਾਂ ਦੇ ਘਰ ਅੱਗੇ ਬੈਂਡ-ਵਾਜੇ ਵਜਾ ਕੇ ਨੱਚਣ ਵਾਲੇ ਕਾਂਗਰਸੀ, ਯੂਥ ਕਾਂਗਰਸੀ ਵੀ ਤੇ ਕਰੜ-ਬਰੜੀ ਉਮਰ ਵਾਲੇ ਵੀ, ਇਹ ਗਾਈ ਜਾ ਰਹੇ ਸਨ, ‘ਆਹਾ ਮੈਂ ਤੋਂ ਮਾਮਾ ਬਨ ਗਇਆ।’ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਆਪਣੇ ਪੁੱਤਰ ਨੂੰ ਇਹ ਨਹੀਂ ਸੀ ਸਮਝਾ ਸਕੀ ਕਿ ‘ਮਾਮਾ’ ਬਣੇ ਫਿਰਦੇ ਚਮਚਿਆਂ ਦੀ ਧਾੜ ਲਿੱਬੜੀਆਂ ਪਲੇਟਾਂ ਨਾਲ ਰਹਿੰਦੀ ਹੈ, ਜਦੋਂ ਮੇਜ਼ ਮੂਧਾ ਹੋ ਗਿਆ, ਸੰਜੇ ਗਾਂਧੀ ਦੇ ਸਾਥੀਆਂ ਵਾਂਗ ਇਹ ਭਾਜਪਾ ਵਾਲਿਆਂ ਦੇ ਮਾਮੇ ਬਣਨ ਚਲੇ ਜਾਣਗੇ। ਬਾਕੀ ਲੋਕਾਂ ਤਾਂ ਜਾਣਾ ਹੀ ਹੈ, ਸੋਨੀਆ ਗਾਂਧੀ ਨੂੰ ਆਪਣੇ ਜਵਾਈ ਰਾਬਰਟ ਵਾਡਰਾ ਦੀ ਮੋਦੀ ਦੇ ਸਭ ਤੋਂ ਨੇੜਲੇ ਸਨਅਤਕਾਰ ਅਡਾਨੀ ਨਾਲ ਸਾਂਝ ਤੇ ਇਸ ਦੇ ਓਹਲੇ ਮੋਦੀ ਨਾਲ ਸਾਂਝ ਬਾਰੇ ਵੀ ਪਤਾ ਨਹੀਂ ਲੱਗ ਸਕਿਆ। ਰਾਹੁਲ ਗਾਂਧੀ ਰੈਲੀਆਂ ਵਿਚ ਅਡਾਨੀ ਅਤੇ ਮੋਦੀ ਨੂੰ ਇਕੱਠੇ ਰੱਖ ਕੇ ਨਿਸ਼ਾਨਾ ਲਾ ਰਿਹਾ ਸੀ ਤੇ ਲੋਕ ਅਡਾਨੀ ਨਾਲ ਉਸ ਦੇ ਜੀਜੇ ਰਾਬਰਟ ਵਾਡਰਾ ਦੀਆਂ ਤਸਵੀਰਾਂ ਵੇਖ ਕੇ ਹੱਸਦੇ ਸਨ। ਸੋਨੀਆ ਗਾਂਧੀ ਨੂੰ ਇਹ ਵੀ ਪਤਾ ਨਾ ਲੱਗ ਸਕਿਆ ਕਿ ਉਸ ਦੇ ਰਿਮੋਟ ਦੇ ਸੈਲ ਕੰਮ ਕਰਨੋਂ ਹਟ ਗਏ ਹਨ ਤੇ ਉਸ ਦਾ ਬਣਾਇਆ ਪ੍ਰਧਾਨ ਮੰਤਰੀ ਪਿਛਲੇ ਸਾਲ ਤੋਂ ਕਿਸੇ ਹੋਰ ਫਰੀਕੁਐਂਸੀ ਦੇ ਮੁਤਾਬਕ ਚੱਲਣ ਲੱਗ ਪਿਆ ਹੈ। ਮਾਂ-ਪੁੱਤਰ ਦੀਆਂ ਇਹੋ ਭੁੱਲਾਂ ਇਸ ਪਾਰਟੀ ਨੂੰ ਲੈ ਬੈਠੀਆਂ ਹਨ।
ਦੂਸਰਾ ਕਾਰਨ ਇਹ ਸੀ ਕਿ ਜਦੋਂ ਤੋਂ ਨਰਿੰਦਰ ਮੋਦੀ ਨੇ ਗੁਜਰਾਤ ਦਾ ਰਾਜ ਸਾਂਭਿਆ ਸੀ ਤੇ ਜਿਹੜੇ ਹਾਲਾਤ ਵਿਚੋਂ ਉਹ ਰਾਜ ਲੰਘ ਰਿਹਾ ਸੀ, ਉਸ ਦੀ ਸੈਕੂਲਰ ਧਿਰਾਂ ਵਾਲੇ ਨੁਕਤਾਚੀਨੀ ਕਰਦੇ ਸਨ, ਪਰ ਆਰ ਐਸ ਐਸ ਦੀ ਲੀਡਰਸ਼ਿਪ ਇਸ ਨੂੰ ‘ਹਿੰਦੂਤਵ ਦੀ ਪ੍ਰਯੋਗਸ਼ਾਲਾ’ ਕਹਿੰਦੀ ਸੀ। ਉਸ ‘ਪ੍ਰਯੋਗਸ਼ਾਲਾ’ ਵਿਚ ਸਿਰਫ ਇੱਕ ਭਾਈਚਾਰੇ ਦੀ ਚੜ੍ਹਤ ਦੀ ਰਾਜਨੀਤੀ ਚੱਲਦੀ ਸੀ ਤੇ ਬਾਕੀਆਂ ਨੇ ਹੌਲੀ-ਹੌਲੀ ਅਮਲ ਵਿਚ ਆਪਣੇ ਆਪ ਨੂੰ ਰਾਜਸੀ ਤੇ ਸਮਾਜੀ ਸਥਿਤੀ ਮੁਤਾਬਕ ਢਾਲਣਾ ਸ਼ੁਰੂ ਕਰ ਦਿੱਤਾ ਸੀ। ਭਾਜਪਾ ਦੇ ਲੀਡਰ ਕੌਮੀ ਪੱਧਰ ਦੀਆਂ ਬਹਿਸਾਂ ਵਿਚ ਵਿਕਾਸ ਦੇ ਮੁੱਦੇ ਦੀ ਚਰਚਾ ਕਰਦੇ ਸਨ, ਪਰ ਜਦੋਂ ਕਦੀ ਉਨ੍ਹਾਂ ਦੇ ਆਪਣੇ ਮੁੱਦਿਆਂ ਦੀ ਗੱਲ ਛੇੜੀ ਜਾਂਦੀ ਤੇ ਉਨ੍ਹਾਂ ਮੁੱਦਿਆਂ ਨੂੰ ਫਿਰਕੂ ਕਿਹਾ ਜਾਂਦਾ ਸੀ, ਉਹ ਇਸ ਤੋਂ ਭੱਜਦੇ ਨਹੀਂ ਸਨ, ਸਿੱਧਾ ਕਹਿ ਦਿੰਦੇ ਸਨ ਕਿ ਜਿਸ ਦਿਨ ਸਾਡੀ ਆਪਣੇ ਸਿਰ ਬਹੁ-ਸੰਮਤੀ ਆਵੇਗੀ, ਉਸ ਦਿਨ ਇਹ ਵੀ ਲਾਗੂ ਕਰ ਦਿਆਂਗੇ। ਸਾਫ ਹੈ ਕਿ ਇਹੋ ਜਿਹੇ ਮੁੱਦਿਆਂ ਨੂੰ ਅੰਦਰੋ-ਅੰਦਰ ਉਹ ਪ੍ਰਚਾਰਦੇ ਵੀ ਪਏ ਸਨ ਤੇ ਇਨ੍ਹਾਂ ਦੇ ਲਾਗੂ ਕਰਨ ਵਾਲਾ ਰਾਜਸੀ ਮੈਦਾਨ ਤਿਆਰ ਕਰਨ ਲਈ ਚੇਤੰਨ ਸਰਗਰਮੀ ਵੀ ਕਰ ਰਹੇ ਸਨ, ਜਿਹੜੀ ਦੂਸਰੀਆਂ ਰਾਜਸੀ ਧਿਰਾਂ ਨੂੰ ਦਿੱਸਦੀ ਨਹੀਂ ਸੀ।
ਇਹ ਸਿਰਫ ਦੋ ਧਿਰਾਂ ਨੂੰ ਦਿੱਸੀ ਸੀ, ਇੱਕ ਬਿਹਾਰ ਦੇ ਨਿਤੀਸ਼ ਕੁਮਾਰ ਤੇ ਸ਼ਰਦ ਯਾਦਵ ਨੂੰ ਤੇ ਰਾਜਸੀ ਪੱਖ ਤੋਂ ਦੂਸਰੀ ਧਿਰ ਕਮਿਊਨਿਸਟਾਂ ਨੂੰ, ਪਰ ਦੋਵਾਂ ਵਿਚ ਇੱਕ ਫਰਕ ਸੀ। ਨਿਤੀਸ਼ ਕੁਮਾਰ ਲੜਾਈ ਲੜਨ ਲਈ ਮੈਦਾਨ ਵਿਚ ਸੀ, ਕਮਿਊਨਿਸਟ ਮਤੇ ਪਾਸ ਕਰਨ ਤੱਕ ਸੀਮਤ ਹੋ ਗਏ ਸਨ। ਜਿਸ ਦਿਨ ਸੂਰਜ ਗ੍ਰਹਿਣ ਲੱਗਣਾ ਸੀ, ਬਿਹਾਰ ਵਿਚ ਨਿਤੀਸ਼ ਦੇ ਮੰਤਰੀਆਂ ਵਿਚੋਂ ਭਾਜਪਾ ਵਾਲੇ ਸੂਰਜ-ਪ੍ਰਣਾਮ ਕਰਨ ਚਲੇ ਗਏ ਸਨ, ਪਰ ਨਿਤੀਸ਼ ਆਪ ਤਾਰੇਗਨਾ ਪਿੰਡ ਵਿਚ ਸੰਸਾਰ ਭਰ ਤੋਂ ਆਏ ਵਿਗਿਆਨੀਆਂ ਦੇ ਨਾਲ ਖੜਾ ਦੂਰਬੀਨ ਨਾਲ ਸੂਰਜ ਵੱਲ ਝਾਕ ਰਿਹਾ ਸੀ। ਦੇਸ਼ ਦੇ ਭਵਿੱਖ ਦੇ ਫੈਸਲੇ ਦੀ ਘੜੀ ਨਿਤੀਸ਼ ਕੁਮਾਰ ਭਾਜਪਾ ਵਿਰੋਧੀ ਮੋਰਚੇ ਦਾ ਨੇਤਾ ਨਹੀਂ ਬਣ ਸਕਿਆ ਤੇ ਮੁਲਾਇਮ ਸਿੰਘ ਵਰਗਿਆਂ ਦਾ ਵਜ਼ਨ ਵੱਧ ਗਿਣਿਆ ਜਾਂਦਾ ਰਿਹਾ, ਜਿਸ ਨੂੰ ਮਾਇਆਵਤੀ ਦੀ ਥਾਂ ਯੂ ਪੀ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਤਾਂ ਕਈ ਦਿਨ ਉਹ ਵਾਜਪਾਈ ਤੇ ਭਾਜਪਾ ਦੀਆਂ ਸਿਫਤਾਂ ਕਰਨੋਂ ਹੀ ਨਹੀਂ ਸੀ ਹਟਿਆ।
ਹੁਣ ਜਦੋਂ ਭਾਰਤੀ ਜਨਤਾ ਪਾਰਟੀ ਆਪਣੇ ਸਿਰ ਬਹੁ-ਗਿਣਤੀ ਲੈ ਗਈ ਹੈ ਅਤੇ ਭਾਈਵਾਲਾਂ ਦੀ ਮਦਦ ਦੀ ਮੁਥਾਜ ਵੀ ਨਹੀਂ ਰਹੀ, ਇਹ ਸਵਾਲ ਖੜਾ ਹੋ ਗਿਆ ਹੈ ਕਿ ਕੀ ਇਹ ਆਪਣੇ ਏਜੰਡੇ ਦੇ ਉਹ ਮੁੱਦੇ ਲਾਗੂ ਕਰਨ ਵੱਲ ਮੂੰਹ ਕਰ ਲਵੇਗੀ, ਜਿਹੜੇ ਬਹੁ-ਸੰਮਤੀ ਆਉਣ ਤੱਕ ਪਿੱਛੇ ਪਾ ਰੱਖੇ ਸਨ? ਇਸ ਦੌਰਾਨ ਇਸ ਦੇ ਆਰ ਐਸ ਐਸ ਨਾਲ ਸਬੰਧਾਂ ਦਾ ਸਵਾਲ ਪੈਦਾ ਹੋਣ ਲੱਗ ਪਿਆ ਹੈ। ਆਰ ਐਸ ਐਸ ਸੰਗਠਨ ਹੈ, ਜਿੱਥੇ ਵਿਅਕਤੀ ਤੇ ਸੰਗਠਨ ਦੇ ਤੋਲ-ਤੁਲਾਵੇ ਵਿਚ ਵਿਅਕਤੀ ਕਿੱਡਾ ਵੀ ਵੱਡਾ ਹੋਵੇ, ਵੱਧ ਅਹਿਮੀਅਤ ਸੰਗਠਨ ਨੂੰ ਦੇਣ ਦੀ ਧਾਰਨਾ ਸੀ ਤੇ ਪਿਛਲੇ ਸਾਲ ਤੋਂ ਉਹ ਧਾਰਨਾ ਨਹੀਂ ਰਹੀ। ‘ਵਿਅਕਤੀ’ ਜਦੋਂ ਵੱਡਾ ਹੋਇਆ ਤਾਂ ਉਸ ਨੇ ਸੰਗਠਨ ਨੂੰ ਆਪਣੀ ਕਹੀ ਗੱਲ ਮੰਨਣ ਨੂੰ ਮਜਬੂਰ ਕਰ ਦਿੱਤਾ ਸੀ ਤੇ ਇਸ ਦੇ ਨਤੀਜੇ ਵਜੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਿਚ ਸੰਘ ਦੇ ਪ੍ਰਤੀਨਿਧ ਸੰਜੇ ਜੋਸ਼ੀ ਨੂੰ ਟਿੰਡ-ਫਹੁੜੀ ਚੁੱਕ ਕੇ ਜਾਣਾ ਪਿਆ ਸੀ। ਹੁਣ ਜਦੋਂ ਨਤੀਜੇ ਆਏ ਹਨ ਤਾਂ ਨਾਲ ਇਹ ਖਬਰ ਆ ਗਈ ਹੈ ਕਿ ਨਰਿੰਦਰ ਮੋਦੀ ਨੂੰ ਸੰਘ ਦਾ ਰਾਜਸੀ ਮਾਮਲਿਆਂ ਵਿਚ ਪੈਰ-ਪੈਰ ਉਤੇ ਦਖਲ ਚੰਗਾ ਨਹੀਂ ਲੱਗਾ ਤੇ ਜਦੋਂ ਉਸ ਨੇ ਇਸ ਦਾ ਸੰਕੇਤ ਭੇਜਿਆ ਤਾਂ ਅੱਗੋਂ ਸੰਘ ਨੇ ਕਹਿ ਦਿੱਤਾ ਕਿ ਵਿਚੋਲਿਆਂ ਦੀ ਲੋੜ ਨਹੀਂ, ਨਰਿੰਦਰ ਮੋਦੀ ਸਿੱਧੀ ਗੱਲ ਕਰੇ। ਜਿਸ ਗੁਜਰਾਤ ਨੂੰ ਸੰਘ ਨੇ ਹਿੰਦੂਤਵ ਦੀ ਪ੍ਰਯੋਗਸ਼ਾਲਾ ਕਿਹਾ ਸੀ, ਉਸ ਵਿਚ ਮੋਦੀ ਨੇ ਸੰਘ ਵਲੋਂ ਦਖਲ ਦੀ ਗੁੰਜਾਇਸ਼ ਨਹੀਂ ਸੀ ਛੱਡੀ ਤੇ ਇਹ ਸਥਿਤੀ ਹੁਣ ਉਹ ਕੇਂਦਰ ਵਿਚ ਵੀ ਬਣਾਉਣ ਦਾ ਯਤਨ ਕਰ ਸਕਦਾ ਹੈ।
ਨਤੀਜੇ ਚੰਗੇ ਕਹੋ ਜਾਂ ਮਾੜੇ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਇੱਕ ਪਾਰਟੀ ਜਾਂ ਵਿਚਾਰਧਾਰਾ ਦਾ ਆਗੂ ਨਹੀਂ, ਇਸ ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਦਾ ਆਗੂ ਵੀ ਹੋਣਾ ਹੈ। ਸਾਰੇ ਦੇਸ਼ ਵਿਚ ਜਦੋਂ ਇੱਕ ਵੀ ਆਧਾਰ ਰੱਖਦੀ ਪਾਰਟੀ ਉਸ ਨਾਲ ਅੱਖ ਵਿਚ ਅੱਖ ਪਾ ਕੇ ਗੱਲ ਕਰਨ ਵਾਲੀ ਨਹੀਂ ਦਿੱਸਦੀ, ਉਦੋਂ ਨਵੀਂ ਰਾਜਸੀ ਧਿਰ ਬਣ ਕੇ ਆਮ ਆਦਮੀ ਪਾਰਟੀ ਉਭਰੀ ਹੈ। ਇਸ ਨੇ ਉਹ ਮੁੱਦੇ ਚੁੱਕੇ ਹਨ, ਜਿਹੜੇ ਅੱਜ ਤੋਂ ਤੀਹ ਸਾਲ ਪਹਿਲਾਂ ਤੱਕ ਕਮਿਊਨਿਸਟ ਚੁੱਕਿਆ ਕਰਦੇ ਸਨ। ਦਿੱਲੀ ਦੇ ਮੁੱਖ ਮੰਤਰੀ ਵਜੋਂ ਪਹਿਲੀ ਤਕਰੀਰ ਵਿਚ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਉਚੇਚ ਨਾਲ ਕਹੀ ਸੀ ਕਿ ਗੈਸ ਦਾ ਮੁੱਦਾ ਪੰਜ ਸੌ ਤਿਰਤਾਲੀ ਮੈਂਬਰਾਂ ਵਾਲੀ ਲੋਕ ਸਭਾ ਅੰਦਰ ਸਿਰਫ ਕਾਮਰੇਡ ਗੁਰੂਦਾਸ ਦਾਸਗੁਪਤਾ ਨੇ ਚੁੱਕਿਆ, ਹੋਰ ਕਿਸੇ ਨੇ ਕਿਉਂ ਨਾ ਚੁੱਕਿਆ? ਅਰਵਿੰਦ ਕਮਿਊਨਿਸਟ ਨਹੀਂ ਹੈ, ਪਰ ਜਿਸ ਸਿਰੜ ਨਾਲ ਤੁਰਿਆ ਹੈ, ਉਹ ਕਦੀ ਕਮਿਊਨਿਸਟਾਂ ਵਿਚ ਵੇਖਿਆ ਜਾਂਦਾ ਸੀ। ਜਾਤੀਵਾਦ ਦੀ ਰਾਜਸੀ ਖੇਡ ਨੂੰ ਉਸ ਪਾਰਟੀ ਨੇ ਕਈ ਥਾਂ ਖੋਰਾ ਲਾਇਆ ਤੇ ਭਾਵੇਂ ਬਾਕੀ ਸਾਰੇ ਭਾਰਤ ਵਿਚ ਉਸ ਦੇ ਪੱਲੇ ਕੁਝ ਵੀ ਨਹੀਂ ਪਿਆ, ਸਾਡੇ ਪੰਜਾਬ ਵਿਚ ਤੇਰਾਂ ਵਿਚੋਂ ਚਾਰ ਸੀਟਾਂ ਉਸ ਦਾ ਜਿੱਤ ਜਾਣਾ ਖਾਸ ਅਰਥ ਰੱਖਦਾ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਹੋਂਦ ਵਿਖਾਈ ਹੈ, ਉਸ ਦਾ ਅਹਿਸਾਸ ਹਾਕਮ ਧਿਰ ਨੂੰ ਵੀ ਹੋ ਗਿਆ ਹੋਵੇਗਾ ਤੇ ਵਿਰੋਧ ਦੀ ਮੁੱਖ ਧਿਰ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵੀ। ਸੰਗਰੂਰ ਤੋਂ ਭਗਵੰਤ ਮਾਨ ਦੀ ਜਿੱਤ ਦਾ ਫਰਕ ਪੰਜਾਬ ਵਿਚ ਸਭ ਤੋਂ ਵੱਡਾ ਹੈ। ਦੂਸਰੀ ਵੱਡੀ ਜਿੱਤ ਵੀ ਫਰੀਦਕੋਟ ਸੀਟ ਤੋਂ ਆਮ ਆਦਮੀ ਪਾਰਟੀ ਦੀ ਹੋਈ ਹੈ। ਚਾਰ ਸੀਟਾਂ ਜਿੱਤ ਕੇ ਇਹ ਪਾਰਟੀ ਦੋ ਹੋਰ ਸੀਟਾਂ ਤੋਂ ਚਾਲੀ ਤੇ ਵੀਹ ਹਜ਼ਾਰ ਦੇ ਫਰਕ ਨਾਲ ਹਾਰੀ ਅਤੇ ਦੋ ਹੋਰ ਸੀਟਾਂ ਤੋਂ ਉਨ੍ਹਾਂ ਦੀਆਂ ਵੋਟਾਂ ਦੋ ਲੱਖ ਤੋਂ ਵੱਧ ਹਨ, ਜਦ ਕਿ ਕਾਂਗਰਸ ਨੇ ਅਮਰਿੰਦਰ ਸਿੰਘ ਦੇ ਇੱਕ ਲੱਖ ਦੇ ਫਰਕ ਤੋਂ ਬਿਨਾਂ ਬਾਕੀ ਦੋਵੇਂ ਸੀਟਾਂ ਜ਼ੋਰ ਲਾ ਕੇ ਜਿੱਤੀਆਂ ਹਨ। ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਭਾਜਪਾ ਦੇ ਵਿਨੋਦ ਖੰਨਾ ਦੀਆਂ ਇੱਕ ਲੱਖ ਦੇ ਫਰਕ ਵਾਲੀਆਂ ਨੂੰ ਛੱਡ ਦੇਣ ਦੇ ਬਾਅਦ ਬਾਕੀ ਸੀਟਾਂ ਇਹ ਗੱਠਜੋੜ ਵੀ ਪੈਂਤੀ ਹਜ਼ਾਰ ਤੋਂ ਘੱਟ ਦੇ ਫਰਕ ਨਾਲ ਜਿੱਤ ਸਕਿਆ ਹੈ। ਜਦੋਂ ਦੇਸ਼ ਭਰ ਦੇ ਨਤੀਜੇ ਕਈ ਤਰ੍ਹਾਂ ਦੇ ਵਿਸਵਿਸੇ ਪੈਦਾ ਕਰਨ ਵਾਲੇ ਕਹੇ ਜਾ ਸਕਦੇ ਹਨ, ਉਦੋਂ ਪੰਜਾਬ ਦੇ ਲੋਕ ਇਹ ਸੋਚ ਕੇ ਤਸੱਲੀ ਕਰ ਸਕਦੇ ਹਨ ਕਿ ਹੁਣ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਹਕੀਕੀ ਚੁਣੌਤੀ ਦੇਣ ਵਾਲੀ ਕੋਈ ਨਵੀਂ ਰਾਜਸੀ ਧਿਰ ਵੀ ਉਠਣ ਲੱਗੀ ਹੈ।
ਫਿਰ ਵੀ ਇਹ ਸਾਰਾ ਕੁਝ ਉਹ ਹੈ, ਜਿਹੜਾ ਨਤੀਜੇ ਆਉਣ ਮਗਰੋਂ ਦੇ ਫੌਰੀ ਪ੍ਰਭਾਵ ਵਾਲਾ ਹੈ, ਅਗਲੇ ਦਿਨਾਂ ਵਿਚ ਸਹੀ ਤਸਵੀਰ ਕੇਂਦਰ ਦੀ ਸਰਕਾਰ ਬਣਨ ਤੇ ਹੋਰ ਪੱਖ ਨਿੱਖਰਨ ਤੋਂ ਬਾਅਦ ਹੀ ਸਮਝੀ ਜਾ ਸਕਦੀ ਹੈ।
Leave a Reply