ਚਰਚਾ ਸ਼ਖਸੀਅਤਾਂ ਬਾਰੇ ਨਹੀਂ, ਰਚਨਾ ਬਾਰੇ ਹੋਵੇ

ਪਿਛਲੇ ਦਿਨਾਂ ਤੋਂ ‘ਪੰਜਾਬ ਟਾਈਮਜ਼’ ਵਿਚ ਹਰਿੰਦਰ ਸਿੰਘ ਮਹਿਬੂਬ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਇੰਜ ਲੱਗਦਾ ਹੈ ਕਿ ਮਹਿਬੂਬ ਦੀ ਸ਼ਾਇਰੀ ਬਾਰੇ ਘੱਟ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਜ਼ਿਆਦਾ ਲਿਖਿਆ ਜਾ ਰਿਹਾ ਹੈ ਜਦੋਂਕਿ ਚਰਚਾ ਉਸ ਦੀਆਂ ਲਿਖਤਾਂ ਬਾਰੇ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਨਾਲ ਮਹਿਬੂਬ ਨੂੰ ਜ਼ਿਆਦਾ ਜਾਣਿਆ ਜਾ ਸਕੇਗਾ। ਪਿਛਲੇ ਦਿਨੀਂ ਡਾæ ਗੁਰਤਰਨ ਸਿੰਘ ਨੇ ਲਿਖਿਆ ਕਿ ਮਹਿਬੂਬ ਨੂੰ ਸਮਝਣ ਲਈ ਪਹਿਲਾਂ ਕੌਮਾਂਤਰੀ ਪੱਧਰ ਦਾ ਹੋਰ ਸਾਹਿਤ ਪੜ੍ਹਨਾ ਚਾਹੀਦਾ ਹੈ; ਹੁਣ ਸਵਾਲ ਉਠਦਾ ਹੈ ਕਿ ਲੇਖਕ ਆਪਣੇ ਲੋਕਾਂ ਲਈ ਆਪਣੀ ਬੋਲੀ ‘ਚ ਲਿਖਦਾ ਹੈ, ਜੇ ਉਸ ਦਾ ਲਿਖਿਆ ਉਸ ਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦਾ ਤਾਂ ਇਸ ਦਾ ਕੀ ਮਤਲਬ ਹੋਇਆ? ਇਸ ਸੂਰਤ ਵਿਚ ਸਾਹਿਤ ਜਿਸ ਨੂੰ ਭਾਵੇਂ ਕੋਈ ਕੌਮਾਂਤਰੀ ਪੱਧਰ ਦਾ ਕਹੇ, ਉਹ ਵੀ ‘ਸਾਹਿਤਕ ਫਰਨੀਚਰ ਦੀ ਦੁਕਾਨ’ ਤੋਂ ਵੱਧ ਨਹੀਂ ਹੁੰਦਾ।
ਪੰਜਾਬ ਦੀ ਖਾਲਿਸਤਾਨੀ ਲਹਿਰ ਨੇ ਪੰਜਾਬੀ ਜਨ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਇਸ ਲਹਿਰ ਦੀ ਬਦੌਲਤ ਕਈ ਨਾਇਕ, ਖਲਨਾਇਕ ਬਣ ਗਏ ਤੇ ਕਈ ਖਲਨਾਇਕ, ਨਾਇਕ ਬਣ ਗਏ। ਮਹਿਬੂਬ ਵੀ ਇਸ ਵਰਤਾਰੇ ਦਾ ਸ਼ਿਕਾਰ ਹੋਇਆ। ਡਾæ ਗੁਰਤਰਨ ਸਿੰਘ ਦੇ ਦੱਸਣ ਮੁਤਾਬਿਕ ਪ੍ਰੋæ ਪ੍ਰੀਤਮ ਸਿੰਘ ਮਹਿਬੂਬ ਸਾਹਿਬ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੈ ਜਾਣਾ ਚਾਹੁੰਦੇ ਸਨ। ਇਹ ਵੀ ਸੱਚ ਹੈ ਕਿ ਮਹਿਬੂਬ ਨੇ ਪਹਿਲਾਂ ਜੰਡਿਆਲਾ (ਜਲੰਧਰ) ਦੇ ਖਾਲਸਾ ਕਾਲਜ ਵਿਚ ਅਧਿਆਪਨ ਸ਼ੁਰੂ ਕੀਤਾ ਸੀ ਜਿਹੜਾ ਕਹਿਣ ਨੂੰ ਖਾਲਸਾ ਕਾਲਜ ਸੀ, ਪਰ ਹਕੀਕਤ ‘ਚ ਇਹ ‘ਕਾਮਰੇਡ ਸੱਭਿਆਚਾਰ’ ਵਾਲਾ ਕਾਲਜ ਸੀ। ਇਸ ਦੇ ਪ੍ਰਿੰਸੀਪਲ ਸਨ, ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਜਿਹੜੇ ਪ੍ਰਤੀਬੱਧ ਮਾਰਕਸੀ ਸਨ। ਉਸ ਵਕਤ ਮਹਿਬੂਬ ਦੀ ਲਾਲ ਪੱਗ ਹਰੇ ਰੰਗ ‘ਚ ਰੰਗੀ ਗਈ ਸੀ ਤੇ ਉਨ੍ਹਾਂ ਨੂੰ ਮਨੁੱਖੀ ਸਮੱਸਿਆਵਾਂ ਦਾ ਹੱਲ ਸਿਰਫ਼ ਸੂਫੀ ਫਲਸਫੇ ‘ਚੋਂ ਹੀ ਨਜ਼ਰ ਆਉਂਦਾ ਸੀ। ਸੇਖੋਂ ਨੂੰ ਇਹ ਸਭ ਹਜ਼ਮ ਨਹੀਂ ਹੋ ਰਿਹਾ ਸੀ। ਉਂਜ ਵੀ ਉਹ ਮਹਿਬੂਬ ਸਾਹਿਬ ਨੂੰ ਕਨਫਿਊਜ਼ਡ ਪਰਸਨ ਦੱਸਦੇ ਸਨ। ਮਹਿਬੂਬ ਦੇ ਜੰਡਿਆਲਾ ਕਾਲਜ ਛੱਡਣ ਜਾਂ ਛੁਡਵਾਉਣ ਪਿਛੇ ਇਹ ਵੱਡਾ ਕਾਰਨ ਵੀ ਸੀ।
ਮੇਰਾ ਇਸ ਗੱਲ ਦਾ ਜ਼ਿਕਰ ਕਰਨਾ ਦਾ ਮਤਲਬ ਹੈ ਕਿ ਪੰਜਾਬੀ ਸਾਹਿਤਕਾਰਾਂ ‘ਚ ਇਹ ਆਮ ਬਿਮਾਰੀ ਹੈ ਕਿ ਨੌਕਰੀਆਂ ਦੇਣ-ਦਿਵਾਉਣ ‘ਚ ਲਿਆਕਤ ਨੂੰ ਪਿੱਛੇ ਸੁੱਟ ਕੇ ਭਾਈਵਾਲੀਆਂ ਪਾਲੀਆਂ ਜਾਂਦੀਆਂ ਹਨ। ਸਾਹਿਤਕਾਰਾਂ ਦੀਆਂ ਲਿਹਾਜ਼ਦਾਰੀਆਂ ਤੇ ਨਿੱਜੀ ਰੰਜ਼ਿਸ਼ਾਂ ਵੀ ਸਾਹਿਤਕਾਰਾਂ ਨੂੰ ਨਾਇਕ ਤੇ ਖਲਨਾਇਕ ਬਣਾ ਦਿੰਦੀਆਂ ਹਨ। ਮੈਨੂੰ ਲੱਗਦਾ ਹੈ ਕਿ ਮਹਿਬੂਬ ਦੀ ਸਿਰਜਣਾ ਨੂੰ ਪਿੱਛੇ ਸੁੱਟ ਕੇ ਇਕ ਧਿਰ ਉਸ ਨੂੰ ਦੇਵ ਪੁਰਸ਼ ਬਣਾ ਰਹੀ ਹੈ ਤੇ ਦੂਜੀ ਧਿਰ ਲੋੜੋਂ ਵੱਧ ਥੱਲੇ ਲਾਹ ਰਹੀ ਹੈ। ਗੱਲ ਹੋਣੀ ਚਾਹੀਦੀ ਹੈ ਉਸ ਦੀ ਕਵਿਤਾ ਦੀ, ਕਿ ਕੀ ਉਸ ਦੀ ਕਵਿਤਾ ਸੱਚਮੁੱਚ ਹੀ ਕੌਮੀ ਐਵਾਰਡ ਲੈਣ ਦਾ ਹੱਕ ਰੱਖਦੀ ਹੈ?
ਪੰਜਾਬੀ ਸਾਹਿਤਕਾਰਾਂ ‘ਚ ਐਵਾਰਡ ਲੈਣ ਲਈ ਜੁਗਾੜ ਬਣਾਉਣਾ ਜੱਗ ਜ਼ਾਹਿਰ ਹੈ। ਬਹੁਤ ਵਾਰ ਵਧੀਆ ਰਚਨਾਵਾਂ ਨੂੰ ਅਣਗੌਲਿਆਂ ਕਰ ਕੇ ਤੀਜੇ ਦਰਜੇ ਦੀਆਂ ਰਚਨਾਵਾਂ ਸਨਮਾਨੀਆਂ ਜਾਂਦੀਆਂ ਰਹੀਆਂ ਹਨ ਤੇ ਜਾ ਰਹੀਆਂ ਹਨ। ਜਦੋਂ ਮਹਿਬੂਬ ਨੂੰ ਸਨਮਾਨ ਮਿਲਿਆ ਸੀ ਤਾਂ ਸਾਹਿਤਕਾਰਾਂ ‘ਚ ਇਸ ਗੱਲ ਦੀ ਚਰਚਾ ਜ਼ੋਰਾਂ ਉਤੇ ਸੀ ਕਿ ਮਹਿਬੂਬ ਨੂੰ ਐਵਾਰਡ ਦਿਵਾਉਣ ‘ਚ ਅੰਮ੍ਰਿਤਾ ਪ੍ਰੀਤਮ ਦਾ ਹੱਥ ਹੈ। ਉਹ ਚੋਣ ਕਮੇਟੀ ਦੀ ਅਹਿਮ ਮੈਂਬਰ ਸੀ। ਐਵਾਰਡ ਮਿਲਣ ਪਿੱਛੋਂ ਸਭ ਤੋਂ ਵੱਧ ਆਲੋਚਨਾ ਅੰਮ੍ਰਿਤਾ ਪ੍ਰੀਤਮ ਦੀ ਹੀ ਹੋਈ ਸੀ। ਕਿਤਾਬ ਵਿਚਲੀਆਂ ਕੁਝ ਕਵਿਤਾਵਾਂ ਦੀ ਚਰਚਾ ਵੀ ਬਹੁਤ ਹੋਈ ਸੀ ਜਿਨ੍ਹਾਂ ‘ਚ ਸੰਤ ਜਰਨੈਲ ਸਿੰਘ, ਸ੍ਰੀਮਤੀ ਇੰਦਰਾ ਗਾਂਧੀ ਤੇ ਭਗਤ ਸਿੰਘ ਬਾਰੇ ਕਵਿਤਾਵਾਂ ਸ਼ਾਮਲ ਸਨ। ਜਿਸ ਕਵਿਤਾ ‘ਚ ਇੰਦਰਾ ਗਾਂਧੀ ਨੂੰ ‘ਸਰ੍ਹਾਲ’ ਕਿਹਾ ਸੀ, ਉਸ ਦਾ ਤਾਂ ਕੌਮੀ ਪੱਧਰ ਉਤੇ ਰੌਲਾ ਪਿਆ ਸੀ। ਉਸ ਵਕਤ ਕੁਝ ਸਾਹਿਤਕਾਰਾਂ ਦਾ ਖਿਆਲ ਸੀ ਕਿ ਅੰਮ੍ਰਿਤਾ ਪ੍ਰੀਤਮ ਨੇ ਵਿਵਾਦ ਵਾਲੀਆਂ ਕਵਿਤਾਵਾਂ ਪੜ੍ਹੀਆਂ ਹੀ ਨਹੀਂ ਸਨ। ਇਹ ਗੱਲ ਵੀ ਮਘੀ ਸੀ ਕਿ ਚੋਣ ਕਰਨ ਵਾਲੇ ਵਿਚਾਰ ਅਧੀਨ ਕਿਤਾਬਾਂ ਪੜ੍ਹਦੇ ਵੀ ਹਨ ਜਾਂ ਸਾਹਿਤਕਾਰ ਦੇ ਨਾਂ ਦੀ ਹੀ ਚੋਣ ਕਰ ਲੈਂਦੇ ਹਨ?
ਸਾਹਿਤਕ ਹਲਕਿਆਂ ਦੇ ਇਕ ਵੱਡੇ ਹਿੱਸੇ ਵਿਚ ਇਹ ਸਮਝਿਆ ਜਾਂਦਾ ਹੈ ਕਿ ‘ਝਨਾਂ ਦੀ ਰਾਤ’ ਨੂੰ ਇਨਾਮ ਦੇਣ ਪਿੱਛੇ ਅਤੇ ਫਿਰ ਰੌਲਾ ਪੈਣ ਤੇ ਵਿਵਾਦਗ੍ਰਸਤ ਕਵਿਤਾਵਾਂ ਕੱਢਣ ਤੇ ਕੁਝ ਕਵਿਤਾਵਾਂ ਦੇ ਫੁੱਟ ਨੋਟ ਛਾਂਟਣ ਪਿੱਛੇ ਅੰਮ੍ਰਿਤਾ ਪ੍ਰੀਤਮ ਦਾ ਹੱਥ ਸੀ। ਇਸ ਪਿੱਛੋਂ ਮਹਿਬੂਬ ਦੇ ਕੁਝ ਸ਼ਰਧਾਲੂਆਂ ਨੇ ਅੰਮ੍ਰਿਤਾ ਪ੍ਰੀਤਮ ਦੀ ਜੀਵਨ ਸ਼ੈਲੀ ਉਤੇ ਬੜੇ ਘਟੀਆ ਕਟਾਖਸ਼ ਕੀਤੇ ਸਨ। ਇਥੋਂ ਤੱਕ ਕਿ ਕੁਝ ਲੋਕਾਂ ਨੇ ਉਸ ਨੂੰ ਸ਼ਰਾਬਣ ਤੇ ਬਦਚਲਣ ਵੀ ਕਿਹਾ ਸੀ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ‘ਚੋਂ ਕੁਝ ਲੋਕ ਜਸਵੰਤ ਸਿੰਘ ਕੰਵਲ ਨੂੰ ਤਾਂ ‘ਪੰਜਾਬ ਦੀ ਪੱਗ’ ਦੱਸਦੇ ਹਨ ਪਰ ਅੰਮ੍ਰਿਤਾ ਬਾਰੇ ਅਵਾ-ਤਵਾ ਬੋਲਦੇ ਹਨ। ਸੱਚ ਤਾਂ ਇਹ ਵੀ ਹੈ ਕਿ ਜਿਵੇਂ ਅੰਮ੍ਰਿਤਾ ਪ੍ਰੀਤਮ, ਇਮਰੋਜ਼ (ਇੰਦਰਜੀਤ) ਨਾਲ ਰਹਿੰਦੀ ਸੀ; ਜੱਗ ਜਾਣਦਾ ਹੈ ਕਿ ਐਨ ਉਸੇ ਤਰ੍ਹਾਂ ਜਸਵੰਤ ਸਿੰਘ ਕੰਵਲ, ਡਾæ ਜਸਵੰਤ ਗਿੱਲ ਨਾਲ ਰਹਿੰਦੇ ਸਨ। ਫਿਰ ਦੋਵਾਂ ਨਾਲ ਵੱਖਰਾ ਸਲੂਕ ਕਿਉਂ?
-ਹਰਜਿੰਦਰ ਦੁਸਾਂਝ

Be the first to comment

Leave a Reply

Your email address will not be published.