ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਦੇ ਅਖੀਰ ਵਿਚ ਗੁਰੂ ਨਾਨਕ ਸਾਹਿਬ ਦੇ ਦਿੱਤੇ ਇਸ ਵਿਚਾਰ ਦੀ ਚਰਚਾ ਕੀਤੀ ਗਈ ਸੀ ਕਿ ਅਕਾਲ ਪੁਰਖ ਕਰਣ-ਕਾਰਨ ਸਮਰੱਥ ਹੈ ਅਤੇ ਜਿਵੇਂ ਜਿਵੇਂ ਉਸ ਨੂੰ ਚੰਗਾ ਲਗਦਾ ਹੈ, ਤਿਵੇਂ ਤਿਵੇਂ ਜੀਵਾਂ ਨੂੰ ਰੋਜ਼ੀ ਦਿੰਦਾ ਹੈ।
ਅਗਲੇ ਸਲੋਕ ਵਿਚ ਦੱਸਿਆ ਗਿਆ ਹੈ ਕਿ ਕੁਝ ਜੀਵ ਸੰਸਾਰ ‘ਤੇ ਇਸ ਕਿਸਮ ਦੇ ਹਨ ਜੋ ਮਾਸ ਖਾ ਕੇ ਜਿਉਂਦੇ ਹਨ ਅਤੇ ਦੂਸਰੇ ਉਨ੍ਹਾਂ ਦੇ ਬਿਲਕੁਲ ਵਿਪਰੀਤ ਘਾਹ ਖਾਣ ਵਾਲੇ ਹਨ। ਇਸ ਤੋਂ ਵੀ ਅਲੱਗ ਇੱਕ ਉਹ ਹਨ ਅਰਥਾਤ ਉਹ ਮਨੁੱਖ ਜੋ ਛੱਤੀ ਕਿਸਮ ਦੇ ਵੰਨ-ਸਵੰਨੇ ਸੁਆਦਲੇ ਭੋਜਨ ਖਾਂਦੇ ਹਨ। ਇੱਕ ਜੀਵ ਅਜਿਹੇ ਹਨ ਜੋ ਮਿੱਟੀ ਵਿਚ ਪਲਦੇ ਅਤੇ ਮਿੱਟੀ ਖਾਂਦੇ ਹਨ। ਕਈ ਪ੍ਰਾਣੀ ਪ੍ਰਾਣਾਯਾਮ ਦੇ ਅਭਿਆਸੀ ਹਨ ਅਤੇ ਪ੍ਰਾਣਾਯਾਮ (ਯੋਗ-ਅਭਿਆਸ) ਵਿਚ ਲੱਗੇ ਰਹਿੰਦੇ ਹਨ। ਕੁਝ ਮਨੁੱਖਾਂ ਦਾ ਆਸਰਾ ਅਕਾਲ ਪੁਰਖ ਦਾ ਨਾਮ ਹੈ ਅਤੇ ਉਸ ਦਾ ਨਾਮ ਸਿਮਰਨ ਕਰਨ ਵਿਚ ਲੱਗੇ ਰਹਿੰਦੇ ਹਨ। ਜੋ ਮਨੁੱਖ ਉਸ ਅਕਾਲ ਪੁਰਖ ਨੂੰ ਸਭ ਨੂੰ ਜੀਵਨਦਾਨ ਦੇਣ ਵਾਲਾ ਅਤੇ ਰਾਖਾ ਮੰਨਦੇ ਹਨ, ਉਹ ਆਤਮਕ-ਮੌਤ ਨਹੀਂ ਮਰਦੇ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ ਉਹ ਅਕਾਲ ਪੁਰਖ ਨਹੀਂ ਵੱਸਦਾ ਉਹ ਮਨੁੱਖ ਠੱਗੇ ਜਾਂਦੇ ਹਨ,
ਇਕਿ ਮਾਸਾਹਾਰੀ ਇਕਿ ਤ੍ਰਿਣੁ ਖਾਹਿ॥
ਇਕਨਾ ਛਤੀਹ ਅੰਮ੍ਰਿਤ ਪਾਹਿ॥
ਇਕਿ ਮਿਟੀਆ ਮਹਿ ਮਿਟੀਆ ਖਾਹਿ॥
ਇਕਿ ਪਉਣ ਸੁਮਾਰੀ ਪਉਣ ਸੁਮਾਰਿ॥
ਇਕਿ ਨਿਰੰਕਾਰੀ ਨਾਮ ਆਧਾਰਿ॥
ਜੀਵੈ ਦਾਤਾ ਮਰੈ ਨ ਕੋਇ॥
ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ॥੨॥ (ਪੰਨਾ ੧੪੪)
ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਪੂਰੇ ਸਤਿਗੁਰੂ ਰਾਹੀਂ ਦੱਸੀ ਹੋਈ ਕਾਰ ਉਦੋਂ ਹੀ ਕਰ ਸਕਣੀ ਸੰਭਵ ਹੁੰਦੀ ਹੈ ਜਦੋਂ ਮਨੁੱਖ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਆਪਣੇ ਅੰਦਰੋਂ ਹਉਮੈ ਅਰਥਾਤ ਆਪਾ-ਭਾਵ ਖਤਮ ਕਰ ਲੈਂਦਾ ਹੈ ਤਾਂ ਹੀ ਉਹ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ। ਜਿਹੜੇ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਨਹੀਂ ਚੱਲਦੇ ਅਤੇ ਨਾਮ ਦਾ ਰਸਤਾ ਛੱਡ ਕੇ ਮਾਇਆਵੀ ਕਾਰਜਾਂ ਵਿਚ ਲੱਗ ਜਾਂਦੇ ਹਨ, ਉਹ ਆਪਣੇ ਮਨੁੱਖ ਜਨਮ ਨੂੰ ਅਜਾਈਂ ਗੁਆ ਲੈਂਦੇ ਹਨ। ਨਾਮ ਨੂੰ ਮਨ ਤੋਂ ਵਿਸਾਰ ਕੇ ਜੋ ਵੀ ਖਾਈਦਾ ਜਾਂ ਪਹਿਨੀਦਾ ਹੈ, ਉਹ ਇੱਕ ਤਰ੍ਹਾਂ ਨਾਲ ਉਸ ਜ਼ਹਿਰ ਦੇ ਸਮਾਨ ਹੁੰਦਾ ਹੈ ਜਿਸ ਨਾਲ ਆਤਮਕ ਮੌਤ ਮਰ ਜਾਈਦਾ ਹੈ। ਸਤਿਗੁਰ ਦੇ ਸੱਚੇ ਸ਼ਬਦ ਰਾਹੀਂ ਅਕਾਲ ਪੁਰਖ ਦੀ ਸਿਫਤਿ ਨੂੰ ਗਾਉਣ ਨਾਲ ਮਨ ਉਸ ਸੱਚੇ ਪਰਵਰਦਗਾਰ ਵਿਚ ਜੁੜ ਜਾਂਦਾ ਹੈ। ਸਤਿਗੁਰ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਸੁੱਖ ਵਿਚ ਨਹੀਂ ਟਿਕ ਸਕਦਾ, ਅਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ, ਇਸ ਲਈ ਵਾਰ ਵਾਰ ਸੰਸਾਰ ‘ਤੇ ਜਨਮ ਲਈਦਾ ਹੈ ਅਤੇ ਮਰੀਦਾ ਹੈ। ਨਾਮ ਸਿਮਰਨ ਤੋਂ ਬਿਨਾ ਬਾਕੀ ਦੁਨਿਆਵੀ ਕਾਰ ਖੋਟੀ ਰਾਸ ਹੈ ਅਰਥਾਤ ਦੁਨਿਆਵੀ ਪਿਆਰ ਝੂਠਾ ਹੈ ਅਤੇ ਇਹ ਕਮਾਈ ਕੂੜ ਦੀ ਕਮਾਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਨਾਲ ਆਪਣਾ ਮਨ ਜੋੜ ਕੇ ਉਸ ਦੀ ਸੱਚੀ ਸਿਫਤਿ-ਸਾਲਾਹ ਕਰਨ ਨਾਲ ਇਸ ਸੰਸਾਰ ਤੋਂ ਇੱਜ਼ਤ ਨਾਲ ਜਾਈਦਾ ਹੈ,
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ॥
ਗੁਰਮਤੀ ਆਪੁ ਗਵਾਇ ਨਾਮੁ ਧਿਆਈਐ॥ (ਪੰਨਾ ੧੪੪)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜੇ ਅਕਾਲ ਪੁਰਖ ਨੂੰ ਚੰਗਾ ਲੱਗੇ, ਜਦੋਂ ਉਸ ਦੀ ਰਜ਼ਾ ਹੋਵੇ ਤਾਂ ਕਈ ਜੀਵ ਸਾਜ਼ ਵਜਾਉਂਦੇ ਹਨ, ਉਸ ਦੀ ਸਿਫਤਿ-ਸਾਲਾਹ ਗਾਉਂਦੇ ਹਨ ਅਤੇ ਤੀਰਥਾਂ ‘ਤੇ ਇਸ਼ਨਾਨ ਕਰਦੇ ਹਨ। ਜੇ ਉਸ ਦੀ ਰਜ਼ਾ ਹੋਵੇ ਤਾਂ ਕਈ ਜੀਵ ਜੋਗੀ ਬਣ ਕੇ ਤਪੱਸਿਆ ਕਰਦੇ ਹਨ, ਪਿੰਡੇ ‘ਤੇ ਬਿਭੂਤ ਅਰਥਾਤ ਧੂਣੇ ਦੀ ਸੁਆਹ ਮਲਦੇ ਹਨ, ਸਿੰਙੀ ਅਤੇ ਨਾਦ ਵਜਾਉਂਦੇ ਹਨ। ਉਸ ਦੀ ਰਜ਼ਾ ਵਿਚ ਹੀ ਮੁਸਲਮਾਨੀ ਮੱਤ ਅਨੁਸਾਰ ਕੁਰਾਨ ਸ਼ਰੀਫ ਪੜ੍ਹਦੇ ਹਨ ਅਤੇ ਆਪਣੇ ਆਪ ਨੂੰ ਮੁਲਾਂ ਅਤੇ ਸ਼ੇਖ (ਧਾਰਮਿਕ ਆਗੂ) ਅਖਵਾਉਂਦੇ ਹਨ, ਕਈ ਰਾਜੇ ਬਣ ਜਾਂਦੇ ਹਨ ਅਤੇ ਵੱਖਰੇ ਵੱਖਰੇ ਸੁਆਦ ਵਾਲੇ ਭੋਜਨ-ਪਦਾਰਥ ਖਾਂਦੇ ਹਨ। ਉਸ ਦੀ ਰਜ਼ਾ ਵਿਚ ਹੀ ਕਈ ਤਲਵਾਰ ਚਲਾਉਂਦੇ ਹਨ ਅਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ। ਕਈ ਪਰਦੇਸ ਚਲੇ ਜਾਂਦੇ ਹਨ ਅਤੇ ਉਥੋਂ ਦੀਆਂ ਗੱਲਾਂ ਸੁਣ ਕੇ ਫਿਰ ਘਰ ਵਾਪਸ ਪਰਤ ਆਉਂਦੇ ਹਨ। ਇਹ ਉਸ ਅਕਾਲ ਪੁਰਖ ਦੀ ਰਜ਼ਾ ਹੀ ਹੈ ਕਿ ਜੀਵ ਉਸ ਦੇ ਨਾਮ ਵਿਚ ਜੁੜ ਜਾਂਦੇ ਹਨ, ਜੋ ਉਸ ਦੀ ਰਜ਼ਾ ਵਿਚ ਤੁਰਦੇ ਹਨ ਉਹ ਉਸ ਅਕਾਲ ਪੁਰਖ ਨੂੰ ਚੰਗੇ ਲਗਦੇ ਹਨ, ਪਿਆਰੇ ਲੱਗਦੇ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਸ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਬਾਕੀ ਸਭ ਕੂੜ ਕਮਾਉਂਦੇ ਹਨ,
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ॥
ਜਾ ਤੁਧੁ ਭਾਵੈ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ॥
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ॥
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ॥ (ਪੰਨਾ ੧੪੪-੧੪੫)
ਉਪਰ ਦੱਸੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਨੇ ਰੱਬ ਦੀ ਰਜ਼ਾ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਅਗਲੇ ਸਲੋਕ ਵਿਚ ਵੀ ਦੱਸਿਆ ਹੈ ਕਿ ਉਹ ਅਕਾਲ ਪੁਰਖ ਵੱਡੇ ਤੋਂ ਵੱਡਾ ਅਤੇ ਸਰਬ-ਉਚ ਹੈ। ਇਸ ਲਈ ਉਸ ਦੇ ਹੁਕਮ ਵਿਚ ਜੋ ਕੁਝ ਵੀ ਹੋ ਰਿਹਾ ਹੈ, ਸਭ ਚੰਗਾ ਹੀ ਚੰਗਾ ਹੈ, ਕਿਉਂਕਿ ਉਹ ਆਪ ਚੰਗਾ ਹੈ।
ਗੁਰੂ ਨਾਨਕ ਦੇਵ ਅਰਦਾਸ ਦੇ ਰੂਪ ਵਿਚ ਆਖ ਰਹੇ ਹਨ, ਹੇ ਅਕਾਲ ਪੁਰਖ ਤੂੰ ਵੱਡਾ ਹੈਂ, ਸਰਬ-ਉਚ ਹੈਂ, ਇਸ ਲਈ ਸੰਸਾਰ ਵਿਚ ਜੋ ਵੀ ਹੋ ਰਿਹਾ ਹੈ ਤੇਰੇ ਹੁਕਮ ਵਿਚ ਹੋ ਰਿਹਾ ਹੈ। ਸਭ ਤੇਰੀਆਂ ਵਡਿਆਈਆਂ ਹਨ ਕਿਉਂਕਿ ਤੂੰ ਚੰਗਾ ਹੈਂ, ਇਸ ਲਈ ਚੰਗੇ ਤੋਂ ਚੰਗਿਆਈ ਹੀ ਪੈਦਾ ਹੋ ਰਹੀ ਹੈ। ਉਹ ਅਕਾਲ ਪੁਰਖ ਸਭ ਦਾ ਸਿਰਜਣਹਾਹ ਅਤੇ ਸੱਚਾ ਹੈ, ਇਸ ਲਈ ਹਰ ਇੱਕ ਜੀਵ ਵੀ ਸੱਚਾ ਹੀ ਦਿਸਦਾ ਹੈ ਕਿਉਂਕਿ ਹਰ ਜੀਵ ਅੰਦਰ ਉਸ ਅਕਾਲ ਪੁਰਖ ਦਾ ਨਿਵਾਸ ਹੈ। ਉਸ ਪਰਮਾਤਮਾ ਦੀ ਸਰਬਵਿਆਪਕਤਾ ਕਾਰਨ ਕੁਝ ਵੀ ਕੂੜ (ਝੂਠਾ) ਨਹੀਂ ਹੈ। ਬਾਹਰੀ ਸੰਸਾਰ ਵਿਚ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਜਿਵੇਂ ਆਖਣਾ-ਵੇਖਣਾ, ਬੋਲ-ਚਾਲ, ਜਿਉਣਾ-ਮਰਨਾ ਆਦਿ ਇਹ ਸਭ ਮਾਇਆ-ਰੂਪ ਹੈ, ਅਸਲੀਅਤ ਅਕਾਲ ਪੁਰਖ ਹੈ ਜੋ ਸਦੀਵੀ ਅਤੇ ਸੱਚਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹ ਸਦਾ ਰਹਿਣ ਵਾਲਾ ਅਕਾਲ ਪੁਰਖ ਆਪਣੇ ਹੁਕਮ ਵਿਚ ਇਸ ਸੰਸਾਰ ਦੀ ਰਚਨਾ ਕਰਦਾ ਹੈ ਅਤੇ ਜੀਵਾਂ ਦੀ ਰਚਨਾ ਕਰਕੇ ਉਨ੍ਹਾਂ ਨੂੰ ਆਪਣੇ ਹੁਕਮ ਵਿਚ ਹੀ ਰੱਖਦਾ ਹੈ ਅਰਥਾਤ ਉਸ ਦੇ ਹੁਕਮ ਵਿਚ ਰਚਿਆ ਸੰਸਾਰ ਹੁਕਮ ਵਿਚ ਹੀ ਚੱਲ ਰਿਹਾ ਹੈ,
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ॥
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ॥
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ॥
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ॥੨॥ (ਪੰਨਾ ੧੪੫)
ਉਪਰਲੇ ਦੋ ਸਲੋਕਾਂ ਵਿਚ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਰਜ਼ਾ ਅਤੇ ਉਸ ਦੇ ਵਿਆਪਕ ਹੁਕਮ ਦੀ ਗੱਲ ਕੀਤੀ ਹੈ ਜਿਸ ਵਿਚ ਇਹ ਸਾਰਾ ਸੰਸਾਰ ਕਾਰਜਸ਼ੀਲ ਹੈ। ਇਸ ਪਉੜੀ ਵਿਚ ਉਹ ਜੀਵ ਨੂੰ ਅਕਾਲ ਪੁਰਖ ਦੇ ਹੁਕਮ ਨੂੰ ਸਮਝਣ ਅਤੇ ਉਸ ਅਨੁਸਾਰ ਚੱਲਣ ਦਾ ਉਪਦੇਸ ਦਿੰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਬੇਝਿਜਕ ਹੋ ਕੇ ਸੱਚੇ ਦਿਲ ਨਾਲ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨੀਏ ਤਾਂ ਮਨੁੱਖੀ ਮਨ ਦੀ ਸਾਰੀ ਭਟਕਣਾ ਅਤੇ ਭਰਮ ਦੂਰ ਹੋ ਜਾਂਦੇ ਹਨ। ਮਨੁੱਖ ਨੂੰ ਉਹ ਕਾਰ ਹੀ ਕਰਨੀ ਚਾਹੀਦੀ ਜੋ ਗੁਰੂ ਕਰਨ ਲਈ ਆਖੇ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਉਹੋ ਮਨੁੱਖ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰਦਾ ਹੈ ਜਿਸ ਉਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਅਰਥਾਤ ਉਸ ਅਕਾਲ ਪੁਰਖ ਦਾ ਨਾਮ ਤਾਂ ਹੀ ਸਿਮਰਿਆ ਜਾ ਸਕਦਾ ਹੈ ਜੇ ਸਤਿਗੁਰੂ ਆਪਣੀ ਮਿਹਰ ਕਰੇ। ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਮਨੁੱਖ ਉਸ ਅਕਾਲ ਪੁਰਖ ਦੀ ਭਗਤੀ ਦਾ ਫਲ ਪ੍ਰਾਪਤ ਕਰਦੇ ਹਨ। ਪਰ ਇਸ ਦੇ ਉਲਟ ਜੋ ਮਨੁੱਖ ਆਪਣੇ ਮਨ ਦੀ ਮਤ ਅਨੁਸਾਰ ਚੱਲਦੇ ਹਨ ਭਾਵ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨਦੇ, ਉਹ ਨਿਰਾ ਹਨੇਰਾ, ਨਿਰਾ ਕੂੜ ਹੀ ਖੱਟਦੇ ਹਨ। ਜੋ ਮਨੁੱਖ ਉਸ ਸੱਚੇ ਦੇ ਦਰਵਾਜ਼ੇ ‘ਤੇ ਜਾ ਕੇ ਉਸ ਅਕਾਲ ਪੁਰਖ ਦੇ ਸੱਚੇ ਚਰਨਾਂ ਨਾਲ ਮਨ ਜੋੜ ਕੇ ਸੱਚਾ ਨਾਮ ਜਪਦੇ ਹਨ, ਉਨ੍ਹਾਂ ਨੂੰ ਉਸ ਸੱਚੇ ਨਾਮ ਦੀ ਬਰਕਤ ਨਾਲ ਸੱਚੇ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਆਖਦੇ ਹਨ, ਜਿਸ ਮਨੁੱਖ ਕੋਲ ਸਦਾ ਸੱਚ ਹੈ, ਜੋ ਸੱਚੇ ਰਸਤੇ ‘ਤੇ ਚੱਲਦਾ ਹੈ, ਉਹ ਸੱਚ ਦਾ ਵਣਜ ਕਰਨ ਵਾਲਾ ਹੈ ਅਤੇ ਉਹ ਸਦਾ ਸੱਚ ਵਿਚ ਲੀਨ ਰਹਿੰਦਾ ਹੈ,
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ॥
ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ॥
ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ॥ (ਪੰਨਾ ੧੪੫)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਉਸ ਤਤਕਾਲੀਨ ਸਮੇਂ ਅਤੇ ਹਾਲਾਤ ‘ਤੇ ਚਾਨਣ ਪਾ ਰਹੇ ਹਨ ਜੋ ਉਸ ਵੇਲੇ ਹਿੰਦੁਸਤਾਨ ਵਿਚ ਵਰਤ ਰਿਹਾ ਸੀ ਅਤੇ ਜਿਸ ਵਿਚ ਮਨੁੱਖਾਂ ਦੇ ਸੁਭਾ ਵੀ ਉਸ ਸਮੇਂ ਦੇ ਅਨੁਸਾਰ ਬਦਲ ਕੇ ਬੁਰੇ ਹੋ ਗਏ ਸਨ। ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਇਹ ਕਲਿਜੁਗ ਦਾ ਸਮਾਂ ਛੁਰੀ ਵਰਗਾ ਹੈ ਜਿਸ ਵਿਚ ਰਾਜੇ ਜ਼ਾਲਮ ਹੋ ਗਏ ਹਨ ਅਤੇ ਪਰਜਾ ਉਤੇ ਜ਼ੁਲਮ ਕਰ ਰਹੇ ਹਨ, ਇਨਸਾਫ (ਧਰਮ) ਜਿਵੇਂ ਪੰਖ ਲਾ ਕੇ ਉਡ ਗਿਆ ਹੋਵੇ ਅਰਥਾਤ ਨੇਕੀ ਅਤੇ ਇਨਸਾਫ ਬਿਲਕੁਲ ਖ਼ਤਮ ਹੋ ਗਿਆ ਹੈ। ਇਸ ਬੇਇਨਸਾਫੀ ਕਰਕੇ ਝੂਠ ਦਾ ਹਨੇਰਾ ਚਾਰੇ ਪਾਸੇ ਫੈਲ ਗਿਆ ਹੈ ਅਤੇ ਇਸ ਹਨੇਰੇ ਕਾਰਨ ਸੱਚ ਰੂਪ ਚੰਦ੍ਰਮਾ ਨਜ਼ਰ ਨਹੀਂ ਆ ਰਿਹਾ, ਜਾਪਦਾ ਹੈ ਜਿਵੇਂ ਕਦੀ ਚੜ੍ਹਿਆ ਹੀ ਨਾ ਹੋਵੇ। ਭਾਵ ਝੂਠ ਅਤੇ ਜ਼ੁਲਮ ਦਾ ਪਾਸਾਰ ਏਨਾ ਵੱਧ ਗਿਆ ਹੈ ਕਿ ਸੱਚ ਨਾਮ ਦੀ ਚੀਜ਼ ਕਿਧਰੇ ਨਜ਼ਰ ਹੀ ਨਹੀਂ ਆ ਰਹੀ। ਗੁਰਬਾਣੀ ਵਿਚ ਮਨੁੱਖ ਲਈ ਜੀਵ-ਇਸਤਰੀ ਅਤੇ ਅਕਾਲ ਪੁਰਖ ਲਈ ਪਤੀ ਦਾ ਪ੍ਰਤੀਕ ਆਮ ਵਰਤਿਆ ਗਿਆ ਹੈ। ਇਥੇ ਵੀ ਗੁਰੂ ਨਾਨਕ ਸਾਹਿਬ ਜੀਵ-ਇਸਤਰੀ ਦੇ ਰੂਪ ਵਿਚ ਆਪਣੀ ਵੇਦਨਾ ਦੱਸਦੇ ਹਨ ਕਿ ਸੱਚ ਅਤੇ ਨਿਆਂ ਦਾ ਰਸਤਾ ਲੱਭਦੇ ਲੱਭਦੇ ਮੈਂ ਵਿਆਕੁਲ ਹੋ ਗਈ ਹਾਂ ਅਤੇ ਥੱਕ ਗਈ ਹਾਂ ਕਿਉਂਕਿ ਇਸ ਕੂੜ ਦੇ ਹਨੇਰੇ ਵਿਚ ਮੈਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਦੁਨੀਆਂ ਹਉਮੈ ਦੇ ਕਾਰਨ ਦੁੱਖ ਭੋਗ ਰਹੀ ਹੈ, ਕਿਵੇਂ ਇਸ ਸੰਸਾਰ ਦੀ ਖਲਾਸੀ ਹੋਵੇਗੀ,
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥੧॥ (ਪੰਨਾ ੧੪੫)
ਪਹਿਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਪ੍ਰਸ਼ਨ ਕਰਦੇ ਹਨ, ਇਸ ਕਲਿਜੁਗ ਦੇ ਹਨੇਰੇ ਵਿਚੋਂ ਕਿਵੇਂ ਨਿਕਲਿਆ ਜਾਵੇ? ਅਗਲਾ ਸਲੋਕ ਗੁਰੂ ਅਮਰਦਾਸ ਜੀ ਦਾ ਹੈ ਜੋ ਇਸ ਕਲਿਜੁਗ ਵਿਚ ਦੁਨੀਆਂ ਦੇ ਉਧਾਰ ਦਾ ਰਸਤਾ ਵੀ ਦੱਸਦੇ ਹਨ ਕਿ ਇਸ ਵਿਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਕਲਿਜੁਗ ਦੇ ਹਨੇਰੇ ਨੂੰ ਦੂਰ ਕਰਨ ਲਈ ਅਕਾਲ ਪੁਰਖ ਦੀ ਸਿਫਤਿ-ਸਾਲਾਹ, ਉਸ ਦਾ ਨਾਮ ਸਿਮਰਨ ਚਾਨਣ ਹੈ ਜੋ ਸੰਸਾਰ ਵਿਚ ਪੈਦਾ ਹੋਇਆ ਹੈ। ਕੋਈ ਉਹ ਜੋ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਉਹ ਇਸ ਕਲਿਜੁਗੀ ਸਮੇਂ ਵਿਚ ਵੀ ਪਾਰ ਹੋ ਜਾਂਦੇ ਹਨ। ਇਹ ਨਾਮ ਸਿਮਰਨ ਦੀ ਦਾਤ, ਗੁਰੂ ਦੀ ਸਿੱਖਿਆ ਦਾ ਚਾਨਣ ਉਸ ਨੂੰ ਮਿਲਦਾ ਜਿਸ ਉਤੇ ਉਸ ਅਕਾਲ ਪੁਰਖ ਦੀ ਮਿਹਰ ਹੋ ਜਾਵੇ। ਅਜਿਹੀ ਮਿਹਰ ਦਾ ਪਾਤਰ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਇਸ ਨਾਮ-ਰੂਪੀ ਰਤਨ ਨੂੰ ਲੱਭ ਲੈਂਦਾ ਹੈ,
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥
ਗੁਰਮੁਖਿ ਕੋਈ ਉਤਰੈ ਪਾਰਿ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ॥
ਨਾਨਕ ਗੁਰਮੁਖਿ ਰਤਨੁ ਸੋ ਲੇਵੈ॥੨॥ (ਪੰਨਾ ੧੪੫)
ਇਸ ਸਲੋਕ ਤੋਂ ਅੱਗੇ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਇਸ ਦੁਨੀਆਂ ਵਿਚ ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਅਕਾਲ ਪੁਰਖ ਦੀ ਭਗਤੀ ਕਰਨ ਵਾਲਿਆਂ ਵਿਚ ਅਤੇ ਮਾਇਆ ਪਿੱਛੇ ਲੱਗਣ ਵਾਲੇ ਸੰਸਾਰੀਆਂ ਵਿਚ ਕਦੇ ਮੇਲ ਨਹੀਂ ਬੈਠਦਾ। ਇਹ ਸੰਸਾਰ ਉਸ ਅਕਾਲ ਪੁਰਖ ਨੇ ਪੈਦਾ ਕੀਤਾ ਹੈ, ਜੋ ਕਦੇ ਵੀ ਭੁੱਲ ਨਹੀਂ ਕਰਦਾ ਅਤੇ ਉਹ ਕਿਸੇ ਦਾ ਭੁਲਾਇਆ ਹੋਇਆ ਵੀ ਭੁੱਲ ਨਹੀਂ ਕਰਦਾ। ਇਹ ਉਸ ਦਾ ਹੁਕਮ ਹੈ, ਉਸ ਦੀ ਰਜ਼ਾ ਹੈ ਕਿ ਉਸ ਨੇ ਭਗਤਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ ਅਤੇ ਉਹ ਉਸ ਦੇ ਨਾਮ ਸਿਮਰਨ ਦੀ ਕਾਰ ਵਿਚ ਲੱਗੇ ਹੋਏ ਹਨ।
ਦੂਸਰੇ ਪਾਸੇ ਇਹ ਵੀ ਉਸ ਦੀ ਰਜ਼ਾ ਹੈ ਕਿ ਸੰਸਾਰੀ ਜੀਵ ਉਸ ਨੂੰ ਭੁੱਲ ਕੇ ਝੂਠ ਬੋਲ ਬੋਲ ਕੇ ਮਾਇਆ-ਰੂਪੀ ਵਿਸ਼ ਖਾ ਰਹੇ ਹਨ ਅਤੇ ਆਪਣੀ ਆਤਮਕ ਮੌਤ ਸਹੇੜ ਰਹੇ ਹਨ। ਉਹ ਇਸ ਤੱਥ ਨੂੰ ਸਮਝ ਹੀ ਨਹੀਂ ਰਹੇ ਕਿ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਵੀ ਜਾਣਾ ਹੈ। ਇਸ ਲਈ ਉਹ ਕਾਮ, ਕ੍ਰੋਧ ਆਦਿ ਵਿਕਾਰਾਂ ਦਾ ਜ਼ਹਿਰ ਇਸ ਸੰਸਾਰ ਵਿਚ ਵਧਾ ਰਹੇ ਹਨ। ਉਸ ਅਕਾਲ ਪੁਰਖ ਦੀ ਰਜ਼ਾ ਵਿਚ ਉਸ ਦੇ ਭਗਤ ਉਸ ਦੀ ਭਗਤੀ ਕਰ ਰਹੇ ਹਨ ਅਤੇ ਉਸ ਦਾ ਨਾਮ ਸਿਮਰ ਰਹੇ ਹਨ।
ਗੁਰੂ ਨਾਨਕ ਸਾਹਿਬ ਅੱਗੇ ਦੱਸਦੇ ਹਨ ਕਿ ਜਿਹੜੇ ਮਨੁੱਖਾਂ ਨੇ ਸੇਵਕਾਂ ਦੇ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੱਤਾ ਹੈ, ਉਨ੍ਹਾਂ ਨੂੰ ਪਰਮਾਤਮਾ ਦੇ ਦਰਵਾਜ਼ੇ ‘ਤੇ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਉਨ੍ਹਾਂ ਦੇ ਮੁੱਖ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਸ਼ੋਭਾ ਪਾਉਂਦੇ ਹਨ,
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ॥
ਭਗਤ ਆਪੇ ਮੇਲਿਅਨੁ ਜਿਨਿ ਸਚੋ ਸਚੁ ਕਮਾਇਆ॥ (ਪੰਨਾ ੧੪੫)
Leave a Reply