ਹੈਨਿ ਵਿਰਲੇ ਨਾਹੀ ਘਣੇ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਗੁਰਦੁਆਰਿਆਂ ਵਿਚ ਹੁੰਦੇ ਸਮਾਗਮਾਂ ਮੌਕੇ ਉਥੋਂ ਦੇ ਪ੍ਰਬੰਧਕ ਸਾਹਿਬਾਨ ਆਮ ਤੌਰ ‘ਤੇ ਇਹ ਦਾਅਵੇ ਕਰਦੇ ਰਹਿੰਦੇ ਹਨ ਕਿ ਸਾਡੇ ਇਥੇ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਦੀ ਪਾਲਣਾ ਕੀਤੀ ਜਾਂਦੀ ਹੈ। ਇਹ ਵੀ ਗੱਜ-ਵੱਜ ਕੇ ਆਖਿਆ ਜਾਂਦਾ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਜਦ ਕਿ ਉਥੇ ਅਖੰਡ ਪਾਠਾਂ ਦੀਆਂ ਲੜੀਆਂ ਵੀ ਚੱਲ ਰਹੀਆਂ ਹੁੰਦੀਆਂ ਹਨ। ਮੌਲੀ-ਧਾਗੇ ਨਾਲ ਬੰਨ੍ਹੇ ਲਾਲ ਜਾਂ ਪੀਲੇ ਕੱਪੜੇ ਵਿਚ ਲਪੇਟੇ ਹੋਏ ਨਾਰੀਅਲ, ਕੁੰਭ ਦੀ ਚੱਪਣੀ ਉਪਰ ਪਏ ਸ਼ੋਭਾ ਵਧਾ ਰਹੇ ਹੁੰਦੇ ਹਨ। ਲਾਗੇ ਹੀ ਜੋਤ ਵੀ ਜਗ ਰਹੀ ਹੁੰਦੀ ਹੈ। ਸ਼ਾਮ ਨੂੰ ਪੜ੍ਹੀ ਜਾ ਰਹੀ ਰਹਿਰਾਸ ਵਿਚ,
ਰਾਮ ਰਹੀਮ ਪੁਰਾਨ ਕੁਰਾਨ
ਅਨੇਕ ਕਹੈ ਮਤ ਏਕ ਨਾ ਮਾਨਯੋ॥
ਸਵੱਈਆ ਪੜ੍ਹਨ ਦੇ ਨਾਲ-ਨਾਲ ਪੰਥਕ ਵਿਧਾਨ ਦੀ ਅਣਦੇਖੀ ਕਰਦਿਆਂ, ਉਸੇ ਰਹਿਰਾਸ ਵਿਚ ‘ਰਾਮ ਕਥਾ ਜੁਗ ਜੁਗ ਅਟੱਲ’ ਵਾਲੀਆਂ ਪੰਕਤੀਆਂ ਵੀ ਪੜ੍ਹੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਅਰਦਾਸ ਵਿਚ ‘ਹੁਣ ਲਾਵਹੁ ਭੋਗੁ ਹਰਿ ਰਾਏ॥’ ਦੀ ਤੁਕ ਪੜ੍ਹ ਕੇ ਦੇਗ ਨੂੰ ‘ਭੋਗ ਲਵਾਇਆ’ ਜਾਂਦਾ ਹੈ। ਕਿਤੇ-ਕਿਤੇ ਮੱਸਿਆ-ਪੁੰਨਿਆ ਵੀ ਮਨਾਈਆਂ ਜਾਂਦੀਆਂ ਹਨ। ਇਹ ਸਾਰਾ ਕੁਝ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਗੁਰੂ ਘਰਾਂ ਵਿਚ ਪੰਥਕ ਰਹਿਤ ਮਰਿਆਦਾ ਦੀ ਨਹੀਂ, ਸਗੋਂ ‘ਰਹਤ ਅਵਰ ਕੁਛ ਅਵਰ ਕਮਾਵਤ’ ਦੀ ਪਾਲਣਾ ਕੀਤੀ ਜਾ ਰਹੀ ਹੁੰਦੀ ਹੈ।
ਗੁਰਮਤਿ ਪ੍ਰਚਾਰ ਦੇ ਕੇਂਦਰ ਸਮਝੇ ਜਾਂਦੇ ਅਜਿਹੇ ਸਿੱਖ ਗੁਰਦੁਆਰਿਆਂ ਵਿਚ ਚੱਲ ਰਹੀ ‘ਮਿਲ-ਗੋਭਾ ਮਰਿਆਦਾ’ ਦੇਖਦਿਆਂ ਸਵਾਲ ਉਠਦਾ ਹੈ ਕਿ ਜੇ ਪੰਥ ਦੇ ਜਥੇਬੰਦਕ ਕੇਂਦਰਾਂ ਵਿਚ ਹੀ ਕੌਮੀ ਯੱਕ-ਜਹਿਤੀ ਦੀ ਜਾਮਨ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਦੀ ਅਵੱਗਿਆ ਕੀਤੀ ਜਾ ਰਹੀ ਹੈ, ਤਾਂ ਨਿੱਜੀ ਤੌਰ ‘ਤੇ ਭਾਵ ਵਿਅਕਤੀਗਤ ਰੂਪ ਵਿਚ ਇਸ ‘ਤੇ ਕੌਣ ਚੱਲਦਾ ਹੋਵੇਗਾ? ਬੇਸ਼ਕ ਇਸ ਸਵਾਲ ਦਾ ਉਤਰ ਨਿਰਾਸ਼ ਕਰ ਦੇਣ ਵਾਲਾ ਹੀ ਹੋਵੇਗਾ ਪਰ ਗੁਰਵਾਕ ਹੈ,
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ॥
ਸਿੱਖੀ ਦੇ ਲੇਬਲ ਅਧੀਨ ਕਰੇ-ਕਰਾਏ ਜਾ ਰਹੇ ਕਰਮ-ਕਾਂਡਾਂ, ਮਨਮਤਾਂ ਅਤੇ ਬਿਪਰ ਵਰਤਾਰੇ ਦੇ ਪਏ ਘੜਮੱਸ ਵਿਚ ਵੀ ਕੋਈ ਅਜਿਹੇ ਚਾਨਣ ਮੁਨਾਰੇ ਹੁੰਦੇ ਨੇ, ਜਿਹੜੇ ਬਗ਼ੈਰ ਕਿਸੇ ਥੋਥੀ ਪ੍ਰਸਿੱਧੀ ਦੀ ਹੋੜ ਦੇ, ਪੰਥਕ ਮਰਿਆਦਾ ਦੇ ਕੌਮੀ ਬੰਧਾਨ ਵਿਚ ਜੀਵਨ ਗੁਜ਼ਾਰ ਦਿੰਦੇ ਹਨ। ਮਨਘੜਤ ਰਸਮਾਂ-ਰੀਤਾਂ ਦੇ ਬਰਖਿਲਾਫ ਚੱਟਾਨ ਵਾਂਗ ਖੜ੍ਹਦੇ ਹੋਏ ਕੌਮੀ ਮਰਿਆਦਾ ਤੋਂ ਰਾਈ ਭਰ ਵੀ ਇੱਧਰ-ਉਧਰ ਨਹੀਂ ਹੁੰਦੇ। ਇਹ ਗੱਲ ਅਲੱਗ ਹੈ ਕਿ ਤੱਤਿ ਗੁਰਮਤਿ ਨੂੰ ਪ੍ਰਣਾਏ ਅਜਿਹੇ ਗੁਰੂ ਕੇ ਲਾਲ, ਦਿਖਾਵੇ ਜਾਂ ਅਡੰਬਰਾਂ ਤੋਂ ਦੂਰ ਰਹਿ ਕੇ ਸਾਦ ਮੁਰਾਦਾ ਜੀਵਨ ਬਤੀਤ ਕਰ ਜਾਂਦੇ ਹਨ। ਕਿਰਤ ਵਿਰਤ ਕਰਿ ਧਰਮ ਦੀ, ਹੱਥਹੁੰ ਦੇ ਕੇ ਭਲਾ ਮਨਾਉਣ ਵਾਲਾ ਗਾਡੀ ਰਾਹ, ਉਨ੍ਹਾਂ ਨੂੰ ਇੰਨੀ ਵਿਹਲ ਹੀ ਨਹੀਂ ਦਿੰਦਾ ਕਿ ਉਹ ਡੇਰਾਵਾਦੀਆਂ ਵਾਂਗ ਸਵੈ-ਪ੍ਰਚਾਰ ਦੀ ਡੁਗ-ਡੁਗੀ ਵਜਾਉਂਦੇ ਫਿਰਨ; ਜਦ ਕਿ ਤੁਲਨਾਤਮਿਕ ਤੌਰ ‘ਤੇ ਉਨ੍ਹਾਂ ਦਾ ਜੀਵਨ ਸੰਗਰਾਮ, ਰਾਗੀਆਂ, ਢਾਡੀਆਂ ਜਾਂ ਸਾਧ ਬਾਬਿਆਂ ਨਾਲੋਂ ਕਿਤੇ ਵੱਧ ਪੰਥਕ ਰਹਿਤ-ਬਹਿਤ ਦਾ ਅਨੁਸਾਰੀ ਹੁੰਦਾ ਹੈ।
ਅਰਥਾਂ ਸਹਿਤ ਗੁਰਬਾਣੀ ਪੜ੍ਹਦਿਆਂ ਆਪਣਾ ਜੀਵਨ, ਪੰਥਕ ਜੁਗਤਿ ਮੁਤਾਬਕ ਢਾਲਣ ਵਾਲੇ ਅਜਿਹੇ ਹੀ ਮਿਸਾਲੀ ਸੱਜਣ ਸ਼ ਸ਼ਰਧਾ ਸਿੰਘ ਬਾਬਤ ਕੁਝ ਸਤਰਾਂ ਲਿਖ ਰਿਹਾ ਹਾਂ ਜਿਨ੍ਹਾਂ ਨਾਲ ਵਿਚਾਰਧਾਰਾ ਸਾਂਝ ਸਦਕਾ ਮੇਰੀ ਉਨ੍ਹਾਂ ਨਾਲ ਦੋਸਤੀ ਸੀ। ਮੇਰੇ ਆਪਣੇ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਇਤਿਹਾਸਕ ਕਸਬੇ ਰਾਹੋਂ ਨਜ਼ਦੀਕ ਪਿੰਡ ਨੀਲੋਵਾਲ ਦੇ ਵਸਨੀਕ ਸੰਨ 1949 ਵਿਚ ਜਨਮੇ ਭਾਈ ਸ਼ਰਧਾ ਸਿੰਘ ਨੇ ਸ਼ਾਦੀ ਉਪਰੰਤ ਅੰਮ੍ਰਿਤਪਾਨ ਕਰ ਲਿਆ। ਗੁਰਮਤਿ ਅਧਿਐਨ ਦੀ ਮਨਸ਼ਾ ਪੂਰੀ ਕਰਦਿਆਂ ਕੋਰਸ ਪਾਸ ਕਰਿਆ। ਕੋਰਸ ਕਰਦਿਆਂ ਉਹ ਮਿਸ਼ਨਰੀ ਕਾਲਜ ਨਾਲ ਅਜਿਹੇ ਜੁੜੇ ਕਿ ਉਨ੍ਹਾਂ ਆਪਣੇ ਜੀਵਨ ਵਿਚੋਂ ਫੋਟਕ ਕਰਮ ਕਾਂਡਾਂ ਤੇ ਮਨਮਤੀ ਰਸਮੋ-ਰਿਵਾਜ਼ਾਂ ਦਾ ਸਫਾਇਆ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਵੀ ਮੈਨੂੰ ਬਤੌਰ ਅਖੰਡਪਾਠੀ ਉਨ੍ਹਾਂ ਦੇ ਪਿੰਡ ਜਾਣ ਦਾ ਮੌਕਾ ਮਿਲਦਾ, ਉਹ ਅਕਸਰ ਮੇਰੇ ਨਾਲ ਸਿੱਖ ਸਮਾਜ ਵਿਚ ਛਾ ਚੁੱਕੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਦੀਆਂ ਲੰਮੀਆਂ ਗੋਸ਼ਟੀਆਂ ਕਰਦੇ ਰਹਿੰਦੇ। ਖੇਤੀਬਾੜੀ ਦੇ ਕੰਮ-ਧੰਦੇ ਕਰਦਿਆਂ ਉਨ੍ਹਾਂ ਕਦੇ ਵੀ ਗੁਰਬਾਣੀ ਦਾ ਨੇਮ-ਪ੍ਰੇਮ ਨਹੀਂ ਖੁੰਝਾਇਆ।
ਮਿਸ਼ਨਰੀ ਕਾਲਜ ਵਲੋਂ ਛਾਪਿਆ ਜਾਂਦਾ ਧਾਰਮਿਕ ਲਿਟਰੇਚਰ, ਖਾਸ ਕਰ ਕੇ ਮਾਸਿਕ ਮੈਗਜ਼ੀਨ ‘ਸਿੱਖ ਫੁਲਵਾੜੀ’ ਖੁਦ ਪੜ੍ਹਨਾ ਅਤੇ ਹੋਰਾਂ ਨੂੰ ਇਸ ਦੇ ਪਾਠਕ ਬਣਾਉਣਾ, ਭਾਈ ਸ਼ਰਧਾ ਸਿੰਘ ਨੇ ਆਪਣਾ ਮਿਸ਼ਨ ਹੀ ਬਣਾਇਆ ਹੋਇਆ ਸੀ। ਵਿਚਾਰ-ਵਟਾਂਦਰੇ ਦੌਰਾਨ ਖੰਡਨ-ਮੰਡਨ ਕਰਦਿਆਂ ਉਹ ਹਮੇਸ਼ਾ ਹਸੂੰ-ਹਸੂੰ ਕਰਦੇ ਰਹਿੰਦੇ। ਘੁਰ-ਮਰਿਆਦਾ ਤੋਂ ਉਲਟ ਰਸਮਾਂ-ਰਿਵਾਜ਼ਾਂ ‘ਚ ਫਸੇ ਮਨਮਤੀਏ ਲੋਕਾਂ ਨਾਲ ਬਹਿਸ-ਮੁਬਹਿਸਾ ਕਰਦਿਆਂ ਉਹ ਕਦੇ ਤੈਸ਼ ਵਿਚ ਨਹੀਂ ਸਨ ਆਉਂਦੇ, ਸਗੋਂ ਵਿਅੰਗਮਈ ਅੰਦਾਜ਼ ਨਾਲ ਉਹ ਫੋਕਟ ਭਰਮਾਂ ਦੀ ਨਿਖੇਧੀ ਕਰਦੇ ਰਹਿੰਦੇ।
ਇਸੇ ਸਾਲ ਫਰਵਰੀ ਮਹੀਨੇ ਦੀ 17 ਤਰੀਕ ਨੂੰ 65 ਕੁ ਸਾਲ ਦੀ ਉਮਰ ਵਿਚ ਜਦੋਂ ਉਹ ਅਚਾਨਕ ਅਕਾਲ ਚਲਾਣਾ ਕਰ ਗਏ, ਤਦੋਂ ਮੈਂ ਵੀ ਅਮਰੀਕਾ ਤੋਂ ਪਿੰਡ ਪਹੁੰਚਿਆ ਹੋਇਆ ਸਾਂ। ਸਰੀ, ਕੈਨੇਡਾ ਰਹਿੰਦਾ ਉਨ੍ਹਾਂ ਦਾ ਛੋਟਾ ਬੇਟਾ ਹਰਵਿੰਦਰ ਸਿੰਘ ਵੀ ਪਿਤਾ ਦਾ ਸਦੀਵੀ ਵਿਛੋੜਾ ਸੁਣ ਕੇ, ਪਿੰਡ ਰਹਿੰਦੇ ਆਪਣੇ ਵੱਡੇ ਵੀਰ ਮਨਜੀਤ ਸਿੰਘ ਕੋਲ ਪਹੁੰਚਿਆ ਹੋਇਆ ਸੀ। ਦੋਹਾਂ ਸ਼ਾਦੀਸ਼ੁਦਾ ਗੁਰਸਿੱਖ ਭਰਾਵਾਂ ਕੋਲ ਅਫਸੋਸ ਨੂੰ ਬੈਠਿਆਂ, ਮੈਨੂੰ ਸ਼ ਸ਼ਰਧਾ ਸਿੰਘ ਦੀ ਸਿਧਾਂਤਕ ਪਰਪੱਕਤਾ ਬਾਬਤ ਹੋਰ ਬਹੁਤ ਕੁਝ ਅਜਿਹਾ ਸੁਣਨ ਨੂੰ ਮਿਲਿਆ ਜਿਸ ਨੇ ਮੈਨੂੰ ਇਹ ਸਤਰਾਂ ਲਿਖਣ ਲਈ ਮਜਬੂਰ ਕਰ ਦਿੱਤਾ।
ਕਹਿੰਦੇ, ਜਦ ਕਦੇ ਉਹ ਕਿਸੇ ਪ੍ਰਾਣੀ ਦੇ ਦਾਹ ਸੰਸਕਾਰ ਬਾਅਦ ਘਰੇ ਆਉਂਦੇ ਤਾਂ ਆਪਣੇ ਪਰਿਵਾਰ ਜਨਾਂ ਨੂੰ ਸਖ਼ਤ ਹਦਾਇਤਾਂ ਦੇਣ ਲੱਗ ਪੈਂਦੇ ਕਿ ਮੇਰੀ ਮੌਤ ਤੋਂ ਬਾਅਦ ਕੋਈ ਰੋਣ-ਧੋਣ, ਸਿੜ੍ਹੀ-ਸਿਆਪਾ ਨਾ ਕੀਤਾ ਜਾਵੇ। ਨਾ ਹੀ ਕਿਸੇ ਵਹਿਮ ਭਰਮ ‘ਚ ਫਸ ਕੇ ਕੋਈ ਕਰਮ ਕਾਂਡ ਹੀ ਕੀਤਾ ਜਾਵੇ ਜੋ ਸਿੱਖ ਮਰਿਆਦਾ ਦੇ ਉਲਟ ਹੋਵੇ। ਉਹ ਅਕਸਰ ਹੀ ਕਿਹਾ ਕਰਦੇ ਸਨ ਕਿ ਸੁਰੱਖਿਆ ਸੈਨਾਵਾਂ ਦੇ ਜ਼ਾਬਤੇ ਵਾਂਗ ਪ੍ਰਵਾਣਿਤ ਰਹਿਤ ਮਰਿਆਦਾ ਵੀ ਸਿੱਖ ਸਮਾਜ ਲਈ ‘ਕੋਡ ਆਫ ਕੰਡਕਟ’ ਦੀ ਨਿਆਈਂ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਅਵੱਲ ਤਾਂ ਸਾਡੀ ਕੌਮ ਵਿਚੋਂ ਅਜਿਹੀ ਸਿਧਾਂਤਕ ਚੇਤਨਤਾ ਅਤੇ ਦ੍ਰਿੜ੍ਹਤਾ ਲੋਪ ਹੀ ਹੋ ਗਈ ਹੈ, ਪਰ ਜੇ ਕੋਈ ਸ਼ਰਧਾ ਸਿੰਘ ਵਰਗਾ ਵਿਰਲਾ ਟਾਵਾਂ ਸਿੱਖ, ਆਪਣੇ ਚਲਾਣੇ ਮੌਕੇ ਪ੍ਰਚਲਿਤ ਰਸਮਾਂ-ਰੀਤਾਂ ਦੇ ਉਲਟ ਕੁਝ ਇਛਾਵਾਂ ਦੱਸ ਵੀ ਜਾਵੇ, ਤਦ ਉਸ ਦੇ ਪਰਿਵਾਰ ਵਾਲੇ ਇਨ੍ਹਾਂ ਗੱਲਾਂ ਦਾ ਧੂੰਆਂ ਵੀ ਬਾਹਰ ਨਹੀਂ ਨਿਕਲਣ ਦਿੰਦੇ, ਕਿਉਂਕਿ ਉਨ੍ਹਾਂ ਨੂੰ ਭਾਈਚਾਰੇ ਵਿਚ ਆਪਣੇ ‘ਨੱਕ ਨਮੂਜ’ ਦੀ ਚਿੰਤਾ ਹੁੰਦੀ ਹੈ, ਪਰ ਸਦਕੇ ਜਾਈਏ ਸ਼ਰਧਾ ਸਿੰਘ ਦੇ ਦੋਹਾਂ ਪੁੱਤਰਾਂ ਦੇ, ਜਿਨ੍ਹਾਂ ਆਪਣੇ ਬਾਪ ਦੀ ਇਕ-ਇਕ ਹਦਾਇਤ ਨੂੰ ਪੂਰਿਆਂ ਕਰ ਕੇ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥’ ਉਤੇ ਡਟ ਕੇ ਪਹਿਰਾ ਦਿੱਤਾ।
ਉਨ੍ਹਾਂ ਦੇ ਅੰਤਿਮ ਇਸ਼ਨਾਨ ਮੌਕੇ ਸਿਰਫ਼ ਘਰਦਿਆਂ ਵੱਲੋਂ ਹੀ ਵਸਤਰ ਪਹਿਨਾਏ ਗਏ। ਰਿਸ਼ਤੇਦਾਰਾਂ ਨੂੰ ਪਹਿਲੋਂ ਹੀ ਮਨ੍ਹਾ ਕਰ ਦਿੱਤਾ ਗਿਆ ਸੀ। ਅੰਤਿਮ ਸੰਸਕਾਰ ਮੌਕੇ ਸਿੱਖ ਵਿਧਾਨ ਮੁਤਾਬਿਕ ਕੋਈ ਕਪਾਲ-ਕਿਰਿਆ, ਅੱਧ-ਮਾਰਗ, ਫੂਹੜੀ, ਦੀਵਾ ਜਾਂ ਅੰਗੀਠਾ ਕੀਲਣਾ ਵਰਗੀਆਂ ਮਨਮਤਾਂ ਕਤੱਈ ਨਹੀਂ ਕੀਤੀਆਂ ਗਈਆਂ। ਕਾਲਵੱਸ ਹੋ ਚੁੱਕੇ ਸਾਡੇ ਸਿਆਸੀ ਤੇ ਧਾਰਮਿਕ ਮੁਖੀਆਂ ਤੋਂ ਲੈ ਕੇ ਤਮਾਮ ‘ਮਹਾਂ ਪੁਰਸ਼ਾਂ’ ਤੱਕ, ਸਭ ਦੇ ਅਸਤ ਜ਼ਰੂਰ ‘ਪਾਏ’ ਜਾਂਦੇ ਹਨ। ਕਈ ਵਾਰੀ ਇਹ ਬਿਪਰਵਾਦੀ ਰਸਮ ਨਿਭਾਉਣ ਮੌਕੇ, ਅਸਤ-ਯਾਤਰਾ ਨੂੰ ‘ਅਡੰਬਰੀ ਜਲੂਸ’ ਬਣਾ ਦਿੱਤਾ ਜਾਂਦਾ ਹੈ। ਬਹੁਤੀ ਵਾਰ ਕਈ ਵਿਦੇਸ਼ੀਂ ਵਸਦੇ ਸਿੱਖ ਭਰਾ ਵੀ ਆਪਣੇ ਸਕੇ-ਸਬੰਧੀਆਂ ਦੀਆਂ ਹੱਡੀਆਂ ਦੀ ਪੋਟਲੀ ਚੁੱਕੀ, ਉਚੇਚੇ ਤੌਰ ‘ਤੇ ਪਤਾਲ ਪੁਰੀ ਸਾਹਿਬ ਨੂੰ ਭੱਜੇ ਜਾਂਦੇ ਹਨ, ਪਰ ਸ਼ਰਧਾ ਸਿੰਘ ਦੇ ਪੁੱਤਰਾਂ ਨੇ ਆਪਣੇ ਪਿਤਾ ਦੇ ਦਾਹ ਸੰਸਕਾਰ ਉਪਰੰਤ ਸਾਰੀ ਰਾਖ ਚੁੱਕ ਕੇ, ਯੋਗ ਜਿਹੇ ਥਾਂ ਟੋਆ ਪੁੱਟ ਕੇ ਦੱਬ ਦਿੱਤੀ। ਜਿਵੇਂ ਰਹਿਤ ਮਰਿਆਦਾ ਦੇ ਖਰੜੇ ਵਿਚ ‘ਮ੍ਰਿਤਕ ਸੰਸਕਾਰ’ ਦੇ ਸਿਰਲੇਖ ਅਧੀਨ ਹਦਾਇਤ ਲਿਖੀ ਹੀ ਹੋਈ ਹੈ।
ਅੰਤਮ ਅਰਦਾਸ ਸਮੇਂ ਇਲਾਹੀ ਬਾਣੀ ਦੇ ਭੋਗ ਉਪਰੰਤ ਕੀਰਤਨ ਤੋਂ ਇਲਾਵਾ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਆਏ ਹੋਏ ਭਾਈ ਹਰਜੀਤ ਸਿੰਘ ਨੇ ਗੁਰਸ਼ਬਦ ਦੀ ਵਿਆਖਿਆ ਕੀਤੀ। ਨਾ ਹੀ ਇਸ ਮੌਕੇ ਮ੍ਰਿਤਕ ਪ੍ਰਾਣੀ ਦੇ ‘ਨਮਿੱਤ’ ਕੋਈ ਵਸਤਰ-ਬਰਤਨ ਭੇਂਟ ਕਰਨ ਦੀ ‘ਭੇਡ ਚਾਲ’ ਹੀ ਕੀਤੀ ਗਈ ਅਤੇ ਨਾ ਹੀ ‘ਸ਼ਰਧਾਂਜਲੀਆਂ’ ਦੀ ਆੜ ਹੇਠ ਸੰਗਤ ਦਾ ਕੀਮਤੀ ਵਕਤ ਬਰਬਾਦ ਕੀਤਾ ਗਿਆ। ਕਿਉਂ ਜੋ ਭਾਈ ਸ਼ਰਧਾ ਸਿੰਘ ਪੁੱਤਰਾਂ ਨੂੰ ਆਦੇਸ਼ ਦੇ ਗਏ ਸਨ ਕਿ ਮੇਰੇ ਭੋਗ ਮੌਕੇ ਭਾਵੇਂ ਕੋਈ ਕਿੱਡੀ ਵੀ ਵੱਡੀ ‘ਮਹਾਨ ਹਸਤੀ’ ਕਿਉਂ ਨਾ ਆਈ ਹੋਈ ਹੋਵੇ, ਕਿਸੇ ਨੂੰ ਵੀ ਸ਼ਰਧਾਂਜਲੀ ਦੇ ਨਾਂ ਹੇਠ ‘ਗੱਪ ਗੋਸ਼ਟੀ’ ਚਲਾਉਣ ਦੀ ਕਦਾਚਿਤ ਆਗਿਆ ਨਹੀਂ ਦੇਣੀ।
ਉਨ੍ਹਾਂ ਦੇ ਦਰਸ਼ਨੀ ਚਿਹਰਿਆਂ ਮੋਹਰਿਆਂ ਵਾਲੇ ਦੋਹਾਂ ਸੂਝਵਾਨ ਪੁੱਤਰਾਂ ਨੇ ਸਤਿਕਾਰ ਭਰੀ ਭਾਵੁਕਤਾ ਨਾਲ ਦੱਸਿਆ, “ਅੰਕਲ ਜੀ, ਸਾਡੇ ਡੈਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਡੂੰਘਾ ਅਧਿਐਨ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਪ੍ਰੋæ ਸਾਹਿਬ ਸਿੰਘ ਵੱਲੋਂ ਕੀਤੇ ਗਏ ਸਟੀਕ ਦੀਆਂ ਦਸ ਪੋਥੀਆਂ (ਸ੍ਰੀ ਗੁਰੂ ਗ੍ਰੰਥ ਦਰਪਣ) ਘਰੇ ਰੱਖੀਆਂ ਹੋਈਆਂ ਸਨ। ਹੁਣ ਤੱਕ ਉਨ੍ਹਾਂ ਨੇ ਅੱਠ ਪੋਥੀਆਂ ਦਾ ਪਾਠ ਸੰਪੂਰਨ ਕਰ ਲਿਆ ਸੀ। ਸਾਨੂੰ ਸਦੀਵੀ ਵਿਛੋੜਾ ਦੇਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੌਵੀਂ ਪੋਥੀ ਅਰੰਭ ਕੀਤੀ ਸੀ।”
ਇਹ ਗੱਲ ਸੁਣ ਕੇ, ਅਫਸੋਸ ਕਰਨ ਆਏ ਬੈਠੇ ਸਾਰੇ ਸੱਜਣਾਂ ਦਾ ਸ਼ ਸ਼ਰਧਾ ਸਿੰਘ ਦੀ ਯਾਦ ਵਿਚ ਸਿਰ ਝੁਕ ਗਿਆ।
“ਜਿੱਥੇ ਉਹ ਨਿਸ਼ਾਨੀ ਰੱਖ ਗਏ ਨੇ, ਉਥੋਂ ਹੁਣ ਮੈਂ ਪਾਠ ਸ਼ੁਰੂ ਕਰ ਕੇ, ਦੋਵੇਂ ਪੋਥੀਆਂ ਸੰਪੂਰਨ ਕਰਾਂਗਾ।”
ਸ਼ ਸ਼ਰਧਾ ਸਿੰਘ ਦੇ ਵੱਡੇ ਪੁੱਤਰ ਨੇ ਅੱਖਾਂ ਸਾਫ ਕਰਦਿਆਂ ਜਦੋਂ ਇਹ ਆਖਿਆ ਤਾਂ ਉਹਦਾ ਗਲਾ ਭਰ ਆਇਆ!

Be the first to comment

Leave a Reply

Your email address will not be published.