ਵਗਦੇ ਦਰਿਆਵਾਂ ਦੇ ਸੁੱਕੇ ਵਹਿਣ

‘ਰਾਤਾਂ ਕਾਲੀਆਂ ‘ਕੱਲੀ ਨੂੰ ਡਰ ਆਵੇ’ ਗੀਤ ਵਿਚ ਡਰ ਦੇ ਬਹਾਨੇ ਅਸਲ ਵਿਚ ਮਾਹੀ ਨੂੰ ਚੇਤੇ ਕਰਨ ਦਾ ਸੰਕਲਪ ਲੁਕਿਆ ਹੋਇਆ ਸੀ, ਪਰ ਵਰਤਮਾਨ ਯੁੱਗ ਵਿਚ ਜਿਹੜੇ ਹਾਲਾਤ ਹਨ, ਉਨ੍ਹਾਂ ਵਿਚ ਰਾਤਾਂ ਦੀ ਗੱਲ ਤਾਂ ਛੱਡੋ, ਚੰਗਾ ਭਲਾ ਬੰਦਾ ਦਿਨ ਨੂੰ ਆਠੇ ਵਾਂਗ ‘ਕੱਠਾ ਹੋਇਆ ਰਹਿੰਦਾ ਹੈ। ਵਿਗੜੀਆਂ ਹੋਈਆਂ ਜਵਾਨੀਆਂ ਦੇ ਦੌਰ ਵਿਚ ਇਹ ਕਹਿਣਾ ਮਾਇਨਾ ਨਹੀਂ ਰੱਖਦਾ ਕਿ ‘ਜਿੰਦ ਮਾਹੀ ਜੇ ਚੱਲਿਓਂ ਪਰਦੇਸ’æææ ਸਗੋਂ ਸਹਿਮੀ ਹੋਈ ਔਰਤ ਘਰ ਦੀ ਚਾਰ ਦੀਵਾਰੀ ਵਿਚੋਂ ਆਖ ਰਹੀ ਹੈ, ‘ਮਾਹੀਆ ਜੇ ਤੂੰ ਸ਼ਹਿਰ ਨੂੰ ਜਾਣਾ, ਮੈਨੂੰ ‘ਕੱਲੀ ਨਾ ਛੱਡ ਕੇ ਜਾਣਾ’; ਕਿਉਂਕਿ ਔਰਤ ਸਮਝ ਗਈ ਹੈ ਕਿ ਰੱਖੜੀ ਵੀ ਡਰਾਮਾ ਹੈ, ਤੇ ਨਸ਼ੇ ‘ਚ ਧੁੱਤ ਹੋ ਕੇ ਆਥਣੇ ਘਰੇ ਆ ਵੜਨ ਵਾਲਾ ਬਾਬੁਲ ਵੀ ਪਤਾ ਨਹੀਂ ਕੀ ਚੰਦ ਚੜ੍ਹਾ ਦੇਵੇ। ਦੁਖਿਆਰਨ ਧੀਆਂ ਨੂੰ ਹੁਣ ਇੱਜ਼ਤ ਦਾ ਮੁਕੱਦਮਾ ਬਾਪ ਨਾਲ ਵੀ ਲੜਨਾ ਪੈ ਰਿਹਾ ਹੈ। ਹਾਲਾਤ ਹੀ ਦੱਸਦੇ ਹਨ ਕਿ ਕੰਧਾਂ ਨੀਵੀਆਂ ਹੋ ਰਹੀਆਂ ਹਨ ਤੇ ਧੀਆਂ ਉਚੀਆਂ। ਜ਼ਮੀਨੀ ਹਕੀਕਤ ਵਿਚ ਧੀ ਦੀ ਜਿਹੜੀ ਦੁਰਦਸ਼ਾ ਹੋਈ ਹੈ, ਉਹ ਤਾਂ ਕਿਸੇ ਤੋਂ ਛੁਪੀ ਨਹੀਂ ਪਰ ਕੁੱਖ ਵਿਚ ਜਿਹੜੀਆਂ ਛੁਰੀਆਂ ਚੱਲ ਰਹੀਆਂ ਹਨ, ਉਹ ਵਾਰਦਾਤ ਦੇ ਸਾਰੇ ਸਬੂਤ ਹੀ ਨਸ਼ਟ ਕਰ ਰਹੀਆਂ ਹਨ। ਤਾਂ ਹੀ ਸਿਆਣੇ ਕਹਿੰਦੇ ਹਨ ਕਿ ਇਕ ਵਾਰ ਰਾਹ ਤੋਂ ਭਟਕੇ ਨਹੀਂ ਕਿ ਦੁਨੀਆਂ ਧੱਕ ਕੇ ਡੂੰਘੀ ਖਾਈ ਵਿਚ ਸੁੱਟਣ ਲਈ ਕਮਰਕੱਸੇ ਕਰੀ ਬੈਠੀ ਹੈ। ਕਈ ਮਾਂਵਾਂ ਨੇ ਧੀਆਂ ਨੂੰ ਜਨਮ ਤਾਂ ਦਿੱਤਾ ਪਰ ਵਹਿ ਮਾਤਾ ਦੇ ਲਿਖੇ ਲੇਖਾਂ ‘ਤੇ ਸਿਆਹੀ ਡੋਲ੍ਹਣ ਨੂੰ ਵੀ ਆਪਣਾ ਹੀ ਫਰਜ਼ ਸਮਝ ਲਿਆ। ਵਿਗਿਆਨ ਇਹ ਆਖਦਾ ਹੈ ਕਿ ਜਿਹੜੇ ਲੋਕ ਸੈਰ ਨਹੀਂ ਕਰਦੇ, ਉਨ੍ਹਾਂ ਦੇ ਸਰੀਰ ਦੀ ਡਰਾਇੰਗ ਹੀ ਵਿੰਗੀ-ਟੇਡੀ ਨਹੀਂ ਹੁੰਦੀ, ਮਨ ਵੀ ਮੈਲਾ-ਕੁਚੈਲਾ ਹੁੰਦਾ ਹੈ। ਵਿਸ਼ਵਾਸ ਇਹ ਆਖਦਾ ਹੈ ਕਿ ਪਰੀਆਂ ਨੂੰ ਹਾਰ ਸ਼ਿੰਗਾਰ ਦੀ ਜ਼ਰੂਰਤ ਨਹੀਂ ਹੁੰਦੀ ਪਰ ਅੱਜ ਦੇ ਜ਼ਮਾਨੇ ਵਿਚ ਬਿਊਟੀ ਪਾਰਲਰ ਦੇ ਕਾਰਖਾਨੇ ਪਰੀਆਂ ਬਣਾਉਣ ਦਾ ਚੰਗਾ ਕਾਰੋਬਾਰ ਚਲਾ ਰਹੇ ਹਨ। ਜਦੋਂ ਇੱਛਾ ਪੂਰੀ ਹੋ ਜਾਵੇ ਤਾਂ ਜ਼ਿੰਦਗੀ ਇਕ ਤਰ੍ਹਾਂ ਨਾਲ ਮੁਸ਼ਕ ਜਿਹਾ ਹੀ ਮਾਰਨ ਲੱਗ ਪੈਂਦੀ ਹੈ। ਆਪਾਂ ਰੋਜ਼ ਹੀ ਦਾਅਵੇ ਵੇਖਦੇ/ਸੁਣਦੇ ਹਾਂ ਕਿ ਵਿਗਿਆਨਕ ਦੌਰ ਵਿਚ ਪ੍ਰਚਾਰ ਤੇ ਪ੍ਰਸਾਰ ਮਾਧਿਅਮ ਹਰ ਘਟਨਾ ‘ਤੇ ਅੱਖ ਰੱਖ ਰਹੇ ਹਨ। ਇਹ ਘਟਨਾ ਮਨਘੜਤ ਨਹੀਂ ਪਰ ਮੀਡੀਆ ਨੇ ਚਾਰ ਸਤਰਾਂ ਦੀ ਖ਼ਬਰ ਵਿਚ ਗੱਲ ਮੁਕਾ ਦਿੱਤੀ, ਤੇ ਮੈਨੂੰ ਵਿਸਥਾਰ ‘ਚ ਜਾਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਹੈ। ਦਿਮਾਗ ‘ਤੇ ਥੋੜ੍ਹਾ ਬੋਝ ਪਾ ਕੇ ਦੇਖੋ, ਇਹ ਸਭ ਕੁਝ ਹੁਣੇ ਹੋ ਕੇ ਹਟਿਆ ਹੈ। ਮੌਤ ਨੂੰ ਭਜਾਉਣ ਵਿਚ ਰੁੱਝਿਆ ਮਨੁੱਖ ਉਂਜ ਰੋਜ਼ ਹੀ ਮਰ ਰਿਹਾ ਹੈ।

ਐਸ਼ ਅਸ਼ੋਕ ਭੌਰਾ
ਅਖਾਣ ਹੈ ਕਿ ‘ਸਵੇਲੇ ਸੌ ਸੁਵਖਤੇ ਜਾਗ, ਅਕਲ ਤੇ ਧਨ ਦਾ ਲੱਗੇ ਭਾਗ’, ਪਰ ਇਸ ਅਖਾਣ ‘ਤੇ ਵਰਤਮਾਨ ਯੁੱਗ ਵਿਚ ਉਹ ਲੋਕ ਵਧੇਰੇ ਅਮਲ ਕਰ ਰਹੇ ਹਨ ਜਿਨ੍ਹਾਂ ਨੂੰ ਜਾਂ ਤਾਂ ਕੰਮ ‘ਤੇ ਜਾਣ ਦੀ ਕਾਹਲੀ ਹੈ, ਤੇ ਜਾਂ ਫਿਰ ਤੜਕੇ ਉਠ ਕੇ ਉਹ ਲੋਕ ਧੂਫ-ਬੱਤੀ ਕਰਦੇ ਹਨ ਜਿਨ੍ਹਾਂ ਨੇ ਚੋਲਾ ਪਾ ਕੇ ਸ਼ਰੀਫ਼ ਅਤੇ ਦੁਖੀ ਦੀ ਜੇਬ ਵਿਚ ਹੱਥ ਪਾਉਣਾ ਹੁੰਦਾ ਹੈ। ਇਸ ਵਿਉਂਤਬੰਦੀ ਨਾਲ ਪੈਸਾ ਤਾਂ ‘ਕੱਠਾ ਹੋ ਰਿਹਾ ਹੈ ਪਰ ਅਕਲ ਬਾਰੇ ਕੁਝ ਕਹਿਣਾ ਔਖਾ ਹੋ ਗਿਆ ਹੈ। ਇਸ ਨੂੰ ਅਕਲਮੰਦੀ ਕਹਿ ਸਕਦੇ ਹਾਂ? ਜਦੋਂ ਨੇਤਾ ਜੀ ਸਵੇਰੇ ਉਠ, ਅਖ਼ਬਾਰ ਚਮਚਿਆਂ ਮੂਹਰੇ ਕਰ ਕੇ ਆਖਦੇ ਹਨ, ‘ਦੇਖ ਆਪਣਾ ਕਾਰਟੂਨ ਕਿੰਨਾ ਸੋਹਣਾ ਬਣਿਐ’, ਤਾਂ ਉਹ ਕਾਰਟੂਨ ਵਿਚਲੇ ਦੂਜੇ ਪਾਤਰ ਵੱਲ ਧਿਆਨ ਨਹੀਂ ਦਿੰਦਾ ਕਿ ਉਹ ਉਹਦੇ ਪਿੱਛੇ ਜੁੱਤੀ ਲਾਹ ਕੇ ਦੌੜ ਰਿਹਾ ਹੈ। ਸੱਚ ਇਹ ਵੀ ਹੋ ਜਾਂਦਾ ਹੈ ਕਿ ਗੱਲ ਬਣ ਗਈ ਹੈ ਕਿਉਂਕਿ ਦੁਨੀਆਂ ਹੁਣ ਇਨ੍ਹਾਂ ਨੂੰ ਕਾਰਟੂਨ ਹੀ ਸਮਝਣ ਲੱਗ ਪਈ ਹੈ, ਤੇ ਪਤਾ ਵੀ ਝੱਟ ਲੱਗ ਜਾਂਦਾ ਹੈ ਕਿ ਕੌਣ ਨੇਤਾ ਜੀ ਹਨ।
ਜੇ ਗੀਤ ਦੀਆਂ ਪਹਿਲੀਆਂ ਸਤਰਾਂ ਧਿਆਨ ਨਹੀਂ ਖਿੱਚਦੀਆਂ ਤਾਂ ਪੂਰਾ ਗੀਤ ਸੁਣਨ ਦੀ ਉਤਸੁਕਤਾ ਪੈਦਾ ਨਹੀਂ ਹੁੰਦੀ। ਵਾਦਕ ਹੀ ਜਾਣਦਾ ਹੈ ਕਿ ਬੰਸਰੀ ਸੁਰੀਲੀ ਤਾਂ ਹੀ ਹੋਵੇਗੀ ਜੇ ਹਵਾ ਨੂੰ ਬੰਨ੍ਹ ਕੇ ਪੇਸ਼ ਕਰਨ ਦਾ ਹੁਨਰ ਆਉਂਦਾ ਹੋਵੇਗਾ। ਇਸੇ ਲਈ ਬੰਸਰੀ ਦੀ ਗੱਲ ਕਰਨ ਤੋਂ ਪਹਿਲਾਂ ਹੀ ਭਗਵਾਨ ਕ੍ਰਿਸ਼ਨ ਦਾ ਨੂਰ ਭਰਿਆ ਚਿਹਰਾ ਤੁਹਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਕਵਿਤਾ ਨਹੀਂ, ਉਸ ਨੂੰ ਪੇਸ਼ ਕਰਨ ਦਾ ਢੰਗ ‘ਵਾਹ! ਇਰਸ਼ਾਦ!!’ ਆਖਣ ਲਈ ਮਜਬੂਰ ਕਰਦਾ ਹੈ। ਜਦੋਂ ਪੈਸਾ ਖੂਬ ਆਵੇ ਪਰ ਆ ਕੇ ਚਲਾ ਜਾਵੇ ਤਾਂ ਬੰਦਾ ਆਪਣੇ-ਆਪ ਨੂੰ ਪੁੱਛਣ ਲੱਗ ਪੈਂਦਾ ਹੈ ਕਿ ਉਹ ਕੌਣ ਹੈ? ਕਿਉਂਕਿ ਫਿਰ ਝੂਠੀ ਪ੍ਰਸ਼ੰਸਾ ਕਰਨ ਵਾਲਿਆਂ ਦੇ ਢੋਲਕੀ-ਛੈਣੇ ਗੁਆਚ ਗਏ ਹੁੰਦੇ ਹਨ।
ਕਈ ਲੋਕ ਜ਼ਿੰਦਗੀ ਦੇ ਅਜਿਹੇ ਮੋੜ ‘ਤੇ ਮਿਲਦੇ ਹਨ ਕਿ ਤੁਸੀਂ ਲੱਖ ਯਤਨ ਕਰੋ, ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ। ਉਨ੍ਹਾਂ ਨੇ ਖੁਦ ਵੀ ਕਾਰਜ ਤਾਂ ਬਹੁਤ ਚੰਗੇ ਕੀਤੇ ਹੁੰਦੇ ਹਨ ਪਰ ਉਨ੍ਹਾਂ ਦੇ ਪੱਲੇ ਦੁੱਖ ਫਿਰ ਵੀ ਖਿੱਲਾਂ ਵਾਂਗ ਭੱਜੇ ਫਿਰਦੇ ਹਨ। ਧੀਆਂ ਧਨ ਬੇਗਾਨਾ, ਧੀਆਂ ਕੰਜਕਾਂ, ਧੀਆਂ ਧਿਆਣੀਆਂ, ਬੜੇ ਅਲੰਕਾਰ ਇਨ੍ਹਾਂ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ਮਸੂਮ ਜਿੰਦੜੀਆਂ ਨਾਲ ਕਈ ਵਾਰ ਉਹ ਕੁਝ ਹੋ ਜਾਂਦਾ ਹੈ ਕਿ ਪਤਾ ਨਹੀਂ ਲਗਦਾ, ਹੋ ਕਿਉਂ ਰਿਹਾ ਹੈ ਅਤੇ ਕਰ ਕੌਣ ਰਿਹਾ ਹੈ? ਤੇ ਡਾਢਾ ਅੱਖਾਂ ਕਿਉਂ ਮੀਟ ਕੇ ਬੈਠਾ ਹੈ? ਇਹ ਪੜ੍ਹ ਕੇ ਤੁਹਾਨੂੰ ਲੱਗੇਗਾ ਕਿ ਕਈ ਜ਼ਖ਼ਮਾਂ ਨੇ ਸਾਰੀ ਉਮਰ ਅੱਲੇ ਹੀ ਰਹਿਣਾ ਹੁੰਦਾ ਹੈ, ਤੇ ਕਈਆਂ ਕੋਲ ਦੁੱਖਾਂ ਦੀ ਇਕ ਤਰ੍ਹਾਂ ਨਾਲ ਟਕਸਾਲ ਹੀ ਜਮ੍ਹਾਂ ਹੋ ਜਾਣੀ ਹੁੰਦੀ ਹੈ। ਖ਼ੈਰ! ਦਰੋਣਾਚਾਰੀਆ ਦਾ ਨਿਸ਼ਾਨਾ ਨਾ ਉਕਣ ਕਰ ਕੇ ਹੀ ਅਰਜਨ ਤਾਂ ਮਹਾਨ ਤੇ ਮਹਾਂਬਲੀ ਚੇਲਾ ਬਣ ਗਿਆ ਸੀ ਪਰ ਮਾੜੇ ਦੇ ਲੇਖਾਂ ਵਿਚ ਘੱਟਾ ਪਾਉਣ ਵਾਲੇ ਰੱਬ ਨੂੰ ਕੀ ਕਹੀਏ?
ਜਨਕ ਰਾਜ ਆਪਣੀ ਬੱਚੀ ਸੋਨਾਲੀ ਦਾ ਸੱਤਵਾਂ ਜਨਮ ਦਿਨ ਮਨਾ ਰਿਹਾ ਸੀ। ਘਰ ਵਿਚ ਆਂਢ-ਗੁਆਂਢ ‘ਚੋਂ ਚਾਰ-ਪੰਜ ਬੱਚੇ, ਤੇ ਜਨਕ ਦਾ ਦੋਸਤ ਤੇਜਿੰਦਰ ਤੇ ਉਹਦੀ ਵਹੁਟੀ ਵੀ ਆਏ ਹੋਏ ਸਨ। ਜਦੋਂ ਜਨਕ ਦੀ ਘਰਵਾਲੀ ਆਸ਼ਾ, ਮੇਜ਼ ‘ਤੇ ਕੇਕ ਵਿਚ ਮੋਮਬੱਤੀਆਂ ਗੱਡ ਕੇ ਜਗਾਉਣ ਲੱਗੀ ਤਾਂ ਉਹਨੇ ਰੋਕ ਕੇ ਕਿਹਾ, “ਆਸ਼ਾ ਪੰਜ ਮਿੰਟ ਰੁਕ, ਮੈਂ ਗੀਤਾ ਨੂੰ ਲੈ ਆਵਾਂ।”
“ਕੀ ਕਰਦੇ ਓ ਤੁਸੀਂ, ਗੀਤਾ ਕਿਤੇ ਢੇਰ ‘ਤੇ ਖਾਲੀ ਲਿਫ਼ਾਫੇ ਚੁਗ ਰਹੀ ਹੋਣੀ ਐ। ਗੰਦੇ ਕੱਪੜਿਆਂ ਨਾਲ ਉਹਨੂੰ ਵਿਚ ਬਿਠਾਉਗੇ?”
“ਆਸ਼ਾ, ਗੀਤਾ ਵੀ ਤਾਂ ਕਿਸੇ ਦੀ ਧੀ ਆ। ਕੀ ਹੋਇਆ ਜੇ ਗਰੀਬ ਝੁੱਗੀਆਂ ਵਾਲਿਆਂ ਦੇ ਘਰ ਪਲਦੀ ਆ। ਚਿਹਰੇ ‘ਤੇ ਨੂਰ ਦੇਖਿਆ ਉਹਦੇ?” ਤੇ ਜਨਕ ਰਾਜ ਸਾਹਮਣੇ ਝੁੱਗੀਆਂ ‘ਚੋਂ ਗੀਤਾ ਨੂੰ ਬੁਲਾਉਣ ਚਲੇ ਗਿਆ।
ਤੇ ਆਸ਼ਾ ਤੇਜਿੰਦਰ ਦੀ ਪਤਨੀ ਨਾਲ ਗੱਲ ਕਰਨ ਲੱਗੀ, “ਭੈਣੇ ਮੈਂ ਇਨ੍ਹਾਂ ਨੂੰ ਬੜਾ ਰੋਕਿਆ, ਝੁੱਗੀ ਵਾਲਿਆਂ ਦੇ ਇਲਾਕੇ ਜਹਾਂਗੀਰਪੁਰੀ ‘ਚ ਨਾ ਲੈ ਪਲਾਟ ਪਰ ਇਹ ਰੱਬ ਦਾ ਬੰਦਾ ਨ੍ਹੀਂ ਮੰਨਿਆ। ਪਲਾਟ ਲੈ ਕੇ ਆਹ ਦੋ ਕਮਰੇ ਬਣਾ ਕੇ ਹੀ ਹਟਿਆ। ਪਤਾ ਨਹੀਂ, ਜਦ ਦੇਖੋ ਗੀਤਾ, ਗੀਤਾ। ਕੰਮ ਤੋਂ ਆਊ ਤਾਂ ਇਕ ਗੇੜਾ ਉਨ੍ਹਾਂ ਦੇ ਜ਼ਰੂਰ ਮਾਰੂ। ਮਾਂ ਤਾਂ ਗੀਤਾ ਦੀ ਫਿਰ ਵੀ ਥੋੜ੍ਹੀ ਚੰਗੀ ਐ, ਤੇ ਪਿਉ ਤਾਂ ਸ਼ਕਲ ਦੇਖਣ ਨੂੰ ਰੂਹ ਨ੍ਹੀਂ ਕਰਦੀ। ਪਾਨ ਖਾ-ਖਾ, ਬੀੜੀਆਂ ਪੀ-ਪੀ ਕੇ ਮੂੰਹ ਦਾ ਬੁਰਾ ਹਾਲ ਕੀਤਾ ਪਿਐæææ ਲੈ ਆ ਗਈ ਗੀਤਾ।”
ਹੇਠਾਂ ਬਹਿਣ ਲੱਗੀ ਗੀਤਾ ਨੂੰ ਜਨਕ ਨੇ ਸੋਫੇ ‘ਤੇ ਨਾਲ ਹੀ ਬਿਠਾ ਲਿਆ। ਉਹਨੂੰ ਪਲੇਟ ‘ਚ ਆਪ ਕੇਕ ਪਾ ਕੇ ਦਿੱਤਾ, ਤੇ ਜਾਣ ਲੱਗੀ ਨੂੰ ਵੀਹ ਰੁਪਏ ਦਾ ਨੋਟ ਵੀ ਉਹਦੀ ਮੁੱਠੀ ਵਿਚ ਦੇ ਦਿੱਤਾ।
“ਭਾਵੇਂ ਪੰਜਾਹ ਦੇ ਦਿਓ, ਪਰ ਇਹਦੇ ਪਿਉ ਨੇ ਇਸ ਵਿਚਾਰੀ ਤੋਂ ਖੋਹ ਕੇ ਹੈਗੀ ਤਾਂ ਡੱਫਣੀ ਈ ਆ ਰਾਤ ਨੂੰ।” ਆਸ਼ਾ ਨੇ ਫਿਰ ਆਰ ਲਾ ਹੀ ਦਿੱਤੀ।
ਜਨਕ ਰਾਜ ਦਾ ਪਿੰਡ ਤਾਂ ਹੁਸ਼ਿਆਰਪੁਰ ਲਾਗੇ ਸੀ ਪਰ ਉਹ ਪੱਕੇ ਤੌਰ ‘ਤੇ ਹੁਣ ਦਿੱਲੀ ਦਾ ਹੀ ਹੋ ਕੇ ਰਹਿ ਗਿਆ ਸੀ। ਕਲਰਕ ਵਾਲੀ ਸਰਕਾਰੀ ਨੌਕਰੀ ਉਹਦੇ ਰਾਸ ਆ ਗਈ ਸੀ। ਸਤਾਰਾਂ-ਅਠਾਰਾਂ ਸਾਲ ਉਹ ਕਿਰਾਏ ‘ਤੇ ਰਿਹਾ, ਤੇ ਦੋ ਕੁ ਸਾਲ ਤੋਂ ਸੌ ਗਜ਼ ‘ਚ ਉਹਨੇ ਆਪਣਾ ਘਰ ਬਣਾ ਲਿਆ ਸੀ। ਸੋਨਾਲੀ ਨੇ ਭਾਵੇਂ ਆਸ਼ਾ ਦੀ ਕੁੱਖੋਂ ਜਨਮ ਤਾਂ ਨਹੀਂ ਲਿਆ ਸੀ, ਪਰ ਉਹ ਦੋਵੇਂ ਇਸ ਇਕਲੌਤੀ ਧੀ ਦੇ ਪਿਆਰ ‘ਚ ਹਰ ਪਲ ਗਹਿ-ਗੱਚ ਰਹਿੰਦੇ।
ਸੋਨਾਲੀ ਦਿੱਲੀ ਦੇ ਵਧੀਆ ਸਕੂਲ ਵਿਚ ਪੜ੍ਹਨ ਜਾਣ ਲੱਗ ਪਈ ਸੀ। ਜਨਕ ਦਾ ਦਿਲ ਕਰਦਾ ਕਿ ਉਹ ਗੀਤਾ ਨੂੰ ਵੀ ਨਾਲ ਹੀ ਪੜ੍ਹਨ ਲਾਵੇ ਪਰ ਇਹ ਸੰਭਵ ਨਾ ਹੋ ਸਕਿਆ। ਜਨਕ ਰਾਜ ਦੀ ਚੁੱਪ ਵਿਚ ਲੁਕਿਆ ਤਾਂ ਬਹੁਤ ਕੁਝ ਸੀ ਪਰ ਕਈ ਵਾਰ ਜ਼ੁਬਾਨ ਤਾਂ ਹੁੰਦੀ ਹੈ, ਬੱਸ ਆਵਾਜ਼ ਬੰਦ ਹੋ ਗਈ ਹੁੰਦੀ ਹੈ। ਨੰਗੇ ਪੈਰਾਂ ਨਾਲ ਮੈਲੇ-ਕੁਚੈਲੇ ਲੀੜਿਆਂ ਵਿਚ ਘੁੰਮਦੀ ਗੀਤਾ ਨੂੰ ਵੇਖ ਉਹਨੂੰ ਕਈ ਵਾਰ ਇੱਦਾਂ ਲੱਗਦਾ ਸੀ ਜਿਵੇਂ ਗੰਗਾ ਨੂੰ ਧੱਕੇ ਨਾਲ ਗੰਦੇ ਨਾਲ ਵਿਚ ਸੁੱਟਿਆ ਜਾ ਰਿਹਾ ਹੋਵੇ। ਗੀਤਾ ਦੀ ਝੁੱਗੀ ਦੇ ਨਾਲ ਹੀ ਪਾਨ-ਬੀੜੀਆਂ ਵੇਚਣ ਵਾਲੇ ਦੀ ਦੁਕਾਨ ਸੀ, ਹੰਸ ਰਾਜ ਦੀ। ਜਿਸ ਦਿਨ ਜਨਕ ਨੂੰ ਗੀਤਾ ਨਜ਼ਰੀ ਨਾ ਪੈਂਦੀ, ਉਹ ਹੰਸ ਰਾਜ ਤੋਂ ਪੁੱਛਦਾ, “ਕਿਵੇਂæææ ਗੀਤਾ ਠੀਕ ਤਾਂ ਹੈ?” ਉਹ ਬੜੀ ਹੈਰਾਨੀ ਨਾਲ ਜੁਆਬ ਦਿੰਦਾ, “ਹਾਂ, ਇਥੇ ਹੀ ਘੁੰਮਦੀ ਸੀ। ਬੜੀ ਚੰਗੀ ਤੇ ਖੂਬਸੂਰਤ ਕੁੜੀ ਆ ਜਿਵੇਂ ਚੰਨ ਮੱਸਿਆ ਵਾਲੀ ਰਾਤ ਨੂੰ ਚੜ੍ਹ ਪਿਆ ਹੋਵੇ। ਕਾਸ਼! ਕਿਤੇ ਇੱਦਾਂ ਦੀ ਕੁੜੀ ਤੇਰੇ ਵਰਗੇ ਬਾਪ ਦੇ ਘਰ ਹੁੰਦੀ। ਊਂ ਯਾਰ, ਪ੍ਰਤਾਪੀ ਰੁੱਖੀ ਜਨਾਨੀ ਹੀ ਨਹੀਂ, ਚੰਡਾਲ ਵੀ ਹੈ। ਨਿੱਕੀ-ਨਿੱਕੀ ਗੱਲ ਤੋਂ ਵਿਚਾਰੀ ਦਾ ਮੂੰਹ ਚੁਪੇੜਾਂ ਨਾਲ ਭੰਨ ਦਿੰਦੀ ਆ। ਕੱਲ੍ਹ ਗੁੱਤੋਂ ਫੜ ਕੇ ਬਹੁਤ ਕੁੱਟੀ ਕਿ ਤੂੰ ਮੰਜੇ ‘ਤੇ ਪਈ ਆ ਵਿਹਲੀ, ਲਿਫ਼ਾਫੇ ਨ੍ਹੀਂ ਚੁਗਣ ਗਈ। ਸੀ ਗੀਤਾ ਨੂੰ ਬੁਖ਼ਾਰ ਚੜ੍ਹਿਆ ਹੋਇਆ।”
“ਭਲਾ ਕਿੰਨੇ ਕੁ ਦੇ ਲਿਫ਼ਾਫੇ ਚੁਗ ਲੈਂਦੀ ਹੋਵੇਗੀ?” ਜਨਕ ਰਾਜ ਨੇ ਹਉਕਾ ਲੈ ਕੇ ਸੁਆਲ ਪੁੱਛਿਆ।
“ਹਾ ਹੀ ਕੋਈ ਪੰਜ-ਸੱਤ ਰੁਪਏ ਦੇ।”
ਉਦਾਸ ਮੂੰਹ ਲੈ ਕੇ ਜਨਕ ਰਾਜ ਘਰ ਮੁੜ ਪਿਆ। ਉਹਦਾ ਦਿਲ ਕਰੇ, ਅੱਜ ਆਸ਼ਾ ਨੂੰ ਕੁਝ ਦੱਸ ਦਿਆਂ, ਪਰ ਜੀਭ ਫਿਰ ਮੱਲੋਮੱਲੀ ਦੰਦਾਂ ਹੇਠ ਚਲੀ ਗਈ।
ਫਿਰ ਇਕ ਦਿਨ ਗੀਤਾ ਦਾ ਪਿਉ ਮਰ ਗਿਆ ਪਰ ਉਹਨੇ ਅੱਖ ‘ਚੋਂ ਅੱਥਰੂ ਨਾ ਸੁੱਟਿਆ। ਸਸਕਾਰ ਤੋਂ ਮੁੜਦਿਆਂ ਪ੍ਰਤਾਪੀ ਨੇ ਉਹਨੂੰ ਕਿਸੇ ਬਹਾਨੇ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ। ਆਖ ਰਹੀ ਸੀ, “ਕਲਜੋਗਣ ਕਿਸੇ ਥਾਂ ਦੀ। ਤੇਰਾ ਪਿਉ ਹੁੰਦਾ ਤਾਂ ਰੋਂਦੀ ਨਾ। ਉਹੀ ਤੇਰਾ ਦੁੱਖ ਮੰਨਦਾ ਸੀ। ਹੁਣ ਮੈਂ ਕਰੂੰ ਤੈਨੂੰ ਡਾਂਗ ਨਾਲ ਡਾਂਗ ਵਰਗੀ ਸਿੱਧੀæææ ਕਾਲੇ ਮੂੰਹ ਆਲੀ।”
ਇਹ ਗੱਲ ਜਦੋਂ ਹੰਸ ਰਾਜ ਨੇ ਜਨਕ ਨੂੰ ਦੱਸੀ ਤਾਂ ਉਹਦੀਆਂ ਅੱਖਾਂ ਤਰ ਹੋ ਗਈਆਂ, ਜਿਵੇਂ ਰਾਜਸਥਾਨ ਵਿਚ ਝਨਾਂ ਵਗਣ ਲੱਗ ਪਿਆ ਹੋਵੇ।
“ਤੂੰ ਖਿਆਲ ਰੱਖਿਆ ਕਰ।” ਉਹ ਇੰਨਾ ਹੀ ਕਹਿ ਸਕਿਆ।
“ਇਸ ਤੀਵੀਂ ਤੋਂ ਤਾਂ ਰੱਬ ਡਰਦੈ ਜਨਕ ਰਾਜ ਜੀ।” ਹੰਸ ਰਾਜ ਨੇ ਵੀ ਆਪਣੀ ਬੇਵਸੀ ਜ਼ਾਹਿਰ ਕਰ ਦਿੱਤੀ।
ਦਿਨ ਗੁਜ਼ਰਦੇ ਗਏ। ਗੀਤਾ ਗਿਆਰਾਂ-ਬਾਰਾਂ ਸਾਲਾਂ ਦੀ ਹੋ ਗਈ ਸੀ ਪਰ ਮਾਂ ਉਹਦੇ ਨਾਲ ਕੁੱਤੇ-ਖਾਣੀ ਦਿਨੋ-ਦਿਨ ਤੇਜ਼ ਕਰੀ ਜਾ ਰਹੀ ਸੀ। ਮਮਤਾ ਜਿਵੇਂ ਇਸ ਘਰ ਵਿਚ ਕਤਲ ਹੋ ਗਈ ਹੋਵੇ!
ਆਸ਼ਾ ਤੋਂ ਚੋਰੀ ਜਨਕ ਰਾਜ ਗੀਤਾ ਨੂੰ ਦੂਜੇ ਚੌਥੇ ਦਿਨ ਦਸ-ਵੀਹ ਰੁਪਏ ਦਿੰਦਾ ਸੀ। ਪ੍ਰਤਾਪੀ ਇਸ ਗੱਲ ਨੂੰ ਜਾਣਦੀ ਸੀ ਪਰ ਉਹਨੂੰ ਕੀ ਪਤਾ ਸੀ ਕਿ ਇੱਦਾਂ ਅਸਲ ਵਿਚ ਹੋ ਕਿਉਂ ਰਿਹਾ ਹੈ।
ਜਨਕ ਰਾਜ ਉਸ ਦਿਨ ਛੁੱਟੀ ‘ਤੇ ਸੀ। ਦੋ ਕੁ ਵਜੇ ਉਹ ਆਪਣੀ ਮਰੂਤੀ ਕਾਰ ਵਿਚ ਬੇਟੀ ਸੋਨਾਲੀ ਨੂੰ ਸਕੂਲੋਂ ਲੈ ਕੇ ਆਇਆ। ਸੋਨਾਲੀ ਅੱਠਵੀਂ ਜਮਾਤ ‘ਚੋਂ ਪਹਿਲੇ ਨੰਬਰ ‘ਤੇ ਆਉਣ ਕਰ ਕੇ ਵੱਡਾ ਸਨਮਾਨ ਲੈ ਕੇ ਆਈ ਸੀ। ਆਸ਼ਾ ਨੇ ਕਾਰ ਵਿਚੋਂ ਨਿਕਲਦੀ ਧੀ ਨੂੰ ਜਦੋਂ ਕਾਰ ਵਿਚੋਂ ਚੁੱਕ ਕੇ ਗਲੇ ਲਗਾਇਆ, ਮੱਥਾ ਚੁੰਮਿਆ, ‘ਸ਼ਾਬਾਸ਼ ਮੇਰੇ ਪੁੱਤ ਦੇ’ ਕਹਿ ਕੇ ਅੰਦਰ ਜਾਣ ਲੱਗੀ ਤਾਂ ਸਾਹਮਣੇ ਝੁੱਗੀਆਂ ਵਿਚ ਰੌਲਾ ਪੈ ਰਿਹਾ ਸੀ। ਲੋਕ ‘ਕੱਠੇ ਹੋਏ ਪਏ ਸਨ। ਜਨਕ ਰਾਜ ਘਰ ਅੱਗੇ ਹੀ ਕਾਰ ਖੜ੍ਹੀ ਕਰ ਕੇ ਉਧਰ ਭੱਜਿਆ ਤਾਂ ਸੋਨਾਲੀ ਤੇ ਆਸ਼ਾ ਵੀ ਨਾਲ ਹੀ ਚਲੇ ਗਈਆਂ। ਪ੍ਰਤਾਪੀ ਗੀਤਾ ਨੂੰ ਸਾਈਕਲ ਦੇ ਟਾਇਰ ਨਾਲ ਕੁੱਟ ਰਹੀ ਸੀ, ਜਿਵੇਂ ਥਾਣਾ ਝੁੱਗੀਆਂ ‘ਚ ਆ ਗਿਆ ਹੋਵੇ। ਜਨਕ ਰਾਜ ਨੇ ਉਹਦੇ ਹੱਥ ‘ਚੋਂ ਟੁੱਟਿਆ ਟਾਇਰ ਖੋਹ ਕੇ ਕਿਹਾ, “ਕਿਉਂ ਮਾਰਦੀ ਏਂ ਇਸ ਮਸੂਮ ਤੇ ਆਪਣੇ ਜਿਗਰ ਦੇ ਟੋਟੇ ਨੂੰ?”
“ਕਿਹੜਾ ਟੋਟਾæææ ਇਹ ਤਾਂ ਨਿਰਾ ਗੰਦਾ ਆਂਡਾ ਏ। ਜਿੱਦਣ ਦੀ ਸਿਰੋਂ ਨੰਗੀ ਹੋਈ ਆਂ, ਦੁਖੀ ਕੀਤਾ ਪਿਆ ਕੁੱਲਛਣੀ ਨੇ। ਨਾ ਇਹਨੂੰ ਰੋਟੀਆਂ ਪਕਾਉਣੀਆਂ ਆਉਂਦੀਆਂ, ਨਾ ਦਾਲ, ਨਾ ਸਬਜ਼ੀ। ਘਰੋਂ ਨ੍ਹੀਂ ਨਿਕਲਦੀ। ਢਿੱਡੋਂ ਜੰਮੀ ਹੁੰਦੀ ਤਾਂ ਆਖਦੀ, ਢਿੱਡ ਗੰਦਾ ਨਿਕਲਿਆ। ਪਤਾ ਨਹੀਂ ਕਿਹੜੀ ਅਵਸ ਘਰੇ ਚੁੱਕ ਲਿਆਈ ਆਂ। ਵੱਢਦੀ ਆਂ ਇਹਦਾ ਫਾਹਾ।”
ਫੌਜੀ ਜਿਵੇਂ ਜੰਗ ਹਾਰ ਕੇ ਪਰਤ ਆਇਆ ਹੋਵੇ, ਪਰ ਜਨਕ ਰਾਜ ਪ੍ਰਤਾਪੀ ਨੂੰ ਤਾਂ ਕੁਝ ਨਾ ਕਹਿ ਸਕਿਆ, ਊਂ ਮੱਲੋ-ਮੱਲੀ ਗੀਤਾ ਨੂੰ ਘਰੇ ਲੈ ਆਇਆ। ਉਹਦਿਆਂ ਬੁੱਲ੍ਹਾਂ ‘ਤੇ ਨਾ ਰੋਣ ਸੀ, ਨਾ ਅੱਖਾਂ ‘ਚ ਸਿੱਲ੍ਹ। ਉਹ ਸ਼ਾਂਤ ਸੀ। ਆਸ਼ਾ ਵੀ ਉਸ ਦਿਨ ਅੰਦਰ ਤੱਕ ਪਿਘਲ ਗਈ ਸੀ। ਉਹਨੇ ਖਾਣੇ ਨੂੰ ਮੂੰਹ ਨਾ ਲਾਇਆ। ਧੱਕੇ ਨਾਲ ਇਕ ਕੇਲਾ ਖਾ ਕੇ ਆਪਣੇ ਘਰ ਵੱਲ ਇਹ ਕਹਿ ਕੇ ਤੁਰ ਪਈ, “ਮਾਂ ਤਾਂ ਐਵੇਂ ਹੀ ਗੁੱਸੇ ਹੋ ਜਾਂਦੀ ਹੈ।” ਉਹਦੇ ਚਿਹਰੇ ‘ਤੇ ਵੱਜੀਆਂ ਚੁਪੇੜਾਂ ਦੁੱਖ ਦੱਸ ਰਹੀਆਂ ਸਨ ਕਿ ਚੰਦਰਮਾ ਦਾਗੀ ਹੋ ਰਿਹਾ ਹੈ। ਗੀਤਾ ਰੋਕਦਿਆਂ-ਰੋਕਦਿਆਂ ਵੀ ਚਲੇ ਗਈ।
ਅਗਲੇ ਦਿਨ ਮੂੰਹ ਹਨ੍ਹੇਰੇ ਹੀ ਜਨਕ ਰਾਜ ਹੰਸ ਰਾਜ ਨੂੰ ਪੁੱਛਣ ਚਲੇ ਗਿਆ, “ਇੰਨਾ ਮਾਰਿਆ ਕਿਉਂ ਏ ਪ੍ਰਤਾਪੀ ਨੇ ਕੁੜੀ ਨੂੰ?”
ਭਗਵਾਨ ਸ਼ਿਵ ਦੀ ਤਸਵੀਰ ਅੱਗੇ ਧੂਫ ਵਾਲੀ ਬੱਤੀ ਟਿਕਾਉਂਦਿਆਂ ਹੰਸ ਰਾਜ ਜਿਵੇਂ ਬੱਸ ਰੋਣ ਤੋਂ ਹੀ ਰਹਿ ਗਿਆ ਹੋਵੇ। ਆਖਣ ਲੱਗਾ, “ਜਨਕ ਰਾਜ ਜੀ, ਚੰਗਾ ਹੋਵੇ ਜੇ ਇਹ ਕੁੜੀ ਮਰ ਹੀ ਜਾਵੇ।”
“ਕਿਉਂ? ਕੀ ਗੱਲ ਹੋਈ ਸੀ ਕੱਲ੍ਹ?”
“ਯਾਰ ਇਸ ਪ੍ਰਤਾਪੀ ਨੇ ਸੰਗ-ਸ਼ਰਮ ਲਾਹ ਲਈ ਐ। ਜਿੱਦਣ ਦਾ ਇਹਦੇ ਘਰਵਾਲਾ ਰੱਖਾ ਮਰਿਐ, ਇਹਦੇ ਘਰ ਓਪਰੇ ਮਰਦਾਂ ਦਾ ਆਉਣਾ-ਜਾਣਾ ਵਧੀ ਜਾਂਦਾ। ਆਂਢ-ਗੁਆਂਢ ਅੱਕਿਆ ਪਿਐ। ਕੱਲ੍ਹ ਜਦੋਂ ਗੀਤਾ ਢੇਰ/ਕੂੜੇ ਤੋਂ ਗੰਦੇ-ਮੰਦੇ ਲਿਫ਼ਾਫ਼ੇ ਚੁਗ ਕੇ ਘਰ ਆਈ ਤਾਂ ਕਮਰੇ ਨੂੰ ਅੰਦਰੋਂ ਕੁੰਡੀ ਵੱਜੀ ਹੋਈ ਸੀ। ਇਹ ਵਿਚਾਰੀ ਬਾਹਰ ਹੀ ਬੈਠੀ ਰਹੀ। ਘੰਟੇ ਕੁ ਬਾਅਦ ਕੋਈ ਮਰਦ ਅੰਦਰੋਂ ਨਿਕਲਿਆ। ਗੀਤਾ ਵਿਚਾਰੀ ਕੁਛ ਨ੍ਹੀਂ ਬੋਲੀ ਪਰ ਪ੍ਰਤਾਪੀ ਦੇ ਤਾਂ ਅੱਗ ਹੀ ਲੱਗ ਗਈ ਕਿ ਤੂੰ ਐਥੇ ਲੁੱਚੀਏ ਬੈਠੀ ਕੀ ਕਰਦੀ ਏਂ। ਮਸੂਮ ਢੋਲ ਵਾਂਗ ਕੁੱਟ’ਤੀ, ਤੂੰ ਵੇਖ ਹੀ ਲਿਆ ਸੀ।”
“ਇਹਦਾ ਗਲ ਈ ਨਾ ਘੁੱਟ ਦਈਏ?”
“ਲੁੱਚੀ ਔਰਤ ਦੇ ਤਾਂ ਕੋਈ ਪੈਰਾਂ ਵਲੋਂ ਨ੍ਹੀਂ ਲੰਘਦਾ। ਨਾਲੇ ਹੋਰ ਸੁਣæææ ਗਲੀ-ਗੁਆਂਢ ਕੰਨਾਂ ‘ਚ ਫੂਕਾਂ ਮਾਰਦੈ ਕਿ ਧੀ ਨੂੰ ਆਪਣੇ ਵਾਲੇ ਪੁੱਠੇ ਕੰਮ ਵਿਚ ਪਾਉਣ ਨੂੰ ਫਿਰਦੀ ਹੈ। ਗੀਤਾ ਵਿਰੋਧ ਕਰਦੀ ਐ ਤਾਂ ਛਿੱਲ ਲਹਿੰਦੀ ਆ ਵਿਚਾਰੀ ਦੀ ਰੋਜ਼।”
ਜਿਵੇਂ ਸੁਦਾਮੇ ਦੇ ਸੱਤੂ ਖਿਲਰ ਗਏ ਹੋਣ। ਜਨਕ ਰਾਜ ਜਿਵੇਂ ਪੱਥਰ ਹੋ ਗਿਆ ਸੀ। ਇੰਨਾ ਦੁੱਖ ਸ਼ਾਇਦ ਕੋਈ ਸਕਾ ਬਾਪ ਵੀ ਧੀ ਦਾ ਨਾ ਮੰਨਦਾ ਹੋਵੇ।
ਦੋ ਕੁ ਦਿਨਾਂ ਬਾਅਦ ਜਨਕ ਰਾਜ ਆਪਣੇ ਪਰਿਵਾਰ ਨਾਲ ਪੰਜਾਬ ਕਿਸੇ ਵਿਆਹ ‘ਚ ਸ਼ਾਮਲ ਹੋਣ ਚਲੇ ਗਿਆ ਪਰ ਉਹਨੇ ਆਪਣੀ ਪਤਨੀ ਨੂੰ ਕਿਹਾ, “ਆਸ਼ਾ, ਆਪਾਂ ਆ ਕੇ ਗੀਤਾ ਨੂੰ ਆਪਣੇ ਨਾਲ ਹੀ ਰੱਖ ਲੈਣੈ। ਜਿਥੇ ਇਕ ਵਿਆਹੁਣੀ ਆ, ਦੂਜੀ ਵੀ ਵਿਆਹ ਦਿਆਂਗੇ।”
ਪਰæææ ਜਦੋਂ ਉਹ ਗਿਆਰਵੇਂ ਦਿਨ ਘਰ ਪਰਤੇ ਤਾਂ ਸਾਹਮਣੇ ਝੁੱਗੀਆਂ ਵਿਚ ਵਾਜਾ ਵੱਜ ਰਿਹਾ ਸੀ। ਉਹ ਭੱਜ ਕੇ ਦੁਕਾਨ ‘ਤੇ ਗਿਆ, ਤੇ ਹੰਸ ਰਾਜ ਨੂੰ ਪੁੱਛਿਆ, “ਵਿਆਹ ਕਿਹਦਾ ਏ ਯਾਰ, ਜੰਞ ਕੀਹਦੀ ਆਈ ਐ?”
“ਗੀਤਾ ਦਾ।”
“ਹੈਂ! ਇਹ ਤਾਂ ਮਸਾਂ ਚੌਦਾਂ ਸਾਲਾਂ ਦੀ ਹੈ। ਜਦੋਂ ਉਹਨੇ ਫੇਰੇ ਹੁੰਦੇ ਵੇਖੇ, ਤਾਂ ਕਾਲਜਾ ਜਿਵੇਂ ਟੁਕੜਿਆਂ ਵਿਚ ਵੰਡਿਆ ਗਿਆ ਹੋਵੇ। ਲਾੜਾ ਪੰਜਾਹਾਂ ਤੋਂ ਉਪਰ ਦਾ ਹੋਵੇਗਾ। ਬੁੱਢਾ ਪੌਲਾ, ਜਾਭਾਂ ਅੰਦਰ, ਤੇ ਦੰਦ ਕਰੇਲੇ ਦੇ ਬੀਆਂ ਵਰਗੇ। ਫੇਰੇ ਮੁੱਕੇ ਤਾਂ ਉਹ ਝੁੱਗੀ ਅੰਦਰ ਵੜੀ ਗੀਤਾ ਦੇ ਗਲ ਲੱਗ ਕੇ ਫਿਸ ਪਿਆ। ਉਹਨੇ ਹੌਲੀ ਦੇਣੀ ਉਹਦੇ ਕੰਨ ਵਿਚ ਕਿਹਾ, “ਗੀਤਾ, ਮੈਂ ਪੁਲਿਸ ਬੁਲਾਉਣ ਲੱਗਾ ਹਾਂ। ਤੂੰ ਨਾ-ਬਾਲਗ ਏ, ਤੇਰਾ ਵਿਆਹ ਨਹੀਂ ਹੋ ਸਕਦਾ।”
ਪਹਿਲੀ ਵਾਰ ਜਿਵੇਂ ਦੁੱਖ ਪਿਘਲ ਗਿਆ ਹੋਵੇ। ਗੀਤਾ ਨੇ ਤਰਲਾ ਕੀਤਾ, “ਅੰਕਲ, ਮੇਰੀ ਕਿਸਮਤ ‘ਚ ਰੋੜਾ ਨਾ ਬਣਿਓ। ਥੋਨੂੰ ਮੇਰੀ ਸਹੁੰ। ਇੱਦਾਂ ਨਾ ਕਰਿਓ।”
ਜਨਕ ਰਾਜ ਇਕ ਵਾਰ ਫਿਰ ਲਾਚਾਰ ਹੋ ਗਿਆ। ਇਹ ਸੋਚ ਕੇ, ਕਿ ਸ਼ਾਇਦ ਰੱਬ ਇਸੇ ਬਹਾਨੇ ਉਹਦੇ ਸੰਕਟ ਕੱਟ ਦੇਵੇਗਾ।
ਬਰਾਤ ਚਲੇ ਗਈ। ਗੀਤਾ ਵਿਦਾ ਹੋ ਗਈ।
ਫਿਰ ਖ਼ਬਰ ਆਈ, ਗੀਤਾ ਦੇ ਬੱਚੀ ਹੋਈ ਆ। ਤੇ ਦੋ ਕੁ ਸਾਲ ਵਿਚ ਉਹ ਦੋ ਬੱਚੀਆਂ ਦੀ ਮਾਂ ਬਣ ਗਈ।
ਇਕ ਦਿਨ ਹਾਲੇ ਜਨਕ ਰਾਜ ਦਫ਼ਤਰ ਪੁੱਜਿਆ ਹੀ ਸੀ ਕਿ ਆਸ਼ਾ ਨੇ ਫੋਨ ਕੀਤਾ, “ਜਲਦੀ ਆ ਜਾਓ, ਪ੍ਰਤਾਪੀ ਰੋ ਰਹੀ ਐ। ਗੀਤਾ ਨੇ ਕੁਛ ਖਾ ਲਿਆ। ਉਹਦੀ ਹਾਲਤ ਨਾਜ਼ੁਕ ਹੈ।”
ਅੰਨ੍ਹੇਵਾਹ ਕਾਰ ਚਲਾ ਕੇ ਉਹ ਵਾਪਿਸ ਘਰ ਆਇਆ।
ਆਪਣੇ ਦੋਸਤ ਤੇਜਿੰਦਰ ਨੂੰ ਵੀ ਬੁਲਾ ਲਿਆ। ਆਸ਼ਾ ਨਾਲ ਚੱਲ ਪਈ, ਪਰ ਪ੍ਰਤਾਪੀ ਦੇ ਤਰਲੇ ਕਰਨ ‘ਤੇ ਵੀ ਜਨਕ ਨੇ ਉਹਨੂੰ ਕਾਰ ‘ਚ ਨਾ ਬਿਠਾਇਆ।
ਹਸਪਤਾਲ ਪੁੱਜੇ, ਗੀਤਾ ਸ਼ਾਂਤ ਪਈ ਸੀ। ਜਨਕ ਨੇ ਜਦੋਂ ‘ਪੁੱਤ ਗੀਤਾ’ ਕਹਿ ਕੇ ‘ਵਾਜ਼ ਮਾਰੀ ਤਾਂ ਉਹਨੇ ਬੜੀ ਜ਼ੋਰ ਦੀ ਅੱਖਾਂ ਪੁੱਟੀਆਂ। ਦੋ ਅੱਥਰੂ ਟਪਕੇ, ਜਿਵੇਂ ਦਰਦ ਦਾ ਸਮੁੰਦਰ ਵੀ ਸੁੱਕ ਗਿਆ ਹੋਵੇ। ਤੇ ਨਾਲ ਹੀ ਭੌਰ ਉਡਾਰੀ ਮਾਰ ਗਿਆ। ਅੱਗੇ ਕੀ ਹੋਣਾ ਸੀ, ਤੇ ਕੀ ਹੋਇਆ, ਸਭ ਕੁਝ ਛੱਡ ਕੇ ਜਨਕ ਵਾਪਸ ਪਰਤ ਪਿਆ। ਉਹਨੇ ਕਾਰ ਚਲਾਉਣ ਆਪਣੇ ਦੋਸਤ ਨੂੰ ਲਾ ਦਿੱਤਾ। ਚਾਰ ਕੁ ਮੀਲ ਕਾਰ ਚਲਾ ਕੇ ਉਹਨੇ ਤੇਜਿੰਦਰ ਨੂੰ ਕਿਹਾ, “ਕਾਰ ਆਹ ਦਰਖ਼ਤ ਹੇਠ ਲਗਾ ਲੈ।”
ਉਹ ਰੱਜ ਕੇ ਰੋਇਆ, ਤੇ ਜਦੋਂ ਭਾਰ ਹਲਕਾ ਹੋਇਆ ਤਾਂ ਕਹਿਣ ਲੱਗਾ, “ਕੌਰਵਾਂ-ਪਾਂਡਵਾਂ ਵਾਲੇ ਮਹਾਂਭਾਰਤ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜੋ ਗੀਤਾ ਦਾ ਮਹਾਂਭਾਰਤ ਮੇਰੇ ਅੰਦਰ ਉਬਾਲੇ ਮਾਰ ਰਿਹਾ ਹੈ, ਉਹ ਸੁਣ ਲਵੋ ਅੱਜ ਕੰਨ ਖੋਲ੍ਹ ਕੇ।”
ਬੰਬ ਜਿਵੇਂ ਬਿਨਾਂ ਫੀਤੇ ਨੂੰ ਅੱਗ ਲਾਇਆਂ ਚੱਲ ਪਿਆ ਹੋਵੇ।
“ਤੇਜਿੰਦਰ ਤੈਨੂੰ ਤਾਂ ਪਤਾ ਹੀ ਹੈ ਸੋਨਾਲੀ ਸਾਡੀ ਗੋਦ ਲਈ ਧੀ ਹੈ। ਇਹ ਸਾਡੀ ਜ਼ਿੰਦਗੀ ਵਿਚ ਆਈ ਕਿਵੇਂ? ਸੁਣæææ ਜਦੋਂ ਮੈਂ ਮਕਾਨ ਬਣਾ ਰਿਹਾ ਸਾਂ, ਪਿਛਲੇ ਪਾਸੇ ਵਗਦੇ ਸੂਏ ਨਾਲ ਉਜਾੜ ਜਿਹਾ ਸੀ। ਇਕ ਦਿਨ ਮੈਂ ਵੇਖਿਆ, ਇਸ ਉਜਾੜ ਵਿਚ ਸੁੱਕੇ ਦਰਖ਼ਤ ਨਾਲ ਪੰਘੂੜਾ ਲਟਕ ਰਿਹਾ ਹੈ। ਮਕਾਨ ਬਣਾਉਣ ਵਾਲੇ ਮਿਸਤਰੀਆਂ ਨੂੰ ਮੈਂ ਪੁੱਛਿਆ ਕਿ ਔਹ ਦਰਖ਼ਤ ਲਾਲ ਪੀਂਘ ਜਿਹੀ ਕੀ ਲਟਕ ਰਹੀ ਹੈ। ਉਹ ਆਂਹਦੇ, ਬੱਸ ਕੁਛ ਹੀ ਦਿਨਾਂ ਤੋਂ ਅਸੀਂ ਵੇਖੀ ਹੈ। ਸੁਣਦੇ ਹਾਂ, ਇਹ ਪੀਂਘ ਨਹੀਂ, ਪਘੂੰੜਾ ਹੈ। ਲੋਕ ਇਸ ਵਿਚ ਨਾਜਾਇਜ਼ ਔਲਾਦ ਰਾਤ-ਬ-ਰਾਤੇ ਰੱਖ ਜਾਂਦੇ ਹਨ। ਮੈਂ ਮਨ ‘ਚ ਸੋਚਿਆ ਸ਼ਾਇਦ ਸਾਡੀ ਝੋਲੀ ਪੰਘੂੜਾ ਹੀ ਭਰ ਦੇਵੇ। ਇਕ ਰਾਤ ਮੈਂ ਆਪਣੇ ਬਣਦੇ ਮਕਾਨ ਕੋਲ ਜਾਣ ਬੁੱਝ ਕੇ ਅੱਧੀ ਰਾਤ ਕਰ ਲਈ। ਕਾਰ ਮੈਂ ਇਥੇ ਹੀ ਲਾ ਕੇ ਇਕ ਦਰਖ਼ਤ ਨਾਲ ਲੁਕ ਕੇ ਖਲੋ ਗਿਆ। ਹਾਲੇ ਮੈਨੂੰ ਅੱਧਾ ਕੁ ਘੰਟਾ ਹੀ ਮਸਾਂ ਹੋਇਆ ਸੀ ਕਿ ਇਕ ਮਹਿੰਗੀ ਕਾਰ ਆ ਕੇ ਰੁਕ ਗਈ। ਕਾਰ ਵਿਚੋਂ ਇਕ ਔਰਤ ਉਤਰੀ, ਤੇ ਉਹ ਪੰਘੂੜੇ ਵਿਚ ਕੁਝ ਸੁੱਟ ਕੇ ਉਨ੍ਹੀਂ ਪੈਰੀਂ ਵਾਪਸ ਕਾਰ ‘ਚ ਜਾ ਬੈਠੀ। ਵੇਖਦਿਆਂ ਹੀ ਕਾਰ ਹਨ੍ਹੇਰੇ ‘ਚ ਗੁੰਮ ਹੋ ਗਈ। ਇਸ ਤੋਂ ਪਹਿਲਾਂ ਕਿ ਮੈਂ ਪੰਘੂੜੇ ਵੱਲ ਜਾਂਦਾ, ਝਾੜੀ ਵਿਚੋਂ ਇਕ ਜੋੜਾ ਜੋ ਸ਼ਾਇਦ ਪਹਿਲਾਂ ਹੀ ਨਿਸ਼ਾਨਾ ਲਾਈ ਬੈਠਾ ਸੀ, ਉਠ ਖੜ੍ਹਾ ਹੋਇਆ। ਮਰਦ ਤਾਂ ਉਥੇ ਹੀ ਖੜ੍ਹਾ ਰਿਹਾ, ਪਰ ਔਰਤ ਪੰਘੂੜੇ ਕੋਲ ਜਾ ਕੇ ਕਹਿਣ ਲੱਗੀ, “ਦੋ ਨੇ।”
ਉਹ ਆਂਹਦਾ, “ਇਕ ਮੁੰਡਾ ਹੋਵੇਗਾ।”
“ਨਹੀਂ, ਦੋਵੇਂ ਕੁੜੀਆਂ ਹੀ ਨੇ।”
“ਅਸੀਂ ਦੋ ਸਿਰ ਮਾਰਨੀਆਂ। ਤੂੰ ਇਕ ਚੁੱਕ ਲਿਆ।”
ਉਹ ਘੁੰਮ ਕੇ ਨਿਕਲੇ ਤਾਂ ਦੂਜੀ ਕੁੜੀ ਮੈਂ ਚੁੱਕ ਲਿਆਇਆ।
ਜਦੋਂ ਮੈਂ ਉਹ ਕੁੜੀ ਲੈ ਕੇ ਕਾਰ ਕੋਲ ਆਇਆ ਤਾਂ ਵੇਖਿਆ, ਪਹਿਲੀ ਕੁੜੀ ਚੁੱਕਣ ਵਾਲਾ ਜੋੜਾ ਸਾਹਮਣੇ ਝੁੱਗੀ ਵਿਚ ਵੜਨ ਲੱਗਾ ਤਾਂ ਫੁੱਲਾਂ ਵਾਲੀ ਸਾੜੀ ਪਹਿਨੀ ਔਰਤ ਮੈਂ ਪਛਾਣ ਲਈ ਕਿ ਇਹ ਤਾਂ ਸਾਹਮਣੇ ਹੀ ਰਹਿੰਦੀ ਹੈ।
“ਅੱਛਾ! ਉਹ ਪ੍ਰਤਾਪੀ ਸੀ?” ਤੇਜਿੰਦਰ ਨੇ ਵਿਚੋਂ ਸਵਾਲ ਕੀਤਾ।
“ਹਾਂ।”
“ਤੇ ਗੀਤਾ ਤੇ ਸੋਨਾਲੀ ਭੈਣਾਂ ਹੀ ਹਨ?”
“ਹਾਏ ਓਏ ਮੇਰਿਆ ਰੱਬਾ! ਇਹਦਾ ਕਿਤੇ ਲੂਹ ਹੋ ਜਾਏ ਕਾਲਜਾ। ਪੈਣ ਕਿਤੇ ਦਿਮਾਗ ‘ਚ ਛਾਲੇ।” ਧਾਹਾਂ ਮਾਰਦੀ ਆਸ਼ਾ ਨੇ ਕਿਹਾ, “ਤੁਸੀਂ ਭੇਤ ਕਿਉਂ ਲੁਕਾ ਕੇ ਰੱਖਿਆæææ ਮੈਂ ਤਾਂ ਉਦੋਂ ਹੀ ਗੀਤਾ ਨੂੰ ਦੂਜੀ ਧੀ ਬਣਾ ਲੈਂਦੀ।”
ਤੇ ਹੁਣ ਕਾਰ ਚਲਾਉਣ ਦੀ ਦੋਹਾਂ ਦੋਸਤਾਂ ‘ਚ ਹਿੰਮਤ ਨਹੀਂ ਸੀ।
ਲਗਦਾ ਨਹੀਂ, ਦਰੋਪਤੀ ਨਾਲ ਹਰ ਮਹਾਂਭਾਰਤ ਵਿਚ ਇੱਦਾਂ ਹੀ ਹੋਣਾ ਹੁੰਦੈ!
______________________________
ਗੱਲ ਬਣੀ ਕਿ ਨਹੀਂ
ਘੜੇ ਤੋਂ ਕੌਲਾ
ਇਹ ਮਿਸਲ ਮਸ਼ਹੂਰ ਹੈ ਜੱਗ ਉਤੇ ਕਿ ਚੜ੍ਹਤ ਸਦਾ ਬਣਾਈ ਪੰਜਾਬੀਆਂ ਨੇ।
ਜਦੋਂ ਦੇਸ਼ ਜਾਂ ਕੌਮ ‘ਤੇ ਪਈ ਬਿਪਤਾ, ਡਾਂਗ ਪਹਿਲਾਂ ਖੜਕਾਈ ਪੰਜਾਬੀਆਂ ਨੇ।
ਭਗਤ, ਊਧਮ, ਸਰਾਭੇ ਨੇ ਸ਼ੇਰ ਬਣ ਕੇ ਜਿੰਦ ਤਲੀ ਟਿਕਾਈ ਪੰਜਾਬੀਆਂ ਨੇ।
ਜਦੋਂ ਔਰੰਗੇ ਤੋਂ ਜੰਜੂ ਨੂੰ ਪਿਆ ਖਤਰਾ ਤਾਂ ਸੀਸ ਭੇਟ ਚੜ੍ਹਾਈ ਪੰਜਾਬੀਆਂ ਨੇ।
ਜਦੋਂ ਕਦੇ ਅਬਦਾਲੀਆਂ ਅੱਤ ਕੀਤੀ, ਚੁੰਨੀ ਫੇਰ ਛੁਡਾਈ ਪੰਜਾਬੀਆਂ ਨੇ।
ਜੰਗ ਚੀਨ ਤੇ ਪਾਕਿ ਨਾਲ ਜਦ ਹੋਈ, ਫਿਰਕੀ ਪੂਰੀ ਘੁਮਾਈ ਪੰਜਾਬੀਆਂ ਨੇ।
ਸਿਗਨਲ ਦਿੱਤਾ ਏ ਫੇਰ ਇਕ ਅਣਖ ਵਾਲਾ, ਕਿੱਦਾਂ ਦੋਖੀ ਦੇ ਜੜ੍ਹਾਂ ਵਿਚ ਅੱਕ ਦੇਣਾ।
ਦੇਸ਼ ਵਾਸੀਓਂ ਥੋਤੋਂ ਨਹੀਂ ਚੱਕ ਹੋਇਆ, ਅਸੀਂ ਘੜੇ ਤੋਂ ਕੌਲਾ ਚੱਕ ਦੇਣਾ।

Be the first to comment

Leave a Reply

Your email address will not be published.