ਮਈ ਦਾ ਮਹੀਨਾ ਸੰਸਾਰ ਦੇ ਉਘੇ ਵਿਦਵਾਨ ਕਾਰਲ ਮਾਰਕਸ ਦੇ ਜਨਮ ਦਿਨ ਵਾਲਾ ਮਹੀਨਾ ਹੈ। ਉਹਦਾ ਜਨਮ 5 ਮਈ 1818 ਨੂੰ ਜਰਮਨੀ ਵਿਚ ਹੋਇਆ ਸੀ। ਉਸ ਨੇ ਸੰਸਾਰ ਨੂੰ ਦੋ ਅਜਿਹੀਆਂ ਅਦੁੱਤੀ ਰਚਨਾਵਾਂ ‘ਦਿ ਕਮਿਊਨਿਸਟ ਮੈਨੀਫੈਸਟੋ’ ਤੇ ‘ਦਾਸ ਕੈਪੀਟਲ’ ਦਿੱਤੀਆਂ ਜਿਸ ਨੇ ਸੰਸਾਰ ਭਰ ਵਿਚ ਤਰਥੱਲੀ ਮਚਾ ਦਿੱਤੀ। ਉਸ ਦੀਆਂ ਇਨ੍ਹਾਂ ਰਚਨਾਵਾਂ ਦਾ ਨਿਚੋੜ ਸਰਬੱਤ ਦਾ ਭਲਾ ਹੈ। ਉਸ ਦੀਆਂ ਰਚਨਾਵਾਂ ਨੂੰ ਆਧਾਰ ਬਣਾ ਕੇ ਰੂਸੀ ਲੀਡਰ ਲੈਨਿਨ ਨੇ ਸੰਸਾਰ ਦਾ ਪਹਿਲਾ ਇਨਕਲਾਬ ਲਿਆਂਦਾ ਜਿਸ ਨੇ ਸੰਸਾਰ ਭਰ ਦੇ ਨਿਤਾਣਿਆਂ ਅਤੇ ਨਿਮਾਣਿਆਂ ਲਈ ਆਸ ਦੀ ਕਿਰਨ ਜਗਾਈ। ਨਾਸਤਿਕ ਹੋਣ ਕਰ ਕੇ ਮਾਰਕਸ ਨੂੰ ਬੜੀਆਂ ਔਕੜਾਂ ਵਿਚੋਂ ਲੰਘਣਾ ਪਿਆ ਪਰ ਜਿਸ ਤਰ੍ਹਾਂ ਦਾ ਸਿਧਾਂਤ ਉਹ ਮਨੁੱਖ ਜਾਤੀ ਲਈ ਦੇ ਗਿਆ, ਉਹ ਲਾ-ਜਵਾਬ ਹੈ। ਇਸੇ ਕਰ ਕੇ ਹੁਣ ਤੱਕ ਸੈਂਕੜੇ-ਹਜ਼ਾਰਾਂ ਕਿਤਾਬਾਂ ਮਾਰਕਸ ਅਤੇ ਉਸ ਦੇ ਸਿਧਾਂਤ ਬਾਰੇ ਆ ਚੁੱਕੀਆਂ ਹਨ। ਸਾਲ 2011 ਵਿਚ ਅਮਰੀਕੀ ਲੇਖਕਾ ਮੇਰੀ ਜਬਰੀਲ ਨੇ ਕਾਰਲ ਮਾਰਕਸ ਤੇ ਉਸ ਦੇ ਜੀਵਨ ਬਾਰੇ ਕਿਤਾਬ ਲਿਖੀ- ‘ਲਵ ਐਂਡ ਕੈਪੀਟਲ।’ ਇਸ ਕਿਤਾਬ ਨੂੰ ਆਧਾਰ ਬਣਾ ਕੇ ਪ੍ਰੋæ ਹਰਪਾਲ ਸਿੰਘ ਪੰਨੂ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਇਸ ਕਰ ਕੇ ਵੀ ਦਿਲਚਸਪ ਹੈ ਕਿ ਇਹ ਆਸਤਿਕ ਚਿੰਤਕ ਵਲੋਂ ਨਾਸਤਿਕ ਚਿੰਤਕ ਬਾਰੇ ਲਿਖਿਆ ਗਿਆ ਹੈ। ਇਸ ਲੇਖ ਦੀ ਪਹਿਲੀ ਲੜੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: 91-94642-51454
ਮੇਰੀ ਜਬਰੀਲ ਅਮਰੀਕਾ ਅਤੇ ਫਰਾਂਸ ਦੇ ਵਿਸ਼ਵ ਵਿਦਿਆਲਿਆਂ ਵਿਚ ਪੜ੍ਹੀ, ਤੇ ਉਹਨੇ ਖਬਰ ਏਜੰਸੀ ਰਾਇਟਰਜ਼ ਦੀ ਸੰਪਾਦਕ ਵਜੋਂ ਦੋ ਦਹਾਕੇ ਵਾਸ਼ਿੰਗਟਨ ਅਤੇ ਲੰਡਨ ਵਿਚ ਬਿਤਾਏ। ਹੁਣ ਉਹ ਇਟਲੀ ਦੀ ਵਸਨੀਕ ਹੈ। ਕਾਰਲ ਮਾਰਕਸ ਦੇ ਜੀਵਨ ਉਤੇ ਉਸ ਦੀ ਕਿਤਾਬ Ḕਲਵ ਐਂਡ ਕੈਪੀਟਲḔ 2011 ਵਿਚ ਆਈ ਜੋ ਲਿਟਲ ਬ੍ਰਾਊਨ ਐਂਡ ਕੰਪਨੀ ਨੇ ਨਿਊ ਯਾਰਕ ਤੋਂ ਛਾਪੀ ਹੈ। ਮਾਰਕਸ ਉਪਰ ਲਿਖੀਆਂ ਗਈਆਂ ਜੀਵਨੀਆਂ ਦੀ ਘਾਟ ਨਹੀਂ ਪਰ 700 ਪੰਨਿਆਂ ਦੀ ਇਸ ਕਿਤਾਬ ਦੀ ਇਹੋ ਵਿਲੱਖਣਤਾ ਹੈ ਕਿ ਪੂਰਬਲੇ ਸਾਰੇ ਜੀਵਨੀ ਸਾਹਿਤ ਦਾ ਸਰਵੇਖਣ ਕਰ ਕੇ, ਮਾਰਕਸ ਪਰਿਵਾਰ ਦੇ ਜੀਆਂ ਨੂੰ ਮਿਲ ਕੇ ਉਹਨੇ ਪ੍ਰਬੁੱਧ ਸ਼ਿਲਪਕਾਰ ਵਾਂਗ ਸਮੱਗਰੀ ਇਕ ਥਾਂ, ਇਕ ਲੜੀ ਵਿਚ ਪਰੋ ਦਿੱਤੀ ਹੈ। ਕਿਤਾਬ ਦੇ 53 ਅਧਿਆਵਾਂ ਵਿਚ ਅਠਾਈ ਸੌ ਹਵਾਲੇ ਹਨ।
ਪਾਠ ਕਰਦਿਆਂ ਪਾਠਕ ਕਿਤੇ ਉਕਤਾਉਂਦਾ ਨਹੀਂ। ਬਾਲਜ਼ਾਕ ਦੀ ਇਸ ਪੰਕਤੀ ਨਾਲ ਮੰਗਲਾਚਰਨ ਕਰੀਏ, “ਜੀਨੀਅਸ, ਆਪਣੇ ਆਪ ਅੱਗੇ ਜਵਾਬਦੇਹ ਹੈ ਕੇਵਲ, ਮਨੋਰਥ ਸਿੱਧੀ ਵਾਸਤੇ ਅਪਨਾਏ ਰਸਤੇ ਦੀ ਸਾਰਥਕਤਾ ਸਿਰਫ ਉਹੀ ਇਕੱਲਾ ਜਾਣਦਾ ਹੈ।”
ਮਾਰਕਸ ਦੀ ਪਤਨੀ ਦਾ ਨਾਮ ਜੈਨੀ ਸੀ ਜੋ ਅਮੀਰ ਮਾਪਿਆਂ ਦੇ ਘਰ 1814 ਵਿਚ ਪੈਦਾ ਹੋਈ। ਪਿਤਾ ਸਰਕਾਰੀ ਅਫਸਰ ਸੀ ਤੇ ਪਰਿਵਾਰ ਸ਼ਾਨਦਾਰ ਬੰਗਲੇ ਵਿਚ ਰਹਿੰਦਾ ਸੀ। ਜਵਾਨ ਜੈਨੀ ਆਪਣੇ ਸ਼ਹਿਰ ਦੀ ਸਭ ਤੋਂ ਵੱਧ ਸੁਹਣੀ ਕੁੜੀ ਸੀ। ਉਹਦੀ ਪੜ੍ਹਾਈ ਲਿਖਾਈ ਵੱਲ ਖਾਸ ਤਵੱਜੋ ਦਿੱਤੀ ਗਈ। ਉਹਨੇ ਜਰਮਨ ਅਤੇ ਫਰਾਂਸ ਦੇ ਸ਼੍ਰੋਮਣੀ ਫਿਲਾਸਫਰ ਪੜ੍ਹੇ। ਕਾਂਟ ਨੇ ਐਲਾਨ ਕੀਤਾ, “ਜਿਹੜਾ ਬੰਦਾ ਦੂਜੇ ਉਪਰ ਨਿਰਭਰ ਹੈ, ਉਹ ਬੰਦਾ ਨਹੀਂ; ਉਹ ਤਾਂ ਦੂਜੇ ਦੀ ਜਾਇਦਾਦ ਹੈ। ਔਰਤ ਮਰਦ ਦੀ ਗੁਲਾਮ ਨਹੀਂ ਅਤੇ ਮਨੁੱਖਤਾ ਕਿਸੇ ਸੂਰਤ ਵਿਚ ਵੀ ਰਾਜੇ ਦੀ ਗੁਲਾਮ ਨਹੀਂ। ਰਾਜੇ ਦਾ ਐਲਾਨ ਕਿ ਉਹ ਰੱਬ ਦਾ ਦੂਤ ਹੈ, ਬਕਵਾਸ ਹੈ।”
ਪਿਤਾ ਹੈਨਰਿਕ ਮਾਰਕਸ ਅਤੇ ਮਾਂ ਹੈਨਰਿਟਾ ਦੇ ਘਰ ਕਾਰਲ ਦਾ ਜਨਮ 1818 ਨੂੰ ਜਰਮਨੀ ਵਿਚ ਹੋਇਆ। ਯਹੂਦੀ ਬੱਚੇ ਨੂੰ ਸਰਕਾਰੀ ਸਕੂਲ ਵਿਚ ਦਾਖਲਾ ਨਹੀਂ ਮਿਲਦਾ ਸੀ; ਸੋ ਕਾਰਲ ਉਦੋਂ ਛੇ ਸਾਲ ਦਾ ਸੀ ਜਦੋਂ ਪਰਿਵਾਰ ਈਸਾਈ ਧਰਮ ਵਿਚ ਆ ਗਿਆ। ਇਹ ਫੈਸਲਾ ਵਕਤੀ ਲੋੜ ਪੂਰੀ ਕਰਨ ਵਾਸਤੇ ਕੀਤਾ ਗਿਆ। ਕਾਰਲ ਦੀ ਭੈਣ ਸੋਫੀ, ਜੈਨੀ ਦੀ ਸਹੇਲੀ ਸੀ। ਬੱਚਿਆਂ ਦਾ ਇਕ-ਦੂਜੇ ਦੇ ਘਰ ਆਉਣ-ਜਾਣ ਬਣਿਆ ਹੋਇਆ ਸੀ।
ਹੇਗਲ ਦੇ ਫਲਸਫੇ ਨਾਲ ਯੂਰਪ ਹਿਲ ਗਿਆ ਸੀ। ਜੁਆਨੀ ਸੋਚਣ ਲੱਗ ਪਈ ਕਿ ਹੇਗਲ ਦਾ ਕਿਹਾ- ਤਬਦੀਲੀ ਯਕੀਨੀ ਹੈ, ਸੱਚ ਹੋਵੇਗਾ, ਨਿਰਕੁੰਸ਼ ਬਾਦਸ਼ਾਹਾਂ ਤੋਂ ਖਹਿੜਾ ਛੁਟੇਗਾ।
ਕਾਰਲ ਦਾ ਪਿਤਾ ਕੈਸੀਨੋ ਕਲੱਬ ਦਾ ਮੈਂਬਰ ਸੀ। ਜਨਵਰੀ 1834 ਵਿਚ ਕਲੱਬ ਦੀ ਮੀਟਿੰਗ ਵਿਚ ਉਹਨੇ ਰਾਜੇ ਦੀ ਪ੍ਰਸ਼ੰਸਾ ਕਰਦਿਆ ਕਿਹਾ, Ḕਅਸੀਂ ਸ਼ੁਕਰਗੁਜ਼ਾਰ ਹਾਂ ਕਿ ਮਹਾਰਾਜ ਸਾਡੇ ਕਲੱਬ ਦਾ ਸਤਿਕਾਰ ਕਰਦੇ ਹਨ ਅਤੇ ਸਾਡੇ ਰਾਹੀਂ ਪਰਜਾ ਦੀ ਫਰਿਆਦ ਸੁਣਦੇ ਹਨ।Ḕ ਹੈਨਰਿਕ ਦੀ ਇਸ ਸਪੀਚ ਨੂੰ ਵਿਅੰਗਮਈ ਗਰਦਾਨਦਿਆਂ ਸਰਕਾਰ ਨੇ ਉਸ ਦੁਆਲੇ ਜਾਸੂਸਾਂ ਦੀ ਡਿਊਟੀ ਲਾ ਦਿੱਤੀ। ਸੋਲਾਂ ਸਾਲ ਦੇ ਕਾਰਲ ਨੇ ਦੇਖਿਆ ਕਿ ਮਨੁੱਖੀ ਬਰਾਬਰੀ ਅਤੇ ਆਜ਼ਾਦੀ ਦੀਆਂ ਚੰਗੀਆਂ ਗੱਲਾਂ ਦੱਸਣ ਵਾਲੇ ਉਹਦੇ ਸਕੂਲ ਹੈਡਮਾਸਟਰ ਨੂੰ ਨੌਕਰੀ ਤੋਂ ਹਟਾ ਦਿੱਤਾ, ਤੇ ਪਿਤਾ ਉਪਰ ਨਾਜਾਇਜ਼ ਸ਼ਿਕੰਜਾ ਕਸ ਦਿੱਤਾ। ਕਾਰਲ ਦੇ ਧੁੰਦਲੇ ਖਿਆਲ ਕੁਝ-ਕੁਝ ਸਾਫ ਹੋਣ ਲੱਗੇ। ਅਜੇ ਇਨਕਲਾਬੀਆਂ ਦਾ ਦੌਰ ਨਹੀਂ ਸੀ ਆਇਆ, ਇਹ ਸਾਰੇ ਮਾਮੂਲੀ ਸੁਧਾਰਵਾਦੀ ਲੋਕ ਸਨ। ਜਰਮਨ ਸੋਸ਼ਲਿਜ਼ਮ ਦੇ ਪਿਤਾਮਾ ਲੁਡਵਿਗ ਗਾਲ ਦਾ ਪੈਂਫਲਿਟ ਛਪਿਆ ਜਿਸ ਵਿਚ ਕਿਹਾ ਸੀ ਕਿ ਸਮਾਜ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ-ਇਕ ਮਜ਼ਦੂਰ ਹਨ ਜੋ ਧਨ ਉਤਪਨ ਕਰਦੇ ਹਨ, ਦੂਜੇ ਧਨੀ ਜੋ ਮੁਨਾਫੇ ਦੀ ਫਸਲ ਵੱਢਦੇ ਹਨ। ਹੈਨਰਿਕ ਹੀਨ ਜਰਮਨੀ ਦਾ ਹਰਮਨ ਪਿਆਰਾ ਸ਼ਾਇਰ ਸੀ ਭਾਵੇਂ ਉਹਦੀਆਂ ਲਿਖਤਾਂ Ḕਤੇ ਪਾਬੰਦੀ ਲੱਗੀ ਹੋਈ ਸੀ। ਉਹਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਤਾਂ ਉਹ ਪੈਰਿਸ ਚਲਾ ਗਿਆ, ਕਿਉਂਕਿ ਇਕ ਮੰਤਰੀ ਨੇ ਕਿਹਾ ਸੀ- ਉਸ ਨੂੰ ਫਾਂਸੀ ਲਾਉ। ਉਹਦੇ ਗੀਤਾਂ ਦੀਆਂ ਉਦਾਸ ਧੁਨਾਂ ਜਰਮਨੀ ਦੇ ਸਕੂਲਾਂ ਵਿਚ ਗੂੰਜੀਆਂ। ਮਾਰਕਸ ਦੇਖ ਰਿਹਾ ਸੀ, ਖੇਤਾਂ ਦੇ ਕਿਸਾਨ ਅਤੇ ਛੋਟੇ ਕਾਰੀਗਰ ਆਪਣੇ ਕਿੱਤੇ ਛੱਡ-ਛੱਡ ਫੈਕਟਰੀਆਂ ਵੱਲ ਰੁਖ ਕਰ ਰਹੇ ਸਨ। ਇਨ੍ਹਾਂ ਪਰਛਾਵਿਆਂ ਨੇ ਉਸ ਉਪਰ ਅਸਰ ਕਰਨਾ ਸੀ।
17 ਸਾਲ ਦੀ ਉਮਰੇ ਉਹਨੇ ਯੂਨੀਵਰਸਿਟੀ ਵਿਚ ਦਾਖਲਾ ਲਿਆ। ਵਿਦਿਆਰਥੀਆਂ ਨੇ ਲੇਖ ਲਿਖਣਾ ਸੀ- Ḕਆਪਣਾ ਕੈਰੀਅਰ ਕਿਵਂੇ ਚੁਣੀਏ?’ ਉਹਨੇ ਲਿਖਿਆ, “ਕਿੱਤਾ ਅਜਿਹਾ ਚੁਣੀਏ ਜਿਸ ਨਾਲ ਬਹੁਤਿਆਂ ਦਾ ਭਲਾ ਹੋਵੇ, ਤੇ ਖੁਦ ਸੰਪੂਰਨ ਹੋ ਜਾਈਏ। ਸੰਪੂਰਨਤਾ ਉਸ ਨੂੰ ਨਸੀਬ ਹੋਏਗੀ ਜਿਹੜਾ ਦੂਜਿਆਂ ਦੀ ਸੰਪੂਰਨਤਾ ਲਈ ਕੰਮ ਕਰੇਗਾ। ਜਿਹੜਾ ਕੇਵਲ ਆਪਣੀਆਂ ਲੋੜਾਂ ਪੂਰੀਆਂ ਕਰਨ ਵੱਲ ਰੁਚਿਤ ਹੈ, ਉਹ ਪ੍ਰਸਿੱਧ ਹੋ ਸਕਦਾ ਹੈ, ਸਾਧੂ ਅਖਵਾ ਸਕਦਾ ਹੈ, ਮਹਾਂਕਵੀ ਹੋ ਸਕਦਾ ਹੈ ਪਰ ਸੰਪੂਰਨ ਨਹੀਂ। ਜਿਹੜੇ ਲੋੜਵੰਦਾਂ ਲਈ ਸਹਾਈ ਹੋਣਗੇ, ਭਲੇ ਲੋਕ ਉਨ੍ਹਾਂ ਦੀਆਂ ਅਸਥੀਆਂ ਹੰਝੂਆਂ ਨਾਲ ਧੋਣਗੇ।”
ਜੈਨੀ ਦੇ ਪਿਤਾ ਨੇ ਆਪਣੀ ਧੀ ਨੂੰ ਗੇਟੇ, ਸ਼ਿੱਲਰ ਅਤੇ ਸ਼ੈਲੇ ਦੀਆਂ ਲਿਖਤਾਂ ਪੜ੍ਹਾਈਆਂ। ਕਾਰਲ ਵਿਚ ਉਹਨੂੰ ਇਨ੍ਹਾਂ ਲੇਖਕਾਂ ਦੇ ਨਾਇਕ ਦਾ ਚਿਹਰਾ ਦਿਸਿਆ। ਉਮਰ ਵਿਚ ਕਾਰਲ ਤੋਂ ਚਾਰ ਵਰ੍ਹੇ ਵੱਡੀ ਜੈਨੀ ਨੂੰ ਕਾਰਲ ਵਿਚਲੇ ਸੁਪਰਮੈਨ ਦੇ ਨੈਣ-ਨਕਸ਼ ਦਿਸੇ, ਤੇ ਉਹ ਫਿਦਾ ਹੋ ਗਈ। ਆਪਣਾ ਕਸਬਾ ਤ੍ਰਾਇਰ ਛੱਡ ਕੇ ਕਾਰਲ ਬੌਨ ਯੂਨੀਵਰਸਿਟੀ ਵਿਚ ਬਰਲਿਨ ਗਿਆ। ਇਕ ਸਾਲ ਬਾਅਦ ਜੈਨੀ ਨੇ ਕਾਰਲ ਅੱਗੇ ਵਿਆਹ ਦੀ ਖਾਹਿਸ਼ ਜ਼ਾਹਰ ਕੀਤੀ। ਜੈਨੀ ਦੇ ਦਿਮਾਗ ਵਿਚ ਸ਼ਿੱਲਰ ਦਾ ਵਾਕ ਘੁੰਮਦਾ ਰਹਿੰਦਾ, “ਮੇਰੇ ਵਰਗੇ ਕੁਝ ਬੰਦਿਆਂ ਦੀ ਸੈਨਾ ਮੇਰਾ ਸਾਥ ਦਏ ਤਾਂ ਮੈਂ ਜਰਮਨੀ ਵਿਚ ਉਹ ਗਣਤੰਤਰ ਕਾਇਮ ਕਰ ਦਿਆਂ ਜਿਸ ਅੱਗੇ ਰੋਮ ਅਤੇ ਸਪਾਰਟਾ ਦੀਆਂ ਸਭਿਅਤਾਵਾਂ ਇਉਂ ਦਿਸਣ ਜਿਵੇਂ ਅਜੇ ਪੰਘੂੜੇ ਵਿਚ ਲੇਟੀਆਂ ਹੋਣ।”
ਯੂਨੀਵਰਸਿਟੀ ਵਿਚ ਪਹਿਲਾ ਸਾਲ ਉਹਨੇ ਸ਼ਰਾਬ ਅਤੇ ਅੱਯਾਸ਼ੀਆਂ ਦੇ ਲੇਖੇ ਲਾਇਆ। ਦਾੜ੍ਹੀ ਰੱਖ ਲਈ, ਵਧੇ ਵਾਲ ਪਿੱਛੇ ਸੁੱਟ ਲਏ। ਸ਼ਰਾਬੀ ਹੋ ਕੇ ਖਰੂਦ ਕਰਨ ਦੇ ਦੋਸ਼ ਕਾਰਨ ਜੇਲ੍ਹ ਦੀ ਹਵਾ ਖਾਣੀ ਪਈ। ਤਲਵਾਰਬਾਜ਼ੀ ਦਾ ਸ਼ੌਕੀਨ ਜਦੋਂ ਘਰ ਖਤ ਲਿਖਦਾ, ਹਰ ਖਤ ਵਿਚ ਪਿਤਾ ਤੋਂ ਪੈਸੇ ਮੰਗੇ ਹੁੰਦੇ, ਕਰਜ਼ਈ ਹੁੰਦਾ ਗਿਆ। ਪਿਤਾ ਨੇ ਆਪਣੇ ਘਰੋਂ ਪਹਿਲਾ ਬੱਚਾ ਯੂਨੀਵਰਸਿਟੀ ਤੋਰਿਆ ਸੀ, 15 ਅਕਤੂਬਰ 1835 ਨੂੰ ਸਵੇਰ ਦੇ ਚਾਰ ਵਜੇ ਸਾਰਾ ਪਰਿਵਾਰ ਉਸ ਨੂੰ ਰਿਵਰਬੋਟ Ḕਤੇ ਚੜ੍ਹਾਉਣ ਵਾਸਤੇ ਚਾਈਂ-ਚਾਈਂ ਆਇਆ ਸੀ। ਵਿਦਾਇਗੀ ਵਕਤ ਪਿਤਾ ਨੇ ਕਿਹਾ ਸੀ, “ਮੇਰੇ ਕੋਲ ਜੇ ਇਹ ਸਮਰੱਥਾ ਬਚਪਨ ਵਿਚ ਹੁੰਦੀ ਜੋ ਅੱਜ ਹੈ, ਤਾਂ ਜੋ ਮੈਂ ਬਣਨਾ ਸੀ, ਤੂੰ ਉਹ ਬਣੀਂ। ਮੇਰੇ ਸੁਫਨੇ ਸਾਕਾਰ ਕਰਨੇ ਹਨ ਜਾਂ ਮਿੱਟੀ ਵਿਚ ਮਿਲਾਣੇ ਹਨ, ਹੁਣ ਸਭੇ ਤੇਰੇ ਵੱਸ।”
ਮਾਰਕਸ ਨੇ ਸ਼ੁਰੂ ਵਿਚ ਕਾਨੂੰਨ ਪੜ੍ਹਿਆ, ਫਿਰ ਫਲਸਫੇ ਵੱਲ ਰੁਖ ਕੀਤਾ। ਪਿਤਾ ਪੁੱਛਦਾ, “ਤਲਵਾਰਬਾਜ਼ੀ ਦਾ ਫਲਸਫੇ ਨਾਲ ਕੋਈ ਸਬੰਧ ਹੋਵੇਗਾ ਹੀ। ਤੂੰ ਸਿਆਣੈ।” ਇਕ ਵਾਰ ਤਾਂ ਤਲਵਾਰਬਾਜ਼ੀ ਦੌਰਾਨ ਉਸ ਦੇ ਭਰਵੱਟੇ ਉਪਰ ਡੂੰਘਾ ਜ਼ਖਮ ਹੋ ਗਿਆ ਜਿਸ ਨੂੰ ਕਾਰਲ ਨੇ ਫਖਰ ਨਾਲ ਤਮਗਾ ਕਿਹਾ। ਫਿਰ ਉਸ ਕੋਲੋਂ ਵਰਜਿਤ ਗ਼ੈਰ-ਲਸੰਸੀ ਰਿਵਾਲਵਰ ਬਰਾਮਦ ਕੀਤਾ ਗਿਆ। ਪਿਤਾ ਨੇ ਬੌਨ ਯੂਨੀਵਰਸਿਟੀ ਵਿਚੋਂ ਹਟਾ ਕੇ ਵੱਡੀ, ਯੂਨੀਵਰਸਿਟੀ ਆਫ ਬਰਲਿਨ ਵਿਚ ਦਾਖਲ ਕਰਵਾ ਦਿੱਤਾ। ਜੈਨੀ ਅਤੇ ਕਾਰਲ ਵਿਚਕਾਰ ਖਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਾਰਲ ਨੇ ਤਾਂ ਆਪਣੇ ਘਰ ਇਸ ਦੀ ਜਾਣਕਾਰੀ ਦੇ ਦਿੱਤੀ, ਪਰ ਜੈਨੀ ਨੇ ਆਪਣੇ ਮਾਪਿਆਂ ਕੋਲ ਗੱਲ ਨਾ ਕੀਤੀ। ਇਕ ਤਾਂ ਉਮਰਾਂ ਦਾ ਫਰਕ ਬਹੁਤਾ ਸੀ, ਦੂਜੇ ਅਜੇ ਕਾਰਲ ਕੋਲ ਕੋਈ ਰੁਜ਼ਗਾਰ ਨਹੀਂ ਸੀ, ਮਾਪਿਆਂ ਨੂੰ ਪ੍ਰੇਸ਼ਾਨੀ ਹੋਣੀ ਸੀ। ਕਾਰਲ ਦੇ ਪਿਤਾ ਨੇ ਇਹ ਕਹਿ ਕੇ ਸਹਿਮਤੀ ਪ੍ਰਗਟਾਈ ਕਿ ਪੜ੍ਹ, ਰੁਜ਼ਗਾਰ Ḕਤੇ ਲੱਗ, ਫਿਰ ਵਿਆਹ ਬਾਰੇ ਸੋਚੀਂ।
ਇਕ ਪਾਸੇ ਬੇਰਸ ਔਖੀ ਪੜ੍ਹਾਈ, ਦੂਜੇ ਪਾਸੇ ਜੈਨੀ ਦਾ ਰੁਮਾਂਸ; ਬੰਦਾ ਬਿਮਾਰ ਹੋ ਗਿਆ। ਡਾਕਟਰ ਨੇ ਕੁਝ ਹਫਤੇ ਕਿਸੇ ਪਿੰਡ ਵਿਚ ਬਿਤਾਉਣ ਲਈ ਕਿਹਾ। ਪਿੰਡ ਵਿਚ ਰਹਿੰਦਿਆਂ ਬਿਮਾਰੀ ਦੌਰਾਨ ਉਹਨੇ ਸਾਰਾ ਹੇਗਲ ਪੜ੍ਹ ਲਿਆ ਜਿਸ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਹੇਗਲ ਇਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਰਿਹਾ ਸੀ ਜਿਥੇ ਕਾਰਲ ਪੜ੍ਹ ਰਿਹਾ ਸੀ। ਫਰਾਂਸ, ਬੈਲਜੀਅਮ ਅਤੇ ਇੰਗਲੈਂਡ ਦੇ ਜੁਆਨਾਂ ਵਿਚ ਹੇਗਲ ਜੜ੍ਹਾਂ ਫੜ ਰਿਹਾ ਸੀ। ਜੁਆਨ ਦੇਖ ਰਹੇ ਸਨ, ਢਲਿਆ ਲੋਹਾ ਰੇਲ ਲਾਇਨਾਂ ਦੀ ਸੂਰਤ ਲੈ ਕੇ ਪਿੰਡਾਂ ਤੱਕ ਪੁੱਜ ਗਿਆ ਸੀ, ਟ੍ਰੇਨ 60 ਕਿਲੋਮੀਟਰ ਦੀ ਰਫਤਾਰ ਨਾਲ ਦੌੜ ਪਈ ਸੀ, ਬਿਜਲੀ ਈਜਾਦ ਹੋ ਗਈ ਤੇ ਤਾਰ ਸੇਵਾ ਰਾਹੀਂ ਪਲਾਂ ਵਿਚ ਸੁਨੇਹੇ ਦੂਰ-ਦੁਰਾਡੇ ਪੁੱਜਦੇ। ਇਸ ਤਬਦੀਲੀ ਦਾ ਅਸਰ ਕਵਿਤਾ, ਸੰਗੀਤ, ਪੇਂਟਿੰਗ ਅਤੇ ਫਲਸਫੇ ਉਪਰ ਪਿਆ; ਸਿਆਸਤ ਉਪਰ ਅਸਰ ਹੋਣਾ ਹੀ ਹੋਣਾ ਸੀ। ਲੋਕ ਸੋਚਣ ਲੱਗੇ, ਸੁਧਾਰ ਨਹੀਂ; ਹੁਣ ਕ੍ਰਾਂਤੀ ਆਏਗੀ। ਹੇਗਲ ਦਾ ਕਿਹਾ ਸੱਚ ਹੋਵੇਗਾ। ਰਾਜ਼ੀ ਹੋ ਕੇ ਵਾਪਸ ਬਰਲਿਨ ਆਇਆ ਤਾਂ ਕਾਰਲ ਦੇ ਦੋ ਸ਼ੌਕ ਤੇਜ਼ੀ ਫੜ ਗਏ-ਇਕ ਦਾਰਸ਼ਨਿਕ ਸੰਵਾਦ, ਦੂਜਾ ਸ਼ਰਾਬ ਦੇ ਦੌਰ।
ਜੈਨੀ ਬਿਮਾਰ ਹੋ ਗਈ। ਮਾਪਿਆਂ ਨੇ ਸਮਝਿਆ, ਸਰੀਰਕ ਤਕਲੀਫ ਹੈ, ਠੀਕ ਹੋ ਜਾਵੇਗੀ। ਕਾਰਲ ਦਾ ਪਿਤਾ ਜਾਣਦਾ ਸੀ ਡਿਪਰੈਸ਼ਨ ਹੈ, ਉਹ ਖੁਦ ਡਿਪਰੈਸ਼ਨ ਦਾ ਸ਼ਿਕਾਰ ਸੀ। ਆਪਣੇ ਬੇਟੇ ਨੂੰ ਖਤ ਵਿਚ ਲਿਖਿਆ, “ਤੈਨੂੰ ਮਿਹਨਤ ਕਰਨੀ ਚਾਹੀਦੀ ਹੈ। ਜੈਨੀ ਨੂੰ ਤੈਥੋਂ ਆਸਾਂ ਹਨ। ਉਹਨੂੰ ਉਸ ਦੀਆਂ ਅਤੇ ਸੰਸਾਰ ਦੀਆਂ ਨਜ਼ਰਾਂ ਵਿਚ ਡੇਗੀਂ ਨਾ। ਤੇਰੇ ਨਾਲ ਮੰਗਣਾ ਕਰ ਕੇ ਉਹਨੇ ਕਿਡੀ ਕੁਰਬਾਨੀ ਦਿੱਤੀ ਹੈ, ਇਸ ਨੂੰ ਯਾਦ ਰੱਖੀਂ।” ਕਾਰਲ ਨੇ ਜੈਨੀ ਦੇ ਰੋਮਾਂਸ ਦੌਰਾਨ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ਜਿਨ੍ਹਾਂ ਨੂੰ ਪਿਛਲੀ ਉਮਰੇ ਪੜ੍ਹਦਿਆਂ ਜੈਨੀ ਹੱਸ ਪਿਆ ਕਰਦੀ ਸੀ। ਪਿਤਾ ਨੂੰ ਜੈਨੀ ਉਪਰ ਤਰਸ ਆਉਂਦਾ, ਇੰਨੀ ਮਾਸੂਮ ਕਿ ਉਸ ਦੇ ਨਾਲਾਇਕ ਪੁੱਤਰ ਨਾਲ ਬੰਧਨ ਵਿਚ ਬੱਝ ਗਈ। ਜੈਨੀ ਦੀ ਦਸ਼ਾ ਪਿਤਾ ਦੇ ਡਿਪਰੈਸ਼ਨ ਦਾ ਅਕਸਰ ਕਾਰਨ ਬਣਦੀ।
ਪ੍ਰੋਫੈਸਰ ਅਤੇ ਵਿਦਿਆਰਥੀ ਹੇਗਲ ਉਪਰ ਵਿਚਾਰਾਂ ਕਰਦੇ ਇਸ ਨਤੀਜੇ Ḕਤੇ ਪੁੱਜਦੇ ਕਿ ਇਹ ਤਾਂ ਠੀਕ ਹੈ, ਤਬਦੀਲੀ ਯਕੀਨੀ ਹੈ ਪਰ ਤਬਦੀਲੀ ਪਿੱਛੇ ਕੋਈ ਦੈਵੀ ਸ਼ਕਤੀ ਨਹੀਂ ਹੈ ਜਿਵੇਂ ਹੀਗਲ ਦਾ ਖਿਆਲ ਹੈ। ਆਦਮੀ ਖੁਦ ਆਪਣੀ ਹੋਣੀ ਲਈ ਜ਼ਿੰਮੇਵਾਰ ਹੈ। ਜੇ ਰੱਬ ਤਬਦੀਲੀ ਦਾ ਧੁਰਾ ਹੈ ਤਾਂ ਰਾਜੇ ਕਿਉਂ ਸਥਿਰ ਹਨ? ਪਰਜਾ ਲਈ ਨਹੀਂ, ਰੱਬ ਰਾਜਿਆਂ ਲਈ ਫਾਇਦੇਮੰਦ ਹੈ ਕਿਉਂਕਿ ਉਹ ਰੱਬ ਦੇ ਏਲਚੀ ਹਨ। ਪ੍ਰੋਫੈਸਰਾਂ ਅਤੇ ਜਮਾਤੀਆਂ ਦੇ ਇਕੱਠ ਵਿਚ ਤਬਦੀਲੀ ਜਿਸ ਲਈ ਡਾਇਲੈਕਟਿਕ ਸ਼ਬਦ ਵਰਤਿਆ ਜਾਂਦਾ, ਬਾਰੇ ਕਾਰਲ ਦਲੀਲਾਂ ਸੁੱਟਦਾ। ਜਮਾਤੀ ਤਾਂ ਕੀ ਉਸ ਦੇ ਅਧਿਆਪਕ ਉਸ ਅੱਗੇ ਹਥਿਆਰ ਸੁੱਟ ਦਿੰਦੇ। ਇਉਂ ਲਗਦਾ ਜਿਵੇਂ ਰੂਸੋ, ਵਾਲਟੇਅਰ, ਹੀਨ ਅਤੇ ਹੇਗਲ ਇਕੋ ਜੁਆਨ ਵਿਚ ਦਾਖਲ ਹੋ ਗਏ ਹੋਣ। ਉਸ ਦਾ ਛੋਟਾ ਨਾਮ ਮੁਹਰ ਪੈ ਗਿਆ। ਮੁਹਰ, ਸ਼ਿੱਲਰ ਦਾ ਹੀਰੋ ਹੈ ਜਿਹੜਾ ਰਾਬਿਨਹੁੱਡ ਵਾਂਗ ਭ੍ਰਿਸ਼ਟ ਹਕੂਮਤ ਉਲਟਾ ਦਿੰਦਾ ਹੈ। ਕਾਰਲ ਦੇ ਨਜ਼ਦੀਕੀ ਸਾਥੀ ਸਾਰੀ ਉਮਰ ਉਸ ਨੂੰ ਇਸੇ ਨਾਮ ਨਾਲ ਬੁਲਾਉਂਦੇ।
ਪਿਤਾ ਉਦਾਸ ਰਹਿੰਦਾ ਕਿ ਕਾਰਲ ਪਰਿਵਾਰ ਅਤੇ ਜੈਨੀ ਵਲੋਂ ਲਾਪ੍ਰਵਾਹ ਹੈ। ਉਸ ਦਾ ਗਿਆਰਾਂ ਸਾਲ ਦਾ ਪੁੱਤਰ ਮਹੀਨੇ ਦੀ ਬਿਮਾਰੀ ਬਾਅਦ ਚੱਲ ਵਸਿਆ। ਪਿਤਾ ਨੇ ਖੁਦ ਮੰਜਾ ਫੜ ਲਿਆ ਤੇ ਅੱਠ ਮਹੀਨੇ ਤਪਦਿਕ ਨਾਲ ਘੁਲਣ ਪਿੱਛੋਂ ਦਮ ਤੋੜ ਗਿਆ। ਉਸ ਦੀ ਪੁੱਤਰ ਵੱਲ ਆਖਰੀ ਚਿੱਠੀ ਹੈ, “ਬਿਨਾ ਸ਼ੱਕ ਯਕੀਨ ਕਰੀਂ ਤੂੰ ਮੇਰੇ ਦਿਲ ਦੀ ਤਹਿ ਵਿਚ ਬੈਠਾ ਏਂ, ਤੂੰ ਮੇਰੇ ਜੀਵਨ ਦਾ ਸਭ ਤੋਂ ਤਾਕਤਵਰ ਲੀਵਰ ਏਂ। ਥੱਕ ਗਿਆ ਹਾਂ ਹੁਣ। ਲਿਖਣਾ ਬੰਦ ਕਰਦਾ ਹਾਂ। ਦੁੱਖ ਹੈ, ਜੋ ਲਿਖਣਾ ਚਾਹੁੰਦਾ ਸਾਂ, ਨਹੀਂ ਲਿਖ ਸਕਿਆ। ਤੈਨੂੰ ਗਲ ਲਾ ਕੇ ਮਿਲਣਾ ਚਾਹੁੰਦਾ ਹਾਂ।”
ਪਿਤਾ ਦੇ ਸਸਕਾਰ ਮੌਕੇ ਘਰ ਨਹੀਂ ਆਇਆ, ਕਿਹਾ, “ਹੋਰ ਬਥੇਰੇ ਜ਼ਰੂਰੀ ਕੰਮ ਹਨ ਕਰਨ ਵਾਲੇ।” ਜੈਨੀ ਆਪਣੇ ਮੰਗੇਤਰ ਦੇ ਭਵਿੱਖ ਲਈ ਦੁਆਵਾਂ ਕਰਦੀ। ਪਿਤਾ ਦੀ ਮੌਤ ਤੋਂ ਬਾਅਦ ਕਾਰਲ ਕਿਸੇ ਅੱਗੇ ਜਵਾਬਦੇਹ ਨਹੀਂ ਸੀ; ਪਰ ਮਾਂ, ਪਿਤਾ ਜਿੰਨੀ ਉਦਾਰ-ਦਿਲ ਨਹੀਂ ਸੀ। ਖਰਚੇ ਵਿਚ ਕਟੌਤੀ ਕਰ ਦਿੱਤੀ, ਕਿਉਂਕਿ ਛੇ ਬੱਚੇ ਹੋਰ ਵੀ ਹਨ ਕਾਰਲ ਤੋਂ ਬਿਨਾਂ।
ਬਾਦਸ਼ਾਹ ਦੀ ਮੌਤ ਬਾਅਦ 1840 ਵਿਚ ਉਸ ਦਾ ਸ਼ਾਹਜ਼ਾਦਾ ਫਰੈਡਰਿਕ ਵਿਲਮ ਚੌਥਾ ਗੱਦੀ Ḕਤੇ ਬੈਠਾ। ਲੱਗਦਾ ਸੀ, ਉਹ ਉਦਾਰ ਬਿਰਤੀ ਵਾਲਾ ਹੈ। ਵਪਾਰੀਆਂ ਨੇ ਰਿਆਇਤਾਂ ਮੰਗੀਆਂ, ਵਿਧਾਨ ਬਣਾਉਣ ਲਈ ਕਿਹਾ ਤੇ ਅਸੈਂਬਲੀ ਸਥਾਪਤ ਕਰਨ ਲਈ ਕਿਹਾ ਤਾਂ ਕਿ ਪਰਜਾ ਦੀ ਆਵਾਜ਼ ਸਰਕਾਰ ਤੱਕ ਪੁੱਜੇ। ਮਹਾਰਾਜੇ ਨੇ ਅੱਖਾਂ ਪੂੰਝਣ ਵਾਂਗ ਕੁਝ ਥਾਂਵਾਂ Ḕਤੇ ਨਾਮ-ਨਿਹਾਦ ਅਸੈਂਬਲੀਆਂ ਬਣਾਈਆਂ ਜਿਨ੍ਹਾਂ ਪਾਸ ਕੋਈ ਅਧਿਕਾਰ ਨਹੀਂ ਸਨ। ਲਿਖਣ, ਬੋਲਣ ਦੀ ਆਜ਼ਾਦੀ ਮੰਗੀ ਪਰ ਪ੍ਰੈਸ Ḕਤੇ ਹੋਰ ਸਖਤੀਆਂ ਲਾਗੂ ਹੋ ਗਈਆਂ। ਜੁਆਨ ਹੇਗਲਵਾਦੀਆਂ ਉਪਰ ਸ਼ਿਕੰਜਾ ਕੱਸ ਦਿੱਤਾ, ਫਲਸਰੂਪ ਯੂਨੀਵਰਸਿਟੀਆਂ ਫੌਜੀ ਛਾਉਣੀਆਂ ਬਣ ਗਈਆਂ। ਬਾਦਸ਼ਾਹ, ਪਰਜਾ ਨੂੰ ਇਸ ਕਰ ਕੇ ਕਮੀਣੀ ਆਖਦਾ ਸੀ ਕਿਉਂਕਿ ਨਾਸਤਿਕ ਹੁੰਦੀ ਜਾ ਰਹੀ ਸੀ, ਤੇ ਐਲਾਨ ਕਰ ਰਹੀ ਸੀ ਕਿ ਰੱਬ ਨੇ ਰਾਜਾ ਨਹੀਂ ਥਾਪਿਆ।
15 ਅਪਰੈਲ 1841, ਕਾਰਲ ਨੂੰ ਪੀਐਚæਡੀæ ਦੀ ਡਿਗਰੀ ਮਿਲੀ। ਥੀਸਿਸ ਜੈਨੀ ਦੇ ਪਿਤਾ ਨੂੰ ਸਮਰਪਣ ਕੀਤਾ ਸੀ। ਧਰਮ ਅਤੇ ਵਿਦਿਆ ਦੇ ਮੰਤਰੀ ਨੇ ਕਾਰਲ ਵਿਰੁਧ ਫੈਸਲਾ ਸੁਣਾਇਆ ਕਿ ਉਹ ਨਾਸਤਿਕ ਹੈ ਜਿਸ ਦਾ ਭਾਵ ਹੋਇਆ ਕਿ ਦੇਸ਼ ਵਿਚ ਨੌਕਰੀ ਨਹੀਂ ਮਿਲੇਗੀ। ਡਿਗਰੀ ਚੁੱਕੀ ਉਹ ਥਾਂ-ਥਾਂ ਘੁੰਮਿਆ ਕਿ ਸਰਕਾਰੀ ਨਹੀਂ ਤਾਂ ਕਿਸੇ ਪ੍ਰਾਈਵੇਟ ਸੰਸਥਾ ਵਿਚ ਅਧਿਆਪਨ ਦਾ ਕੰਮ ਮਿਲ ਜਾਵੇ ਪਰ ਹਰ ਥਾਂ ਜਵਾਬ। ਜੈਨੀ ਨਾਲ ਮੰਗਣੀ ਨੂੰ ਪੰਜ ਸਾਲ ਹੋ ਚੱਲੇ ਸਨ। ਰੁਜ਼ਗਾਰ ਬਗੈਰ ਵਿਆਹ ਕਿਵੇਂ ਹੋਵੇ? ਸਭ ਤੋਂ ਘਟੀਆ ਕੰਮ ਪੱਤਰਕਾਰੀ ਦਾ ਸੀ ਜਿਸ ਵਿਚ ਨਾ ਪੈਸੇ ਸਨ, ਨਾ ਸਥਿਰਤਾ। ਉਸ ਦਾ ਲਿਬਾਸ ਤੱਕ ਅੱਖਰਦਾ ਸੀ। ਮੋਟੇ ਨੈਣ-ਨਕਸ਼, ਗੁਸੈਲਾ ਚਿਹਰਾ, ਲੰਮੀ ਦਾੜ੍ਹੀ, ਅਣਵਾਹੇ ਲੰਮੇ ਕੇਸ ਪਿੱਛੇ ਸੁੱਟੇ ਹੋਏ, ਕਾਲਾ ਚੋਗਾ ਜਿਸ ਦੇ ਬਟਨ ਗਲਤ-ਮਲਤ ਹੁੰਦੇ ਤੇ ਸ਼ਰੇਆਮ ਸਿਗਾਰ ਦੇ ਸੂਟੇ। ਸਾਊ ਜੁਆਨ ਲੁਕ-ਛੁਪ ਕੇ ਸਿਗਾਰ ਪੀਂਦੇ ਸਨ। ਲੋਕ ਤ੍ਰਿਸਕਾਰ ਨਾਲ ਦੇਖਦੇ। ਇਸ ਦੇ ਉਲਟ ਜੈਨੀ ਸੁਨੱਖੀ, ਵੱਡੇ ਖਾਨਦਾਨ ਦੀ ਸ਼ਾਨਾਮੱਤੀ ਨੱਢੀ, ਘੁੰਗਰਾਲੇ ਵਾਲ, ਮੋਤੀਆਂ ਦੀ ਲੜੀ ਗਰਦਨ ਵਿਚ, ਉਸ ਨੂੰ ਮਹਿੰਗੇ ਲਿਬਾਸ ਦੀ ਜ਼ਰੂਰਤ ਨਹੀਂ; ਇਸੇ ਤਰ੍ਹਾਂ, ਸਾਦੇ ਕੱਪੜਿਆਂ ਵਿਚ ਵੀ ਚੰਦ ਵਾਂਗ ਚਮਕਦੀ ਪਰ ਉਹ ਫੈਸ਼ਨਪ੍ਰਸਤ ਨਹੀਂ ਸੀ, ਮਾਪਿਆਂ ਦਾ ਵੱਡਾ ਖਾਨਦਾਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਸੀ ਕਿ ਪਹਿਰਾਵੇ ਵੱਲ ਲਾਪ੍ਰਵਾਹੀ ਦਿਖਾਏ। ਉਸ ਦੇ ਕਸਬੇ ਤ੍ਰਾਇਰ ਵਿਚ ਉਸ ਤੋਂ ਵੱਧ ਸੁਹਣੀ ਕੁੜੀ ਹੋਰ ਕੋਈ ਨਹੀਂ ਸੀ। ਉਸ ਨੂੰ ਕਾਰਲ ਵਿਰੁਧ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਕਿ ਇਹ ਕੁਜੋੜ ਹੈ। ਹੱਸ ਪੈਂਦੀ। ਜਿਸ ਗੱਲ ਬਾਰੇ ਫਿਕਰਵੰਦ ਹੋ ਜਾਂਦੀ, ਉਹ ਸੀ ਉਮਰਾਂ ਦਾ ਫਰਕ ਅਤੇ ਕਾਰਲ ਦੀ ਬੇਰੁਜ਼ਗਾਰੀ।
ਜੈਨੀ ਨੇ ਖਤ ਲਿਖਿਆ, “ਮੈਨੂੰ ਪਤਾ ਲੱਗੈ ਕਾਰਲ, ਪੜ੍ਹਨ ਲਿਖਣ ਤੋਂ ਇਲਾਵਾ ਤੂੰ ਰਾਜਨੀਤੀ ਵਿਚ ਦਿਲਚਸਪੀ ਲੈਣ ਲੱਗਾ ਏਂ। ਤੈਨੂੰ ਪਤਾ ਨਹੀਂ ਇਹ ਕਿਡੀ ਖਤਰਨਾਕ ਖੇਡ ਹੈ, ਤੈਨੂੰ ਪਤਾ ਨਹੀਂ ਕੋਈ ਤੇਰਾ ਫਿਕਰਵੰਦ ਵੀ ਹੈ।”
ਕੁਝ ਹਫਤਿਆਂ ਦੀ ਬਿਮਾਰੀ ਮਗਰੋਂ ਜੈਨੀ ਦੇ ਪਿਤਾ ਦਾ ਦੇਹਾਂਤ ਹੋ ਗਿਆ। ਕੇਵਲ ਉਹੀ ਘਰ ਵਿਚ ਇਕ ਮਰਦ ਸੀ ਜਿਹੜਾ ਜੈਨੀ ਅਤੇ ਕਾਰਲ ਦੇ ਵਿਆਹ ਲਈ ਰਜ਼ਾਮੰਦ ਸੀ। ਭਰਾ ਫਰਡੀਨੰਦ ਕਾਰਲ ਦੇ ਸਖਤ ਖਿਲਾਫ ਸੀ, ਉਸ ਨੇ ਜੈਨੀ ਨੂੰ ਰਿਸ਼ਤਾ ਤੋੜਨ ਲਈ ਕਿਹਾ। ਮਾਂ, ਪਹਿਲੋਂ ਦੁੱਚਿਤੀ ਵਿਚ ਸੀ ਪਰ ਫਰਡੀ ਦਾ ਵਿਹਾਰ ਦੇਖ ਕੇ ਜੈਨੀ ਦੇ ਹੱਕ ਵਿਚ ਹੋ ਗਈ।
24 ਸਾਲ ਦੀ ਉਮਰੇ 5 ਮਈ 1842 ਨੂੰ ਕਾਰਲ ਦਾ ਸ਼ਾਨਦਾਰ ਲੇਖ ਆਜ਼ਾਦੀ ਉਪਰ ਛਪਿਆ, ਲਿਖਿਆ, “ਕੋਈ ਬੰਦਾ ਆਜ਼ਾਦੀ ਦੇ ਖਿਲਾਫ ਨਹੀਂ, ਹਾਂ ਇਹ ਹੋ ਸਕਦਾ ਹੈ ਕੋਈ ਹੋਰਾਂ ਦੀ ਆਜ਼ਾਦੀ ਦੇ ਖਿਲਾਫ ਹੋਵੇ। ਸਭ ਸਮਿਆਂ ਵਿਚ ਆਜ਼ਾਦੀ ਕਾਇਮ ਰਹੀ, ਕਦੀ-ਕਦੀ ਖਾਸ ਰਿਆਇਤ ਦੇ ਰੂਪ ਵਿਚ, ਕਦੀ ਵਿਆਪਕ ਅਧਿਕਾਰ ਵਜੋਂ। ਜਿਵੇਂ ਗੁਰੂਤਾ ਖਿੱਚ ਦਾ ਨਿਯਮ ਗਤੀ ਵਾਸਤੇ ਰੋਕ ਬਣਦਾ ਹੈ, ਇਉਂ ਕਾਨੂੰਨ ਆਜ਼ਾਦੀ ਦੇ ਵਿਰੁਧ ਨਹੀਂ ਹੁੰਦੇ। ਸੰਵਿਧਾਨ ਆਮ ਪਰਜਾ ਦੀ ਬਾਈਬਲ ਹੁੰਦਾ ਹੈ, ਇਸ ਕਰ ਕੇ ਪ੍ਰੈਸ ਦੀ ਆਜ਼ਾਦੀ ਵਾਸਤੇ ਵੱਖਰਾ ਪ੍ਰੈਸ ਲਾਅ ਘੜਨਾ ਜ਼ਰੂਰੀ ਹੈ।” ਜੁੰਗ ਨੇ ਇਸ ਲਿਖਤ ਨੂੰ ਲਾਜਵਾਬ ਕਿਹਾ। ਪ੍ਰੈਸ ਉਤੇ ਪਾਬੰਦੀਆਂ ਕਾਰਨ ਇਹ ਲੇਖ ਕਲਪਿਤ ਨਾਮ ਹੇਠ ਛਪਿਆ ਪਰ ਕਾਰਲ ਦੀ ਲਿਖਤ ਵਿਲੱਖਣ ਹੋਣ ਕਾਰਨ ਦੋਸਤਾਂ ਨੇ ਪਛਾਣ ਲਈ।
ਧਰਮ ਬਾਰੇ ਉਸ ਦੀ ਚੜ੍ਹਦੀ ਉਮਰੇ ਟਿੱਪਣੀ ਹੈ, “ਮੁਸੀਬਤ ਵਿਚ ਘਿਰੇ ਮਨੁੱਖ ਨੇ ਜਦੋਂ ਦੇਖਿਆ, ਉਹ ਸੰਸਾਰ ਨੂੰ ਬਦਲ ਨਹੀਂ ਸਕਦਾ, ਦੁੱਖ ਤੋਂ ਰਾਹਤ ਪਾਉਣ ਲਈ ਉਸ ਨੇ ਧਰਮ ਦੀ ਕਾਢ ਕੱਢੀ। ਧਰਮ ਦਰੜੇ ਹੋਏ ਮਨੁੱਖ ਦਾ ਹਉਕਾ ਹੈ, ਦੱਬੇ ਲੋਕਾਂ ਵਾਸਤੇ ਅਫੀਮ ਹੈ।” ਕਾਰਲ ਨੇ ਲਿਖਿਆ, “ਫਿਲਾਸਫੀ ਕ੍ਰਾਂਤੀ ਦਾ ਦਿਮਾਗ ਹੈ ਅਤੇ ਮਜ਼ਦੂਰ ਉਸ ਦਾ ਦਿਲ। ਦੋਵੇਂ ਮਿਲ ਕੇ ਆਪਣੀ ਹੋਣੀ ਨੂੰ ਸੁਧਾਰਨਗੇ।”
19 ਜੂਨ 1843, ਕਾਰਲ ਅਤੇ ਜੈਨੀ ਦਾ ਵਿਆਹ ਹੋਇਆ। ਕਾਰਲ ਦੇ ਪਰਿਵਾਰ ਦਾ ਕੋਈ ਜੀਅ ਨਹੀਂ ਆਇਆ। ਜੈਨੀ ਦੀ ਮਾਂ ਅਤੇ ਭਰਾ ਐਡਗਰ ਚਰਚ ਵਿਚ ਹਾਜ਼ਰ ਹੋਏ। ਕਾਰਲ 25 ਅਤੇ ਜੈਨੀ 29 ਸਾਲ ਦੀ ਸੀ। ਦੋਵਾਂ ਨੇ ਪੈਰਿਸ ਕਿਰਾਏ ਦੇ ਮਕਾਨ ਵਿਚ ਰਹਿਣਾ ਸ਼ੁਰੂ ਕਰ ਦਿੱਤਾ।
ਪੈਰਿਸ ਅਕਸਰ ਅਕਾਦਮਿਕ ਸਰਗਰਮੀਆਂ ਦਾ ਕੇਂਦਰ ਬਣਦਾ, ਸਾਲ 1843 ਵੀ ਅਜਿਹਾ ਦੌਰ ਸੀ। ਹਰ ਚਿੰਤਕ ਰਾਜਨੀਤੀ ਨਾਲ ਵਾਬਸਤਾ ਸੀ। ਫਰਾਂਸੀਸੀ, ਜਰਮਨ, ਰੂਸੀ, ਪੋਲਿਸ਼, ਇਤਾਲਵੀ, ਹੰਗੇਰੀਅਨ ਸੁਧਾਰਕ, ਕਲਾਕਾਰਾਂ, ਕਵੀਆਂ, ਨਾਵਲਕਾਰਾਂ ਅਤੇ ਫਿਲਾਸਫਰਾਂ ਨਾਲ ਮਿਲਦੇ ਤੇ ਉਸ ਸਮਾਜ ਬਾਰੇ ਗੱਲਾਂ ਕਰਦੇ ਜੋ ਹੈ। ਜੋ ਹੋਣਾ ਚਾਹੀਦਾ ਹੈ, ਉਸ ਬਾਰੇ ਨਹੀਂ। ਕਾਫੀ ਹਾਊਸਾਂ ਵਿਚ ਗੰਭੀਰ ਸੰਵਾਦ ਹੁੰਦੇ ਜਿਨ੍ਹਾਂ ਵਿਚੋਂ ਛਪਣ ਸਮੱਗਰੀ ਨਿਕਲਦੀ। ਪੈਰਿਸ ਵਿਕਸਿਤ ਯੂਰਪੀ ਸਭਿਅਤਾ ਦਾ ਕੇਂਦਰ ਸੀ। ਕਾਰਲ ਅਤੇ ਜੈਨੀ ਨੇ ਕੇਵਲ ਸੁਣਿਆ ਸੀ ਕਿ ਨਾਗਰਿਕਾਂ ਦੀ ਆਜ਼ਾਦੀ ਕਿਹੋ ਜਿਹੀ ਹੈ, ਪੈਰਿਸ ਵਿਚ ਦੇਖਣ ਨੂੰ ਮਿਲੀ। ਜੱਦੀ ਘਰ ਤੋਂ ਦੂਰ, ਪੈਰਿਸ ਸ਼ਹਿਰ ਦੋਵਾਂ ਨੂੰ ਵਧੀਆ ਲੱਗਾ।
ਕਾਰਲ ਨੇ ਅਖਬਾਰ ਕੱਢਿਆ ਤੇ ਕਿਤਾਬਾਂ ਦੇ ਢੇਰ ਵਿਚ ਘਿਰਿਆ ਰਹਿੰਦਾ। ਬੇਲਿਹਾਜ਼ ਸੁਭਾਅ ਵਾਲਾ ਇਹ ਬੰਦਾ ਹਰ ਇਕ ਨੂੰ ਸੰਵਾਦ ਵਿਚ ਹਰਾ ਕੇ ਉਸ ਨੂੰ ਆਪਣਾ ਵਿਰੋਧੀ ਬਣਾ ਲੈਂਦਾ। ਐਨਕੋਵ ਨੇ ਉਸ ਨੂੰ ਲੋਕਤੰਤਰ ਦਾ ਤਾਨਾਸ਼ਾਹ ਕਿਹਾ।
ਜਰਮਨ ਸ਼ਾਇਰ ਹਰਵੇ ਵੀ ਇਥੇ ਸ਼ਰਨਾਰਥੀ ਸੀ ਜਿਸ ਦੀ ਕਿਤਾਬ ਉਪਰ ਪਾਬੰਦੀ ਲੱਗੀ ਹੋਈ ਸੀ। ਹਰਵੇ ਨੂੰ ਪਰੱਸ਼ੀਆ, ਸੈਕਸਨੀ ਅਤੇ ਸਵਿਟਜ਼ਰਲੈਂਡ ਵਿਚੋਂ ਦੇਸ਼ ਨਿਕਾਲਾ ਮਿਲਿਆ ਹੋਇਆ ਸੀ। ਹਰ ਦੇਸ਼ ਨਿਕਾਲੇ ਬਾਅਦ ਉਸ ਦੀ ਸ਼ੁਹਰਤ ਵਧ ਜਾਂਦੀ। ਬਾਦਸ਼ਾਹ ਫਰੈਡਰਿਕ ਵਿਲਮ ਚੌਥੇ ਨੇ ਉਸ ਨੂੰ ਮਹਿਲ ਵਿਚ ਸੱਦਿਆ ਤੇ ਕਿਹਾ, “ਮੈਂ ਪਰੱਸ਼ੀਆ ਵਿਚ ਕਲਚਰਲ ਪੁਨਰਜਾਗਰਨ ਦਾ ਇਛੁੱਕ ਹਾਂ, ਆਓ ਆਪਾਂ ਦੋਵੇਂ ਰਲ ਕੇ ਕੰਮ ਕਰੀਏ।” ਹਰਵੇ ਦਾ ਇਹ ਉਤਰ ਯੂਰਪ ਦੇ ਘਰ-ਘਰ ਪੁੱਜਾ, “ਮੈਂ ਆਜ਼ਾਦ ਜੰਮਿਆਂ ਹਾਂ ਹਜ਼ੂਰ, ਬਾਦਸ਼ਾਹ ਦੀ ਗੁਲਾਮੀ ਨਹੀਂ ਕਰ ਸਕਦਾ।” ਇਥੇ ਹੀ ਪ੍ਰਸਿੱਧ ਕਵੀ ਹੀਨ ਮਿਲਿਆ ਪਰ ਇਸ ਵੇਲੇ ਤੱਕ ਉਹ ਲਕਵੇ ਦਾ ਮਰੀਜ਼ ਹੋ ਚੁੱਕਾ ਸੀ। ਇਕ ਪਾਸਾ ਮਾਰਿਆ ਗਿਆ ਸੀ ਤੇ ਉਸ ਨੂੰ ਲਗਦਾ ਕਿ ਅੰਨ੍ਹਾ ਹੋਵਾਂਗਾ। ਕਾਰਲ ਜੋੜੀ ਜਦੋਂ ਆਰਥਿਕ ਸੰਕਟ ਵਿਚ ਘਿਰ ਜਾਂਦੀ, ਹੀਨ ਵਲੋਂ ਸਹਾਇਤਾ ਮਿਲਦੀ। ਕਾਰਲ ਨੇ ਹੀਨ ਦੀ ਦਿਲਚਸਪੀ ਰਾਜਨੀਤੀ ਵਿਚ ਕਰਵਾਈ ਤੇ ਹੀਨ ਤੋਂ ਉਸ ਨੇ ਜ਼ਬਾਨ ਦੀ ਖੂਬਸੂਰਤੀ ਸਿੱਖੀ। ਉਮਰੋਂ 15 ਸਾਲ ਛੋਟੀ ਜਿਸ ਕੁੜੀ ਨਾਲ ਹੀਨ ਨੇ ਵਿਆਹ ਕਰਵਾਇਆ, ਉਸ ਨੂੰ ਕਵਿਤਾ ਨਾਲ ਕੋਈ ਸਰੋਕਾਰ ਨਹੀਂ ਸੀ, ਨਾ ਉਸ ਨੂੰ ਪਤਾ ਸੀ ਉਹ ਕਿੰਨਾ ਪ੍ਰਸਿੱਧ ਸੀ। ਕਾਰਲ ਕਿਹਾ ਕਰਦਾ, “ਇਸ ਹਰਾਮਜ਼ਾਦੀ ਦੀ ਨਿਗ੍ਹਾ ਬੱਸ ਹੀਨ ਦੇ ਪੈਸਿਆ Ḕਤੇ ਹੈ।”
ਇਥੇ ਹੀ ਰੂਸੀ ਕ੍ਰਾਂਤੀਕਾਰੀ ਬਾਕੁਨਿਨ ਮਿਲਿਆ। ਉਹ ਅਮੀਰ ਪਿਉ ਦਾ ਪੁੱਤਰ ਸੀ, ਜਜ਼ਬਾਤੀ ਸੀ। ਕਾਰਲ ਤੋਂ ਪੰਜ ਸਾਲ ਵੱਡਾ ਪਰ ਕਾਰਲ ਨੂੰ ਸੁਣਨ ਆਉਂਦਾ। ਉਸ ਦੀਆਂ ਲਿਖਤਾਂ ਪੜ੍ਹਦਾ ਤੇ ਮੰਨਦਾ ਕਿ ਕਾਰਲ ਬੌਧਿਕਤਾ ਵਿਚ ਵੱਡਾ ਸੀ। ਦੋਵਾਂ ਦੀ ਦੋਸਤੀ ਨਹੀਂ ਹੋਈ, ਕਿਉਂਕਿ ਸੁਭਾਅ ਇਕ ਦਮ ਵੱਖਰੇ ਸਨ। ਬਾਕੁਨਿਨ ਨੇ ਲਿਖਿਆ, “ਉਹ ਮੈਨੂੰ ਭਾਵਕ ਆਦਰਸ਼ਵਾਦੀ ਕਿਹਾ ਕਰਦਾ, ਠੀਕ ਸੀ ਉਹ। ਮੈਂ ਉਸ ਨੂੰ ਬੌਧਿਕ ਫੋਰਮੈਨ ਕਿਹਾ ਕਰਦਾ, ਮੈਂ ਵੀ ਠੀਕ ਸਾਂ।”
ਉਸ ਨੇ ਉਜਰਤ, ਕਿਰਾਇਆ, ਉਧਾਰ, ਮੁਨਾਫਾ, ਨਿਜੀ ਸੰਪਤੀ ਬਨਾਮ ਕਮਿਊਨਿਜ਼ਮ ਵਿਸ਼ਿਆਂ ਉਪਰ ਲਿਖਣਾ ਸ਼ੁਰੂ ਕੀਤਾ। ਇਕ ਵੰਨਗੀ ਦੇਖੋ, “ਮੈਂ ਬਦਸੂਰਤ ਹਾਂ ਪਰ ਜੇ ਮੇਰੇ ਕੋਲ ਪੈਸਾ ਹੈ, ਸਭ ਤੋਂ ਸੁਹਣੀ ਔਰਤ ਖਰੀਦ ਸਕਦਾ ਹਾਂ। ਸੋ ਮੈਂ ਬਦਸੂਰਤ ਨਹੀਂ, ਯਾਨਿ ਪੈਸਾ ਮੇਰੀ ਬਦਸੂਰਤੀ ਨੂੰ ਲੁਕਾ ਲਏਗਾ। ਮੈਂ ਬੁਰਾ ਹਾਂ, ਬੇਈਮਾਨ ਹਾਂ, ਬੇਵਫਾ ਹਾਂ, ਮੂਰਖ ਹਾਂ ਤਾਂ ਕੀ? ਪੂੰਜੀ ਸਨਮਾਨ ਯੋਗ ਹੈ, ਪੂੰਜੀਪਤੀ ਵੀ। ਮੇਰਾ ਦਿਮਾਗ ਕੰਮ ਨਹੀਂ ਕਰਦਾ ਤਾਂ ਕੀ! ਪੈਸੇ ਨਾਲ ਅਕਲ ਖਰੀਦੀ ਜਾ ਸਕਦੀ ਹੈ। ਧਨ ਨਾਲ ਕੀ ਨਹੀਂ ਖਰੀਦਿਆ ਜਾ ਸਕਦਾ? ਮਜ਼ਦੂਰ ਨਾਲਾਇਕ ਹੈ, ਮੂਰਖ ਹੈ, ਕਮਜ਼ੋਰ ਹੈ ਕਿਉਂਕਿ ਉਸ ਕੋਲ ਪੈਸਾ ਨਹੀਂ। ਮਜ਼ਦੂਰੀ ਰਾਹੀਂ ਮਹਿਲ ਉਸਰਦੇ ਹਨ ਤੇ ਮਜ਼ਦੂਰ ਝੋਂਪੜੀਆਂ ਤੋਂ ਖੱਡਾਂ ਵੱਲ ਧੱਕੇ ਜਾਂਦੇ ਹਨ।”
ਹੀਨ ਨੇ ਲਿਖਿਆ, ਮੈਨੂੰ ਡਰ ਹੈ ਕਿ ਕਮਿਊਨਿਜ਼ਮ ਆਰਟ ਤੇ ਸ਼ਾਇਰੀ ਦਾ ਗਲ ਘੁੱਟ ਦਏਗਾ ਪਰ ਕਾਰਲ ਜਦੋਂ ਕਹਿੰਦਾ ਹੈ, ਰੋਟੀ ਹਰ ਭੁੱਖੇ ਢਿੱਡ ਵਿਚ ਜਾਣੀ ਚਾਹੀਦੀ ਹੈ ਤਾਂ ਮੈਂ ਉਸ ਦਾ ਵਿਰੋਧ ਕੀ ਕਹਿ ਕੇ ਕਰਾਂ?
ਪਰੱਸ਼ੀਆ ਸਲਤਨਤ ਦੇ ਸਿਲੇਸੀਆ ਇਲਾਕੇ ਵਿਚ ਧਾਗਾ ਮਿੱਲ ਦੇ ਕਾਮਿਆਂ ਨੇ ਭੁੱਖਮਰੀ ਖਿਲਾਫ ਜਲੂਸ ਕੱਢਿਆ। ਮਿੱਲ ਮਾਲਕ ਦੀ ਕੋਠੀ ਘੇਰ ਲਈ। ਮਾਲਕਾਂ ਨੂੰ ਕੁਝ ਨਹੀਂ ਕਿਹਾ। ਉਹ ਭੱਜ ਗਏ ਤਾਂ ਅੱਗ ਲਾ ਦਿੱਤੀ। ਅਗਲੇ ਦਿਨ ਪੰਜ ਹਜ਼ਾਰ ਕਾਰਿੰਦਿਆਂ ਨੇ ਫੈਕਟਰੀ ਘੇਰ ਲਈ। ਮਸ਼ੀਨਾਂ ਭੰਨ ਦਿੱਤੀਆਂ, ਇੱਟ-ਇੱਟ ਖਲਾਰ ਦਿੱਤੀ, ਲੁੱਟਣ ਯੋਗ ਸਾਮਾਨ ਲੁੱਟ ਲਿਆ। ਮਾਲਕ ਨੇ ਫੌਜ ਬੁਲਾ ਲਈ। ਮਜ਼ਦੂਰਾਂ ਨੇ ਹਰ ਸੰਭਵ ਤਰੀਕੇ ਨਾਲ ਫੌਜ ਵਿਰੁਧ ਲੜਾਈ ਲੜੀ। ਫਾਇਰਿੰਗ ਵਿਚ 35 ਮਾਰੇ ਗਏ, ਬਾਕੀ ਕੈਦ ਕਰ ਲਏ। ਇਹ ਆਪਣੀ ਕਿਸਮ ਦੀ ਪਹਿਲੀ ਮਿਸਾਲ ਸੀ ਜਿਸ ਨੇ ਕ੍ਰਾਂਤੀ ਦੇ ਸੰਕੇਤ ਦਿੱਤੇ। ਕਾਰਲ ਨੇ ਐਲਾਨ ਕੀਤਾ, “ਪੂੰਜੀਵਾਦ ਇਕ ਫਲਸਫਾ ਹੈ, ਨਵਾਂ ਫਲਸਫਾ ਇਸ ਦੀ ਥਾਂ ਲਵੇਗਾ, ਮੇਰੇ ਕੋਲ ਨਵਾਂ ਫਲਸਫਾ ਹੈ-ਕਮਿਊਨਿਜ਼ਮ।”
ਕਦੀ ਅਖਬਾਰ ਧਨ ਦੀ ਕਮੀ ਕਰ ਕੇ ਬੰਦ ਹੋ ਜਾਂਦਾ, ਕਦੀ ਸਰਕਾਰ ਬੈਨ ਕਰ ਦਿੰਦੀ। ਨਤੀਜਾ, ਤੰਗੀਆਂ ਤੁਰਸ਼ੀਆਂ। ਜੈਨੀ ਫਿਕਰਮੰਦ ਰਹਿਣ ਲੱਗ ਪਈ, ਕਾਰਲ ਦਾ ਕੋਈ ਥਿਰ ਭਵਿੱਖ ਨਹੀਂ ਸੀ। ਘਰ ਬੇਟੀ ਨੇ ਜਨਮ ਲਿਆ।
ਏਂਗਲਜ਼ ਅਤੇ ਕਾਰਲ ਲਿਖਤਾਂ ਰਾਹੀਂ ਇਕ-ਦੂਜੇ ਤੋਂ ਵਾਕਫ ਸਨ ਪਰ ਏਂਗਲਜ਼ ਨੇ ਮਿਲਣ ਦਾ ਫੈਸਲਾ ਕੀਤਾ। ਅਗਸਤ 28, 1844 ਨੂੰ ਮਿਲੇ, ਦਸ ਦਿਨ ਇੱਕਠੇ ਰਹੇ, ਦਸ ਰਾਤਾਂ ਦੇਰ ਤੱਕ ਗੱਲਾਂ ਹੋਈਆਂ। ਇਹ ਮੁਲਾਕਾਤ ਇਤਿਹਾਸਕ ਹੋ ਗਈ। ਏਂਗਲਜ਼ ਨੇ ਉਹ ਕੰਮ ਕਰਨਾ ਸੀ ਜੋ ਪਲੈਟੋ ਨੇ ਸੁਕਰਾਤ ਲਈ ਕੀਤਾ। ਦੂਜੇ, ਨਿਰਧਨ ਕਾਰਲ ਵਾਸਤੇ ਇਸ ਧਨਵਾਨ ਜੁਆਨ ਨੇ ਉਮਰ ਭਰ ਲਈ ਮਾਇਕ ਸਹਾਇਤਾ ਕਰਨੀ ਸੀ। ਏਂਗਲਜ਼ ਲੰਮਾ, ਸੁਹਣਾ ਸੀ। ਗੁੰਦਵਾਂ ਜਿਸਮ। ਕਾਰਖਾਨੇਦਾਰ ਪਿਤਾ ਦਾ ਬੇਟਾ। ਔਰਤਾਂ ਅਤੇ ਘੋੜੀਆਂ ਦਾ ਸ਼ੁਕੀਨ ਸੀ। ਕਾਰਲ ਕੋਲ ਥਿਉਰੀ ਸੀ, ਏਂਗਲਜ਼ ਕੋਲ ਪੂੰਜੀ ਉਤਪਾਦ ਦਾ ਤਜਰਬਾ ਸੀ। ਦੋਵੇਂ ਇਕ-ਦੂਜੇ ਬਗੈਰ ਅਧੂਰੇ ਸਨ। ਅਠਾਰਾਂ ਸਾਲ ਦੀ ਉਮਰੇ ਏਂਗਲਜ਼ ਨੇ ਅਖਬਾਰਾਂ ਵਿਚ ਲੇਖ ਭੇਜਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿਚ ਮਿੱਲ ਮਜ਼ਦੂਰਾਂ ਦੀ ਤ੍ਰਾਸਦਿਕ ਹੋਣੀ ਦਾ ਬਿਰਤਾਂਤ ਹੁੰਦਾ। ਇਨ੍ਹਾਂ ਲੇਖਾਂ ਨੇ ਤਹਿਲਕਾ ਮਚਾ ਦਿੱਤਾ ਕਿਉਂਕਿ ਘਟਨਾਵਾਂ ਕਲਪਿਤ ਨਹੀਂ ਸਨ। ਪਿਤਾ ਅਕਸਰ ਦੋਸਤਾਂ ਕੋਲ ਰਿਹਾ ਕਰਦਾ, ਮੇਰੇ ਹੋਣਹਾਰ ਅਤੇ ਅਕਲਮੰਦ ਪੁੱਤ ਦੀ ਮੱਤ ਮਾਰੀ ਗਈ ਹੈ। ਕੰਪਨੀ ਦਾ ਇਕ ਕਾਊਂਟਰ ਇੰਡੀਆ ਵਿਚ ਸਥਾਪਤ ਕਰ ਕੇ ਵਪਾਰ ਲਈ ਇਹਨੂੰ ਉਥੇ ਭੇਜਾਂਗਾ, ਇਥੇ ਇਹਦੀ ਸੁਹਬਤ ਗਲਤ ਲੋਕਾਂ ਨਾਲ ਹੈ।
ਏਂਗਲਜ਼ ਦੇ ਮੁਕਾਬਲੇ ਕਾਰਲ ਲਿਖਣ ਵਿਚ ਲੇਟ ਹੋ ਜਾਂਦਾ ਸੀ। ਏਂਗਲਜ਼ ਆਖਿਆ ਕਰਦਾ, “ਜਦੋਂ ਲੋਹਾ ਠੰਢਾ ਹੋਵੇ, ਫੇਰ ਸੱਟਾਂ ਮਾਰ ਕੇ ਕੀ ਕਰਾਂਗੇ। ਸਹੀ ਗੱਲ ਸਹੀ ਸਮੇਂ ਹੋਣੀ ਚਾਹੀਦੀ ਹੈ।” 20 ਜਨਵਰੀ 1845 ਨੂੰ ਕਾਰਲ, ਹੀਨ ਅਤੇ ਬਾਕੁਨਿਨ ਸਮੇਤ ਕੋਈ ਦਰਜਨ ਦੇ ਕਰੀਬ ਲੇਖਕਾਂ ਨੂੰ ਫਰਾਂਸ ਵਿਚੋਂ ਨਿਕਲ ਜਾਣ ਦੇ ਹੁਕਮ ਹੋਏ ਕਿਉਂਕਿ ਦੇਸ ਨੂੰ ਨਾਸਤਿਕਾਂ ਤੇ ਕ੍ਰਾਂਤੀਕਾਰੀਆਂ ਦੀ ਕੋਈ ਲੋੜ ਨਹੀਂ। ਚੌਵੀ ਘੰਟਿਆਂ ਵਿਚ ਨਿਕਲਣਾ ਸੀ। ਪੈਰਿਸ ਉਹ ਸ਼ਹਿਰ ਸੀ ਜਿਥੇ ਉਸ ਨੇ ਜੈਨੀ ਨਾਲ ਜੀਵਨ ਸ਼ੁਰੂ ਕੀਤਾ, ਜਿਥੇ ਉਸ ਦੇ ਘਰ ਧੀ ਆਈ, ਜਿਥੇ ਉਸ ਦੇ ਹਮਖਿਆਲ, ਹਮਪਿਆਲਾ ਦੋਸਤ ਰਹਿੰਦੇ ਸਨ। ਦੋਵਾਂ ਦਾ ਦਿਲ ਨਹੀਂ ਕਰਦਾ ਸੀ ਜਾਣ ਨੂੰ। ਕਾਰਲ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਮੈਂ ਲਿਖਤੀ ਭਰੋਸਾ ਦੇਣ ਲਈ ਤਿਆਰ ਹਾਂ, ਸਿਆਸੀ ਹਰਕਤ ਨਹੀਂ ਕਰਾਂਗਾ ਤਾਂ ਵੀ ਸਰਕਾਰ ਨਹੀਂ ਮੰਨੀ। ਥੋੜ੍ਹੇ-ਥੋੜ੍ਹੇ ਦਿਨਾਂ ਦੀਆਂ ਮੁਹਲਤਾਂ ਮਗਰੋਂ ਆਖਰ 5 ਫਰਵਰੀ 1845 ਨੂੰ ਘੋੜਾ ਗੱਡੀ ਵਿਚ ਬਰੱਸਲਜ਼ ਪੁੱਜ ਗਏ। ਇਹ ਇਸ ਪਰਿਵਾਰ ਦੇ ਉਜਾੜਿਆਂ ਦੀ ਸ਼ੁਰੂਆਤ ਸੀ। ਇਹ ਬੈਲਜੀਅਮ ਰਿਆਸਤ ਦਾ ਸ਼ਹਿਰ ਸੀ। ਕਾਰਲ ਨੇ ਪਨਾਹ ਮੰਗਣ ਵੇਲੇ ਲਿਖ ਕੇ ਦਿੱਤਾ ਕਿ ਮੈਂ ਸਿਆਸੀ ਹਰਕਤ ਨਹੀਂ ਕਰਾਂਗਾ। ਕੌਣ ਜਾਣਦਾ ਸੀ, ਇਸੇ ਧਰਤੀ Ḕਤੇ ਕਮਿਊਨਿਸਟ ਮੈਨੀਫੈਸਟੋ ਲਿਖਿਆ ਜਾਣਾ ਸੀ।
ਏਂਗਲਜ਼ ਨੇ ਆਪਣੇ ਘਰ ਬਿਨਾਂ ਵਿਆਹ ਕੀਤਿਆਂ ਸੁਹਣੀ ਕੁੜੀ ਮੇਰੀ ਰੱਖ ਲਈ ਜੋ ਉਸ ਦੀ ਫੈਕਟਰੀ ਵਿਚ ਮੁਲਾਜ਼ਮ ਸੀ। ਆਮ ਆਦਮੀ ਅਜਿਹਾ ਕਰਦਾ, ਚਰਚਾ ਹੁੰਦੀ ਪਰ ਇਸ ਅਮੀਰਜ਼ਾਦੇ ਵਿਰੁਧ ਕੋਈ ਨਾ ਕੁਸਕਿਆ।
(ਚਲਦਾ)
Leave a Reply