ਪ੍ਰਿੰæ ਸਰਵਣ ਸਿੰਘ, ਕੈਨੇਡਾ
ਫੋਨ: 905-799-1661
ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜੈ ਜੈ ਕਾਰ ਹੋ ਗਈ ਹੈ। 1984 ਤੋਂ ਬਾਅਦ ਪਹਿਲੀ ਵਾਰ ਕਿਸੇ ਇਕ ਪਾਰਟੀ ਨੂੰ ਪੂਰਨ ਬਹੁਮੱਤ ਮਿਲਿਆ ਹੈ। ਦੇਸ਼ ਦਾ ਵਿਕਾਸ ਕਿਵੇਂ ਕਰਨਾ ਹੈ, ਭਾਜਪਾ ਹੁਣ ਆਪਣੇ ਬਲਬੂਤੇ ਪੂਰੇ ਭਰੋਸੇ ਨਾਲ ਕਰ ਸਕਦੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਕਈ ਮਜਬੂਰੀਆਂ ਸਨ, ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਈ ਮਜਬੂਰੀ ਨਹੀਂ। ਹੁਣ ਵੀ ਜੇ ਦੇਸ਼ ਦਾ ਕਲਿਆਣ ਨਾ ਹੋਇਆ ਤਾਂ ਭਾਜਪਾ ਦਾ ਵੀ ਉਹੀ ਹਾਲ ਹੋਵੇਗਾ ਜੋ ਕਾਂਗਰਸ ਪਾਰਟੀ ਦਾ ਹੋਇਆ।
ਭਾਰਤੀ ਰਾਜਨੀਤੀ ਦਾ ਸਭ ਤੋਂ ਵੱਡਾ ਸੰਕਟ ਕਹਿਣੀ ਤੇ ਕਰਨੀ ਦੇ ਫਰਕ ਦਾ ਹੈ। ਕਿਹਾ ਕੁਝ ਜਾਂਦੈ, ਕਰਿਆ ਕੁਝ ਹੋਰ ਜਾਂਦੈ। ਭਾਰਤੀ ਜਨਤਾ ਪਾਰਟੀ, ਯੂ ਪੀ ਏ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਮਹਿੰਗਾਈ ਦੇ ਮੁੱਦਿਆਂ ਨੂੰ ਉਭਾਰ ਕੇ ਸੱਤਾ ਵਿਚ ਆਈ ਹੈ। ਉਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰੇਗੀ। ਦੇਸ਼ ਨੂੰ ਸਾਫ਼ ਸੁਥਰਾ ਪ੍ਰਸਾਸ਼ਨ ਦੇਵੇਗੀ ਤੇ ਦੇਸ਼ ਦਾ ਸਹੀ ਦਿਸ਼ਾ ਵਿਚ ਵਿਕਾਸ ਕਰੇਗੀ। ਚੋਣਾਂ ਉਸ ਨੇ ਵਿਕਾਸ ਦੇ ਮੁੱਦੇ ‘ਤੇ ਲੜੀਆਂ ਹਨ। ਹੁਣ ਭਾਰਤੀਆਂ ਨੇ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਅਮਲ ਵੇਖਣਾ ਹੈ। ਵੇਖਣਾ ਹੈ ਭ੍ਰਿਸ਼ਟਾਚਾਰ ਕਦੋਂ ਰੁਕਦੈ ਤੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾਵਾਂ ਕਦੋਂ ਮਿਲਦੀਐਂ?
ਗੱਲ ਹੁਣ ਪੰਜਾਬ ਦੀ ਵੀ ਕਰਨ ਵਾਲੀ ਹੈ। ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਹੋਣ ਕਾਰਨ ਪੰਜਾਬ ਵਿਚ ਜੋ ਕੁਝ ਵੀ ਮਾੜਾ ਹੁੰਦਾ ਸੀ ਉਹਦਾ ਦੋਸ਼ ਕੇਂਦਰ ਦੀ ਕਾਂਗਰਸ ਸਰਕਾਰ ਸਿਰ ਮੜ੍ਹ ਦਿੱਤਾ ਜਾਂਦਾ ਸੀ। ਕਿਹਾ ਜਾਂਦਾ ਸੀ ਕਿ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ ਜਿਨ੍ਹਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਕੇਂਦਰੀ ਸਰਕਾਰ ਦੀ ਹੈ ਕਿਉਂਕਿ ਬੀ ਐਸ ਐਫ ਕੇਂਦਰ ਦੇ ਅਧੀਨ ਹੈ। ਹੁਣ ਪੰਜਾਬ ਤੇ ਕੇਂਦਰ ਵਿਚ ਇਕੋ ਗੱਠਜੋੜ ਦੀਆਂ ਹੀ ਸਾਂਝੀਆਂ ਸਰਕਾਰਾਂ ਹੋਣਗੀਆਂ। ਵੇਖਦੇ ਹਾਂ ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਕਦੋਂ ਰੁਕਦੈ? ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਨਾਲ ਪੰਜਾਬ ਸਰਕਾਰ ਕੋਲ ਇਹ ਬਹਾਨਾ ਨਹੀਂ ਹੋਵੇਗਾ ਕਿ ਨਸ਼ਿਆਂ ਦੀਆਂ ਖੇਪਾਂ ਕੇਂਦਰ ਸਰਕਾਰ ਦੀ ਸ਼ਹਿ ਨਾਲ ਸਰਹੱਦੋਂ ਲੰਘਦੀਆਂ ਹਨ। ਹੁਣ ਆਪਣੀ ਕਮਜ਼ੋਰੀ ਦਾ ਭਾਂਡਾ ਕੇਂਦਰ ਸਰਕਾਰ ਸਿਰ ਭੰਨਣਾ ਔਖਾ ਹੋਵੇਗਾ। ਇਹ ਵਰਣਨਯੋਗ ਹੈ ਕਿ ਚੋਣਾਂ ਮੌਕੇ ਚੋਣ ਕਮਿਸ਼ਨ ਨੇ ਸਾਰੇ ਦੇਸ਼ ਵਿਚੋਂ ਜਿੰਨੇ ਮਣ/ਟਨ ਨਸ਼ਿਆਂ ਦਾ ਮਾਲ ਮੱਤਾ ਫੜਿਆ, ਉਹਦੇ ‘ਚੋਂ ਅੱਧੋਂ ਵੱਧ ‘ਕੱਲੇ ਪੰਜਾਬ ‘ਚੋਂ ਸੀ!
ਪੰਜਾਬ ਦੇ ਕੁਝ ਮਸਲੇ ਲੰਮੇ ਸਮੇਂ ਤੋਂ ਲਟਕ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਹਰ ਵਾਰ ਆਪਣੇ ਚੋਣ ਮੈਨੀਫੈਸਟੋ ਵਿਚ ਪਾਉਂਦਾ ਆ ਰਿਹੈ। ਸਭ ਤੋਂ ਅਹਿਮ ਮਸਲਾ ਹੈ ਪੰਜਾਬੀ ਬੋਲਦੇ ਇਲਾਕਿਆਂ ਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਨ ਦਾ ਅਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਰੋਕਣ ਦਾ। ਪੰਜਾਬ ਦੀ ਹੋਂਦ ਦਰਿਆਵਾਂ ਦੇ ਪਾਣੀਆਂ ਸਦਕਾ ਹੀ ਹੈ। ਪਾਣੀ ਬਿਨਾਂ ਪੰਜਾਬ ਬੰਜਰ ਹੋ ਜਾਵੇਗਾ। ਅਕਾਲੀ ਦਲ ਦਾ ਅਹਿਮ ਮਤਾ ਹੈ ਸੂਬਿਆਂ ਲਈ ਵੱਧ ਅਧਿਕਾਰ ਹਾਸਲ ਕਰਨੇ। ਬੇਰੁਜ਼ਗਾਰੀ ਦੂਰ ਕਰਨ ਲਈ ਸੂਬੇ ਵਿਚ ਵੱਡੀ ਪੱਧਰ ‘ਤੇ ਸਨਅਤ ਲਗਾਉਣਾ। ਅਤਿਵਾਦ ਵਿਰੁਧ ਲੜਾਈ ਵਿਚ ਕੇਂਦਰ ਦੀਆਂ ਫੋਰਸਾਂ ਦਾ ਕਰੋੜਾਂ ਰੁਪਏ ਦਾ ਖਰਚਾ ਪੰਜਾਬ ਸਿਰ ਮੜ੍ਹਿਆ ਗਿਆ ਜੋ ਹੁਣ ਲੱਖ ਕਰੋੜ ਤੋਂ ਉਪਰ ਹੋ ਚੁੱਕੈ। ਪੰਜਾਬ ਅਨਾਜ ਨਾਲ ਦੇਸ਼ ਦਾ ਢਿੱਡ ਭਰਦਾ ਹੈ। ਪੰਜਾਬ ਕੋਲ ਖੇਤੀਬਾੜੀ ਦੀਆਂ ਫਸਲਾਂ ਹੀ ਹਨ ਜਿਨ੍ਹਾਂ ਦੀ ਵੱਟਤ ਨਾਲ ਪੰਜਾਬੀਆਂ ਨੇ ਕਰਜ਼ਾ ਲਾਹੁਣਾ ਹੈ। ਜੇ ਉਨ੍ਹਾਂ ਫਸਲਾਂ ਦਾ ਲਾਹੇਵੰਦਾ ਮੁੱਲ ਹੀ ਨਹੀਂ ਮਿਲੇਗਾ ਤਾਂ ਪੰਜਾਬ ਦਾ ਕਰਜ਼ਾ ਕਿਥੋਂ ਲਹਿਣੈ? ਪੰਜਾਬ ਜੋ ਖਰੀਦਦੈ ਮੂੰਹ ਮੰਗਿਆ ਮੁੱਲ ਦਿੰਦੈ ਪਰ ਜੋ ਵੇਚਦੈ ਉਹਦਾ ਕਦੇ ਉਚਿਤ ਮੁੱਲ ਨਹੀਂ ਮਿਲਿਆ। ਨਾਲੇ ਅਤਿਵਾਦ ਵਿਰੁਧ ਲੜਾਈ ਦਾ ਖਰਚਾ ਪੰਜਾਬ ਸਿਰ ਕਿਉਂ? ਕੀ ਪੰਜਾਬ ਦੇਸ਼ ਦਾ ਅੰਗ ਨਹੀਂ?
ਅਕਾਲੀ ਦਲ/ਭਾਜਪਾ ਨੇ ਚੋਣਾਂ ਤੋਂ ਪਹਿਲਾਂ ਜਗਰਾਓਂ ਵਿਚ ਮੋਦੀ ਦੀ ਵੱਡੀ ਫਤਹਿ ਰੈਲੀ ਕਰਵਾਈ। ਉਸ ਵਿਚ ਮੋਦੀ ਦੀਆਂ ਸਿਫਤਾਂ ਦੇ ਪੁਲ ਬੱਧੇ ਗਏ। ਮੋਦੀ ਨੇ ਕਿਹਾ ਕਿ ਗੁਜਰਾਤ ਵਿਚੋਂ ਕਿਸੇ ਪੰਜਾਬੀ ਕਿਸਾਨ ਨੂੰ ਉਜਾੜਿਆ ਨਹੀਂ ਜਾਵੇਗਾ। ਖੇਤੀਬਾੜੀ ਦੀਆਂ ਫਸਲਾਂ ਦਾ ਲਾਹੇਵੰਦਾ ਮੁੱਲ ਦਿੱਤਾ ਜਾਵੇਗਾ ਤਾਂ ਜੋ ਖੇਤੀਬਾੜੀ ਮੁਨਾਫਾ-ਬਖਸ਼ ਧੰਦਾ ਬਣੇ। ਪੰਜਾਬ ਦੇ ਮੁੱਖ ਮੰਤਰੀ ਤਾਂ ਇਥੋਂ ਤਕ ਕਹਿ ਗਏ ਕਿ ਮੋਦੀ ਸਾਹਿਬ ਨੂੰ ਜਿਤਾ ਦਿਓ ਫਿਰ ਦੇਖਿਓ, ਪੰਜਾਬ ‘ਚ ਕਿਵੇਂ ਲਹਿਰਾਂ-ਬਹਿਰਾਂ ਹੁੰਦੀਆਂ। ਇਹ ਗੱਲ ਬਾਦਲ ਹੋਰਾਂ ਨੇ ਹੋਰ ਚੋਣ ਰੈਲੀਆਂ ਵਿਚ ਵੀ ਵਾਰ ਵਾਰ ਦੁਹਰਾਈ। ‘ਕੇਰਾਂ ਮੋਦੀ ਸਰਕਾਰ ਬਣ ਜਾਵੇ ਪੰਜਾਬ ਦੇ ਸਾਰੇ ਸੰਕਟ ਦੂਰ ਹੋ ਜਾਣਗੇ। ਕੇਂਦਰ ਦੇ ਖ਼ਜ਼ਾਨੇ ਦਾ ਮੂੰਹ ਪੰਜਾਬ ਵੱਲ ਖੁੱਲ੍ਹ ਜਾਵੇਗਾ।
1984 ਵਿਚ ਦਿੱਲੀ ‘ਚ ਹੋਏ ਸਿੱਖ ਕਤਲੇਆਮ ਦੀ ਦੁਹਾਈ ਵਾਰ ਵਾਰ ਪਾਈ ਜਾਂਦੀ ਹੈ। ਵਾਰ ਵਾਰ ਆਵਾਜ਼ ਉਠਦੀ ਹੈ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਓ। ਅਕਾਲੀ ਦਲ ਤਾਂ ਇਹ ਮੰਗ ਕਰਦਾ ਹੀ ਆਉਂਦਾ ਹੈ ਉਸ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵੀ ਕਤਲੇਆਮ ਦੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜ੍ਹੇ ਕਰਨ ਦੀ ਹਾਮੀ ਭਰਦੀ ਆਉਂਦੀ ਹੈ। ਹੁਣ ਜਦੋਂ ਦਿੱਲੀ ਵਿਚ ਅਕਾਲੀ ਦਲ ਦੀ ਭਾਈਵਾਲੀ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤਾਂ ਦੋਸ਼ੀਆਂ ਨੂੰ ਸਜ਼ਾ ਦੇਣ ‘ਚ ਕਾਹਦੀ ਦੇਰ ਹੈ? ਜੇ ਕਾਂਗਰਸ ਪਾਰਟੀ ਦੋਸ਼ੀਆਂ ਨੂੰ ਬਚਾਉਂਦੀ ਆਈ ਹੈ ਤਾਂ ਭਾਜਪਾ ਤਾਂ ਸਜ਼ਾ ਦੇ ਹੀ ਸਕਦੀ ਹੈ। ਵੇਖਦੇ ਹਾਂ ਦੋਸ਼ੀਆਂ ਨੂੰ ਸਜ਼ਾਵਾਂ ਕਦ ਮਿਲਦੀਆਂ ਹਨ?
ਹੁਣ ਵੀ ਉਪਰੋਕਤ ਮਸਲੇ ਹੱਲ ਨਾ ਹੋਏ ਤਾਂ ਅਕਾਲੀ ਦਲ/ਭਾਜਪਾ ਸਰਕਾਰ ਜਨਤਾ ਨੂੰ ਸਪੱਸ਼ਟੀਕਰਨ ਦੇਣ ਲਈ ਤਿਆਰ ਰਹੇ।
ਨਾਲੇ ਅਜੋਕੀਆਂ ਲੋਕ ਸਭਾ ਚੋਣਾਂ ਨਾਲ ਪੰਜਾਬ ਦੇ ਹਾਲਾਤ ਵੀ ਬਦਲ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀਆਂ ਅਕਾਲੀਆਂ ਨਾਲੋਂ ਵੱਧ ਸੀਟਾਂ ਜਿੱਤ ਗਈ ਹੈ। ਇਸ ਦਾ ਮਤਲਬ ਹੈ ਕਿ ਕੱਲ੍ਹ ਕਲੋਤਰ ਨੂੰ ਅਸੰਬਲੀ ਦੀਆਂ ਚੋਣਾਂ ਹੋਣ ਤਾਂ ਆਪ ਪਾਰਟੀ ਅਕਾਲੀਆਂ ਤੋਂ ਵੱਧ ਸੀਟਾਂ ਜਿੱਤਣ ਦੇ ਯੋਗ ਹੈ। ਆਮ ਆਦਮੀ ਪਾਰਟੀ ਅਜੇ ਕੱਲ੍ਹ ਜੰਮੀ ਹੈ, ਫਿਰ ਵੀ 33 ਵਿਧਾਨ ਸਭਾ ਹਲਕਿਆਂ ਵਿਚ ਇਹ ਸਭ ਤੋਂ ਮੂਹਰੇ ਨਿਕਲ ਗਈ ਹੈ। ਪੰਜਾਬ ਸਰਕਾਰ ਨੂੰ ਹੁਣ ਸੱਚਮੁੱਚ ਹੀ ‘ਰਾਜ ਨਹੀਂ ਸੇਵਾ’ ਉਤੇ ਅਮਲ ਕਰਨ ਦੀ ਲੋੜ ਪਵੇਗੀ। ਭਾਵੇਂ ਵੱਡੀ ਗਿਣਤੀ ਵਿਚ ਨੌਜੁਆਨ ਨਸ਼ਿਆਂ ‘ਚ ਡੋਬ ਦਿੱਤੇ ਗਏ ਹਨ ਪਰ ਸਾਰਿਆਂ ਦਾ ਬੀ ਨਾਸ਼ ਨਹੀਂ ਹੋਇਆ। ਇਹ ਉਹੀ ਨੌਜੁਆਨ ਹਨ ਜਿਨ੍ਹਾਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਲਾਈਆਂ। ਉਹ ਪੰਜਾਬ ਦਾ ਭਵਿੱਖ ਸੁਆਰਨ ਲਈ ਤਿਆਰ ਹਨ।
ਸੂਬੇ ਤੇ ਕੇਂਦਰ ਵਿਚ ਇਕੋ ਪਾਰਟੀ/ਗੱਠਜੋੜ ਦੀ ਸਰਕਾਰ ਹੋਵੇ ਤਾਂ ਜਿਥੇ ਫਾਇਦੇ ਹੁੰਦੇ ਹਨ ਉਥੇ ਨੁਕਸਾਨ ਹੋਣ ਦਾ ਵੀ ਡਰ ਹੁੰਦੈ। ਪੰਜਾਬ ਦਾ ਇਤਿਹਾਸ ਦੱਸਦਾ ਹੈ ਕਿ ਕੇਂਦਰ ਤੇ ਪੰਜਾਬ ਵਿਚ ਕਾਂਗਰਸੀ ਸਰਕਾਰਾਂ ਦੀ ਸਾਂਝ ਸਮੇਂ ਪੰਜਾਬ ਨਾਲ ਨਿਆਂ ਨਹੀਂ ਹੋਇਆ। ਪੰਜਾਬ ਦੇ ਹਿਤਾਂ ਵਿਰੁਧ ਮੁੱਖ ਮੰਤਰੀਆਂ ਵੱਲੋਂ ਦਬਾਅ ਨਾਲ ਗੂਠੇ ਲਵਾਏ ਜਾਂਦੇ ਰਹੇ। ਵੇਖਣਾ ਕਿਤੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਲੈਂਦੇ-ਲੈਂਦੇ ਉਲਟਾ ਮੋਦੀ ਦੀ ਦੇਸ਼ ਦੀਆਂ ਨਦੀਆਂ ਜੋੜਨ ਵਾਲੀ ਨੀਤੀ ਉਤੇ ਗੂਠਾ ਨਾ ਲਵਾ ਲਿਆ ਜਾਵੇ। ਸਾਵਧਾਨ ਰਹਿਣਾ ਪਵੇਗਾ ਪੰਜਾਬ ਸਰਕਾਰ ਨੂੰ! ਨਾਲੇ ਮੋਦੀ ਸਾਹਿਬ ਨੂੰ ਯਾਦ ਕਰਵਾਉਂਦੇ ਰਹਿਣਾ ਪਵੇਗਾ ਕਿ ਜੋ ਉਨ੍ਹਾਂ ਨੇ ਪੰਜਾਬੀਆਂ ਨਾਲ ਵਾਅਦੇ ਕੀਤੇ ਹਨ, ਕਿਤੇ ਭੁੱਲ ਨਾ ਜਾਣ।
Leave a Reply