ਅੰਤ ਵਲੋਂ ਬੇਪਰਵਾਹ

ਉਰਦੂ ਨਾਮਾਨਿਗਾਰ ਜ਼ਰੀਨਾ ਫਾਰੂਕ ਦੀ ਕਹਾਣੀ ‘ਅੰਤ ਵਲੋਂ ਬੇਪਰਵਾਹ’ ਮਨੁੱਖੀ ਰਿਸ਼ਤਿਆਂ ਅਤੇ ਪੈਸੇ ਤੇ ਐਸ਼ੋ-ਆਰਾਮ ਦੇ ਦੋ ਪਲੜਿਆਂ ਵਿਚ ਝੂਲਦੀਆਂ ਜਿੰਦਾਂ ਦੀ ਦਰਦ ਕਹਾਣੀ ਹੈ। ਦਰਦ ਕਹਾਣੀ ਇਸ ਲਈ ਕਿਉਂਕਿ ਤਮ੍ਹਾਂ ਦਾ ਕੋਈ ਅੰਤ ਨਹੀਂ ਹੈ। ਇਹ ਠੀਕ ਹੈ ਕਿ ਪਿਆਰ ਦਾ ਵੀ ਕੋਈ ਅੰਤ ਨਹੀਂ ਹੈ, ਪਰ ਆਖਰਕਾਰ ਜਿਸ ਤਰ੍ਹਾਂ ਸੋਕੇ ਦੀ ਰੁੱਤੇ ਪਾਣੀਆਂ ਦੇ ਥੱਲੇ ਅਕਸਰ ਦਿਸਣ ਲੱਗ ਪੈਂਦੇ ਹਨ, ਐਨ ਉਸੇ ਤਰ੍ਹਾਂ ਇਕ ਪਾਸੇ ਤੋਂ ਵਹਿ ਰਹੇ ਪਿਆਰ ਦੀ ਉਡੀਕ ਵੀ ਆਖਰ ਮੁੱਕ ਜਾਂਦੀ ਹੈ। ਇਸ ਉਰਦੂ ਕਹਾਣੀ ਦਾ ਅਨੁਵਾਦ ਸੁਰਜੀਤ ਸਿੰਘ ਪੰਛੀ (ਬੇਕਰਜ਼ਫੀਲਡ) ਨੇ ਕੀਤਾ ਹੈ। -ਸੰਪਾਦਕ

ਜ਼ਰੀਨਾ ਫਾਰੂਕ
ਅਨੁਵਾਦ: ਸੁਰਜੀਤ ਸਿੰਘ ਪੰਛੀ
ਫੋਨ: 661-827-2124

ਚੌਧਵੀਂ ਦਾ ਚੰਦ ਕਾਇਨਾਤ ਦੇ ਕਿਣਕੇ-ਕਿਣਕੇ ਨੂੰ ਆਪਣੇ ਨੂਰ ਦੀਆਂ ਕਿਰਨਾਂ ਨਾਲ ਚਮਕਾ ਰਿਹਾ ਸੀ। ਮੇਰੇ ਦਿਲ ਦੇ ਸੁੰਨੇ ਖਾਨਿਆਂ ਵਿਚ ਹਨੇਰਾ ਹੀ ਹਨੇਰਾ ਸੀ। ਉਥੇ ਤੱਕ ਚੰਦ ਦੀਆਂ ਕਿਰਨਾਂ ਅਪਹੁੰਚ ਸਨ। ਦਿਲ ਦੇ ਅੰਦਰ ਤਾਂ ਹਨੇਰੇ ਦਾ ਰਾਜ ਸੀ। ਇਹ ਕਿਹੋ ਜਿਹੇ ਹਨੇਰੇ ਸਨ ਜਿਹੜੇ ਮੇਰੇ ਸਰੀਰ ਦੁਆਲੇ ਘੇਰੇ ਪਾਈ ਬੈਠੇ ਸਨ ਅਤੇ ਮੇਰੇ ਅੰਦਰ ਦੇ ਸੰਸਾਰ ਨੂੰ ਹਨੇਰਾ ਕਰ ਰਹੇ ਸਨ। ਸਾਰਾ ਸੰਸਾਰ ਸੁਪਨੇ ਲੈ ਰਿਹਾ ਸੀ ਅਤੇ ਬਲਦੀਆਂ ਅੱਖਾਂ ‘ਤੇ ਆਪਣੀਆਂ ਬਾਹਾਂ ਦੇ ਤੰਬੂ ਤਾਣ ਲਏ, ਪਰ ਅੰਦਰ ਦੀ ਬੇਚੈਨੀ ਨੇ ਇਕ ਪਲ ਵੀ ਚੈਨ ਨਾ ਆਉਣ ਦਿੱਤਾ। ਮੈਂ ਉਠ ਕੇ ਬੈਠ ਗਈ। ਲਾਈਟ ਕੀਤੀ ਅਤੇ ਪਾਸੇ ਵਾਲੇ ਮੇਜ਼ ‘ਤੇ ਰੱਖਿਆ ਤਲਾਕਨਾਮਾ ਮੇਰੀਆਂ ਤਬਾਹੀਆਂ ਦਾ ਮਾਤਮ ਕਰਦਾ ਦਿਸਿਆ। ਮੈਂ ਹੱਥ ਵਧਾ ਕੇ ਤਲਾਕਨਾਮਾ ਚੁੱਕਿਆ ਅਤੇ ਪੜ੍ਹਨ ਲੱਗੀ। ਤਲਾਕ ਤਲਾਕ ਤਲਾਕ ਦੇ ਸ਼ਬਦ ਕਾਗ਼ਜ਼ ‘ਤੇ ਪ੍ਰਗਟ ਹੋ ਗਏ ਸਨ। ਮੈਂ ਸਵੇਰ ਤੋਂ ਇਨ੍ਹਾਂ ਸ਼ਬਦਾਂ ਨੂੰ ਸੈਂਕੜੇ ਵਾਰ ਦੁਹਰਾ ਚੁੱਕੀ ਸੀ, ਪਰ ਮੇਰੇ ਦਿਲ ਨੂੰ ਹੁਣ ਤੱਕ ਇਨ੍ਹਾਂ ਦੀ ਸੱਚਾਈ ਦਾ ਭਰੋਸਾ ਨਹੀਂ ਹੋ ਰਿਹਾ ਸੀ। ਬੈਡ ਤੋਂ ਪੈਰ ਹੇਠਾਂ ਰੱਖੇ ਅਤੇ ਸ਼ਾਨਦਾਰ ਕਾਲੀਨ ‘ਤੇ ਟਹਿਲਣ ਲੱਗੀ, ਪਰ ਬੇਚੈਨੀ ਵਧਦੀ ਗਈ। ਮੈਂ ਫਰਿਜ਼ ਵਿਚੋਂ ਠੰਢੇ ਪਾਣੀ ਦੀ ਬੋਤਲ ਕੱਢੀ, ਤੇ ਇਕੋ ਸਾਹ ਸਾਰੀ ਬੋਤਲ ਖਾਲੀ ਕਰ ਦਿੱਤੀ। ਇਕ ਵਾਰੀ ਤਾਂ ਪਾਣੀ ਨੇ ਸੀਨੇ ਵਿਚ ਦਹਿਕੇ ਜਵਾਲਾਮੁਖੀ ਨੂੰ ਹੋਰ ਵੀ ਭੜਕਾ ਦਿੱਤਾ। ਮੈਂ ਕੀ ਕਰਾਂ, ਮੇਰੀ ਸਮਝ ਵਿਚ ਨਹੀਂ ਆ ਰਿਹਾ ਸੀ? ਕਿਸ ਨੂੰ ਦਿਲ ਦਾ ਦਰਦ ਸੁਣਾਵਾਂ? ਦੂਰ-ਦੂਰ ਤੱਕ ਮੈਨੂੰ ਕੋਈ ਦਿਖਾਈ ਨਹੀਂ ਦਿੰਦਾ ਸੀ। ਪੂਰਾ ਕਮਰਾ ਬਹੁ-ਮੁੱਲੇ ਸਾਮਾਨ ਨਾਲ ਭਰਿਆ ਪਿਆ ਸੀ। ਫਰਿਜ਼, ਕੂਲਰ, ਟੀæਵੀæ ਵਧੀਆ ਡਬਲ ਬੈਡ, ਪੈਰਾਂ ਥੱਲੇ ਕੀਮਤੀ ਮਖਮਲੀ ਕਾਲੀਨ ਨਵੇਂ ਨਮੂਨੇ ਦਾ, ਬਹੁ-ਮੁੱਲਾ ਫਰਨੀਚਰ, ਕੰਧਾਂ ‘ਤੇ ਮਨਮੋਹਣੀਆਂ ਸੀਨਰੀਆਂ-ਕੀ ਕੁਝ ਨਹੀਂ ਸੀ? ਐਸ਼ੋ-ਆਰਾਮ ਦਾ ਹਰ ਸਾਮਾਨ ਸੀ, ਪਰ ਇਸ ਸਭ ਕੁਝ ਦੇ ਹੁੰਦਿਆਂ ਮੈਂ ਇਕੱਲੀ ਸੀ। ਬਿਲਕੁਲ ਇਕੱਲੀ। ਮੈਂ ਇਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਕਿੰਨੇ ਦੁੱਖ ਸਹੇ, ਕਿੰਨੇ ਦਰਦ ਹੱਸਦਿਆਂ-ਮੁਸਕਰਾਉਂਦਿਆਂ ਸਹਿ ਲਏ ਅਤੇ ਅੱਜ ਇਨ੍ਹਾਂ ਦੀ ਪ੍ਰਾਪਤੀ ਖਾਤਰ ਮੇਰਾ ਇਹ ਅੰਤ ਹੋਇਆ, ਪਰ ਇਹ ਚੁੱਪ-ਚਾਪ ਤਮਾਸ਼ਾ ਦੇਖਣ ਵਾਲੇ ਮੇਰੀ ਤਬਾਹੀ ਤੇ ਬਰਬਾਦੀ ਉਤੇ ਮੁਕਸਰਾ ਰਹੇ ਹਨ। ਮੈਨੂੰ ਇਨ੍ਹਾਂ ਸਾਰੀਆਂ ਵਸਤਾਂ ਨਾਲ ਘ੍ਰਿਣਾ ਹੋਣ ਲੱਗੀ ਹੈ। ਜਨੂੰਨ ਕਾਰਨ ਮੈਂ ਇਨ੍ਹਾਂ ਸਾਰੀਆਂ ਨੂੰ ਇਕ-ਇਕ ਕਰ ਕੇ ਸੁੱਟਣਾ ਸ਼ੁਰੂ ਕੀਤਾ, ਪਰ ਇਹ ਕੀ? ਇਹ ਟੁੱਟਣ-ਫੁੱਟਣ ਪਿੱਛੋਂ ਵੀ ਮੁਸਕਰਾਈ ਜਾਂਦੇ ਹਨ। ਅੰਤ ਮੈਨੂੰ ਹੀ ਹਾਰ ਮੰਨਣੀ ਪਈ। ਮੈਂ ਆਪਣੀ ਟੁੱਟਦੀ, ਬਿਖਰਦੀ ਹੋਂਦ ਨੂੰ ਘਸੀਟ ਕੇ ਬੈਡ ਤੱਕ ਲਿਆਈ ਅਤੇ ਨਿਰਜਿੰਦ ਲਾਸ਼ ਵਾਂਗ ਡਿੱਗ ਪਈ। ਤਬੀਅਤ ਦੀ ਬੇਚੈਨੀ ਲਗਾਤਾਰ ਵਧਦੀ ਜਾ ਰਹੀ ਸੀ। ਦਿਮਾਗ ਵਿਚ ਹਿਲਜੁਲ ਹੋਈ।
“ਨਿਕਹਤ! ਤੂੰ ਬਹੁਤ ਪ੍ਰੇਸ਼ਾਨ ਏਂ। ਆ ਭੂਤ ਦੇ ਬਾਗ ਦੀ ਸੈਰ ਕਿਉਂ ਨਾ ਕਰੀਏ, ਸ਼ਾਇਦ ਤੈਨੂੰ ਕੁਝ ਚੈਨ ਮਿਲੇ।”
ਅਸੀਂ ਵਿਚਕਾਰਲੇ ਦਰਜੇ ਦੇ ਲੋਕ ਸਾਂ। ਮੇਰੇ ਪਿਤਾ ਕਿਸੇ ਫਰਮ ਵਿਚ ਕਲਰਕ ਸਨ। ਪਿਤਾ ਸਾਨੂੰ ਨਵੀਂ ਤਰਜ਼ ਦੀ ਐਸ਼ੋ-ਆਰਾਮ ਤਾਂ ਨਹੀਂ ਦੇ ਸਕੇ, ਫਿਰ ਵੀ ਇਨ੍ਹਾਂ ਦਾ ਯਤਨ ਇਹੀ ਹੁੰਦਾ ਕਿ ਸਾਡੀਆਂ ਠੀਕ-ਠਾਕ ਲੋੜਾਂ ਪੂਰੀਆਂ ਕਰ ਸਕਣ। ਮਹਿੰਗਾਈ ਦੇ ਇਸ ਯੁੱਗ ਵਿਚ ਭਾਵੇਂ ਕਮਜ਼ੋਰ ਮਨੁੱਖ ਨੂੰ ਆਪਣੀ ਪਵਿੱਤਰਤਾ ਦਾ ਭਰਮ ਰੱਖਣਾ ਵੀ ਔਖਾ ਸੀ, ਪਰ ਅਸੀਂ ਆਪਣੀ ਪਵਿੱਤਰਤਾ ਕਿਸੇ ਨਾ ਕਿਸੇ ਤਰ੍ਹਾਂ ਬਣਾਈ ਰੱਖ ਰਹੇ ਸੀ। ਸੱਚ ਤਾਂ ਇਹ ਹੈ ਕਿ ਇਸ ਸਭ ਕੁਝ ਵਿਚ ਹੱਥ ਮੇਰੀ ਮਾਂ ਦਾ ਸੀ। ਮਾਂ ਬਹੁਤ ਬੱਚਤ ਕਰਨ ਅਤੇ ਸਲੀਕਾ ਰੱਖਣ ਵਾਲੀ ਇਸਤਰੀ ਸੀ। ਉਹ ਘਰ ਦੀਆਂ ਲੋੜਾਂ ਨੂੰ ਖਾਸ ਹੱਦ ਤੱਕ ਹੀ ਸੀਮਤ ਰੱਖਦੀ। ਨਾਲ-ਨਾਲ ਉਹ ਆਪ ਵੀ ਸਿਲਾਈ-ਕਢਾਈ ਕਰ ਕੇ ਆਮਦਨ ਵਿਚ ਵਾਧਾ ਕਰਦੀ। ਇਸ ਤਰ੍ਹਾਂ ਅਸੀਂ ਕੁਝ ਵੀ ਨਾ ਹੁੰਦੇ ਹੋਏ ਵੀ ਲੋਕਾਂ ਦੀਆਂ ਨਜ਼ਰਾਂ ਵਿਚ ਬਹੁਤ ਕੁਝ ਸਾਂ। ਅਸੀਂ ਦੋ ਭੈਣਾਂ ਸਾਂ। ਵੱਡੀ ਭੈਣ ਅਫਤ ਬਹੁਤ ਸਿੱਧੀ-ਸਾਦੀ, ਆਪਣੇ ਮਾਹੌਲ ਵਿਚ ਖੁਸ਼ ਰਹਿਣ ਵਾਲੀ ਕੁੜੀ ਸੀ, ਪਰ ਮੈਂ ਇਨ੍ਹਾਂ ਨਾਲੋਂ ਪੂਰੀ ਤਰ੍ਹਾਂ ਵੱਖ ਤਰ੍ਹਾਂ ਦੀ ਸਾਂ। ਮੇਰੇ ਸੋਚਣ ਦਾ ਢੰਗ ਵੱਖਰਾ ਸੀ। ਮੈਂ ਬਚਪਨ ਤੋਂ ਹੀ ਐਸ਼ੋ-ਆਰਾਮ ਦੀ ਜ਼ਿੰਦਗੀ ਦੇ ਸੁਪਨੇ ਦੇਖਣ ਲੱਗ ਪਈ ਸਾਂ। ਮੈਂ ਸੋਚਦੀ, ਕਾਸ਼! ਪਿਤਾ ਕਲਰਕ ਨਾ ਹੋ ਕੇ ਇਸ ਫਰਮ ਦੇ ਮਾਲਕ ਹੁੰਦੇ ਅਤੇ ਅਸੀਂ ਇਸ ਟੁੱਟੇ-ਫੁੱਟੇ ਘਰ ਦੀ ਥਾਂ ਸੁੰਦਰ ਕੋਠੀ ਵਿਚ ਰਹਿੰਦੇ ਜਿਸ ਵਿਚ ਹੁਣ ਵਾਲੇ ਤਰੱਕੀ ਵਾਲੇ ਸਮੇਂ ਦੀ ਹਰ ਸਹੂਲਤ ਹੁੰਦੀ। ਵੱਡੀ ਸਾਰੀ ਚਮਕਦੀ ਕਾਰ ਹੁੰਦੀ ਜਿਸ ਵਿਚ ਬੈਠ ਕੇ ਮੈਂ ਕਾਲਜ ਜਾਂਦੀ। ਇਸ ਤਰ੍ਹਾਂ ਦੇ ਸੁਪਨੇ ਦੇਖਦਿਆਂ ਮੈਂ ਮੁਟਿਆਰ ਹੋਈ, ਪਰ ਮੇਰੇ ਸੁਪਨੇ ਤਿਹਾਏ ਹੀ ਰਹੇ। ਕਦੇ-ਕਦੇ ਮੈਂ ਆਪਣੇ ਇਨ੍ਹਾਂ ਭਿਆਨਕ ਸੁਪਨਿਆਂ ਤੋਂ ਡਰ ਵੀ ਜਾਂਦੀ ਸਾਂ ਕਿ ਪਤਾ ਨਹੀਂ ਇਹ ਪੂਰੇ ਹੋਣ ਕਿ ਨਾ? ਫਿਰ ਅਗਲੇ ਪਲ ਉਹੀ ਸੁਪਨੇ ਹੁੰਦੇ ਅਤੇ ਮੈਂ ਹੁੰਦੀ?
ਰਾਤ-ਦਿਨ ਦਾ ਕਾਫਲਾ ਆਪਣੀ ਮੰਜ਼ਲ ਵੱਲ ਚਲਦਾ ਰਿਹਾ ਸੀ। ਅਫਤ ਭੈਣ ਦਾ ਵਿਆਹ ਹੋ ਗਿਆ। ਉਸ ਦੇ ਪਤੀ ਦੀ ਕੱਪੜੇ ਦੀ ਦੁਕਾਨ ਸੀ। ਉਹ ਆਪਣੀ ਆਦਤ ਅਨੁਸਾਰ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਸੀ, ਤੇ ਇਹ ਸੱਚ ਵੀ ਹੈ। ਉਹ ਖੁਸ਼ੀ-ਖੁਸ਼ੀ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੀ ਸੀ। ਉਮਰ ਦੇ ਨਾਲ-ਨਾਲ ਮੇਰੇ ਸੁਪਨਿਆਂ ‘ਤੇ ਪਕਿਆਈ ਆ ਗਈ ਸੀ। ਮੈਂ ਬੀæਏæ ਕਰ ਚੁਕੀ ਸਾਂ ਅਤੇ ਹੁਣ ਮਾਤਾ ਪਿਤਾ ਹੋਰ ਵਿੱਦਿਆ ਦੇ ਹੱਕ ਵਿਚ ਨਹੀਂ ਸਨ। ਇਨ੍ਹਾਂ ਹੀ ਦਿਨਾਂ ਵਿਚ ਮੇਰੇ ਵਾਸਤੇ ਆਦਲ ਦਾ ਰਿਸ਼ਤਾ ਆਇਆ। ਆਦਲ ਕਿਸੇ ਸਰਕਾਰੀ ਸਕੂਲ ਵਿਚ ਅਧਿਆਪਕ ਸੀ। ਉਹ ਇਕੱਲਾ ਹੀ ਸੀ। ਮਾਤਾ-ਪਿਤਾ ਸਵਰਗਵਾਸ ਹੋ ਚੁੱਕੇ ਸਨ। ਭਾਈ-ਭੈਣ ਕੋਈ ਨਹੀਂ ਸੀ। ਦੋ ਸਾਲ ਤੋਂ ਸਾਡੇ ਗੁਆਂਢ ‘ਚ ਰਹਿ ਰਿਹਾ ਸੀ। ਕਿਤੋਂ ਬਦਲ ਕੇ ਆਇਆ ਸੀ। ਬਹੁਤ ਖੁਸ਼ ਮਿਜ਼ਾਜ ਅਤੇ ਖੁਸ਼ ਗੱਲ-ਕੱਥ ਕਰਨ ਵਾਲਾ ਸੀ। ਪਿਤਾ ਅਤੇ ਮਾਂ ਸੰਤੁਸ਼ਟ ਸਨ। ਭੈਣ ਦੀਆਂ ਨਜ਼ਰਾਂ ਵਿਚ ਵੀ ਇਹ ਰਿਸ਼ਤਾ ਸਾਡੀ ਆਰਥਿਕ ਹਾਲਤ ਤੋਂ ਵੀ ਵੱਧ ਸੀ; ਭਾਵ ਸਭ ਦੀ ਸਲਾਹ ਨਾਲ ਰਿਸ਼ਤਾ ਪ੍ਰਵਾਨ ਕਰ ਲਿਆ ਗਿਆ। ਇਸ ਤਰ੍ਹਾਂ ਮੈਂ ਆਦਲ ਦੀ ਅਰਧਾਂਗਣੀ ਬਣ ਕੇ ਉਸ ਦੇ ਘਰ ਆ ਗਈ।
ਆਦਲ ਮੈਨੂੰ ਬੇਹੱਦ ਪਿਆਰ ਕਰਦਾ। ਉਹ ਮੇਰੀ ਹਰ ਛੋਟੀ-ਵੱਡੀ ਇੱਛਾ ਪੂਰੀ ਕਰਨਾ ਆਪਣਾ ਕਰਤੱਵ ਸਮਝਦਾ। ਇਸ ਦਾ ਇਹ ਪਿਆਰ ਦੇਖ ਕੇ ਮੈਨੂੰ ਲਗਦਾ ਕਿ ਮੇਰੇ ਸੁਪਨੇ ਸਿਰੇ ਚੜ੍ਹਨ ਦਾ ਸਮਾਂ ਆ ਗਿਆ ਹੈ। ਵਿਆਹ ਤੋਂ ਦੋ ਮਹੀਨੇ ਪਿੱਛੋਂ ਆਦਲ ਦੀ ਬਦਲੀ ਹੋ ਗਈ। ਨਵਾਂ ਸ਼ਹਿਰ, ਨਵੇਂ ਲੋਕ। ਕੁਝ ਦਿਨ ਤਾਂ ਬਹੁਤ ਘਬਰਾਈ ਪਰ ਸਭ ਠੀਕ ਹੋ ਗਿਆ। ਹੌਲੀ-ਹੌਲੀ ਮੈਂ ਆਦਲ ਨੂੰ ਪੈਸੇ ਦੀ ਮਹੱਤਤਾ ਦਾ ਅਹਿਸਾਸ ਕਰਵਾਉਣ ਲੱਗੀ, ਵਰਤਮਾਨ ਸਮੇਂ ਵਿਚ ਪੈਸੇ ਦੀ ਕਿੰਨੀ ਕਦਰ ਹੈ, ਤੇ ਇਹ ਵੀ ਕਿ ਇਸ ਤੋਂ ਬਿਨਾਂ ਇਨਸਾਨੀ ਹੋਂਦ ਬੇਅਰਥ ਅਤੇ ਬੇਕਾਰ ਹੈ। ਸਮੇਂ-ਸਮੇਂ ਮੈਂ ਆਦਲ ਕੋਲ ਇਹੋ ਜਿਹੀਆਂ ਹੀ ਗੱਲਾਂ ਕਰਦੀ। ਆਦਲ ਹੱਸ ਕੇ ਮੇਰੀਆਂ ਗੱਲਾਂ ਟਾਲ ਦਿੰਦਾ। ਮੈਂ ਆਪਣਾ ਸੰਘਰਸ਼ ਕਰਦੀ ਰਹੀ। ਮੈਨੂੰ ਭਰੋਸਾ ਸੀ ਕਿ ਮੈਂ ਆਪਣੇ ਮਤਲਬ ਵਿਚ ਸਫ਼ਲ ਹੋ ਜਾਵਾਂਗੀ।
ਐਤਵਾਰ ਦਾ ਦਿਨ ਸੀ। ਅਸੀਂ ਦੋਵੇਂ ਆਪਣੇ ਛੋਟੇ ਜਿਹੇ ਵਿਹੜੇ ਵਿਚ ਬੈਠੇ ਚਾਹ ਪੀ ਰਹੇ ਸਾਂ। ਮੈਂ ਪੈਸੇ ਦੀ ਮਹੱਤਤਾ ‘ਤੇ ਬਹੁਤ ਦੇਰ ਤੱਕ ਲੈਕਚਰ ਦੇ ਰਹੀ ਸਾਂ। ਆਦਲ ਝੁੰਜਲਾ ਕੇ ਬੋਲਿਆ, “ਪੈਸਾ! ਪੈਸਾ!! ਕਿਥੋਂ ਲਿਆਵਾਂ ਪੈਸਾ? ਤੂੰ ਇਹ ਕਿਉਂ ਨਹੀਂ ਸਮਝਦੀ ਕਿ ਅੱਜ ਦੇ ਸਮੇਂ ਵਿਚ ਠੀਕ ਢੰਗ ਨਾਲ ਪੈਸਾ ਕਮਾਉਣਾ ਸੌਖਾ ਨਹੀਂ ਹੈ ਅਤੇ ਗਲਤ ਢੰਗ ਨਾਲ ਪੈਸਾ ਕਮਾਉਣਾ ਮੇਰੀ ਆਦਤ ਦੇ ਵਿਰੁਧ ਹੈ।”
ਮੈਂ ਕਿਹਾ, “ਆਦਲ ਮੈਂ ਗਲਤ ਢੰਗ ਨਾਲ ਅਪਨਾਉਣ ਲਈ ਕਦੋਂ ਕਹਿੰਦੀ ਹਾਂ! ਠੀਕ ਢੰਗਾਂ ਦਾ ਘਾਟਾ ਨਹੀਂ, ਬੱਸ ਥੋੜ੍ਹਾ ਸਬਰ ਸੰਤੋਖ ਤੋਂ ਕੰਮ ਲਵੋ।”
“ਫਿਰ ਤੂੰ ਹੀ ਦੱਸ, ਮੈਨੂੰ ਕੀ ਕਰਨਾ ਚਾਹੀਦਾ?” ਆਦਲ ਨੇ ਕਿਹਾ।
ਮੈਂ ਕਿਹਾ, “ਤੂੰ ਅਰਬ ਕਿਉਂ ਨਹੀਂ ਚਲਿਆ ਜਾਂਦਾ? ਆਪਣੀ ਕੌਮ ਦੇ ਤਕਰੀਬਨ ਅੱਧਿਓਂ ਵੱਧ ਲੋਕ ਉਥੋਂ ਹੀ ਧਨ ਲਿਆ ਰਹੇ ਹਨ।”
ਆਦਲ ਨੂੰ ਜਿਵੇਂ ਸਕਤਾ ਮਾਰ ਗਿਆ ਮੇਰੀ ਗੱਲ ਸੁਣ ਕੇ। ਬਹੁਤ ਦੇਰ ਚੁੱਪ ਰਹਿਣ ਪਿੱਛੋਂ ਬੋਲਿਆ, “ਨਿਕਹਤ, ਜਦੋਂ ਪਤੀ ਤੇ ਪਤਨੀ ਵਿਚ ਇਕਸਾਰਤਾ ਹੁੰਦੀ ਹੈ ਤਾਂ ਰੱਬੀ ਮਿਹਰ ਮਿਲਦੀ ਹੈ ਅਤੇ ਇਸ ਦੇ ਨਾਲ ਧਨ ਦੀ ਹਿਰਸ ਮੁੱਕ ਜਾਂਦੀ ਹੈ; ਪਰ ਲਗਦਾ ਹੈ, ਸਾਡੇ ਦੋਵਾਂ ਵਿਚ ਇਕਸਾਰਤਾ ਨਹੀਂ, ਵਖਰੇਵਾਂ ਹੈ। ਮੈਂ ਜਿੰਨਾ ਰੱਬੀ ਮਿਹਰ ਵਿਚ ਵਿਸ਼ਵਾਸ ਰੱਖਦਾ ਹਾਂ, ਤੇਰੀਆਂ ਲੋੜਾਂ ਉਨੀਆਂ ਹੀ ਬਹੁਤੀਆਂ ਹਨ। ਇਸ ਹਾਲਤ ਵਿਚ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ?”
“ਆਦਲ, ਤੂੰ ਇਕ ਵਾਰ ਅਰਬ ਚਲਿਆ ਜਾਹ, ਫਿਰ ਆਪਣੇ-ਆਪ ਤੇਰੀਆਂ ਸੋਚਾਂ ਦਾ ਪਾਸਾ ਬਦਲ ਜਾਵੇਗਾ।” ਮੈਂ ਕਿਹਾ। ਪਰ ਆਦਲ ਦੀ ‘ਨਾਂਹ’ ਮੈਨੂੰ ‘ਹਾਂ’ ਵਿਚ ਬਦਲਦੀ ਦਿਖਾਈ ਨਾ ਦਿੱਤੀ। ਫਿਰ ਮੈਂ ਦੂਜਾ ਰਾਹ ਚੁਣਿਆ। ਅਖੀਰ ਮੇਰੇ ਹੰਝੂਆਂ ਦੀਆਂ ਧਾਰਾਂ ਵਿਚ ਉਸ ਦੀ ‘ਨਾਂਹ’ ਵਹਿ ਗਈ ਕਿ ਮੈਂ ਉਸ ਦੀ ਪਿਆਰੀ ਸੀ। ਉਹ ਮੇਰੀਆਂ ਖੁਸ਼ੀਆਂ ਖਾਤਰ ਸਭ ਕੁਝ ਕਰਨ ਲਈ ਤਿਆਰ ਸੀ। ਸ਼ਰਤ ਇਹ ਸੀ ਕਿ ਠੀਕ ਢੰਗ ਹੋਵੇ। ਹੁਣ ਔਕੜ ਸੀ ਧਨ ਦੀ, ਪਰ ਉਹ ਕੋਈ ਖਾਸ ਨਹੀਂ ਸੀ। ਥੋੜ੍ਹੇ ਬਹੁਤੇ ਗਹਿਣੇ ਜੋ ਮਾਤਾ-ਪਿਤਾ ਨੇ ਮੈਨੂੰ ਦਿੱਤੇ ਸਨ, ਪਹਿਲਾਂ ਮੈਂ ਉਹ ਵੇਚੇ। ਕੁਝ ਰਕਮ ਬਚਾ ਕੇ ਰੱਖੀ ਹੋਈ ਸੀ, ਤੇ ਕੁਝ ਕਰਜ਼ਾ ਲੈ ਲਿਆ। ਇਸ ਤਰ੍ਹਾਂ ਇਹ ਉਲਝਣ ਹੱਲ ਹੋ ਗਈ।
ਆਦਲ ਮੇਰੀਆਂ ਖੁਸ਼ੀਆਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਦਿਲ ‘ਤੇ ਜਬਰ ਕਰ ਕੇ ਪਾਸਪੋਰਟ ਤੇ ਵੀਜ਼ੇ ਦੇ ਪ੍ਰਬੰਧ ਵਿਚ ਰੁਝ ਗਿਆ। ਅੰਤ ਨੂੰ ਉਹ ਦਿਨ ਆ ਹੀ ਗਿਆ। ਅੱਜ ਆਦਲ ਜੱਦਾਹ ਨੂੰ ਉਡਾਣ ਭਰਨ ਵਾਲਾ ਸੀ। ਮੈਂ ਬਾਹਰੋਂ ਸ਼ਾਂਤ ਦਿਖਾਈ ਦੇਣ ਦਾ ਯਤਨ ਕਰ ਰਹੀ ਸੀ। ਡਰ ਸੀ ਕਿ ਆਦਲ ਮੈਨੂੰ ਸੋਚਾਂ ਵਿਚ ਡੁੱਬੀ ਦੇਖ ਕੇ, ਕਿਤੇ ਜਾਣ ਤੋਂ ਇਨਕਾਰ ਨਾ ਕਰ ਦੇਵੇ; ਅੰਦਰੋਂ ਭਾਵੇਂ ਹਜ਼ਾਰ ਤਰ੍ਹਾਂ ਦੇ ਡਰਾਂ ਨੇ ਮੈਨੂੰ ਘੇਰਾ ਪਾਇਆ ਹੋਇਆ ਸੀ। ਮੈਂ ਮੁਸਕਰਾਉਂਦਿਆਂ ਉਸ ਨੂੰ ਅਲਵਿਦਾ ਕਹੀ। ਆਦਲ ਨੇ ਤੁਰਦਿਆਂ-ਤੁਰਦਿਆਂ ਕਿੰਨੀਆਂ ਹੀ ਸਿੱਖਿਆਵਾਂ ਮੈਨੂੰ ਦਿੱਤੀਆਂ, “ਆਪਣਾ ਖਿਆਲ ਰੱਖੀਂ, ਸਿਹਤ ਵੱਲੋਂ ਬੇਪਰਵਾਹੀ ਨਾ ਵਰਤਣੀ। ਦਿਲ ਘਬਰਾਵੇ ਤਾਂ ਮੈਨੂੰ ਝੱਟ ਚਿੱਠੀ ਲਿਖ ਦੇਵੀਂ, ਮੈਂ ਸਭ ਕੁਝ ਛੱਡ ਕੇ ਆ ਜਾਵਾਂਗਾ।”
ਜਹਾਜ਼ ਉਡ ਚੁੱਕਿਆ ਸੀ ਅਤੇ ਮੈਂ ਖਾਲੀ-ਖਾਲੀ ਅੱਖਾਂ ਨਾਲ ਦਿਸਹੱਦੇ ਤੱਕ ਫੈਲੇ ਹੋਏ ਆਕਾਸ਼ ਨੂੰ ਵੇਖ ਰਹੀ ਸਾਂ। ਪਤਾ ਨਹੀਂ, ਮੈਂ ਆਕਾਸ਼ ਦੀਆਂ ਅਥਾਹ ਹੱਦਾਂ ਵਿਚ ਆਪਣੇ ਸੁਪਨਿਆਂ ਨੂੰ ਸੱਚ ਹੁੰਦਿਆਂ ਦੇਖ ਰਹੀ ਸਾਂ, ਜਾਂ ਫਿਰ ਆਪਣੀ ਬਰਬਾਦੀ ਦੇ ਨਿਸ਼ਾਨ ਲੱਭ ਰਹੀ ਸਾਂ।
ਹਫਤੇ ਪਿੱਛੋਂ ਆਦਲ ਦੀ ਚਿੱਠੀ ਆਈ। ਉਸ ਨੇ ਲਿਖਿਆ ਸੀ, “ਜੱਦਾਹ ਪਹੁੰਚ ਗਿਆ ਹਾਂ। ਛੇਤੀ ਹੀ ਤੈਨੂੰ ਢੇਰ ਸਾਰੇ ਪੈਸੇ ਭੇਜਾਂਗਾ। ਆਪਣਾ ਪੂਰਾ-ਪੂਰਾ ਖਿਆਲ ਰੱਖਣਾ। ਮੇਰੀ ਫਿਕਰ ਰਤਾ ਨਹੀਂ ਕਰਨੀ। ਮੈਂ ਇਥੇ ਭਾਵੇਂ ਬਹੁਤ ਉਦਾਸ ਹਾਂ, ਤੇਰੇ ਬਿਨਾਂ ਮੇਰਾ ਦਿਲ ਨਹੀਂ ਲੱਗ ਰਿਹਾ, ਫਿਰ ਵੀ ਮੈਂ ਇਥੇ ਰਹੂੰਗਾ ਕਿਉਂਕਿ ਇਸੇ ਵਿਚ ਤੇਰੀ ਖੁਸ਼ੀ ਰਲੀ ਹੋਈ ਹੈ।”
ਦੋ ਮਹੀਨੇ ਪਿੱਛੋਂ ਉਸ ਨੇ ਮੈਨੂੰ ਦਸ ਹਜ਼ਾਰ ਭੇਜੇ; ਫਿਰ ਤਾਂ ਜਿਵੇਂ ਮੀਂਹ ਵਰਸਣ ਲੱਗਾ। ਹਰ ਦੂਜੇ-ਤੀਜੇ ਮਹੀਨੇ ਆਦਲ ਵੱਡੀਆਂ-ਵੱਡੀਆਂ ਰਕਮਾਂ ਭੇਜਦਾ ਰਿਹਾ ਅਤੇ ਮੈਂ ਬੜੇ ਸਲੀਕੇ ਤੇ ਚੰਗੇ ਢੰਗ ਨਾਲ ਇਸ ਨੂੰ ਖਰਚਣ ਲੱਗੀ। ਸਭ ਤੋਂ ਪਹਿਲਾਂ ਜ਼ਮੀਨ ਖਰੀਦ ਕੇ ਇਹ ਵਧੀਆ ਕੋਠੀ ਬਣਾਈ।
ਚਾਰ ਸਾਲ ਪਿੱਛੋਂ ਆਦਲ ਭਾਰਤ ਵਾਪਸ ਆਇਆ, ਤਾਂ ਮੇਰੇ ਸਲੀਕੇ ਦੀ ਪ੍ਰਸ਼ੰਸਾ ਕੀਤੇ ਬਿਨਾਂ ਰਹਿ ਨਾ ਸਕਿਆ। ਪੈਸੇ ਦੀ ਠੀਕ ਵਰਤੋਂ ਦੇਖ ਕੇ ਉਸ ਨੂੰ ਅਤਿਅੰਤ ਪ੍ਰਸੰਨਤਾ ਹੁੰਦੀ, ਪਰ ਉਹ ਜਾਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ। ਮੈਂ ਆਪਣੀਆਂ ਦਲੀਲਾਂ ਨਾਲ ਉਸ ਨੂੰ ਇਕ ਵਾਰ ਫਿਰ ਮਜਬੂਰ ਕਰ ਦਿੱਤਾ। ਉਹ ਦੋ ਮਹੀਨੇ ਰਹਿ ਕੇ ਚਲਿਆ ਗਿਆ। ਜਾਂਦਿਆਂ ਹੀ ਇਕ ਵਾਰ ਫਿਰ ਧਨ ਦਾ ਹੜ੍ਹ ਆ ਗਿਆ। ਹੁਣ ਮੈਂ ਕੋਠੀ ਡੈਕੋਰੇਟ ਕਰਵਾਈ। ਐਸ਼ੋ-ਇਸ਼ਰਤ ਦੀ ਜ਼ਿੰਦਗੀ ਦੀਆਂ ਸਾਰੀਆਂ ਵਸਤਾਂ ਇਕੱਤਰ ਕੀਤੀਆਂ। ਇਸੇ ਸਮੇਂ ਦੌਰਾਨ ਪਿਤਾ ਸਵਰਗਵਾਸ ਹੋ ਗਏ ਅਤੇ ਮੈਂ ਮਾਂ ਨੂੰ ਟੁੱਟੇ-ਫੁੱਟੇ ਘਰ ਵਿਚੋਂ ਆਪਣੀ ਕੋਠੀ ਵਿਚ ਲੈ ਆਈ। ਇਸ ਵਾਰ ਆਦਲ ਦੀਆਂ ਚਿੱਠੀਆਂ ਦਾ ਵਿਸ਼ਾ ਇਕੋ ਤਰ੍ਹਾਂ ਦਾ ਹੁੰਦਾ,
“ਨਿਕਹਤ! ਹੁਣ ਮੈਨੂੰ ਇਹ ਜ਼ਿੰਦਗੀ ਬਤੀਤ ਕਰਨੀ ਔਖੀ ਲਗਦੀ ਹੈ। ਜੁਦਾਈ ਦਾ ਇਹ ਵੱਡਾ ਸਮਾਂ ਹੁਣ ਸਹਿਣਾ ਔਖਾ ਹੁੰਦਾ ਜਾ ਰਿਹਾ ਹੈ।” ਪਹਿਲਾਂ ਨਾਲੋਂ ਇਸ ਵਾਰ ਉਹਨੇ ਪੈਸੇ ਵੀ ਬਹੁਤ ਭੇਜੇ। ਹੁਣ ਤਾਂ ਗਰਾਜ ਵਿਚ ਸੁਪਨਿਆਂ ਵਾਲੀ ਚਮਕਦੀ ਕਾਰ ਵੀ ਆ ਗਈ ਸੀ। ਮਾਂ ਦੀ ਸਿਹਤ ਖਰਾਬ ਸੀ। ਮੈਂ ਉਸ ਨੂੰ ਸ਼ਹਿਰ ਦੇ ਸਭ ਤੋਂ ਚੰਗੇ ਨਰਸਿੰਗ ਹੋਮ ਵਿਚ ਦਾਖਲ ਕਰਵਾ ਦਿੱਤਾ, ਪਰ ਰੋਗ ਵਧਦਾ ਗਿਆ। ਪਿਤਾ ਦੀ ਜੁਦਾਈ ਦੇ ਸਦਮੇ ਨੇ ਮਾਂ ਨੂੰ ਪਹਿਲਾਂ ਹੀ ਕਮਜ਼ੋਰ ਕਰ ਦਿੱਤਾ ਸੀ। ਵਧੀਆ ਤੋਂ ਵਧੀਆ ਇਲਾਜ ਹੋਣ ‘ਤੇ ਵੀ ਮਾਂ ਮੈਨੂੰ ਇਕੱਲਿਆਂ ਛੱਡ ਕੇ ਚਲੀ ਗਈ।
ਹੌਲੀ-ਹੌਲੀ ਮਾਪਿਆਂ ਦੀ ਜੁਦਾਈ ਦੇ ਜ਼ਖ਼ਮ ਰਾਜ਼ੀ ਹੁੰਦੇ ਗਏ ਅਤੇ ਮੇਰੇ ਆਥਣ-ਸਵੇਰੇ ਰੁਝੇਵੇਂ ਫਿਰ ਟਿਕਾਣਿਆਂ ‘ਤੇ ਆ ਗਏ। ਮਾਂ ਦੀ ਜੁਦਾਈ ਤੋਂ ਪਿੱਛੋਂ ਇਕੱਲਤਾ ਦਾ ਅਹਿਸਾਸ ਮੈਨੂੰ ਘੇਰਨ ਲੱਗਾ। ਹੁਣ ਤੱਕ ਮੇਰੀ ਗੋਦ ਵੀ ਸੁੰਨੀ ਸੀ। ਇਸ ਘਾਟੇ ਦਾ ਅਹਿਸਾਸ ਮੈਨੂੰ ਹੁਣ ਤੱਕ ਨਹੀਂ ਹੋਇਆ ਸੀ, ਪਰ ਹੁਣ ਇੱਛਾ ਤੇਜ਼ ਹੋ ਰਹੀ ਸੀ ਕਿ ਮੇਰੇ ਵਿਹੜੇ ਵਿਚ ਨੰਨ੍ਹੀਆਂ-ਮੁੰਨੀਆਂ ਕਿਲਕਾਰੀਆਂ ਗੂੰਜਣ। ਮੇਰੇ ਮਮਤਾ ਦੇ ਸੋਮੇ ਫੁੱਟਣ ਲਈ ਬੇਕਰਾਰ ਹੋ ਗਏ। ਮੈਂ ਸੋਚਿਆ, ਇਸ ਵਾਰ ਆਦਲ ਆ ਜਾਵੇ ਤਾਂ ਆਪਣਾ ਚੈਕ-ਅੱਪ ਕਰਾਵਾਂ। ਖੁਦਾ ਕਰੇ, ਸਭ ਠੀਕ-ਠਾਕ ਹੋਵੇ।
ਆਦਲ ਆਇਆ ਤਾਂ ਮਾਨੋ ਚਾਰੇ ਪਾਸੇ ਖੁਸ਼ੀਆਂ ਦੇ ਫੁਹਾਰੇ ਵਰਸਣ ਲੱਗੇ। ਆਦਲ ਵੀ ਬਹੁਤ ਸੰਤੁਸ਼ਟ ਦਿਖਾਈ ਦਿੱਤਾ। ਮੈਂ ਆਪਣੀ ਖਰੀਦੀ ਹੋਈ ਇਕ-ਇਕ ਚੀਜ਼ ਉਸ ਨੂੰ ਦਿਖਾਈ। ਹਰ ਚੀਜ਼ ਦੀ ਉਸ ਨੇ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ। ਚਾਰ ਮਹੀਨੇ ਹੋ ਗਏ ਸੀ ਉਸ ਨੂੰ ਭਾਰਤ ਆਇਆਂ। ਇਸ ਸਮੇਂ ਵਿਚਕਾਰ ਅਸੀਂ ਚੈਕ-ਅੱਪ ਕਰਵਾ ਲਿਆ ਸੀ। ਰਿਪੋਰਟ ਵੀ ਆ ਗਈ ਸੀ, ਪਰ ਉਸ ਨੇ ਮੈਨੂੰ ਦਿਖਾਈ ਨਹੀਂ। ਇੰਨੀ ਗੱਲ ਜ਼ਰੂਰ ਕਹੀ, “ਨਿਕਹਤ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਤੂੰ ਬਿਲਕੁਲ ਨਾਰਮਲ ਏਂ। ਇਹ ਤਾਂ ਖੁਦਾ ਦੀ ਦੇਣ ਹੈ। ਅੱਲ੍ਹਾ ਦੀ ਜਾਤ ‘ਤੇ ਭਰੋਸਾ ਰੱਖੋ। ਉਹ ਜ਼ਰੂਰ ਸਾਡੀ ਮੁਰਾਦ ਪੂਰੀ ਕਰੇਗਾ।”
ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਵਾਰੀ ਆਦਲ ਨੂੰ ਜਾਣ ਲਈ ਕਿਵੇਂ ਤਿਆਰ ਕਰਾਂ। ਅਜੇ ਬਹੁਤ ਸਾਰੀਆਂ ਇੱਛਾਵਾਂ ਬਾਕੀ ਸਨ। ਮੈਂ ਭਾਵੇਂ ਸ਼ੌਕ ਦਾ ਐਨਾ ਸਾਮਾਨ ਇਕੱਠਾ ਕਰ ਲਿਆ ਸੀ, ਮੇਰੇ ਸਾਰੇ ਸੁਪਨੇ ਪੂਰੇ ਹੋ ਗਏ ਸਨ ਪਰ ਹੁਣ ਇਕ ਹੋਰ ਇੱਛਾ ਸੀ ਕਿ ਐਨਾ ਧਨ ਹੋ ਜਾਵੇ ਕਿ ਆਦਲ ਇਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਵੇ। ਅੰਤ ਨੂੰ ਮੈਂ ਉਹਨੂੰ ਫੜ ਹੀ ਲਿਆ। ਜਦੋਂ ਮੈਂ ਆਪਣੀ ਗੱਲ ਦੱਸੀ ਤਾਂ ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗਿਆ।
“ਨਿਕਹਤ! ਤੂੰ ਚਾਹੁੰਨੀ ਏਂ ਕਿ ਮੈਂ ਫਿਰ ਉਥੇ ਜਾਵਾਂ? ਨਹੀਂ, ਹੁਣ ਮੇਰੇ ਲਈ ਇਹ ਅਸੰਭਵ ਹੈ। ਮੈਨੂੰ ਆਪਣੇ ਤੋਂ ਦੂਰ ਜਾਣ ਲਈ ਹੁਣ ਮਜਬੂਰ ਨਾ ਕਰ। ਨਿਕਹਤ! ਜੁਦਾਈ ਦੇ ਲੰਬੇ ਦਿਨ ਰਾਤ ਕਿਤੇ ਸਾਨੂੰ ਦੋਵਾਂ ਨੂੰ ਸਦਾ ਲਈ ਦੂਰ ਨਾ ਕਰ ਦੇਣ। ਮੈਂ ਤੈਨੂੰ ਖੋਣਾ ਨਹੀਂ ਚਾਹੁੰਦਾ ਅਤੇ ਸ਼ਾਇਦ ਤੂੰ ਵੀ ਮੇਰੇ ਬਿਨਾਂ ਐਨਾ ਸਭ ਕੁਝ ਹੁੰਦੇ ਹੋਏ ਆਪਣੇ-ਆਪ ਨੂੰ ਅਧੂਰੀ ਹੀ ਅਨੁਭਵ ਕਰੇਂਗੀ।”
ਪਰ ਮੇਰੇ ਦਿਮਾਗ ‘ਤੇ ਤਾਂ ਧਨ ਦੀ ਹਵਸ ਨੇ ਪਰਦਾ ਪਾਇਆ ਹੋਇਆ ਸੀ। ਫਿਰ ਮੈਨੂੰ ਆਉਣ ਵਾਲੇ ਤੂਫਾਨਾਂ ਦੀ ਕਿਵੇਂ ਸਮਝ ਆਉਂਦੀ? ਮੈਂ ਬੜੀ ਨਰਮੀ ਨਾਲ ਕਿਹਾ, “ਆਦਲ, ਖੁਦਾ ਨੇ ਸਾਨੂੰ ਸਾਰੀਆਂ ਨਿਹਮਤਾਂ ਦੇ ਦਿੱਤੀਆਂ ਹਨ। ਇਕ ਵਾਰ ਤੂੰ ਹੋਰ ਚਲਿਆ ਜਾਹ। ਫਿਰ ਆਪਾਂ ਇੰਨਾ ਧਨ ਇਕੱਠਾ ਕਰ ਲਵਾਂਗੇ ਕਿ ਤੂੰ ਇਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਵੇਂ। ਮੈਂ ਇਕਰਾਰ ਕਰਦੀ ਹਾਂ ਕਿ ਇਸ ਤੋਂ ਪਿੱਛੋਂ ਫਿਰ ਕਦੇ ਜਾਣ ਨੂੰ ਨਹੀਂ ਕਹਾਂਗੀ। ਕੀ ਤੂੰ ਸਮਝਦਾ ਏਂ, ਤੇਰੇ ਬਿਨਾਂ ਮੈਂ ਇਥੇ ਖੁਸ਼ ਹਾਂ? ਨਹੀਂ, ਤੂੰ ਖਿਆਲ ਵੀ ਨਹੀਂ ਕਰ ਸਕਦਾ, ਤੇਰੀ ਗੈਰ-ਹਾਜ਼ਰੀ ਮੇਰੇ ਵਾਸਤੇ ਕਿੰਨੀ ਦੁਖਦਾਈ ਹੁੰਦੀ ਹੈ। ਫਿਰ ਵੀ ਚਾਹੁੰਦੀ ਹਾਂ ਕਿ ਇਸ ਵਾਰ ਜ਼ਰੂਰ ਜਾਓ ਤਾਂ ਕਿ ਖੁਸ਼ੀ ਭਰਪੂਰ ਜ਼ਿੰਦਗੀ ਦੇ ਬੂਹੇ ਸਾਡੇ ਵਾਸਤੇ ਸਦਾ-ਸਦਾ ਲਈ ਖੁੱਲ੍ਹ ਜਾਣ।”
ਅਜੇ ਕੁਝ ਕਹਿਣ ਵਾਸਤੇ ਆਦਲ ਨੇ ਮੂੰਹ ਖੋਲ੍ਹਿਆ ਹੀ ਸੀ ਕਿ ਮੈਂ ਆਪਣੀ ਹਥੇਲੀ ਉਸ ਦੇ ਖੁੱਲ੍ਹਦੇ ਬੁੱਲ੍ਹਾਂ ‘ਤੇ ਰੱਖ ਦਿੱਤੀ।
“ਨਹੀਂ ਆਦਲ, ਤੈਨੂੰ ਮੇਰੀ ਸਹੁੰ ਕੁਝ ਨਾ ਕਹਿ ਹੁਣ।” ਆਦਲ ਨੇ ਹਾਰੇ ਹੋਏ ਜੁਆਰੀ ਵਾਂਗ ਅੱਖਾਂ ਝੁਕਾ ਲਈਆਂ। ਇਕ ਵਾਰ ਫਿਰ ਆਦਲ ਚਲਿਆ ਗਿਆ, ਪਰ ਇਸ ਵਾਰ ਉਸ ਦਾ ਜਾਣਾ ਮੇਰੇ ਵਾਸਤੇ ਮੌਤ ਤੋਂ ਘੱਟ ਨਹੀਂ ਸੀ। ਹਰ ਪਲ, ਹਰ ਘੜੀ ਦਿਲ ਵਿਚ ਉਡੀਕਾਂ ਪੈਦਾ ਹੁੰਦੀਆਂ ਰਹਿੰਦੀਆਂ। ਥੋੜ੍ਹੇ-ਥੋੜ੍ਹੇ ਸਮੇਂ ਪਿਛੋਂ ਦਿਲ ਵਿਚ ਇਉਂ ਚੀਸਾਂ ਉਠਦੀਆਂ ਕਿ ਮੈਂ ਬੇਕਰਾਰ ਹੋ ਜਾਂਦੀ। ਕਈ ਵਾਰ ਜੀਅ ਚਾਹਿਆ ਕਿ ਆਦਲ ਨੂੰ ਲਿਖਾਂ, “ਤੂੰ ਮੁੜ ਆ। ਮੈਨੂੰ ਕੁਝ ਨਹੀਂ ਚਾਹੀਦਾ ਤੇਰੇ ਪਿਆਰ ਤੋਂ ਬਿਨਾਂ।” ਕਦੇ-ਕਦੇ ਮੈਨੂੰ ਲਗਦਾ ਕਿ ਕੋਈ ਆਦਲ ਨੂੰ ਮੈਥੋਂ ਖੋਹ ਕੇ ਲਈ ਜਾ ਰਿਹਾ ਹੈ। ਦੂਜੇ ਹੀ ਪਲ ਮੈਂ ਇਸ ਨੂੰ ਆਪਣਾ ਵਹਿਮ ਕਹਿ ਛੱਡਦੀ।
ਅੱਜ ਉਸ ਨੂੰ ਗਿਆਂ ਇਕ ਸਾਲ ਹੋ ਗਿਆ। ਉਹ ਪਹਿਲਾਂ ਵਾਂਗ ਹੀ ਰੁਪਏ ਭੇਜਦਾ ਰਿਹਾ ਪਰ ਇਸ ਵਾਰ ਹੁਣ ਤੱਕ ਕੋਈ ਚਿੱਠੀ ਨਹੀਂ ਆਈ। ਪਹਿਲਾਂ ਹਰ ਹਫਤੇ ਇਕ ਚਿੱਠੀ ਜ਼ਰੂਰ ਆਉਂਦੀ ਸੀ, ਪ੍ਰੇਮ ਪਿਆਰ ਦੀ ਚਾਸ਼ਣੀ ਵਿਚ ਭਿੱਜੀ। ਇਸ ਸਾਲ ਦੌਰਾਨ ਮੈਂ ਪੰਜਾਹ ਚਿੱਠੀਆਂ ਲਿਖੀਆਂ, ਪਰ ਕਿਸੇ ਇਕ ਦਾ ਵੀ ਉਤਰ ਨਹੀਂ ਆਇਆ। ਅੱਜ ਮੇਰੇ ‘ਤੇ ਮੁਸੀਬਤ ਆਈ ਹੋਈ ਹੈ। ਕੱਲ੍ਹ ਹੀ ਮੈਂ ਉਸ ਨੂੰ ਚਿੱਠੀ ਪਾਈ ਹੈ, “ਆਦਲ ਝੱਟਪਟ ਆ ਜਾ। ਤੂੰ ਆਪ ਹੀ ਤਾਂ ਕਿਹਾ ਸੀ, ਨਿਕਹਤ ਜਦੋਂ ਕਦੇ ਦਿਲ ਘਬਰਾਵੇ ਤੇ ਮੇਰੀ ਲੋੜ ਹੋਵੇ, ਮੈਨੂੰ ਝਟਪਟ ਚਿੱਠੀ ਲਿਖ ਦੇਵੀਂæææ ਮੈਂ ਸਭ ਕੁਝ ਛੱਡ-ਛਡਾਅ ਕੇ ਆ ਜਾਵਾਂਗਾ। ਮੇਰੇ ਚੰਗੇ ਆਦਲ, ਤੂੰ ਛੇਤੀ ਤੋਂ ਛੇਤੀ ਆਉਣ ਦਾ ਯਤਨ ਕਰæææ।”
ਅੱਜ ਆਦਲ ਦੀ ਚਿੱਠੀ ਆਈ, ਤਾਂ ਮੇਰਾ ਦਿਲ ਬਿੱਲੀਆਂ ਵਾਂਗ ਨੱਚਣ ਲੱਗਿਆ। ਛੇਤੀ-ਛੇਤੀ ਲਫਾਫਾ ਪਾੜਿਆ ਅਤੇ ਪੜ੍ਹਨ ਲੱਗੀ, “ਨਿਕਹਤ, ਖੁਦਾ ਕਰੇ, ਤੂੰ ਸਦਾ ਖੁਸ਼ ਰਹੇਂ। ਇਸ ਵਾਰ ਦੇਸ਼ ਤੋਂ ਦੂਰ ਬਿਗਾਨੇ ਦੇਸ਼ ਵਿਚ ਆਉਣ ਨੂੰ ਕਤਈ ਦਿਲ ਨਹੀਂ ਚਾਹ ਰਿਹਾ ਸੀ। ਮੈਨੂੰ ਲੋੜ ਸੀ ਤੇਰੀ, ਤੇ ਤੇਰੇ ਭਰਪੂਰ ਪਿਆਰ ਦੀ। ਮੈਂ ਤੈਨੂੰ ਕਿੰਨਾ ਕਿਹਾ! ਮੈਂ ਥੱਕ ਚੁੱਕਿਆ ਹਾਂ, ਪਰ ਤੂੰ ਮੇਰੀ ਇੱਛਾ ਅਤੇ ਮੇਰੀ ਥਕਾਣ ਨੂੰ ਗੌਲਿਆ ਹੀ ਨਹੀਂ। ਆਪਣੀਆਂ ਖੁਸ਼ੀਆਂ ਅਤੇ ਆਪਣੀਆਂ ਹੀ ਇੱਛਾਵਾਂ ਦੇ ਚੱਕਰ ਵਿਚ ਘੁੰਮਦੀ ਰਹੀ। ਉਦੋਂ ਮੈਨੂੰ ਲੱਗਿਆ ਕਿ ਤੈਨੂੰ ਮੇਰੀ ਲੋੜ ਨਹੀਂ, ਪਰ ਮੇਰੇ ਰਾਹੀਂ ਤੂੰ ਆਪਣੀ ਹੱਦੋਂ ਬਾਹਰੀ ਧਨ ਦੀ ਹਵਸ ਨੂੰ ਪੂਰਾ ਕਰਨਾ ਚਾਹੁੰਨੀ ਏਂ। ਮੈਂ ਲੋੜ ਨਾਲੋਂ ਵੱਧ ਧਨ ਤੇਰੇ ਪੈਰਾਂ ਵਿਚ ਢੇਰੀ ਕਰ ਦਿੱਤਾ, ਪਰ ਤੇਰੀਆਂ ਇੱਛਾਵਾਂ ਪੂਰੀਆਂ ਨਾ ਹੋਈਆਂ। ਤੂੰ ਹੋਰ-ਹੋਰ ਇੱਛਾ ਵਿਚ ਖੋਈ ਰਹੀ ਅਤੇ ਵਾਰ-ਵਾਰ ਮੈਨੂੰ ਦੇਸ਼ ਤੋਂ ਦੂਰ ਭੇਜਦੀ ਰਹੀ, ਜਦੋਂ ਕਿ ਮੇਰੀ ਰੁਚੀ ਕੋਈ ਨਹੀਂ ਸੀ। ਮੈਂ ਥੋੜ੍ਹੇ ਨੂੰ ਬਹੁਤਾ ਮੰਨ ਕੇ ਖੁਸ਼ ਰਹਿਣ ਵਾਲਾ ਸ਼ਾਂਤੀਪਸੰਦ ਇਨਸਾਨ ਹਾਂ; ਭਾਵ ਮੈਂ ਇਨ੍ਹਾਂ ਗੱਲਾਂ ‘ਤੇ ਬਹੁਤ ਡੂੰਘਾਈ ਨਾਲ ਸੋਚ ਵਿਚਾਰ ਕੇ ਫਿਰ ਇਹ ਫੈਸਲਾ ਕੀਤਾ ਹੈ ਕਿ ਤੇਰੇ ਨਾਲੋਂ ਵੱਖ ਹੋ ਜਾਵਾਂæææ
æææ ਹਰ ਵਾਰ ਭਾਰਤ ਜਾਂਦਿਆਂ ਮੇਰੀ ਇਹ ਸੋਚ ਹੁੰਦੀ ਸੀ ਕਿ ਹੁਣ ਸਾਰੀ ਜ਼ਿੰਦਗੀ ਤੇਰੇ ਪੱਲੂ ਦੀਆਂ ਠੰਢੀਆਂ ਛਾਂਵਾਂ ਥੱਲੇ ਬਿਤਾਵਾਂਗਾ। ਹਰ ਵਾਰ ਤੇਰੀ ਇਕ ਵਾਰ ਫਿਰ ਜਾਣ ਦੀ ਜ਼ਿਦ ਮੇਰੀਆਂ ਇੱਛਾਵਾਂ ਦਾ ਖੂਨ ਕਰਦੀ ਰਹੀ। ਵਾਰ-ਵਾਰ ਦੀ ਆਵਾਜਾਈ ਤੋਂ ਛੁਟਕਾਰਾ ਪਾਉਣ ਲਈ ਮੈਂ ਇਥੇ ਇਕ ਇਸਤਰੀ ਨਾਲ ਵਿਆਹ ਕਰ ਲਿਆ ਹੈ ਜਿਹੜੀ ਵਿਆਹ ਤੋਂ ਇਕ ਸਾਲ ਪਿਛੋਂ ਵਿਧਵਾ ਹੋ ਗਈ ਸੀ। ਇਕ ਗੱਲ ਹੋਰ ਦੱਸਾਂ, ਕਿ ਤੇਰੀ ਚੈਕ-ਅੱਪ ਰਿਪੋਰਟ ਵਿਚ ਲਿਖਿਆ ਸੀ ਕਿ ਤੂੰ ਕਦੇ ਵੀ ਮਾਂ ਨਹੀਂ ਬਣ ਸਕਦੀ। ਅਰਸ਼ੀ (ਮੇਰੀ ਹੁਣ ਵਾਲੀ ਪਤਨੀ) ਨੇ ਮੈਨੂੰ ਚਾਂਦੀ ਵਰਗੀ ਪੁੱਤਰੀ ਦੇ ਦਿੱਤੀ ਹੈ। ਉਮੀਦ ਹੈ ਕਿ ਤੂੰ ਮੇਰੀਆਂ ਮਜਬੂਰੀਆਂ ਨੂੰ ਸਮਝ ਗਈ ਹੋਵੇਂਗੀ। ਮਿਹਰ ਦੀ ਰਕਮ ਤਲਾਕਨਾਮੇ ਦੇ ਨਾਲ ਨੱਥੀ ਹੈæææ ਹਾਂ ਇਕ ਗੱਲ ਹੋਰ, ਜੇ ਹੁਣ ਵੀ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਵੇ, ਤਾਂ ਮੈਨੂੰ ਲਿਖੀਂ, ਮੈਂ ਪੁਰਾਣੇ ਸਾਥੀ ਦੇ ਨਾਤੇ ਭੇਜ ਦੇਵਾਂਗਾ।”
ਅੱਲ੍ਹਾ ਅਕਬਰ ਦੀ ਦਰਦ ਭਰਪੂਰ ਹੂਕ ਨੇ ਭੂਤ ਦੇ ਚਮਨ ਵਿਚੋਂ ਖਿੱਚ ਕੇ ਵਰਤਮਾਨ ਦੇ ਥਲਾਂ ਵਿਚ ਲਿਆ ਪਟਕਿਆ ਹੈ। ਸਭ ਕੁਝ ਖ਼ਤਮ ਹੋ ਚੁੱਕਿਆ ਸੀ। ਮੈਂ ਨਵੇਂ ਵਿਸ਼ਵਾਸ ਨਾਲ ਉਠੀ। ਵੁਜੂ ਕਰ ਕੇ ਨਮਾਜ਼ ਪੜ੍ਹੀ ਅਤੇ ਦੇਰ ਤੱਕ ਖੁਦਾ ਦੇ ਦਰਬਾਰ ਵਿਚ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗਦੀ ਰਹੀ।

Be the first to comment

Leave a Reply

Your email address will not be published.