ਖੁਸ਼ੀ ਦੀ ਗੱਲ ਹੈ ਕਿ ‘ਪੰਜਾਬ ਟਾਈਮਜ਼’ ਖਬਰਾਂ ਦੀ ਸੰਪੇਖਤਾ ਤੇ ਵਿਸ਼ੇ-ਵਸਤੂ ਦੀ ਉਤਮਤਾ ਦੇ ਪੱਖੋਂ ਹਰ ਵਾਰੀ ਨਵੀਆਂ ਬੁਲੰਦੀਆਂ ਛੋਹ ਰਿਹਾ ਹੈ। ਬਲਜੀਤ ਬਾਸੀ, ਜਤਿੰਦਰ ਪੰਨੂ, ਗੁਰਬਚਨ ਸਿੰਘ ਭੁੱਲਰ ਤੇ ਤਰਲੋਚਨ ਸਿੰਘ ਦੁਪਾਲਪੁਰ ਜਿਹੇ ਹੰਢੇ ਕਾਲਮਨਵੀਸਾਂ ਦੀਆਂ ਵਨ-ਸਵੰਨੀਆਂ ਲਿਖਤਾਂ ਦਾ ਰਸ ਤਾਂ ਭਾਵੇਂ ਪਹਿਲਾਂ ਵਾਂਗ ਹੀ ਕਾਇਮ ਹੈ, ਪਰ ਕਾਨਾ ਸਿੰਘ ਦੀ ਵਾਰਤਕ ਤੇ ਕਵਿਤਾਵਾਂ ਨੇ ਪਰਚੇ ਵਿਚ ਨਵੀਂ ਖੁਸ਼ਬੂ ਭਰ ਦਿੱਤੀ ਹੈ। ਉਂਜ ਇਨ੍ਹਾਂ ਸਭਨਾਂ ਵਿਚੋਂ ਫੌਰੀ ਕਾਇਲ ਕਰਨ ਵਾਲਾ ਤੁਹਾਡਾ ਸੰਪਾਦਕੀ ਨੋਟ ਹੁੰਦਾ ਹੈ ਜੋ ਤੁਸੀਂ ਬਹੁਤੇ ਲੇਖਾਂ ਦੀ ਜਾਣ-ਪਛਾਣ ਦਿੰਦਿਆਂ ਲਿਖਦੇ ਹੋ। ਇਹ ਸੰਖੇਪ ਨੋਟ ਕੁੱਜੇ ਵਿਚ ਸਮੁੰਦਰ ਹੁੰਦੇ ਹਨ। ਨਾਲੇ ਢੇਰ ਭਰ ਇਕੱਠੀ ਹੋਈ ਛਪਣ ਸਮੱਗਰੀ ਵਿਚੋਂ ਉਤਮ ਕਿਰਤਾਂ ਦੀ ਚੋਣ ਕਰਨਾ ਵੀ ਤੁਹਾਡੇ ਪ੍ਰੌੜ ਸੰਪਾਦਕੀ ਅਨੁਭਵ ਤੇ ਸੂਖਮ ਪਾਰਖੂ ਅੰਦਾਜ਼ ਦਾ ਕਮਾਲ ਹੈ।
ਤੁਹਾਡੀ ਤੀਬਰ ਦ੍ਰਿਸ਼ਟੀ ਦੀ ਤਾਜ਼ਾ ਮਿਸਾਲ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦਾ ਮਾਂ-ਦਿਵਸ ਮੌਕੇ ਲਿਖਿਆ ‘ਉਮਰ ਦੀਆਂ ਤਰਕਾਲਾਂ ਨਾ ਸੁੰਨੀਆਂ ਹੋਣ ਦਿਉ’ ਸੰਵੇਦਨਸ਼ੀਲ ਲੇਖ ਹੈ ਜੋ ਤੁਸੀਂ 19 ਮਈ ਦੇ ਅੰਕ ਵਿਚ ਛਾਪਿਆ ਹੈ। ਲੇਖ ਵਿਚ ਬੀਬੀ ਸੁਰਜੀਤ ਕੌਰ ਨੇ ਬਜ਼ੁਰਗਾਂ ਦੀ ਦੇਖ-ਭਾਲ ਬਾਰੇ ਕਈ ਨੁਕਤੇ ਉਠਾਏ ਹਨ। ਉਨ੍ਹਾਂ ਨੇ ਇਸ ਵਿਚ ਸਾਡੇ ਸਮਾਜ ਵਿਚ ਮਾਪਿਆਂ ਨਾਲ, ਖਾਸ ਤੌਰ ‘ਤੇ ਅਮਰੀਕਾ ਵਿਚ ਪਧਾਰੇ ਬਿਰਧਾਂ ਨਾਲ, ਉਨ੍ਹਾਂ ਦੀ ਸੰਤਾਨ ਤੇ ਨਿਕਟ-ਸਬੰਧੀਆਂ ਦੁਆਰਾ ਕੀਤੇ ਦੁਰਵਿਹਾਰ ਦੀ ਮੂੰਹ ਬੋਲਦੀ ਤਸਵੀਰ ਖਿੱਚੀ ਹੈ।
ਮਾਂਵਾਂ ਦਾ ਆਪਣੇ ਬੱਚਿਆਂ ਨਾਲ ਬੜਾ ਸੰਘਣਾ ਰਿਸ਼ਤਾ ਹੁੰਦਾ ਹੈ ਜੋ ਵਡੇਰੀ ਉਮਰ ਵਿਚ ਜਾ ਕੇ ਇਕ-ਪਾਸੜ ਹੀ ਰਹਿ ਜਾਂਦਾ ਹੈ। ਪਿਆਰ ਕਰਦੀਆਂ-ਕਰਦੀਆਂ ਉਹ ਸੰਤਾਨ ਦੀ ਬੇਰੁਖੀ ਅਤੇ ਨਿਰਾਦਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉਹ ਆਪਣੇ ਹੀ ਜਿਗਰ ਦੇ ਟੁਕੜਿਆਂ ਤੋਂ ਮਿਲੇ ਤ੍ਰਿਸਕਾਰ ਨੂੰ ਕਿਸੇ ਨਾਲ ਸਾਂਝਾ ਵੀ ਨਹੀਂ ਕਰ ਸਕਦੀਆਂ; ਇਸ ਲਈ ਅੰਦਰੋ-ਅੰਦਰ ਘੁਲ਼ਦੀਆਂ ਰਹਿੰਦੀਆਂ ਹਨ। ਜਦੋਂ ਅਤਿ ਹੋ ਜਾਵੇ, ਤਾਂ ਹੀ ਉਨ੍ਹਾਂ ਦੀਆਂ ਜ਼ਿਹਨੀ ਚੀਸਾਂ ਰੋਸ ਦਾ ਲਾਵਾ ਬਣ ਕੇ ਅਤੇ ਮਮਤਾ ਦਾ ਚੋਲਾ ਪਾੜ ਕੇ ਬਾਹਰ ਨਿਕਲਦੀਆਂ ਹਨ। ਤਦ ਵੀ ਸਾਡਾ ਤਮਾਸ਼ਬੀਨ ਸਮਾਜ ਬੇ-ਮਾਅਨੀ ਚੁੰਝ-ਚਰਚਾ ਕਰਨ ਅਤੇ ਰਸਮੀ ਹਮਦਰਦੀ ਪ੍ਰਗਟਾਉਣ ਤੋਂ ਵੱਧ ਉਨ੍ਹਾਂ ਪ੍ਰਤੀ ਕਦੇ ਕੁਝ ਨਹੀਂ ਕਰਦਾ। ਅਮਰੀਕਾ ਵਿਚ, ਤੇ ਭਾਰਤ ਵਿਚ ਵੀ, ਬਜ਼ੁਰਗਾਂ ਦੀ ਸੇਵਾ ਸੰਭਾਲ ਸਬੰਧੀ ਕਾਨੂੰਨ ਬਣੇ ਹੋਏ ਹਨ ਜੋ ਸੰਤਾਨ ਉਤੇ ਇਹ ਜ਼ਿੰਮੇਦਾਰੀ ਪਾਉਂਦੇ ਹਨ ਕਿ ਉਹ ਮਾਪਿਆਂ ਨੂੰ ਵਡੇਰੀ ਉਮਰ ਦੇ ਬਣਦੇ ਸੁੱਖ ਮੁਹੱਈਆ ਕਰਨ, ਪਰ ਸ਼ਰਮ ਕਾਰਨ ਜਾਂ ਸੰਤਾਨ ਪ੍ਰਤੀ ਮਮਤਾ ਤੇ ਕੁਰਬਾਨੀ ਦੇ ਜਜ਼ਬੇ ਕਾਰਨ, ਬਹੁਤੇ ਮਾਪੇ ਇਹ ਕਾਨੂੰਨ ਆਪਣੇ ਵਸੇਬੇ ਲਈ ਇਸਤੇਮਾਲ ਕਰਨਾ ਪਸੰਦ ਨਹੀਂ ਕਰਦੇ। ਉਂਜ ਵੀ ਕਾਨੂੰਨ ਦੇ ਕਟਹਿਰੇ ਵਿਚ ਜਾ ਕੇ ਰਾਹਤ ਤਾਂ ਮਿਲ ਸਕਦੀ ਹੈ ਪਰ ਬਣਦਾ ਸਨਮਾਨ, ਜਿਸ ਨੂੰ ਬਿਰਧਾਂ ਦੀ ਆਤਮਾ ਲੋਚਦੀ ਹੈ, ਨਹੀਂ ਮਿਲ ਸਕਦਾ।
ਬੀਬੀ ਜੀ ਵੱਲੋਂ ਇਨ੍ਹਾਂ ਬਿਰਧਾਂ ਦੇ ਸਹਾਰੇ ਲਈ ਸਮਾਜਕ, ਖਾਸ ਕਰ ਕੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਪਹਿਲ-ਕਦਮੀ ਕਰਨ ਦਾ ਸੁਝਾਅ ਦਿੱਤਾ ਹੈ। ਇਹ ਬੜੀ ਢੁਕਵੀਂ ਸਲਾਹ ਹੈ। ਗੁਰਦੁਆਰਿਆਂ ਕੋਲ ਅਥਾਹ ਪੈਸਾ ਹੈ ਤੇ ਅਥਾਹ ਸਾਧਨ ਹਨ ਜੋ ਸੰਗਤ ਦੀ ਅਥਾਹ ਸ਼ਰਧਾ ਕਾਰਨ ਜਮ੍ਹਾਂ ਹੋਏ ਹਨ। ਅੱਜ ਕੱਲ੍ਹ ਇਹ ਸਾਧਨ ਜਾਂ ਤਾਂ ਪ੍ਰਬੰਧਕਾਂ ਦੀਆਂ ਜੇਬਾਂ ਵਿਚ ਜਾਂਦੇ ਹਨ ਜਾਂ ਲੜਾਈ ਝਗੜੇ ਤੇ ਵਕੀਲਾਂ ਦੀਆਂ ਫੀਸਾਂ ਭਰਨ ‘ਤੇ ਖਰਚ ਹੁੰਦੇ ਹਨ। ਜੇ ਇਨ੍ਹਾਂ ਸਾਧਨਾਂ ਦਾ ਕੁਝ ਹਿੱਸਾ ਵੀ ਬਿਰਧਾਂ ਦੀ ਦੇਖ-ਰੇਖ ਲਈ ਇਸਤੇਮਾਲ ਹੋਣ ਲੱਗੇ ਤਾਂ ਇਹ ਬੜਾ ਹੀ ਚੜ੍ਹਦੀ ਕਲਾ ਵਾਲਾ ਕੰਮ ਹੋਵੇਗਾ। ਗੁਰਦੁਆਰਿਆਂ ਦੀ ਸਿੱਖ ਪੰਥ ਵਿਚ ਬੜੀ ਹੀ ਵਸੀਹ ਭੂਮਿਕਾ ਹੈ; ਕਿਆ ਹੀ ਚੰਗਾ ਹੋਵੇ ਜੇ ਹਰ ਗੁਰਦੁਆਰਾ ਗੁਰੂ ਅਮਰ ਦਾਸ ਅਤੇ ਬੀਬੀ ਭਾਨੀ ਦੇ ਨਾਂ ਉਤੇ ‘ਮਾਪਾ ਘਰ’ ਖੋਲ੍ਹੇ। ਉਥੇ ਜੋੜੇ ਸਾਫ ਕਰਨ, ਪ੍ਰਸ਼ਾਦਾ ਵਰਤਾਉਣ ਅਤੇ ਬਰਤਨ ਧੋਣ ਦੇ ਨਾਲ-ਨਾਲ ਸਮੂਹ ਨੌਜਵਾਨ ਸ਼ਰਧਾਲੂ ਇਨ੍ਹਾਂ ਮਾਪੇ ਘਰਾਂ ਵਿਚ ਜਾ ਕੇ ਬਜ਼ੁਰਗਾਂ ਦੀ ਸੇਵਾ ਕਰਿਆ ਕਰਨਗੇ। ਇਸ ਤਰ੍ਹਾਂ ਉਨ੍ਹਾਂ ਨੂੰ ਬਿਰਧ ਗੁਰੂ ਅਮਰਦਾਸ ਦੀ ਬੀਬੀ ਭਾਨੀ ਦੁਆਰਾ ਕੀਤੀ ਸੇਵਾ ਦਾ ਪ੍ਰਸੰਗ ਸੁਣਨ ਦੇ ਨਾਲ-ਨਾਲ ਬੇਸਹਾਰਾ ਬਜ਼ੁਰਗਾਂ ਦੀ ਹੱਥੀਂ ਸੇਵਾ ਕਰਨ ਦਾ ਫਲ ਵੀ ਮਿਲ ਸਕੇਗਾ। ਇਸ ਦਾ ਵੱਡਾ ਲਾਭ ਇਹ ਹੋਵੇਗਾ ਕਿ ਗੁਰਦੁਆਰੇ ਵਿਚੋਂ ਅਜਿਹਾ ਸੇਵਾ ਫਲ ਖਾਣ ਵਾਲੇ ਸੱਜਣ ਸਬਕ ਸਿੱਖ ਕੇ ਆਪਣੇ ਘਰ ਰਹਿੰਦੇ ਮਾਪਿਆਂ ਨੂੰ ਵੀ ਬਣਦਾ ਸਨਮਾਨ ਦੇਣਗੇ। ਇਸ ਤਰ੍ਹਾਂ ਸਿੱਖ ਸਮਾਜ ਵਿਚੋਂ ਬਿਰਧ ਨਿਰਾਦਰੀ ਤੇ ਬਿਰਧ ਸੰਤਾਪ ਜਿਹੀਆਂ ਬਲਾਵਾਂ ਦਾ ਕੋਹੜ ਵੱਢਿਆ ਜਾਵੇਗਾ। ਇਸ ਤੋਂ ਵੱਡਾ ਪਰਉਪਕਾਰੀ ਕਾਰਜ ਹੋਰ ਕੀ ਹੋ ਸਕਦਾ ਹੈ?
-ਡਾæ ਗੋਬਿੰਦਰ ਸਿੰਘ ਸਮਰਾਓ
ਸੈਰਾਟੋਗਾ, ਕੈਲੀਫੋਰਨੀਆ।
Leave a Reply