ਸਾਹਿਤ ਤੇ ਸਿਨੇਮਾ

ਨਾਵਲ ਅਤੇ ਕਥਾ ਕਹਾਣੀਆਂ ਉਤੇ ਆਧਾਰਤ ਪਹਿਲਾਂ ਵੀ ਸਫਲ ਫਿਲਮਾਂ ਬਣਦੀਆਂ ਰਹੀਆਂ ਹਨ ਅਤੇ ਹੁਣ ਵੀ ਬਣਾਈਆਂ ਜਾ ਰਹੀਆਂ ਹਨ। ਬਹੁਤ ਸਾਰੇ ਫਿਲਮਸਾਜ਼ ਸਾਹਿਤਕ ਰਚਨਾਵਾਂ ਤੋਂ ਪ੍ਰਭਾਵਿਤ ਹੋ ਕੇ ਫਿਲਮਾਂ ਬਣਾਉਂਦੇ ਰਹੇ ਹਨ। ਇਹ ਫਿਲਮਾਂ ਨਾ ਸਿਰਫ ਸਫਲ ਹੋ ਰਹੀਆਂ ਹਨ ਸਗੋਂ ਨੌਜਵਾਨ ਲੇਖਕਾਂ ਦੀਆਂ ਰਚਨਾਵਾਂ ‘ਤੇ ਬਣੀਆਂ ਫਿਲਮਾਂ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੀਆਂ ਹਨ।
ਸ਼ਰਤ ਚੰਦਰ ਦੀ ਰਚਨਾ ਦੇ ਆਧਾਰ ‘ਤੇ ਬਣੀ ਫਿਲਮ ‘ਦੇਵਦਾਸ’, ਪ੍ਰੇਮ ਚੰਦ ਦੀ ‘ਸ਼ਤਰੰਜ ਕੇ ਖਿਲਾੜੀ’, ਆਰæਕੇæ ਨਰਾਇਣ ਦੀ ‘ਗਾਈਡ’, ਬਿਮਲ ਮਿੱਤਰ ਦੀ ‘ਸਾਹਿਬ ਬੀਵੀ ਔਰ ਗੁਲਾਮ’ ਆਦਿ ਸ਼ਾਹਕਾਰ ਫਿਲਮਾਂ ਸਭ ਦੇ ਚੇਤਿਆਂ ਵਿਚ ਵਸੀਆਂ ਹੋਈਆਂ ਹਨ। ਸ਼ਰਤ ਚੰਦਰ ਚਟੋਪਾਧਿਆ ਅਤੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਕਈ ਫਿਲਮਸਾਜ਼ਾਂ ਦੀ ਪਹਿਲੀ ਪਸੰਦ ਰਹੇ ਹਨ। ਸ਼ਰਤ ਚੰਦਰ ਦੀਆਂ ਕਹਾਣੀਆਂ ‘ਤੇ ਭਾਰਤੀ ਭਾਸ਼ਾਵਾਂ ਵਿਚ ਸਤਾਰਾਂ ਤੋਂ ਵੱਧ ਫਿਲਮਾਂ ਬਣੀਆਂ। ਦੇਵਦਾਸ ‘ਤੇ ਹੀ ਦਲੀਪ ਕੁਮਾਰ, ਸ਼ਾਹਰੁਖ ਅਤੇ ਅਭੈ ਦਿਓਲ (ਦੇਵæ ਡੀ) ਵਰਗੇ ਅਭਿਨੇਤਾ ਕੰਮ ਕਰ ਚੁੱਕੇ ਹਨ।
ਗੋਬਿੰਦ ਨਿਹਲਾਨੀ ਨੇ 1998 ਵਿਚ ਬੰਗਲਾ ਲੇਖਕਾ ਮਹਾਸ਼ਵੇਤਾ ਦੇਵੀ ਦੇ ਨਾਵਲ ‘ਹਜ਼ਾਰ ਚੁਰਾਸੀ ਕੀ ਮਾਂ’ ਉਤੇ ਆਧਾਰਤ ਇਸੇ ਨਾਂ ਹੇਠ ਫਿਲਮ ਬਣਾਈ ਸੀ। ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੇ ਨਾਵਲ ‘ਪਿੰਜਰ’ ਉਤੇ ਬਣੀ ਇਸੇ ਨਾਂ ਦੀ ਫਿਲਮ ਵਿਚ ਪੰਜਾਬੀ ਸਭਿਆਚਾਰ ਬਾਖੂਬ ਪੇਸ਼ ਕੀਤਾ ਗਿਆ।
ਇਸੇ ਤਰ੍ਹਾਂ ਨਿਰਮਾਤਾ ਨਿਰਦੇਸ਼ਕ ਵਿਦੂ ਵਿਨੋਦ ਚੋਪੜਾ ਨੇ ਸ਼ਰਤ ਚੰਦਰ ਚਟੋਪਾਧਿਆ ਦੇ ਨਾਵਲ ‘ਤੇ ਬਹੁ-ਚਰਚਿਤ ਫਿਲਮ ‘ਪਰਿਣੀਤਾ’ ਦੀ ਕਹਾਣੀ ਨਵੇਂ ਅੰਦਾਜ਼ ਵਿਚ ਦਿਖਾਈ। ਕਾਨ ਫਿਲਮ ਸਮਾਰੋਹ ਵਿਚ ਸਨਮਾਨ ਬਟੋਰਨ ਵਾਲੀ ਦਿਬਾਕਰ ਬੈਨਰਜੀ ਦੀ ਫਿਲਮ ‘ਸ਼ੰਘਾਈ’ ਨਾਵਲ ‘ਜੈਡ’ (ਵਾਸਲਿਕੋਸ) ‘ਤੇ ਆਧਾਰਤ ਸੀ।
ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ‘ਲੱਜਾ’ ਵਿਚ ਲੁਕਵੇਂ ਤਰੀਕੇ ਨਾਲ ਰਮਾਇਣ ਦੇ ਪ੍ਰਸੰਗਾਂ ਨੂੰ ਦਿਖਾਇਆ ਗਿਆ ਸੀ ਅਤੇ ਪ੍ਰਕਾਸ਼ ਝਾਅ ਨੇ ਵੀ ਆਪਣੀ ਫਿਲਮ ‘ਰਾਜਨੀਤੀ’ ਵਿਚ ਮਹਾਂਭਾਰਤ ਦੀ ਕਹਾਣੀ ਵਿਚੋਂ ਉਦਾਹਰਣ ਦੇਣ ਦੀ ਗੱਲ ਸਵੀਕਾਰੀ ਸੀ। ਕਰਨ ਜੌਹਰ, ਦਿਬਾਕਰ ਬੈਨਰਜੀ, ਅਤੁਲ ਅਗਨੀਹੋਤਰੀ ਆਦਿ ਕਈ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕਾਂ ਦੀ ਨਜ਼ਰ ਵਿਚ ਨਾਵਲਾਂ/ਕਹਾਣੀਆਂ ‘ਤੇ ਬਣਨ ਵਾਲੀਆਂ ਫਿਲਮਾਂ ਅਕਸਰ ਆਪਣੀ ਮੂਲ ਕਹਾਣੀ ਦੀ ਵਜ੍ਹਾ ਕਰ ਕੇ ਨਿਰਮਾਤਾ-ਨਿਰਦੇਸ਼ਕਾਂ, ਕਲਾਕਾਰਾਂ ਤੋਂ ਇਲਾਵਾ ਸਿਨੇ ਪ੍ਰੇਮੀਆਂ ਨੂੰ ਵੀ ਖਿੱਚਦੀਆਂ ਹਨ।
ਹਾਲ ਹੀ ਸਾਲਾਂ ਵਿਚ ਲਕੀਰ ਤੋਂ ਹਟ ਕੇ ਬਣਨ ਵਾਲੀਆਂ ਫਿਲਮਾਂ ਬਾਕਸ ਆਫਿਸ ‘ਤੇ ਵੀ ਧਮਾਲ ਮਚਾ ਰਹੀਆਂ ਹਨ। ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕਾਂ ਦੀ ਨਜ਼ਰ ਵੀ ਸਾਹਿਤਕ ਕਥਾ-ਕਹਾਣੀਆਂ ‘ਤੇ ਜਾ ਰਹੀ ਹੈ। ਅਗਲੇ ਕੁਝ ਮਹੀਨਿਆਂ ਵਿਚ ਅਜਿਹੀਆਂ ਕੁਝ ਫਿਲਮਾਂ ਆਉਣਗੀਆਂ ਜਿਹੜੀਆਂ ਨਾਵਲ-ਕਹਾਣੀਆਂ ‘ਤੇ ਆਧਾਰਤ ਹੋਣਗੀਆਂ ਜਿਵੇਂ ਦਿਬਾਕਰ ਬੈਨਰਜੀ ਦੀ ਫਿਲਮ ‘ਡਿਟੈਕਟਿਵ ਬਿਓਮਕੇਸ਼ ਬਖਸ਼ੀ’, ‘ਬਾਂਬੇ ਵੈਲਵੇਟ’, ‘ਹੈਦਰ’ ਅਤੇ ‘ਰੈਵਲੂਸ਼ਨ’ ਆਦਿ। ਅਸਲ ਵਿਚ ਪਿਛਲੇ ਸਾਲ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੋਲੀਓਂ ਕੀ ਰਾਸ ਲੀਲਾ ਰਾਮਲੀਲ੍ਹਾ’ ਦੇ ਸੁਪਰਹਿੱਟ ਹੋਣ ਤੋਂ ਬਾਅਦ ਨਾਵਲਾਂ ਅਤੇ ਨਾਟਕਾਂ ਆਧਾਰਤ ਫਿਲਮਾਂ ਬਣਾਉਣ ਵਿਚ ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕ ਰੁਚੀ ਲੈਣ ਲੱਗੇ ਹਨ।
ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਆਧਾਰਤ ਫਿਲਮ ‘ਪਵਿੱਤਰ ਪਾਪੀ’, ਗੁਰਦਿਆਲ ਸਿੰਘ ਦੇ ਨਾਵਲ ‘ਤੇ ‘ਮੜ੍ਹੀ ਦਾ ਦੀਵਾ’ ਤੇ ‘ਅੰਨ੍ਹੇ ਘੋੜੇ ਦਾ ਦਾਨ’, ਮੇਰੀ (ਮੁਖਤਾਰ ਗਿੱਲ) ਕਹਾਣੀ ‘ਆਲ੍ਹਣਾ’ ਆਧਾਰਤ ਫਿਲਮ ‘ਵਿਸਾਖੀ’, ਰਾਮ ਸਰੂਪ ਅਣਖੀ ਦੀ ‘ਸੁੱਤਾ ਨਾਗ’, ਸਰਵਮੀਤ ਦੀ ਕਹਾਣੀ ‘ਤੇ ‘ਕਲਾਣ’ ਅਤੇ ਗੁਰਮੀਤ ਕੜਿਆਲਵੀ ਦੀ ਕਹਾਣੀ ‘ਤੇ ‘ਆਤੂ ਖੋਜੀ’ ਆਦਿ ਫਿਲਮਾਂ ਬਣੀਆਂ ਹਨ। ਇਨ੍ਹਾਂ ਫਿਲਮਾਂ ਦੀ ਫਿਲਮ ਆਲੋਚਕਾਂ ਅਤੇ ਦਰਸ਼ਕਾਂ ਨੇ ਖੂਬ ਪ੍ਰਸ਼ੰਸਾ ਕੀਤੀ ਹੈ। ਇਨ੍ਹਾਂ ਫਿਲਮਾਂ ਨੇ ਕਲਾ ਪੱਖੋਂ ਵੀ ਮਾਲਾਮਾਲ ਕੀਤਾ ਹੈ। ਇਸੇ ਕਰ ਕੇ ਅਜਿਹੀਆਂ ਫਿਲਮਾਂ ਦੇ ਨਿਰਮਾਣ ਵਿਚ ਕਦੀ ਤੋਟ ਨਹੀਂ ਆਈ ਹੈ।
-ਮੁਖਤਾਰ ਗਿੱਲ

Be the first to comment

Leave a Reply

Your email address will not be published.