ਮਹਿਬੂਬ ਨਾਲ ਕੋਈ ਕੀਨਾ ਨਹੀਂ; ਮਤਭੇਦ ਵਾਚਰਾਂ ਦੇ ਸਨ

ਪੰਜਾਬ ਟਾਈਮਜ਼ ਦੇ 17 ਨਵੰਬਰ ਦੇ ਅੰਕ ਵਿਚ ਡਾæ ਗੁਰਤਰਨ ਸਿੰਘ ਦੀਆਂ ਮੇਰੇ ਬਾਰੇ ਟਿੱਪਣੀਆਂ ਤੇ ਮਹਿਬੂਬ ਸਾਹਿਬ ਦਾ 45 ਸਾਲ ਪਹਿਲਾਂ ਲਿਖਿਆ ਲੇਖ ‘ਰਿਗਵੇਦ ਦੀਆਂ ਆਵਾਜ਼ਾਂ’ ਪੜ੍ਹਿਆ। ਮੇਰੇ ਬਾਰੇ ਲੇਖ ਦੀ ਪਹਿਲੀ ਪੰਕਤੀ ਇਹ ਹੈ ਕਿ ਪੰਨੂ ਨੇ ਖਿਝ ਕੇ ਲਿਖਿਆ ਹੈ। ਮੇਰੀ ਲਿਖਤ ਵਿਚ ਸਿਆਣਪ ਦੀ ਘਾਟ ਹੋਵੇ ਇਹ ਤਾਂ ਮੈਂ ਮੰਨਣ ਨੂੰ ਤਿਆਰ ਹਾਂ ਪਰ ਗੁੱਸਾ, ਖਿਝ, ਚਿੜਚਿੜਾਪਣ ਆਦਿਕ ਬਿਮਾਰੀਆਂ ਤੋਂ ਮੈਂ ਬਚਿਆ ਹੋਇਆ ਹਾਂ। ਉਨ੍ਹਾਂ ਦੂਜੇ ਪੈਰੇ ਵਿਚ ਮੇਰੇ ‘ਤੇ ਦੋਸ਼ ਲਾਇਆ ਹੈ ਕਿ ਮੈਂ ਮਹਿਬੂਬ ਸਾਹਿਬ ਨੂੰ ਮੰਗਤਾ ਬਣਾ ਕੇ ਪੇਸ਼ ਕੀਤਾ ਹੈ, ਇਹ ਦੋਸ਼ ਵੀ ਵਾਜਬ ਨਹੀਂ। ਮੈਂ ਮਹਿਬੂਬ ਨੂੰ ਸ਼ਾਇਰ ਵਜੋਂ ਸਤਿਕਾਰ ਦਿੰਦਾ ਰਿਹਾ ਹਾਂ ਤੇ ਸ਼ਾਇਰ ਬਾਦਸ਼ਾਹ ਹੁੰਦੇ ਹਨ, ਮੰਗਤੇ ਨਹੀਂ।
ਗੁਰਤਰਨ ਸਿੰਘ ਨੇ ਮਹਿਬੂਬ ਦੀ ਟਿੱਪਣੀ ਦਾ ਹਵਾਲਾ ਅਜੀਤ ਅਖਬਾਰ ਵਿਚ ਛਪੀ ਇੰਟਰਵਿਊ ਵਿਚੋਂ ਦਿੰਦਿਆਂ ਲਿਖਿਆ ਹੈ ਕਿ ਮਹਿਬੂਬ ਨੇ ਕਿਹਾ ਸੀ, “ਮੈਂ ਇਨਾਮ ਨੂੰ ਚਲਾ ਕੇ ਮਾਰਾਂਗਾ, ਜੇ ਸਰਕਾਰ ਵਲੋਂ ਕੋਈ ਇਸ ਸਬੰਧ ਵਿਚ ਵਿਰੋਧ ਹੋਇਆ।” ਸਰਕਾਰ ਵਲੋਂ ਵਿਰੋਧ ਕਿਉਂ ਹੁੰਦਾ? ਸਰਕਾਰ ਨੇ ਤਾਂ ਇਹ ਇਨਾਮ ਪ੍ਰਦਾਨ ਕੀਤਾ ਸੀ। ਵਿਰੋਧ ਤਾਂ ਕਾਂਗਰਸ ਪਾਰਟੀ ਦੇ ਕਾਰਕੁਨਾਂ ਵਲੋਂ ਹੋਇਆ ਸੀ ਤੇ ਉਨ੍ਹਾਂ ਵਲੋਂ ਹੀ ਹੋਣਾ ਸੀ ਕਿਉਂਕਿ ਇੰਦਰਾ ਗਾਂਧੀ ਵਿਰੁਧ ਟਿੱਪਣੀਆਂ ਛਾਪੀਆਂ ਗਈਆਂ ਸਨ, ਇਨਾਮ ਵਾਸਤੇ ਭੇਜੀਆਂ ਪੌਥੀਆਂ ਵਿਚੋਂ ਇਹ ਪੰਨੇ ਕੱਟ ਲਏ ਗਏ ਸਨ। ਇਨਾਮ ਦੇਣ ਦਾ ਫੈਸਲਾ ਕਰਨ ਵਾਲੇ ਪੈਨਲ ਵਿਚ ਡਾæ ਜਸਬੀਰ ਸਿੰਘ ਆਹਲੂਵਾਲੀਆ ਵੀ ਮੈਂਬਰ ਸਨ। ਜਦੋਂ ਰਛਪਾਲ ਸਿੰਘ ਗਿੱਲ ਤੇ ਮੈਂ ਡਾæ ਆਹਲੂਵਾਲੀਆ ਦੀ ਕੋਠੀ ‘ਇਲਾਹੀ ਨਦਰ ਦੇ ਪੈਂਡੇ’ ਕਿਤਾਬ ਰਿਲੀਜ਼ ਕਰਨ ਦੀ ਅਰਜ਼ ਲੈ ਕੇ ਗਏ ਉਦੋਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਵੀ ਗੁਸੈਲੇ ਕਾਂਗਰਸੀਆਂ ਨੇ ਪੱਥਰਾਂ ਨਾਲ ਭੰਨ ਦਿਤੀ ਸੀ।
ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਬਾਰੇ ਟਿੱਪਣੀ ਕਰਦਿਆਂ ਡਾæ ਗੁਰਤਰਨ ਸਿੰਘ ਲਿਖਦੇ ਹਨ, “ਇਥੇ ਉਹ ਪ੍ਰਸੰਗ ਬਿਲਕੁਲ ਨਹੀਂ ਢੁਕਦਾ ਕਿਉਂਕਿ ਅੰਗਰੇਜ਼ਾਂ ਦੀ ਹਕੂਮਤ ਬਾਹਰਲੀ ਹਕੂਮਤ ਸੀ।” ਤਾਂ ਕੀ ਗੁਰਤਰਨ ਸਿੰਘ ਤੇ ਮਹਿਬੂਬ ਸਾਹਿਬ ਵਾਸਤੇ ਭਾਰਤੀ ਹਕੂਮਤ ਆਪਣੀ ਹਕੂਮਤ ਹੈ? ਜੇ ਇਹ ਆਪਣੀ ਹਕੂਮਤ ਹੈ ਤਾਂ ਫਿਰ ਖਾਲਿਸਤਾਨ ਦੀ ਮੰਗ ਕਿਵੇਂ ਵਾਜਬ ਹੋਈ? ਪਾਣੀਆਂ ਦੇ ਹੈਡਵਰਕਸ, ਪਾਣੀਆਂ ਦੀ ਗਲਤ ਵੰਡ, ਪੰਜਾਬ ਦੀ ਕਾਂਟਛਾਂਟ, ਅਕਾਲੀ ਸਰਕਾਰਾਂ ਨੂੰ ਅਕਾਰਣ ਤੋੜਨ, ਦਰਬਾਰ ਸਾਹਿਬ ਉਪਰ ਹਮਲਾ ਕਰਨ ਵਰਗੀਆਂ ਅਨੇਕ ਘਟਨਾਵਾਂ ਨੇ ਮੇਰੇ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਕੀਤਾ ਹੈ। ਲੋਕਤੰਤਰੀ ਤਰੀਕੇ ਨਾਲ ਮੈਂ ਇਸ ਵਰਤਾਰੇ ਦਾ ਵਿਰੋਧ ਕਰਦਾ ਰਿਹਾ ਹਾਂ ਜਿਸ ਸਦਕਾ ਮੈਨੂੰ ਖਤਰਨਾਕ ਸੰਕਟਾਂ ਦਾ ਵੀ ਸਾਹਮਣਾ ਕਰਨਾ ਪਿਆ, ਫੌਜੀ ਤਸੱਦਦ ਅਤੇ ਅਪਰਾਧਕ ਮਾਮਲੇ ਪੇਸ਼ ਪਏ ਤੇ ਨਜਿੱਠੇ। ਮੇਰਾ ਪ੍ਰਸ਼ਨ ਸਾਫ ਹੈ, ਹਿੰਦੂ ਸਟੇਟ ਨੂੰ ਨਫ਼ਰਤ ਕਰਨ ਵਾਲੇ ਮਹਿਬੂਬ ਸਾਹਿਬ ਨੇ ਸਟੇਟ ਵਲੋਂ ਦਿਤਾ ਐਵਾਰਡ ਕਿਉਂ ਹਾਸਲ ਕੀਤਾ?
ਡਾæ ਗੁਰਤਰਨ ਸਿੰਘ ਅਤੇ ਬੀਬੀ ਗੁਰਨਾਮ ਕੌਰ ਨੂੰ ਪਤਾ ਹੈ ਕਿ ਮੈਂ ਕਿਹੜੀ ਕਿਤਾਬ ਰਿਲੀਜ਼ ਕਰਵਾਉਣ ਵਿਚ ਕਾਮਯਾਬ ਹੋਇਆ ਸਾਂ। ਇਨ੍ਹਾਂ ਦੋਵਾਂ ਨੇ ਸ਼ਬਦਾਂ ਦੀਆਂ ਘਾੜਤਾਂ ਘੜ ਘੜ ਮੈਨੂੰ ਗੱਪੀ ਸਾਬਤ ਕੀਤਾ ਹੈ ਕਿਉਂਕਿ ‘ਸਹਿਜੇ ਰਚਿਓ ਖਾਲਸਾ’ ਮੈਂ ਰਿਲੀਜ਼ ਨਹੀਂ ਕਰਵਾਈ।
ਜਦੋਂ ਰਛਪਾਲ ਸਿੰਘ ਗਿੱਲ ਅਤੇ ਮੈਂ ‘ਇਲਾਹੀ ਨਦਰ ਦੇ ਪੈਂਡੇ’ ਦੀ ਪਹਿਲੀ ਜਿਲਦ ਦੇ ਰਿਲੀਜ਼ ਸਮਾਰੋਹ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਸਾਂ ਤਾਂ ਸ਼ ਗਿੱਲ ਕਹਿਣ ਲੱਗੇ, “ਪੰਨੂ ਯਾਰ, ਮੈਂ ਨਹੀਂ ਚਾਹੁੰਦਾ ਤਰਨੀ (ਗੁਰਤਰਨ ਸਿੰਘ) ਨੂੰ ਸੱਦਾ ਦਿਆਂ। ਮੈਨੂੰ ਉਹ ਉਕਾ ਨਹੀਂ ਭਾਉਂਦਾ, ਪਰ ਆ ਉਹਨੇ ਜਾਣਾ ਹੈ ਬਿਨਾਂ ਸੱਦਿਆਂ ਵੀ, ਕੀ ਕਰੀਏ?” ਸਾਥੀ ਪ੍ਰੋਫੈਸਰ ਸੁਣ ਕੇ ਕਹਿਣ ਲੱਗਾ, “ਮੇਰੇ ਪਿੰਡ ਇਕ ਬੰਦਾ ਬੜਾ ਖਰੂਦੀ ਸੀ। ਸ਼ਰਾਬ ਪੀ ਕੇ ਉਹਨੇ ਵਿਆਹ ਸ਼ਾਦੀ ਵਿਚ ਵਿਗਾੜ ਪਾਉਣਾ ਈ ਪਾਉਣਾ ਹੁੰਦਾ। ਸੱਦਾ ਪੱਤਰ ਵੰਡਣ ਦੀ ਤਿਆਰੀ ਹੋ ਰਹੀ ਸੀ। ਵਿਚਾਰ ਵਟਾਂਦਰਾ ਹੋਣ ਲੱਗਾ ਕਿ ਇਹਨੂੰ ਸੱਦੀਏ ਕਿ ਨਾ। ਇਕ ਸਿਆਣੇ ਨੇ ਰਾਇ ਦਿਤੀ, “ਐਂ ਕਰਦੇ ਆਂ, ਪੂਰੀ ਪੰਚਾਇਤ ਪਹਿਲਾ ਕਾਰਡ ਲੈ ਕੇ ਉਸ ਦੇ ਘਰ ਜਾਵੇ ਤੇ ਕਹੇ- ਭਰਾ ਅਸੀਂ ਤੇਰੀ ਏਨੀ ਇੱਜ਼ਤ ਕਰਦੇ ਆਂ ਕਿ ਪਹਿਲਾ ਕਾਰਡ ਤੇਰੇ ਘਰ ਪੁਚਾਣ ਆਏ ਆਂ। ਆਹ ਫੜ ਕਾਰਡ। ਹੁਣ ਤੂੰ ਵੀ ਸਾਡੀ ਇੱਜ਼ਤ ਰੱਖੀਂ। ਕਿਰਪਾ ਕਰਕੇ ਵਿਆਹ ਵਿਚ ਨਾ ਆਈਂ।”
ਡਾæ ਗੁਰਤਰਨ ਸਿੰਘ ਨੇ ‘ਰਿਗਵੇਦ ਦੀਆਂ ਆਵਾਜ਼ਾਂ’ ਲੇਖ ਇਸ ਕਰਕੇ ਭੇਜਿਆ ਹੈ ਤਾਂ ਕਿ ਇਸ ਨੂੰ ਪੜ੍ਹ ਕੇ “ਪੰਨੂ ਦਾ ਅਗਿਆਨ ਪੂਰੀ ਤਰ੍ਹਾਂ ਬੇਨਕਾਬ ਹੋ ਜਾਵੇ।” ਮੇਰਾ ਅਗਿਆਨ ਜਰੂਰ ਦੂਰ ਹੋ ਜਾਂਦਾ ਪਿਆਰੇ ਗੁਰਤਰਨ ਸਿੰਘ ਜੇ ਕਿਤੇ ਇਹ ਲਿਖਤ ਮੈਨੂੰ ਸਮਝ ਆਈ ਹੁੰਦੀ। ਅਜੇ ਤਾਂ ਤੁਹਾਨੂੰ ਵੀ ਇਸ ਦੀ ਸਮਝ ਨਹੀਂ ਆਈ ਤਦੇ ਲਿਖਿਆ, “ਮੇਰੀ ਹਾਲੀ ਵੀ ਸਮਝ ਇਸ ਨੂੰ ਪੂਰੀ ਤਰ੍ਹਾਂ ਗ੍ਰਹਿਣ ਨਹੀਂ ਕਰ ਸਕੀ।” ਜੇ ਮਹਿਬੂਬ ਦੇ ਸ਼੍ਰੋਮਣੀ ਵਿਆਖਿਆਕਾਰ ਨੂੰ ਮਹਿਬੂਬ ਦੀ ਸਮਝ ਨਹੀਂ ਲਗਦੀ ਤਾਂ ਬਾਕੀ ਜਹਾਨ ਦਾ ਰੱਬ ਰਾਖਾ। ਇਹੋ ਸਟਾਈਲ ‘ਸਹਿਜੇ ਰਚਿਓ ਖਾਲਸਾ’ ਦਾ ਹੈ ਜਿਸ ਵਿਚੋਂ ਕੁੱਝ ਪਤਾ ਨਹੀਂ ਲਗਦਾ ਕਿ ਲੇਖਕ ਨੇ ਦੱਸਣਾ ਕੀ ਹੈ?
ਮੈਕਸਮੂਲਰ ਰਾਹੀਂ ਕੀਤਾ ਰਿਗਵੇਦ ਦਾ ਅੰਗਰੇਜ਼ੀ ਅਨੁਵਾਦ ਪੜ੍ਹਿਆ ਹੈ। ਮੈਨੂੰ ਹਰੇਕ ਵਾਕ ਸਮਝ ਆ ਗਿਆ ਹੈ। ਮਹਿਬੂਬ ਦੀ ਪੰਜਾਬੀ ਕਿਉਂ ਪੱਲੇ ਨਹੀਂ ਪੈਂਦੀ? ਪੰਜਾਬ ਟਾਈਮਜ਼ ਦੇ ਹਜ਼ਾਰਾਂ ਪਾਠਕ ਹਨ। ਜਿਸ ਕਿਸੇ ਨੂੰ ਪਤਾ ਲੱਗਾ ਹੋਵੇ, ਮਹਿਬੂਬ ਨੇ ਇਸ ਲੇਖ ਵਿਚ ਕੀ ਕਿਹਾ ਹੈ, ਕਿਰਪਾ ਕਰਕੇ ਉਹ ਮੈਨੂੰ ਵੀ ਦੱਸ ਦਏ। ਰਿਗਵੇਦ ਦੀ ਭੂਮਿਕਾ ਵਿਚ ਮੈਕਸਮੂਲਰ ਦਾ ਵਾਕ ਹੈ, “ਸਰਘੀ ਵੇਲੇ ਰੁਮਕਦੀਆਂ ਪੌਣਾਂ ਵਿਚ ਅਤੇ ਤਾਰਿਆਂ ਦੀ ਛਾਂ ਹੇਠ ਅਨੰਦ ਵਿਭੋਰ ਹੋ ਕੇ ਏਸ਼ੀਆ ਦੇ ਬੱਚਿਆਂ ਨੇ ਕਿਲਕਾਰੀ ਮਾਰੀ ਤਾਂ ਰਿਗਵੇਦ ਪ੍ਰਗਟ ਹੋਇਆ।”
ਕਥਾ: ਔਰਤ ਨੇ ਵੱਡ ਆਕਾਰੀ ਘੱਗਰਾ ਧੋ ਕੇ ਸੁੱਕਣੇ ਪਾ ਦਿੱਤਾ। ਸ਼ਾਮੀ ਹਨੇਰੀ ਆਈ ਤਾਂ ਉਡ ਕੇ ਦਰਖਤ ਦੇ ਟਾਹਣਾਂ ਉਪਰ ਫੈਲ ਗਿਆ। ਹਨੇਰੇ ਵਿਚ ਬੜਾ ਡਰਾਉਣਾ ਲਗਦਾ ਸੀ। ਪੇਂਡੂ ਡਰ ਗਏ ਉਨ੍ਹਾਂ ਨੂੰ ਪਤਾ ਨਾ ਲੱਗਾ ਤਾਂ ਸਿਆਣਾ ਲੈ ਆਂਦਾ। ਸਿਆਣਾ ਆ ਕੇ ਪਹਿਲੋਂ ਹੱਸਿਆ, ਫੇਰ ਰੋਇਆ। ਪੇਂਡੂਆਂ ਨੇ ਹੱਸਣ-ਰੋਣ ਦਾ ਕਾਰਨ ਪੁੱਛਿਆ ਤਾਂ ਦੱਸਿਆ, “ਹੱਸਿਆ ਤਾਂ ਮੈਂ ਏਸ ਲਈ ਕਿ ਏਨੀ ਮਾਮੂਲੀ ਚੀਜ਼ ਦਾ ਵੀ ਤੁਹਾਨੂੰ ਪਤਾ ਨਹੀਂ ਲਗਦਾ। ਰੋਇਆ ਮੈਂ ਏਸ ਵਾਸਤੇ ਕਿ ਜਦੋਂ ਮੈਂ ਮਰ ਗਿਆ ਉਦੋਂ ਤੁਸੀਂ ਕਿਸ ਨੂੰ ਬੁਲਾਇਆ ਕਰੋਗੇ। ਰਹੀ ਗੱਲ ਅਹੁ ਸਾਹਮਣੇ ਝੂਲਦੀ ਵੱਡੀ ਸਾਰੀ ਗੇਂਦ ਦੀ, ਇਸ ਦਾ ਪਤਾ ਮੈਨੂੰ ਵੀ ਨਹੀਂ ਲੱਗਦਾ।”
ਹਰਿੰਦਰ ਸਿੰਘ ਮਹਿਬੂਬ ਦਾ ਮੈਂ ਸਦਾ ਸਤਿਕਾਰ ਕੀਤਾ ਹੈ। ਹੋਇਆ ਇਹ ਕਿ ਮੈਂ ਦਸਮ ਗ੍ਰੰਥ ਬਾਰੇ ਲੇਖ ਅਖਬਾਰ ਵਿਚ ਛਪਵਾ ਦਿੱਤਾ। ਇਸ ਲੇਖ ਨੂੰ ਪੜ੍ਹਨ ਪਿਛੋਂ ਉਨ੍ਹਾਂ ਨੇ ਹਰੇਕ ਖਤ ਰਾਹੀਂ ਮੈਨੂੰ ਇਸ ਗ੍ਰੰਥ ਵਿਰੁਧ ਮਾੜੇ ਵਾਕ ਲਿਖ ਕੇ ਭੇਜਣੇ ਸ਼ੁਰੂ ਕਰ ਦਿੱਤੇ। ਮੈਂ ਜਵਾਬ ਵਿਚ ਇਹ ਵੀ ਅਰਜ਼ ਕੀਤੀ ਕਿ ਸਾਡੀਆਂ ਧਾਰਨਾਵਾਂ ਵਿਚ ਵਖਰੇਵਾਂ ਹੈ, ਇਸ ਲਈ ਇਸ ਮਸਲੇ ਬਾਰੇ ਵਿਵਾਦ ਨਾ ਕਰੀਏ ਤਾਂ ਵਧੀਆ ਰਹੇਗਾ। ਉਨ੍ਹਾਂ ਦਾ ਜਵਾਬ ਆਇਆ, “ਮੇਰੇ ਹੱਥ ਵਿਚ ਭਾਈ ਬਚਿਤ੍ਰ ਸਿੰਘ ਦੀ ਨਾਗਣੀ ਆ ਗਈ ਹੈ। ਕੋਝੇ ਹੱਥਾਂ ਨਾਲ ਲਿਖੇ ਹੋਏ ਮੈਂ ਤੇਰੇ ਇਸ ਅਖੌਤੀ ਦਸਮ ਗ੍ਰੰਥ ਦਾ ਮੱਥਾ ਭੰਨ ਦਿਆਂਗਾ।” ਮੈਂ ਉਤਰ ਦਿਤਾ, “ਮਹਿਬੂਬ ਭਰਾ, ਦਸਮ ਗ੍ਰੰਥ ਨਾ ਮਸਤਿਆ ਹੋਇਆ ਹਾਥੀ ਹੈ, ਨਾ ਇਸ ਨੇ ਸ਼ਰਾਬ ਪੀਤੀ ਹੋਈ ਹੈ। ਇਤਫਾਕ ਵਸ ਜੇ ਤੁਹਾਡੇ ਹੱਥ ਪਵਿਤਰ ਨਾਗਣੀ ਆ ਗਈ ਹੈ ਤਾਂ ਉਸ ਦਾ ਦੁਰਉਪਯੋਗ ਕਿਉਂ ਕਰਨਾ ਹੋਇਆ?”
‘ਸਹਿਜੇ ਰਚਿਓ ਖਾਲਸਾ’ ਦੀ ਪਹਿਲੀ ਐਡੀਸ਼ਨ ਮਹਿਬੂਬ ਨੇ ਗੁਰਤਰਨ ਸਿੰਘ ਨੂੰ ਸਮਰਪਣ ਕੀਤੀ ਪਰ ਬਾਦ ਵਿਚ ਉਹ ਇੰਨੇ ਬਦਜ਼ਨ ਹੋ ਗਏ ਕਿ ਅਕਸਰ ਕਹਿੰਦੇ, ਮੈਂ ਦੂਜੀ ਐਡੀਸ਼ਨ ਵਿਚੋਂ ਇਸ ਦਾ ਨਾਮ ਕੱਟ ਦੇਣਾ ਹੈ। ਦੋਸਤਾਂ ਨੇ ਜਿਵੇਂ ਕਿਵੇਂ ਉਨ੍ਹਾਂ ਨੂੰ ਮਨਾ ਕੇ ਸਿੰਘ ਬ੍ਰਦਰਜ਼ ਵਲੋਂ ਛਾਪੀ ਦੂਜੀ ਐਡੀਸ਼ਨ ਵਿਚ ਸਮਰਪਣ ਉਵੇਂ ਰਹਿਣ ਦਿਤਾ ਤਾਂ ਕਿ ਆਪਸੀ ਤਕਰਾਰ ਜੱਗ ਜ਼ਾਹਰ ਨਾ ਹੋਵੇ। ਦੋਵੇਂ ਗਰਾਈਂ ਸਨ। ਉਨ੍ਹਾਂ ਦੀ ਦਿਲੀ ਖਾਹਸ਼ ਸੀ ਕਿ ਰਿਟਾਇਰਮੈਂਟ ਤੋਂ ਬਾਦ ਗੜ੍ਹਦੀਵਾਲਾ ਛੱਡ ਕੇ ਉਹ ਆਪਣੇ ਪਿੰਡ ਝੂੰਦਾਂ ਵਿਚ ਵਸ ਜਾਣ, ਪਰ ਕਿਹਾ ਕਰਦੇ, “ਗੁਰਤਰਨ ਦੀ ਵਜਾ ਸਦਕਾ ਮੈਂ ਪਿੰਡ ਨਹੀਂ ਆਵਾਂਗਾ ਕਿਉਂਕਿ ਉਸ ਦੀਆਂ ਹਰਕਤਾਂ ਸਦਕਾ ਮੇਰੇ ਵਲੋਂ ਅਰੰਭਿਆ ਮਹਾਂਕਾਵਿ ਪੂਰਾ ਨਹੀਂ ਹੋਵੇਗਾ, ਉਹ ਹਰ ਪਲ ਵਿਘਨ ਪਾਵੇਗਾ।” ਇਹ ਗੱਲ ਸਾਰਾ ਪਿੰਡ ਜਾਣਦਾ ਹੈ। ਇਨ੍ਹਾਂ ਤੱਥਾਂ ਦੀ ਪੁਸ਼ਟੀ ਸ਼ ਰਛਪਾਲ ਸਿੰਘ ਗਿੱਲ (ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ) ਪਾਸੋਂ ਕੀਤੀ ਜਾ ਸਕਦੀ ਹੈ ਜੋ ਮਹਿਬੂਬ ਸਾਹਿਬ ਦੇ ਪਰਮ ਮਿੱਤਰ ਅਤੇ ਉਨ੍ਹਾਂ ਦੇ ਗਰਾਈਂ ਹਨ।
-ਹਰਪਾਲ ਸਿੰਘ ਪੰਨੂ (ਪ੍ਰੋæ)

Be the first to comment

Leave a Reply

Your email address will not be published.