ਹਿੰਦੀ ਫਿਲਮ ਜਗਤ ਦੇ ਵਪਾਰਕ ਘੜਮੱਸ ਵਿਚ ਨੌਜਵਾਨ ਫਿਲਮਸਾਜ਼ ਸੰਦੀਪ ਏæ ਵਰਮਾ ਨੇ ਆਪਣੀ ਪਹਿਲੀ ਹੀ ਫਿਲਮ ḔਮੰਜੂਨਾਥḔ ਸੱਚੀ ਕਹਾਣੀ ਉਤੇ ਆਧਾਰਤ ਬਣਾਉਣ ਦਾ ਜੋਖਮ ਉਠਾਇਆ ਹੈ। ਅਸਲ ਵਿਚ ਇਸ਼ਤਿਹਾਰ ਫਿਲਮਾਂ ਬਣਾਉਣ ਵਾਲੇ ਸੰਦੀਪ ਦੇ ਜ਼ਿਹਨ ਵਿਚ ਇੰਡੀਅਨ ਆਇਲ ਕੰਪਨੀ ਦੇ 27 ਸਾਲਾ ਐਗਜੈਕਟਿਵ ਮੰਜੂਨਾਥ ਸ਼ਨਮੁਗਮ ਦੀ ਕਹਾਣੀ ਬਹੁਤ ਡੂੰਘੀ ਬੈਠ ਗਈ ਸੀ। ਇੰਡੀਅਨ ਇੰਸਟੀਚਿਊ ਆਫ ਮੈਨੇਜਮੈਂਟ, ਲਖਨਊ ਦੇ ਹੋਣਹਾਰ ਗਰੈਜੂਏਟ ਮੰਜੂਨਾਥ ਨੇ ਲਖੀਮਪੁਰ ਖੇੜੀ (ਉਤਰ ਪ੍ਰਦੇਸ਼) ਵਿਚ ਤੇਲ ਵਿਚ ਮਿਲਾਵਟ ਕਰ ਰਹੇ ਮਾਫੀਆ ਦਾ ਪਰਦਾਫਾਸ਼ ਕੀਤਾ ਸੀ, ਪਰ 19 ਨਵੰਬਰ 2005 ਨੂੰ ਉਸ ਨੂੰ ਸ਼ਰੇਆਮ ਕਤਲ ਕਰ ਦਿੱਤਾ ਗਿਆ। ਉਸ ਦਾ ਕਾਤਲ ਪਵਨ ਕੁਮਾਰ ਮਿੱਤਲ ਅੱਜ ਕੱਲ੍ਹ ਉਮਰ ਕੈਦ ਕੱਟ ਰਿਹਾ ਹੈ। ਹੇਠਲੀ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ, ਪਰ ਮਗਰੋਂ ਹਾਈ ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਸੀ।
126 ਮਿੰਟਾਂ ਦੀ ਇਸ ਫਿਲਮ ਵਿਚ ਮੰਜੂਨਾਥ ਦਾ ਕਿਰਦਾਰ ਸਤੀਸ਼ ਸਾਰਥੀ ਨੇ ਨਿਭਾਇਆ ਹੈ। ਫਿਲਮ ਦਾ ਅੰਤ ਪਤਾ ਹੋਣ ਦੇ ਬਾਵਜੂਦ ਸੰਦੀਪ ਨੇ ਇਸ ਫਿਲਮ ਵਿਚ ਅਜਿਹੀ ਕਲਾਕਾਰੀ ਅਤੇ ਹੂਕ ਭਰੀ ਹੈ ਕਿ ਦਰਸ਼ਕ ਤੇ ਆਲੋਚਕ ਅਸ਼-ਅਸ਼ ਕਰ ਉਠੇ ਹਨ। ਇਸ ਫਿਲਮ ਵਿਚ ਦਿਵਿਆ ਦੱਤਾ, ਸੀਮਾ ਬਿਸਵਾਸ ਅਤੇ ਕਿਸ਼ੋਰ ਕਦਮ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਦਿਵਿਆ ਦੱਤਾ ਤਾਂ ਪਹਿਲਾਂ ਵੀ ਚੁਣ-ਚੁਣ ਕੇ ਬੜੀਆਂ ਭਾਵਪੂਰਤ ਫਿਲਮਾਂ ਕਰਦੀ ਰਹੀ ਹੈ, ਪਰ ਇਸ ਫਿਲਮ ਬਾਰੇ ਉਹ ਮੰਨਦੀ ਹੈ ਕਿ ਇਹ ਫਿਲਮ ਉਹਦੇ ਲਈ ਬਹੁਤ ਵੱਡਾ ਕਦਮ ਹੈ; ਸਿਰਫ ਅਦਾਕਾਰੀ ਕਰ ਕੇ ਹੀ ਨਹੀਂ, ਇਸ ਫਿਲਮ ਵਿਚ ਸਮੋਈ ਮਨੁੱਖਤਾ ਵਾਲੇ ਪੱਖ ਨੇ ਉਸ ਨੂੰ ਬਹੁਤ ਝੰਜੋੜਿਆ ਹੈ। ਉਹ ਆਖਦੀ ਹੈ ਕਿ ਇਸ ਫਿਲਮ ਤੋਂ ਬਾਅਦ ਉਹ ਪਹਿਲਾਂ ਵਾਲੀ ਦਿਵਿਆ ਦੱਤਾ ਨਹੀਂ ਰਹੀ। ਮਨੁੱਖ ਹੋਣ ਦੇ ਪ੍ਰਸੰਗ ਤੋਂ ਉਸ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਦੱਸਦੀ ਹੈ, “ਇਸ ਫਿਲਮ ਵਿਚ ਮੈਂ ਅੰਜਲੀ ਬਣੀ ਹਾਂ ਅਤੇ ਇਹ ਕਿਰਦਾਰ ਉਂਜ ਵੀ ਮੇਰੀ ਸ਼ਖਸੀਅਤ ਦੇ ਬਹੁਤ ਨੇੜੇ ਹੈ। ਇਸ ਕਿਰਦਾਰ ਨੇ ਮੇਰਾ ਜ਼ਿੰਦਗੀ ਪ੍ਰਤੀ ਪਿਆਰ ਹੋਰ ਪੀਡਾ ਕੀਤਾ ਹੈ ਅਤੇ ਹੌਸਲਾ ਦਿੱਤਾ ਹੈ।” ਇਸ ਫਿਲਮ ਤੋਂ ਬਾਅਦ ਦਿਵਿਆ ਦੀ ਨਵੀਂ ਫਿਲਮ ਮਨੋਜ ਬਾਜਪਈ ਨਾਲ ḔਟਰੈਫਿਕḔ ਅਤੇ ਰਿਸ਼ੀ ਕਪੂਰ ਨਾਲ Ḕਆਈ ਬਲਾ ਕੋ ਟਾਲ ਤੂḔ ਆ ਰਹੀਆਂ ਹਨ।
ਸੰਦੀਪ ਵਰਮਾ ਇਸ ਫਿਲਮ ਬਾਰੇ ਆਖਦਾ ਹੈ, “ਜਦੋਂ ਮੈਂ ਇਹ ਸਾਰੀ ਕਹਾਣੀ ਪੜ੍ਹੀ ਤਾਂ ਉਦੋਂ ਹੀ ਮੇਰੇ ਜ਼ਿਹਨ ਵਿਚ ਫਿਲਮ ਘੁੰਮਣ ਲੱਗ ਪਈ ਸੀ। ਕੋਈ ਆਮ ਬੰਦਾ ਆਪਣੀ ਲੜਾਈ ਕਿੰਨੇ ਵੱਡੇ ਪੱਧਰ ਉਤੇ ਲੈ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਜੋ ਕੁਝ ਵਾਪਰਿਆ, ਉਹ ਵੀ ਸੁੱਟ ਪਾਉਣ ਵਾਲਾ ਨਹੀਂ ਸੀ। ਮੈਨੂੰ ਲੱਗਿਆ, ਮੈਂ ਆਪਣੇ ਢੰਗ ਨਾਲ ਮੰਜੂਨਾਥ ਦੀ ਕਹਾਣੀ ਲੋਕਾਂ ਨੂੰ ਸੁਣਾਵਾਂ।” ਸੰਦੀਪ ਨੂੰ ਮੰਜੂਨਾਥ ਦੀ ਇਹ ਕਹਾਣੀ ਮੁਕੰਮਲ ਕਰਨ ਲਈ ਪੰਜ ਸਾਲ ਲੱਗੇ। ਉਸ ਨੇ ਆਪਣਾ ਸਾਰਾ ਪੈਸਾ ਲਾ ਦਿੱਤਾ ਤੇ ਫਿਰ ਕਰਜ਼ਾ ਵੀ ਲੈਣਾ ਪਿਆ ਪਰ ਉਹ ਆਪਣੇ ਇਸ ਪ੍ਰੋਜੈਕਟ ਤੋਂ ਪਿਛਾਂਹ ਨਹੀਂ ਹਟਿਆ ਅਤੇ ਸਭ ਦੇ ਸਾਹਮਣੇ ਵਧੀਆ ਫਿਲਮ ਬਣ ਕੇ ਆ ਗਈ ਹੈ। ਸੰਦੀਪ ਮੰਜੂਨਾਥ ਦੇ ਮਾਪਿਆਂ ਤੋਂ ਮਿਲੇ ਸਹਿਯੋਗ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ। ਉਹ ਆਖਦਾ ਹੈ ਕਿ ਇਹ ਫਿਲਮ ਅਸਲ ਵਿਚ ਉਨ੍ਹਾਂ ਲਈ ਭੇਟਾ ਹੀ ਹੈ।
Leave a Reply