ਇਲੀਨਾਏ ਸਟੇਟ ਦੇ 54ਵੇਂ ਡਿਸਟ੍ਰਿਕਟ ਤੋਂ ਡੈਮੋਕਰੈਟਿਕ ਉਮੀਦਵਾਰ ਲਾਡੀ ਸਿੰਘ ਇਸੇ ਸਾਲ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਹਾਊਸ ਆਫ ਰਿਪਰਜ਼ੈਂਟੇਟਿਵ ਦੀ ਚੋਣ ਲੜ ਰਹੇ ਹਨ। ਇਸ ਡਿਸਟ੍ਰਿਕਟ ਅਧੀਨ ਪੈਲਾਟਾਈਨ, ਇਨਵਰਨੈਸ, ਰੋਲਿੰਗ ਮੈਡੋਜ਼ ਅਤੇ ਆਰਲਿੰਗਟਨ ਹਾਈਟਸ, ਸ਼ਾਮਬਰਗ, ਹਾਫਮੈਨ ਅਸਟੇਟ ਤੇ ਬੈਰਿੰਗਟਨ ਦੇ ਥੋੜ੍ਹੇ ਥੋੜ੍ਹੇ ਹਿੱਸੇ ਆਉਂਦੇ ਹਨ। ਆਪਣੇ ਹਲਕੇ ਦੀ ਦਿੱਖ ਵਿਚ ਤਬਦੀਲੀ ਲਿਆਉਣ ਦੀ ਇਛੁਕ ਲਾਡੀ ਸਿੰਘ ਪਿਛਲੇ ਦਿਨੀਂ ਜਦੋਂ ਸੈਨੇਟਰ ਮਾਈਕ ਨੌਲੀਸਨ ਨਾਲ ਚੋਣ ਪ੍ਰਚਾਰ ਕਰ ਕੇ ਮੁੜੇ ਤਾਂ ਉਹ ਥੱਕੇ ਹੋਏ ਲੱਗ ਰਹੇ ਸਨ, ਪਰ ਜਦੋਂ ਉਨ੍ਹਾਂ ਤੋਂ ਗੱਲਬਾਤ ਕਰਨ ਲਈ ਸਮਾਂ ਮੰਗਿਆਂ ਤਾਂ ਉਨ੍ਹਾਂ ਝੱਟ ਮੁਸਕਰਾ ਕੇ ਹਾਂ ਕਰ ਦਿੱਤੀ, ਵੈਸੇ ਇਹੀ ਤਾਂ ਚੰਗੇ ਲੀਡਰ ਦੀ ਖਾਸੀਅਤ ਹੁੰਦੀ ਹੈ। ਪੇਸ਼ ਹਨ ਉਨ੍ਹਾਂ ਨਾਲ ਮੁਲਾਕਾਤ ਦੇ ਕੁਝ ਅੰਸ਼:
ਸਵਾਲ: ਲਾਡੀ ਸਿੰਘ ਜੀ, ਆਪਣੇ ਪਿਛੋਕੜ ਬਾਰੇ ਕੁਝ ਦੱਸੋ।
ਜਵਾਬ: ਮੇਰਾ ਜਨਮ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜ਼ਿਆਨ ਵਿਚ ਪਿਤਾ ਸ਼ ਦਰਸ਼ਨ ਸਿੰਘ ਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ। ਪ੍ਰਾਇਮਰੀ ਸਕੂਲ ਦੀ ਪੜ੍ਹਾਈ ਨੰਗਲ ਖਿਲਾੜੀ ਤੋਂ ਅਤੇ ਹਾਈ ਸਕੂਲ ਕਾਲੇ ਭਗਤਾਂ ਵਾਲਾ ਤੋਂ ਕਰਨ ਉਪਰੰਤ ਗ੍ਰੈਜੁਏਸ਼ਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ-ਮਾਹਿਲਪੁਰ ਤੋਂ ਕੀਤੀ। ਮੈਂ ਸਕੂਲ/ਕਾਲਜ ਵਿਚ ਸਾਕਰ ਦੀ ਚੰਗੀ ਖਿਡਾਰਨ ਸਾਂ ਤੇ ਸਟੇਟ ਵਲੋਂ ਨੈਸ਼ਨਲ ਸਾਕਰ ਦੀ ਟੀਮ ਵਿਚ ਬਾਕਾਇਦਾ ਖੇਡੀ ਵੀ। ਇਸ ਦੇ ਨਾਲ ਨਾਲ ਐਨ ਸੀ ਸੀ ਅਤੇ ਐਨ ਐਸ ਐਸ ਦੀ ਸਰਗਰਮ ਮੈਂਬਰ ਵੀ ਰਹੀ ਤੇ ਵਾਲੰਟੀਅਰ ਦੇ ਤੌਰ ‘ਤੇ ਸਮਾਜ ਸੇਵਾ ਕਰਨ ਲੱਗੀ। ਵਿਆਹ ਪਿਛੋਂ 1997 ਵਿਚ ਮੈਂ ਅਮਰੀਕਾ ਵਿਚ ਪੱਕੇ ਤੌਰ ‘ਤੇ ਆ ਵੱਸੀ।
ਸਵਾਲ: ਰਾਜਨੀਤੀ ਵਿਚ ਅਮਲੀ ਤੌਰ ‘ਤੇ ਕਦੋਂ ਪ੍ਰਵੇਸ਼ ਕੀਤਾ?
ਜਵਾਬ: ਇਥੇ ਅਮਰੀਕਾ ਵਿਚ ਆ ਕੇ ਪਹਿਲਾਂ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ। ਫਿਰ ਆਪਣੇ ਹੈਲਥ ਬਿਜਨਸ ਦੇ ਜ਼ਰੀਏ ਮੇਰਾ ਸੰਪਰਕ ਬਿਜਨਸਮੈਨ, ਨੌਕਰੀ ਪੇਸ਼ਾ, ਸਿਆਸੀ ਲੀਡਰਾਂ ਅਤੇ ਵੱਖ ਵੱਖ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਵਧਿਆ ਅਤੇ ਉਹ ਮੇਰੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ। ਅਕਸਰ ਉਨ੍ਹਾਂ ਨਾਲ ਸਿਹਤ ਪ੍ਰਣਾਲੀ, ਸਿੱਖਿਆ ਆਦਿ ਮੁੱਦਿਆਂ ‘ਤੇ ਵਿਚਾਰ-ਚਰਚਾ ਹੁੰਦੀ। ਇੰਜ ਮੇਰੀ ਸਿਆਸਤ ਵਿਚ ਰੁਚੀ ਵਧਦੀ ਗਈ ਤੇ ਸਿਆਸੀ ਲੀਡਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਡੈਮੋਕਰੈਟ ਪਾਰਟੀ ਦੇ ਆਗੂਆਂ ਨੇ ਮੈਨੂੰ ਰਾਜਨੀਤੀ ਵਿਚ ਆਉਣ ਲਈ ਉਤਸ਼ਾਹਿਤ ਕੀਤਾ।
ਸਵਾਲ: ਤੁਸੀਂ ਆਪਣੀ ਚੋਣ ਪ੍ਰਚਾਰ ਮੁਹਿੰਮ ਦੀਆਂ ਕਿਹੜੀਆਂ ਗੱਲਾਂ ‘ਤੇ ਵਿਸ਼ੇਸ਼ ਧਿਆਨ ਦੇ ਰਹੇ ਹੋ?
ਜਵਾਬ: ਅਸੀਂ ਚੋਣ ਮੁਹਿੰਮ ਬੜੇ ਜਥੇਬੰਦ ਢੰਗ ਨਾਲ ਚਲਾ ਰਹੇ ਹਾਂ ਅਤੇ ਡੋਰ ਟੂ ਡੋਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ। ਲੋਕਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦੇ ਹੱਲ ਲਈ ਲੋਕਾਂ ਦੇ ਹੀ ਸੁਝਾਅ ਮੰਗਦੇ ਹਾਂ ਤਾਂ ਜੋ ਹੱਲ ਪਹਿਲ ਦੇ ਆਧਾਰ ‘ਤੇ ਹੋ ਸਕਣ। ਨਿਵੇਸ਼ਕਾਂ, ਬਿਜਨਸ ਅਦਾਰਿਆਂ ਅਤੇ ਮੌਕੇ ਵਾਲੀ ਥਾਂਵਾਂ ‘ਤੇ ਜਾ ਕੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਤਮ ਸਹੂਲਤਾਂ ਦੇਣ ਲਈ ਆਪਣੇ ਸੁਝਾਅ ਵੀ ਪੇਸ਼ ਕਰਦੇ ਹਾਂ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨਾਲ ਰਾਬਤਾ ਬਣਾਇਆ ਹੋਇਆ ਹੈ। ਮੇਰੇ ਨਾਲ ਤਜ਼ਰਬੇਕਾਰ ਸੈਨੇਟਰ ਮਾਈਕ ਨੌਲੀਸਨ ਵੀ ਚੋਣ ਪ੍ਰਚਾਰ ‘ਤੇ ਗਏ।
ਸਵਾਲ: ਤੁਸੀਂ ਇਸ ਜ਼ਿਲ੍ਹੇ ਦੇ ਪਹਿਲੇ ਪੰਜਾਬੀ ਅਮਰੀਕਨ ਹੋ ਜਿਹੜੇ ਡੈਮੋਕਰੈਟ ਪਾਰਟੀ ਵਲੋਂ ਹਾਊਸ ਆਫ ਰਿਪਰਜ਼ੈਂਟੇਟਿਵ ਲਈ ਚੋਣ ਲੜ ਰਹੇ ਹੋ। ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਵਰਕਰਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ?
ਜਵਾਬ: ਬਹੁਤ ਵਧੀਆ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝ ਰਹੀ ਹਾਂ ਕਿ ਮੈਨੂੰ ਸਭ ਦੀ ਹਮਾਇਤੀ ਮਿਲ ਰਹੀ ਹੈ। ਚੋਣ ਮੁਹਿੰਮ ਦੀ ਤਿਆਰੀ ਮੀਟਿੰਗਾਂ ਕਰਨ ਦੌਰਾਨ ਪਾਰਟੀ ਦੇ ਸੀਨੀਅਰ ਲੀਡਰ, ਦੂਸਰੇ ਹਲਕੇ ਦੇ ਸੈਨੇਟਰ, ਜਿਨ੍ਹਾਂ ਨੂੰ ਚੋਣ ਲੜਨ ਦਾ ਅੱਛਾ ਤਜ਼ਰਬਾ ਹੈ, ਮੈਨੂੰ ਪੂਰੀ ਤਰ੍ਹਾਂ ਗਾਈਡ ਕਰ ਰਹੇ ਹਨ। ਇੱਥੋਂ ਤੱਕ ਕਿ ਗਵਰਨਰ ਆਪਣੀ ਚੋਣ ਮੁਹਿੰਮ ਦੇ ਨਾਲ ਨਾਲ ਸਾਡੇ ਹਲਕੇ ਦੀ ਕੰਪੇਨ ਵਿਚ ਪੂਰਾ ਯੋਗਦਾਨ ਪਾ ਰਹੇ ਹਨ। ਸਾਰੇ ਡੈਮੋਕਰੈਟ ਸੈਨੇਟਰ, ਸੀਨੀਅਰ ਲੀਡਰ, ਕਮੇਟੀਮੈਨ ਅਤੇ ਪਾਰਟੀ ਵਰਕਰ ਮੇਰੀ ਪਿੱਠ ‘ਤੇ ਆਣ ਖੜ੍ਹੇ ਹੋਏ ਹਨ। ਮੈਂ ਉਨ੍ਹਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ।
ਸਵਾਲ: ਤੁਹਾਡੇ ਹਲਕੇ ਦੀਆਂ ਕਿਹੜੀਆਂ ਸਮੱਸਿਆਵਾਂ ਹਨ ਅਤੇ ਤੁਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਹੱਲ ਕਰੋਗੇ?
ਜਵਾਬ: ਚੰਗੀਆਂ ਸਿਹਤ ਸਹੂਲਤਾਂ, ਰੁਜ਼ਗਾਰ ਦੇ ਨਵੇਂ ਮੌਕੇ, ਬਜ਼ੁਰਗਾਂ ਤੇ ਲੋੜਵੰਦਾਂ ਦੀ ਸਹੀ ਸਿਹਤ ਸੰਭਾਲ, ਬੱਚਿਆਂ ਲਈ ਮਿਆਰੀ ਸਿੱਖਿਆ ਅਤੇ ਛੋਟੇ ਵਪਾਰੀਆਂ ਨੂੰ ਪ੍ਰਫੁਲਿਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਫੇਅਰ ਟੈਕਸ, ਘੱਟੋ ਘੱਟ ਨਿਯਮਤ ਉਜਰਤ ਵਿਚ ਵਾਧਾ ਕਰਨਾ, ਔਰਤਾਂ ਨੂੰ ਆਪਣੇ ਫੈਸਲੇ ਕਰਨ ਦਾ ਅਧਿਕਾਰ ਤੇ ਅਫੋਰਡੇਬਲ ਕੇਅਰ ਐਕਟ ਆਦਿ ਮੇਰੇ ਟੀਚੇ ਹਨ।
ਸਵਾਲ: 54ਵਾਂ ਜ਼ਿਲ੍ਹਾ ਆਮ ਤੌਰ ‘ਤੇ ਰਿਬਪਲਿਕਨ ਹਲਕਾ ਮੰਨਿਆ ਜਾਂਦਾ ਹੈ, ਤੁਹਾਡੇ ਵਿਰੋਧੀ ਨੂੰ ਹਾਊਸ ਆਫ ਰਿਪਰਜੈæਂਟੇਟਿਵ ਦਾ ਕਾਫੀ ਤਜ਼ਰਬਾ ਹੈ। ਤੁਹਾਡੀ ਪ੍ਰਤੀਕ੍ਰਿਆ?
ਜਵਾਬ: ਜੇ ਕੋਈ ਪਹਿਲਾਂ ਇਸ ਹਲਕੇ ਤੋਂ ਪ੍ਰਤੀਨਿਧਤਾ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਦੂਸਰਾ ਚੋਣ ਹੀ ਨਾ ਲੜੇ। ਅਸਲ ਵਿਚ ਅਜੇ ਤੱਕ ਅਸਲੀ ਮੁੱਦਿਆਂ ‘ਤੇ ਧਿਆਨ ਹੀ ਨਹੀਂ ਦਿੱਤਾ ਗਿਆ। ਜੇ ਪਹਿਲਾਂ ਲਾਗੂ ਨੀਤੀਆਂ ਠੀਕ ਹਨ ਤਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਅਸਲ ਵਿਚ ਇਨ੍ਹਾਂ ਵਿਚ ਸੁਧਾਰ ਦੀ ਲੋੜ ਹੈ। ਦੂਰ-ਦ੍ਰਿਸ਼ਟੀ ਤੋਂ ਕੰਮ ਲੈ ਕੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਸਵਾਲ: ਤੁਹਾਡੇ ਵਿਰੋਧੀ ਧਿਰ ਦੇ ਆਗੂ ਪੈਨਸ਼ਨ ਪ੍ਰੋਗਰਾਮ ਉਤੇ ਜ਼ੋਰ ਦੇ ਰਹੇ ਹਨ ਅਤੇ ਉਸ ਨੂੰ ਲਾਗੂ ਕਰਵਾਉਣ ਲਈ ਤਤਪਰ ਹਨ। ਕੀ ਉਸ ਬਿਲ ਬਾਰੇ ਤੁਹਾਡੇ ਕੋਲ ਕੋਈ ਸੋਧਿਆ ਹੋਇਆ ਪਲਾਨ ਹੈ?
ਜਵਾਬ: ਮੈਂ ਆਲੋਚਨਾ ਸਿਰਫ ਸਿਆਸੀ ਮਕਸਦ ਨਾਲ ਨਹੀਂ ਕਰਾਂਗੀ। ਉਨ੍ਹਾਂ ਦੀ ਸੋਚ ਅਤੇ ਮੇਰੀ ਸੋਚ ਵਿਚ ਫਰਕ ਹੈ। ਮੈਂ ਅਸੂਲਾਂ ਦੇ ਆਧਾਰ ‘ਤੇ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਪਹਿਲ ਦੇਵਾਂਗੀ। ਮੈਂ ਸਮਝਦੀ ਹਾਂ ਕਿ ਉਹ ਦੂਰ-ਦ੍ਰਿਸ਼ਟੀ ਤੋਂ ਕੰਮ ਨਹੀਂ ਲੈ ਰਹੇ। ਹਾਲਾਤ ਮੁਤਾਬਕ ਨਵੀਆਂ ਨੀਤੀਆਂ ਬਣਦੀਆਂ ਰਹਿੰਦੀਆਂ ਹਨ। ਹਲਕੇ ਦੇ ਲੋਕਾਂ ਨੂੰ ਮਿਲਣ ‘ਤੇ ਮੈਂ ਮਹਿਸੂਸ ਕੀਤਾ ਹੈ ਕਿ ਲੋਕ ਉਨ੍ਹਾਂ ਦੇ ਕੰਮ-ਕਾਜੀ ਢਾਂਚੇ ਤੋਂ ਸੰਤੁਸ਼ਟ ਨਹੀਂ ਹਨ। ਸਮੱਸਿਆਵਾਂ ਦੇ ਹੱਲ ਲਈ ਆਧੁਨਿਕ ਅਤੇ ਪਾਰਦਰਸ਼ੀ ਤਰੀਕੇ ਅਪਨਾਉਣ ਦੀ ਲੋੜ ਹੈ।
ਸਵਾਲ: ਪੰਜਾਬੀ ਭਾਈਚਾਰੇ ਨੂੰ ਕੋਈ ਸੁਨੇਹਾ?
ਜਵਾਬ: ਪੰਜਾਬੀਆਂ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ। ਉਨ੍ਹਾਂ ਇਸ ਦੇਸ਼ ਦੀ ਖੁਸ਼ਹਾਲੀ ਤੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਹਮੇਸ਼ਾ ਹੀ ਚੰਗੀਆਂ ਕਦਰਾਂ-ਕੀਮਤਾਂ ‘ਤੇ ਪਹਿਰਾ ਦਿੱਤਾ ਹੈ ਪਰ ਅਮਰੀਕਾ ਦੀ ਰਾਜਨੀਤੀ ਵਿਚ ਭਾਰਤੀ ਭਾਈਚਾਰੇ ਦੇ ਬਹੁਤ ਘੱਟ ਸਰਗਰਮ ਮੈਂਬਰ ਹਨ। ਸਾਨੂੰ ਰਾਜਨੀਤਿਕ ਅਤੇ ਸਮਾਜਿਕ ਕੰਮਾਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ। ਪੰਜਾਬੀਆਂ ਨੇ ਮਾਂ ਬੋਲੀ ਪੰਜਾਬੀ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਬਹੁਤ ਸ਼ਲਾਘਾਯੋਗ ਉਪਰਾਲੇ ਕੀਤੇ ਹਨ, ਪਰ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ।
ਕੈਨੇਡਾ ਦੀ ਤਰਜ਼ ‘ਤੇ ਅਮਰੀਕਾ ਵਿਚ ਇਥੋਂ ਦੀਆਂ ਸਿਆਸੀ ਪਾਰਟੀਆਂ ਨੂੰ ਆਪਣੀ ਹੋਂਦ ਤੇ ਵੋਟ ਬੈਂਕ ਦੀ ਤਾਕਤ ਤੋਂ ਜਾਣੂ ਕਰਵਾਉਣ ਦੀ ਲੋੜ ਹੈ ਤਾਂ ਜੋ ਸਾਡੇ ਬੱਚੇ ਵੀ ਗਵਰਨਰ, ਸੈਨੇਟਰ ਤੇ ਮੇਅਰ ਬਣ ਸਕਣ ਤੇ ਇਥੋਂ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਅਤੇ ਨੀਤੀਆਂ ਘੜਨ ਵਿਚ ਆਪਣਾ ਯੋਗਦਾਨ ਪਾ ਸਕਣ। ਡੈਮੋਕਰੈਟ ਪਾਰਟੀ ਨੇ ਮੇਰੇ ਵਿਚ ਭਰੋਸਾ ਜਤਾਇਆ ਹੈ। ਮੈਨੂੰ ਪੂਰਨ ਆਸ ਹੈ ਕਿ ਭਾਈਚਾਰਾ ਇਹ ਸੀਟ ਜਿਤਾ ਕੇ ਡੈਮੋਕਰੈਟ ਦੀ ਝੋਲੀ ਪਾਏਗਾ।
-ਲਾਡੀ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਜਿੱਤ ਲਈ ਸਾਡੀਆਂ ਸ਼ੁਭ ਇੱਛਾਵਾਂ।
ਮੁਲਾਕਾਤੀ: ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437
____________________________
ਫੰਡਰੇਜ਼ਰ 31 ਮਈ ਨੂੰ
ਸ਼ਿਕਾਗੋ: ਨਵੰਬਰ ਮਹੀਨੇ ਹੋ ਰਹੀਆਂ ਚੋਣਾਂ ਲਈ ਪੰਜਾਬੀ ਭਾਈਚਾਰੇ ਦੀ ਜਾਣੀ-ਪਛਾਣੀ ਸ਼ਖਸੀਅਤ ਅਤੇ ਡੈਮੋਕਰੈਟਿਕ ਉਮੀਦਵਾਰ ਲਾਡੀ ਸਿੰਘ ਲਈ ਪਾਰਟੀ ਵਲੋਂ ਇਕ ਫੰਡਰੇਜ਼ਰ ਆਉਂਦੀ 31 ਮਈ, ਸਨਿਚਰਵਾਰ ਨੂੰ ਪੈਲਾਟਾਈਨ (Emmett’s Ale House: 110 North Brockway Street, Palatine)
ਵਿਚ ਰੱਖਿਆ ਗਿਆ ਹੈ।
ਇਸ ਫੰਡਰੇਜ਼ਰ ਲਈ ਸੱਦਾ ਦਿੰਦਿਆਂ ਲਾਡੀ ਸਿੰਘ ਨੇ ਸਮੂਹ ਭਾਈਚਾਰੇ ਦੀ ਤਰਫੋਂ ਵੱਧ ਤੋਂ ਵੱਧ ਸ਼ਿਰਕਤ ਕਰਕੇ ਹੌਸਲਾ ਅਫਜ਼ਾਈ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਨਾਲ ਸਬੰਧਤ ਹਨ ਅਤੇ ਇਥੇ ਆ ਵੱਸਣ ਪਿਛੋਂ ਹਾਊਸ ਆਫ ਰਿਪਰਜ਼ੈਂਟੇਟਿਵ ਦੀ ਸੀਟ ਲਈ ਉਨ੍ਹਾਂ ਭਾਈਚਾਰੇ ਦੇ ਸਹਿਯੋਗ ਨਾਲ ਹੀ ਪਹਿਲਾ ਕਦਮ ਚੁਕਿਆ ਹੈ।
ਲਾਡੀ ਸਿੰਘ ਨਾਲ ਸੰਪਰਕ ਫੋਨ 515-523-3413 ਰਾਹੀਂ ਕੀਤਾ ਜਾ ਸਕਦਾ ਹੈ।
Leave a Reply