ਭਾਰਤੀ ਲੋਕ ਸਭਾ ਚੋਣਾਂ ਦੇ ਇਤਿਹਾਸ ਨਾਲ ਇਕ ਪੰਨਾ ਹੋਰ ਜੁੜ ਗਿਆ ਹੈ। ਦੇਸ਼ ਉਤੇ ਛੇ ਦਹਾਕੇ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਦੀ ਕਾਰਗੁਜ਼ਾਰੀ ਇਸ ਵਾਰ ਹੁਣ ਤੱਕ ਦੀ ਸਭ ਤੋਂ ਮਾੜੀ ਰਹੀ ਹੈ। ਇਸ ਦੇ ਐਨ ਬਰਾਬਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਿਰ ਉਤੇ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਦਾ ਸਿਹਰਾ ਸਜ ਗਿਆ ਹੈ। ਖੇਤਰੀ ਪਾਰਟੀਆਂ ਜੋ ਹੁਣ ਭਾਰਤੀ ਸਿਆਸਤ ਦੀ ਚੂਲ ਸਮਝੀਆਂ ਜਾਣ ਲੱਗੀਆਂ ਹਨ, ਦੀ ਕਾਰ-ਕਰਦਗੀ ਕਿਤੇ ਚੰਗੀ ਤੇ ਕਿਤੇ ਮਾੜੀ ਰਹੀ ਹੈ। ਹਾਂ, ਕਮਿਊਨਿਸਟ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਪਿਛਾਂਹ ਚਲੇ ਗਏ ਹਨ। ਇਨ੍ਹਾਂ ਦਾ ਸਿਧਾਂਤ ਭਾਵੇਂ ਅੱਜ ਵੀ ਸਰਬੱਤ ਦੇ ਭਲੇ ਦੇ ਹੱਕ ਵਿਚ ਡਟਦਾ ਹੈ ਪਰ ਇਨ੍ਹਾਂ ਪਾਰਟੀਆਂ ਦੇ ਅਮਲ ਵਿਚੋਂ ਹੁਣ ਸ਼ਾਇਦ ਉਹ ਬਿਜਲੀਆਂ ਨਹੀਂ ਫੁੱਟਦੀਆਂ ਜਿਹੜੀਆਂ ਅੱਜ ਦੇ ਸਮੇਂ ਨੂੰ ਅੱਖ ਮਾਰ ਸਕਣ। ਖੈਰ! ਸਰਕਾਰ ਬਣਾਉਣ ਦੀ ਕਵਾਇਦ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਗਈ ਹੈ। ਸਰਕਾਰ ਦੀ ਕਾਇਮੀ ਤੱਕ ਮੀਡੀਆ, ਖਾਸ ਕਰ ਕੇ ਇਲੈਕਟ੍ਰੌਨਿਕ ਮੀਡੀਆ ਨੂੰ ਵੀ ਵਾਹਵਾ ਕੰਮ ਮਿਲ ਗਿਆ ਹੈ। ਬਹਿਸਾਂ ਦੇ ਦੌਰ ਚੱਲ ਰਹੇ ਹਨ ਅਤੇ ਇਸ ਬਹਿਸ ਦੇ ਕੇਂਦਰ ਵਿਚ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਹਿਲਾਂ ਹੀ ਐਲਾਨੇ ਉਮੀਦਵਾਰ ਨਰੇਂਦਰ ਮੋਦੀ ਹਨ। ਹੁਣ ਤੱਕ ਮੋਦੀ-ਵਿਰੋਧੀ ਪੂਰੇ ਅੰਕੜੇ ਦੇ-ਦੇ ਕੇ ਇਹ ਸਾਬਤ ਕਰਦੇ ਰਹੇ ਹਨ ਕਿ ਕਿਸੇ ਵੀ ਸੂਰਤ ਵਿਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਨਹੀਂ ਬੈਠ ਸਕਦਾ। ਇਹ ਅੰਕੜੇ ਇਕ ਵਾਰ ਤਾਂ ਝੂਠ ਪੈ ਗਏ ਜਾਪਦੇ ਹਨ। ਕੋਈ ਵੀ ਧਿਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਜਿੱਤਣ ਤੋਂ ਰੋਕ ਨਹੀਂ ਸਕੀ ਹੈ। ਇਸ ਹਿਸਾਬ ਨਾਲ ਇਸ ਪਾਰਟੀ ਦੀ ਰਣਨੀਤੀ ਬਹੁਤ ਹੱਦ ਤੱਕ ਸਫਲ ਰਹੀ ਹੈ। ਪਾਰਟੀ ਨੇ ਮੋਦੀ ਨੂੰ ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਸੀ। ਉਦੋਂ ਤੋਂ ਹੀ ਉਹ ਦੇਸ਼ ਭਰ ਵਿਚ ਰੈਲੀਆਂ ਅਤੇ ਆਨਲਾਈਨ ਸਭਾਵਾਂ ਕਰ ਰਹੇ ਹਨ। ਉਸ ਦੀ ਚੋਣ ਮੁਹਿੰਮ ਦੇ ਪ੍ਰਬੰਧਕਾਂ ਦੀ ਪੂਰੀ ਟੀਮ ਨੇ ਮੁਹਿੰਮ ਵਿਚ ਦਿਸਦੀ ਹਰ ਮੋਰੀ ਨੂੰ ਮੁੰਦਣ ਦਾ ਹੀਲਾ-ਵਸੀਲਾ ਕੀਤਾ। ਹੁਣ ਨਤੀਜਾ ਸਭ ਦੇ ਸਾਹਮਣੇ ਹੈ।
ਦੇਸ਼ ਭਰ ਦੇ ਸਭ ਸੰਜੀਦਾ ਤਬਕਿਆਂ ਦੇ ਨਾ ਚਾਹੁਣ ਦੇ ਬਾਵਜੂਦ ਭਾਜਪਾ ਅਤੇ ਨਰਿੰਦਰ ਮੋਦੀ ਨੇ ਡਰਾਈਵਰ ਵਾਲੀ ਸੀਟ ਮੱਲ ਲਈ ਹੈ। ਇਸ ਵਿਚ ਕਾਂਗਰਸ, ਡਾæ ਮਨਮੋਹਨ ਸਿੰਘ ਅਤੇ ਕੁਝ ਹੋਰ ਧਿਰਾਂ ਦੀ ਕਮਜ਼ੋਰੀ ਦਾ ਕਿੰਨਾ ਯੋਗਦਾਨ ਹੈ, ਇਸ ਬਾਰੇ ਵਿਸਥਾਰ ਸਹਿਤ ਚਰਚਾ ਅਸੀਂ ਪਹਿਲਾਂ ਕਰਦੇ ਰਹੇ ਹਾਂ। ਨਹੀਂ ਤਾਂ ਨਰਿੰਦਰ ਮੋਦੀ ਵਰਗੇ ਸ਼ਖਸ ਦੀ ਇੰਨੀ ਮਜਾਲ ਕਿਥੇ ਸੀ ਕਿ ਉਹ ਪਹਿਲਾਂ ਗੁਜਰਾਤ ਅਤੇ ਫਿਰ ਦੇਸ਼ ਭਰ ਵਿਚ ਇਸ ਤਰ੍ਹਾਂ ਆਪਣੇ ਪੈਰ ਜਮਾ ਸਕਦਾ! ਬੇਸ਼ੱਕ, ਉਸ ਦੇ ਟਾਕਰੇ ਲਈ ਕੋਈ ਉਨੀ ਮਜ਼ਬੂਤ ਧਿਰ ਕਿਤੇ ਦਿਸੀ ਹੀ ਨਹੀਂ ਜਿਸ ਦੀ ਜ਼ਰੂਰਤ ਸੀ ਅਤੇ ਉਹਦੇ ਲਈ ਰਾਹ ਅਗਾਂਹ ਤੋਂ ਅਗਾਂਹ ਖੁੱਲ੍ਹਦੇ ਗਏ।
ਭਾਰਤ ਦਾ ਸ਼ੇਅਰ ਬਾਜ਼ਾਰ ਤਾਂ ਚੋਣ ਸਰਵੇਖਣ ਨਸ਼ਰ ਹੋਣ ਦੇ ਨਾਲ ਹੀ ਉਛਲਣਾ ਅਰੰਭ ਹੋ ਗਿਆ ਸੀ। ਰੁਪਏ ਨੇ ਵੀ ਅਮਰੀਕੀ ਡਾਲਰ ਦੇ ਮੁਕਾਬਲੇ ਕੁਝ ਮਜ਼ਬੂਤੀ ਫੜੀ ਹੈ। ਕਾਰਪੋਰੇਟ ਲਾਣਾ ਪਹਿਲਾਂ ਹੀ ਮੋਦੀ ਦੇ ਪਿਛੇ ਡਟ ਚੁੱਕਿਆ ਸੀ। ਇਸੇ ਕਰਕੇ ਭਾਜਪਾ ਨੂੰ ਆਪਣੀ ਸਮੁੱਚੀ ਚੋਣ ਮੁਹਿੰਮ ਉਤੇ ਹਜ਼ਾਰਾਂ ਕਰੋੜ ਰੁਪਏ ਖਰਚਣ ਵਿਚ ਕੋਈ ਔਖ ਨਹੀਂ ਆਈ। ਇਸ ਪਾਰਟੀ ਦੇ ਇਸ਼ਤਿਹਾਰਾਂ ਉਤੇ ਰੋੜ੍ਹੇ ਜਾ ਰਹੇ ਪੈਸੇ ਨੂੰ ਸਭ ਧਿਰਾਂ ਬੇਵਸੀ ਨਾਲ ਦੇਖਦੀਆਂ ਰਹਿ ਗਈਆਂ। ਅਸਲ ਵਿਚ ਭਾਜਪਾ ਅਤੇ ਇਸ ਦੀ ਮਾਂ ਪਾਰਟੀ- ਆਰæਐਸ਼ਐਸ਼ ਨੇ ਇਨ੍ਹਾਂ ਚੋਣਾਂ ਦੌਰਾਨ ਜੋ ਚਾਹਿਆ, ਉਹ ਕੀਤਾ। ਕਾਂਗਰਸ ਦੀ ਆਪਣੀ ਮੁਹਿੰਮ ਵੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਨੁਕਤਾਚੀਨੀ ਤੱਕ ਸੀਮਤ ਹੋ ਕੇ ਰਹਿ ਗਈ। ਰਤਾ ਕੁ ਗਹਿਰਾਈ ਵਿਚ ਜਾ ਕੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਤੱਥ ਵੀ ਨਜ਼ਰੀਂ ਪੈਣ ਲਗਦਾ ਹੈ ਕਿ ਮੋਦੀ ਦੀ ਮੁਹਿੰਮ ਮਘਾਉਣ ਵਿਚ ਬਹੁਤਾ ਯੋਗਦਾਨ ਕਾਂਗਰਸ ਦਾ ਹੀ ਰਿਹਾ। ਕਾਂਗਰਸ ਨੇ ਇਨ੍ਹਾਂ ਚੋਣਾਂ ਦੌਰਾਨ ਫਿਰਕਾਪ੍ਰਸਤੀ ਨੂੰ ਮੁੱਖ ਮੁੱਦਾ ਬਣਾਉਣ ਦਾ ਪੂਰਾ ਯਤਨ ਕੀਤਾ ਅਤੇ ਯੋਜਨਾ ਤਹਿਤ ਮੋਦੀ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ। ਭਾਜਪਾ ਨੇ ਕਾਂਗਰਸ ਦੇ ਇਸ ਹਮਲੇ ਨੂੰ ਆਪਣੇ ਹੱਕ ਵਿਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ। ਵਿਰੋਧੀਆਂ ਦਾ ਸਾਰਾ ਜ਼ੋਰ ਮੋਦੀ ਨੂੰ ਰੋਕਣ ਉਤੇ ਲੱਗ ਗਿਆ, ਆਪ ਕੀ ਕਰਨਾ ਹੈ ਜਾਂ ਕੀ ਏਜੰਡਾ ਰੱਖਣਾ ਹੈ, ਸ਼ਾਇਦ ਚੇਤੇ ਵਿਚੋਂ ਹੀ ਵਿਸਰ ਗਿਆ। ਇਹ ਤੱਥ ਇਨ੍ਹਾਂ ਚੋਣਾਂ ਦਾ ਅਹਿਮ ਬਿੰਦੂ ਹੈ ਜਿਸ ਉਤੇ ਘੱਟੋ-ਘੱਟ ਹੁਣ ਤਾਂ ਨਿੱਠ ਕੇ ਵਿਚਾਰ ਹੋਣੀ ਚਾਹੀਦੀ ਹੈ। ਡੇਢ ਦਹਾਕਾ ਪਹਿਲਾਂ ਵੀ ਭਾਜਪਾ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਅਜਿਹੀ ਹੀ ਮੁਹਿੰਮ ਚੱਲੀ ਸੀ ਪਰ ਸਭ ਕਾਸੇ ਦੇ ਬਾਵਜੂਦ ਇਸ ਨੂੰ ਰੋਕਿਆ ਨਹੀਂ ਸੀ ਜਾ ਸਕਿਆ। ਉਦੋਂ ਵੀ ਇਸ ਦਾ ਮੁੱਖ ਕਾਰਨ ਇਹੀ ਸੀ ਕਿ ਬਰਾਬਰ ਦੀ ਕੋਈ ਧਿਰ ਜੰਮ ਨਹੀਂ ਸੀ ਸਕੀ। ਹੁਣ ਵੀ ਹਾਲ ਉਹੀ ਹੈ।
ਇਸ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੀ ਚਰਚਾ ਕਰਨੀ ਬਣਦੀ ਹੈ, ਹਾਲਾਂਕਿ ਇਸ ਪਾਰਟੀ ਉਤੇ ਇਹ ਊਜਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਇਹਨੇ ਫਲਾਣੀ ਥਾਂ ਤੋਂ ਫਲਾਣੇ ਨੂੰ ਹਰਾਉਣ ਵਿਚ ਮਦਦ ਕੀਤੀ, ਤੇ ਫਲਾਣੇ ਨੂੰ ਫਲਾਣੇ ਥਾਂ ਤੋਂ; ਪਰ ਇਕ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਇਸ ਪਾਰਟੀ ਨੇ ਜੋ ਕੁਝ ਕੀਤਾ ਹੈ, ਆਪਣੇ ਬਲ ਉਤੇ ਕੀਤਾ ਅਤੇ ਪੂਰਾ ਠੋਕ-ਵਜਾ ਕੇ ਕੀਤਾ। ਭਾਰਤ ਦਾ ਢਾਂਚਾ ਅੱਜ ਜਿਸ ਤਰ੍ਹਾਂ ਦਾ ਰੂਪ ਅਖਤਿਆਰ ਕਰ ਗਿਆ ਹੈ, ਉਸ ਵਿਚ ਸੰਨ੍ਹ ਲਾਉਣ ਲਈ ਅਜਿਹੀ ਹੀ ਆਜ਼ਾਦ ਰਣਨੀਤੀ ਦੀ ਲੋੜ ਸੀ। ਅਜਿਹੀ ਹੀ ਰਣਨੀਤੀ ਵਿਚੋਂ ਭਵਿੱਖ ਦਾ ਰਾਹ ਲੱਭਣਾ ਹੈ। ਹੁਣ ਤਾਂ ਬੱਸ ਇਹ ਦੇਖਣਾ ਬਾਕੀ ਹੈ ਕਿ ਆਮ ਆਦਮੀ ਪਾਰਟੀ, ਭਾਰਤ ਦੇ ਆਮ ਆਦਮੀ ਦੀਆਂ ਚਾਹਤਾਂ ਨੂੰ ਜਰਬਾਂ ਦੇਣ ਲਈ ਅਗਾਂਹ ਕਿੰਨੀ ਕੁ ਉਚੀ ਅਤੇ ਕਿੰਨੀ ਕੁ ਦੂਰ ਛਾਲ ਮਾਰ ਸਕਦੀ ਹੈ।
Leave a Reply