ਨਵੀਂ ਦਿੱਲੀ/ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤ ਦੀਆਂ 16ਵੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਇਸ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਨਰੇਂਦਰ ਮੋਦੀ ਨੂੰ ਡੱਕਿਆ ਨਹੀਂ ਜਾ ਸਕਿਆ। ਸੀਟਾਂ ਜਿੱਤਣ ਦੇ ਹਿਸਾਬ ਨਾਲ ਭਾਜਪਾ ਨੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਆਪਣੀ ਪੈਂਠ ਬਣਾ ਲਈ ਹੈ। ਕਾਂਗਰਸ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਨੂੰ ਇੰਨੀ ਨਮੋਸ਼ੀ ਭਰੀ ਹਾਰ ਹੋਈ ਹੈ ਅਤੇ ਇਸ ਦਾ ਅੰਕੜਾ ਸਿਮਟ ਕੇ ਰਹਿ ਗਿਆ ਹੈ। ਪਿਛਲੀਆਂ ਚੋਣਾਂ ਵਿਚ ਪਛਾੜ ਖਾ ਚੁੱਕੇ ਕਾਮਰੇਡ ਵੀ ਐਤਕੀਂ ਕੋਈ ਖਾਸ ਮੱਲ ਨਹੀਂ ਮਾਰ ਸਕੇ। ਖੇਤਰੀ ਪਾਰਟੀਆਂ ਕੁਝ ਕੁ ਸੂਬਿਆਂ ਵਿਚ ਵਾਹਵਾ ਚਮਕੀਆਂ ਅਤੇ ਕੁਝ ਵਿਚ ਇਨ੍ਹਾਂ ਦੀ ਕਾਰਗੁਜ਼ਾਰੀ ਵੀ ਮਾੜੀ ਰਹੀ।
ਦੂਜੇ ਬੰਨੇ ਸਿਆਸਤ ਵਿਚ ਕੁਝ ਸਮਾਂ ਪਹਿਲਾਂ ਹੀ ਕੁੱਦੀ ਆਮ ਆਦਮੀ ਪਾਰਟੀ (ਆਪ) ਲੋਕ ਸਭਾ ਚੋਣਾਂ ਦੌਰਾਨ ਭਾਵੇਂ ਜ਼ਿਆਦਾ ਸੀਟਾਂ ਨਹੀਂ ਲਿਜਾ ਸਕੀ ਪਰ ਜਨਤਾ ਦਾ ਧਿਆਨ ਖਿੱਚਣ ਵਿਚ ਜ਼ਰੂਰ ਕਾਮਯਾਬ ਰਹੀ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਜਿਸ ਨੇ ਰਵਾਇਤੀ ਪਾਰਟੀਆਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ‘ਆਪ’ ਨੇ ਲੋਕਾਂ ਨਾਲ ਜੁੜੇ ਮੁੱਦੇ ਚੁੱਕੇ ਜਿਨ੍ਹਾਂ ਨੂੰ ਆਮ ਤੌਰ ‘ਤੇ ਰਵਾਇਤੀ ਸਿਆਸੀ ਧਿਰਾਂ ਵਿਸਾਰਦੀਆਂ ਆ ਰਹੀਆਂ ਹਨ, ਕਿਉਂਕਿ ਇਨ੍ਹਾਂ ਲੋਕ ਮੁੱਦਿਆਂ ‘ਤੇ ਇਹ ਸਾਰੀਆਂ ਧਿਰਾਂ ਘਿਰਦੀਆਂ ਹਨ।
ਦਿੱਲੀ ਤੋਂ ਬਾਅਦ ‘ਆਪ’ ਨੂੰ ਸਭ ਤੋਂ ਜ਼ਿਆਦਾ ਹੁੰਗਾਰਾ ਪੰਜਾਬ ਵਿਚ ਮਿਲਿਆ ਹੈ। ਇਸ ਨਵੀਂ ਪਾਰਟੀ ਲੋਕ ਸਭਾ ਚੋਣਾਂ ਸਿਰ ‘ਤੇ ਆਉਣ ਮਗਰੋਂ ਹੀ ਪੰਜਾਬ ਵਿਚ ਪੈਰ ਧਰਿਆ। ਇੰਨੇ ਥੋੜ੍ਹੇ ਸਮੇਂ ਵਿਚ ਜੇ ਪਾਰਟੀ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰੀਏ ਤਾਂ ਮੰਨਿਆ ਜਾ ਸਕਦਾ ਹੈ ਕਿ ਭਵਿੱਖ ਵਿਚ ਇਹ ਪਾਰਟੀ ਰਵਾਇਤੀ ਪਾਰਟੀਆਂ ਨੂੰ ਵੱਡੀ ਟੱਕਰ ਦੇ ਸਕਦੀ ਹੈ। ‘ਆਪ’ ਦਾ ਵੀ ਇਹੀ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿਚ ਤਾਂ ਉਹ ਵਾਰਮ-ਅੱਪ ਹੋਏ ਹਨ, ਅਸਲੀ ਘੋਲ ਤਾਂ 2017 ਵਿਚ ਹੋਏਗਾ।
ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੱਤਾ ਧਿਰ ਦੀ ਅਜਿਹੀ ਤਸਵੀਰ ਪੇਸ਼ ਕੀਤੀ ਕਿ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣ ਮੁਹਿੰਮ ਕਰਨ ਵਾਲੇ ਅਕਾਲੀ ਦਲ ਦੀ ਸਮੁੱਚੀ ਚੋਣ ਮੁਹਿੰਮ ਦੀ ਧਾਰ ਨਰੇਂਦਰ ਮੋਦੀ ਉਪਰ ਆ ਟਿਕੀ। ਸ਼ੁਰੂ ਵਿਚ ਅਕਾਲੀ ਆਗੂ ਤੇ ਉਮੀਦਵਾਰ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਉਂਦੇ ਨਹੀਂ ਸਨ ਥੱਕਦੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਾਰ-ਵਾਰ ਚੋਣਾਂ ਵਿਕਾਸ ਦੇ ਨਾਂ ਉੱਪਰ ਲੜਨ ਦੇ ਐਲਾਨ ਕਰਦੇ ਰਹੇ ਪਰ ਵਿਰੋਧੀ ਧਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਪੋਲ ਖੋਲ੍ਹਣ ਮਗਰੋਂ ਚੋਣ ਦ੍ਰਿਸ਼ ਹੀ ਬਦਲ ਗਿਆ।
ਸੂਬੇ ਅੰਦਰ ਲੋਕਾਂ ਵਿਚ ਨਸ਼ਿਆਂ ਦੀ ਭਰਮਾਰ ਹੈ ਤੇ ਨਸ਼ਿਆਂ ਦੀ ਵਿਕਰੀ ਪਿੱਛੇ ਕੁਝ ਅਕਾਲੀ ਨੇਤਾਵਾਂ ਦੇ ਹੱਥ, ਰੇਤ-ਬਜਰੀ ਦੇ ਕਾਲੇ ਧੰਦੇ ਵਿਚ ਅਕਾਲੀ ਆਗੂਆਂ ਦੀ ਸ਼ਮੂਲੀਅਤ, ਟਰਾਂਸਪੋਰਟ, ਕੇਬਲ ਨੈੱਟਵਰਕ ਉੱਪਰ ਕਬਜ਼ੇ ਤੋਂ ਇਲਾਵਾ ਸ਼ਹਿਰਾਂ ਵਿਚ ਲੱਗੇ ਪ੍ਰਾਪਰਟੀ ਟੈਕਸ ਤੇ ਹਰ ਤਰ੍ਹਾਂ ਦੀਆਂ ਸਰਕਾਰੀ ਫੀਸਾਂ ਵਿਚ ਬੇਤਹਾਸ਼ਾ ਕੀਤੇ ਵਾਧੇ, ਬੱਸ ਭਾੜੇ ਤੇ ਬਿਜਲੀ ਦਰਾਂ ਵਿਚ ਵਾਧੇ ਵਰਗੇ ਮੁੱਦਿਆਂ ਨੇ ਹੁਕਮਰਾਨ ਪਾਰਟੀ ਨੂੰ ਲੋਕਾਂ ਦੀ ਕਚਹਿਰੀ ਵਿਚ ਨਿਰਉੱਤਰ ਕਰ ਦਿੱਤਾ। ਅਜਿਹੇ ਸਵਾਲਾਂ ਵਿਚ ਘਿਰੀ ਸੱਤਾ ਧਿਰ ਨੇ ਮੋਦੀ ਦੀ ਲਹਿਰ ‘ਤੇ ਟੇਕ ਲਾ ਲਈ। ਸੱਤਾ ਧਿਰ ਦਾਅਵੇ ਕਰਨ ਲੱਗੀ ਕਿ ਮੋਦੀ ਸਰਕਾਰ ਬਣੇਗੀ ਤਾਂ ਪੰਜਾਬ ਨਾਲ ਵਿਤਕਰਾ ਖਤਮ ਹੋਵੇਗਾ। ਵਿਕਾਸ ਲਈ ਵਿਸ਼ੇਸ਼ ਪੈਕੇਜ ਮਿਲਣਗੇ, ਬਾਦਲ ਤੇ ਮੋਦੀ ਦੀ ਯਾਰੀ ਦੇ ਸਹਾਰੇ ਪੰਜਾਬ ਮਾਲਾ-ਮਾਲ ਹੋਵੇਗਾ ਤੇ ਰਾਜ ਨੂੰ ਸਨਅਤੀ ਵਿਕਾਸ ਲਈ ਰਾਹਤ ਪੈਕੇਜ ਮਿਲੇਗਾ। ਪਿਛਲੇ ਕਰੀਬ ਡੇਢ ਦਹਾਕਿਆਂ ਦੌਰਾਨ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਨੂੰ ਚੋਣ ਲੜਨ ਲਈ ਭਾਜਪਾ ਦੀ ਡੰਗੋਰੀ ਫੜਨੀ ਪਈ ਤੇ ਚੋਣ ਮੁਹਿੰਮ ਵਿਚ ਹੀਰੋ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਨਰੇਂਦਰ ਮੋਦੀ ਬਣਾਏ ਗਏ। ਇਸ ਤੋਂ ਪਹਿਲਾਂ ਹੁੰਦੀਆਂ ਸਾਰੀਆਂ ਚੋਣਾਂ ਵਿਚ ਅਕਾਲੀ ਦਲ ਆਪਣੇ ਮੁੱਦਿਆਂ ਦੇ ਜ਼ੋਰ ਚੋਣ ਲੜਦਾ ਆਇਆ ਹੈ। 1996 ਤੋਂ ਬਾਅਦ ਅੱਜ ਤੱਕ ਅਕਾਲੀ ਦਲ 6 ਲੋਕ ਸਭਾ ਚੋਣਾਂ ਲੜ ਚੁੱਕਾ ਹੈ। 1996 ਵਿਚ ਬਸਪਾ ਨਾਲ ਮਿਲ ਕੇ ਤੇ ਬਾਕੀ 5 ਭਾਜਪਾ ਨਾਲ ਗਠਜੋੜ ਕਰ ਕੇ ਚੋਣਾਂ ਲੜੀਆਂ ਸਨ।
Leave a Reply