ਬੇਖੌਫ ਨੇ ਬਾਦਲ ਦੇ ਵਜ਼ੀਰ!

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਕਾਲੀ-ਭਾਜਪਾ ਦੇ ਮੰਤਰੀ ਨਿੱਤ ਨਵੀਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਭੱਦੀ ਸ਼ਬਦਾਵਲੀ ਤੇ ਦਸਮ ਗ੍ਰੰਥ ਦੇ ਸ਼ਬਦ ਨਾਲ ਛੇੜਛਾੜ ਦਾ ਮਾਮਲਾ ਸੁਰਖੀਆਂ ਵਿਚ ਰਿਹਾ। ਇਸ ਮਾਮਲੇ ਦਾ ਅਸਰ ਲੋਕ ਸਭਾ ਚੋਣਾਂ ਦੌਰਾਨ ਖਾਸਕਰ ਅੰਮ੍ਰਿਤਸਰ ਹਲਕੇ ਵਿਚ ਵੀ ਵੇਖਣ ਨੂੰ ਮਿਲਿਆ। ਇਸੇ ਹਲਕੇ ਨਾਲ ਜੁੜਿਆ ਦੂਜਾ ਮਾਮਲਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਦੋਹਰੀ ਵੋਟ ਦਾ ਹੈ। ਜੋਸ਼ੀ ਦੀ ਦੋਹਰੀ ਵੋਟ ਦਾ ਮਾਮਲਾ ਅੰਮ੍ਰਿਤਸਰ ਦੇ ਦੋ ਵਕੀਲਾਂ ਵਨੀਤ ਮਹਾਜਨ ਤੇ ਸੰਦੀਪ ਗੋਰਸੀ ਨੇ ਉਠਾਇਆ ਸੀ। ਲੰਮੀ ਕਾਨੂੰਨੀ ਚਾਰਾਜੋਈ ਮਗਰੋਂ ਮੰਤਰੀ ਜੋਸ਼ੀ ਦੇ ਗ਼ੈਰ-ਜ਼ਮਾਨਤੀ ਵਰੰਟ ਜਾਰੀ ਹੋ ਗਏ। ਇਸੇ ਦੌਰਾਨ ਵਕੀਲ ਵਨੀਤ ਮਹਾਜਨ ‘ਤੇ ਜਾਨਲੇਵਾ ਹਮਲਾ ਹੋ ਗਿਆ ਅਤੇ ਦੂਜੇ ਸੰਦੀਪ ਗੋਰਸੀ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ। ਅਖਬਾਰਾਂ ਦੀ ਸੁਰਖੀਆਂ ਬਣਨ ਮਗਰੋਂ ਵਿਰੋਧੀ ਧਿਰ ਨੇ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਆ ਗਏ।
ਜ਼ਿਕਰਯੋਗ ਹੈ ਕਿ ਵਕੀਲ ਵਨੀਤ ਮਹਾਜਨ ਤੇ ਸੰਦੀਪ ਗੋਰਸੀ ਨੇ ਕੈਬਨਿਟ ਮੰਤਰੀ ਅਨਿਲ ਜੋਸ਼ੀ ‘ਤੇ ਦੋਹਰੀ ਵੋਟ ਬਣਾਉਣ ਦੇ ਇਲਜ਼ਾਮ ਲਾਏ ਸਨ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਕੋਈ ਵੀ ਅਧਿਕਾਰੀ ਜੋਸ਼ੀ ਖ਼ਿਲਾਫ਼ ਕਾਰਵਾਈ ਕਰਨ ਦੀ ਹੀਆ ਨਹੀਂ ਸੀ ਕਰ ਰਿਹਾ। ਵਕੀਲਾਂ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਦਰ ਖੜਕਾਇਆ। ਅਦਾਲਤੀ ਹੁਕਮਾਂ ਮਗਰੋਂ ਜੋਸ਼ੀ ਖਿਲਾਫ ਕੇਸ ਦਰਜ ਹੋਇਆ ਪਰ ਉਹ ਅਦਾਲਤ ਵਿਚ ਪੇਸ਼ ਹੋਣ ਤੋਂ ਟਲਦੇ ਰਹੇ।
ਲੋਕ ਸਭਾ ਚੋਣਾਂ ਦੌਰਾਨ ਵੀ ਇਹ ਮੁੱਦਾ ਅਹਿਮ ਰਿਹਾ ਅਤੇ ਇਸ ਤੋਂ ਮੰਤਰੀ ਜੋਸ਼ੀ ਖਫਾ ਵੀ ਰਹੇ। ਚੋਣਾਂ ਮਗਰੋਂ ਇਹ ਮੁੱਦਾ ਉਠਾਉਣ ਵਾਲੇ ਇਕ ਵਕੀਲ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਅਤੇ ਅਗਲੇ ਦਿਨ ਦੂਜੇ ਵਕੀਲ ‘ਤੇ ਹਮਲਾ ਹੋ ਗਿਆ। ਦਿਨਾਂ ਵਿਚ ਹੀ ਇਹ ਮਾਮਲਾ ਪੂਰੀ ਤਰ੍ਹਾਂ ਭਖ ਗਿਆ। ਹੁਣ ਇਕ ਪਾਸੇ ਵਕੀਲ ਭਾਈਚਾਰੇ ਨੇ ਹੜਤਾਲ ਕਰ ਕੇ ਇਨਸਾਫ ਦੀ ਮੰਗ ਕੀਤੀ, ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਸੜਕਾਂ ‘ਤੇ ਉਤਰ ਆਈ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸਭ ਕੁਝ ਪੰਜਾਬ ਦੇ ਸਨਅਤ ਮੰਤਰੀ ਤੇ ਭਾਜਪਾ ਨੇਤਾ ਅਨਿਲ ਜੋਸ਼ੀ ਦੀ ਸ਼ਹਿ ‘ਤੇ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜੋਸ਼ੀ ਵਰਗੇ ਲੋਕਾਂ ਦੀ ਲਗਾਮ ਨਾ ਕੱਸੀ, ਤਾਂ ਇਸ ਦੇ ਵਿਨਾਸ਼ਕਾਰੀ ਨਤੀਜੇ ਸਾਹਮਣੇ ਆ ਸਕਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਐਡਵੋਕੇਟ ਵਨੀਤ ਮਹਾਜਨ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਉਦਯੋਗ ਮੰਤਰੀ ਅਨਿਲ ਜੋਸ਼ੀ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਮਾਮਲਾ ਹੀ ਨਹੀਂ, ਇਸ ਵਾਰ ਕਾਂਗਰਸ ਨੇ ਚੋਣਾਂ ਦੌਰਾਨ ਸੱਤਾ ਧਿਰ ਦੀ ਧੱਕੇਸ਼ਾਹੀ ਨੂੰ ਮੁੱਦਾ ਬਣਾਇਆ। ਵਿਰੋਧੀ ਸਿਆਸੀ ਧਿਰਾਂ ਨੇ ਪਿਛਲੇ ਸੱਤ ਸਾਲਾਂ ਦੌਰਾਨ ਵਾਪਰੀਆਂ ਹਿੰਸਕ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਮੰਤਰੀਆਂ ਨਾਲ ਜੋੜਿਆ। ਕਾਂਗਰਸ ਦੇ ਇਸ ਪੈਂਤੜੇ ਨੇ ਰੰਗ ਵੀ ਵਿਖਾਇਆ ਅਤੇ ਅਕਾਲੀ ਦਲ-ਭਾਜਪਾ ਅੰਦਰ ਇਸ ਵਿਸ਼ੇ ‘ਤੇ ਚਰਚਾ ਸ਼ੁਰੂ ਹੋਈ ਕਿ ਅਜਿਹੀਆਂ ਘਟਨਾਵਾਂ ਨੇ ਸਰਕਾਰ ਦੇ ਅਕਸ ਨੂੰ ਢਾਹ ਲਾਈ ਹੈ। ਕਈ ਅਕਾਲੀ ਆਗੂ ਦੱਬੀ ਸੁਰ ਵਿਚ ਇਹ ਗੱਲ ਸਵੀਕਾਰ ਰਹੇ ਹਨ ਕਿ ਕਈ ਅਪਰਾਧੀ ਬਿਰਤੀ ਵਾਲੇ ਲੋਕਾਂ ਨਾਲ ਮੰਤਰੀਆਂ ਦੇ ਸਬੰਧ ਜੱਗ ਜ਼ਾਹਿਰ ਹੋਣ ਨਾਲ ਲੋਕਾਂ ਵਿਚ ਸਰਕਾਰ ਦੀ ਸਾਖ ਨੂੰ ਠੇਸ ਲੱਗੀ ਹੈ।
ਸੂਤਰਾਂ ਅਨੁਸਾਰ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਖਫਾ ਹਨ ਅਤੇ ਉਨ੍ਹਾਂ ਨੂੰ ਇਹ ਫਿਕਰ ਸਤਾ ਰਿਹਾ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਜਾਰੀ ਰਹੀਆਂ ਤਾਂ ਲੋਕ ਅਕਾਲੀ ਦਲ ਤੋਂ ਮੂੰਹ ਮੋੜ ਸਕਦੇ ਹਨ। ਇਸ ਵਾਰ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਿਆਸੀ ਮਾਹਿਰ ਇਸ ਸਾਰੇ ਵਰਤਾਰੇ ਨੂੰ ਸੱਤਾ ਵਿਰੋਧੀ ਲਹਿਰ, ਖਾਸਕਰ ਅਕਾਲੀ ਦਲ ਦੇ ਧੱਕੇਸ਼ਾਹੀ ਵਾਲੇ ਅਕਸ ਨੂੰ ਜ਼ਿੰਮੇਵਾਰ ਮੰਨਦੇ ਹਨ।
ਉਧਰ, ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸੀ ਵਕੀਲ ਵਨੀਤ ਮਹਾਜਨ ‘ਤੇ ਹੋਏ ਹਮਲੇ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਰਾਕੇਸ਼ ਭਾਰਦਵਾਜ ‘ਤੇ ਕਾਂਗਰਸੀ ਵਕੀਲ ਸੰਦੀਪ ਗੋਰਸੀ ਤੇ ਕਾਂਗਰਸੀ ਕੌਂਸਲਰ ਗੁਰਿੰਦਰ ਰਿਸ਼ੀ ਵੱਲੋਂ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।

Be the first to comment

Leave a Reply

Your email address will not be published.