ਸਭ ਤੁਹਾਡੀ ਬੇਗ਼ੈਰਤੀ ਦਾ ਹੀ ਸਿੱਟਾ ਏ ‘ਮਹਾਨ ਪੰਜਾਬੀਓ’

ਸਵਰਨ ਸਿੰਘ ਟਹਿਣਾ
ਫੋਨ: 91-98141-78883
ਬੇਸ਼ਰਮ ਬੰਦੇ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ‘ਸਮਾਜ ਦਾ ਕੀ ਏ, ਦਿੱਤਾ ਕੀ ਏ ਏਸ ਸਮਾਜ ਨੇæææਕਿਉਂ ਸੋਚੀਏ ਇਹਦੇ ਬਾਰੇ’, ਇਹ ਜਵਾਬ ਬੇਸ਼ਰਮਾਂ ਦੇ ਮੂੰਹੋਂ ਅਕਸਰ ਸੁਣਨ ਨੂੰ ਮਿਲਦੇ ਰਹਿੰਦੇ ਨੇ। ਜਵਾਬ ਸੁਣ ਥੋੜ੍ਹਾ ਹਰਖ ਵੀ ਆਉਂਦੈ, ਪਰ ਤੁਸੀਂ ‘ਕੱਲੇ ਕੀ ਕਰ ਸਕਦੇ ਓ, ਜਦੋਂ ਸਭ ਨੇ ਲੱਤਾਂ ‘ਚ ਸਿਰ ਦੇ ਕੇ ਨੀਂਵੀਂਆਂ ਪਾਈਆਂ ਹੋਈਆਂ ਨੇ। ਜਦੋਂ ਸਭ ਦੀਆਂ ਜ਼ੁਬਾਨਾਂ ਸਿਰਫ਼ ਸਵਾਰਥ ਲਈ ਚੱਲਦੀਆਂ ਨੇ ਤਾਂ ਜਿਹੜੇ ਇੱਕੜ-ਦੁੱਕੜ ਚੁੱਪ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਉਹ ਵੀ ਕਿੰਨਾ ਕੁ ਚਿਰ ਰੌਲਾ ਪਾਉਣਗੇ।
ਹੁਣ ਤੱਕ ਹਜ਼ਾਰਾਂ ਲੋਕਾਂ ਨੇ ਕਿਹੈ ਕਿ ਕੰਜਰਾਂ ਨੇ ਕੰਜਰਪੁਣਾ ਕਰੀ ਹੀ ਜਾਣੈ, ਇਹ ਨਸਲ ਸੁਧਰਨ ਵਾਲੀ ਨਹੀਂ, ਤੁਸੀਂ ਇਨ੍ਹਾਂ ਬਾਰੇ ਲਿਖ-ਲਿਖ ਕੀਹਨੂੰ ਸਮਝਾ ਲਵੋਗੇ? ਪਰ ਅਸੀਂ ਆਪਣਾ ਫ਼ਰਜ਼ ਨਿਭਾਉਂਦੇ ਰਹੇ, ਫੋਨ ਕਰਨ ਵਾਲੇ ‘ਕਮਾਲ ਕਰ’ਤੀ, ਸਿਰਾ ਲਾ’ਤਾ’ ਵੀ ਕਹਿੰਦੇ ਰਹੇ। ਵਿਰਲੇ-ਟਾਂਵੇਂ ਫੋਨ ਆਉਂਦੇ ਕਿ ‘ਸਾਡੇ ਲਾਇਕ ਕੋਈ ਸੇਵਾ ਹੋਈ ਤਾਂ ਜ਼ਰੂਰ ਦੱਸਣਾ’, ਪਰ ਹੁਣ ਸਾਨੂੰ ਇਹੋ ਜਿਹੇ ਲੋਕਾਂ ਦੇ ਫੋਨ ਚੰਗੇ ਨਹੀਂ ਲੱਗਦੇ। ਕਿੰਨੇ ਕੁ ਭੱਦਰਪੁਰਸ਼ ਨੇ, ਜਿਨ੍ਹਾਂ ਆਪਣੇ ਸ਼ਹਿਰ ਕੰਜਰਪੁਣਾ ਕਰਨ ਆਏ ਲੋਕਾਂ ਨੂੰ ਰੋਕਣ ਜਾਂ ਟੋਕਣ ਦੀ ਕੋਸ਼ਿਸ਼ ਕੀਤੀ?
ਇਹ ਸਭ ਕੁਝ ਅੱਜ ਭਰੇ ਮਨ ਨਾਲ ਲਿਖਣਾ ਪੈ ਰਿਹੈ, ਕਿਉਂਕਿ ਕੰਜਰਪੁਣਾ ਕਰਨ ਵਾਲਿਆਂ ਪੱਕੀ ਸਹੁੰ ਪਾ ਲਈ ਹੈ ਕਿ ਕੋਈ ਜੋ ਮਰਜ਼ੀ ਤੇ ਜਿੰਨਾ ਮਰਜ਼ੀ ਕਹੇ, ਅਸੀਂ ਉਹੀ ਕਰਨੈ, ਜੀਹਦੇ ਨਾਲ ਕੁੜੀਆਂ-ਚਿੜੀਆਂ ਦੀ ਇੱਜ਼ਤ ਉੱਛਲ ਸਕਦੀ ਹੋਵੇ। ਬਜ਼ੁਰਗਾਂ ਦਾ ਆਖਣੈ, ‘ਬਹੁਤੇ ਗਾਉਣ ਵਾਲੇ ਕੰਜਰ ਹੁੰਦੇ ਨੇ, ਇਨ੍ਹਾਂ ਦਾ ਕੋਈ ਦੀਨ-ਮਜਹਬ ਨਹੀਂ ਹੁੰਦਾ, ਸਟੇਜ ‘ਤੇ ਇਨ੍ਹਾਂ ਪਹਿਲੇ ਗਾਣੇ ਵਿਚ ਇੱਕ ਵਾਰ ‘ਵਾਹਿਗੁਰੂ’ ਕਹਿ ਕੇ ਬਾਕੀ ਵੀਹਾਂ ਗੀਤਾਂ ਵਿਚ ਕੁੜੀ ਦੀ ਇੱਜ਼ਤ ਦੇ ਚੀਥੜੇ ਉਡਾਉਣੇ ਹੁੰਦੇ ਨੇæææਸੋ ਜਿਹੜੇ ਤੁਹਾਡੀ ਸਟੇਜ ‘ਤੇ ਜਾ ਕੇ, ਤੁਹਾਥੋਂ ਪੈਸੇ ਲੈ ਕੇ, ਤੁਹਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਰੋਲਣ ਵਾਲੇ ਗਾਣੇ ਗਾਉਂਦੇ ਹੋਣ, ਉਨ੍ਹਾਂ ਤੋਂ ਚੰਗੇ ਦੀ ਆਸ ਕਿਵੇਂ ਕਰ ਸਕਦੇ ਓ।’ ਤੇ ਅੱਜ ਬਜ਼ੁਰਗਾਂ ਦੀਆਂ ਕਹੀਆਂ ਇਹ ਗੱਲਾਂ ਸੌ ਫ਼ੀਸਦੀ ਸੱਚ ਵੀ ਸਾਬਤ ਹੋ ਰਹੀਆਂ ਨੇ।
ਇਨ੍ਹੀਂ ਦਿਨੀਂ ਸਭ ਦੇ ਘਰਾਂ ਵਿਚ ਚੈਨਲਾਂ ਜ਼ਰੀਏ ‘ਪੜ੍ਹ ਗਈ ਬਾਰਾਂ, ਹੋ ਗਈ ਅਠਾਰਾਂ, ਨੀਂ ਹੁਣ ਤੇਰੀ ਫੁੱਲ ਚੜ੍ਹਾਈ ਆ’ ਗੀਤ ਚੱਲ ਰਿਹੈ। ਕਿੰਨਿਆਂ ਦੀਆਂ ਹੀ ਕੁੜੀਆਂ-ਚਿੜੀਆਂ ਬਾਰ੍ਹਵੀਂ ‘ਚ ਪੜ੍ਹਨ ਵਾਲੀਆਂ ਹੋਣਗੀਆਂ, ਕਿੰਨਿਆਂ ਦੀਆਂ ਧੀਆਂ-ਭੈਣਾਂ ਇਸ ਉਮਰ ਦੀਆਂ ਹੋਣਗੀਆਂ, ਪਰ ਗਾਣਾ ਸੁਣ ਸਭ ਚੁੱਪ ਨੇ, ਜਿਵੇਂ ਕੁਝ ਦੇਖਿਆ-ਸੁਣਿਆ ਹੀ ਨਾ ਹੋਵੇ। ਇਹ ਗਾਣਾ ਗਾਉਣ ਵਾਲੇ ਨੂੰ ਆਪਣੀ ਪੂਰੀ ਐਲਬਮ ‘ਚੋਂ ਇਸ ਗੀਤ ‘ਤੇ ਸਭ ਤੋਂ ਵੱਧ ਮਾਣ ਹੈ, ਕਿਉਂਕਿ ਉਸ ਦਾ ਤਰਕ ਹੈ ਕਿ ਨਵੇਂ ਦੌਰ ‘ਚ ਇਹੋ ਜਹੇ ਗਾਣੇ ਹੀ ਸੁਣੀਂਦੇ ਨੇ। ਬਾਲਗ ਜਾਂ ਨਾਬਾਲਗ ਕੁੜੀਆਂ ਨੂੰ ਅੱਯਾਸ਼ੀ ਵਾਲੀਆਂ ਮਸ਼ੀਨਾਂ ਵਜੋਂ ਪੇਸ਼ ਕਰੋ, ਇਨ੍ਹਾਂ ਨੂੰ ਸਕੂਲਾਂ ਵਿਚੋਂ ਹੀ ਚੁੱਕ ਲਵੋ, ਮੋਟਰਾਂ ‘ਤੇ ਲੈ ਜਾਓ, ਉਥੇ ਸਮੂਹਿਕ ਨਜ਼ਾਰਿਆਂ ਦੀਆਂ ਗੱਲਾਂ ਕਰਕੇ ਸਭ ਦਾ ਚਿੱਤ ਪਰਚਾਓ, ਇਹੀ ਤਾਂ ਸਾਡਾ ਸਮਾਜ ਚਾਹੁੰਦੈ।
ਅਸੀਂ ਸ਼ਰੂਤੀ ਕਾਂਡ ‘ਤੇ ਅਫ਼ਸੋਸ ਪ੍ਰਗਟਾਉਂਦੇ ਨਹੀਂ ਥੱਕਦੇ। ਕਹਿੰਦੇ ਹਾਂ ਕਿ ਨਿਸ਼ਾਨ ਸਿੰਘ ਵਰਗੇ ਵੱਡੇ ਘਰਾਂ ਦੇ ਵਿਗੜੇ ਕਾਕੇ ਆਪਣੇ ਸਾਥੀਆਂ ਨਾਲ ਘਰਾਂ ‘ਚ ਵੜ ਕੇ ਕੁੜੀਆਂ ਅਗਵਾ ਕਰਨ ਲੱਗ ਗਏ ਨੇ, ਪਰ ਅਸੀਂ ਜਾਗਦੇ ਵੀ ਤਾਂ ਉਦੋਂ ਹੀ ਹਾਂ, ਜਦੋਂ ਸੇਕ ਨਾਲ ਝੁਲਸਣ ਲੱਗਦੇ ਹਾਂ। ਪੰਦਰਾਂ ਸਾਲ ਦੀ ਸ਼ਰੂਤੀ ਏ ਤੇ ਵੱਡੇ ਘਰ ਦਾ ਕਾਕਾ ਉਸ ਨੂੰ ਚੁੱਕ ਲਿਜਾਂਦਾ ਹੈ। ਇਸ ਕਹਾਣੀ ਨੂੰ ਅੱਜ ਦੇ ਗਾਣਿਆਂ ‘ਚੋਂ ਲੱਭ ਕੇ ਦੇਖੀਏ ਤਾਂ ਦਰਜਨਾਂ ਗੀਤ ਸਾਡੇ ਕੰਨਾਂ ‘ਚ ਗੂੰਜਣ ਲੱਗ ਜਾਂਦੇ ਨੇ, ਜਿਨ੍ਹਾਂ ਵਿਚ ਕਿਹਾ ਗਿਆ ਏ ਕਿ ਸੋਲਾਂ ਤੋਂ ਘੱਟ ਉਮਰ ਦੀ ਪੱਟ ਲੈਣ ਦੇ ਨਜ਼ਾਰੇ ਹੀ ਹੋਰ ਨੇ ਤੇ ਵੱਡੇ ਘਰਾਂ ਦੇ ਕਾਕੇ ਏਦਾਂ ਹੀ ਕੁੜੀਆਂ-ਚਿੜੀਆਂ ਨਾਲ ਚਿੱਤ ਪਰਚਾਉਂਦੇ ਨੇ। ਸਾਡੀ ਜਵਾਨੀ ਨੂੰ ਜਦੋਂ ਮਨੋਰੰਜਨ ਦੇ ਨਾਂ ‘ਤੇ ਸਿੱਖਿਆ ਹੀ ਇਹ ਦਿੱਤੀ ਜਾਂਦੀ ਏ ਕਿ ਬਾਦਸ਼ਾਹਤ ਤਾਂ ਹੀ ਬਰਕਰਾਰ ਰਹਿ ਸਕਦੀ ਏ, ਜੇ ਧੱਕਾ ਕਰਨਾ ਸਿੱਖ ਜਾਈਏ, ਤਾਂ ਹੁਣ ਨਤੀਜੇ ਭੁਗਤਣ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦੈ। ਪਹਿਲਾਂ ਐਮæਏæ ‘ਚ ਪੜ੍ਹਦੀਆਂ ਕੁੜੀਆਂ ਬਾਰੇ ਗੀਤ ਗਾਏ ਜਾਂਦੇ ਸਨ, ਫੇਰ ਬੀæਏæ ਵਾਲੀਆਂ ਦੀ ਵਾਰੀ ਆ ਗਈ, ਹੁਣ ਬਾਰ੍ਹਵੀਂ ਵਾਲੀਆਂ ਦੀ ਆ ਗਈ ਏ, ਕੱਲ੍ਹ ਨੂੰ ਪੰਜਵੀਂ ਵਾਲੀਆਂ ਦੀ ਵੀ ਆ ਜਾਏਗੀ, ਪਰ ਅਸੀਂ ਉਜੱਡ ਪੰਜਾਬੀ ਇਨ੍ਹਾਂ ਗੱਲਾਂ ਦਾ ਨੁਕਸਾਨ ਉਦੋਂ ਮਹਿਸੂਸ ਕਰਾਂਗੇ, ਜਦੋਂ ਸਾਨੂੰ ਖੁਦ ਨੂੰ ਸੇਕ ਲੱਗੇਗਾ।
ਧਰਮ-ਕਰਮ ਦੇ ਨਾਂ ‘ਤੇ ਸਿਰ ਪਾੜਨ ਅਤੇ ਖਾਲਿਸਤਾਨ ਦੇ ਨਾਅਰੇ ਲਾਉਣ ਵਾਲਿਆਂ ਨੂੰ ਕਦੇ ਇਹ ਕਿਉਂ ਨਹੀਂ ਦਿਸਦਾ ਕਿ ਕਿਸੇ ਵੀ ਧਰਮ ਦੀਆਂ ਨੀਂਹਾਂ ਏਨੀਆਂ ਖੋਖਲੀਆਂ ਨਹੀਂ, ਜਿੰਨੀਆਂ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਇਨ੍ਹਾਂ ਅਖੌਤੀ ਤੇ ਘਟੀਆ ਕਿਸਮ ਦੇ ਗਾਇਕਾਂ ਨੇ ਕਰ ਦਿੱਤੀਆਂ ਨੇ।
ਕਈ ਲੋਕਾਂ ਦੇ ਫੋਨ ਆਉਂਦੇ ਨੇ ਕਿ ‘ਇਸਤਰੀ ਜਾਗ੍ਰਿਤੀ ਮੰਚ’ ਵਾਲੀਆਂ ਬੀਬੀਆਂ ਨੇ ਹੁਣ ਗਾਉਣ ਵਾਲਿਆਂ ਖਿਲਾਫ਼ ਆਵਾਜ਼ ਚੁੱਕਣੀ ਬੰਦ ਕਰ ਦਿੱਤੀ ਏ, ਇਹਦਾ ਕੀ ਕਾਰਨ ਹੋਇਆ? ਕਿਤੇ ਉਨ੍ਹਾਂ ਨੇ ਵੀ ਤਾਂ ਸਮਝੌਤਾ ਨਹੀਂ ਕਰ ਲਿਆ? ਪਰ ਇਨ੍ਹਾਂ ਫੋਨ ਕਰਨ ਵਾਲਿਆਂ ਨੂੰ ਕੌਣ ਸਮਝਾਵੇ ਕਿ ਇਨ੍ਹਾਂ ਬੀਬੀਆਂ ਨੇ ਕਿਸੇ ਦਾ ਲੇਖਾ ਤਾਂ ਨਹੀਂ ਦੇਣਾ ਕਿ ਬੱਸਾਂ, ਟਰੱਕ ਕਿਰਾਏ ‘ਤੇ ਕਰਕੇ ਗਾਉਣ ਵਾਲਿਆਂ ਦੇ ਘਰਾਂ ਮੂਹਰੇ ਫਿਰਦੀਆਂ ਰਹਿਣ। ਉਨ੍ਹਾਂ ਦਾ ਸੰਘਰਸ਼ ਤਾਂ ਸਾਨੂੰ ਜਗਾਉਣ ਲਈ ਸੀ, ਇਹ ਦੱਸਣ ਲਈ ਸੀ ਕਿ ਅਸੀਂ ਔਰਤਾਂ ਹੋ ਕੇ ਜੇ ਮੂਹਰੇ ਲੱਗ ਸਕਦੀਆਂ ਹਾਂ ਤਾਂ ਤੁਹਾਡੇ ਕੀ ਵੰਗਾਂ ਪਾਈਆਂ ਹੋਈਆਂ ਨੇ ਤੇ ਅਸੀਂ ਸਾਰਾ ਮਸਲਾ ਹੀ ਬੀਬੀਆਂ ‘ਤੇ ਸੁੱਟ ਦਿੱਤਾ ਕਿ ‘ਤੁਸੀਂ ਏਦਾਂ ਲੱਗੀਆਂ ਰਹੋ, ਤੁਹਾਡੇ ਸਦਕੇ ਜਾਈਏ।’
ਥੋੜ੍ਹੇ ਸਮੇਂ ਤੱਕ ਪੰਜਾਬ ਦੇ ਇੱਕ ਹੋਰ ਕਲਾਕਾਰ ਦਾ ਗੀਤ ਰਿਲੀਜ਼ ਹੋਵੇਗਾ ਤੇ ਉਸ ਨੇ ਉਹਦੇ ਵਿਚ ‘ਤੇਰੀ ਭੈਣ ਦੀæææ’ ਵਰਗੀਆਂ ਗਾਲ੍ਹਾਂ ਸ਼ਰੇਆਮ ਕੱਢੀਆਂ ਨੇ। ਉਹਦਾ ਗਾਣਾ ਚੱਲੇਗਾ, ਸਭ ਸੁਣਨਗੇ, ਇੱਕ-ਦੂਜੇ ਨਾਲ ਸਲਾਹ-ਮਸ਼ਵਰੇ ਵੀ ਹੋਣਗੇ, ‘ਕਮਾਲ ਕਰ’ਤੀ ਸਿੱਧੀ ਗਾਲ੍ਹ ਕੱਢ ਕੇæææਬੰਦਾ ਦਲੇਰ ਐ’ ਆਖ ਕੇ ਸਭ ਚਟਕਾਰੇ ਲੈਣਗੇ, ਤੇ ਗਾਉਣ ਵਾਲਾ ਸਮਝ ਜਾਵੇਗਾ ਕਿ ਅਗਲੀ ਐਲਬਮ ‘ਚ ਭੈਣ ਦੀ ਗਾਲ੍ਹ ਦੀ ਦੇ ਨਾਲ-ਨਾਲ ਮਾਂਵਾਂ ਦੀਆਂ ਗਾਲਾਂ ਵੀ ਕੱਢ ਲਈਆਂ ਜਾਣ, ਕਿਉਂਕਿ ਪੰਜਾਬੀ ਸੁਣਨਾ ਵੀ ਇਹੀ ਕੁਝ ਚਾਹੁੰਦੇ ਨੇ।
ਇੱਕ ਦਿਨ ਕਿਸੇ ਸਟੂਡੀਓ ‘ਚ ਜਾਣ ਦਾ ਮੌਕਾ ਮਿਲਿਆ ਤਾਂ ਰਿਕਾਰਡਿੰਗ ਕਰਨ ਵਾਲੇ ਮੁੰਡੇ ਨੇ ਇੱਕ ਕਲਾਕਾਰ ਦੇ ਰਿਕਾਰਡ ਹੋਏ ਤਿੰਨ ਕੁ ਗੀਤਾਂ ਦੇ ਬੋਲ ਸੁਣਾਏ। ਗਾਉਣ ਵਾਲੇ ਨੇ ‘ਧੀ ਦੀ, ਭੈਣ ਦੀ, ਮਾਂ ਦੀæææਕੁੱਤੀ, ਕੰਜਰੀ, ਇਹਨੂੰ ਢਾਹ ਲਵੋ, ਲੰਮੀ ਪਾ ਲਵੋ, ਸਮੇਤ ਪਤਾ ਨਹੀਂ ਕੀ-ਕੀ ਕੁਝ ਮੁਟਿਆਰ ਨੂੰ ਗਾਣਿਆਂ ਜ਼ਰੀਏ ਕਿਹਾ ਸੀ।’ ਰਿਕਾਰਡਿਸਟ ਨੇ ਦੱਸਿਆ ਕਿ ਅਸੀਂ ਗਵੱਈਏ ਨੂੰ ਕਿਹਾ ਕਿ ਤੁਹਾਡਾ ਵਿਰੋਧ ਹੋਵੇਗਾ, ਏਦਾਂ ਦਾ ਨਾ ਗਾਓ, ਮਾੜਾ-ਮੋਟਾ ਗੰਦ ਪਾ ਲਵੋ, ਕਿਤੇ ਤੁਹਾਨੂੰ ਕਿਸੇ ਦੇ ਰੋਹ ਦਾ ਸ਼ਿਕਾਰ ਨਾ ਬਣਨਾ ਪੈ ਜਾਵੇ ਪਰ ਗਾਇਕ ਨੇ ਸਾਫ਼ ਕਿਹਾ, ‘ਪੈਣ ਦਿਓ ਰੌਲਾ, ਸਾਲੇ ਰੱਬ ਵਰਗੇ ਸਰੋਤੇ ਚਾਹੁੰਦੇ ਵੀ ਤਾਂ ਇਹੀ ਕੁਝ ਨੇ, ਜਿੰਨਾ ਚਿਰ ਇਨ੍ਹਾਂ ਨੂੰ ਚੁਭਣ ਵਾਲੀ ਗੱਲ ਨਾ ਕਰਾਂਗੇ, ਇਨ੍ਹਾਂ ਨੇ ਗਾਣਾ ਸੁਣਨਾ ਥੋੜ੍ਹੀ ਏ।’ ਨਾਲ ਹੀ ਰਿਕਾਰਡਿੰਗ ਵਾਲੇ ਨੇ ਦੱਸਿਆ ਕਿ ਇਹ ਗਾਇਕ ਇਸ ਗੱਲ ‘ਤੇ ਸ਼ਰਤ ਲਾਉਣ ਲਈ ਵੀ ਤਿਆਰ ਹੈ ਕਿ ਉਹਦੀ ਇਸ ਐਲਬਮ ਦੇ ਗੀਤ ਹਰ ਗੱਡੀ, ਮੋਬਾਈਲ ਅਤੇ ਮੋਟਰ ‘ਤੇ ਵੱਜਣਗੇ, ਕਿਉਂØਕਿ ਗੰਦੀ ਮਾਨਸਿਕਤਾ ਵਾਲੇ ਪੰਜਾਬੀਆਂ ਨੂੰ ਚਾਹੀਦਾ ਇਹੀ ਕੁਝ ਏ।’
ਹੁਣ ਦੱਸੋ, ਧਰਮ ਨਾਲੋਂ ਵੱਡਾ ਮਸਲਾ ਸੱਭਿਆਚਾਰ ਦਾ ਏ ਕਿ ਨਹੀਂ? ਸਾਨੂੰ ਗੋਲਕਾਂ ਪਿੱਛੇ ਲੜਨਾ ਛੱਡ ਕੇ ਨੰਗੇ ਗੀਤ ਗਾਉਣ ਵਾਲਿਆਂ ਖਿਲਾਫ਼ ਡਟਣਾ ਚਾਹੀਦਾ ਏ ਕਿ ਨਹੀਂ? ਸਾਨੂੰ ਹਿੰਦੂ-ਸਿੱਖ ਦਾ ਪੁਆੜਾ ਖਤਮ ਕਰਕੇ ਗ਼ੈਰਤਮੰਦ ਪੰਜਾਬੀ ਸਾਬਤ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਨਹੀਂ?
ਸਭ ਤੋਂ ਹੈਰਾਨੀ ਨੰਨ੍ਹੀ ਛਾਂ ਮੁਹਿੰਮ ਚਲਾਉਣ ਵਾਲੀ ਸਰਕਾਰ ‘ਤੇ ਹੁੰਦੀ ਏ। ਕਿੰਨੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਏ ਕਿ ਧੀਆਂ ਬਚਾਓ, ਇਨ੍ਹਾਂ ਨੂੰ ਪੈਦਾ ਹੋਣ ਦਾ ਹੱਕ ਦਿਓ। ਪਰ ਜਵਾਨ ਹੋ ਰਹੀਆਂ ਧੀਆਂ ਦੀ ਆਬਰੂ ਬਚਾਉਣ ਲਈ ਕਿਹੜਾ ਮੰਤਰੀ ਜਾਂ ਮਹਿਕਮਾ ਅੱਗੇ ਆ ਰਿਹਾ ਏ। ਕਦੇ ਕਿਸੇ ਨੇ ਇਹ ਗੱਲ ਕਹੀ ਕਿ ਗਾਣਿਆਂ, ਸੀਰੀਅਲਾਂ, ਫ਼ਿਲਮਾਂ ਤੇ ਮਨੋਰੰਜਨ ਦੇ ਹੋਰ ਸਾਧਨਾਂ ਜ਼ਰੀਏ ਅੱਯਾਸ਼ ਸੋਚ ਪੇਸ਼ ਕਰਨ ਵਾਲਿਆਂ ਅਤੇ ਪੰਜਾਬ ਦੀਆਂ ਧੀਆਂ ਪ੍ਰਤੀ ਗੰਦੀ ਧਾਰਨਾ ਪੈਦਾ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲਿਆ ਜਾਵੇਗਾ? ਨਹੀਂ, ਇੰਜ ਕਿਸੇ ਨੇ ਨਹੀਂ ਕਹਿਣਾ। ਜੇ ਇੰਜ ਕਹਿ ਦਿੱਤਾ ਤਾਂ ਰੈਲੀਆਂ ‘ਤੇ ਗਵੱਈਏ ਨਹੀਂ ਪਹੁੰਚਣੇ, ਫਿਰ ਨੁਕਸਾਨ ਮੰਤਰੀਆਂ ਦਾ, ਪਾਰਟੀਆਂ ਦਾ ਹੋਵੇਗਾ।
ਅਸੀਂ ਚੌਂਕੀਦਾਰਾਂ ਵਾਂਗ ਆਪਣੀ ਡਿਊਟੀ ਕਰੀ ਜਾ ਰਹੇ ਹਾਂ, ਕੋਈ ਸੁਣੇ ਜਾਂ ਨਾ। ਜਿਹੜੇ ਸਾਨੂੰ ‘ਸ਼ਾਬਾਸ਼’ ਦਿੰਦੇ ਨੇ, ਉਨ੍ਹਾਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਕੁਝ ਖੁਦ ਵੀ ਕਰੋ, ‘ਕੱਲੀ ਰਾਏ ਦੇਣ ਨਾਲ ਨਾ ਤਾਂ ਅੱਜ ਤੱਕ ਕੁਝ ਬਣਿਆ ਏ ਤੇ ਨਾ ਹੀ ਬਣਨਾ ਏ।

Be the first to comment

Leave a Reply

Your email address will not be published.