-ਜਤਿੰਦਰ ਪਨੂੰ
ਬਹੁਤ ਸਾਲ ਪਹਿਲਾਂ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਹੁਰਾਂ ਦਾ ਆਜ਼ਾਦੀ ਲਹਿਰ ਨਾਲ ਸਬੰਧਤ ਨਾਟਕ ਵੇਖਿਆ ਸੀ। ਉਸ ਵਿਚ ਇੱਕ ਡਾਇਲਾਗ ਸੀ ਕਿ ਮੁੱਠੀ ਭਰ ਬ੍ਰਿਟੇਨ ਵਾਸੀਆਂ ਨੇ ਜੇ ਤੀਹ ਕਰੋੜ ਤੋਂ ਵੱਧ ਭਾਰਤੀਆਂ ਨੂੰ ਗੁਲਾਮ ਬਣਾ ਲਿਆ ਹੈ ਤਾਂ ਇਹ ਭਾਰਤੀ ਬੰਦੇ ਹਨ ਕਿ ਭੇਡਾਂ-ਬੱਕਰੀਆਂ? ਇਹ ਡਾਇਲਾਗ ਸੁਣ ਕੇ ਸਾਨੂੰ ਗੁੱਸਾ ਆਉਂਦਾ ਸੀ ਕਿ ਭਾਰਤ ਦੇ ਕਰੋੜਾਂ ਲੋਕਾਂ ਨੇ ਬ੍ਰਿਟੇਨ ਦੇ ਮੁੱਠੀ ਭਰ ਲੋਕਾਂ ਅੱਗੇ ਹਾਰ ਮੰਨ ਲਈ ਤੇ ਗੁਲਾਮੀ ਦਾ ਜੂਲਾ ਆਪਣੇ ਗਲ ਪਵਾ ਕੇ ਬੈਠ ਗਏ ਸਨ। ਗੁੱਸਾ ਇਸ ਗੱਲੋਂ ਵੀ ਆਉਂਦਾ ਸੀ ਕਿ ਭਾਰਤ ਦੇ ਲੋਕਾਂ ਨੇ ਇਸ ਹਮਲਾਵਰੀ ਵਿਚੋਂ ਪੱਲੇ ਪਈ ਰਾਜਸੀ ਗੁਲਾਮੀ ਨੂੰ ਮਾਨਸਿਕ ਗੁਲਾਮੀ ਵੀ ਮੰਨ ਲਿਆ ਸੀ ਤੇ ਧਾਰਮਿਕ ਅਸਥਾਨਾਂ ਵਿਚ ਦੋਵੇਂ ਵੇਲੇ ਜਗਦੇ ਦੀਵੇ ਥਾਲੀਆਂ ਵਿਚ ਟਿਕਾ ਕੇ ਆਰਤੀ ਕਰਦਿਆਂ ‘ਜੁੱਗ-ਜੁੱਗ ਰਾਜ ਸਵਾਇਆ ਟੋਪੀ ਵਾਲੇ ਦਾ’ ਗਾਉਣ ਲੱਗ ਪਏ ਸਨ। ਉਦੋਂ ਲੋਕ ਸੱਚਮੁੱਚ ਭੇਡਾਂ-ਬੱਕਰੀਆਂ ਬਣ ਗਏ ਹੋਣਗੇ ਤੇ ਹਮਲਾਵਰ ਜੋ ਕੁਝ ਕਹਿੰਦੇ ਹੋਣਗੇ, ਖਾਮੋਸ਼ ਰਹਿ ਕੇ ਬਰਦਾਸ਼ਤ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਹੋਣਾ। ਹੁਣ ਹਾਲਤ ਇਹ ਹੈ ਕਿ ਭਾਰਤ ਦੇ ਲੋਕ ਰਾਜਸੀ ਪੱਖ ਤੋਂ ਗੁਲਾਮ ਨਾ ਹੁੰਦੇ ਹੋਏ ਵੀ ਮਾਨਸਿਕ ਗੁਲਾਮੀ ਅਜੇ ਤੱਕ ਹੰਢਾ ਰਹੇ ਜਾਪਦੇ ਹਨ। ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਲੀਡਰੀ ਦਾ ਦਾਅਵਾ ਕਰਨ ਵਾਲੇ ਚੁਸਤ ਘਾਗਾਂ ਨੇ ਏਦਾਂ ਦੀ ਚਾਟ ਲਾ ਦਿੱਤੀ ਹੈ ਕਿ ਸਧਾਰਨ ਲੋਕਾਂ ਦੇ ਮੂੰਹ ਉਤੇ ਕੋਈ ਉਨ੍ਹਾਂ ਨੂੰ ਭੇਡਾਂ-ਬੱਕਰੀਆਂ ਤੇ ਕੀੜੇ-ਮਕੌੜੇ ਆਖੀ ਜਾਵੇ ਤਾਂ ਇਹ ਗੁੱਸਾ ਕਰਨ ਦੀ ਲੋੜ ਵੀ ਨਹੀਂ ਸਮਝਦੇ।
ਜਦੋਂ ਹੱਥਲੀ ਲਿਖਤ ਲਿਖੀ ਜਾ ਰਹੀ ਹੈ, ਸਾਨੂੰ ਇਹ ਨਹੀਂ ਪਤਾ ਕਿ ‘ਭਾਰਤ ਭਾਗ ਵਿਧਾਤਾ’ ਵਾਲੀ ਕਿਸਮਤ ਦੀ ਪੁੜੀ ਵਿਚੋਂ ਕੀ ਨਿਕਲੇਗਾ, ਪਰ ਇਸ ਵਾਰੀ ਜਿਸ ਤਰ੍ਹਾਂ ਦੀ ਚੋਣ ਪ੍ਰਕ੍ਰਿਆ ਚੱਲੀ ਹੈ, ਉਸ ਦੇ ਆਖਰ ਵਿਚ ਆ ਕੇ ਇਹੋ ਜਿਹੀ ਬੋਲੀ ਸੁਣੀ ਗਈ ਹੈ ਕਿ ਮਨ ਦੁਖੀ ਹੋ ਗਿਆ ਹੈ। ਲੋਕ ਇਸ ਤੋਂ ਨਾਰਾਜ਼ ਨਹੀਂ ਹੁੰਦੇ, ਖੁਸ਼ੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਇਹੋ ਜਿਹੇ ਆਗੂ ਨਸੀਬ ਹੋ ਰਹੇ ਹਨ। ਵਿਰੋਧ ਆਪਣੇ ਜਾਂ ਦੂਸਰੀ ਧਿਰ ਦੇ ਲੀਡਰ ਦੇ ਲਈ ਹੋ ਸਕਦਾ ਹੈ, ਤੇ ਰਾਜਸੀ ਪੈਂਤੜਿਆਂ ਦੇ ਪੱਖ ਤੋਂ ਵੀ ਹੋ ਸਕਦਾ ਹੈ, ਪਰ ਲੀਡਰਾਂ ਦੀ ਉਸ ਮਾਨਸਿਕਤਾ ਲਈ ਵਿਰੋਧ ਨਹੀਂ ਹੁੰਦਾ, ਜਿਹੜੀ ਲੋਕਾਂ ਨੂੰ ਲੋਕ ਨਹੀਂ ਸਮਝਦੀ। ਇਸ ਮਾਨਸਿਕਤਾ ਨੂੰ ਕੋਈ ਗੌਲਦਾ ਵੀ ਨਹੀਂ ਹੈ।
ਪਹਿਲਾਂ ਅਸੀਂ ਇਹ ਸੁਣਿਆ ਕਰਦੇ ਸਾਂ ਕਿ ਫਲਾਣਾ ਲੀਡਰ ਜਾਂ ਲੀਡਰਨੀ ਆਵੇ ਤਾਂ ਉਸ ਇਕੱਲੇ ਵਿਅਕਤੀ ਦੇ ਆਉਣ ਨਾਲ ਹਨੇਰੀ ਜਿਹੀ ਆ ਜਾਂਦੀ ਹੈ। ਆਮ ਗੱਲਬਾਤ ਵਿਚ ਲੋਕ ਜਦੋਂ ‘ਹਨੇਰ ਪੈ ਗਿਆ’ ਕਹਿਣ ਤਾਂ ਇਸ ਦਾ ਭਾਵ ਕੋਈ ਮੰਦ-ਭਾਗੀ ਗੱਲ ਵਾਪਰ ਗਈ ਹੁੰਦਾ ਹੈ, ਪਰ ਹਨੇਰੀ ਆਈ ਦੀ ਗੱਲ ਕਿਸੇ ਲੀਡਰ ਦੇ ਚਹੇਤਿਆਂ ਦਾ ਮਨ ਖੁਸ਼ ਕਰ ਜਾਂਦੀ ਸੀ ਕਿ ਹੁਣ ਦੂਸਰੀ ਧਿਰ ਦਾ ਕੱਖ ਨਹੀਂ ਰਹਿਣਾ। ਜਦੋਂ ਕਿਤੇ ਹਨੇਰੀ ਆਵੇ, ਉਹ ਸੜਕ ਉਤੇ ਚੱਲਦੀ ਕਿਸੇ ਬੱਝੇ ਹੋਏ ਰੂਟ ਮੁਤਾਬਕ ਨਹੀਂ ਆਉਂਦੀ ਹੁੰਦੀ ਤੇ ਆਪਣੇ ਨਿਸ਼ਾਨੇ ਨੂੰ ਹੂੰਝਾ ਫੇਰਨ ਨਹੀਂ ਜਾਂਦੀ, ਰਾਹ ਵਿਚ ਆਏ ਹਰ ਮਾੜੇ-ਧੀੜੇ ਨੂੰ ਛਿੱਲ ਜਾਂਦੀ ਹੈ। ਲੋਕਾਂ ਨੂੰ ਫਿਰ ਵੀ ਹਨੇਰੀ ਸ਼ਬਦ ਦੀ ਵਰਤੋਂ ਕਦੇ ਮਾੜੀ ਨਹੀਂ ਸੀ ਲੱਗਦੀ। ਉਹ ਇਹ ਵੀ ਨਹੀਂ ਪੁੱਛਦੇ ਸਨ, ਉਨ੍ਹਾਂ ਨੂੰ ਪੁੱਛਣਾ ਸੁੱਝਦਾ ਨਹੀਂ ਸੀ ਜਾਂ ਪੁੱਛਣ ਦੀ ਜੁਰਅੱਤ ਨਹੀਂ ਸੀ ਕਰਦੇ ਕਿ ਆਉਣੀ ਹੈ ਤਾਂ ਤੁਹਾਡੀ ਰਾਜਨੀਤੀ ਦੀ ਬਹਾਰ ਆ ਜਾਵੇ, ਹਨੇਰੀ ਕਾਹਤੋਂ ਲਿਆਉਣ ਲੱਗੇ ਹੋ?
ਫਿਰ ਇਸ ਸ਼ਬਦ ਨੇ ਤਰੱਕੀ ਕਰ ਲਈ। ਹਨੇਰੀ ਦੀ ਥਾਂ ਸੁਨਾਮੀ ਦਾ ਸ਼ਬਦ ਵਰਤਿਆ ਜਾਣ ਲੱਗਾ। ਸੁਨਾਮੀ ਤਾਂ ਹਨੇਰੀ ਦੀ ਵੀ ਵੱਡੀ ਬੇਬੇ ਸੀ। ਹਨੇਰੀ ਜਦੋਂ ਆਉਂਦੀ ਹੈ ਤਾਂ ਇੱਕ ਖਾਸ ਇਲਾਕੇ ਵਿਚ ਕਹਿਰ ਵਰਤਾ ਜਾਂਦੀ ਹੈ, ਪਰ ਜਦੋਂ ਸੁਨਾਮੀ ਆਈ ਤਾਂ ਇੰਡੀਆ ਤੋਂ ਇੰਡੋਨੇਸ਼ੀਆ ਤੱਕ ਏਦਾਂ ਦਾ ਕਹਿਰ ਵਰਤਾ ਗਈ ਸੀ, ਜਿਸ ਦੀ ਮਾਰ ਹੇਠ ਲੰਕਾ ਵਰਗੇ ਕਈ ਦੇਸ਼ ਉਂਜ ਹੀ ਮਧੋਲੇ ਗਏ ਸਨ। ਇਸ ਵਾਰ ਇਹ ਸ਼ਬਦ ਭਾਰਤੀ ਪਾਰਲੀਮੈਂਟ ਦੀਆਂ ਚੋਣਾਂ ਵਿਚ ਆਮ ਵਰਤਿਆ ਗਿਆ ਹੈ। ਕਦੀ ਅਮੇਠੀ ਵਿਚ ਜਾ ਕੇ ਪ੍ਰਿਅੰਕਾ ਗਾਂਧੀ ਬਾਰੇ ਕਾਂਗਰਸੀ ਇਹ ਕਹਿੰਦੇ ਸੁਣੇ ਜਾਂਦੇ ਸਨ ਕਿ ‘ਪਿਅੰਕਾ ਨਹੀਂ, ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ’, ਇਸ ਵਾਰੀ ਭਾਜਪਾ ਤੇ ਸੰਘ ਪਰਿਵਾਰ ਦੇ ਢੰਡੋਰਚੀਆਂ ਨੇ ਕਹਿ ਦਿੱਤਾ ਕਿ ਨਰਿੰਦਰ ਮੋਦੀ ਦੀ ਸੁਨਾਮੀ ਆ ਰਹੀ ਹੈ, ਜਿਸ ਤੋਂ ਭਾਰਤ ਦਾ ਕੋਈ ਕੋਨਾ ਨਹੀਂ ਬਚੇਗਾ। ਪ੍ਰਿਅੰਕਾ ਹੋਵੇ ਜਾਂ ਨਰਿੰਦਰ ਮੋਦੀ-ਉਹ ਆਗੂ ਹਨ ਤਾਂ ਆਗੂ ਰਹਿਣ, ਉਨ੍ਹਾਂ ਵਿਚੋਂ ਇੱਕ ਆਗੂ ਨੂੰ ਆਂਧੀ (ਹਨੇਰੀ) ਤੇ ਦੂਸਰੇ ਨੂੰ ਸੁਨਾਮੀ (ਹਨੇਰੀ ਦੀ ਵੱਡੀ ਬੇਬੇ) ਬਣਾ ਕੇ ਪੇਸ਼ ਕਰਨ ਵਾਲਿਆਂ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਸ ਨਾਲ ਉਹ ਸੁਨਾਮੀ ਦੇ ਝੰਬੇ ਹੋਏ ਲੋਕਾਂ ਦੇ ਜ਼ਖਮ ਹਰੇ ਕਰ ਦੇਣਗੇ। ਇੱਕ ਟੀæਵੀæ ਪੱਤਰਕਾਰ ਨੇ ਇਹ ਕੰਮ ਕੀਤਾ ਕਿ ਤਾਮਿਲਨਾਡੂ ਦੇ ਸਮੁੰਦਰ ਕੰਢੇ ਵੱਸਦੇ ਅਨਪੜ੍ਹ ਮਛੇਰਿਆਂ ਨੂੰ ਜਾ ਪੁੱਛਿਆ ਕਿ ‘ਕਹਿੰਦੇ ਹਨ ਕਿ ਚੋਣਾਂ ਵਿਚ ਨਰਿੰਦਰ ਮੋਦੀ ਦੀ ਸੁਨਾਮੀ ਆ ਰਹੀ ਹੈ, ਤੁਹਾਡਾ ਕੀ ਖਿਆਲ ਹੈ?’ ਉਨ੍ਹਾਂ ਗਰੀਬਾਂ ਵਿਚੋਂ ਇੱਕ ਜਣੇ ਨੇ ਕਿਹਾ, ‘ਸਾਨੂੰ ਕੀ ਪੁੱਛਦੇ ਹੋ, ਅਫਸਰ ਨੂੰ ਜਾ ਕੇ ਪੁੱਛੋ, ਸਾਨੂੰ ਤਾਂ ਹਾਲੇ ਪਿਛਲੀ ਸੁਨਾਮੀ ਦੇ ਖਰਾਬੇ ਦੇ ਪੈਸੇ ਨਹੀਂ ਮਿਲੇ, ਸਾਰੇ ਪੈਸੇ ਅਫਸਰ ਖਾ ਗਏ ਸਨ।’ ਕੀ ਉਸ ਗਰੀਬ ਦੇ ਦਿੱਤੇ ਇਸ ਜਵਾਬ ਨੂੰ ਇਸ ਵਾਰ ਦੀ ਚੋਣ ਦਾ ‘ਹਾਸਲ’ ਮੰਨ ਲਿਆ ਜਾਵੇ?
ਦੂਸਰਾ ਮਾਮਲਾ ਹੈ ਆਗੂਆਂ ਦੀ ਵਡਿਆਈ ਜਾਂ ਬਦਖੋਈ ਲਈ ਵਰਤੇ ਜਾ ਰਹੇ ਸ਼ਬਦਾਂ ਦਾ। ਉਤਰ ਪ੍ਰਦੇਸ਼ ਵਿਚ ਇੱਕ ਥਾਂ ਮੁਲਾਇਮ ਸਿੰਘ ਯਾਦਵ ਦਾ ਹੈਲੀਕਾਪਟਰ ਉਤਰਨਾ ਸੀ, ਅੱਗੇ ਹੈਲੀਪੈਡ ਉਤੇ ਇੱਕ ਅਵਾਰਾ ਸਾਨ੍ਹ ਆ ਗਿਆ। ਹੈਲੀਕਾਪਟਰ ਉਪਰ ਉਡ ਗਿਆ ਤੇ ਪੁਲਿਸ ਵੱਲੋਂ ਸਾਨ੍ਹ ਭਜਾਏ ਜਾਣ ਪਿੱਛੋਂ ਉਤਰ ਗਿਆ। ਅਗਲੇ ਦਿਨ ਉਥੇ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਆ ਗਿਆ। ਉਸ ਨੇ ਜਲਸੇ ਵਿਚ ਕਿਹਾ, ‘ਮੁਲਾਇਮ ਸਿੰਘ ਮੁਝੇ ਰੋਕਨੇ ਕੀ ਬਾਤ ਕਰਤੇ ਹੈਂ, ਹੈਲੀਪੈਡ ਪਰ ਆਇਆ ਸਾਂਡ ਤੋ ਸੰਭਾਲ ਨਹੀਂ ਪਾਏ, ਗੁਜਰਾਤ ਸੇ ਆਏ ਸ਼ੇਰ ਕੋ ਕੈਸੇ ਸੰਭਾਲ ਲੇਂਗੇ?’ ਉਸ ਦੇ ਕਹਿਣ ਦਾ ਭਾਵ ਸੀ ਕਿ ‘ਮੈਂ ਗੁਜਰਾਤ ਦਾ ਸ਼ੇਰ ਹਾਂ।’ ਨਾ ਵਿਚਾਰੇ ਉਹ ਲੋਕ ਸ਼ੇਰ ਹੋਣ ਦਾ ਅਰਥ ਸਮਝ ਸਕੇ, ਜਿਹੜੇ ਉਥੇ ਤਾੜੀਆਂ ਮਾਰ ਰਹੇ ਸਨ ਤੇ ਨਾ ਗੁਜਰਾਤ ਦੇ ਲੋਕਾਂ ਨੂੰ ਸਮਝ ਆਈ ਕਿ ਲੀਡਰ ਦੇ ਸ਼ੇਰ ਹੋਣ ਦਾ ਅਰਥ ਕੀ ਹੈ? ਸ਼ੇਰ ਵੇਖਣ ਨੂੰ ਚੰਗਾ ਲੱਗਦਾ ਹੈ, ਜਿੱਥੇ ਉਸ ਨੇ ਵਸੇਬਾ ਕੀਤਾ ਹੁੰਦਾ ਹੈ, ਉਸ ਦੀ ਹੋਂਦ ਦਾ ਅਰਥ ਉਥੋਂ ਵਾਲਿਆਂ ਨੂੰ ਸਮਝ ਆਉਂਦਾ ਹੈ। ਸ਼ੇਰ ਮਾਸ ਖਾਣ ਵਾਲਾ ਜਾਨਵਰ ਹੁੰਦਾ ਹੈ ਤੇ ਉਸ ਦੇ ਖਾਣ ਲਈ ਨਿੱਤ ਦਿਨ ਕੁਝ ਨਾ ਕੁਝ ਭੇਡਾਂ-ਬੱਕਰੀਆਂ, ਗਾਂਵਾਂ ਤੋਂ ਲੈ ਕੇ ਹਿਰਨਾਂ ਤੇ ਖਰਗੋਸ਼ਾਂ ਤੱਕ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ, ਵਰਨਾ ਸ਼ੇਰ ਜਿੰਦਾ ਨਹੀਂ ਰਹਿ ਸਕਦਾ। ਕਿਸੇ ਆਗੂ ਨੂੰ ਸ਼ੇਰ ਕਹਿਣ ਦਾ ਅਰਥ ਇਹ ਹੈ ਕਿ ਬਾਕੀ ਜਨਤਾ ਦੀ ਹੈਸੀਅਤ ਉਸ ਆਗੂ ਦੇ ਮੁਕਾਬਲੇ ਗਾਂਵਾਂ, ਭੇਡਾਂ, ਬੱਕਰੀਆਂ ਤੇ ਖਰਗੋਸ਼ਾਂ ਤੋਂ ਵੱਧ ਨਹੀਂ ਹੈ। ਵਿਚਾਰੇ ਭਾਰਤ ਦੇ ਲੋਕ ‘ਸ਼ੇਰਾਂ ਦੀ ਰੱਖ ਵਿਚ’ ਭੇਡ-ਬੱਕਰੀਆਂ ਬਣ ਕੇ ਵੀ ਖੁਸ਼ ਹੋਈ ਜਾਂਦੇ ਹਨ। ਆਮੀਨ!
ਤੀਸਰਾ ਮਾਮਲਾ ਇਸ ਚੋਣ ਪ੍ਰਕ੍ਰਿਆ ਦੇ ਆਖਰੀ ਪੜਾਅ ਵਿਚ ਉਦੋਂ ਸਾਹਮਣੇ ਆਇਆ, ਜਦੋਂ ਨਤੀਜੇ ਤੋਂ ਬਾਅਦ ਦੇ ਗੱਠਜੋੜ ਦੀ ਗੱਲ ਚੱਲੀ। ਜਨਤਾ ਦਲ ਯੂਨਾਈਟਿਡ ਦਾ ਪ੍ਰਧਾਨ ਸ਼ਰਦ ਯਾਦਵ ਆਮ ਕਰ ਕੇ ਅਕਲ ਨਾਲ ਗੱਲ ਕਰਨ ਵਾਲਾ ਲੀਡਰ ਮੰਨਿਆ ਜਾਂਦਾ ਹੈ। ਇਸ ਵਾਰੀ ਵੀ ਉਸ ਨੇ ਗੱਲਾਂ ਦਲੀਲ ਨਾਲ ਹੀ ਕੀਤੀਆਂ। ਜਦੋਂ ਅਗਲੇ ਗੱਠਜੋੜ ਦੀ ਗੱਲ ਚੱਲੀ ਤਾਂ ਉਹ ਦੋ ਗੱਲਾਂ ਕਹਿ ਗਿਆ। ਪਹਿਲੀ ਇਹ ਕਿ ਨਾ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਵਾਰੀ ਆਉਣੀ ਹੈ ਅਤੇ ਨਾ ਕਾਂਗਰਸ ਪਾਰਟੀ ਵਾਲਿਆਂ ਦੀ ਰਹਿਣੀ ਹੈ, ਅਸੀਂ ਇਹੋ ਜਿਹਾ ਮਾਹੌਲ ਬਣਾ ਦਿਆਂਗੇ ਕਿ ਇਨ੍ਹਾਂ ਦੋਵਾਂ ਤੋਂ ਬਿਨਾਂ ਕਿਸੇ ਤੀਸਰੀ ਧਿਰ ਦੀ ਸਰਕਾਰ ਬਣ ਜਾਵੇ। ਇਥੋਂ ਤੱਕ ਉਹ ਠੀਕ ਚੱਲਿਆ, ਪਰ ਅਗਲੀ ਗੱਲ ਜਦੋਂ ਪੁੱਛੀ ਗਈ ਕਿ ਉਨ੍ਹਾਂ ਦੇ ਗੱਠਜੋੜ ਵਿਚ ਕਿਹੜੇ ਧੜੇ ਆਉਣਗੇ ਤਾਂ ਦਲੀਲ ਜਿਹੜੀ ਵਰਤਣ ਲੱਗ ਪਿਆ, ਉਹ ਸਿਰੇ ਦੀ ਨਾਕਸ ਸੀ। ਸ਼ਰਦ ਯਾਦਵ ਨੇ ਕਿਹਾ ਕਿ ਹੁਣੇ ਇਹ ਗੱਲ ਸੋਚਣ ਦੀ ਲੋੜ ਨਹੀਂ, ਇਹ ਮੌਕਾ ਬਣ ਲੈਣ ਦਿਓ, ਜਦੋਂ ਹੜ੍ਹ ਆ ਰਿਹਾ ਹੋਵੇ, ਉਦੋਂ ਸੱਪ ਤੇ ਬਿੱਛੂ ਸਭ ਇਹੋ ਜਿਹੇ ਇੱਕੋ ਰੁੱਖ ਦਾ ਆਸਰਾ ਲੈ ਲੈਂਦੇ ਹਨ, ਜਿਹੜਾ ਹੜ੍ਹ ਵਿਚ ਰੁੜ੍ਹਨ ਤੋਂ ਬਚਾ ਲਵੇ, ਤੇ ਜਨਤਾ ਦਲ ਯੂਨਾਈਟਿਡ ਇਸ ਰੁੱਖ ਦੀ ਇਹ ਭੂਮਿਕਾ ਨਿਭਾਉਣ ਲਈ ਤਿਆਰ ਹੈ, ਜਿਸ ਵਿਚ ਸਾਰੇ ਸੱਪ ਅਤੇ ਬਿੱਛੂ ਇਕੱਠੇ ਹੋ ਸਕਣ। ਰੁੱਖ ਦੀ ਭੂਮਿਕਾ ਜਨਤਾ ਦਲ ਯੂਨਾਈਟਿਡ ਨਿਭਾ ਲਵੇ ਜਾਂ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਜਾਂ ਕੋਈ ਹੋਰ, ਪਰ ਇੱਕ ਗੱਲ ਸਾਫ ਹੈ ਕਿ ਇਸ ਰੁੱਖ ਦੇ ਆਸਰੇ ਰਾਜ ਚਲਾਉਣ ਲਈ ਸੱਪ ਤੇ ਬਿੱਛੂ ਹੀ ਇਕੱਠੇ ਹੋਣਗੇ। ਇੱਕ ਸਵਾਲ ਇਹ ਸੀ, ਜਿਨ੍ਹਾਂ ਪਾਰਟੀਆਂ ਨੂੰ ਤੁਸੀਂ ਇਸ ਗੱਠਜੋੜ ਵਿਚ ਸ਼ਾਮਲ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਵੋਟ ਕਿੰਨੇ ਕੁ ਪੈਣਗੇ? ਇਹਦਾ ਜਵਾਬ ਵੀ ਦਿਲਚਸਪ ਸੀ। ਸ਼ਰਦ ਯਾਦਵ ਨੇ ਕਿਹਾ ਕਿ ਹੜ੍ਹ ਦਾ ਵਧਦਾ ਰੋੜ੍ਹ ਵੇਖ ਕੇ ਸਭ ਕੀੜੇ-ਮਕੌੜੇ ਇਨ੍ਹਾਂ ਪਾਰਟੀਆਂ ਦੇ ਮਗਰ ਵੋਟ ਦੇ ਦੇਣਗੇ।
ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ। ਇਸ ਵਿਚ ਇਸ ਵਕਤ ਇੱਕ ਸੌ ਪੰਝੀ ਕਰੋੜ ਦੀ ਆਬਾਦੀ ਦੱਸੀ ਜਾਂਦੀ ਹੈ ਤੇ ਵੋਟਰਾਂ ਦੀ ਗਿਣਤੀ ਇਕਾਸੀ ਕਰੋੜ ਸਤਵੰਜਾ ਲੱਖ ਤੋਂ ਵੱਧ ਮੰਨੀ ਜਾਂਦੀ ਹੈ। ਯੂਰਪ ਦੇ ਸਾਰੇ ਦੇਸ਼ਾਂ ਦੀ ਆਬਾਦੀ ਪਝੱਤਰ ਕਰੋੜ ਤੋਂ ਘੱਟ ਹੈ, ਭਾਰਤ ਦੇ ਵੋਟਰ ਇਸ ਤੋਂ ਵੀ ਵੱਧ ਬਣ ਜਾਣਗੇ। ਅਸੀਂ ਇਨ੍ਹਾਂ ਨੂੰ ਵੋਟਰ ਕਹਿੰਦੇ ਹਾਂ। ਕਾਨੂੰਨੀ ਪੱਖ ਤੋਂ ਇਹ ਲੋਕ ਵੋਟਰ ਹਨ, ਪਰ ਰਾਜ ਵੋਟਰਾਂ ਨੇ ਆਪ ਨਹੀਂ ਕਰਨਾ, ਵੋਟਰਾਂ ਦੇ ਚੁਣੇ ਹੋਏ ਉਨ੍ਹਾਂ ਆਗੂਆਂ ਨੇ ਆਪੋ ਵਿਚ ਗਿੱਟਮਿਟ ਕਰ ਕੇ ਸਾਂਭਣਾ ਹੈ, ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ। ਕੋਈ ਆਪਣੇ-ਆਪ ਨੂੰ ਸ਼ੇਰ ਆਖ ਕੇ ਆਮ ਲੋਕਾਂ ਨੂੰ ਭੇਡ-ਬੱਕਰੀਆਂ ਤੇ ਹਿਰਨੀਆਂ ਸਮਝਦਾ ਹੈ ਅਤੇ ਕੋਈ ਹੋਰ ਆਗੂ ਆਮ ਲੋਕਾਂ ਨੂੰ ਕੀੜੇ-ਮਕੌੜੇ ਆਖਦਾ ਅਤੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਕੀੜੇ-ਮਕੌੜੇ ਖਾ ਕੇ ਪਲਣ ਵਾਲੇ ਸੱਪ ਅਤੇ ਬਿੱਛੂ ਮੰਨ ਕੇ ਉਨ੍ਹਾਂ ਦੀ ਅਗਵਾਈ ਦਾ ਦਾਅਵਾ ਪੇਸ਼ ਕਰਨ ਲਈ ਕਮਰਕੱਸਾ ਕਰੀ ਬੈਠਾ ਹੈ।
ਭਾਰਤ ਦੇ ਲੋਕਾਂ ਦੀ ਕੁਝ ਬਦਕਿਸਮਤੀ ਹੈ ਤੇ ਕੁਝ ਮਾਨਸਿਕ ਗੁਲਾਮੀ ਕਿ ਆਜ਼ਾਦੀ ਦੇ ਸਤਾਹਠ ਸਾਲ ਹੰਢਾ ਕੇ ਵੀ ਉਹ ਇਹੋ ਜਿਹੇ ਆਗੂਆਂ ਦੀ ਧਾੜ ਨੂੰ ਬਰਦਾਸ਼ਤ ਕਰੀ ਜਾਂਦੇ ਹਨ, ਜਿਨ੍ਹਾਂ ਦੀ ਨਜ਼ਰ ਵਿਚ ਵੋਟਾਂ ਪਾਉਣ ਅਤੇ ਰਾਜ ਬਖਸ਼ਣ ਵਾਲੇ ਆਮ ਲੋਕ ਇੱਜ਼ਤਦਾਰ ਇਨਸਾਨ ਨਹੀਂ, ਕੀੜੇ-ਮਕੌੜੇ ਤੇ ਭੇਡ-ਬੱਕਰੀਆਂ ਹਨ। ਕੀੜੇ-ਮਕੌੜੇ ਮੰਨੇ ਜਾਂਦੇ ਲੋਕਾਂ ਦੇ ਇਸ ਦੇਸ਼ ਵਿਚ ਹਨੇਰੀ ਆਵੇ ਤੇ ਹਨੇਰ ਪਾ ਜਾਵੇ ਜਾਂ ਸੁਨਾਮੀ ਆ ਕੇ ਲੋਕਾਂ ਦੇ ਘਰ ਢਾਹ ਜਾਵੇ, ਰਾਜ ਚਲਾਉਂਦੀ ਜਮਾਤ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਇਹੋ ਜਿਹੇ ਦੇਸ਼ ਦੇ ਇੱਕ ਸੌ ਪੰਝੀ ਕਰੋੜ ਆਮ ਲੋਕਾਂ ਨੂੰ ਫਿਰ ਕੀ ਕਿਹਾ ਜਾਵੇ? ਇਸ ਦੀ ਵਿਆਖਿਆ ਕਰਨ ਲਈ ਵੀ ਹੁਣ ਕੋਈ ਗੁਰਸ਼ਰਨ ਸਿੰਘ ਚਾਹੀਦਾ ਹੈ?
Leave a Reply