ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ (59 ਸਾਲ) ਦੀ ਅਗਲੇ ਥਲ ਸੈਨਾ ਮੁਖੀ ਵਜੋਂ ਨਿਯੁਕਤੀ ਉਪਰ ਮੋਹਰ ਲਾ ਦਿੱਤੀ ਗਈ ਹੈ। ਇਹ ਨਿਯੁਕਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਕਮੇਟੀ (ਨਿਯੁਕਤੀਆਂ) ਦੀ ਮੀਟਿੰਗ ਵਿਚ ਕੀਤੀ ਗਈ। ਉਹ ਮੌਜੂਦਾ ਥਲ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਦੀ ਥਾਂ ਲੈਣਗੇ ਜੋ 31 ਜੁਲਾਈ ਨੂੰ ਸੇਵਾਮੁਕਤ ਹੋ ਰਹੇ ਹਨ।
ਭਾਰਤੀ ਜਨਤਾ ਪਾਰਟੀ ਨੇ ਯੂæਪੀæਏæ ਸਰਕਾਰ ਦੇ ਕਾਰਜਕਾਲ ਦੀ ਸਮਾਪਤੀ ਦੇ ਐਨ ਨੇੜੇ ਇਹ ਨਿਯੁਕਤੀ ਕਰਨ ਦਾ ਸਖਤ ਵਿਰੋਧ ਕੀਤਾ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਸਾਬਕਾ ਥਲ ਸੈਨਾ ਮੁਖੀ ਵੀæਕੇæ ਸਿੰਘ ਵੀ ਕਹਿ ਰਹੇ ਸਨ ਕਿ ਇਸ ਨਿਯੁਕਤੀ ਦਾ ਮਾਮਲਾ ਨਵੀਂ ਸਰਕਾਰ ਉਪਰ ਛੱਡ ਦੇਣਾ ਚਾਹੀਦਾ ਹੈ। ਲੈਫਟੀਨੈਂਟ ਜਨਰਲ ਸੁਹਾਗ ਆਪਣੇ ਹਮਰੁਤਬਾ ਵਿਚ ਸਭ ਤੋਂ ਸੀਨੀਅਰ ਹਨ। ਉਹ ਥਲ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਸ੍ਰੀਲੰਕਾ, ਜੰਮੂ-ਕਸ਼ਮੀਰ ਤੇ ਪੂਰਬੀ ਕਮਾਂਡ ਵਿਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਉਧਰ ਸਾਬਕਾ ਸੈਨਾ ਮੁਖੀ ਜਨਰਲ ਵੀæਕੇæ ਸਿੰਘ ਨੇ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੀ ਅਗਲੇ ਸੈਨਾ ਮੁਖੀ ਵਜੋਂ ਨਿਯੁਕਤੀ ਦੇ ਫੈਸਲੇ ‘ਤੇ ਸੁਆਲ ਖੜੇ ਕੀਤੇ ਹਨ। ਸਾਬਕਾ ਸੈਨਾ ਮੁਖੀ ਦਾ ਕਹਿਣਾ ਹੈ ਕਿ ਇਸ ਨਾਲ ਬੇਲੋੜਾ ਵਿਵਾਦ ਛਿੜ ਜਾਏਗਾ। ਸਿੰਘ ਜੋ ਭਾਜਪਾ ਦੇ ਲੋਕ ਸਭਾ ਚੋਣਾਂ ਲਈ ਗਾਜ਼ੀਆਬਾਦ ਤੋਂ ਉਮੀਦਵਾਰ ਹਨ, ਨੇ ਪੁੱਛਿਆ ਹੈ ਕਿ ਯੂਪੀਏ-99 ਸੁਹਾਗ ਦੀ ਨਿਯੁਕਤੀ ਲਈ ਇੰਨੀ ਕਾਹਲੀ ਕਿਉਂ ਕਰ ਰਹੀ ਹੈ। ਸਾਬਕਾ ਸੈਨਾ ਮੁਖੀ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਯੂਪੀਏ ਸਰਕਾਰ ਕਿਸ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ ਤੇ ਰੱਖਿਆ ਮੰਤਰਾਲਾ ਤੇ ਸਰਕਾਰ ਕਿਸ ਤੋਂ ਖੌਫਜ਼ਦਾ ਹਨ। ਜਨਰਲ ਸਿੰਘ ਨੇ ਸੈਨਾ ਮੁਖੀ ਹੁੰਦਿਆਂ, ਸੁਹਾਗ ‘ਤੇ ‘ਅਨੁਸ਼ਾਸਨੀ ਤੇ ਵਿਜੀਲੈਂਸ ਪਾਬੰਦੀ’ ਲਾਈ ਹੋਈ ਸੀ। ਸੁਹਾਗ ਉਦੋਂ ਤੀਜੀ ਕੋਰ ਦੇ ਕਮਾਂਡਰ ਸਨ। ਇਸ ਪਾਬੰਦੀ ਤਹਿਤ ਤਰੱਕੀ ਨਹੀਂ ਹੋ ਸਕਦੀ।
Leave a Reply