ਆਲਮੀ ਭਾਈਚਾਰਾ 230 ਮੁਟਿਆਰਾਂ ਦੇ ਅਗਵਾ ਹੋਣ ‘ਤੇ ਫਿਕਰਮੰਦ

ਸੰਯੁਕਤ ਰਾਸ਼ਟਰ: ਨਾਈਜੇਰੀਆ ਵਿਚ ਦੋ ਹਮਲਿਆਂ ਰਾਹੀਂ 230 ਸਕੂਲੀ ਲੜਕੀਆਂ ਨੂੰ ਅਗਵਾ ਕਰਕੇ ਸੰਘਣੇ ਜੰਗਲ ਵਿਚ ਲਿਜਾਣ ਤੇ ਉਨ੍ਹਾਂ ਨੂੰ ਲੱਭਣ ਲਈ ਵੱਡੀ ਕਾਰਵਾਈ ਨਾ ਕੀਤੇ ਜਾਣ ਉਪਰ ਸੰਯੁਕਤ ਰਾਸ਼ਟਰ, ਅਮਰੀਕਾ, ਵਿਸ਼ਵ ਦੇ ਹੋਰ ਦੇਸ਼ਾਂ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਚਿੰਤਾ ਪ੍ਰਗਟਾਈ ਹੈ।
ਕੱਟੜ ਇਸਲਾਮੀ ਦਹਿਸ਼ਤਗਰਦਾਂ ਦੀ ਇਸ ਜਥੇਬੰਦੀ ਨੇ ਇਨ੍ਹਾਂ ਲੜਕੀਆਂ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਲੈਂਦਿਆਂ ਅਜਿਹੇ ਹੋਰ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਜਥੇਬੰਦੀ ਪੱਛਮੀ ਸਭਿਆਚਾਰ ਦੀ ਤਰਜ਼ ‘ਤੇ ਪੜ੍ਹਾਈ, ਪਹਿਰਾਵੇ ਤੇ ਸੋਚ ਦੇ ਸਖਤ ਖ਼ਿਲਾਫ਼ ਹੈ ਤੇ ਹੁਣ ਤੱਕ ਵੱਡੇ ਫਿਦਾਇਨ ਹਮਲੇ ਕਰਕੇ ਹਜ਼ਾਰਾਂ ਦੇਸ਼ ਵਾਸੀਆਂ ਨੂੰ ਸਦਾ ਦੀ ਨੀਂਦ ਸੁਆ ਚੁੱਕੀ ਹੈ। ਇਨ੍ਹਾਂ ਲੜਕੀਆਂ ਦੀ ਰਿਹਾਈ ਲਈ ਚੱਲ ਰਹੇ ਅੰਦੋਲਨ ਵਿਚ ਅਮਰੀਕਾ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਤੇ ਪਾਕਿਸਤਾਨ ਵਿਚ ਤਾਲਿਬਾਨ ਦੇ ਹਮਲੇ ਵਿਚ ਸਖਤ ਜ਼ਖ਼ਮੀ ਹੋਈ ਮਲਾਲਾ ਵੀ ਸ਼ਾਮਲ ਹੈ।
ਨਾਈਜੇਰੀਆ ਦੇ ਉੱਤਰ-ਪੂਰਬੀ ਕਸਬੇ ਚਿਬੋਕ ਦੇ ਇਕ ਸਕੂਲ ਉਪਰ ਬੋਕੋ ਹਰਮ ਜਥੇਬੰਦੀ ਦੇ ਵੱਡੀ ਗਿਣਤੀ ਦਹਿਸ਼ਤਗਰਦਾਂ ਨੇ ਹਮਲਾ ਕਰਕੇ 200 ਲੜਕੀਆਂ ਨੂੰ ਅਗਵਾ ਕਰ ਲਿਆ ਸੀ। ਬੀਤੇ ਹਫਤੇ ਇਕ ਹੋਰ ਹਮਲੇ ਵਿਚ 30 ਲੜਕੀਆਂ ਨੂੰ ਆਪਣੇ ਨਾਲ ਲੈ ਗਏ। ਇਹ ਜਥੇਬੰਦੀ ਬਹੁਤ ਸੰਘਣੇ ਤੇ ਪੰਜਾਹ ਹਜ਼ਾਰ ਵਰਗ ਕਿਲੋਮੀਟਰ ਵਰਗ ਵਿਚ ਫੈਲੇ ਜੰਗਲ ਵਿਚੋਂ ਕਾਰਵਾਈਆਂ ਚਲਾਉਂਦੀ ਹੈ। ਇਨ੍ਹਾਂ ਖ਼ਿਲਾਫ਼ ਵੱਡੀ ਮੁਹਿੰਮ ਛੇੜਨਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ। ਉਂਜ ਵੀ ਇਹ ਜਥੇਬੰਦੀ ਕੁਝ ਸਾਲ ਪਹਿਲਾਂ ਸਰਕਾਰ ਵੱਲੋਂ ਚਲਾਏ ਅਪਰੇਸ਼ਨ ਵਿਚ ਵੱਡੀ ਗਿਣਤੀ ਸਾਥੀ ਤੇ ਮੁਖੀ ਗਵਾਉਣ ਬਾਅਦ ਪਹਿਲਾਂ ਨਾਲੋਂ ਮਜ਼ਬੂਤ ਬਣ ਕੇ ਉੱਭਰੀ ਹੈ। ਜਥੇਬੰਦੀ ਲੜਕੀਆਂ ਨੂੰ ਪੜ੍ਹਾਉਣ ਦਾ ਵਿਰੋਧ ਕਰ ਰਹੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਉਮਰ ਉਨ੍ਹਾਂ ਨੂੰ ਵਿਆਹੁਣ ਦੀ ਹੈ ਤੇ ਉਨ੍ਹਾਂ ਨੂੰ ਵੇਚ ਦੇਣਾ ਜਾਂ ਵਿਆਹ ਦੇਣਾ ਚਾਹੀਦਾ ਹੈ।
ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਨਵੀ ਪਿਲੈ ਨੇ ਕਿਹਾ ਹੈ ਕਿ ਲੜਕੀਆਂ ਨੂੰ ਛੁਡਾਉਣ ਵਿਚ ਦੇਰੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਘਟਨਾ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਵਾਸ਼ਿੰਗਟਨ ਵਿਚ ਅਮਰੀਕਾ ਦੀ ਪ੍ਰਥਮ ਮਹਿਲਾ ਮਿਸ਼ੇਲ ਨੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਪਾਕਿਸਤਾਨੀ ਲੜਕੀ ਮਲਾਲਾ ਨੇ ਵੀ ਲੜਕੀਆਂ ਨੂੰ ਛੁਡਾਉਣ ਤੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ‘ਤੇ ਜ਼ੋਰ ਦਿੱਤਾ। ਉਸ ਨੇ ਕਿਹਾ ਕਿ ਜੇਕਰ ਇਨ੍ਹਾਂ ਕੁੜੀਆਂ ਨੂੰ ਦਹਿਸ਼ਤਗਰਦਾਂ ਦੇ ਕਬਜ਼ੇ ਵਿਚੋਂ ਰਿਹਾਅ ਨਾ ਕਰਵਾਇਆ ਗਿਆ ਤਾਂ ਅਜਿਹੇ ਹੋਰ ਕਾਂਡ ਵਾਪਰਨਗੇ। ਅਮਰੀਕਾ ਨੇ ਲੜਕੀਆਂ ਨੂੰ ਛੁਡਾਉਣ ਲਈ ਆਪਣੇ ਮਾਹਿਰਾਂ ਦੀ ਟੀਮ ਨਾਈਜੇਰੀਆ ਭੇਜੀ ਹੈ। ਹੋਰ ਯੂਰਪੀ ਦੇਸ਼ ਵੀ ਇਸ ਕਾਰਜ ਵਿਚ ਮਦਦ ਦੇਣ ਲਈ ਤਿਆਰ ਹਨ।
___________________________________________
ਅਮਰੀਕੀ ਟੀਮ ਨੇ ਕੁੜੀਆਂ ਦੀ ਭਾਲ ਨੂੰ ਚੁਣੌਤੀਪੂਰਨ ਦੱਸਿਆ
ਵਾਸ਼ਿੰਗਟਨ: ਬੋਕੋ ਹਰਮ ਬਾਗ਼ੀਆਂ ਵੱਲੋਂ ਅਗ਼ਵਾ ਕੀਤੀਆਂ 230 ਸਕੂਲੀ ਕੁੜੀਆਂ ਦੀ ਭਾਲ ਲਈ ਅਬੂਜਾ ਸਰਕਾਰ ਦੀ ਮਦਦ ਲਈ ਨਾਇਜੀਰੀਆ ਪੁੱਜੀ ਅਮਰੀਕੀ ਟੀਮ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ ਵਿਭਾਗ ਦੀ ਤਰਜਮਾਨ ਜੇਨ ਸੈਕੀ ਨੇ ਆਖਿਆ ਕਿ ਇਹ ਚੁਣੌਤੀਪੂਰਨ ਕਾਰਜ ਹੈ। ਅੱਠ ਅਮਰੀਕੀ ਅਧਿਕਾਰੀਆਂ ਦੀ ਇਕ ਟੀਮ ਨਾਇਜੀਰੀਆ ਦੀ ਰਾਜਧਾਨੀ ਅਬੂਜਾ ਪੁੱਜੀ ਹੈ। ਇਸ ਵਿਚ ਅਫਰੀਕਾ ਦੀ ਅਮਰੀਕੀ ਕਮਾਂਡ ਤੋਂ ਸੱਤ ਤੇ ਵਿਦੇਸ਼ ਵਿਭਾਗ ਤੋਂ ਇਕ ਅਧਿਕਾਰੀ ਸ਼ਾਮਲ ਹਨ। ਬੀਬੀ ਸੈਕੀ ਨੇ ਕਿਹਾ ਕਿ ਉਹ ਅਧਿਕਾਰੀਆਂ ਤੇ ਮੁਕਾਮੀ ਲੋਕਾਂ ਨਾਲ ਮਿਲ ਕੇ ਕੰਮ ਕਰਨਗੇ। ਉਹ ਤਕਨੀਕੀ ਅਤੇ ਪੜਤਾਲੀਆ ਇਮਦਾਦ ਦੇਣਗੇ, ਅਗ਼ਵਾਕਾਰਾਂ ਨਾਲ ਗੱਲਬਾਤ, ਫ਼ੌਜੀ ਯੋਜਨਾਬੰਦੀ ਤੇ ਅਪਰੇਸ਼ਨ ਬਾਰੇ ਸਲਾਹ ਦੇਣਗੇ। ਪੈਂਟਾਗਨ ਦੇ ਪ੍ਰੈੱਸ ਸੈਕਟਰੀ ਰੀਅਰ ਐਡਮਿਰਲ ਜੌਨ੍ਹ ਕਿਰਬੀ ਨੇ ਦੱਸਿਆ ਕਿ ਰੱਖਿਆ ਮੰਤਰੀ ਵੱਲੋਂ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

Be the first to comment

Leave a Reply

Your email address will not be published.