ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲਾ ਲੇਖ ਉਸ ਸਲੋਕ ‘ਤੇ ਖ਼ਤਮ ਹੋਇਆ ਸੀ ਜਿਸ ਵਿਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਅਕਾਲ ਪੁਰਖ ਦੇ ਦਰ ‘ਤੇ ਟੁੱਟੀ ਉਦੋਂ ਗੰਢ ਹੋ ਜਾਂਦੀ ਹੈ, ਜਦੋਂ ਮਨੁੱਖ ਪਰਮਾਤਮਾ ਦੀ ਸੱਚੀ ਸਿਫਤਿ-ਸਾਲਾਹ ਕਰਦਾ ਹੈ। ਇਸ ਵਿਚ ਇਹ ਪੰਕਤੀ Ḕਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥Ḕ ਸਮਾਜਿਕ ਨੁਕਤੇ ਤੋਂ ਬਹੁਤ ਮਹੱਤਵ ਰੱਖਦੀ ਹੈ ਅਤੇ ਉਸ ਦੇ ਅਰਥ ਆਮ ਮਨੁੱਖ ਨੂੰ ਸਪੱਸ਼ਟ ਹੋਣੇ ਚਾਹੀਦੇ ਹਨ। ਆਮ ਹੀ ਜਦੋਂ ਕਿਸੇ ਦੇ ਘਰ ਲੜਕਾ ਹੁੰਦਾ ਹੈ ਅਤੇ ਲੋਕ ਬਾਣੀ ਦਾ ਪਾਠ ਜਾਂ ਕੀਰਤਨ ਕਰਾਉਂਦੇ ਹਨ ਤਾਂ ਰਾਗੀ ਜਾਂ ਗ੍ਰੰਥੀ ਸਿੰਘ ਕਿਸੇ ਦੇ ਘਰ ਪੁੱਤਰ ਦਾ ਪੈਦਾ ਹੋਣਾ ਕਿੰਨਾ ਜ਼ਰੂਰੀ ਹੈ, ਇਸ ਦਾ ਸਮਰਥਨ ਗੁਰੂ ਨਾਨਕ ਸਾਹਿਬ ਦੇ ਇਸ ਸਲੋਕ ਦੀ ਤੁਕ ਦਾ ਆਸਰਾ ਲੈ ਕੇ ਕਰਦੇ ਹਨ, Ḕਪੁਤੀ ਗੰਢੁ ਪਵੈ ਸੰਸਾਰਿ॥Ḕ ਇਸ ਨਾਲ ਆਮ ਇਨਸਾਨ ਦੇ ਮਨ ਵਿਚ ਇਹ ਗੱਲ ਬੈਠ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ ਕਿ ਸੰਸਾਰ ਨਾਲ ਸਾਂਝ ਪਾਉਣ ਵਾਸਤੇ ਕਿਸੇ ਦੇ ਘਰ ਪੁੱਤਰ ਦਾ ਪੈਦਾ ਹੋਣਾ ਕਿੰਨਾ ਜ਼ਰੂਰੀ ਹੈ। ਅਸਲ ਵਿਚ ਪ੍ਰਚਾਰਕ ਇਸ ਦੀ ਪਹਿਲੀ ਪੰਕਤੀ ਬੋਲਦੇ ਹੀ ਨਹੀਂ Ḕਗੋਰੀ ਸੇਤੀ ਤੁਟੈ ਭਤਾਰੁ॥Ḕ
ਪ੍ਰੋæ ਸਾਹਿਬ ਸਿੰਘ ਨੇ ਇਸ ਦਾ ਅਰਥ ਕੀਤਾ ਹੈ, “ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ ਤਾਂ ਜਗਤ ਵਿਚ (ਇਨ੍ਹਾਂ ਦਾ) ਜੋੜ ਪੁੱਤਰਾਂ ਰਾਹੀਂ ਬਣਦਾ ਹੈ।” ਸਾਰੇ ਸਲੋਕ ਨੂੰ ਧਿਆਨ ਨਾਲ ਵਾਚਿਆਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਸਾਹਿਬ ਵੱਖ ਵੱਖ ਚੀਜ਼ਾਂ ਦੇ ਜੁੜਨ ਦੀ ਗੱਲ ਕਰ ਰਹੇ ਹਨ ਜਿਵੇਂ ਕੈਂਹ, ਸੋਨਾ ਅਤੇ ਲੋਹਾ ਆਦਿ ਧਾਤਾਂ ਨੂੰ ਲੋਹਾਰ ਅਗਨੀ ਰਾਹੀਂ ਗੰਢਦਾ ਹੈ, ਇਸੇ ਤਰ੍ਹਾਂ ਪਰਜਾ ਅਤੇ ਰਾਜਾ ਦੀ ਗੰਢ ਟੈਕਸ ਜਾਂ ਮਾਮਲੇ ਨਾਲ ਪੈਂਦੀ ਹੈ, ਭੁੱਖੇ ਦੀ ਰੋਟੀ ਖਾਣ ਨਾਲ, ਕਾਲ ਨੂੰ ਮੀਂਹ ਰਾਹੀਂ ਨਦੀਆਂ ਵਿਚ ਪਾਣੀ ਭਰਨ ਨਾਲ, ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ, ਵੇਦ ਅਰਥਾਤ ਧਰਮ ਪੁਸਤਕਾਂ ਨਾਲ ਸਬੰਧ ਸੱਚ ਰਾਹੀਂ ਪੈਂਦਾ ਹੈ। ਇਸੇ ਤਰ੍ਹਾਂ ਜੇ ਪਤੀ-ਪਤਨੀ ਦੀ ਆਪਸ ਵਿਚ ਪ੍ਰੀਤ ਟੁੱਟ ਜਾਵੇ ਤਾਂ ਉਨ੍ਹਾਂ ਦੇ ਜੁੜਨ ਦਾ ਕਾਰਨ ਪੁੱਤਰ ਬਣਦਾ ਹੈ।
ਇਸ ਸਲੋਕ ਤੋਂ ਅੱਗੇ ਪਉੜੀ ਵਿਚ ਗੁਰੂ ਨਾਨਕ ਸਾਹਿਬ ਉਸ ਕਾਦਰ ਦੀ ਸਾਜੀ ਕੁਦਰਤ ਦਾ ਅਤੇ ਉਸ ਰਾਹੀਂ ਕੀਤੀ ਜਾਂਦੀ ਸੰਭਾਲ ਦਾ ਜ਼ਿਕਰ ਕਰਦੇ ਹਨ। ਗੁਰੂ ਸਾਹਿਬ ਦੱਸਦੇ ਹਨ ਕਿ ਉਹ ਅਕਾਲ ਪੁਰਖ ਇਸ ਕੁਦਰਤ ਦੀ ਆਪ ਹੀ ਸਾਜਨਾ ਕਰਦਾ ਹੈ ਅਤੇ ਫਿਰ ਆਪ ਹੀ ਇਸ ਦੀ ਸੰਭਾਲ ਕਰਦਾ ਹੈ। ਉਸ ਦੀ ਇਸ ਸਾਜੀ ਹੋਈ ਕੁਦਰਤ ਵਿਚ ਕੁਝ ਮਨੁੱਖ ਅਜਿਹੇ ਹਨ ਜੋ ਮਨੁੱਖਤਾ ਦੇ ਪੈਮਾਨੇ ‘ਤੇ ਪੂਰੇ ਨਹੀਂ ਉਤਰਦੇ, ਉਨ੍ਹਾਂ ਨੂੰ ਖੋਟੇ ਮੰਨਿਆ ਜਾਂਦਾ ਹੈ। ਕੁਝ ਹਰ ਮਾਪ-ਦੰਡ ‘ਤੇ ਪੂਰੇ ਉਤਰਦੇ ਹਨ ਅਤੇ ਉਨ੍ਹਾਂ ਨੂੰ ਖਰੇ ਮੰਨਿਆ ਜਾਂਦਾ ਹੈ। ਕੌਣ ਖਰਾ ਹੈ ਅਤੇ ਕੌਣ ਖੋਟਾ ਹੈ? ਇਸ ਦੀ ਪਰਖ ਵੀ ਉਹ ਅਕਾਲ ਪੁਰਖ ਆਪ ਹੀ ਕਰਦਾ ਹੈ। ਜਿਸ ਤਰ੍ਹਾਂ ਖਰੇ ਸਿੱਕਿਆਂ ਨੂੰ ਖਜ਼ਾਨੇ ਵਿਚ ਪਾ ਦਿੱਤਾ ਜਾਂਦਾ ਹੈ ਅਤੇ ਖੋਟੇ ਸਿੱਕਿਆਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਜੋ ਮਨੁੱਖ ਪੈਮਾਨੇ ‘ਤੇ ਪੂਰੇ ਉਤਰਦੇ ਹਨ, ਉਹ ਅਕਾਲ ਪੁਰਖ ਦੇ ਦਰ ‘ਤੇ ਪ੍ਰਵਾਨ ਹੋ ਜਾਂਦੇ ਹਨ ਅਤੇ ਜਿਹੜੇ ਖੋਟੇ ਹੁੰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਕੋਈ ਥਾਂ ਨਹੀਂ ਮਿਲਦੀ। ਖੋਟੇ ਜੀਵਾਂ ਨੂੰ ਭਲਿਆਂ ਵਿਚ ਥਾਂ ਨਹੀਂ ਮਿਲਦੀ, ਪਰਮਾਤਮਾ ਦੇ ਦਰ ‘ਤੇ ਮਨਜ਼ੂਰੀ ਨਹੀਂ ਮਿਲਦੀ ਪਰ ਹੋਰ ਕੋਈ ਵੀ ਅਜਿਹੀ ਥਾਂ ਨਹੀਂ ਜਿੱਥੇ ਉਹ ਫਰਿਆਦ ਕਰ ਸਕਣ। ਇਨ੍ਹਾਂ ਵਾਸਤੇ ਸਭ ਤੋਂ ਚੰਗੀ ਕਰਣੀ ਇਹ ਹੋ ਸਕਦੀ ਹੈ ਕਿ ਇਹ ਸਤਿਗੁਰੂ ਦਾ ਓਟ-ਆਸਰਾ ਲੈਣ, ਉਸ ਦੀ ਸ਼ਰਨ ਜਾ ਪੈਣ। ਗੁਰੂ ਵਿਚ ਇਹ ਸਮਰੱਥਾ ਹੈ ਕਿ ਉਹ ਖੋਟੇ ਮਨੁੱਖਾਂ ਨੂੰ ਵੀ ਖਰੇ ਬਣਾ ਦਿੰਦਾ ਹੈ। (ਜਿਵੇਂ ਆਸਾ ਦੀ ਵਾਰ ਵਿਚ ਦੱਸਿਆ ਹੈ ਕਿ ਗੁਰੂ ਵਿਚ ਇਹ ਸਮਰੱਥਾ ਹੈ ਕਿ ਉਹ ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ)। ਗੁਰੂ ਆਪਣੇ ਸ਼ਬਦ ਰਾਹੀਂ ਮਨੁੱਖਾਂ ਨੂੰ ਚੰਗੇ ਬਣਾ ਦੇਣ ਅਤੇ ਸਹੀ ਰਸਤੇ ‘ਤੇ ਪਾ ਸਕਣ ਦੇ ਸਮਰੱਥ ਹੈ। ਇਸ ਤਰ੍ਹਾਂ ਸਤਿਗੁਰੂ ਦੀ ਬਖ਼ਸ਼ਿਸ਼ ਰਾਹੀਂ ਪ੍ਰਾਪਤ ਕੀਤੇ ਪ੍ਰੇਮ ਦਾ ਸਦਕਾ ਉਹ ਅਕਾਲ ਪੁਰਖ ਦੀ ਦਰਗਾਹ ਵਿਚ ਸਤਿਕਾਰ ਪ੍ਰਾਪਤ ਕਰਦੇ ਹਨ। ਜਿਨ੍ਹਾਂ ਨੂੰ ਕਰਤਾ ਪੁਰਖ ਨੇ ਆਪ ਬਖਸ਼ ਲਿਆ ਹੈ, ਉਨ੍ਹਾਂ ਦੀ ਨਿੰਦਿਆ ਫਿਰ ਕਿਸੇ ਨੇ ਕੀ ਕਰਨੀ ਹੋਈ,
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥
ਖਰੇ ਖਜਾਨੇ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ॥ (ਪੰਨਾ ੧੪੩)
ਅਗਲਾ ਸਲੋਕ ਗੁਰੂ ਨਾਨਕ ਸਾਹਿਬ ਦਾ ਹੈ ਜਿਸ ਵਿਚ ਜ਼ਿਆਦਾ ਸ਼ਬਦ ਫਾਰਸੀ ਬੋਲੀ ਦੇ ਹਨ। ਇਸ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਅਕਾਲ ਪੁਰਖ ਹੀ ਅਜਿਹੀ ਹਸਤੀ ਹੈ ਜਿਸ ਦੀ ਹੋਂਦ ਸਦੀਵੀ ਹੈ। ਬਾਕੀ ਦੁਨੀਆਂ ਦੇ ਬੰਦੇ ਭਾਵੇਂ ਕਿੰਨੇ ਵੱਡੇ ਵੀ ਹਨ, ਹਰ ਇੱਕ ਨੇ ਇੱਕ ਦਿਨ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ ਅਤੇ ਧਰਤੀ ਦੇ ਥੱਲੇ ਦਫਨ ਹੋ ਜਾਣਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਪੀਰ, ਸ਼ੇਖ਼, ਰਾਇ ਆਦਿ ਅੰਤ ਵਿਚ ਸਾਰੇ ਧਰਤੀ ਦੇ ਥੱਲੇ ਆ ਜਾਂਦੇ ਹਨ। ਬਾਦਸ਼ਾਹ ਆਦਿ ਜਿਹੜੇ ਸੰਸਾਰ ‘ਤੇ ਆਪਣਾ ਹੁਕਮ ਚਲਾਉਂਦੇ ਹਨ, ਉਹ ਵੀ ਖਤਮ ਹੋ ਜਾਂਦੇ ਹਨ। ਅਕਾਲ ਪੁਰਖ ਅੱਗੇ ਅਰਜ਼ੋਈ ਕਰਦੇ ਹਨ ਕਿ ਇੱਕ ਤੂੰ ਹੀ ਹੈਂ ਜੋ ਸਦੀਵੀ ਹੈਂ,
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ॥
ਮੇਰਵਦਿ ਬਾਦਿਸਾਹਾ ਅਫਜੂ ਖੁਦਾਇ॥
ਏਕ ਤੂਹੀ ਏਕ ਤੁਹੀ॥੧॥ (ਪੰਨਾ ੧੪੩)
ਅਗਲੇ ਸਲੋਕ ਵਿਚ ਗੁਰੂ ਨਾਨਕ ਦੇਵ ਇਸ ਖਿਆਲ ਨੂੰ ਜਾਰੀ ਰੱਖਦੇ ਹੋਏ ਦੱਸਦੇ ਹਨ ਕਿ ਦੇਵਤੇ, ਦੈਂਤ, ਮਨੁੱਖ, ਜੋਗ-ਸਾਧਨਾ ਕਰਨ ਵਾਲੇ ਜੋਗੀ ਆਦਿ ਕੋਈ ਵੀ ਇਸ ਧਰਤੀ ‘ਤੇ ਨਹੀਂ ਰਿਹਾ, ਸਭ ਚਲੇ ਗਏ। ਤੇਰੇ ਬਿਨਾ ਇਸ ਸ੍ਰਿਸ਼ਟੀ ‘ਤੇ ਸਦਾ ਕਾਇਮ ਰਹਿਣ ਵਾਲਾ ਹੋਰ ਕੌਣ ਹੈ? ਸਿਰਫ ਤੂੰ ਹੀ ਹੇ ਪਰਵਦਗਾਰ! ਸਦਾ ਕਾਇਮ ਰਹਿਣ ਵਾਲਾ ਹੈਂ,
ਨ ਦੇਵ ਦਾਨਵਾ ਨਰਾ॥ ਨ ਸਿਧ ਸਾਧਿਕਾ ਧਰਾ॥
ਅਸਤਿ ਏਕ ਦਿਗਰਿ ਕੁਈ॥ ਏਕ ਤੁਈ ਏਕ ਤੁਈ॥੨॥ (ਪੰਨਾ ੧੪੩-੧੪੪)
ਅਗਲੇ ਸਲੋਕ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਨਾ ਹੀ ਦੂਸਰਿਆਂ ਦੇ ਝਗੜੇ ਨਿਬੇੜ ਕੇ ਉਨ੍ਹਾਂ ਨੂੰ ਇਨਸਾਫ ਦੇਣ ਵਾਲੇ ਬੰਦੇ ਸਦੀਵੀ ਰਹਿਣ ਵਾਲੇ ਹਨ। ਨਾ ਧਰਤੀ ਦੇ ਹੇਠਲੇ ਸੱਤ ਪਤਾਲ ਸਦੀਵੀ ਕਾਇਮ ਰਹਿ ਸਕਦੇ ਹਨ। ਸਦਾ ਕਾਇਮ ਰਹਿਣ ਵਾਲਾ ਹੋਰ ਦੂਸਰਾ ਕੌਣ ਹੈ? ਹੇ ਅਕਾਲ ਪੁਰਖ! ਸਦੀਵੀ ਕਾਇਮ ਰਹਿਣ ਵਾਲਾ ਇੱਕ ਤੂੰ ਹੀ ਹੈਂ,
ਨ ਦਾਦੇ ਦਿਹੰਦ ਆਦਮੀ॥ ਨ ਸਪਤ ਜੇਰ ਜਿਮੀ॥
ਅਸਤਿ ਏਕ ਦਿਗਰਿ ਕੁਈ॥ ਏਕ ਤੁਈ ਏਕ ਤੁਈ॥੩॥ (ਪੰਨਾ ੧੪੪)
ਇਸ ਸ੍ਰਿਸ਼ਟੀ ‘ਤੇ ਸਭ ਕੁਝ ਉਸ ਅਕਾਲ ਪੁਰਖ ਵੱਲੋਂ ਪੈਦਾ ਕੀਤਾ ਹੋਇਆ ਹੈ। ਇਸ ਲਈ ਜੋ ਕੁਝ ਪੈਦਾ ਹੁੰਦਾ ਹੈ, ਉਸ ਨੇ ਇੱਕ ਦਿਨ ਨਸ਼ਟ ਵੀ ਜ਼ਰੂਰ ਹੋਣਾ ਹੁੰਦਾ ਹੈ। ਸੂਰਜ, ਚੰਦ੍ਰਮਾ, ਆਕਾਸ਼-ਇਹ ਸਭ ਕੁਝ ਅਕਾਲ ਪੁਰਖ ਰਾਹੀਂ ਸਿਰਜਿਤ ਹੈ, ਇਸ ਲਈ ਇਹ ਸਭ ਕੁਝ ਇੱਕ ਦਿਨ ਖਤਮ ਹੋ ਜਾਣਾ ਹੈ। ਪੁਰਾਣੇ ਸਮੇਂ ਤੋਂ ਹੀ ਇਸ ਧਰਤੀ ਨੂੰ ਸੱਤ ਦੀਪਾਂ ਵਿਚ ਵੰਡਿਆ ਗਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸੱਤ ਦੀਪ, ਸਾਰੇ ਪਾਣੀ, ਅੰਨ, ਹਵਾ ਆਦਿ ਕੁਝ ਵੀ ਸਥਿਰ ਨਹੀਂ ਹੈ। ਉਹ ਇੱਕ ਅਕਾਲ ਪੁਰਖ ਹੀ ਸਦੀਵੀ ਹੈ,
ਨ ਸੂਰ ਸਸਿ ਮੰਡਲੋ॥ ਨ ਸਪਤ ਦੀਪ ਨਹ ਜਲੋ॥
ਅੰਨ ਪਉਣ ਥਿਰੁ ਨ ਕੁਈ॥ ਏਕ ਤੁਈ ਏਕ ਤੁਈ॥੪॥ (ਪੰਨਾ ੧੪੪)
ਗੁਰੂ ਨਾਨਕ ਅੱਗੇ ਦੱਸਦੇ ਹਨ ਕਿ ਸੰਸਾਰਕ ਜੀਵਾਂ ਨੂੰ ਰਿਜ਼ਕ ਦੇਣਾ ਵੀ ਪਰਮਾਤਮਾ ਦੇ ਹੱਥ ਵਿਚ ਹੈ, ਕਿਸੇ ਹੋਰ ਦੇ ਨਹੀਂ, ਇਨਸਾਨ ਦੇ ਹੱਥ ਵਿਚ ਨਹੀਂ ਹੈ। ਇਸ ਲਈ ਸਾਰੇ ਜੀਵਾਂ ਨੂੰ ਉਸ ਅਕਾਲ ਪੁਰਖ ਦੀ ਹੀ ਇੱਕ ਆਸ ਹੈ, ਕਿਉਂਕਿ ਮਨੁੱਖ ਦਾ ਹੋਰ ਕੋਈ ਸਦੀਵੀ ਆਸਰਾ ਨਹੀਂ ਹੈ। ਸਦੀਵੀ ਕਾਇਮ ਰਹਿਣ ਵਾਲਾ ਸਿਰਫ ਉਹ ਇੱਕ ਅਕਾਲ ਪੁਰਖ ਹੀ ਹੈ,
ਨ ਰਿਜਕੁ ਦਸਤ ਆ ਕਸੇ॥ ਹਮਾ ਰਾ ਏਕ ਆਸ ਵਸੇ॥
ਅਸਤਿ ਏਕੁ ਦਿਗਰ ਕੁਈ॥ ਏਕੁ ਤੁਈ ਏਕ ਤੁਈ॥੫॥ (ਪੰਨਾ ੧੪੪)
ਪਰਿੰਦਿਆਂ ਭਾਵ ਪੰਛੀਆਂ ਦੇ ਕੋਲ ਕੋਈ ਧਨ-ਦੌਲਤ ਨਹੀਂ ਹੈ ਅਰਥਾਤ ਉਨ੍ਹਾਂ ਕੋਲ ਕੋਈ ਰਿਜ਼ਕ ਨਹੀਂ ਹੈ। ਉਹ ਅਕਾਲ ਪੁਰਖ ਦੇ ਰਚੇ ਰੁੱਖਾਂ ਅਤੇ ਪਾਣੀ ਦੇ ਆਸਰੇ ਆਪਣਾ ਜੀਵਨ ਨਿਰਬਾਹ ਕਰਦੇ ਹਨ। ਉਨ੍ਹਾਂ ਨੂੰ ਰੋਜ਼ੀ ਦੇਣ ਵਾਲਾ ਉਹ ਅਕਾਲ ਪੁਰਖ ਹੀ ਹੈ। ਪਰਮਾਤਮਾ ਸਭ ਨੂੰ ਪਾਲਣ ਵਾਲਾ ਹੈ,
ਪਰੰਦਏ ਨ ਗਿਰਾਹ ਜਰ॥ ਦਰਖਤ ਆਬ ਆਸ ਕਰ॥
ਦਿਹੰਦ ਸੁਈ॥ ਏਕ ਤੁਈ ਏਕ ਤੁਈ॥੬॥
ਅਗਲੇ ਸਲੋਕ ਵਿਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਵਾਪਰਦਾ ਹੈ। ਜੋ ਕੁਝ ਵੀ ਜੀਵ ਆਪਣੇ ਮੱਥੇ ‘ਤੇ ਅਕਾਲ ਪੁਰਖ ਵੱਲੋਂ ਲਿਖਵਾ ਕੇ ਲਿਆਉਂਦਾ ਹੈ, ਉਸ ਨੂੰ ਕੋਈ ਮੇਟ ਨਹੀਂ ਸਕਦਾ। ਇਸੇ ਨੂੰ ਜਪੁਜੀ ਵਿਚ ‘ਨਾਨਕ ਲਿਖਿਆ ਨਾਲਿ’ ਕਿਹਾ ਹੈ। ਉਹ ਜੀਵ ਅੰਦਰ ਜਾਨ ਪਾਉਂਦਾ ਹੈ ਅਤੇ ਉਹੀ ਉਸ ਨੂੰ ਕੱਢ ਲੈਂਦਾ ਹੈ। ਇਸ ਤਰ੍ਹਾਂ ਜੀਵਾਂ ਨੂੰ ਸੱਤਿਆ ਦੇਣ ਵਾਲਾ ਅਤੇ ਖੋਹ ਲੈਣ ਵਾਲਾ ਵੀ ਉਹੀ ਹੈ,
ਨਾਨਕ ਲਿਲਾਰਿ ਲਿਖਿਆ ਸੋਇ॥ ਮੇਟਿ ਨ ਸਾਕੈ ਕੋਇ॥
ਕਲਾ ਧਰੈ ਹਿਰੈ ਸੁਈ॥ ਏਕੁ ਤੁਈ ਏਕੁ ਤੁਈ॥੭॥ (ਪੰਨਾ ੧੪੪)
ਇਸ ਤੋਂ ਅੱਗੇ ਪਉੜੀ ਵਿਚ ਗੁਰੂ ਨਾਨਕ ਦੇਵ ਅਕਾਲ ਪੁਰਖ ਦੇ ਸ੍ਰਿਸ਼ਟੀ ਵਿਚ ਵਰਤ ਰਹੇ ਹੁਕਮ ਅਤੇ ਉਸ ਹੁਕਮ ਦਾ ਗਿਆਨ ਪ੍ਰਾਪਤ ਕਰਨ ਦੀ ਗੱਲ ਕਰ ਰਹੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਸਦੀਵੀ ਹੋਂਦ ਵਾਲੀ ਹਸਤੀ ਹੈ ਅਤੇ ਸੰਸਾਰ ਅੰਦਰ ਵਰਤ ਰਿਹਾ ਉਸ ਦਾ ਹੁਕਮ ਵੀ ਸਦੀਵੀ ਹੈ। ਇਸ ਹੁਕਮ ਦਾ ਗਿਆਨ ਅਤੇ ਸੋਝੀ ਉਨ੍ਹਾਂ ਮਨੁੱਖਾਂ ਨੂੰ ਹੁੰਦੀ ਹੈ ਜੋ ਗੁਰੂ ਦੇ ਸਨਮੁਖ ਹੁੰਦੇ ਹਨ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਿੱਖਿਆ ਗ੍ਰਿਹਣ ਕਰਕੇ ਗੁਰੂ ਦੀ ਮੱਤ ਅਪਨਾ ਲਈ ਹੈ ਅਤੇ ਆਪਣੇ ਅੰਦਰ ‘ਮੈਂ’ ਦੀ ਭਾਵਨਾ ਨੂੰ ਖਤਮ ਕਰ ਦਿੱਤਾ ਹੈ, ਉਨ੍ਹਾਂ ਨੇ ਉਸ ਸਦੀਵੀ ਹਸਤੀ ਅਕਾਲ ਪੁਰਖ ਦੀ ਪਛਾਣ ਕਰ ਲਈ ਹੈ।
ਗੁਰੂ ਨਾਨਕ ਸਾਹਿਬ ਅੱਗੇ ਦੱਸਦੇ ਹਨ ਕਿ ਉਸ ਅਕਾਲ ਪੁਰਖ ਦਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਤੱਕ ਪਹੁੰਚਣ ਲਈ ਗੁਰੂ ਦਾ ਸ਼ਬਦ ਰਾਹਦਾਰੀ ਹੈ ਅਰਥਾਤ ਗੁਰੂ ਦੇ ਸ਼ਬਦ ਤੋਂ ਬਿਨਾ ਉਸ ਤੱਕ ਪਹੁੰਚ ਸਕਣਾ ਮੁਸ਼ਕਿਲ ਹੈ। ਜਿਹੜੇ ਸੱਚੇ ਸ਼ਬਦ ‘ਤੇ ਵਿਚਾਰ ਕਰਕੇ ਉਸ ਦਾ ਪਾਲਣ ਕਰਦੇ ਹਨ, ਉਸ ਅਨੁਸਾਰ ਚੱਲਦੇ ਹਨ, ਉਹ ਉਸ ਸੱਚ ਨਾਲ ਇੱਕਸੁਰ ਹੋ ਜਾਂਦੇ ਹਨ (ਗੁਰਮਤਿ ਵਿਚ ਧਿਆਨ ਦੇਣ ਜੋਗ ਜ਼ਰੂਰੀ ਗੱਲ ਇਹ ਹੈ ਕਿ ਇਸ ਵਿਚ ਸ਼ਬਦ ਨੂੰ ਵੀ ਵਿਚਾਰ ਰਾਹੀਂ ਗ੍ਰਿਹਣ ਕਰਨ ਦੀ ਸਿਫਾਰਸ਼ ਕੀਤੀ ਹੈ)। ਆਪਣੇ ਮਨ ਦੀ ਮੱਤ ਅਨੁਸਾਰ ਚੱਲਣ ਵਾਲੇ ਮਨੁੱਖ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ, ਕੂੜ ਹੀ ਪ੍ਰਾਪਤ ਕਰਦੇ ਹਨ, ਅਜਿਹੇ ਮਨੁੱਖ ਆਪਣੇ ਰਸਤੇ ਤੋਂ ਭਟਕ ਜਾਂਦੇ ਹਨ ਅਤੇ ਠੋਕਰਾਂ ਖਾਂਦੇ ਹਨ। ਕੂੜ ਦੇ ਵਪਾਰੀ ਹੋਣ ਕਰਕੇ ਉਹ ਸ਼ਬਦ ਦਾ ਅਨੰਦ ਸਮਝ ਤੇ ਮਾਣ ਸਕਦੇ। ਅਕਾਲ ਪੁਰਖ ਦੇ ਨਾਮ ਦੇ ਓਟ-ਆਸਰੇ ਤੋਂ ਬਿਨਾ ਉਹ ਦੁੱਖ ਸਹਾਰਦੇ ਹਨ ਅਤੇ ਜਨਮ-ਮਰਨ ਦੇ ਚੱਕਰ ਵਿਚ ਪਏ ਰਹਿੰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਸੱਚੇ ਤੇ ਝੂਠੇ ਅਤੇ ਖਰੇ ਤੇ ਖੋਟੇ ਦੀ ਪਰਖ ਕਰਨ ਵਾਲਾ ਅਕਾਲ ਪੁਰਖ ਆਪ ਹੀ ਹੈ,
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ॥ ਗੁਰਮਤੀ ਆਪੁ ਗਵਾਇ ਸਚੁ ਪਛਾਣਿਆ॥
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ॥ ਸਚਾ ਸਬਦੁ ਵੀਚਾਰਿ ਸਚਿ ਸਮਾਣਿਆ॥ (ਪੰਨਾ ੧੪੪)
ਇਸ ਤੋਂ ਅੱਗੇ ਸਲੋਕ ਵਿਚ ਬਿਆਨ ਕਰ ਰਹੇ ਹਨ ਕਿ ਅਕਾਲ ਪੁਰਖ ਸਰਬਕਲਾ ਸਮਰੱਥ ਹੈ। ਉਸ ਨੂੰ ਜੋ ਚੰਗਾ ਲੱਗਦਾ ਹੈ, ਉਹ ਕਰ ਸਕਦਾ ਹੈ, ਉਹ ਅਸਚਰਜ ਤੋਂ ਅਸਚਰਜ ਵਰਤਾਰਾ ਵਰਤਾ ਸਕਦਾ ਹੈ, ਜੇ ਉਸ ਦਾ ਭਾਣਾ ਹੋਵੇ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਸ਼ੇਰ, ਬਾਜ, ਚਰਗ ਅਤੇ ਕੂਹੀਆਂ ਇਹ ਮਾਸ-ਖੋਰੇ ਜਾਨਵਰ ਜਾਂ ਪੰਛੀ ਹਨ। ਪਰ ਜੇ ਅਕਾਲ ਪੁਰਖ ਦਾ ਹੁਕਮ ਹੋਵੇ ਤਾਂ ਉਹ ਇਨ੍ਹਾਂ ਮਾਸ ਖਾਣੇ ਜਾਨਵਰਾਂ ਨੂੰ ਵੀ ਘਾਹ ਖੁਆ ਦਿੰਦਾ ਹੈ ਅਰਥਾਤ ਉਨ੍ਹਾਂ ਦਾ ਸੁਭਾਅ ਬਦਲ ਦਿੰਦਾ ਹੈ। ਜੋ ਜੀਵ ਘਾਹ ਖਾਂਦੇ ਹਨ ਉਨ੍ਹਾਂ ਨੂੰ ਮਾਸ ਖਵਾ ਦਿੰਦਾ ਹੈ, ਇਸ ਤਰ੍ਹਾਂ ਅਕਾਲ ਪੁਰਖ ਅਜਿਹੇ ਹੈਰਾਨੀਜਨਕ ਰਸਤੇ ਤੋਰ ਦਿੰਦਾ ਹੈ। ਅਕਾਲ ਪੁਰਖ ਚਾਹੇ ਤਾਂ ਵਗਦੀਆਂ ਨਦੀਆਂ ਵਿਚ ਟਿੱਬੇ (ਰੇਤ ਦੇ ਢੇਰ) ਦਿਖਾ ਦਿੰਦਾ ਹੈ ਅਤੇ ਰੇਤਲੇ ਟਿੱਬਿਆਂ ਨੂੰ ਡੂੰਘੇ ਪਾਣੀ ਬਣਾ ਦਿੰਦਾ ਹੈ। ਇਸ ਤਰ੍ਹਾਂ ਕਮਜ਼ੋਰ ਜੀਵਾਂ ਨੂੰ (ਜਿਨ੍ਹਾਂ ਨੂੰ ਕੀੜੇ ਵਰਗੇ ਤੁੱਛ ਸਮਝਿਆ ਜਾਂਦਾ ਹੈ) ਬਾਦਸ਼ਾਹਤ ਦੇ ਕੇ ਤਖ਼ਤ ‘ਤੇ ਬਿਠਾ ਦਿੰਦਾ ਹੈ ਅਤੇ ਜੇ ਉਸ ਦਾ ਭਾਣਾ ਹੋਵੇ ਤਾਂ ਬਾਦਸ਼ਾਹਾਂ ਦੇ ਲਸ਼ਕਰਾਂ ਨੂੰ ਘੜੀ-ਪਲ ਵਿਚ ਸੁਆਹ ਕਰ ਦਿੰਦਾ ਹੈ। ਸੰਸਾਰ ‘ਤੇ ਜਿੰਨੇ ਵੀ ਜੀਵ ਹਨ, ਸਾਹ ਲੈ ਕੇ ਜਿਉਂਦੇ ਹਨ ਪਰ ਜੇ ਅਕਾਲ ਪੁਰਖ ਚਾਹੇ ਤਾਂ ਬਿਨਾ ਸਾਹ ਤੋਂ ਵੀ ਜਿਉਂਦਾ ਰੱਖ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਵੇਂ ਜਿਵੇਂ ਅਕਾਲ ਪੁਰਖ ਦੀ ਰਜ਼ਾ ਹੈ, ਉਵੇਂ ਉਵੇਂ ਜੀਵਾਂ ਨੂੰ ਰੋਜ਼ੀ ਦਿੰਦਾ ਹੈ,
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ॥
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ॥
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ॥
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ॥
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ॥੧॥ (ਪੰਨਾ ੧੪੪)

Be the first to comment

Leave a Reply

Your email address will not be published.