ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਚਾਨਕ ਬਣਿਆ ਇਕ ਜ਼ਾਤੀ ਝਮੇਲਾ ਸਾਂਝਾ ਕਰਨ ਦੀ ਗੁਸਤਾਖੀ ਇਹ ਸੋਚ ਕੇ ਕਰ ਰਿਹਾਂ ਕਿ ਜ਼ਾਤੀ ਮਸਲੇ ਹੀ ਤਾਂ ਰਲ-ਮਿਲ ਕੇ ਜਮਾਤੀ ਸਮੱਸਿਆਵਾਂ ਬਣ ਜਾਂਦੇ ਹਨ। ਜ਼ਾਤੀ ਮਸਲਿਆਂ-ਸਮੱਸਿਆਵਾਂ ਦਾ ਕਲਾਮਈ ਪ੍ਰਗਟਾਵਾ ਹੀ ਸਾਹਿਤ ਦਾ ਰੂਪ ਧਾਰਦਾ ਹੈ। ਆਪੋ-ਆਪਣੇ ਹੁਨਰ ਜਾਂ ਸਮਰੱਥਾ ਮੁਤਾਬਕ ਕੋਈ ਆਪਣੇ ਨਾਲ ਵਾਪਰੀ ਘਟਨਾ ਦੀ ਕਵਿਤਾ ਜਾਂ ਗੀਤ ਬਣਾ ਕੇ ਸ਼ਾਇਰ ਅਖਵਾਉਂਦਾ ਹੈ; ਕੋਈ ਨਾਟਕ, ਕਹਾਣੀ, ਨਾਵਲ ਜਾਂ ਫਿਲਮ ਬਣ ਦਿੰਦਾ ਹੈ। ਇਹ ਗੱਲ ਜੁਦਾ ਹੈ ਕਿ ਕੋਈ ਇਨ੍ਹਾਂ ਕਲਾ ਕਿਰਤਾਂ ਤੋਂ ਸੇਧ-ਸਿੱਖਿਆ ਲੈਂਦਾ ਹੈ, ਤੇ ਕੋਈ ਇਨ੍ਹਾਂ ਨੂੰ ਮਹਿਜ਼ ਮਨੋਰੰਜਨ ਦਾ ਜ਼ਰੀਆ ਸਮਝ ਕੇ ਘੜੀ ਭਰ ਹੱਸ-ਤੁਸ ਲੈਂਦਾ ਹੈ। ਇਹ ਪਾਠਕਾਂ/ਦਰਸ਼ਕਾਂ ਦੀ ਆਪੋ-ਆਪਣੀ ਸੋਚ ‘ਤੇ ਹੀ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਪੜ੍ਹੀ-ਸੁਣੀ ਸਾਹਿਤਕ ਸਮੱਗਰੀ ਦਾ ਕਿਹੋ ਜਿਹਾ ਪ੍ਰਭਾਵ ਕਬੂਲਣਾ ਹੈ।
ਇਸੇ 27 ਅਪਰੈਲ ਤੋਂ 8 ਮਈ ਤੱਕ ਜਿਵੇਂ ਅਸੀਂ ਬਾਰਾਂ ਦਿਨ ਭੰਬਲ ਭੂਸੇ ‘ਚ ਪਏ ਰਹੇ, ਇਹ ਦਿਲਚਸਪ ਵਿਥਿਆ ਸੁਣਾਉਣ ਤੋਂ ਪਹਿਲਾਂ, ਇਸੇ ਵਿਸ਼ੇ-ਵਸਤੂ ਦੀਆਂ ਕੁਝ ਹੋਰ ਹੱਡ-ਬੀਤੀਆਂ ਵੀ ਵਰਣਨ ਕਰ ਦਿਆਂ ਤਾਂ ਕਿ ਪਾਠਕ-ਜਨਾਂ ਦੀ ਸਿਮ੍ਰਤੀ ਵਿਚ, ਉਪਰੋਕਤ ਝਮੇਲੇ ਦੀਆਂ ਗੁੱਝੀਆਂ ਰਮਜ਼ਾਂ ਸਮਝਣ ਲਈ ਅਗਾਊਂ ਜ਼ਮੀਨ ਤਿਆਰ ਹੋ ਜਾਵੇ!
ਸੰਨ 2004 ਵਿਚ ਅਮਰੀਕਾ ਪਧਾਰ ਕੇ ਹਾਲੇ ਅਸੀਂ ਵੱਡੀ ਭੈਣ ਦੇ ਘਰੇ ਪ੍ਰਾਹੁਣਿਆਂ ਵਾਂਗ ਹੀ ਪ੍ਰਸ਼ਾਦੇ ਛਕਦੇ ਸਾਂ। ਘਰਵਾਲੀ ਨੇ ਕੁਝ ਬੀਬੀਆਂ ਦੇ ਸੂਟ ਸਿਉਂ ਕੇ ਅਤੇ ਮੈਂ ਇਕ-ਦੋ ਅਖੰਡ ਪਾਠ ਕਰ ਕੇ ਨਵੇਂ-ਨਵੇਂ ਡਾਲਰ ਜੇਬ੍ਹਾਂ ਵਿਚ ਪਾਏ ਸਨ। ਇਕ ਦਿਨ ਆਪਣੇ ਪਿੰਡ ਦੇ ਇਕ ਦੋਸਤ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਉਸ ਦਾ ਅਮਰੀਕਾ ਰਹਿੰਦਾ ਸਾਲਾ ਪੰਜਾਬ ਜਾ ਰਿਹਾ ਹੈ। ਆਪਣੀ ਪਤਨੀ ਨੂੰ ਦੱਸਿਆ ਤਾਂ ਉਸ ਨੂੰ ‘ਬਾਹਰਲਾ ਸਮਾਨ’ ਪਿੰਡ ਭੇਜਣ ਦਾ ਚਾਅ ਚੜ੍ਹ ਗਿਆ। ਉਹ ਤਾਂ ਲੱਗ ਪਈ ਖਰੀਦੀਆਂ ਜਾਣ ਵਾਲੀਆਂ ਆਈਟਮਾਂ ਦੀ ਲਿਸਟ ਬਣਾਉਣ! ਭੈਣ ਦੇ ਕਹੇ ਤੋਂ ਅਸੀਂ ਦੁਬਾਰਾ ਪਿੰਡ ਵਾਲੇ ਦੋਸਤ ਨੂੰ ਫੋਨ ਕਰ ਕੇ ਉਸ ਦੇ ਸਾਲੇ ਦੇ ਸ਼ਹਿਰ ਦਾ ਨਾਂ ਪੁੱਛਿਆ। ਜਵਾਬ ਮਿਲਿਆ, ਕੈਲੀਫੋਰਨੀਆ! ਮੈਂ ਹਾਸਾ ਰੋਕਦਿਆਂ ਪੁੱਛਿਆ ਕਿ ਇਹ ਤਾਂ ਸੂਬੇ ਦਾ ਨਾਂ ਹੈ; ਜਿਸ ‘ਸਿਟੀ’ ਵਿਚ ਉਹ ਰਹਿੰਦਾ ਹੈ, ਉਹਦਾ ਨਾਂ ਦੱਸੋ। ਚਿੱਠੀਆਂ ਦੀ ਫੋਲਾ-ਫਾਲੀ ਕਰ ਕੇ ਉਸ ਨੇ ‘ਰਿਚਮੰਡ’ ਸ਼ਹਿਰ ਦੀ ਦੱਸ ਪਾਈ।
ਫੋਨ ਕਰ ਕੇ ਰਿਚਮੰਡ ਵਾਲੇ ਮੁੰਡੇ ਨਾਲ ਸੰਪਰਕ ਤਾਂ ਬਣਾ ਲਿਆ, ਪਰ ਸਮੱਸਿਆ ਇਹ ਆ ਗਈ ਕਿ ਕੰਮ ਛੱਡ ਕੇ ਸਾਨੂੰ ਲੈ ਕੇ ਉਥੇ ਕੌਣ ਜਾਵੇ? ਵੱਡੇ ਭਾਣਜੇ ਦੀ ਮਿੰਨਤ ਕੀਤੀ। ਉਸ ਨੇ ਸਾਡੇ ਲਈ ਸੰਡੇ ਦੀ ਛੁੱਟੀ ‘ਕੁਰਬਾਨ ਕਰਨੀ’ ਮੰਨ ਲਈ। ਰਾਤ ਦੀ ਜੌਬ ਕਰਦੇ ਰਿਚਮੰਡ ਵਾਲੇ ਮੁੰਡੇ ਨੂੰ ਅਸੀਂ ਸਿਖਰ ਦੁਪਹਿਰੇ ਜਾ ਉਠਾਲਿਆ। ਅੱਧ-ਨੀਂਦੀਆਂ ਲਾਲ ਸੁਰਖ ਅੱਖਾਂ ਮਲਦਿਆਂ, ਉਸ ਵਿਚਾਰੇ ਨੇ ਉਂਜ ਸਾਨੂੰ ‘ਹੱਸ ਕੇ’ ਮਿਲਣ ਦੀ ਕੋਸ਼ਿਸ਼ ਕੀਤੀ। ਲੰਬੀਆਂ-ਲੰਬੀਆਂ ਉਬਾਸੀਆਂ ਲੈਂਦਿਆਂ ਜਦ ਉਸ ਨੇ ਸਾਡੇ ਕੋਲ ਵੱਡੇ ਸਾਰੇ ਪੋਟਲੇ ਵੱਲ ਨਜ਼ਰ ਮਾਰੀ ਤਾਂ ਉਹਦੇ ਚਿਹਰੇ ਦਾ ਰੰਗ ਸਾਡੇ ਹੱਥਾਂ ‘ਚ ਫੜੇ ਸੰਤਰੇ ਦੇ ਜੂਸ ਵਰਗਾ ਹੋ ਗਿਆ! ਤੁੰਨ-ਤੁੰਨ ਕੇ ਪੈਕ ਕੀਤੇ ਹੋਏ ਸਾਡੇ ਪੈਕਟ ਵਿਚੋਂ ਜਦ ਉਸ ਨੇ ਨਿੱਕੀਆਂ-ਨਿੱਕੀਆਂ ਦੋ ਕੁ ਚੀਜ਼ਾਂ ਕੱਢ ਕੇ ਇਕ ਪਾਸੇ ਰੱਖਦਿਆਂ, ਬਾਕੀ ਪਟੋਲਾ ਮੇਰੇ ਵੱਲ ਸਰਕਾਇਆ ਤਾਂ ਮੈਨੂੰ ਬੜਾ ਗੁੱਸਾ ਚੜ੍ਹਿਆ।
“ਭਾਅ ਜੀ, ਮੇਰੇ ਕੋਲ ਤਾਂ ਆਪਣਾ ਈ ਸਮਾਨ ਬਹੁਤ ਆ।” ਇਹ ਵਾਕ ਸੁਣ ਕੇ ਮੈਂ ਤਾਂ ਅੰਦਰੋ-ਅੰਦਰੀ ਲੋਹਾ-ਲਾਖਾ ਹੋ ਗਿਆ। ਉਸ ਨੂੰ ‘ਥੈਂਕ ਯੂ’ ਵੀ ਮੈਂ ਨਹੀਂ, ਮੇਰੇ ਭਾਣਜੇ ਨੇ ਹੀ ਕਿਹਾ। ਰਾਹ ਵਿਚ ਆਉਂਦਿਆਂ ਮੇਰਾ ਭਾਣਜਾ ਮੈਨੂੰ ਇਥੇ ਹਰ ਇਕ ਨੂੰ ‘ਥੈਂਕ ਯੂ’ ਕਹਿਣ ਦੀ ਨਸੀਹਤ ਦੇ ਰਿਹਾ ਸੀ ਪਰ ਮੈਨੂੰ ਮੁੜੇ ਸਮਾਨ ਦੀ ਗਠੜੀ ਦੇਖ ਦੇਖ ਕ੍ਰੋਧ ਚੜ੍ਹ ਰਿਹਾ ਸੀ। ਘਰੇ ਮੁੜਿਆਂ ‘ਤੇ ਸਾਡੇ ਹੱਥਾਂ ਵਿਚ ਸਮਾਨ ਦਾ ਪੈਕਟ ਦੇਖ ਕੇ, ਘਰਵਾਲੀ ਦਾ ਚਿਹਰਾ-ਮੋਹਰਾ ਕਿਹੋ ਜਿਹਾ ਹੋ ਗਿਆ ਤੇ ਉਸ ਨੇ ਕੀ-ਕੀ ਵਚਨ ਬੋਲੇ, ਇਸ ਦਾ ਵੇਰਵਾ ਨਾ ਹੀ ਲਿਖਾਂ ਤਾਂ ਚੰਗਾ।
ਫਿਰ ਆ ਗਈ ਸਾਡੀ ਵਾਰੀ। ਮੇਰਾ ਪੰਜਾਬ ਜਾਣਾ ਸੁਣ ਕੇ ਇਕ ਦੋਸਤ ਥੋੜ੍ਹਾ ਜਿਹਾ ਸਮਾਨ ਸਾਡੇ ਘਰੇ ਦੇ ਗਿਆ। ਜਦੋਂ ਮੇਰੇ ਅਟੈਚੀ ਸਮਾਨ ਨਾਲ ਤੂਸੇ ਜਾ ਰਹੇ ਸਨ, ਤਾਂ ਦੋਸਤ ਦਾ ਪੈਕਟ ਇਕ ਪਾਸੇ ਇੰਜ ਪਿਆ ਸੀ ਜਿਵੇਂ ਇਹ ਅਤਿਵਾਦੀਆਂ ਕੋਲੋਂ ਬਰਾਮਦ ਹੋਇਆ ਕੋਈ ‘ਸ਼ੱਕੀ’ ਸਮਾਨ ਹੋਵੇ। ਕਹਿ-ਸੁਣ ਕੇ ਮੈਂ ਇਕ ਅਟੈਚੀ ਦੇ ਖੂੰਜੇ ਵਿਚ ਉਹ ਸਮਾਨ ਰਖਵਾ ਲਿਆ। ਮਾੜੀ ਕਿਸਮਤ ਨੂੰ ਸੈਨ ਫਰਾਂਸਿਸਕੋ ਏਅਰ ਪੋਰਟ ‘ਤੇ ਜਾ ਕੇ ਉਹੀ ਅਟੈਚੀ ਵਾਧੂ ਭਾਰ ਵਾਲਾ ਨਿਕਲਿਆ। ਘਰਦਿਆਂ ਨੇ ਜਿੱਪਾਂ ਖੋਲ੍ਹ ਕੇ ਪਹਿਲਾਂ ਦੋਸਤ ਵਾਲੇ ਪੈਕਟ ਨੂੰ ਹੀ ਹੱਥ ਪਾਇਆ। ‘ਲੁੱਟ ਪੈਣ’ ਵਾਂਗ ਉਸ ਪੈਕਟ ਦਾ ਅੱਧਾ ਕੁ ਸਮਾਨ ਮੈਂ ਹੈਂਡ ਬੈਗ ਵਿਚ ਤੂਸ ਲਿਆ। ਇਕ-ਦੋ ਕੁ ਆਈਟਮਾਂ ਘਰ ਦੇ ਵਾਪਸ ਲੈ ਆਏ। ‘ਧੇਲੇ ਦੀ ਬੁੜ੍ਹੀ, ਟਕਾ ਸਿਰ ਮੁਨਾਈ’ ਵਾਲੀ ਗੱਲ ਉਦੋਂ ਹੋਈ ਜਦੋਂ ਇਹ ਸਮਾਨ ਲੈਣ ਵਾਸਤੇ ਫਰੀਦਕੋਟ ਕੋਲ ਦੇ ਸੱਜਣ, ਸਾਡੇ ਪਿੰਡ ਜ਼ਿਲ੍ਹਾ ਨਵਾਂ ਸ਼ਹਿਰ ਪਹੁੰਚੇ। ਸਮਾਨ ਪੂਰਾ ਨਾ ਦੇਖ ਕੇ ਉਹ ਡੌਰ-ਭੌਰ ਹੋਏ ਅਤੇ ਸਾਡੇ ਮੂੰਹਾਂ ਵੱਲ ਦੇਖਣ ਲੱਗੇ।
ਇਸੇ ਤਰ੍ਹਾਂ ਇਕ ਵਾਰ ਪੰਜਾਬ ਤੋਂ ਆਉਣ ਲੱਗਿਆਂ ਮੇਰੇ ਕੋਲ ਇਕ ਪਰਿਵਾਰ ਨੇ ਬਦੋ-ਬਦੀ ਕੁਝ ਦਵਾਈਆਂ ਫੜਾ ਦਿੱਤੀਆਂ; ਹਾਲਾਂਕਿ ਦਵਾਈਆਂ ਨਾਲ ਡਾਕਟਰ ਵੱਲੋਂ ਤਜਵੀਜ਼ਸ਼ੁਦਾ ਕਿਸੇ ਮਰੀਜ਼ ਦਾ ਨਾਂ ਕੋਈ ਨਹੀਂ ਸੀ। ਮੈਂ ਉਨ੍ਹਾਂ ਨੂੰ ਇਹ ਗੱਲ ਦੱਸੀ ਵੀ, ਪਰ ਉਹ ਆਪਣੀਆਂ ਹੀ ਮਾਰੀ ਗਏ। ਉਹੀ ਗੱਲ ਹੋਈ। ਦਿੱਲੀ ਵਾਲਿਆਂ ਨੇ ਤਾਂ ਦਵਾਈਆਂ ਲੰਘ ਲੈਣ ਦਿੱਤੀਆਂ ਪਰ ਸਿੰਘਾਪਰ ਵਾਲਿਆਂ ਨੇ ਰੋਕ ਲਈਆਂ। ਅਮਰੀਕਾ ਵਿਚ ਉਹ ਦਵਾਈਆਂ ਉਡੀਕ ਰਹੇ ਸੱਜਣਾਂ ਨੇ ਮੇਰੀ ਗੱਲ ‘ਤੇ ਯਕੀਨ ਕੀਤਾ, ਖੌਰੇ ਨਹੀਂ। ਸਮਾਨ ਦੇ ਅਦਾਨ-ਪ੍ਰਦਾਨ ਨੇ ਹੀ ਇਕ ਵਾਰ ਸਾਡੇ ਪਰਿਵਾਰਕ ਰਿਸ਼ਤਿਆਂ ਵਿਚ ਸ਼ੱਕ ਦੇ ਉਹ ਪਾੜੇ ਪਾਏ ਜੋ ਹਾਲੇ ਤੱਕ ਵੀ ਮਿਟਾਏ ਨਹੀਂ ਜਾ ਸਕੇ। ਦਿੱਲੀ ਏਅਰ ਪੋਰਟ ‘ਤੇ ਇਕ ਅਟੈਚੀ ਦੀ ਫੋਲਾ-ਫਾਲੀ ਸਮੇਂ ਕਿਸੇ ਵੱਲੋਂ ਭੇਜੇ ਲੇਡੀ ਸੂਟਾਂ ਨਾਲੋਂ ਕੁਝ ਚੁੰਨੀਆਂ ਆਸੇ-ਪਾਸੇ ਹੋ ਗਈਆਂ। ਇਨ੍ਹਾਂ ਬਾਰੇ ਫਿਰ ਕਿੰਨਾ ਚਿਰ ਰੌਲਾ ਪੈਂਦਾ ਰਿਹਾ।
ਵੈਸੇ ਜ਼ਰੂਰੀ ਨਹੀਂ ਕਿ ਸਾਰਿਆਂ ਨਾਲ ਹੀ ਇੰਜ ਹੋਵੇ। ਮੇਰੇ ਮਿੱਤਰ ਹਰਕਿਸ਼ਨ ਸਿੰਘ ਮੰਗੂਵਾਲੀਏ ਨੇ ਵੱਖਰੀ ਹੀ ਮਿਸਾਲ ਕਾਇਮ ਕਰ ਦਿੱਤੀ। ਪੰਜਾਬ ਤੋਂ ਲਿਆਂਦੀਆਂ ਕੁਝ ਕਿਤਾਬਾਂ ਤੇ ਦਵਾਈਆਂ ਲੈ ਕੇ ਸੈਨ ਫਰਾਂਸਿਸਕੋ ਏਅਰ ਪੋਰਟ ਤੋਂ ਉਹ ਸਿੱਧਾ ਮੇਰੇ ਘਰ ਆਇਆ, ਆਪਣੇ ਘਰੇ ਬਾਅਦ ਵਿਚ! ਹੈ ਨਾ ਸਿਰੇ ਦੀ ਕਮਾਲ।
ਹੁਣ ਸੁਣੋ ਮੰਗੂਵਾਲੀਏ ਵੀਰ ਤੋਂ ਇਕ ਦਮ ਉਲਟ ਕਹਾਣੀ! ਅਸੀਂ 2014 ਦੇ ਜਨਵਰੀ ਮਹੀਨੇ ਛੋਟੇ ਬੇਟੇ ਦਾ ਵਿਆਹ ਕਰਨ ਪੰਜਾਬ ਗਏ। ਫਰਵਰੀ ਦੇ ਅਖੀਰ ਅਸੀਂ ਵਾਪਸ ਆ ਗਏ। ਵਿਆਹ ਦੀ ਮੂਵੀ ਤਿਆਰ ਹੋਈ ਅਪਰੈਲ ਦੇ ਪਹਿਲੇ ਹਫ਼ਤੇ। ਇਹ ਮੂਵੀ ਬਣਾਉਣ ਵਾਲਾ ਫੋਟੋਗ੍ਰਾਫਰ ਜੋ ਸਾਡਾ ਚੰਗਾ ਨਿਕਟਵਰਤੀ ਜਾਣੂ ਹੈ, ਸਾਡੇ ਰਿਸ਼ਤੇਦਾਰ ਮੁੰਡੇ ਨੂੰ ਕਹਿਣ ਲੱਗਾ ਕਿ ਸੀਡੀਆਂ ਭੇਜਣ ਲਈ ਡਾਕ ਖਰਚਾ ਕਾਹਨੂੰ ਕਰਨਾ ਹੈ; ਮੇਰਾ ਇਕ ਹੋਰ ਜਾਣੂ ਪਰਿਵਾਰ ਅਮਰੀਕਾ ਤੋਂ ਵਿਆਹ ਕਰਨ ਪੰਜਾਬ ਆਇਆ ਹੋਇਐ। ਉਹ ਅਪਰੈਲ ਦੀ 27 ਤਾਰੀਖ ਨੂੰ ਵਾਪਸ ਜਾ ਰਹੇ ਨੇ। ਸੀਡੀਆਂ ਉਨ੍ਹਾਂ ਕੋਲ ਭੇਜ ਦਿਆਂਗੇ। ਰਿਸ਼ਤੇਦਾਰ ਮੁੰਡੇ ਨੇ ਜਦ ਸਾਨੂੰ ਇਹ ਗੱਲ ਦੱਸੀ, ਤਦ ਅਸੀਂ ਪੁੱਛਿਆ ਕਿ ਉਹ ਸੱਜਣ ਕਿਹੜੇ ਸ਼ਹਿਰ ਆ ਰਹੇ ਨੇ? ਕੁਝ ਸ਼ਸ਼ੋਪੰਜ ਵਿਚ ਮੁੰਡਾ ਕਹਿੰਦਾ, “ਉਹ (ਭਾਵ ਫੋਟੋਗ੍ਰਾਫਰ) æææ ਕੁਛ ਇੱਦਾਂ ਦਾ ਨਾਂ ਲੈ ਰਿਹਾ ਸੀ, ਜਿਵੇਂ ਕੋਈ ਖਾਣੇ ਵਾਲੀ ਚੀਜ਼ ਹੁੰਦੀ ਹੈ।”
ਚਾਣਚੱਕ ਚੇਤਾ ਆਉਣ ‘ਤੇ ਮੈਂ ਕਿਹਾ, “ਬਰਗਰ ਤਾਂ ਨਹੀਂ?” ਉਹਦੇ ‘ਹਾਂ ਹਾਂ’ ਕਹਿਣ ‘ਤੇ ਮੈਂ ਅੰਦਾਜ਼ਾ ਲਾਉਂਦਿਆਂ ਕਿਹਾ ਕਿ ‘ਪਿਟਸਬਰਗ’ ਹੋਣੈਂ। ਮੁੰਡੇ ਨੇ ਮੇਰੇ ਮੂੰਹੋਂ ਇਹ ਨਾਂ ਸੁਣ ਕੇ ਪੱਕਾ ਈ ਕਹਿ ਦਿੱਤਾ ਕਿ ‘ਹਾਂ ਜੀ ਇਹੀ, ਪਿਟਸਬਰਗ ਹੀ ਹੈ।’ ਅਸੀਂ ਸੈਨ ਹੋਜ਼ੇ ਤੋਂ ਇਹ ਸ਼ਹਿਰ ਬਹੁਤੀ ਦੂਰ ਨਾ ਹੋਣ ਕਾਰਨ ‘ਹਰੀ ਝੰਡੀ’ ਦੇ ਦਿੱਤੀ। ਮੁੰਡਾ ਸੀਡੀਆਂ ਤੇ ਦੋ-ਤਿੰਨ ਕੁ ਗੋਲੀਆਂ (ਦਵਾਈਆਂ) ਦੇ ਪੱਤੇ ਅਮਰੀਕਾ ਆਉਣ ਵਾਲਿਆਂ ਨੂੰ ਸੌਂਪ ਆਇਆ। ਨਾਲ ਹੀ ਸਾਡਾ ਐਡਰੈਸ ਤੇ ਸਾਡੇ ਫੋਨ ਨੰਬਰ ਵੀ। ਫੋਟੋਗ੍ਰਾਫਰ ਦੇ ਦੱਸੇ ਮੁਤਾਬਿਕ ਅਮਰੀਕਾ ਆਉਣ ਵਾਲਿਆਂ ਨੇ 27 ਅਪਰੈਲ ਨੂੰ ਸਵੇਰੇ ਇਥੇ ਪਹੁੰਚਣਾ ਸੀ। ਇਸੇ ਦੌਰਾਨ ਜਦੋਂ ਸਾਨੂੰ ਪੰਜਾਬ ਵਾਲੇ ਮੁੰਡੇ ਨੇ ਐਸ਼ਐਮæਐਸ਼ ਰਾਹੀਂ ਸੀਡੀਆਂ ਤੇ ਦਵਾਈ ਲਿਆਉਣ ਵਾਲਿਆਂ ਦਾ ਐਡਰੈਸ ਤੇ ਫੋਨ ਨੰਬਰ ਭੇਜਿਆ, ਅਸੀਂ ਇਹ ਦੇਖ ਕੇ ਹੈਰਾਨ ਹੀ ਰਹਿ ਗਏ! ਸਾਡਾ ਸਮਾਨ ਲਿਆਉਣ ਵਾਲੇ ਸੱਜਣ ਪਿਟਸਬਰਗ ਨਹੀਂ, ਸਗੋਂ ਸਾਥੋਂ 9-10 ਘੰਟੇ ਦੀ ਡਰਾਈਵ ‘ਤੇ ਸਥਿਤ ਸ਼ਹਿਰ ਬੇਕਰਜ਼ਫੀਲਡ ਦੇ ਨਿਵਾਸੀ ਸਨ। ਇਹ ਮਾਜਰਾ ਦੇਖ ਕੇ ਮੈਨੂੰ ਬੜਾ ਗੁੱਸਾ ਆਇਆ ਕਿ ਫੋਟੋਗ੍ਰਾਫਰ ਤੇ ਸਮਾਨ ਭੇਜਣ ਵਾਲਾ ਮੁੰਡਾ-ਦੋਵੇਂ ਯੂਨੀਵਰਸਿਟੀ ਦੇ ਪੜ੍ਹੇ ਹੋਏ ਆਪਸੀ ਗੂੜ੍ਹੇ ਦੋਸਤ, ਦੋਹਾਂ ਕੋਲ ਹੀ ਮਹਿੰਗੇ ਮੋਬਾਈਲ ਫੋਨ-ਜਿਨ੍ਹਾਂ ‘ਤੇ ਪਲਾਂ ਵਿਚ ਹੀ ਲਿਖਤੀ ਸੁਨੇਹਿਆਂ ਦਾ ਅਦਾਨ-ਪ੍ਰਦਾਨ ਹੋ ਸਕਦਾ ਹੈ। ਉਨ੍ਹਾਂ ਦੋਹਾਂ ‘ਪਾੜ੍ਹਿਆਂ’ ਨੇ ਅਨਪੜ੍ਹਾਂ ਵਾਲਾ ਚੰਦ ਚਾੜ੍ਹ ਦਿੱਤਾ। ਖਾਣੇ ਵਾਲੀ ਚੀਜ਼ ਪਿਟਸਬਰਗ ਤੇ ਬੇਕਰਜ਼ਫੀਲਡ!
ਖੈਰ! ਮੈਂ 27 ਅਪਰੈਲ ਤੋਂ ਦੂਜੇ ਦਿਨ ਬੇਕਰਜ਼ਫੀਲਡ ਫੋਨ ਕੀਤਾ। ਅੱਗਿਉਂ ਬੋਲ ਰਹੇ ਬੀਬੀ ਜੀ ਨੂੰ ਮੈਂ ਰਾਜ਼ੀ-ਖੁਸ਼ੀ ਪੁੱਛ ਕੇ ਬੇਨਤੀ ਕੀਤੀ ਕਿ ਅਗਰ ਤੁਸੀਂ ਸਾਡਾ ਸਮਾਨ ਡਾਕ ਰਾਹੀਂ ਭੇਜ ਦੇਵੋਂ ਤਾਂ ਅਤਿਅੰਤ ਮਿਹਰਬਾਨੀ ਹੋਵੇਗੀ। ਬੀਬੀ ਜੀ ਨੇ ਬੜੇ ਖੁਸ਼ ਮੂਡ ਵਿਚ ਮੈਥੋਂ ਸਾਡਾ ਪੋਸਟਲ ਐਡਰੈਸ ਮੰਗਿਆ ਜੋ ਮੈਂ ਉਸੇ ਵਕਤ ਐਸ਼ਐਮæਐਸ਼ ਰਾਹੀਂ ਭੇਜ ਦਿੱਤਾ। ਜਕਦਿਆਂ-ਜਕਦਿਆਂ ਮੈਂ ਇਹ ਪੇਸ਼ਕਸ਼ ਵੀ ਕਰ ਦਿੱਤੀ ਕਿ ਜੇ ਖਰਚਾ ਜ਼ਿਆਦਾ ਆ ਗਿਆ ਤਾਂ ਅਸੀਂ ਤੁਹਾਨੂੰ ਚੈਕ ਭੇਜ ਦਿਆਂਗੇ, ਪਰ ਉਨ੍ਹਾਂ ਕਿਹਾ ਕਿ ਅਸੀਂ ਕੱਲ੍ਹ ਤੁਹਾਡਾ ਸਮਾਨ ‘ਮੇਲ’ ਕਰ ਦਿਆਂਗੇ।
ਲਓ ਜੀ, ਹੁਣ ਸ਼ੁਰੂ ਹੋ ਗਈ ਚੂਹਾ ਬਿੱਲੀ ਵਾਲੀ ਖੇਡ! ਅਸੀਂ ਅਟ-ਸਟਾ ਹਿਸਾਬ ਲਾ ਕੇ ਪਹਿਲੀ ਮਈ ਤੋਂ ਆਪਣਾ ‘ਮੇਲ ਬਾਕਸ’ ਚਾਈਂ-ਚਾਈਂ ਖੋਲ੍ਹਣਾ ਸ਼ੁਰੂ ਕਰ ਦਿੱਤਾ। ਕੰਮਾਂ ‘ਤੇ ਗਏ ਹੋਏ ਘਰ ਦੇ ਜੀਅ, ਘਰੇ ਫੋਨ ਕਰ-ਕਰ ਪੁੱਛਦੇ, “ਮੂਵੀਆਂ ਆ ਗਈਆਂ?” ਅੱਗਿਉਂ ਮਾਯੂਸ ਆਵਾਜ਼ ‘ਚ ‘ਨਹੀਂ’ ਦਾ ਜਵਾਬ ਸੁਣ ਕੇ, ਪੁੱਛਣ ਵਾਲੇ ਵੀ ਛਿੱਥੇ ਜਿਹੇ ਪੈ ਜਾਂਦੇ। ਸਭ ਤੋਂ ਵੱਧ ਚਾਅ ਭਰੀ ਉਡੀਕ ਸਾਡੇ ਬੇਟੇ ਨੂੰ ਸੀ ਜੋ ਵਿਆਹ ਤੋਂ ਬਾਅਦ ਆਪਣੀ ਨਵ-ਵਿਆਹੀ ਪਤਨੀ ਕੋਲ ਸਿਰਫ਼ ਇਕ ਮਹੀਨਾ ਰਹਿ ਕੇ ਹੀ ਅਮਰੀਕਾ ਪਹੁੰਚ ਕੰਮ ‘ਤੇ ਆ ਲੱਗਾ ਸੀ। ਉਹ ਰੋਜ਼ ਢਾਈ-ਤਿੰਨ ਕੁ ਵਜੇ ਆਪਣੀ ਮੰਮੀ ਨੂੰ ਉਤਸੁਕਤਾ ਨਾਲ ਫੋਨ ਕਰ ਕੇ ਸੀਡੀਆਂ ਬਾਰੇ ਪੁੱਛ ਲੈਂਦਾ ਪਰ ਕੋਈ ਡਾਕਖਾਨੇ ਜਾ ਕੇ ਸੀਡੀਆਂ ‘ਮੇਲ’ ਕਰਦਾ, ਤਾਂ ਹੀ ਸਾਡੇ ‘ਡਾਕ ਡੱਬੇ’ ਵਿਚੋਂ ਨਿਕਲਦੀਆਂ। ਕੁਝ ਦਿਨ ਹੋਰ ਉਡੀਕ ਕੇ ਅਸੀਂ ਬੇਕਰਜ਼ਫੀਲਡ ਵਾਲਿਆਂ ਨੂੰ ਫੋਨ ਕੀਤਾ। ਫੋਨ ਬੰਦ ਆਉਣ ‘ਤੇ ਸਵੇਰੇ ਸ਼ਾਮ ਮੈਸਿਜ ਛੱਡੇ। ਕੋਈ ਪਤਾ ਸੁਰ ਨਾ ਲੱਗਾ ਕਿ ਸਮਾਨ ਮੇਲ ਕਰ ਦਿੱਤਾ ਹੈ ਕਿ ਨਹੀਂ।
ਆਖਰ ਹਫਤਾ ਬੀਤ ਜਾਣ ਬਾਅਦ ਜਦੋਂ ਮੇਰੀ ਬੇਟੀ ਨੇ ਇਕ ਸ਼ਾਮ ਫੋਨ ਕੀਤਾ ਤਾਂ ਬੇਕਰਜ਼ਫੀਲਡ ਵਾਲੇ ਬੀਬੀ ਜੀ ਫਰਮਾਉਣ ਲੱਗੇ ਕਿ ਮੈਂ ਬਾਰਾਂ-ਬਾਰਾਂ ਘੰਟੇ ਜੌਬ ਕਰਦੀ ਹਾਂ। ਮੇਰੇ ਕੋਲ ਟਾਈਮ ਨਹੀਂ ਪੋਸਟ ਆਫਿਸ ਜਾਣ ਦਾ। ਕਈ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਾਅਦ ਬੀਬੀ ਜੀ ਕਹਿੰਦੇ ਕਿ ਮੈਨੂੰ ਟਿਕਟਾਂ ਲੱਗਿਆ ਲਿਫ਼ਾਫ਼ਾ ਭੇਜੋ, ਫਿਰ ਮੈਂ ਮੇਲ ਕਰਾਂਗੀ। ਜਦੋਂ ਬੇਟੀ ਸਮਾਨ ਦਾ ‘ਵੇਟ’ ਪੁੱਛ ਰਹੀ ਸੀ, ਉਸੇ ਵਕਤ ਮੈਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਬੇਕਰਜ਼ੀਫੀਲਡ ਰਹਿੰਦੇ ਆਪਣੇ ਪਰਮ ਮਿੱਤਰ ਭਾਈ ਬਲਕਾਰ ਸਿੰਘ ਮਿਸ਼ਨਰੀ ਜ਼ਿੰਮੇ ਇਹ ‘ਸੇਵਾ’ ਲਾਈ ਜਾਵੇ। ਬੇਟੀ ਦਾ ਫੋਨ ਬੰਦ ਕਰਵਾ ਕੇ ਭਾਈ ਮਿਸ਼ਨਰੀ ਨੂੰ ਸਾਰਾ ਕਿੱਸਾ ਕਹਿ ਸੁਣਾਇਆ। ਗੁਰਮੁਖ ਪਿਆਰੇ ਭਾਈ ਸਾਹਿਬ ਨੇ ਵੱਡੀ ਪ੍ਰਸੰਨਤਾ ਨਾਲ ਇਹ ਕੰਮ ਨੇਪਰੇ ਚਾੜ੍ਹਨ ਦਾ ਭਰੋਸਾ ਦਿਵਾਇਆ। ਘਰ ਤੋਂ ਕਾਫੀ ਦੂਰ ਬਾਹਰ ਗਏ ਹੋਣ ਦੇ ਬਾਵਜੂਦ ਉਨ੍ਹਾਂ ਆਪਣੇ ਬੇਟੇ ਨੂੰ ਉਸ ਬੀਬੀ ਦੇ ਘਰੇ ਜਾਣ ਲਈ ਫੋਨ ਕੀਤਾ।
‘ਬੇਟਾ ਵੱਖ-ਵੱਖ ਟਾਈਮ ‘ਤੇ ਉਸ ਬੀਬੀ ਦੇ ਘਰੇ ਗਿਆ, ਪਰ ਉਹ ਘਰ ਨਹੀਂ ਮਿਲਦੇæææ ਕੋਸ਼ਿਸ਼ ਜਾਰੀ ਹੈ।’ ਸੱਤ ਮਈ ਨੂੰ ਆਏ ਇਸ ਨਿਰਾਸ਼ਾਜਨਕ ਸੁਨੇਹੇ ਤੋਂ ਬਾਅਦ 8 ਮਈ ਸ਼ਾਮ ਨੂੰ ਭਾਈ ਬਲਕਾਰ ਸਿੰਘ ਵੱਲੋਂ ਆਇਆ ਮੈਸਿਜ ਪੜ੍ਹ ਕੇ ਸਾਡੀਆਂ ਰੂਹਾਂ ਖਿੜ ਗਈਆਂ,
“ਸਾਰਾ ਸਮਾਨ ਬੇਟਾ ਲੈ ਆਇਆ ਏ, ਮੋਰਚਾ ਫਤਹਿ ਹੋ ਗਿਆ ਹੈ।”
Leave a Reply