ਮੇਰੇ ਲਈ ਦੇਵੀ ਤੇ ਗਾਇਕਾ ਮਾਂ ਸੀ ਸੁਰਿੰਦਰ ਕੌਰ

ਐਸ਼ ਅਸ਼ੋਕ ਭੌਰਾ
ਇਹ ਜ਼ਰੂਰੀ ਨਹੀਂ ਕਿ ਸਿਰਫ ਸੁਨੱਖੇ ਲੋਕ ਹੀ ਸ਼ੀਸ਼ਾ ਦੇਖਦੇ ਹਨ। ਹਰ ਉਮਰ ਵਿਚ ਸ਼ੀਸ਼ਾ ਵੇਖਣ ਦੀ ਪ੍ਰਵਿਰਤੀ ਮਨੁੱਖ ਅੰਦਰ ਤੁਰੀ ਆਉਂਦੀ ਹੈ। ਕਈ ਵਾਲ ਵਾਹੁਣ ਲਈ ਸ਼ੀਸ਼ਾ ਵੇਖਦੇ ਹਨ, ਕਈ ਨੈਣ-ਨਕਸ਼ ਵੇਖਣ ਲਈ, ਤੇ ਔਰਤਾਂ ਸੁੰਦਰਤਾ ਤੇ ਹਾਰ-ਸ਼ਿੰਗਾਰ ਕਰਨ ਲਈ। ਜਿਹੜੇ ਸੁਨੱਖੇ ਨਹੀਂ, ਉਹ ਵੀ ਸ਼ੀਸ਼ਾ ਤਾਂ ਵੇਖੀ ਜਾਂਦੇ ਹਨ ਕਿ ਚਲੋ ਵੇਖਣ ਵਿਚ ਕੀ ਹਰਜ ਹੈ; ਪਰ ਕਈ ਸੋਹਣੇ ਤਾਂ ਬੜੇ ਸਨ ਪਰ ਸ਼ੀਸ਼ੇ ਨੇ ਉਨ੍ਹਾਂ ਦੇ ਹੱਕ ਵਿਚ ਹਾਮੀ ਤਾਂ ਨਹੀਂ ਭਰੀ ਕਿ ਕਰਤੂਤਾਂ ਅਕਸ ਗੰਧਲਾ ਕਰਦੀਆਂ ਰਹੀਆਂ। ਕਈਆਂ ਨੇ ਸ਼ੀਸ਼ਾ ਤਾਂ ਰੱਜ ਕੇ ਵੇਖਿਆ ਪਰ ਸ਼ਕਲ ਵਿਚਾਰਿਆਂ ਨੂੰ ਫਿਰ ਵੀ ਚੇਤੇ ਨਾ ਰਹਿ ਸਕੀ। ਅਸਲ ਵਿਚ ਸਮਾਜ ਤੁਹਾਡੇ ਹੱਕ ਵਿਚ ਜਦੋਂ ਵੀ ਵੋਟ ਪਾਵੇਗਾ ਤਾਂ ਸ਼ੀਸ਼ਾ ਨਹੀਂ, ਤੁਹਾਡੇ ਗੁਣਾਂ ਦਾ ਚੋਣ ਨਿਸ਼ਾਨ ਹੀ ਵੇਖਿਆ ਜਾਵੇਗਾ। ਇਸੇ ਕਰ ਕੇ ਕਈਆਂ ਨੇ ਜ਼ਿੰਦਗੀ ਦੀ ਬਾਜ਼ੀ ਖੇਡਦਿਆਂ ਯੱਕੇ, ਬਾਦਸ਼ਾਹ ਵਾਲਿਆਂ ਕੋਲੋਂ ਰੰਗ ਦੀ ਦੁੱਕੀ ਨਾਲ ਵੀ ਸਰ ਜਿੱਤ ਲੈਣੀ ਹੁੰਦੀ ਹੈ।
ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਸੁਰਿੰਦਰ ਕੌਰ ਦੇਵੀ ਮਾਂ ਹੈ। ਹਰ ਪੰਜਾਬੀ ਉਸ ਨੂੰ ਪਿਆਰ ਕਰਦਾ ਹੈ, ਪਰ ਮੈਂ ਰੱਜ ਕੇ ਸੁਰਿੰਦਰ ਕੌਰ ਨੂੰ ਪਿਆਰ ਕਰਦਾ ਹਾਂ; ਇਹ ਇਸ ਕਰ ਕੇ ਕਿਉਂਕਿ ਮੈਂ ਉਹਨੂੰ ਬਾਕੀਆਂ ਵਾਂਗ ਸੁਣਿਆ-ਵੇਖਿਆ ਹੀ ਨਹੀਂ; ਸਗੋਂ ਮਾਂ ਜਾਂ ਵੱਡੀਆਂ ਭੈਣਾਂ ਵਾਂਗ ਉਹਦੀਆਂ ਬਾਹਾਂ ਨਾਲ ਬੁੱਕਲ ਦਾ ਨਿੱਘ ਵੀ ਲਿਆ ਹੈ। ਮੇਰੇ ਅੰਦਰ ਛਿੜੀਆਂ ਸੰਗੀਤ ਦੀਆਂ ਤਰੰਗਾਂ ਵੀਹ ਵਰ੍ਹਿਆਂ ਦੀ ਉਮਰ ਵਿਚ ਉਹਦੇ ਕੋਲ ਖਿੱਚ ਕੇ ਲੈ ਗਈਆਂ ਸਨ। ਮੇਰੀ ਉਮਰ ਉਦੋਂ ਮਸਾਂ ਬਾਈ ਕੁ ਸਾਲਾਂ ਦੀ ਸੀ, ਜਦੋਂ ਉਹ ਸਾਡੇ ਘਰ ਆਈ। ਉਦੋਂ ਉਹ ਪੇਂਡੂਆਂ ਲਈ ਰੇਡੀਓ ਗਾਇਕਾ ਸੀ। ‘ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’ ਉਸ ਵੇਲੇ ਜਲੰਧਰ ਰੇਡੀਓ ਸਟੇਸ਼ਨ ਦੇ ਹਰ ਪ੍ਰੋਗਰਾਮ ਵਿਚ ਵੱਜਦਾ ਹੁੰਦਾ ਸੀ। ਪੇਂਡੂ ਬਜ਼ੁਰਗਾਂ ਲਈ ਉਹ ਸੁਰਿੰਦਰ ਕੌਰ ਨਹੀਂ, ਸ਼ਲਿੰਦਰਾਂ ਸੀ। ਲੁਧਿਆਣੇ ਤੋਂ ਉਹਨੂੰ ਮੈਂ ਕਿਹਾ, ‘ਮੇਰੇ ਪਿੰਡ ਭੌਰੇ ਚੱਲਣੈਂ।’ ਉਹਨੇ ਨਾਂਹ ਨਾ ਕੀਤੀ। ਸੱਤਰ ਰੁਪਏ ਦੀ ਅੰਬੈਸਡਰ ਕਾਰ ਕਿਰਾਏ ‘ਤੇ ਕਰ ਕੇ ਅਸੀਂ ਪਿੰਡ ਗਏ। ਉਹ ਦੋ ਕੁ ਘੰਟੇ ਰੁਕੀ ਤੇ ਚਾਹ ਪੀ ਕੇ ਪਰਤ ਗਈ। ਅੱਧਾ ਪਿੰਡ ‘ਕੱਠਾ ਹੋ ਗਿਆ ਸੀ ਉਹਨੂੰ ਵੇਖਣ ਲਈ। ਉਦੋਂ ਕੈਮਰਿਆਂ ਦੀ ਵਿਵਸਥਾ ਨਹੀਂ ਸੀ। ਗਾਇਕੀ ਦੇ ਹੁਣ ਵਾਲੇ ਖਲਜਗਣ ਵਿਚ ਕੋਈ ਜਾਣੇ ਜਾਂ ਨਾ ਜਾਣੇ, ਪਰ ਇਹ ਸੱਚ ਸੀ ਕਿ ਉਹ ਪੇਂਡੂਆਂ ਲਈ ਗਾਇਕਾ ਨਹੀਂ, ਦੇਵੀ ਸੀ। ਉਹਨੂੰ ਘਰੇ ਹੁੱਕਾ ਚੁੱਕ ਕੇ ਵੇਖਣ ਆਏ ਬਜ਼ੁਰਗ ਦਾ ਸੰਵਾਦ ਮੈਨੂੰ ਹਾਲੇ ਤੀਕ ਨਹੀਂ ਭੁੱਲਿਆ। ਕਹਿਣ ਲੱਗਾ, “ਕਾਕਾ ਨਹਿਰੂ ਆਇਆ ਸੀ, ਪਿੰਡ ਨੌਰੇ ‘ਠਾਰਾਂ-ਉਨੀ ਸਾਲ ਪਹਿਲਾਂ, ਤੇ ਉਹਦੇ ਨਾਲ ਆਈ ਸੀ ਬੀਬੀ ਇੰਦਰਾ ਗਾਂਧੀ। ਜਾਂ ਤਾਂ ਉਦੋਂ ਚਾਅ ਨਾਲ ਵੇਖਣ ਗਏ ਸੀ, ਤੇ ਅੱਜ ਸ਼ਲਿੰਦਰ ਵੇਖ ਓਦੋਂ ਵੀ ਦੁੱਗਣਾ ਚਾਅ ਚੜ੍ਹਿਆ ਫਿਰਦੈ।”
ਦਿੱਲੀ ਦਾ ਮਾਲ ਰੋਡ, ਤੇ ਮਾਲ ਰੋਡ ‘ਤੇ ਰੁਬੇਰਾ ਬਿਲਡਿੰਗ। ਇਸ ਬਿਲਡਿੰਗ ਵਿਚ ਰਹਿੰਦੀ ਸੀ ਸੁਰਿੰਦਰ ਕੌਰ। ਇਸ ਤੋਂ ਪਹਿਲਾਂ ਉਹ ਕਿੱਥੇ ਰਹਿੰਦੀ ਸੀ, ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੇਰੇ ਨਾਲ ਜਿੰਨੀਆਂ ਵੀ ਮੁਲਾਕਾਤਾਂ ਹੋਈਆਂ, ਉਹ ਇਥੇ ਹੀ ਹੋਈਆਂ। ਮੇਰੀ ਵੱਡੀ ਭੈਣ ਦਿੱਲੀ ਰਹਿੰਦੀ ਹੈ, ਤੇ ਜਦੋਂ ਵੀ ਮੈਂ ਦਿੱਲੀ ਜਾਂਦਾ, ਪੂਰਾ-ਪੂਰਾ ਦਿਨ ਉਹਦੇ ਨਾਲ ਗੁਜ਼ਾਰ ਦਿੰਦਾ। ਜ਼ਿੰਦਗੀ ਦੇ ਅਰਥ ਭਾਵੇਂ ਉਸ ਵੇਲੇ ਸਮਝ ਨਾ ਵੀ ਆਉਂਦੇ ਹੋਣ, ਪਰ ਮੈਥੋਂ ਇਹ ਖੁਸ਼ੀ ਨਹੀਂ ਸੀ ਸਾਂਭ ਹੁੰਦੀ ਕਿ ਮੈਂ ਸੁਰਿੰਦਰ ਕੌਰ ਨੂੰ ਜਾਣਦਾ ਹੀ ਨਹੀਂ, ਸਗੋਂ ਉਹਦੀ ਸੰਗਤ ਵਿਚ ਸੰਗੀਤ ਤੇ ਪੰਜਾਬੀ ਗਾਇਨ ਦਾ ਹੱਜ ਵੀ ਕਰ ਰਿਹਾ ਹਾਂ। ਉਹ ਅਕਸਰ ਮੈਨੂੰ ‘ਛੋਟਾ ਵੀਰ’ ਕਹਿੰਦੀ ਸੀ, ਪਰ ਮੇਰੇ ਲਈ ਉਹਦਾ ਰੁਤਬਾ ਆਪਣੀ ਜਨਮ ਦੇਣੀ ਮਾਂ ਵਰਗਾ ਹੀ ਸੀ। ਫਿਰ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਜਲੰਧਰ ਦੂਰਦਰਸ਼ਨ ਦੇ ਕਈ ਪ੍ਰੋਡਿਊਸਰ ਮੈਥੋਂ ਹੀ ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਦੇ ਟੈਲੀਫੋਨ ਲਿਆ ਕਰਦੇ ਸਨ।
ਇਕ ਵਾਰ ਮੈਂ ਉਹਦੇ ਕੋਲ ਸਵੇਰੇ-ਸਵੇਰੇ ਗਿਆ। ਉਹ ਘਰ ਦੇ ਬਾਹਰ ਤਿਆਰ ਹੋ ਕੇ ਕਿਧਰੇ ਜਾਣ ਲਈ ਖੜ੍ਹੀ ਸੀ। ਜਦ ਨੂੰ ਰਿਕਸ਼ਾ ਆ ਗਿਆ। ਆਂਹਦੀ, “ਅਸ਼ੋਕ ਤੈਨੂੰ ਕੋਈ ਜ਼ਰੂਰੀ ਕੰਮ ਤਾਂ ਨਹੀਂ।” ਮੈਂ ਨਾਂਹ ‘ਚ ਸਿਰ ਹਿਲਾਇਆ ਤਾਂ ਮੈਨੂੰ ਨਾਲ ਹੀ ਰਿਕਸ਼ੇ ‘ਤੇ ਬਿਠਾ ਲਿਆ। ਉਹ ਰਿਕਾਰਡਿੰਗ ‘ਤੇ ਜਾ ਰਹੀ ਸੀ। ਮੈਨੂੰ ਚਾਅ ਚੜ੍ਹ ਗਿਆ। ਉਹ ਮੇਰਾ ਪਹਿਲਾ ਦਿਨ ਸੀ ਜਦੋਂ ਮੈਂ ਕੁੱਤਾ ਮਾਰਕਾ ਕੰਪਨੀ ਦਾ ਰਿਕਾਰਡਿੰਗ ਸਟੂਡੀਓ ਅਤੇ ਦਫ਼ਤਰ ਵੇਖਿਆ। ਅੱਗੇ ਦੀਦਾਰ ਸੰਧੂ ਨਾਲ ਉਹਦੇ ਦੋ-ਗਾਣੇ ਭਰੇ ਜਾਣੇ ਸਨ। ਇਹ ਗੀਤ ‘ਜੇਠ ਲਿਆਇਆ ਨੀ ਦਿੱਲੀਉਂ ਸੁਰਮੇਦਾਨੀ’ ਜਦੋਂ ਪੂਰਾ ਹੋਇਆ ਤਾਂ ਉਹ ਸਵਾਲ ਜਿਹੜਾ ਰੰਗੀਲੇ ਜੱਟ ਨਾਲ ‘ਭਾਂਡੇ ਕਲੀ ਕਰਾ ਲਓ’ ਜਾਂ ‘ਕਿੰਜ ਬੀਤੀ ਮੁਕਲਾਵੇ ਵਾਲੀ ਰਾਤ’ ਕਰ ਕੇ ਮੇਰੇ ਦਿਮਾਗ ਵਿਚ ਤੇਈਏ ਬੁਖਾਰ ਵਾਂਗ ਚੜ੍ਹਿਆ ਹੋਇਆ ਸੀ, ਇੰਜੀਨੀਅਰ ਦਾਦੇ ਕੋਲ ਬੈਠਿਆਂ ਮੈਂ ਪੁੱਛ ਹੀ ਲਿਆ, “ਲੱਠੇ ਦੀ ਚਾਦਰ ਵਰਗੇ ਗੀਤ ਗਾ ਕੇ ਇੱਦਾਂ ਦੇ ਗੀਤ ਗਾਉਣੇ ਹੋਰ ਤਰ੍ਹਾਂ ਨਹੀਂ ਲਗਦੇ।” ਜੁਆਬ ਦੇਣ ਤੋਂ ਪਹਿਲਾਂ ਉਹਨੇ ਉਹ ਗੱਲ ਹੀ ਕਹੀ ਜਿਹੜੀ ਮੇਰੀ ਮਾਂ ਕਹਿੰਦੀ ਹੁੰਦੀ ਸੀ। ਕਹਿਣ ਲੱਗੀ, “ਅਸ਼ੋਕ ਤੈਨੂੰ ਗਾਇਕੀ ਦੇ ਰੰਗਾਂ ਦਾ ਨ੍ਹੀਂ ਪਤਾ, ਤੂੰ ਹਾਲੇ ਨਿਆਣਾਂ, ਤੇਰਾ ਸਿਰ ਗਿੱਲਾ। ਸੋਢੀ ਸਾਹਿਬ ਚਲੇ ਗਏ ਨੇæææਘਰ ਦਾ ਤੇ ਬੱਚਿਆਂ ਦਾ ਕੁਝ ਦੇਖਣ ਲਈ ਕੁਛ ਤਾਂ ਕਰਨਾ ਹੀ ਪੈਣੇ।” ਮੈਂ ਆਪਣੇ ਬੁੱਲ੍ਹ ਉਥੇ ਹੀ ਘੁੱਟ ਲਏ।
ਸਾਲ 1989 ਵਿਚ ਜਦੋਂ ਮੈਂ ਮਾਹਿਲਪੁਰ ‘ਚ ਸ਼ੌਂਕੀ ਮੇਲਾ ਅਰੰਭ ਕੀਤਾ ਤਾਂ ਪਹਿਲਾ ਸ਼ੌਂਕੀ ਐਵਾਰਡ ਸੁਰਿੰਦਰ ਕੌਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਐਵਾਰਡ ਤੋਂ ਵੀ ਪਹਿਲਾਂ ਦੋ ਗੱਲਾਂ ਦੀ ਚਰਚਾ ਚੱਲ ਪਈ। ਪਹਿਲੀ ਇਹ ਕਿ ਪੰਜਾਬ ਦੇ ਖਰਾਬ ਹਾਲਾਤ ਦੇ ਦੌਰ ਵਿਚ ਸੁਰਿੰਦਰ ਕੌਰ ਮੇਲੇ ਵਿਚ ਆਵੇਗੀ? ਉਹ ਵੀ ਮਾਹਿਲਪੁਰ! ਦੂਜੀ ਵੱਡੀ ਗੱਲ ਇਹ ਸੀ ਕਿ ਚਲੋ ਅਸ਼ੋਕ ਚਾਰ ਅੱਖਰ ਅਖ਼ਬਾਰਾਂ ਵਿਚ ਲਿਖਦੈ, ਪਰ ਇਸ ਅਲੂੰਏਂ ਜਿਹੇ ਮੁੰਡੇ ਦੇ ਨਾਂ ‘ਤੇ ਕਿੱਥੇ ਆਉਣ ਲੱਗੀ ਐ? ਆਪਣੇ ਸਮਿਆਂ ਦੇ ਪ੍ਰਸਿੱਧ ਸ਼ਾਇਰ ਪ੍ਰੋæ ਅਜੀਤ ਨੇ ਤਾਂ ਕਈ ਥਾਂ ਕਹਿ ਵੀ ਦਿੱਤਾ ਸੀ ਕਿ ਐਵੇਂ ਰੌਲੈ, ਉਹਨੇ ਕਿਥੇ ਆਉਣੈ ਇੱਦਾਂ ਦੇ ਮੇਲਿਆਂ ‘ਤੇ? ਸ਼ਾਇਦ ਉਹ ਨਹੀਂ ਜਾਣਦੇ ਸਨ ਕਿ ਕਈ ਨਿੱਕੇ-ਨਿੱਕੇ ਖਰਬੂਜ਼ੇ ਵੀ ਮਿਸਰੀ ਵਾਂਗ ਸੁਆਦ ਦੇ ਜਾਂਦੇ ਹਨ। 29 ਜਨਵਰੀ ਨੂੰ ਪਹਿਲਾ ਮੇਲਾ ਸੀ, ਪਰ ਟੈਲੀਫੋਨ ਦੀ ਸਹੂਲਤ ਮੇਰੇ ਕੋਲ ਨਾ ਹੋਣ ਕਰ ਕੇ ਉਹਨੇ ਕਈ ਦਿਨ ਪਹਿਲਾਂ ਹੀ ਮੈਨੂੰ ਖ਼ਤ ਲਿਖ ਦਿੱਤਾ ਕਿ ਦੋ ਦਿਨ ਪਹਿਲਾਂ ਫਰੰਟੀਅਰ ਵਿਚ ਜਲੰਧਰ ਪਹੁੰਚ ਜਾਵਾਂਗੀ, ਹੋਟਲ ਦਾ ਪ੍ਰਬੰਧ ਕਰ ਦੇਣਾ। ਉਨ੍ਹਾਂ ਦਿਨਾਂ ਵਿਚ ਐਮæਜੀæ ਗੌਤਮ ਜਲੰਧਰ ਦੂਰਦਰਸ਼ਨ ਦੇ ਨਿਰਦੇਸ਼ਕ ਸਨ ਤੇ ਡਾæ ਲਖਵਿੰਦਰ ਜੌਹਲ ਸਹਾਇਕ ਨਿਰਮਾਤਾ। ਜਦੋਂ ਮੈਂ ਜੌਹਲ ਨੂੰ ਸੁਰਿੰਦਰ ਕੌਰ ਦੇ ਆਉਣ ਬਾਰੇ ਦੱਸਿਆ ਤਾਂ ਜਿਵੇਂ ਅੱਧੇ ਦੂਰਦਰਸ਼ਨ ਕੇਂਦਰ ਨੂੰ ਗੋਡੇ-ਗੋਡੇ ਚਾਅ ਚੜ੍ਹ ਗਿਆ ਹੋਵੇ। ਜੌਹਲ ਨੇ ਫਟਾ-ਫਟ ਕੇਂਦਰ ਲਈ ਪ੍ਰੋਗਰਾਮ ‘ਤੇ ਮੁਲਾਕਾਤ ਦਾ ਪ੍ਰਬੰਧ ਕਰ ਲਿਆ। ਉਹਦੇ ਨਾਲ ਦਿੱਲੀਉਂ ਢੋਲਕ ਵਾਲਾ ਨਾਲ ਆਇਆ। ਕਮਰਾ ਮੈਂ ਸਕਾਈ ਲਾਰਕ ਹੋਟਲ ਵਿਚ ਬੁੱਕ ਕਰਵਾ ਦਿੱਤਾ ਸੀ। ਉਹ ਸਤਾਈ ਸ਼ਾਮ ਨੂੰ ਜਲੰਧਰ ਪੁੱਜ ਗਈ। ਅਗਲੇ ਦਿਨ ਜੌਹਲ ਨੇ ਪ੍ਰੋæ ਅਤੈ ਸਿੰਘ ਨਾਲ ਉਹਦੀ ਮੁਲਾਕਾਤ ਹੋਟਲ ਵਿਚ ਹੀ ਰਿਕਾਰਡ ਕੀਤੀ, ਪਰ ਉਹ ਉਸ ਦਿਨ ਦੁਖੀ ਇਸ ਕਰ ਕੇ ਸੀ ਕਿ ਉਹਦੇ ਕੰਨ ਦੇ ਪਿੱਛੇ ਨਿੱਕੀ ਜਿਹੀ ਫਿੰਸੀ ਇੰਨਾ ਦੁਖੀ ਕਰ ਰਹੀ ਸੀ ਕਿ ਉਹਨੂੰ ਹਲਕਾ-ਹਲਕਾ ਬੁਖ਼ਾਰ ਵੀ ਹੋ ਗਿਆ ਸੀ। ਇਸ ਦੇ ਬਾਵਜੂਦ ਉਹ ਇਸ ਦੁੱਖ ਨੂੰ ਭੁੱਲ ਕੇ ਬਾਗੋ-ਬਾਗ ਹੋਈ ਫਿਰਦੀ ਸੀ ਕਿ ਇਕ ਤਾਂ ਜਲੰਧਰ ਦੂਰਦਰਸ਼ਨ ਮੇਰੀ ਬੇਨਤੀ ‘ਤੇ ਉਹਦੀ ਮਹਿਮਾਨ-ਨਿਵਾਜ਼ੀ ਚੰਗੀ ਕਰ ਰਿਹਾ ਸੀ, ਦੂਜਾ ਇਹ ਕਿ ਚਲੋ ਅਸੀਂ ਤਾਂ ਜੋ ਤਿਲ-ਫੁਲ ਭੇਟਾ ਉਹਨੂੰ ਆਉਣ-ਜਾਣ ਦੇ ਕਿਰਾਏ ਤੋਂ ਸਿਵਾ ਦੇਣੀ ਹੀ ਸੀ, ਦੂਰਦਰਸ਼ਨ ਨੇ ਉਹਨੂੰ ਟੀæਏæ, ਡੀæਏæ ਸਮੇਤ ਸਾਥੋਂ ਕਈ ਗੁਣਾਂ ਵੱਧ ਪੇਮੈਂਟ ਕਰ ਦਿੱਤੀ ਸੀ। ‘ਅਜੀਤ’ ਦੇ ਸਹਾਇਕ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਉਦੋਂ ਸੁਰਿੰਦਰ ਕੌਰ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ।
29 ਜਨਵਰੀ ਵਾਲੇ ਦਿਨ ਜਦੋਂ ਮੈਂ ਤੜਕੇ ਸੁਰਿੰਦਰ ਕੌਰ ਨੂੰ ਗੱਡੀ ਲੈ ਕੇ ਜਲੰਧਰ ਲੈਣ ਪਹੁੰਚਿਆ ਤਾਂ ਸਤਨਾਮ ਮਾਣਕ ਅਤੇ ‘ਅਜੀਤ’ ਦਾ ਮੈਗਜ਼ੀਨ ਐਡੀਟਰ ਪਰਮਜੀਤ ਵਿਰਕ ਵੀ ਮੇਰੇ ਨਾਲ ਹੀ ਆਏ। ਜੌਹਲ ਕੈਮਰਿਆਂ ਦਾ ਲਾਮ-ਲਸ਼ਕਰ ਲੈ ਕੇ ਪਹੁੰਚਿਆ। ਜਦੋਂ ਮੈਂ ਸੁਰਿੰਦਰ ਕੌਰ ਨਾਲ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਪਹੁੰਚਿਆ ਤਾਂ ਕੜਾਕੇ ਦੀ ਠੰਢ ਨਾਲ ਸੁੰਗੜਿਆ ਪੰਡਾਲ ਜਿਵੇਂ ਇਕ ਦਮ ਨਿੱਘਾ ਹੋ ਗਿਆ ਹੋਵੇ। ਅੰਬੀਆਂ ਦਾ ਦੇਸ਼ ਕਹਾਉਣ ਵਾਲੀ ਮਾਹਿਲਪੁਰ ਦੀ ਧਰਤੀ ਤਾਲੀਆਂ ਨਾਲ ਗੂੰਜਣ ਲੱਗ ਪਈ। ਮੰਨੋਗੇ ਕਿ ਉਹੀ ਪ੍ਰੋæ ਅਜੀਤ ਉਹਦੇ ਸਵਾਗਤ ਲਈ ਆਇਆ। ਸ਼ਿਵ ਕੁਮਾਰ ਬਟਾਲਵੀ ਦੇ ਯਾਰ ਤੇ ਨਾਟਕਕਾਰ ਜੋਗਿੰਦਰ ਬਾਹਰਲਾ ਨੇ ਉਹਦੇ ਗਲ਼ ਹਾਰ ਪਾਇਆ। ਇੰਜ ਮੈਂ ਪਹਿਲੀ ਪ੍ਰੀਖਿਆ ਵਿਚੋਂ ਹੀ ਸਫਲ ਨਹੀਂ ਹੋਇਆ ਸਾਂ, ਬਲਕਿ ਪਹਿਲੇ ਮੇਲੇ ਦਾ ਮੰਚ ਸੰਚਾਲਨ ਵੀ ਫਿਰ ਪ੍ਰੋæ ਅਜੀਤ ਨੇ ਹੀ ਕੀਤਾ ਸੀ। ਇਸੇ ਮੇਲੇ ਤੋਂ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਦਾ ਸੰਪਾਦਕ ਬਲਜਿੰਦਰ ਮਾਨ ਅਤੇ ਰਾਓ ਕੈਂਡੋਵਾਲ ਮੇਰੀਆਂ ਦੋ ਬਾਹਾਂ ਬਣ ਗਏ।
ਖੈਰ! ਸ਼ੌਂਕੀ ਮੇਲੇ ਦਾ ਵਿਸਥਾਰ ਵਿਚ ਜ਼ਿਕਰ ਤਾਂ ਮੈਂ ਅੱਗੇ ਚੱਲ ਕੇ ਕਰਾਂਗਾ, ਪਰ ਅਖ਼ਬਾਰਾਂ ਅਤੇ ਦੂਰਦਰਸ਼ਨ ਨੇ ਮੇਰੀ ਨਿੱਕੀ ਉਮਰ ਦੀ ਮਿਹਨਤ ਨੂੰ ਕਵਰੇਜ ਦੇ ਕੇ ਤਸਦੀਕ ਕਰ ਦਿੱਤਾ ਸੀ ਕਿ ਇਕ ਹੋਰ ਮੇਲਾ ਪ੍ਰੋæ ਮੋਹਨ ਸਿੰਘ ਮੇਲੇ ਤੋਂ ਬਾਅਦ ਉਠ ਖੜ੍ਹਾ ਹੋਇਆ ਹੈ। ਸੁਰਿੰਦਰ ਕੌਰ ਮੇਰੀ ਆਓ-ਭਗਤ, ਸਤਿਕਾਰ ਤੇ ਮਾਣ-ਸਨਮਾਨ ਨਾਲ ਮੇਰੇ ਪਿਆਰ ਵਿਚ ਹੋਰ ਵੀ ਗਹਿਗੱਚ ਹੋ ਗਈ ਸੀ, ਤੇ ਮੇਲੇ ਤੋਂ ਅਗਲੇ ਹਫਤੇ ਜਦੋਂ ਸਤਨਾਮ ਮਾਣਕ ਨੇ ‘ਅਜੀਤ’ ਦੇ ਐਤਵਾਰੀ ਅੰਕ ਵਿਚ ਸੰਪਾਦਕੀ ਪੰਨੇ ‘ਤੇ ਵੱਡਾ ਲੇਖ ਲਿਖਿਆ ਤਾਂ ਸੁਰਿੰਦਰ ਕੌਰ ਨੇ ਰੁਬੇਰਾ ਬਿਲਡਿੰਗ ਗਏ ਦਾ ਮੇਰਾ ਮੱਥਾ ਚੁੰਮ ਲਿਆ ਸੀ। ਅੱਜ ਦੇ ਵਪਾਰਕ ਗਵੱਈਏ ਇਹ ਪੜ੍ਹ ਕੇ ਭਾਵੇਂ ਹਿੜ-ਹਿੜ ਕਰਨ, ਪਰ ਮੰਨੋਗੇ ਕਿ ਦਿੱਲੀਉਂ ਮਾਹਿਲਪੁਰ ਆਉਣ ਲਈ ਮੈਂ ਉਹਨੂੰ ਢਾਈ ਸੌ ਰੁਪਿਆ ਟਰੇਨ ਦਾ ਕਿਰਾਇਆ ਤੇ ਗਿਆਰਾਂ ਸੌ ਮਾਣ ਵਿਚ ਦਿੱਤਾ ਤਾਂ ਉਹਨੇ ਸੌ ਰੁਪਿਆ ਮੇਰੀ ਜੇਬ ਵਿਚ ਇਹ ਕਹਿ ਕੇ ਪਾ ਦਿੱਤਾ ਸੀ, ‘ਆਹ ਮੇਰੇ ਛੋਟੇ ਵੀਰ ਲਈ।’
ਜੇ ਕੁਤਬ ਮਿਨਾਰ ਨੂੰ ਪੌੜੀਆਂ ਨਾ ਚੜ੍ਹੀਆਂ ਹੁੰਦੀਆਂ ਤਾਂ ਸੱਤਵੀਂ ਮੰਜ਼ਿਲ ਦਾ ਕੋਈ ਮਹੱਤਵ ਨਹੀਂ ਸੀ ਹੋਣਾ। ਮੈਂ ਢਾਡੀਆਂ, ਕਵੀਸ਼ਰਾਂ, ਸੰਗੀਤਕਾਰਾਂ ਤੇ ਸਾਜ਼ਾਂ ਬਾਰੇ ਰੱਜ ਕੇ ਲਿਖ ਲਿਆ ਹੈ, ਪਰ ਜੇ ਗਾਇਕੀ ਦੇ ਖੇਤਰ ਵਿਚ ਤੀਹ ਵਰ੍ਹੇ ਲਗਾਤਾਰ ਵਿਚਾਰਦਾ ਰਿਹਾ ਹਾਂ ਤਾਂ ਇਹਦਾ ਸਭ ਤੋਂ ਵੱਡਾ ਰਾਜ਼ ਜ਼ਿੰਦਗੀ ਭਰ ਮੰਨਦਾ ਰਹਾਂਗਾ ਕੁਲਦੀਪ ਮਾਣਕ ਦੀ ਦੋਸਤੀ ਤੇ ਸੁਰਿੰਦਰ ਕੌਰ ਦਾ ਨਿੱਘਾ ਪਿਆਰ।
ਆਸਾ ਸਿੰਘ ਮਸਤਾਨਾ ਨਾਲ ਸੁਰਿੰਦਰ ਕੌਰ ਦਾ ਗੀਤ ‘ਪੰਡਿਤ ਜੀ ਕੀ ਏ ਲਾਲ ਮੇਰਾ’ ਜੇ ਹੁਣ ਤੱਕ ਰੇਡੀਓ ਸਟੇਸ਼ਨਾਂ ਤੋਂ ਹੁੰਦਾ ਹੋਇਆ ਚੱਲੀ ਜਾ ਰਿਹਾ ਹੈ, ਮੈਂ ਆਪਣੀਆਂ ਅੱਖਾਂ ਨਾਲ ਰਿਕਾਰਡ ਹੁੰਦਾ ਵੇਖਿਆ। ਉਸ ਉਮਰ ਵਿਚ ਜਦੋਂ ਬੰਦਾ ਸ਼ੀਸ਼ਾ ਤਾਂ ਵੱਧ ਦੇਖਦਾ, ਪਰ ਸੱਪ ਦੀ ਲਕੀਰ ਵਾਂਗ ਸਿਰ ਦੇ ਵਾਲਾਂ ਵਿਚ ਸਿੱਧਾ ਚੀਰ ਨਹੀਂ ਕੱਢਣਾ ਆਉਂਦਾ ਹੁੰਦਾ। ਇਕ ਦਰਜਨ ਤੋਂ ਵੱਧ ਵਾਰ ਗਰੀਨ ਪਾਰਕ ਵਿਚ ਆਸਾ ਸਿੰਘ ਮਸਤਾਨਾ ਨੂੰ ਮਿਲਣ ਲਈ ਮੈਂ ਸੁਰਿੰਦਰ ਕੌਰ ਨਾਲ ਹੀ ਗਿਆ। ਇਹ ਗੱਲ ਕਹਿਣ ਵਿਚ ਮੈਂ ਝਿਜਕ ਨਹੀਂ ਸਮਝਦਾ ਕਿ ਕਈ ਵਾਰ ਬਨਾਰਸੀ ਪਾਨ ਖਾ-ਖਾ ਕੇ ਉਹ ਵੀ ਦੁੱਗਣਾ ਕੱਥਾ ਪੁਆ ਕੇ, ਨਾਲ ਰੰਗੀਨ ਹੋਏ ਮਸਤਾਨੇ ਦੇ ਦੰਦਾਂ ਨੂੰ ਵੇਖ ਕੇ ਨੱਕ ਵੱਟ ਲੈਂਦੀ ਸੀ। ਮੈਂ ਉਦੋਂ ਵੀ ਸੋਚਦਾ ਹੁੰਦਾ ਸੀ, ਮੈਂ ਕੀ ਹਾਂ ਕਿ ਇਨ੍ਹਾਂ ਮਹਾਨ ਲੋਕਾਂ ਨਾਲ ਨਿੱਕੀ ਉਮਰੇ ਘੁਲ-ਮਿਲ ਗਿਆ ਹਾਂ। ਉਦੋਂ ਇਹ ਤਾਂ ਪਤਾ ਸੀ ਕਿ ਵਿਗਿਆਨ ਤਰੱਕੀ ਕਰੇਗਾ, ਪਰ ਇਹ ਨਹੀਂ ਪਤਾ ਸੀ ਕਿ ਗਾਇਕ ਪੈਸੇ ਦੀ ਹਨੇਰੀ ਵਿਚ ਕਦੀ ਪਤੰਗ ਵਾਂਗ ਉਡੇ ਫਿਰਨਗੇ, ਤੇ ਆਪ ਹੀ ਕਿਹਾ ਕਰਨਗੇ ਵਿੰਗੇ-ਟੇਡੇ ਬੋਦੇ ਵਾਹ ਕੇ, ਕਿ ਸਾਡੀ ਸ਼ੋਹਰਤ ਤੋਂ ਲੋਕ ਸੜਦੇ ਹਨ। ਪੈਸੇ ਦੇ ਪੁੱਤ ਤਾਂ ਕੀ, ਜਮੂਰੇ ਬਣ ਜਾਣਗੇ, ਲਗਦਾ ਨਹੀਂ ਸੀ ਹੁੰਦਾ।
ਜਿਹੜਾ ਝੋਰਾ ਹੈ ਮੈਨੂੰ, ਉਹ ਇਹ ਹੈ ਕਿ ਉਹਨੇ ਆਖਰੀ ਸਾਹ ਪੰਜਾਬ ਤੋਂ ਦੂਰ ਆ ਕੇ ਅਮਰੀਕਾ ਵਿਚ ਲਿਆ, ਤੇ ਉਹਦਾ ਮਰਦੀ ਦਾ ਮੂੰਹ ਨਾ ਵੇਖ ਸਕਿਆ; ਤੇ ਦੁੱਖ ਇਸ ਗੱਲ ਦਾ ਰਿਹਾ ਕਿ ਉਹ ਮੇਰੇ ਵਿਆਹ ‘ਤੇ ਇਸ ਕਰ ਕੇ ਨਹੀਂ ਆਈ ਕਿ ਜੇ ਬਰਾਤੇ ਅਸ਼ੋਕ ਲੈ ਗਿਆ ਤਾਂ ਖਾੜਕੂ ਪਾਥੀਆਂ ਪੱਥਣ ਨਾ ਲਾ ਲੈਣ। ਸੱਚ ਇਹ ਵੀ ਹੈ ਕਿ ਉਹ ਸ਼ਾਇਰਾਂ, ਗੀਤਕਾਰਾਂ ਨੂੰ ਤਾਂ ਬਹੁਤ ਜਾਣਦੀ ਸੀ, ਪਰ ਉਹ ਸੰਤ ਸਿੰਘ ਸੇਖੋਂ, ਸ਼ਮਸ਼ੇਰ ਸੰਧੂ, ਇਕਬਾਲ ਮਾਹਲ ਤੇ ਮੇਰੇ ਨਾਂ ਦਾ ਅਕਸਰ ਜ਼ਿਕਰ ਕਰਦੀ ਸੀ।
ਸੁਰਿੰਦਰ ਕੌਰ ਚਲੇ ਗਈ। ਉਨ੍ਹਾਂ ਰਾਹਾਂ ਦੀਆਂ ਪੈੜਾਂ ਸਾਨੂੰ ‘ਵਾਜ਼ਾਂ ਮਾਰਨ ਲੱਗ ਗਈਆਂ ਹਨ, ਪਰ ਮਾਣ ਨਾਲ ਕਹਾਂਗਾ ਕਿ ਮੈਂ ਸੁਰਿੰਦਰ ਕੌਰ ਦੀ ਮਾਂ ਵਰਗੀ ਬੁੱਕਲ ਦੇ ਨਿੱਘ ‘ਚ ਉਡਾਰ ਹੋਇਆ ਹਾਂ।
__________________________

ਬਾਬਿਆਂ ਦਾ ਜਲਵਾ
ਸੇਕ ਪੈ ਗਿਆ ਰਿਸ਼ਤੇ ਨਾਤਿਆਂ ਨੂੰ, ਟਕੇ-ਟਕੇ ਨੂੰ ਵਿੰਨ੍ਹਣ ਜ਼ਮੀਰ ਲੱਗ ਪਈ।
ਭਾਈ ਸਾਹਿਬਾਂ ਨੂੰ ਭੱਜਣ ਤੋਂ ਰੋਕਦੇ ਨਹੀਂ, ਕੁੱਟਣ ਕੈਦੋਂ ਨੂੰ ਅੱਜ ਕੱਲ੍ਹ ਹੀਰ ਲੱਗ ਪਈ।
ਵੱਟੇ ਇਸ਼ਕ ਦੀਆਂ ਬੇੜੀਆਂ ‘ਚ ਪਏ ਪੂਰੇ, ਮਹਿਬੂਬ ਆਸ਼ਕ ਨੂੰ ਕਹਿਣ ਹੁਣ ਵੀਰ ਲੱਗ ਪਈ।
ਅੰਦਰ ਡੱਕ ਲਏ ਹੋਣੀ ਨੇ ਘੇਰ ਗੱਭਰੂ, ਝਗੜਨ ਨਸ਼ਿਆਂ ਦੇ ਨਾਲ ਤਕਦੀਰ ਲੱਗ ਪਈ।
ਬੋਦੀ, ਧੋਤੀ ਤੇ ਟੋਪੀ ਨਾ ਬ੍ਰਾਹਮਣਾਂ ਦੇ, ਰਿੱਝਣ ਦੁੱਧ ਤੋਂ ਬਿਨਾਂ ਹੀ ਖੀਰ ਲੱਗ ਪਈ।
ਕਿਤੋਂ ਬਹੁੜ ਤਬੀਬਾ ਕੁਝ ਤਰਸ ਖਾ ਕੇ, ਹੋਣ ਪਤਾ ਨਹੀਂ ਕਿਹੜੀ ਅਖੀਰ ਲੱਗ ਪਈ।
ਕਿੱਦਾਂ ਸਮੇਂ ਨੇ ਵੇਖੋ ਤਾਸੀਰ ਬਦਲੀ, ਯੁੱਗ ਮੁੱਕ ਗਿਆ ਮੂਹੜੇ ਤੇ ਛਾਬਿਆਂ ਦਾ।
ਲੋਕੀ ਦੁਖੀ ਨੇ ਭਾਲਦੇ ਰੱਬ ‘ਭੌਰੇ’ ਤਾਹੀਉਂ ਜਲਵਾ ਏ ਪੂਰਾ ਹੁਣ ਬਾਬਿਆਂ ਦਾ।

Be the first to comment

Leave a Reply

Your email address will not be published.