ਤਖਤ ਪਟਨਾ ਸਾਹਿਬ ਵਿਖੇ ਟਕਰਾਅ ਵਾਲੀ ਹਾਲਤ ਬਰਕਰਾਰ

ਚੰਡੀਗੜ੍ਹ: ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਿਚਾਲੇ ਟਕਰਾਅ ਵਾਲੀ ਹਾਲਤ ਬਰਕਰਾਰ ਹੈ। ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਜਦੋਂਕਿ ਗਿਆਨੀ ਇਕਬਾਲ ਸਿੰਘ ਵੱਲੋਂ ਬਰਤਰਫੀ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਹੈ।
ਜਨਵਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਇਆ ਗਿਆ ਸੀ। ਇਸ ਸਮਾਗਮ ਦੌਰਾਨ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਵਧੀਕ ਗ੍ਰੰਥੀ ਦੀ ਨਵੀਂ ਨਿਯੁਕਤੀ ਦੇ ਮਾਮਲੇ ਨੂੰ ਲੈ ਕੇ ਮੰਚ ‘ਤੇ ਹੀ ਗਿਆਨੀ ਇਕਬਾਲ ਸਿੰਘ ਤੇ ਪ੍ਰਬੰਧਕੀ ਕਮੇਟੀ ਦੇ ਕਾਰਕੁਨਾਂ ਦਰਮਿਆਨ ਹਿੰਸਕ ਝੜੱਪ ਹੋ ਗਈ।
ਇਸ ਵਿਚ ਗਿਆਨੀ ਇਕਬਾਲ ਸਿੰਘ, ਉਨ੍ਹਾਂ ਦਾ ਬੇਟਾ ਤੇ ਕੁਝ ਹੋਰ ਲੋਕ ਜ਼ਖਮੀ ਹੋ ਗਏ ਸਨ। ਜ਼ਖਮੀ ਧਿਰ ਵੱਲੋਂ ਪ੍ਰਬੰਧਕੀ ਕਮੇਟੀ ਖਿਲਾਫ ਪੁਲਿਸ ਕੇਸ ਦਰਜ ਕਰਾਇਆ ਗਿਆ ਸੀ ਜਿਸ ਵਿਚ ਹੁਣ ਪ੍ਰਬੰਧਕਾਂ ਦੀਆਂ ਹਾਈ ਕੋਰਟ ਤੋਂ ਜ਼ਮਾਨਤਾਂ ਮਨਜ਼ੂਰ ਹੋਈਆਂ ਹਨ। ਦੂਜੇ ਪਾਸੇ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਵਾਪਰੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਮਗਰੋਂ ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਗਿਆਨੀ ਇਕਬਾਲ ਸਿੰਘ ਨੂੰ ਸਮੁੱਚੇ ਘਟਨਾਕ੍ਰਮ ਲਈ ਜ਼ਿੰਮੇਵਾਰ ਕਰਾਰ ਦਿੰਦਿਆਂ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ।
ਗਿਆਨੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਵਾਲੇ ਆਦੇਸ਼ਾਂ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪ੍ਰਬੰਧਕੀ ਕਮੇਟੀ ਦੇ ਆਗੂਆਂ ਖਿਲਾਫ ਧਾਰਾ 302 ਤਹਿਤ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਹੋ ਚੁੱਕਾ ਹੈ। ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਮੁਅੱਤਲ ਤੇ ਫਾਰਗ ਕਰਨ ਸਬੰਧੀ ਕਮੇਟੀ ਕੋਲ ਕੋਈ ਸੰਵਿਧਾਨਕ ਅਧਿਕਾਰ ਨਹੀਂ ਹੈ। ਇਸੇ ਲਈ ਉਹ ਲਗਾਤਾਰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬਤੌਰ ਜਥੇਦਾਰ ਆਪਣੇ ਫਰਜ਼ ਨੂੰ ਅੰਜਾਮ ਦੇ ਰਹੇ ਹਨ।
ਦੂਜੇ ਪਾਸੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਸਮਰਥਕ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਪ੍ਰਬੰਧਕੀ ਕਮੇਟੀ ਨੇ ਆਪਣੇ ਅਧਿਕਾਰ ਖੇਤਰ ਤਹਿਤ ਕਾਰਵਾਈ ਕਰਦਿਆਂ ਗਿਆਨੀ ਇਕਬਾਲ ਸਿੰਘ ਨੂੰ ਅਹੁਦੇ ਤੋਂ ਫਾਰਗ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੂੰ ਸੇਵਾਮੁਕਤ ਕਰਨ ਬਾਰੇ ਆਦੇਸ਼ਾਂ ਤੋਂ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਹੋਰ ਤਖਤ ਸਾਹਿਬਾਨ ਤੇ ਪ੍ਰਬੰਧਕੀ ਕਮੇਟੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਬੀਤੇ ਦਿਨੀਂ ਅਕਾਲ ਤਖਤ ‘ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਗਿਆਨੀ ਇਕਬਾਲ ਸਿੰਘ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ ਜਿਸ ਦੇ ਆਧਾਰ ‘ਤੇ ਉਹ ਸ਼ਾਮਲ ਹੋਣ ਲਈ ਵੀ ਆਏ ਸਨ ਪਰ ਐਨ ਆਖਰੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਸੇਵਾਮੁਕਤ ਜਥੇਦਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ। ਇਸ ਦੇ ਸਿੱਟੇ ਵਜੋਂ ਗਿਆਨੀ ਇਕਬਾਲ ਸਿੰਘ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ ਸਨ।
______________________________________
ਗਿਆਨੀ ਇਕਬਾਲ ਸਿੰਘ ਦਾ ਅਦਾਲਤ ਜਾਣਾ ਮੰਦਭਾਗਾ
ਅੰਮ੍ਰਿਤਸਰ: ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਰਖਾਸਤ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਵੱਲੋਂ ਉਚ ਅਦਾਲਤ ਵਿਚ ਆਪਣੀ ਬਰਖਾਸਤਗੀ ਬਾਰੇ ਕੇਸ ਦਾਇਰ ਕਰਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਤਖਤਾਂ ਦੇ ਜਥੇਦਾਰ ਕਿਸੇ ਵੀ ਦੁਨਿਆਵੀ ਅਦਾਲਤ ਦੇ ਅਧੀਨ ਨਹੀਂ ਹਨ। ਉਨ੍ਹਾਂ ਕਿਹਾ ਕਿ ਤਖਤਾਂ ਦੀ ਆਨ ਤੇ ਸ਼ਾਨ, ਮਾਣ-ਮਰਿਆਦਾ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਬੰਧਤ ਤਖਤ ਸਾਹਿਬ ਦੇ ਜਥੇਦਾਰ ਦੀ ਹੈ।
____________________________________________
ਗਿਆਨੀ ਇਕਬਾਲ ਸਿੰਘ ਆਪਣੇ ਪੈਂਤੜੇ ‘ਤੇ ਅੜੇ
ਅੰਮ੍ਰਿਤਸਰ: ਤਖਤ ਪਟਨਾ ਸਾਹਿਬ ਵਿਖੇ ਜਥੇਦਾਰ ਦੀ ਬਰਖਾਸਤਗੀ ਤੇ ਹੋਰ ਨਿਯੁਕਤੀ ਬਾਰੇ ਚੱਲ ਰਹੇ ਵਿਵਾਦ ਦੌਰਾਨ ਗਿਆਨੀ ਇਕਬਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਨਿਰੰਤਰ ਤਖਤ ਸਾਹਿਬ ਵਿਖੇ ਬਤੌਰ ਜਥੇਦਾਰ ਸੇਵਾ ਨਿਭਾ ਰਹੇ ਹਨ ਜਦਕਿ ਗਿਆਨੀ ਬਲਦੇਵ ਸਿੰਘ ਬਤੌਰ ਸੀਨੀਅਰ ਮੀਤ ਗ੍ਰੰਥੀ ਹੀ ਸੇਵਾ ਨਿਭਾਉਣਗੇ।
ਗਿਆਨੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਤਖਤ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਇਕੱਤਰਤਾ ਹੋਈ ਸੀ ਜਿਸ ਵਿਚ ਉਨ੍ਹਾਂ ਤੋਂ ਇਲਾਵਾ ਹੈਡ ਗ੍ਰੰਥੀ ਗਿਆਨੀ ਰਜਿੰਦਰ ਸਿੰਘ, ਸੀਨੀਅਰ ਮੀਤ ਗ੍ਰੰਥੀ ਗਿਆਨੀ ਬਲਦੇਵ ਸਿੰਘ, ਮੀਤ ਗ੍ਰੰਥੀ ਦਲੀਪ ਸਿੰਘ ਤੇ ਗੁਰਦਿਆਲ ਸਿੰਘ ਸ਼ਾਮਲ ਹੋਏ। ਮੀਟਿੰਗ ਵਿਚ ਵਿਚਾਰ ਕਰਨ ਮਗਰੋਂ ਉਨ੍ਹਾਂ ਪੰਜਾਂ ਦੇ ਦਸਤਖਤਾਂ ਹੇਠ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਗ੍ਰੰਥੀ ਗਿਆਨੀ ਰਜਿੰਦਰ ਸਿੰਘ ਬਤੌਰ ਮੁੱਖ ਗ੍ਰੰਥੀ ਤੇ ਸੀਨੀਅਰ ਮੀਤ ਗ੍ਰੰਥੀ ਗਿਆਨੀ ਬਲਦੇਵ ਸਿੰਘ ਵੀ ਸੀਨੀਅਰ ਮੀਤ ਗ੍ਰੰਥੀ ਵਜੋਂ ਹੀ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਕੋਈ ਵੀ ਗ੍ਰੰਥੀ ਬਤੌਰ ਕਾਰਜਕਾਰੀ ਜਥੇਦਾਰ ਸੇਵਾਵਾਂ ਨਹੀਂ ਨਿਭਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
___________________________________________
ਭਾਈ ਬਲਦੇਵ ਸਿੰਘ ਬਣੇ ਕਾਰਜਕਾਰੀ ਜਥੇਦਾਰ
ਚੰਡੀਗੜ੍ਹ: ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਬਰਖਾਸਤ ਕਰਨ ਦੇ ਪੁਰਾਣੇ ਫੈਸਲੇ ਮਗਰੋਂ 17 ਮਾਰਚ ਨੂੰ ਮੁੱਖ ਗ੍ਰੰਥੀ ਬਣਾਏ ਗਏ ਭਾਈ ਰਜਿੰਦਰ ਸਿੰਘ ਨੂੰ ਵੀ ਕਮੇਟੀ ਜ਼ਾਬਤੇ ਦੀ ਉਲੰਘਣਾ ਤਹਿਤ ਮੁਅੱਤਲ ਕਰਦਿਆਂ ਮੀਤ ਗ੍ਰੰਥੀ ਭਾਈ ਬਲਦੇਵ ਸਿੰਘ ਨੂੰ ਕਾਰਜਕਾਰੀ ਜਥੇਦਾਰ ਥਾਪ ਦਿੱਤਾ ਹੈ। ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ 30 ਅਪਰੈਲ ਨੂੰ ਭਾਈ ਬਲਦੇਵ ਸਿੰਘ ਦੇ ਨਾਂ ਜਾਰੀ ਕੀਤੇ ਦਫ਼ਤਰੀ ਨੋਟਿਸ ਵਿਚ ਕਮੇਟੀ ਨੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਨੂੰ ਆਦੇਸ਼ਾਂ ਦੀ ਉਲੰਘਣਾ ਕਰਨ ‘ਤੇ ਮੁਅੱਤਲ ਕਰਦਿਆਂ ਉਨ੍ਹਾਂ ਨੂੰ ਕਾਰਜਕਾਰੀ ਜਥੇਦਾਰ ਦਾ ਰੁਤਬਾ ਸੰਭਾਲਣ ਦੀ ਬੇਨਤੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕਮੇਟੀ ਵੱਲੋਂ ਗਿਆਨੀ ਇਕਬਾਲ ਸਿੰਘ ਦੀ ਕੀਤੀ ਬਰਖਾਸਤਗੀ ਮਗਰੋਂ ਭਾਈ ਰਜਿੰਦਰ ਸਿੰਘ ਨੂੰ ਜਥੇਦਾਰ ਐਲਾਨਿਆ ਤੇ ਹੁਣ ਉਨ੍ਹਾਂ ਦੀ ਮੁਅਤਲੀ ਕਰਕੇ ਭਾਈ ਬਲਦੇਵ ਸਿੰਘ ਨੂੰ ਪ੍ਰਬੰਧ ਚਲਾਉਣ ਲਈ ਕਾਰਜਕਾਰੀ ਜਥੇਦਾਰ ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਪਟਨਾ ਉਚ ਅਦਾਲਤ ਵਿਚ 3 ਡਬਲਿਊæਸੀæਜੇæਸੀæ 8307-2014 ਨੰਬਰ ਤਹਿਤ ਜਸਟਿਸ ਕੇæਕੇæ ਮੰਡਲ ਕੋਲ ਆਪਣੀ ਬਰਖਾਸਤਗੀ ਵਿਰੁਧ ਕੇਸ ਕੀਤਾ ਹੋਇਆ ਹੈ। ਸਿੱਖ ਸੰਗਤਾਂ ਵਿਚ ਤਖਤ ਸਾਹਿਬ ਦੀ ਸ਼ਰਧਾ ਤੇ ਮਰਿਆਦਾ ਕਾਰਨ ਉਹ ਗਿਆਨੀ ਇਕਬਾਲ ਸਿੰਘ ਨੂੰ ਤਖਤ ਸਾਹਿਬ ਵਿਖੇ ਆਉਣ ਤੋਂ ਰੋਕਣਾ ਸਹੀ ਨਹੀਂ ਸਮਝਦੇ।

Be the first to comment

Leave a Reply

Your email address will not be published.