ਤੂੜੀ ਦੀ ਮਹਿਮਾ

ਬਲਜੀਤ ਬਾਸੀ
ਖਿਲਵਾੜ ਦੀ ਗਹਾਈ ਤੇ ਉੜਾਈ ਪਿਛੋਂ ਦੋ ਬਹੁਮੁੱਲੇ ਮੇਵੇ ਕਿਸਾਨ ਦੇ ਹੱਥ ਲਗਦੇ ਹਨ-ਬੋਹਲ ਦੇ ਰੂਪ ਵਿਚ ਕਣਕ ਅਤੇ ਧੜ ਦੇ ਰੂਪ ਵਿਚ ਤੂੜੀ। ਜਿਥੇ ਕਣਕ ਪੰਜਾਬੀ ਮਨੁਖ ਦਾ ਮੁੱਖ ਖਾਧ ਪਦਾਰਥ ਹੈ, ਉਥੇ ਤੂੜੀ ਕਿਸਾਨ ਦੀ ਉਪਜੀਵਕਾ ਦੀ ਜਿੰਦ ਜਾਨ ਬਣੇ ਪਸ਼ੂ ਲਈ ਸੁੱਕੇ ਮੇਵੇ ਦੇ ਨਿਆਈਂ ਹੀ ਹੁੰਦੀ ਹੈ। ਜਦੋਂ ਮਰਜ਼ੀ ਹਰੇ ਚਾਰੇ ਵਿਚ ਰਲਾ ਦੇਵੋ, ਡੰਗਰ ਖਾਊਂ ਖਾਊਂ ਕਰਨਗੇ। ਦੁਧਾਰੂ ਪਸ਼ੂਆਂ ਦੀ ਇਕ ਗਿਜ਼ਾ, ਵੰਡ ਜਾਂ ਕੁੰਡ ਦੇ ਨੁਸਖੇ ਵਿਚ ਤਾਂ ਖਲ ਅਤੇ ਵੜੇਵਿਆਂ ਦੇ ਨਾਲ ਨਾਲ ਤੂੜੀ ਇਕ ਜ਼ਰੂਰੀ ਮਸਾਲਾ ਹੁੰਦੀ ਹੈ। ਇਸ ਨੂੰ ਮੱਝਾਂ ਗਾਂਵਾਂ ਚਾਹ ਕੇ ਖਾਂਦੀਆਂ ਹਨ ਤੇ ਫਿਰ ਮਾਲਕ ਨੂੰ ਚਾਹ ਬਣਾਉਣ ਵਾਸਤੇ ਖੂਬ ਸਾਰਾ ਦੁਧ ਦਿੰਦੀਆਂ ਹਨ, “ਤੂੜੀ ਸੂੜੀ, ਵੰਡ, ਵੜੇਵਾਂ, ਘਾਹ ਪੱਠਾ ਮੈਂ ਖਾਂਦੀ ਹਾਂ; ਉਸ ਦੇ ਬਦਲੇ ਅੰਮ੍ਰਿਤ ਵਰਗਾ ਮਿੱਠਾ ਦੁਧ ਪਿਲਾਂਦੀ ਹਾਂ।”
ਤੂੜੀ ਇਕ ਬਹੁ-ਉਪਯੋਗੀ ਸ਼ੈਅ ਹੈ। ਕੋਠਿਆਂ ਦੀਆਂ ਕੰਧਾਂ, ਕੌਲਿਆਂ ਜਾਂ ਛੱਤਾਂ ਉਤੇ ਫੇਰਨ ਵਾਲੀ ਲੇਈ ਬਣਾਉਣ ਲਈ ਜੋ ਘਾਣੀ ਕੀਤੀ ਜਾਂਦੀ ਹੈ, ਉਸ ਵਿਚ ਤੂੜੀ ਇਕ ਅਹਿਮ ਜੁਜ਼ ਹੁੰਦਾ ਹੈ। ਲੇਈ ਵਿਚਲੀ ਤੂੜੀ ਰੇਸ਼ਿਆਂ ਜਾਂ ਕਹਿ ਲਵੋ ਪੱਠਿਆਂ ਦਾ ਕੰਮ ਦਿੰਦੀ ਹੈ। ਇਸ ਨਾਲ ਬਿਠਾਇਆ ਜੋੜ ਫੈਵੀਕੋਲ ਤੋਂ ਵੀ ਵਧ ਪ੍ਰਭਾਵਕ ਹੁੰਦਾ ਹੈ। ਛੱਤਾਂ ‘ਚੋਂ ਮੀਂਹ ਦੇ ਪਾਣੀ ਲਈ ਇਹ ਜ਼ਬਰਦਸਤ ਅਵਰੋਧ ਦਾ ਕੰਮ ਦਿੰਦਾ ਹੈ। ਰੱਬ ਨੇ ਵੀ ਕਈ ਬੰਦਿਆਂ ਦੇ ਖਾਲੀ ਦਿਮਾਗ ਭਰਨ ਲਈ ਤੂੜੀ ਦਾ ਸਫਲ ਪ੍ਰਯੋਗ ਕੀਤਾ ਹੈ। ਤੂੜੀ ਭਰੇ ਭੇਜੇ ਵਾਲੇ ਬੰਦੇ ਦੇ ਅੰਦਰ ਕੋਈ ਅਕਲ ਵਾਲੀ ਗੱਲ ਕਦੇ ਨਹੀਂ ਵੜ ਸਕਦੀ, ਤੇ ਨਾ ਹੀ ਕਦੇ ਅੰਦਰੋਂ ਬਾਹਰ ਆ ਸਕਦੀ ਹੈ।
ਅੱਜ ਕਲ੍ਹ ਬਣ ਸਕਣ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਰਚਾ ਵਿਚ ਰਹਿੰਦਾ ਹੈ। ਉਸ ਦੀ ਹੀ ਪਾਰਟੀ ਦੀ ਇਕ ਲੀਡਰ ਉਮਾ ਭਾਰਤੀ ਨੂੰ ਜਦ ਮੋਦੀ ਬਾਰੇ ਟਿੱਪਣੀ ਕਰਨ ਲਈ ਬੇਨਤੀ ਕੀਤੀ ਗਈ ਤਾਂ ਉਸ ਕਿਹਾ, “ਉਹ ਮੋਦੀ ਬਾਰੇ ਕੁਝ ਕਹਿਣਾ ਚਾਹੁੰਦੇ ਹਨ ਪਰ ਇਸ ਤੋਂ ਬਾਅਦ ਜੋ ਹੁੰਦਾ ਹੈ, ਬਾਪ ਰੇ ਬਾਪ, ਉਹ ਤੂੜੀ ਦੇ ਢੇਰ ਨੂੰ ਅੱਗ ਲਾਉਣ ਦੇ ਬਰਾਬਰ ਹੈ।” ਕਿਆ ਖੂਬਸੂਰਤ ਅਖਾਣ ਘੜਿਆ ਗਿਆ ਹੈ। ਉਂਜ ਅੱਜ ਕਲ੍ਹ ਤਾਂ ਤੂੜੀ ਦੇ ਭਾਵਾਂ ਨੂੰ ਵੀ ਅੱਗ ਲੱਗੀ ਰਹਿੰਦੀ ਹੈ। ਇਸ ਲਾਭਕਾਰੀ ਵਸਤੂ ਨਾਲ ਨਜਿੱਠਣ ਲਈ ਕਈ ਅਜੀਬੋ ਗਰੀਬ ਸਾਧਨਾਂ ਦੀ ਵਰਤੋਂ ਕੀਤੀ ਜਾਦੀ ਹੈ। ਛੱਜ ਘੁੰਡਾਂ ਅਤੇ ਤੂੜੀ ਦੀ ਰਹਿੰਦ-ਖੂਹੰਦ ਨੂੰ ਕਣਕ ਦੇ ਦਾਣਿਆਂ ਵਿਚੋਂ ਉੜਾ-ਉੜਾ ਕੇ ਛਾਂਟਦਾ ਹੈ। ਤਿੰਨ ਉਂਗਲਾਂ ਵਾਲੀ ਤੰਗਲੀ ਇਸ ਨੂੰ ਪਰੇ-ਉਰੇ ਕਰਦੀ ਹੈ। ਤੂੜੀ ਦਾ ਹਾਸਿਲ ਅਸਲ ਵਿਚ ਕਿਸਾਨ ਦੀ ਸਾਲ ਭਰ ਦੀ ਕਰੜੀ ਮਿਹਨਤ ਦੇ ਫਲ ਦਾ ਪ੍ਰਤੀਕ ਹੈ। ਧਨੀ ਰਾਮ ਚਾਤ੍ਰਿਕ ਨੇ ਇਸ ਵੱਲ ਖੂਬ ਇਸ਼ਾਰਾ ਕੀਤਾ ਹੈ,
ਤੂੜੀ ਤੰਦ ਸਾਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕਢ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉਤੇ, ਤੇਲ ਲਾਇ ਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਤੂੜੀ ਨੂੰ ਸਾਲ ਭਰ ਲਈ ਸਾਂਭਣ ਵਾਸਤੇ ਜੱਟਾਂ ਵਲੋਂ ਕੀਤੀ ਜਾਂਦੀ ਖੇਚਲ ਦਾ ਚਾਤ੍ਰਿਕ ਨੂੰ ਖੂਬ ਅਨੁਭਵ ਹੋਵੇਗਾ। ਸਦੀਆ ਦੀ ਮਿਹਨਤ ਨਾਲ ਕਿਸਾਨ ਭਰਾਵਾਂ ਨੇ ਕਣਕ ਦੀ ਨਾੜ ਦੀ ਹੀ ਵਰਤੋਂ ਵਾਲਾ ਕੁੱਪ ਨਾਂ ਦਾ ਇਕ ਮੀਨਾਰ ਈਜਾਦ ਕੀਤਾ ਜਿਸ ਵਿਚ ਤੂੜੀ ਇਸ ਤਰ੍ਹਾਂ ਕੁੱਟ ਕੁੱਟ ਕੇ ਤੁੰਨੀ ਜਾਂਦੀ ਹੈ ਜਿਵੇਂ ਕਿਤੇ ਫਿਰ ਇਸ ਨੂੰ ਕਢਣਾ ਹੀ ਨਾ ਹੋਵੇ। ਕਿਸਾਨ ਦੀ ਸਿਲਪ ਕਲਾ ਦਾ ਇਸ ਤੋਂ ਵੱਡਾ ਨਮੂਨਾ ਹੋਰ ਕੀ ਹੋ ਸਕਦਾ ਹੈ।
ਕਿਸਾਨ ਇਸ ਕੁੱਪ ਤੋਂ ਹੋਰ ਵੀ ਕੰਮ ਲੈਂਦਾ ਹੈ। ਬਹੁਤੀ ਗਰਮੀ ਜਾਂ ਧੁੱਪ ਮਹਿਸੂਸ ਹੁੰਦੀ ਹੋਵੇ ਤਾਂ ਇਸ ਅੰਦਰ ਪਨਾਹ ਲਈ ਜਾ ਸਕਦੀ ਹੈ ਭਾਵੇਂ ਸਾਹ ਘੁਟਿਆ ਹੀ ਜਾਵੇ। ਸਰਦੀਆਂ ਵਿਚ ਤਾਂ ਤੂੜੀ ਦਾ ਨਿਘਾਸ ਨੀਂਦਆਵਰ ਹੀ ਹੁੰਦਾ ਹੈ। ਵੇਲੇ-ਕੁਵੇਲੇ ਤੂੜੀ ਦੇ ਕੁੱਪ ਵਿਚ ਨਸ਼ਾ ਪਾਣੀ ਵੀ ਕਰ ਲਿਆ ਜਾਂਦਾ ਹੈ। ਕਈ ਲੋਕ ਇਸ ਕੁੱਪ ਵਿਚ ਹੋਰ ਵੀ ਕਈ ਗੁਪਤ ਕੰਮ ਕਰ ਲੈਂਦੇ ਹਨ। ਤੂੜੀ ਵਾਲੇ ਕੋਠੇ ਤੋਂ ਵੀ ਕੁੱਪ ਵਾਲੇ ਕਈ ਕੰਮ ਸਾਰ ਲਏ ਜਾਂਦੇ ਹਨ।
ਤੂੜੀ ਪੰਜਾਬੀ ਤੇ ਰਾਜਸਥਾਨੀ ਦਾ ਇਕ ਠੇਠ ਸ਼ਬਦ ਹੈ ਜਿਸ ਦਾ ਸੰਸਕ੍ਰਿਤ ਰੂਪ ਤੁਸ ਹੈ। ਪੋਠੋਹਾਰੀ ਵਿਚ ਤਾਂ ਇਸ ਭਾਵ ਲਈ ਤੁਸ ਸ਼ਬਦ ਹੀ ਚਲਦਾ ਹੈ। ਜਿਵੇਂ ਤੂੜੀ ਤੋਂ ਤੂੜਨਾ ਕਿਰਿਆ ਬਣੀ, ਉਸੇ ਤਰ੍ਹਾਂ ਤੁਸ ਤੋਂ ਤੂਸਣਾ ਕਿਰਿਆ ਬਣੀ। ਤੂੜੀ ਦੇ ਕਈ ਭਰਾ-ਭਾਈ ਵੀ ਤੂੜੀ ਨਾਲੋਂ ਘਟ ਪੈਂਠ ਵਾਲੇ ਨਹੀਂ। ਛੋਲੇ, ਜੌਂ ਆਦਿ ਦੇ ਛਿਲੜ ਦਾ ਅਰਥਾਵਾਂ ‘ਤੋਹ’ ਸ਼ਬਦ ਇਸ ਦਾ ਸਕਾ ਹੈ। ਗੁਰਬਾਣੀ ਵਿਚ ਤੋਹ ਸ਼ਬਦ ਤੁਹ/ਤੁਹੁ ਦੇ ਸ਼ਬਦ-ਜੋੜਾਂ ਵਿਚ ਆਇਆ ਹੈ, “ਤੁਹ ਕੁਟਹਿ ਮਨਮੁਖ ਕਰਹਿ ਭਾਈ ਪਲੈ ਕਿਛੂ ਨ ਪਾਇ॥” (ਗੁਰੂ ਅਮਰ ਦਾਸ) ਪਰ ਗੁਰੂ ਅਰਜਨ ਦੇਵ ਦੇ ਇਹ ਸ਼ਬਦ ਮੈਨੂੰ ਬਹੁਤ ਅਰਥਭਰਪੂਰ ਜਾਪਦੇ ਹਨ, “ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਹੀਂ।” ਅਰਥਾਤ ਜੋ ਬਿਨਾਂ ਦਾਣਿਆਂ ਵਾਲੇ ਤੁਹਾਂ ਨੂੰ ਹੀ ਗਾਹੁੰਦੇ ਰਹਿੰਦੇ ਹਨ, ਉਹ ਦੌੜ ਦੌੜ ਕੇ ਦੁਖ ਹੀ ਪਾਉਂਦੇ ਹਨ। ਹੋਰ ਦੇਖੋ, “ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ”, ਮਨੁਖ ਸਾਰਾ ਦਿਨ ਮੂਸਲ ਲੈ ਕੇ ਧਾਨ ਛੜਦਾ ਰਹਿੰਦਾ ਹੈ ਪਰ ਉਸ ਦੇ ਪੱਲੇ ਕੀ ਪੈਂਦਾ ਹੈ। ਮਜ਼ਦੂਰੀ ਦੀ ਅੱਜ ਤੱਕ ਇਹੋ ਸੱਚਾਈ ਹੈ, ਇਹ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਇਸ ਤੱਥ ਤੋਂ ਅਧਿਆਤਮਕ ਸਿਖਿਆ ਦਿੰਦੇ ਪ੍ਰਤੀਤ ਹੁੰਦੇ ਹਨ। ‘ਤੁਸ’ ਦਾ ਹੀ ਇਕ ਹੋਰ ਰੁਪਾਂਤਰ ‘ਤੁਖ’ ਹੈ ਜਿਸ ਦੇ ਅਰਥ ਵੀ ਲਗਭਗ ਇਹੋ ਜਿਹੇ ਹੀ ਹਨ, “ਕਣੁ ਬਿਨਾ ਜੈਸੇ ਥੋਥਰ ਤੁਖਾ।” ਅਰਥਾਤ ਜਿਵੇਂ ਦਾਣੇ ਤੋਂ ਬਿਨਾਂ ਤੁਹ ਖਾਲੀ ਹੀ ਹੈ। ਕਬੀਰ ਸਾਹਿਬ ਨੇ ਵੀ ਤੁਖ ਦੀ ਅਜਿਹੀ ਵਰਤੋਂ ਕੀਤੀ ਹੈ, “ਕਬੀਰ ਚਾਵਲ ਕਾਰਣੇ ਕਉ ਮੁਹਲੀ ਲਾਇ॥” ਅਧਿਆਤਮਕ ਕਾਵਿ ਵਿਚ ਮਨੁਖ ਵਲੋਂ ਸੰਸਾਰਕ ਪਦਾਰਥਾਂ ਲਈ ਕੀਤੇ ਜਾਂਦੇ ਪਰਿਸ਼੍ਰਮ ‘ਤੇ ਵਿਅੰਗ ਕੀਤਾ ਮਿਲਦਾ ਹੈ।

Be the first to comment

Leave a Reply

Your email address will not be published.