ਮੈਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਟਾਈਮਜ਼ ਵਿਚ ਮਰਹੂਮ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਬਾਰੇ ਪ੍ਰੋæ ਹਰਪਾਲ ਸਿੰਘ ਪੰਨੂ ਅਤੇ ਡਾæ ਗੁਰਤਰਨ ਸਿੰਘ ਦੀਆਂ ਟਿਪਣੀਆਂ ਦਰ ਟਿਪਣੀਆਂ ਪੜ੍ਹ ਰਿਹਾਂ। ਮੈਂ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਵਿਦਵਾਨ ਨੂੰ ਨਹੀਂ ਮਿਲਿਆ। ਇਨ੍ਹਾਂ ਨੂੰ ਜਾਂ ਇਨ੍ਹਾਂ ਬਾਰੇ ਪੜ੍ਹਦਾ ਸੁਣਦਾ ਜ਼ਰੂਰ ਰਹਿੰਦਾ ਹਾਂ। ਇਸ ਲਈ ਮੇਰੀ ਰਾਇ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਹੋਣ ਦਾ ਸਵਾਲ ਨਹੀਂ। ਮੇਰਾ ਮੁਸ਼ਾਹਦਾ ਨਿਰੋਲ ਮੇਰਾ ਆਪਣਾ ਹੈ। ਮੈਨੂੰ ਲੱਗਦਾ ਹੈ ਕਿ ਮਹਿਬੂਬ ਸਾਹਿਬ ਬਾਰੇ, ਸ਼੍ਰੋਮਣੀ ਕਮੇਟੀ ਕੋਲੋਂ ਜਾਂ ਸਾਹਿਤ ਅਕਾਦਮੀ ਕੋਲੋਂ ਇਨਾਮ ਲੈਣ ਬਾਰੇ ਜਿਹੜੀ ਰਾਇ ਪ੍ਰੋæ ਪੰਨੂੰ ਨੇ ਦਿੱਤੀ ਹੈ, ਸ਼ਬਦਾਂ ਦੇ ਓਹਲੇ ਵਿਚ ਡਾæ ਗੁਰਤਰਨ ਸਿੰਘ ਵੀ ਉਹ ਗੱਲ ਇਕ ਤਰ੍ਹਾਂ ਮੰਨ ਹੀ ਰਹੇ ਹਨ। ਪ੍ਰੋæ ਪੰਨੂੰ ਨੇ ਸ਼੍ਰੋਮਣੀ ਕਮੇਟੀ ਕੋਲ ਮਹਿਬੂਬ ਸਾਹਿਬ ਦੀ ਸਿਫਾਰਸ਼ ਕੀਤੀ ਹੋਵੇ ਜਾਂ ਨਾ, ਇਹ ਗੱਲ ਛੱਡ ਵੀ ਲਈਏ ਤਦ ਵੀ ਪਿਛਲੀ ਕਿਸੇ ਟਿੱਪਣੀ ਵਿਚ ਡਾæ ਗੁਰਤਰਨ ਸਿੰਘ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਕੋਲੋਂ ਸਹਾਇਤਾ ਲਈ ਮੰਗ ਰੱਖਣੀ ਮਹਿਬੂਬ ਸਾਹਿਬ ਦਾ ‘ਹੱਕ’ ਬਣਦਾ ਸੀ। ਮੇਰਾ ਸਵਾਲ ਹੈ, ਕਾਹਦਾ ਹੱਕ? ਉਨ੍ਹਾਂ ਨੇ ਸਿੱਖੀ ਬਾਰੇ ਲਿਖਿਆ, ਉਨ੍ਹਾਂ ਦੇ ਸਾਬਾਸ਼ੇ! ਉਨ੍ਹਾਂ ਕਿਸੇ ‘ਤੇ ਅਹਿਸਾਨ ਨਹੀਂ ਕੀਤਾ। ਇਹ ਉਨ੍ਹਾਂ ਦੀ ਅਣਸਰਦੀ ਲੋੜ ਸੀ। ਜਦੋਂ ਵੀ ਕੋਈ ਵਿਦਵਾਨ ਕਿਸੇ ਕੌਮ ਲਈ ਲਿਖਦਾ ਜਾਂ ਕੋਈ ਆਗੂ (ਭਾਵੇਂ ਧਾਰਮਿਕ ਹੋਵੇ ਭਾਵੇਂ ਸਿਆਸੀ) ਕੌਮ ਲਈ ਕੁਝ ਕਰਦਾ ਹੈ ਤਾਂ ਉਹ ਆਪਣੀ ਜ਼ਮੀਰ ਨੂੰ ਜਾਗਦਾ ਤੇ ਜਿਊਂਦਾ ਰੱਖਣ ਲਈ ਕਰਦਾ ਹੈ, ਆਪਣਾ ਫਰਜ਼ ਸਮਝ ਕੇ ਕਰਦਾ ਹੈ। ਕਿਸੇ ‘ਤੇ ਅਹਿਸਾਨ ਨਹੀਂ ਕਰਦਾ। ਇਹ ਉਸ ਦੀ ਨਿਸ਼ਕਾਮ ਸੇਵਾ ਹੁੰਦੀ ਹੈ। ਜਿੱਥੇ ਕਿਸੇ ਨੇ ਕਿਸੇ ਲਈ ‘ਕੁਝ’ ਕੀਤਾ ਹੋਵੇ ਤੇ ਉਹਨੇ ‘ਕੀਤੇ ਦੇ ਇਵਜ਼’ ਵਿਚ ਅਗਲੇ ਕੋਲੋਂ ਕੀਤੇ ਦਾ ਮੁੱਲ ਲੈਣਾ ਹੋਵੇ ਤਾਂ ਉਥੇ ਹੀ ‘ਹੱਕ’ ਸ਼ਬਦ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਪ੍ਰਸੰਗ ਵਿਚ ਜੇ ਮਹਿਬੂਬ ਸਾਹਿਬ ਨੇ ਹੱਕ ਸਮਝ ਕੇ ਸ਼ੋਮਣੀ ਕਮੇਟੀ ਤੋਂ ਸਹਾਇਤਾ ਮੰਗੀ ਸੀ ਤਾਂ ਇਹ ਕਿਸੇ ਸੂਰਤ ਵਿਚ ਵੀ ‘ਹੱਕ-ਬ-ਜਾਨਬ’ ਨਹੀਂ। ਹਾਂ, ਜਿਸ ਕੌਮ ਜਾਂ ਭਾਈਚਾਰੇ ਲਈ ਕਿਸੇ ਨੇ ਕੁਝ ਕੀਤਾ ਹੋਵੇ ਤੇ ਉਹ ਉਸ ਦੀ ਦੇਣ ਦਾ ਸਤਿਕਾਰ ਕਰਦੇ ਹੋਣ ਤਾਂ ਉਸ ਕੌਮ ਲਈ ਕੁਝ ਕਰਨ ਵਾਲੇ ਦਾ ਸਤਿਕਾਰ ਕਰਨਾ ਦੂਜੀ ਧਿਰ ਦਾ ਫਰਜ਼ ਤਾਂ ਹੋ ਸਕਦਾ ਹੈ ਪਰ ‘ਕਰਨ ਵਾਲੇ’ ਦਾ ਹੱਕ ਕਦਾਚਿਤ ਨਹੀਂ। ਜੇ ‘ਕਰਨ ਵਾਲਾ’ ਮੰਗਦਾ ਹੈ ਤਾਂ ਉਹ ਸੇਵਾ ਸਿੱਖੀ ਅਸੂਲਾਂ ਮੁਤਾਬਕ ਵੀ ਤੇ ਸਾਧਾਰਨ ਸੋਚ ਦੇ ਪੱਖ ਤੋਂ ਵੀ ਮੁਨਾਸਬ ਨਹੀਂ ਆਖੀ ਜਾ ਸਕਦੀ। ਸਹਾਇਤਾ ਮੰਗ ਕੇ ਕੀ ਮਹਿਬੂਬ ਸਾਹਿਬ ਕੀਤੇ ਦਾ ਮੁੱਲ ਨਹੀਂ ਸੀ ਵੱਟਣਾ ਚਾਹੁੰਦੇ? ਦੂਜੀ ਗੱਲ, ਉਹ ਕੋਈ ਆਰਥਿਕ ਪੱਖੋਂ ਵੀ ਏਨੇ ਗਏ-ਗੁਜ਼ਰੇ ਨਹੀਂ ਸਨ ਹੋ ਸਕਦੇ। ਕਾਲਜ ਵਿਚ ਪ੍ਰੋਫ਼ੈਸਰ ਸਨ। ਵਾਹਵਾ ਸੱਬਰਕੱਤੀ ਤਨਖ਼ਾਹ ਲੈਂਦੇ ਸਨ।
ਸਾਹਿਤ ਅਕਾਦਮੀ ਦਾ ਇਨਾਮ ਲੈਣ ਬਾਰੇ ਵੀ ਡਾæ ਗੁਰਤਰਨ ਸਿੰਘ ਦੀ ਦਲੀਲ ਢੁਕਵੀਂ ਨਹੀਂ। ਅਖੇ ਜੀ, ਜਿਨ੍ਹਾਂ ਨੇ ਇਨਾਮ ਦਿਵਾਇਆ ਸੀ ‘ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ’ ਵੀ ਤਾਂ ਕਰਨਾ ਬਣਦਾ ਸੀ। ਮਤਲਬ ਕਿ ਅੰਮ੍ਰਿਤਾ ਪ੍ਰੀਤਮ ਤੇ ਹਰਿਭਜਨ ਸਿੰਘ ਦਾ ਸਤਿਕਾਰ ਬਣਾਈ ਰੱਖਣ ਤੇ ਉਨ੍ਹਾਂ ਨੂੰ ਆਲੋਚਨਾ ਤੋਂ ਬਚਾਈ ਰੱਖਣ ਲਈ ਤੁਸੀਂ ‘ਇੰਦਰਾ ਗਾਂਧੀ’ ਵਰਗੀ ‘ਸਿਧਾਂਤਕ ਦੁਸ਼ਮਣ’ ਬਾਰੇ ਲਿਖੀ ਕਵਿਤਾ ਨੂੰ ਕਿਤਾਬ ਵਿਚੋਂ ਕੱਢਣ ਲਈ ਮੰਨ ਗਏ? ਤੁਸੀਂ ਇਨਾਮ ਦੇਣ ਵਾਲਿਆਂ ਦੇ ਬਚਾਅ ਲਈ ਆਪਣਾ ‘ਸਿਧਾਂਤਕ ਪੈਂਤੜਾ’ ਪੇਸ਼ ਕਰਨ ਵਾਲੀ ਕਵਿਤਾ ਨੂੰ ਬਾਹਰ ਕਿਵੇਂ ਕੱਢ ਸਕਦੇ ਹੋ? ਮਤਲਬ, ਤੁਹਾਡੇ ਲਈ ਇਨਾਮ ਤੇ ਇਨਾਮ ਦੇਣ ਵਾਲੇ ਪਹਿਲੇ ਨੰਬਰ ‘ਤੇ ਹੋ ਗਏ ਤੇ ਤੁਹਾਡੀ ਆਪਣੀ ਵਿਚਾਰਧਾਰਾ ਦੂਜੇ ਨੰਬਰ ‘ਤੇ ਹੋ ਗਈ? ਮਹਿਬੂਬ ਸਾਹਿਬ ਲਈ ਤਾਂ ਦਰਬਾਰ ਸਾਹਿਬ ਦਾ ਘੱਲੂਘਾਰਾ ਕਰਨ ਵਾਲੀ ਇੰਦਰਾ ਨਾਲ ‘ਵਿਚਾਰਧਾਰਕ ਦੁਸ਼ਮਣੀ’ ਬਣਾਈ ਰੱਖਣੀ ਪਹਿਲ ਹੋਣੀ ਚਾਹੀਦੀ ਸੀ ਜਾਂ ਉਹਦੀ ਜਾਂ ਉਹਦਿਆਂ ਦੀ ਸਰਕਾਰ ਕੋਲੋਂ ਇਨਾਮ ਲੈਣਾ ਪਹਿਲ ਹੋਣੀ ਚਾਹੀਦੀ ਸੀ? ਜ਼ਾਹਿਰ ਹੈ ਕਿ ਮਹਿਬੂਬ ਲਈ ਵਿਚਾਰਧਾਰਾ ਦੂਜੇ ਨੰਬਰ ‘ਤੇ ਹੋ ਗਈ ਤੇ ਇਨਾਮ ਲੈਣਾ ਪਹਿਲੇ ਨੰਬਰ ‘ਤੇ ਹੋ ਗਿਆ। ਕਿੱਥੇ ਗਈ ਪ੍ਰਤੀਬੱਧਤਾ ਤੇ ਹਕੂਮਤ ਖਿਲਾਫ ਮਾਰੇ ਲਲਕਾਰੇ? ਉਂਜ ਵੀ ਇਨਾਮ ਦੇਣ ਦਿਵਾਉਣ ਵਾਲਿਆਂ ਦੀਆਂ ‘ਭਾਵਨਾਵਾਂ’ ਦਾ ‘ਏਨਾ ਖਿਆਲ’ ਰੱਖਣ ਦਾ ਮਤਲਬ ਹੈ ਕਿ ਇਨਾਮ ਵੀ ਆਖ-ਅਖਵਾ ਕੇ ‘ਲਿਆ’ ਗਿਆ ਸੀ। ਜਦੋਂ ਬਲੂ ਸਟਾਰ ਆਪ੍ਰੇਸ਼ਨ ਵੇਲੇ ਕੁਝ ਲੋਕਾਂ ਨੇ ਆਪਣੇ ਸਰਕਾਰੀ ਸਨਮਾਨ (ਪਦਮਸ਼੍ਰੀ) ਵਗੈਰਾ ਮੋੜੇ ਸਨ ਤਾਂ ਉਨ੍ਹਾਂ ਦੀ ਵੀ ਦਿੱਤੇ ਜਾਣ ਸਮੇਂ ਕਿਸੇ ‘ਸਿਫਾਰਸ਼’ ਕੀਤੀ ਹੋਵੇਗੀ। ਉਨ੍ਹਾਂ ਨੇ ਸਨਮਾਨ ਵਾਪਸ ਕਰਨ ਲੱਗਿਆਂ ਆਪਣੇ ਉਨ੍ਹਾਂ ਸਿਫਾਰਸ਼ੀਆਂ ਦੀਆਂ ‘ਭਾਵਨਾਵਾਂ’ ਦਾ ਖਿਆਲ ਕਿਉਂ ਨਾ ਰੱਖਿਆ? ਉਹ ਤਾਂ ਸਿਧਾਂਤਕ ਤੌਰ ‘ਤੇ ਮਹਿਬੂਬ ਸਾਹਿਬ ਵਾਂਗ ‘ਕੌਮ’ ਦੇ ‘ਪੱਥ-ਪ੍ਰਦਰਸ਼ਕ’ ਜਾਂ ‘ਸਿਧਾਂਤਵੇਤਾ’ ਵੀ ਨਹੀਂ ਸਨ।
ਇਨ੍ਹਾਂ ਦੋਵਾਂ ਇਨਾਮਾਂ-ਸਨਮਾਨਾਂ ਦੇ ਲੈਣ ਦੇ ਤਰੀਕੇ ਤੋਂ ਮਹਿਬੂਬ ਸਾਹਿਬ ਗਰਜ਼ ਪੂਰੀ ਕਰਨ ਲਈ ਵਿਚਾਰਾਂ ਨੂੰ ਪਾਸੇ ਰੱਖਣ ਵਾਲੇ ਅਸਲੋਂ ਸਾਧਾਰਨ ਤੇ ‘ਦੁਨੀਆਂਦਾਰ’ ਬੰਦੇ ਲੱਗਦੇ ਨੇ। ਕੋਈ ਅਸਮਾਨੀ ਬੁਲੰਦੀਆਂ ਛੁਹਣ ਵਾਲੇ ਚਿੰਤਕ ਨਹੀਂ, ਜਿਵੇਂ ਉਨ੍ਹਾਂ ਦੇ ਗੁਰਤਰਨ ਸਿੰਘ ਵਰਗੇ ਪ੍ਰਸ਼ੰਸਕ ਸਮਝਦੇ ਹਨ। ਰਹੀ ਗੱਲ ਇਸ ਵਾਰ ‘ਬਾਈ ਸਾਲਾਂ’ ਦੀ ਛੋਟੀ ਉਮਰ ਵਿਚ ਵੇਦਾਂਤ ਪਰੰਪਰਾ ਨਾਲ ‘ਸੰਵਾਦ’ ਰਚਾਉਂਦੀ ਮਹਿਬੂਬ ਸਾਹਿਬ ਦੀ ਲਿਖਤ ਬਾਰੇ। ਮੈਂ ਇਸ ਨੂੰ ਦੋ ਕੁ ਵਾਰ ਪੜ੍ਹਨ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਧ ਤੋਂ ਵੱਧ ਅੱਗੇ ਨਹੀਂ ਪੜ੍ਹ ਸਕਿਆ ਕਿਉਂਕਿ ਮੇਰੇ ਪਿੜ-ਪੱਲੇ ਕੁਝ ਨਹੀਂ ਸੀ ਪੈ ਰਿਹਾ। ਸ਼ਬਦਾਂ ਤੇ ਅਲੰਕਾਰਾਂ ਦਾ ਅਜਿਹਾ ਕਾਵਿਕ ਅਡੰਬਰ ਰਚਿਆ ਹੈ ਕਿ ਅਰਥਾਂ ਤੱਕ ਪਹੁੰਚਣ ਲਈ ਬਾਰੀਆਂ-ਦਰਵਾਜ਼ੇ ਲੱਭਣੇ ਮੁਸ਼ਕਲ ਜਾਪਦੇ ਨੇ। ਮੇਰੀ ਸੀਮਤ ਸਮਝ ਕਾਰਨ ਅਜਿਹਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਮੇਰੇ ਅੰਦਰ ਭਾਸ਼ਾ ਤੇ ਅਰਥਾਂ ਦੇ ਗੁਹਜ ਨੂੰ ਸਮਝਣ ਦੀ ਸੋਝੀ ਨਾ ਹੋਵੇ। ਮੈਨੂੰ ਆਪਣੀ ਸੀਮਤ ਸਮਝ ‘ਤੇ ਨਦਾਮਤ ਵੀ ਹੋਈ ਪਰ ਫਿਰ ਮੈਂ ਆਪਣੇ ਆਪ ਨੂੰ ਹੌਂਸਲਾ ਦੇ ਲਿਆ ਕਿ ਜਿਹੜੀ ਲਿਖਤ ਮਹਿਬੂਬ ਸਾਹਿਬ ਦੇ ਅਨਿੰਨ ਸਿੱਖ ਗੁਰਤਰਨ ਸਿੰਘ ਨੂੰ 45 ਸਾਲ ਤੋਂ ਵਾਰ ਵਾਰ ਪੜ੍ਹਨ ‘ਤੇ ਵੀ ਅਜੇ ਤੱਕ ਪੂਰੀ ਸਮਝ ਨਹੀਂ ਪਈ ਤਾਂ ਮੇਰੇ ਵਰਗੇ ਨੂੰ ਤਾਂ ਮੁਆਫ਼ ਕੀਤਾ ਹੀ ਜਾ ਸਕਦਾ ਹੈ। ਉਂਜ ਜਿਹੜਾ ਗਿਆਨ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ, ਉਹਦੀ ਸਾਰਥਿਕਤਾ ਵੀ ਭਲਾ ਕੀ ਰਹਿ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਬਾਰੇ ਜਦੋਂ ਭਾਈ ਗੁਰਦਾਸ ਨੇ ਕਿਹਾ ਸੀ ਕਿ ਸੂਰਜ ਚੜ੍ਹਨ ਨਾਲ ਤਾਰੇ ਛਿਪ ਗਏ ਸਨ ਤਾਂ ਇਸ ਪਿੱਛੇ ਲੁਕਵੀਂ ਗੱਲ ਇਹ ਸੀ ਕਿ ਗੁਰੂ ਜੀ ਦਾ ਦਿੱਤਾ ਗਿਆਨ ਸੂਰਜ ਵਾਂਗ ਸੀ, ਜੋ ਲੋਕਾਂ ਨੂੰ ਨਿੱਘ ਦਿੰਦਾ ਸੀ, ਰੌਸ਼ਨੀ ਦਿੰਦਾ ਸੀ, ਰਾਹ ਦੱਸਦਾ ਸੀ ਕਿਉਂਕਿ ਉਨ੍ਹਾਂ ਦਾ ਗਿਆਨ ਲੋਕ-ਮੁਖੀ ਸੀ। ਜਿਹੜੇ ‘ਤਾਰੇ’ ਛਿਪ ਗਏ ਸਨ ਉਹ ਅਸਲ ਵਿਚ ਉਹ ਪੁਰਾਤਨ ਗਿਆਨ ਪਰੰਪਰਾਵਾਂ ਸਨ ਜਿਹੜੀਆਂ ‘ਹੋ ਸਕਦਾ ਹੈ ਕੁਝ ਦੂਰ ਦੇ ਤਾਰਿਆਂ ਵਾਂਗ ਸੂਰਜ ਤੋਂ ਵੱਡੀਆਂ’ ਵੀ ਹੋਣ ਪਰ ਉਨ੍ਹਾਂ ਦੀ ਰੌਸ਼ਨੀ ਤੇ ਨਿੱਘ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਜਿੰਨਾ ਗੁਰੂ ਜੀ ਦੇ ‘ਨੇੜਲੇ’ ‘ਸੂਰਜੀ ਗਿਆਨ’ ਦਾ ਪੁੱਜਾ। ਇਹ ਗੱਲ ਦੱਸਦੀ ਹੈ ਕਿ ਗਿਆਨ ਦੀ ਗੱਲ ਏਨੀ ਰਹੱਸਮਈ ਤੇ ਭੇਤ ਭਰੀ ਵੀ ਨਾ ਹੋਵੇ ਕਿ ਆਮ ਬੰਦੇ ਦੇ ਸਮਝ ਹੀ ਨਾ ਆਉਂਦੀ ਹੋਵੇ। ਜੇ ਮਹਿਬੂਬ ਸਾਹਿਬ ਦੀ ਬਾਈ ਸਾਲ ਦੀ ਉਮਰ ਵਿਚ ਲਿਖੀ ਲਿਖਤ 45 ਸਾਲਾਂ ਵਿਚ ਅਜੇ ਡਾæ ਗੁਰਤਰਨ ਸਿੰਘ ਨੂੰ ਸਮਝ ਨਹੀਂ ਆਈ ਤਾਂ ਮਹਿਬੂਬ ਸਾਹਿਬ ਦੀਆਂ ‘ਉਪਰਲੀਆਂ’ ਤੈਅ ਕੀਤੀਆਂ ਮੰਜ਼ਿਲਾਂ ਤੱਕ ਆਮ ਬੰਦੇ ਦੀ ਕੀ ਪਹੁੰਚ ਤੇ ਸਮਰੱਥਾ ਹੋਵੇਗੀ?
ਮੇਰੇ ਮਨ ਵਿਚ ਤਾਂ ਇਹ ਸਵਾਲ ਵੀ ਆਉਂਦਾ ਹੈ ਕਿ ਕੁਝ ਸਾਲ ਪਹਿਲਾਂ ‘ਪੰਜਾਬ ਟਾਈਮਜ਼’ ਵਿਚ ਗੁਰਦਿਆਲ ਬੱਲ ਨੂੰ ਲਿਖੇ ਤੇ ਛਪੇ ਖ਼ਤ ਵਿਚ ਪਾਸ਼ ਦੇ ਕਤਲ ਨੂੰ ਹੱਕਬਜਾਨਬ ਠਹਿਰਾਉਣ ਦੀ ਏਨੇ ‘ਉਤਮ ਗੁਰਸਿੱਖ’ ਦੀ ਭਲਾ ਕੀ ਤਰਕ ਬਣਦੀ ਸੀ।
ਮੇਰੀਆਂ ਗੱਲਾਂ ਜਾਂ ਸ਼ੰਕੇ ਜੇ ਕਿਸੇ ਮਹਿਬੂਬ ਸ਼ਰਧਾਲੂ ਨੂੰ ਦੁਖੀ ਕਰਨ ਤਾਂ ਪੇਸ਼ਗੀ ਮੁਆਫ਼ੀ ਮੰਗਦਾ ਹਾਂ। ਪਰ ਮੇਰੀ ਆਵਾਜ਼ ਵਿਚ ਬਹੁਤ ਸਾਰੇ ਉਨ੍ਹਾਂ ਲੋਕਾਂ ਦੀ ਆਵਾਜ਼ ਵੀ ਸ਼ਾਮਲ ਹੈ ਜਿਹੜੇ ਮਹਿਬੂਬ ਸਾਹਿਬ ਬਾਰੇ ਕੁਝ ਇੰਜ ਵੀ ਸੋਚਦੇ ਹਨ।
-ਕੁਲਦੀਪ ਸਿੰਘ, ਅੰਮ੍ਰਿਤਸਰ
Leave a Reply