ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪਿਛਲੇ ਕਈ ਦਿਨਾਂ ਤੋਂ ਮੈਂ ਆਪਣੀ ਘਰਵਾਲੀ ਦੀ ਪੈੜ ਵਿਚ ਪੈਰ ਰੱਖ ਰਿਹਾ ਸੀ। ਉਹਦੀ ਹਰ ਗੱਲ ਵਿਚ ਮੈਂ ‘ਜੀ ਹਜ਼ੂਰੀ’ ਦਾ ਹੁੰਗਾਰਾ ਭਰ ਕੇ ਆਗਿਆਕਾਰੀ ਪਤੀ ਦਾ ਰੋਲ ਨਿਭਾ ਰਿਹਾ ਸੀ। ਜਿਸ ਗੱਲ ਦੀ ਮੈਂ ਉਸ ਤੋਂ ਆਗਿਆ ਲੈਣੀ ਚਾਹੁੰਦਾ ਸੀ, ਉਸ ਵਾਸਤੇ ਸਮਾਂ ਅਤੇ ਮਾਹੌਲ ਨਹੀਂ ਸੀ ਬਣ ਰਿਹਾ। ਐਤਵਾਰ ਦੇ ਦਿਨ ਘਰਵਾਲੀ ਨੇ ਵੱਡੇ ਸਟੋਰਾਂ ‘ਤੇ ਜਾ ਕੇ ਚੰਗੀ ਖਰੀਦੋ-ਫਰੋਖਤ ਕੀਤੀ। ਉਸ ਦੇ ਵਾਪਸ ਆਉਂਦਿਆਂ ਸਾਰ ਮੈਂ ਪਾਣੀ ਦਾ ਗਲਾਸ ਫੜਾਉਂਦਿਆਂ ਪੁੱਛ ਲਿਆ, “ਲਾਡੋ! ਐਤਕੀਂ ਮੇਰਾ ਵੀ ਦਿਲ ਕਰਦੈ ਕਿ ਮੈਂ ਆਪਣੇ ਘਰ ਵਿਚ ਕਵੀ ਦਰਬਾਰ ਕਰਵਾਵਾਂ।” ਮੈਂ ਗੱਲ ਮਸਾਂ ਪੂਰੀ ਕੀਤੀ।
“ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ। ਜਿਥੇ ਕਵੀ ਦਰਬਾਰਾਂ ਵਿਚ ਜਾਂਦੇ ਹੋ, ਜਾਈ ਜਾਓ। ਮੈਂ ਨਹੀਂ ਘਰ ਬਿਠਾਉਣੇ ਕਵੀ। ਵੱਡਾ ਸ਼ਿਵ ਕੁਮਾਰ ਬਣਦੇ ਹੋ।” ਲਾਡੋ ਨੇ ਗੁੱਸੇ ਨਾਲ ਪਾਣੀ ਦਾ ਫੁਹਾਰਾ ਮਾਰਿਆ।
“ਮੇਰੇ ਸਾਰੇ ਕਵੀ ਸਾਥੀ ਕਹਿੰਦੇ ਨੇ ਕਿ ‘ਪਕੌੜਾ ਜੀ, ਤੁਸੀਂ ਵੀ ਕਦੇ ਘਰੇ ਸੱਦ ਕੇ ਪਕੌੜੇ ਖੁਆ ਦਿਓ, ਜਾਂ ਫਿਰ ਖਾਣ ਹੀ ਜਾਣਦੇ ਹੋ!Ḕ ਇਹ ਸੁਣ ਕੇ ਮੈਂ ਮਰਿਆ ਬਰਾਬਰ ਹੋ ਜਾਂਦਾ ਹਾਂ। ਸਹੁੰ ਤੈਨੂੰ ਤੇਰੇ ਕਵੀ ਪਤੀ ਦੀ, ਅਗਲੇ ਐਤਵਾਰ ਮੈਨੂੰ ਜਿਉਂਦਾ ਕਰਦੇ, ਮੈਂ ਸਾਰਿਆਂ ਦਾ ਮੂੰਹ ਬੰਦ ਕਰ ਦੇਵਾਂਗਾ। ਨਾਲੇ ਇਹ ਕਵੀਆਂ ਦੇ ਇਤਿਹਾਸ ਵਿਚ ਲਿਖਿਆ ਜਾਊਗਾ ਕਿ ਪਕੌੜਾ ਰਾਮ ਦੇ ਘਰ ਵਾਲਾ ਕਵੀ ਦਰਬਾਰ ਨਹੀਂ ਭੁੱਲਦਾ।” ਮੈਂ ਤਰਲਾ ਜਿਹਾ ਕਰਦਿਆਂ ਕਿਹਾ।
“ਮੈਨੂੰ ਤੁਹਾਡੇ ਇਨ੍ਹਾਂ ਕਵੀਆਂ ਨਾਲ ਕੋਈ ਸਨੇਹ ਜਾਂ ਪਿਆਰ ਨਹੀਂ! ਵੱਡਾ ਸਾਰਾ ਪੇਜ ਹੱਥ ਵਿਚ ਫੜ੍ਹ ਕੇ ਪਤਾ ਨਹੀਂ ਕੀ ਬੋਲੀ ਜਾਂਦੇ ਆ। ਅੱਗੇ ਬੈਠਿਆਂ ਨੂੰ ਕੋਈ ਸਮਝ ਆਵੇ ਜਾਂ ਨਾ ਆਵੇ, ਬੱਸ ਵਾਹ ਜੀ, ਵਾਹ ਜੀ ਕਰੀ ਜਾਂਦੇ ਆ। ਇਸ ਨਾਲੋਂ ਤਾਂ ਚੰਗਾ ਹੈ ਘਰ ਸਹਿਜ ਪਾਠ ਹੀ ਕਰਵਾ ਦੇਈਏ। ਨਾਲੇ ਪੁੰਨ ਨਾਲੇ ਫਲੀਆਂ।” ਲਾਡੋ ਨੇ ਆਪਣੇ ਅੰਦਰਲੀ ਗੱਲ ਕਹੀ।
“ਬਹੁਤ ਚੰਗਾ। ਭੋਗ ਤੋਂ ਬਾਅਦ ਆਪਾਂ ਕਵੀ ਦਰਬਾਰ ਕਰ ਲਵਾਂਗੇ। ਆਪਾਂ ਨੂੰ ਦੁਬਾਰਾ ਖਰਚਾ ਨਹੀਂ ਕਰਨਾ ਪਊ।” ਮੈਂ ਕਿਹਾ।
“ਤੁਹਾਨੂੰ ਮਾੜੀ-ਮੋਟੀ ਵੀ ਅਕਲ ਨਹੀਂ। ਗੱਲ ਤਾਂ ਉਥੇ ਦੀ ਉਥੇ ਹੀ ਰਹਿ ਗਈ। ਮੈਂ ਕਵੀ ਦਰਬਾਰ ਘਰ ਨਹੀਂ ਹੋਣ ਦੇਣਾ। ਜਦੋਂ ਮੈਂ ਮਰ’ਗੀ, ਫਿਰ ਰੋਜ਼ ਬਿਠਾ ਲਿਆ ਕਰੀਂ ਕਵੀਆਂ ਦੀ ਜੁੰਡਲੀ।” ਘਰਵਾਲੀ ਉਦਾਸ ਸੁਰ ਵਿਚ ਬੋਲੀ।
“ਲਾਡੋ! ਬੱਸ ਇਕ ਵਾਰੀ ਇਕ ਸਮਾਗਮ ਕਰਵਾ ਲੈਣ ਦੇæææ ਫਿਰ ਸਾਰੀ ਉਮਰ ਲਈ ਪਕੌੜਾ ਰਾਮ ਪਕੌੜਾ ਖਾਣ ਨਹੀਂ ਜਾਂਦਾ ਕਿਤੇ। ਤੇਰੇ ਬੰਦੇ ਦੀ ਵੀ ਕੋਈ ਇੱਜ਼ਤ ਐ। ਨਾਲੇ ਜਿਸ ਬੰਦੇ ਦੀ ਘਰਵਾਲੀ ਇੰਨੀ ਸਿਆਣੀ ਤੇ ਸਮਝਦਾਰ ਹੋਵੇ, ਉਸ ਨੇ ਲੋਕਾਂ ਤੋਂ ਸਮਝ ਕੇ ਜਾਂ ਲੋਕਾਂ ਨੂੰ ਸਮਝਾ ਕੇ ਕੀ ਲੈਣਾ। ਆਪਾਂ ਦੋਵੇਂ ਹੀ ਪਿਆਰ ਦੇ ਗੀਤ ਗਾਵਾਂਗੇ-ਤੂੰ ਮੇਰੀ ਤੇ ਮੈਂ ਤੇਰਾ। ਬੱਸ ਇਕ ਵਾਰ ਹਾਂ ਕਰ ਦੇ।” ਮੈਂ ਕਿਹਾ।
“ਚੰਗਾ ਅਗਲੇ ਐਤਵਾਰ ਨਹੀਂ, ਉਸ ਤੋਂ ਅਗਲੇ ਐਤਵਾਰ ਦਾ ਪ੍ਰੋਗਰਾਮ ਰੱਖ ਲਓ। ਇਸ ਐਤਵਾਰ ਮੈਂ ਕਿੱਟੀ ਪਾਰਟੀ ‘ਤੇ ਜਾਣੈ।” ਲਾਡੋ ਆਪਣਾ ਸੁਨੇਹਾ ਦੇ ਗਈ।
ਲਾਡੋ ਦੀ ਮਨਜ਼ੂਰੀ ਤੋਂ ਬਾਅਦ ਮੈਂ ਕਵੀ ਸਾਥੀਆਂ ਨੂੰ ਸੱਦਾ ਪੱਤਰ ਦੇਣ ਲੱਗ ਪਿਆ। ਉਹ ਨਾਲੇ ਹੁੰਗਾਰਾ ਭਰੀ ਜਾਣ, ਤੇ ਨਾਲੇ ਟਿੱਚਰਾਂ ਕਰੀ ਜਾਣ। ਮੈਨੂੰ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਤਿਆਰੀ ਕਰਨੀ ਪੈ ਰਹੀ ਸੀ। ਪਹਿਲਾਂ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਫਿਰ ਖਾਣੇ ਵਾਸਤੇ ਆਰਡਰ ਬੁੱਕ ਕੀਤਾ। ਮੇਜ਼-ਕੁਰਸੀਆਂ ਤੇ ਵੱਡਾ ਟੈਂਟ। ਸਭ ਤਿਆਰੀਆਂ ਕਰਦਿਆਂ ਉਹ ਦਿਨ ਆ ਗਿਆ ਜਿਸ ਦਿਨ ਦੀ ਮੈਨੂੰ ਕਈ ਸਾਲਾਂ ਤੋਂ ਉਡੀਕ ਸੀ। ਸਾਰੇ ਘਰ ਨੂੰ ਦੁਲਹਨ ਵਾਂਗ ਸਜਾ ਦਿੱਤਾ। ਲਾਡੋ ਨੇ ਵੀ ਪੂਰੀ ਟੌਹਰ ਕੱਢ ਕੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਹੱਥ ਵਟਾਇਆ। ਮੇਰੇ ਚਾਅ ਤਿੱਤਲੀ ਵਾਂਗ ਉਡ ਰਹੇ ਸਨ। ਖੁਸ਼ੀਆਂ ਦੀ ਖੁਸ਼ਬੋ ਆਏ ਹੋਏ ਕਵੀਆਂ ਦਾ ਸਵਾਗਤ ਕਰ ਰਹੀ ਸੀ। ਮੇਰੇ ਗੁਆਂਢੀ ਗੋਰਾ ਤੇ ਕਾਲਾ ਵੀ ਪਰਿਵਾਰ ਸਮੇਤ ਪਹੁੰਚ ਗਏ ਸਨ। ਘਰ ਵਿਚ ਕਾਫੀ ਰੌਣਕ ਹੋ ਗਈ ਸੀ। ਚਾਹ ਨਾਲ ਗਰਮ ਪਕੌੜੇ, ਬਰਫੀ ਤੇ ਰਸਗੁੱਲੇ ਵਰਤਾਏ ਜਾ ਰਹੇ ਸਨ।
ਲਾਡੋ ਨੇ ਵੀ ਆਪਣੀਆਂ ਸਹੇਲੀਆਂ ਸੱਦ ਲਈਆਂ ਸਨ। ਸਾਡੇ ਸੈਕਟਰੀ ਪਾਠਕ ਰਾਮ ਨੇ ਮਾਈਕ ਸੰਭਾਲਦਿਆਂ ਸਮੂਹ ਕਵੀਆਂ ਨੂੰ ਕੁਰਸੀਆਂ ‘ਤੇ ਬੈਠਣ ਲਈ ਕਿਹਾ। ਹੌਲੀ-ਹੌਲੀ ਸਾਰੇ ਕਵੀ ਕੁਰਸੀਆਂ ‘ਤੇ ਬੈਠ ਗਏ। ਪਹਿਲੀ ਕਤਾਰ ਵਿਚ ਪੰਜ-ਸੱਤ ਮਹਾਨ ਕਵੀ ਤੇ ਮੁੱਖ ਮਹਿਮਾਨ ਬੈਠ ਗਏ। ਫਿਰ ਬਾਕੀ ਕਵੀਆਂ ਦਾ ਬੋਹਲ ਬੈਠ ਗਿਆ ਤੇ ਦੂਜੇ ਪਾਸੇ ਲਾਡੋ ਐਂਡ ਪਾਰਟੀ। ਪਾਠਕ ਰਾਮ ਨੇ ਮੇਰੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਪਹਿਲਾਂ ਸਮਾਂ ਤੀਰਥ ਖੁੰਡ ਨੂੰ ਦਿੱਤਾ। ਉਸ ਨੇ ਪੰਜ ਮਿੰਟ ਦਾ ਸਮਾਂ ਪੂਰੇ ਵੀਹ ਮਿੰਟ ਵਿਚ ਪੂਰਾ ਕੀਤਾ। ਤੀਰਥ ਖੁੰਡ ਨੇ ਭਰੂਣ ਹੱਤਿਆ ‘ਤੇ ਲਿਖੀ ਕਵਿਤਾ ਪੜ੍ਹੀ। ਉਸ ਨੇ ਭਰੂਣ ਹੱਤਿਆ ਦਾ ਸਾਰਾ ਦੋਸ਼ ਔਰਤ ਨੂੰ ਦਿੱਤਾ। ਇਸ ਵਿਚ ਮਰਦ ਜਾਤੀ ਨੂੰ ਉਸ ਨੇ ਬਰੀ ਕਰ ਦਿੱਤਾ। ਕਵੀਆਂ ਨੇ ਉਸ ਦੀ ਤਾਰੀਫ ਕੀਤੀ ਪਰ ਲਾਡੋ ਹੋਰੀਂ ਨੱਕ ਚੜ੍ਹਾਉਂਦੀਆਂ ਰਹੀਆਂ।
ਫਿਰ ਸਮਾਂ ਆਇਆ ਪੰਜ ਮਿੰਟ ਵਾਸਤੇ ਦਿਲਾਵਰ ਮੋਰ ਦਾ। ਉਸ ਨੇ ਵੀ ਪੰਜ ਦੇ ਵੀਹ ਮਿੰਟ ਲਾਏ। ਉਸ ਨੇ ਕਵਿਤਾ ਵਿਚ ਨਸ਼ਿਆਂ ਵਿਚ ਡੁੱਬਦੀ ਜਾ ਰਹੀ ਜਵਾਨੀ ਨੂੰ ਬਚਾਉਣ ਦਾ ਉਪਰਾਲਾ ਸੁਣਾਇਆ। ਨਸ਼ੇ ਦੀ ਅਮਰ ਵੇਲ ਵਧਾਉਣ ਵਿਚ ਉਸ ਨੇ ਲੀਡਰਾਂ ਦਾ ਮੋਹਰੀ ਰੋਲ ਦੱਸਿਆ ਜੋ ਜਵਾਨੀ ਨੂੰ ਨਸ਼ੇ ਲਾ ਕੇ ਪਹਿਲਾਂ ਉਨ੍ਹਾਂ ਦੀ ਮੱਤ ਮਾਰਦੇ ਹਨ ਤੇ ਫਿਰ ਜਾਨੋਂ ਹੀ ਮਾਰ ਦਿੰਦੇ ਹਨ। ਲੋਕਾਂ ਨੇ ਦਿਲਾਵਰ ਮੋਰ ਦੀ ਸ਼ਲਾਘਾ ਕੀਤੀ।
ਇਸ ਤਰ੍ਹਾਂ ਕਵੀਆਂ ਦੀ ਮਾਲਾ ਦੇ ਮਣਕੇ ਘੁੰਮਦੇ ਗਏ। ਫਿਰ ਵਾਰੀ ਆ ਗਈ ਬਜ਼ੁਰਗ ਕਵੀ ਗੁਲਸ਼ਨ ਹੰਸ ਦੀ। ਉਸ ਨੇ ਆਉਂਦਿਆਂ ਹੀ ਸਾਰੇ ਕਵੀਆਂ ਨੂੰ ਟਾਈਮ ਦਾ ਪਾਬੰਦ ਬਣਨ ਲਈ ਕਿਹਾ। ਆਪਣੀ ਕਵਿਤਾ ਵਿਚ ਉਸ ਨੇ ਦਾਜ-ਦਹੇਜ ਦੇ ਭੈੜੇ ਰਿਵਾਜ਼ ਨੂੰ ਖ਼ਤਮ ਕਰਨ ਲਈ ਕਿਹਾ। ‘ਨਾ ਦਾਜ ਲਵੋ, ਨਾ ਦਾਜ ਦੇਵੋ’ ਦੇ ਧਾਰਨੀ ਬਣਨ ਲਈ ਕਿਹਾ। ਦਾਜ-ਦਹੇਜ ਕਰ ਕੇ ਹੀ ਨਵ-ਵਿਆਹੀਆਂ ਅੱਗ ਦੀਆਂ ਲਾਟਾਂ ਵਿਚ ਲਪੇਟੀਆਂ ਜਾਂਦੀਆਂ ਹਨ। ਦਾਜ ਦੁੱਖੋਂ ਹੀ ਮਾਂਵਾਂ ਧੀ ਨੂੰ ਕੁੱਖ ਵਿਚ ਮਾਰਨ ਲਈ ਜ਼ਹਿਰ ਦਾ ਘੁੱਟ ਪੀਂਦੀਆਂ ਹਨ। ਇਹ ਦੋਵੇਂ ਸਮਾਜਕ ਬੁਰਾਈਆਂ ਖਤਮ ਹੋ ਜਾਣ ਤਾਂ ਧੀਆਂ ਦੀ ਫੁਲਵਾੜੀ ਵਧੇ ਤੇ ਸੋਹਣੀ ਬਣ ਜਾਵੇ।æææਗੁਲਸ਼ਨ ਹੰਸ ਨੇ ਪੁਰਾਣੇ ਸਮੇਂ ਯਾਦ ਕਰਵਾਉਂਦਿਆਂ ਅੱਖਾਂ ਗਿੱਲੀਆਂ ਕਰਵਾ ਦਿੱਤੀਆਂ।
ਫਿਰ ਵਾਰੀ ਆਈ ਨੌਜਵਾਨ ਕਵੀ ਮੰਡ ਮਿਹਰ ਦੀ, ਜਿਸ ਨੇ ਅੱਜ ਦੀਆਂ ਕੁੜੀਆਂ ਨੂੰ ਮੁੰਡਿਆਂ ਨਾਲੋਂ ਸੌ ਕਦਮ ਅੱਗੇ ਦੱਸਿਆ। ਕੁੜੀਆਂ ਦੀ ਹਰ ਖਿੱਤੇ ਵਿਚ ਹੋਈ ਕਾਮਯਾਬੀ ਦਾ ਜ਼ਿਕਰ ਕਰਦਿਆਂ ਕਲਪਨਾ ਚਾਵਲਾ ਨੂੰ ਵੀ ਯਾਦ ਕੀਤਾ। ਸਮਾਜ ਨੂੰ ਕਸੂਰਵਾਰ ਦੱਸਦਿਆਂ ਭੈਣ ਅਤੇ ਧੀ ਨੂੰ ਬਰਾਬਰ ਦਾ ਹੱਕ ਦੇਣ ਲਈ ਕਿਹਾ। ‘ਪੁੱਤ ਗੋਦੀ ਤੇ ਧੀ ਥੱਲੇ’ ਵਾਲੀ ਧਾਰਨਾ ਵਿਚੋਂ ਨਿਕਲਣ ਲਈ ਕਿਹਾ। ਮੁੰਡੇ ਦੀ ਉਮਰੋਂ ਵੱਧ ਸਿਆਣਪ ਦੀ ਗਵਾਹੀ ਜ਼ੋਰਦਾਰ ਤਾੜੀਆਂ ਨੇ ਦਿੱਤੀ। ਸਮੇਂ ਵਿਚ ਰਹਿੰਦਿਆਂ ਉਸ ਨੇ ‘ਗਾਗਰ ਵਿਚ ਸਾਗਰ’ ਭਰਨ ਦਾ ਉਪਰਾਲਾ ਕੀਤਾ।
ਮੈਂ ਕਵੀਆਂ ਦੀਆਂ ਕਵਿਤਾਵਾਂ ਸੁਣਦਾ ਚਾਹ-ਪਾਣੀ ਦਾ ਖਿਆਲ ਵੀ ਰੱਖ ਰਿਹਾ ਸੀ। ਮੇਰਾ ਗੋਰਾ ਤੇ ਕਾਲਾ ਮਿੱਤਰ ਬਗੈਰ ਸਮਝ ਆਉਂਦਿਆਂ ਤਾੜੀਆਂ ਨਾਲ ਤਾੜੀ ਮਾਰ ਰਹੇ ਸਨ। ਮੈਂ ਉਧਾਰੀ ਲਈ ਅੰਗਰੇਜ਼ੀ ਨਾਲ ਉਨ੍ਹਾਂ ਦੇ ਕੁਝ ਪੱਲੇ ਪਾਉਣ ਦਾ ਉਪਰਾਲਾ ਕਰ ਰਿਹਾ ਸੀ। ਮੈਂ ਸਦਕੇ ਜਾਵਾਂ ਉਨ੍ਹਾਂ ਦੇ ਜਿਹੜੇ ਵਿਚਾਰੇ ਬਗੈਰ ਸਮਝ ਆਉਂਦਿਆਂ ਵੀ ਆਰਾਮ ਨਾਲ ਬੈਠੇ ਸੁਣ ਰਹੇ ਸਨ, ਪਰ ਸਾਡੇ ਕਈ ਕਵੀ ਸਮਝ ਆਉਂਦਿਆਂ ਵੀ ਗੱਲੀਂ ਲੱਗੇ ਹੋਏ ਸਨ। ਇਕ-ਦੂਜੇ ਦੀ ਬਾਂਹ-ਲੱਤ ਖਿੱਚ ਰਹੇ ਸਨ। ਆਪਣੀ ਕਵਿਤਾ ਨੂੰ ਸਿਰੇ ਦੀ ਸਮਝ ਰਹੇ ਸਨ, ਦੂਜੇ ਦੀ ਕਵਿਤਾ ਨੂੰ ਬੱਸ ਅੱਖਰਾਂ ਦਾ ਸਮੂਹ ਹੀ ਸਮਝਦੇ ਸਨ। ਮੈਂ ਥਰਮਸ ਵਿਚ ਦੁਬਾਰਾ ਗਰਮ ਚਾਹ ਪੁਆ ਕੇ ਫਿਰ ਕਵੀਆਂ ਵਿਚ ਆ ਕੇ ਬੈਠ ਗਿਆ।
ਹੁਣ ਕਵੀ ਦਰਬਾਰ ਪੂਰੇ ਸਿਖਰ ‘ਤੇ ਸੀ। ਵੱਡੀ ਲੈਚੀ, ਅਦਰਕ, ਜਵੈਣ ਵਾਲੀ ਚਾਹ ਨੇ ਸਾਰਿਆਂ ਨੂੰ ਚੁਸਤ ਕਰ ਦਿੱਤਾ। ਫਿਰ ਇਕ ਕਵੀ ਉਠਿਆ ਤੇ ਬੋਲਿਆ, “ਭਾਈ, ਜੇ ਸਾਨੂੰ ਸਮਾਂ ਨਹੀਂ ਦੇਣਾ ਤਾਂ ਆਲੂਆਂ ਦੀ ਬੋਰੀ ਲਿਆ ਦੇਵੋ, ਅਸੀਂ ਬੈਠੇ-ਬੈਠੇ ਵੱਡੇ-ਛੋਟੇ ਆਲੂ ਛਾਂਟਣ ਲੱਗ ਜਾਈਏ।” ਕਵੀ ਦੀ ਗੱਲ ਸੁਣ ਕੇ ਸਾਰੇ ਹੱਸ ਪਏ। ਹੁਣ ਵਾਰੀ ਆ ਗਈ ਕਵੀ ਗਰੀਬ ਦਾਸ ਬੇਰੀ ਵਾਲੇ ਦੀ। ਉਸ ਆਪਣੀ ਕਵਿਤਾ ਮਹਿੰਗਾਈ ਨੂੰ ਮੁੱਖ ਰੱਖ ਕੇ ਲਿਖੀ ਸੀ। ਦਿਨੋ-ਦਿਨ ਵਧ ਰਹੀ ਗਰੀਬੀ ਅਤੇ ਗਰੀਬ ਦੀ ਪਹੁੰਚ ਤੋਂ ਦੂਰ ਜਾ ਰਹੀਆਂ ਖਾਣ-ਪੀਣ ਦੀਆਂ ਵਸਤਾਂ ਦੀ ਚਰਚਾ ਸੀ। ਕਵੀ ਕਹਿੰਦਾ ਅਮੀਰਾਂ ਦੇ ਘਰਾਂ ਵਿਚ ਤਾਂ ਛੱਤੀ ਪ੍ਰਕਾਰ ਦੇ ਪਕਵਾਨ ਬਣਦੇ ਹਨ, ਪਰ ਖਾਣ ਵਾਲੇ ਦੋ-ਚਾਰ ਜੀਅ ਹੁੰਦੇ ਹਨ। ਦੂਜੇ ਬੰਨੇ ਗਰੀਬ ਦੇ ਘਰ ਖਾਣ ਵਾਲੇ ਕਈ ਹੁੰਦੇ ਹਨ, ਤੇ ਪਕਵਾਨ ਇਕ ਬਣਾਉਣ ਦਾ ਫਿਕਰ ਲੱਗਿਆ ਰਹਿੰਦਾ ਹੈ। ਕਵਿਤਾ ਦਾ ਅੰਤ ਉਸ ਨੇ ਲਿਖਿਆ ਕਿ ਗੁਰੂ ਦੀ ਗੋਲਕ ਭਰਨ ਨਾਲੋਂ ਗਰੀਬ ਦਾ ਢਿੱਡ ਭਰੋ, ਉਹ ਕਈ ਗੁਣਾਂ ਜ਼ਿਆਦਾ ਚੰਗਾ ਹੈ। ਉਸ ਦੇ ਮੋਤੀਆਂ ਵਾਂਗ ਪਰੋਏ ਹੋਏ ਸ਼ਬਦਾਂ ਨੇ ਸਾਰਿਆਂ ਦੀ ਵਾਹ-ਵਾਹ ਖੱਟੀ। ਮੈਂ ਚੋਰੀ-ਚੋਰੀ ਲਾਡੋ ਨੂੰ ਦੇਖ ਰਿਹਾ ਸੀ। ਉਹ ਵੀ ਖੁਸ਼ੀ ਵਿਚ ਦੂਣੀ-ਤੀਣੀ ਹੋ ਰਹੀ ਸੀ। ਦਿਨ ਦੇ ਢਾਲਣ ਨਾਲ ਕਵੀ ਦਰਬਾਰ ਵੀ ਸਮਾਪਤੀ ਵੱਲ ਵਧਣ ਲੱਗਿਆ। ਲਾਡੋ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਸੱਦਿਆ ਤੇ ਆਖਿਆ, “ਦੇਖੋ ਜੀ! ਕਿੰਨਾ ਵਧੀਆ ਪ੍ਰੋਗਰਾਮ ਹੋ ਰਿਹਾ ਹੈ। ਮੈਂ ਪਰੀਤੋ, ਸੀਤੇ ਹੋਰਾਂ ਨੂੰ ਵੀ ਫੋਨ ਕਰ ਦਿੱਤਾ ਹੈ। ਤੁਸੀਂ ਡੀæਜੇæ ਵਾਲੇ ਨੂੰ ਕਾਲ ਕਰ ਦੇਵੋ। ਸਾਰੇ ਰਲ ਕੇ ਗਿੱਧਾ-ਭੰਗੜਾ ਪਾਵਾਂਗੇ।”
ਮੈਨੂੰ ਲੱਗਿਆ, ਕਵੀ ਦਰਬਾਰ ਛੇਤੀ ਹੀ ਰੰਗਾ-ਰੰਗ ਪ੍ਰੋਗਰਾਮ ਵਿਚ ਬਦਲ ਜਾਵੇਗਾ। ਫਿਰ ਜੇ ਲਾਡੋ ਨੇ ਜੋ ਮੈਨੂੰ ਕਿਹਾ, ਮੈਂ ਮੰਨਿਆ ਅਤੇ ਕਈ ਆਰਡਰ ਮੌਕੇ ‘ਤੇ ਹੀ ਕਰ ਦਿੱਤੇ। ਉਧਰ ਦੋ-ਚਾਰ ਕਵੀ ਬਾਕੀ ਰਹਿ ਗਏ ਸੀ। ਜਿਹੜੇ ਕਵਿਤਾ ਬੋਲ ਹਟੇ ਸੀ, ਉਹ ਕੁਰਸੀਆਂ ਛੱਡ ਕੇ ਕੁਝ ਹੋਰ ਦੀ ਝਾਕ ਵਿਚ ਸਨ। ਸੂਰਜ ਦੇ ਛਿਪਣ ਨਾਲ ਉਨ੍ਹਾਂ ਦੇ ਅੰਦਰ ਕੋਈ ਚੀਜ਼ ਜਲਣ ਲੱਗ ਪਈ ਸੀ। ਫਿਰ ਇਕ ਕਵੀ ਉਠਿਆ, ਉਸ ਨੇ ਫਤਹਿ ਬਲਾਉਂਦਿਆਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਿਛਲੇ ਚਾਰ ਘੰਟਿਆਂ ਤੋਂ ਸੁਣ ਰਿਹਾ ਹਾਂ। ਤੁਸੀਂ ਮੈਨੂੰ ਵੀ ਅੱਧਾ ਘੰਟਾ ਸੁਣੋ। ਕੰਨੀਂ ਦਾ ਕਿਆਰਾ ਜਾਂ ਸੁੱਕਾ, ਜਾਂ ਫੁੱਲ ਭਰਿਆ ਹੁੰਦਾ ਹੈ। ਮੈਂ ਹੁਣ ਤੱਕ ਪੰਜ ਕਾਵਿ ਸੰਗ੍ਰਿਹ ਲਿਖ ਚੁੱਕਾ ਹਾਂ। ਮੇਰੇ ਪਿਤਾ ਜੀ ਦੇ ਤਿੰਨ ਨਾਵਲ, ਸੱਤ ਕਾਵਿ ਸੰਗਿਹਿ ਛਪੇ ਸੀ। ਇਹੀ ਨਹੀਂ, ਮੇਰੇ ਦਾਦਾ ਜੀ ਵੀ ਆਪਣੇ ਸਮੇਂ ਦੇ ਮਸ਼ਹੂਰ ਸ਼ਾਇਰ ਹੋਏ ਨੇ। ਉਨ੍ਹਾਂ ਦੀਆਂ ਵੀ ਕਈ ਕਿਤਾਬਾਂ ਛਪੀਆਂ ਹੋਈਆਂ ਮਿਲ ਜਾਂਦੀਆਂ। ਇਸ ਕਵੀ ਦਾ ਇਕ ਹਮ-ਉਮਰ ਕਵੀ ਉਠ ਕੇ ਪੁੱਛਣ ਲੱਗਿਆ ਕਿ ‘ਭਾਈ ਸਾਬ੍ਹ! ਤੁਹਾਡੇ ਖਾਨਦਾਨ ਨੂੰ ਹੋਰ ਕੋਈ ਕੰਮ ਨਹੀਂ ਲੱਭਿਆ, ਸਾਰੇ ਹੀ ਕਿਤਾਬਾਂ ਮਗਰ ਲੱਗੇ ਰਹੇ।’ ਸਾਰੇ ਹੱਸ ਪਏ।
ਹਨੇਰਾ ਹੁੰਦਿਆਂ ਹੀ ਸਾਰੇ ਕਵੀ ਘੁੱਟ ਲਾਉਣ ਲਈ ਇੱਧਰ-ਉਧਰ ਦੇਖਣ ਲੱਗੇ। ਮੇਰੇ ਸਹਿਯੋਗੀ ਕਵੀ ਨੇ ਮੇਜ਼ ‘ਤੇ ਦਾਰੂ ਦੇ ਘੜੇ ਲਿਆ ਰੱਖੇ। ਸਭ ਨੇ ਲੋੜ ਅਨੁਸਾਰ ਪੈਗ ਲਾ ਲਿਆ। ਡੀæਜੇæ ਵਾਲੇ ਨੇ ਆ ਕੇ ਆਪਣਾ ਖੌਰੂ ਪਾਇਆ ਹੋਇਆ ਸੀ। ਮੈਂ ਆਖਰ ਵਿਚ ਹੱਥ ਜੋੜ ਕੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਤੋਂ ਵਾਅਦਾ ਵੀ ਮੰਗਿਆ ਕਿ ਕ੍ਰਿਪਾ ਕਰ ਕੇ ਮੈਨੂੰ ਅੱਜ ਤੋਂ ਬਾਅਦ ‘ਪਕੌੜਾ ਰਾਮ’ ਨਾ ਆਖਿਓ, ਮੇਰਾ ਅਸਲੀ ਨਾਮ ਹੀ ਲਿਆ ਕਰਿਓ-ਕਵੀ ਸੇਵਕ ਰਾਮ। ਭਰਾਵੋ! ਕਿਸੇ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ। ਕਈ ਵਾਰ ਮੇਰੇ ਵਰਗੇ ਦੀ ਘਰ ਵਿਚ ਘੱਟ ਚਲਦੀ ਹੁੰਦੀ ਹੈ। ਕਿਸੇ ਨੂੰ ਪਕੌੜਾ ਜਾਂ ਲੱਡੂ ਕਹਿਣ ਤੋਂ ਪਹਿਲਾਂ ਦੇਖ ਲਿਆ ਕਰੋ। ਧੰਨਵਾਦ ਜੀ।
ਥੋੜ੍ਹੇ ਸਮੇਂ ਵਿਚ ਹੀ ਆਏ ਹੋਏ ਕਵੀ ਤੇ ਮਹਿਮਾਨ ਚਲੇ ਗਏ। ਪਿੱਛੇ ਮੈਂ ਤੇ ਘਰਵਾਲੀ ਰਹਿ ਗਏ। ਸਾਰੇ ਘਰ ਵਿਚ ਪਿਆ ਹੋਇਆ ਖਿਲਾਰਾ ਦੇਖ ਕੇ ਘਰਵਾਲੀ ਕਹਿੰਦੀ, “ਕਿਉਂ ਜੀ! ਘਰੇ ਕਰਵਾਉਣਾ ਫਿਰ ਕਵੀ ਦਰਬਾਰ?”
ਮੈਂ ਕੁਝ ਨਾ ਬੋਲਿਆ। ਉਸ ਨੂੰ ਕੀ ਦੱਸਦਾ ਕਿ ਮੈਂ ਤਾਂ ਆਪਣੇ ਨਾਂ ਨਾਲੋਂ ‘ਪਕੌੜਾ’ ਲੁਹਾਇਆ ਹੈ।
ਫੋਨ ਦੀ ਘੰਟੀ ਨੇ ਮੇਰੀ ਅੱਖ ਖੋਲ੍ਹ ਦਿੱਤੀ। ਮੈਂ ਦੇਖਿਆ, ਇਹ ਤਾਂ ਸੁਪਨਾ ਹੀ ਸੀ।
Leave a Reply